ਪਾਠਕਾਂ ਦੇ ਸਵਾਲ . . .
ਕੀ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਵੀ ਸਿੱਖਿਆ ਦਿੰਦੀਆਂ ਹਨ?
ਜੀ ਹਾਂ, ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਵਿਚ ਲੱਖਾਂ ਹੀ ਔਰਤਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੀਆਂ ਹਨ। ਰੱਬ ਦੇ ਬਚਨ ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ: “ਯਹੋਵਾਹ ਹੁਕਮ ਦਿੰਦਾ ਹੈ; ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਔਰਤਾਂ ਦੀ ਵੱਡੀ ਫ਼ੌਜ ਹੈ।”—ਜ਼ਬੂਰ 68:11.
ਪਰ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਜਿਸ ਤਰੀਕੇ ਨਾਲ ਸਿੱਖਿਆ ਦਿੰਦੀਆਂ ਹਨ, ਉਹ ਚਰਚਾਂ ਵਿਚ ਔਰਤਾਂ ਦੇ ਸਿਖਾਉਣ ਦੇ ਤਰੀਕੇ ਤੋਂ ਵੱਖਰਾ ਹੈ। ਆਓ ਦੇਖੀਏ ਕਿਵੇਂ।
ਇਕ ਫ਼ਰਕ ਇਹ ਹੈ ਕਿ ਈਸਾਈ ਧਰਮਾਂ ਵਿਚ ਔਰਤਾਂ ਚਰਚ ਦੇ ਮੈਂਬਰਾਂ ਨੂੰ ਹੀ ਸਿਖਾਉਂਦੀਆਂ ਹਨ। ਔਰਤਾਂ ਨੂੰ ਪਾਦਰੀ ਬਣਾ ਕੇ ਉਨ੍ਹਾਂ ਨੂੰ ਚਰਚ ਵਿਚ ਸਿੱਖਿਆ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਪਰ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਇਸ ਤਰ੍ਹਾਂ ਨਹੀਂ ਕਰਦੀਆਂ, ਸਗੋਂ ਉਹ ਮੰਡਲੀ ਤੋਂ ਬਾਹਰ ਲੋਕਾਂ ਨੂੰ ਸਿੱਖਿਆ ਦਿੰਦੀਆਂ ਹਨ। ਉਹ ਉਨ੍ਹਾਂ ਨੂੰ ਘਰ-ਘਰ ਜਾ ਕੇ ਜਾਂ ਹੋਰ ਤਰੀਕਿਆਂ ਨਾਲ ਪ੍ਰਚਾਰ ਕਰਦੀਆਂ ਹਨ।
ਦੂਜਾ ਫ਼ਰਕ ਇਹ ਹੈ ਕਿ ਈਸਾਈ ਧਰਮ ਦੇ ਚਰਚਾਂ ਵਿਚ ਔਰਤਾਂ ਸਭਾਵਾਂ ਦੀ ਪ੍ਰਧਾਨਗੀ ਕਰਦੀਆਂ ਹਨ ਅਤੇ ਚਰਚ ਦੇ ਮੈਂਬਰਾਂ ਨੂੰ ਆਪਣੇ ਧਰਮ ਦੀ ਸਿੱਖਿਆ ਦਿੰਦੀਆਂ ਹਨ। ਇਸ ਦੇ ਉਲਟ, ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜੇ ਬਪਤਿਸਮਾ-ਪ੍ਰਾਪਤ ਆਦਮੀ ਹਨ, ਤਾਂ ਔਰਤਾਂ ਮੰਡਲੀ ਨੂੰ ਸਿੱਖਿਆ ਨਹੀਂ ਦਿੰਦੀਆਂ। ਮੰਡਲੀਆਂ ਵਿਚ ਜਿਨ੍ਹਾਂ ਆਦਮੀਆਂ ਨੂੰ ਸਿੱਖਿਅਕ ਨਿਯੁਕਤ ਕੀਤਾ ਜਾਂਦਾ ਹੈ, ਉਹੀ ਮੰਡਲੀਆਂ ਵਿਚ ਸਿਖਾਉਂਦੇ ਹਨ।—1 ਤਿਮੋਥਿਉਸ 3:2; ਯਾਕੂਬ 3:1.
