“ਇਕ ਵਧੀਆ ਓਵਰਸੀਅਰ ਅਤੇ ਪਿਆਰਾ ਦੋਸਤ”
ਜੌਨ (ਜੈੱਕ) ਬਾਰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਸਨ ਜੋ ਸ਼ਨੀਵਾਰ ਸਵੇਰ, 4 ਦਸੰਬਰ 2010 ਨੂੰ ਸਵਰਗਵਾਸ ਹੋ ਗਏ। ਉਹ 97 ਸਾਲਾਂ ਦੇ ਸਨ। ਉਹ “ਇਕ ਵਧੀਆ ਓਵਰਸੀਅਰ ਅਤੇ ਪਿਆਰੇ ਦੋਸਤ” ਵਜੋਂ ਜਾਣੇ ਜਾਂਦੇ ਸਨ।
ਭਰਾ ਜੈੱਕ ਬਾਰ ਸਕਾਟਲੈਂਡ ਦੇ ਅਬੇਡੀਨ ਸ਼ਹਿਰ ਵਿਚ ਪੈਦਾ ਹੋਏ ਸਨ ਅਤੇ ਉਹ ਤਿੰਨਾਂ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਮਸਹ ਕੀਤੇ ਹੋਏ ਮਸੀਹੀ ਸਨ। ਭਰਾ ਬਾਰ ਅਕਸਰ ਬੜੇ ਚਾਅ ਨਾਲ ਦੱਸਦੇ ਸਨ ਕਿ ਪਰਿਵਾਰ ਵਿਚ ਉਨ੍ਹਾਂ ਦਾ ਬਚਪਨ ਕਿਵੇਂ ਬੀਤਿਆ। ਉਹ ਬੜੇ ਧੰਨਵਾਦੀ ਸਨ ਕਿ ਉਨ੍ਹਾਂ ਦੇ ਪਿਆਰੇ ਮਾਤਾ-ਪਿਤਾ ਨੇ ਉਨ੍ਹਾਂ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ।
ਜਦੋਂ ਉਨ੍ਹਾਂ ਨੇ ਜਵਾਨੀ ਵਿਚ ਪੈਰ ਰੱਖਿਆ, ਤਾਂ ਉਨ੍ਹਾਂ ਨੂੰ ਅਜਨਬੀਆਂ ਨਾਲ ਗੱਲ ਕਰਨੀ ਬਹੁਤ ਔਖੀ ਲੱਗਦੀ ਸੀ। ਪਰ ਉਨ੍ਹਾਂ ਨੇ ਇਸ ਸਮੱਸਿਆ ਉੱਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕੀਤੀ। ਇਸ ਲਈ 1927 ਵਿਚ 14 ਸਾਲਾਂ ਦੀ ਉਮਰ ਵਿਚ ਉਨ੍ਹਾਂ ਨੇ ਇਕ ਐਤਵਾਰ ਦੁਪਹਿਰ ਨੂੰ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਘਰ-ਘਰ ਪ੍ਰਚਾਰ ਕਰਨ ਵਾਸਤੇ ਉਨ੍ਹਾਂ ਨਾਲ ਜਾਣ ਲਈ ਤਿਆਰ ਸਨ। ਇਹ ਉਨ੍ਹਾਂ ਦੀ ਲੰਬੀ ਸੇਵਾ ਦੀ ਸ਼ੁਰੂਆਤ ਸੀ। ਉਸ ਦਿਨ ਤੋਂ ਆਪਣੀ ਮੌਤ ਤਾਈਂ ਭਰਾ ਬਾਰ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।
ਇਕ ਭਿਆਨਕ ਹਾਦਸੇ ਵਿਚ ਮਸੀਂ ਉਨ੍ਹਾਂ ਦੀ ਮਾਤਾ ਜੀ ਦੀ ਜਾਨ ਬਚੀ ਜਿਸ ਕਰਕੇ ਨੌਜਵਾਨ ਜੈੱਕ ਨੇ ਜ਼ਿੰਦਗੀ ਦੇ ਮਕਸਦ ਬਾਰੇ ਗੰਭੀਰਤਾ ਨਾਲ ਸੋਚਿਆ ਅਤੇ 1929 ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਸਮਰਪਿਤ ਕਰ ਦਿੱਤੀ ਤੇ 1934 ਵਿਚ ਮੌਕਾ ਮਿਲਦਿਆਂ ਹੀ ਬਪਤਿਸਮਾ ਲੈ ਲਿਆ। ਫਿਰ 1939 ਵਿਚ ਉਹ ਲੰਡਨ, ਇੰਗਲੈਂਡ ਦੇ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ। ਇਸ ਤਰ੍ਹਾਂ ਉਨ੍ਹਾਂ ਦੀ 71 ਸਾਲਾਂ ਦੀ ਫੁੱਲ-ਟਾਈਮ ਸੇਵਾ ਸ਼ੁਰੂ ਹੋਈ।
