ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਤਰੀਕੇ
ਇਕ ਗ਼ਰੀਬ ਦੇਸ਼ ਵਿਚ ਫ਼੍ਰਾਂਸੁਆ ਨਾਂ ਦਾ ਬਜ਼ੁਰਗ ਦੱਸਦਾ ਹੈ: “ਦੇਸ਼ ਵਿਚ ਚੋਣ ਨਤੀਜਿਆਂ ਤੋਂ ਬਾਅਦ ਹਿੰਸਾ ਭੜਕ ਉੱਠੀ ਕਿਉਂਕਿ ਹਾਰੀ ਹੋਈ ਧਿਰ ਗੁੱਸੇ ਵਿਚ ਸੀ। ਇਸ ਕਰਕੇ ਹਜ਼ਾਰਾਂ ਹੀ ਯਹੋਵਾਹ ਦੇ ਗਵਾਹ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ। ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਦੀ ਥੁੜ ਹੋ ਗਈ ਤੇ ਬਚੀਆਂ-ਖੁਚੀਆਂ ਚੀਜ਼ਾਂ ਅੱਗ ਦੇ ਭਾਅ ਵਿਕਣ ਲੱਗੀਆਂ। ਬੈਂਕਾਂ ਨੂੰ ਤਾਲੇ ਲੱਗ ਗਏ, ਏ. ਟੀ. ਐੱਮ. ਮਸ਼ੀਨਾਂ ਖਾਲੀ ਜਾਂ ਬੰਦ ਹੋ ਗਈਆਂ।”
ਬ੍ਰਾਂਚ ਆਫ਼ਿਸ ਦੇ ਭਰਾਵਾਂ ਨੇ ਫਟਾਫਟ ਦੇਸ਼ ਭਰ ਦੇ ਕਿੰਗਡਮ ਹਾਲਾਂ ਵਿਚ ਜਾ ਕੇ ਇਕੱਠੇ ਹੋਏ ਗਵਾਹਾਂ ਨੂੰ ਪੈਸੇ ਅਤੇ ਲੋੜੀਂਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕੀਤੀਆਂ। ਦੋਵਾਂ ਰਾਜਨੀਤਿਕ ਪਾਰਟੀਆਂ ਨੇ ਥਾਂ-ਥਾਂ ਨਾਕਾਬੰਦੀ ਕਰ ਦਿੱਤੀ, ਪਰ ਉਨ੍ਹਾਂ ਨੇ ਬ੍ਰਾਂਚ ਆਫ਼ਿਸ ਦੀਆਂ ਗੱਡੀਆਂ ਨੂੰ ਅੱਗੇ ਜਾਣ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਗਵਾਹ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ।
ਫ਼੍ਰਾਂਸੁਆ ਕਹਿੰਦਾ ਹੈ: “ਇਕ ਕਿੰਗਡਮ ਹਾਲ ਨੂੰ ਜਾਂਦੇ ਸਮੇਂ ਰਾਹ ਵਿਚ ਲੁਕੇ ਹਥਿਆਰਬੰਦਾਂ ਨੇ ਸਾਡੀ ਗੱਡੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਗੋਲੀਆਂ ਸਾਡੇ ਲੱਗੀਆਂ ਨਹੀਂ। ਫਿਰ ਇਕ ਹਥਿਆਰਬੰਦ ਫੌਜੀ ਨੂੰ ਆਪਣੇ ਵੱਲ ਭੱਜਦਾ ਆਉਂਦਾ ਦੇਖ ਕੇ ਅਸੀਂ ਗੱਡੀ ਫਟਾਫਟ ਪਿੱਛੇ ਮੋੜ ਲਈ ਤੇ ਵਾਪਸ ਬ੍ਰਾਂਚ ਆਫ਼ਿਸ ਚਲੇ ਗਏ। ਅਸੀਂ ਯਹੋਵਾਹ ਦਾ ਸ਼ੁਕਰ ਕੀਤਾ ਕਿ ਅਸੀਂ ਮੌਤ ਦੇ ਮੂੰਹੋਂ ਬਚ ਨਿਕਲੇ। ਅਗਲੇ ਦਿਨ ਉਸ ਕਿੰਗਡਮ ਹਾਲ ਤੋਂ 130 ਭੈਣ-ਭਰਾ ਕਿਸੇ ਹੋਰ ਸੁਰੱਖਿਅਤ ਥਾਂ ʼਤੇ ਚਲੇ ਗਏ। ਕੁਝ ਬ੍ਰਾਂਚ ਆਫ਼ਿਸ ਵਿਚ ਆ ਗਏ ਅਤੇ ਜਦ ਤਕ ਔਖੀ ਘੜੀ ਲੰਘ ਨਾ ਗਈ, ਅਸੀਂ ਤਦ ਤਕ ਉਨ੍ਹਾਂ ਨੂੰ ਬਾਈਬਲ ਤੋਂ ਹੌਸਲਾ ਦਿੰਦੇ ਰਹੇ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ।”
ਫ਼੍ਰਾਂਸੁਆ ਦੱਸਦਾ ਹੈ: “ਬਾਅਦ ਵਿਚ ਦੇਸ਼ ਭਰ ਤੋਂ ਭੈਣਾਂ-ਭਰਾਵਾਂ ਨੇ ਚਿੱਠੀਆਂ ਵਿਚ ਤਹਿ ਦਿਲੋਂ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ। ਉਨ੍ਹਾਂ ਨੇ ਦੇਖਿਆ ਕਿ ਹੋਰ ਥਾਵਾਂ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਕਿੰਨੀ ਮਦਦ ਕੀਤੀ ਜਿਸ ਕਰਕੇ ਯਹੋਵਾਹ ʼਤੇ ਉਨ੍ਹਾਂ ਦਾ ਭਰੋਸਾ ਹੋਰ ਵੀ ਪੱਕਾ ਹੋ ਗਿਆ।”
ਕੁਦਰਤੀ ਆਫ਼ਤਾਂ ਅਤੇ ਇਨਸਾਨਾਂ ਵੱਲੋਂ ਮਚਾਈਆਂ ਤਬਾਹੀਆਂ ਦੌਰਾਨ ਅਸੀਂ ਲੋੜਵੰਦ ਭੈਣਾਂ-ਭਰਾਵਾਂ ਨੂੰ ਇਹ ਨਹੀਂ ਕਹਿੰਦੇ ਕਿ ‘ਨਿੱਘੇ ਅਤੇ ਰੱਜੇ-ਪੁੱਜੇ ਰਹੋ।’ (ਯਾਕੂ. 2:15, 16) ਇਸ ਦੀ ਬਜਾਇ ਅਸੀਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਪਹਿਲੀ ਸਦੀ ਵਿਚ ਜਦ ਮਸੀਹੀਆਂ ਨੂੰ ਚੇਤਾਵਨੀ ਮਿਲੀ ਕਿ ਕਾਲ਼ ਪੈਣ ਵਾਲਾ ਹੈ, ਤਾਂ “ਚੇਲਿਆਂ ਨੇ ਫ਼ੈਸਲਾ ਕੀਤਾ ਕਿ ਸਾਰੇ ਜਣੇ ਆਪਣੀ ਹੈਸੀਅਤ ਅਨੁਸਾਰ ਯਹੂਦੀਆ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲਣ।”—ਰਸੂ. 11:28-30.
ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਲੋੜਵੰਦਾਂ ਦੀ ਮਦਦ ਕਰਨ ਲਈ ਖ਼ੁਸ਼ੀ-ਖ਼ੁਸ਼ੀ ਦਾਨ ਦਿੰਦੇ ਹਾਂ। ਪਰ ਇਸ ਦੇ ਨਾਲ-ਨਾਲ ਲੋਕਾਂ ਨੂੰ ਪਰਮੇਸ਼ੁਰ ਦੇ ਗਿਆਨ ਦੀ ਵੀ ਲੋੜ ਹੈ। (ਮੱਤੀ 5:3) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਲੇ ਬਣਾਉਣ ਦਾ ਕੰਮ ਦਿੱਤਾ। ਅਸੀਂ ਲੋਕਾਂ ਨੂੰ ਅਹਿਸਾਸ ਕਰਾਉਂਦੇ ਹਾਂ ਕਿ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਜਾਣਨ ਦੀ ਲੋੜ ਹੈ ਅਤੇ ਬਾਈਬਲ ਰਾਹੀਂ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ। (ਮੱਤੀ 28:19, 20) ਅਸੀਂ ਖ਼ੁਸ਼ੀ-ਖ਼ੁਸ਼ੀ ਇਸ ਕੰਮ ਵਿਚ ਆਪਣਾ ਸਮਾਂ, ਤਾਕਤ ਅਤੇ ਹੋਰ ਚੀਜ਼ਾਂ ਇਸਤੇਮਾਲ ਕਰਦੇ ਹਾਂ। ਸਾਡੇ ਸੰਗਠਨ ਨੂੰ ਜੋ ਪੈਸਾ ਦਾਨ ਵਿਚ ਮਿਲਦਾ ਹੈ ਉਸ ਵਿੱਚੋਂ ਕੁਝ ਅਸੀਂ ਲੋਕਾਂ ਦੀ ਮਦਦ ਲਈ ਵਰਤਦੇ ਹਾਂ, ਪਰ ਖ਼ਾਸ ਤੌਰ ਤੇ ਦਾਨ ਨੂੰ ਰਾਜ ਦੇ ਕੰਮਾਂ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਲਈ ਪਿਆਰ ਜ਼ਾਹਰ ਕਰਦੇ ਹਾਂ।—ਮੱਤੀ 22:37-39.
ਜੋ ਲੋਕ ਦੁਨੀਆਂ ਭਰ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਲਈ ਦਾਨ ਦਿੰਦੇ ਹਨ, ਉਹ ਯਕੀਨ ਰੱਖ ਸਕਦੇ ਹਨ ਕਿ ਉਨ੍ਹਾਂ ਦੇ ਦਾਨ ਦਾ ਸਹੀ ਇਸਤੇਮਾਲ ਕੀਤਾ ਜਾਵੇਗਾ। ਕੀ ਤੁਸੀਂ ਆਪਣੇ ਲੋੜਵੰਦ ਭਰਾਵਾਂ ਦੀ ਮਦਦ ਲਈ ਕੁਝ ਕਰ ਸਕਦੇ ਹੋ? ਕੀ ਤੁਸੀਂ ਚੇਲੇ ਬਣਾਉਣ ਦੇ ਕੰਮ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹੋ? ਜੇ ਹਾਂ, ਤਾਂ ਜੋ ‘ਤੁਹਾਡੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕਿਓ।’—ਕਹਾ. 3:27.
[ਫੁਟਨੋਟ]
a ਭਾਰਤ ਵਿਚ ਚੈੱਕ “Jehovah’s Witnesses of India” ਦੇ ਨਾਂ ʼਤੇ ਬਣਾਇਆ ਜਾਣਾ ਚਾਹੀਦਾ ਹੈ।
b ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਬ੍ਰਾਂਚ ਆਫ਼ਿਸ ਨਾਲ ਗੱਲਬਾਤ ਕਰੋ।
c ਭਾਰਤ ਵਿਚ “ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰੋ” ਨਾਂ ਦਾ ਦਸਤਾਵੇਜ਼ ਅੰਗ੍ਰੇਜ਼ੀ, ਹਿੰਦੀ, ਕੰਨੜ, ਮਲਿਆਲਮ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿਚ ਉਪਲਬਧ ਹੈ।