ਬਾਈਬਲ ਦੱਸਦੀ ਹੈ ਕਿ ਸਿਰਫ਼ ਆਦਮੀਆਂ ਨੂੰ ਹੀ ਮੰਡਲੀਆਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗੌਰ ਕਰੋ ਕਿ ਪੌਲੁਸ ਰਸੂਲ ਨੇ ਤੀਤੁਸ ਨੂੰ ਕੀ ਕਿਹਾ ਜੋ ਮੰਡਲੀ ਦਾ ਨਿਗਾਹਬਾਨ ਸੀ। ਉਸ ਨੇ ਕਿਹਾ: “ਮੈਂ ਤੈਨੂੰ ਕ੍ਰੀਟ ਵਿਚ ਇਸ ਲਈ ਛੱਡਿਆ ਸੀ ਕਿ ਤੂੰ . . . ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ ਕਰੇਂ।” ਪੌਲੁਸ ਨੇ ਇਹ ਵੀ ਕਿਹਾ ਕਿ ਜਿਸ ਆਦਮੀ ਨੂੰ ਬਜ਼ੁਰਗ ਨਿਯੁਕਤ ਕੀਤਾ ਜਾਵੇ, ਉਹ “ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ।” (ਤੀਤੁਸ 1:5, 6) ਪੌਲੁਸ ਨੇ ਇਸੇ ਤਰ੍ਹਾਂ ਦੀਆਂ ਹਿਦਾਇਤਾਂ ਤਿਮੋਥਿਉਸ ਨੂੰ ਦਿੰਦੇ ਹੋਏ ਕਿਹਾ: “ਜੇ ਕੋਈ ਭਰਾ ਨਿਗਾਹਬਾਨ ਵਜੋਂ ਸੇਵਾ ਕਰਨ ਦੇ ਯੋਗ ਬਣਨ ਲਈ ਮਿਹਨਤ ਕਰਦਾ ਹੈ, ਤਾਂ ਉਸ ਵਿਚ ਚੰਗਾ ਕੰਮ ਕਰਨ ਦੀ ਇੱਛਾ ਹੈ। ਇਸ ਲਈ ਨਿਗਾਹਬਾਨ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ . . . ਅਤੇ ਸਿਖਾਉਣ ਦੇ ਕਾਬਲ ਹੋਵੇ।”—1 ਤਿਮੋਥਿਉਸ 3:1, 2.
ਮੰਡਲੀ ਵਿਚ ਨਿਗਾਹਬਾਨ ਦੀ ਜ਼ਿੰਮੇਵਾਰੀ ਸਿਰਫ਼ ਆਦਮੀਆਂ ਨੂੰ ਹੀ ਕਿਉਂ ਸੌਂਪੀ ਜਾਣੀ ਚਾਹੀਦੀ ਹੈ? ਪੌਲੁਸ ਰਸੂਲ ਨੇ ਕਿਹਾ: “ਮੈਂ ਤੀਵੀਆਂ ਨੂੰ ਸਿਖਾਉਣ ਜਾਂ ਆਦਮੀਆਂ ਉੱਤੇ ਅਧਿਕਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ, ਸਗੋਂ ਉਹ ਚੁੱਪ ਰਹਿਣ ਕਿਉਂਕਿ ਆਦਮ ਨੂੰ ਪਹਿਲਾਂ ਬਣਾਇਆ ਗਿਆ ਸੀ ਤੇ ਫਿਰ ਹੱਵਾਹ ਨੂੰ।” (1 ਤਿਮੋਥਿਉਸ 2:12, 13) ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਮੰਡਲੀ ਵਿਚ ਸਿਰਫ਼ ਆਦਮੀ ਅਗਵਾਈ ਕਰਨ ਅਤੇ ਦੂਜਿਆਂ ਨੂੰ ਸਿਖਾਉਣ।
ਯਹੋਵਾਹ ਦੇ ਸੇਵਕ ਆਪਣੇ ਆਗੂ ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲਦੇ ਹਨ। ਯਿਸੂ ਦੇ ਚੇਲੇ ਲੂਕਾ ਨੇ ਉਸ ਦੀ ਸੇਵਕਾਈ ਬਾਰੇ ਲਿਖਿਆ: “ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ।” ਬਾਅਦ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਇਹੀ ਕੰਮ ਕਰਨ ਲਈ ਭੇਜਿਆ। ਲੂਕਾ ਨੇ ਉਨ੍ਹਾਂ ਚੇਲਿਆਂ ਬਾਰੇ ਕਿਹਾ: ‘ਉਹ ਪਿੰਡੋ-ਪਿੰਡ ਹੁੰਦੇ ਹੋਏ ਸਾਰੇ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਗਏ।’—ਲੂਕਾ 8:1; 9:2-6.
ਅੱਜ ਯਹੋਵਾਹ ਦੇ ਗਵਾਹਾਂ ਵਿਚ ਸਾਰੇ ਆਦਮੀ ਅਤੇ ਔਰਤਾਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਦਾ ਕੰਮ ਕਰ ਰਹੇ ਹਨ ਜਿਸ ਬਾਰੇ ਯਿਸੂ ਨੇ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।”—ਮੱਤੀ 24:14.