29 ਅਕਤੂਬਰ 1960 ਨੂੰ ਭਰਾ ਬਾਰ ਦਾ ਵਿਆਹ ਮਿਲਡਰਡ ਵਿਲਟ ਨਾਲ ਹੋਇਆ ਜੋ ਲੰਮੇ ਸਮੇਂ ਤੋਂ ਪਾਇਨੀਅਰ ਅਤੇ ਮਿਸ਼ਨਰੀ ਦੇ ਤੌਰ ਤੇ ਜੋਸ਼ ਨਾਲ ਸੇਵਾ ਕਰ ਰਹੀ ਸੀ। ਭਰਾ ਬਾਰ ਨੇ ਇਸ ਰਿਸ਼ਤੇ ਨੂੰ “ਖ਼ਾਸ ਅਨਮੋਲ ਰਿਸ਼ਤੇ” ਦਾ ਨਾਂ ਦਿੱਤਾ। ਭਰਾ ਤੇ ਭੈਣ ਬਾਰ ਮਿਸਾਲੀ ਜੋੜੇ ਵਜੋਂ ਜਾਣੇ ਜਾਂਦੇ ਸਨ। ਉਹ ਇਕ-ਦੂਜੇ ਦੇ ਵਫ਼ਾਦਾਰ ਸਨ ਅਤੇ ਅਕਤੂਬਰ 2004 ਤਕ ਇਸੇ ਤਰ੍ਹਾਂ ਰਹੇ ਜਦ ਮਿਲਡਰਡ ਸਵਰਗਵਾਸ ਹੋ ਗਈ। ਭਰਾ ਤੇ ਭੈਣ ਬਾਰ ਆਪਣੇ ਵਿਆਹੁਤਾ-ਜੀਵਨ ਦੌਰਾਨ ਹਰ ਰੋਜ਼ ਬਾਈਬਲ ਦਾ ਕੁਝ ਹਿੱਸਾ ਪੜ੍ਹਦੇ ਸਨ।
ਜਿਹੜੇ ਭੈਣ-ਭਰਾ ਉਨ੍ਹਾਂ ਨੂੰ ਜਾਣਦੇ ਸਨ, ਜੈੱਕ ਬਾਰ ਦਾ ਨਾਂ ਸੁਣਦਿਆਂ ਹੀ ਉਨ੍ਹਾਂ ਦੇ ਮਨ ਵਿਚ ਆਵੇਗਾ ਕਿ ਉਹ ਅਜਿਹਾ ਇਨਸਾਨ ਸੀ ਜੋ ਸੋਚ-ਸਮਝ ਕੇ ਸਲਾਹ ਦਿੰਦਾ ਸੀ ਜੋ ਹਮੇਸ਼ਾ ਚੰਗੀ, ਪਿਆਰ ਭਰੀ ਅਤੇ ਬਾਈਬਲ ਉੱਤੇ ਆਧਾਰਿਤ ਹੁੰਦੀ ਸੀ। ਉਹ ਮਿਹਨਤੀ ਸਨ, ਦੂਜਿਆਂ ਦੀ ਪਰਵਾਹ ਕਰਦੇ ਸਨ, ਪਿਆਰ ਕਰਨ ਵਾਲੇ ਓਵਰਸੀਅਰ ਅਤੇ ਵਫ਼ਾਦਾਰ ਦੋਸਤ ਸਨ। ਉਨ੍ਹਾਂ ਦੀਆਂ ਟਿੱਪਣੀਆਂ, ਉਨ੍ਹਾਂ ਦੇ ਭਾਸ਼ਣਾਂ ਅਤੇ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਸੀ ਕਿ ਉਹ ਸੱਚਾਈ ਨੂੰ ਕਿੰਨਾ ਪਿਆਰ ਕਰਦੇ ਸਨ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਕਿੰਨਾ ਗੂੜ੍ਹਾ ਸੀ।
ਹਾਲਾਂਕਿ ਸਾਨੂੰ ਆਪਣੇ ਪਿਆਰੇ ਭਰਾ ਬਾਰ ਦੀ ਕਮੀ ਮਹਿਸੂਸ ਹੋਵੇਗੀ, ਫਿਰ ਵੀ ਅਸੀਂ ਉਨ੍ਹਾਂ ਨਾਲ ਖ਼ੁਸ਼ ਹਾਂ ਕਿ ਉਨ੍ਹਾਂ ਨੂੰ ਅਮਰ ਜੀਵਨ ਦਾ ਤੋਹਫ਼ਾ ਮਿਲ ਗਿਆ ਹੈ ਜਿਸ ਦੀ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਜਿਸ ਬਾਰੇ ਉਹ ਅਕਸਰ ਗੱਲ ਕਰਦੇ ਸਨ। ਉਨ੍ਹਾਂ ਨੇ ਉਹ ਪਾ ਲਿਆ ਜੋ ਉਹ ਚਾਹੁੰਦੇ ਸਨ।—1 ਕੁਰਿੰ. 15:53, 54.a
[ਫੁਟਨੋਟ]
a ਜੌਨ ਈ. ਬਾਰ ਦੀ ਜੀਵਨੀ ਲਈ 1 ਜੁਲਾਈ 1987 ਦਾ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 26 ਤੋਂ 31 ਦੇਖੋ।