ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਂ ਸਿੱਖਿਆ ਕਿ ਯਹੋਵਾਹ ਦਿਆਲੂ ਤੇ ਮਾਫ਼ ਕਰਨ ਵਾਲਾ ਹੈ
ਜਨਮ: 1954
ਦੇਸ਼: ਕੈਨੇਡਾ
ਅਤੀਤ: ਫਰੇਬੀ, ਜੁਆਰੀ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੇਰੀ ਪਰਵਰਿਸ਼ ਮਾਂਟ੍ਰੀਆਲ ਸ਼ਹਿਰ ਦੇ ਗ਼ਰੀਬ ਇਲਾਕੇ ਵਿਚ ਹੋਈ। ਜਦੋਂ ਮੈਂ ਛੇ ਮਹੀਨਿਆਂ ਦਾ ਸੀ, ਤਾਂ ਮੇਰੇ ਪਿਤਾ ਜੀ ਗੁਜ਼ਰ ਗਏ ਜਿਸ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੰਮੀ ਜੀ ਦੇ ਮੋਢਿਆਂ ʼਤੇ ਆ ਗਈ। ਮੈਂ ਆਪਣੇ ਅੱਠ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ।
ਜਿੱਦਾਂ-ਜਿੱਦਾਂ ਮੈਂ ਵੱਡਾ ਹੁੰਦਾ ਗਿਆ, ਉੱਦਾਂ-ਉੱਦਾਂ ਡ੍ਰੱਗਜ਼, ਜੂਆ, ਹਿੰਸਾ ਤੇ ਅਪਰਾਧੀਆਂ ਨਾਲ ਦੋਸਤੀ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਗਏ। ਦਸ ਸਾਲਾਂ ਦੀ ਉਮਰ ਵਿਚ ਮੈਂ ਵੇਸਵਾਵਾਂ ਅਤੇ ਕਰਜ਼ਾ ਦੇਣ ਵਾਲਿਆਂ ਲਈ ਛੋਟੇ-ਮੋਟੇ ਕੰਮ ਕਰਦਾ ਹੁੰਦਾ ਸੀ। ਮੈਂ ਅਕਸਰ ਝੂਠ ਬੋਲਦਾ ਸੀ ਤੇ ਮੈਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਲੋਕਾਂ ਨਾਲ ਫਰਾਡ ਕਰ ਕੇ ਮਜ਼ਾ ਆਉਂਦਾ ਸੀ। ਇਸ ਤਰ੍ਹਾਂ ਕਰਨਾ ਮੇਰੇ ਲਈ ਡ੍ਰੱਗਜ਼ ਲੈਣ ਦੇ ਬਰਾਬਰ ਸੀ।
14 ਸਾਲ ਦੀ ਉਮਰ ਤਕ ਮੈਂ ਲੋਕਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਧੋਖਾ ਦੇਣ ਵਿਚ ਮਾਹਰ ਹੋ ਗਿਆ। ਮਿਸਾਲ ਲਈ, ਮੈਂ ਬਹੁਤ ਸਾਰੀਆਂ ਸੋਨੇ ਦੀ ਝਾਲ ਚੜ੍ਹੀਆਂ ਘੜੀਆਂ, ਬਰੇਸਲੈੱਟਾਂ ਅਤੇ ਮੁੰਦੀਆਂ ਖ਼ਰੀਦ ਲੈਂਦਾ ਸੀ ਤੇ ਫਿਰ ਉਨ੍ਹਾਂ ʼਤੇ 14 ਕੈਰਟ ਸੋਨੇ ਦੀ ਮੋਹਰ ਲਾ ਕੇ ਗਲੀਆਂ ਅਤੇ ਸ਼ਾਪਿੰਗ ਮਾਲਾਂ ਦੀਆਂ ਪਾਰਕਿੰਗ ਵਾਲੀਆਂ ਥਾਵਾਂ ʼਤੇ ਵੇਚ ਦਿੰਦਾ ਸੀ। ਮੈਂ ਥੋੜ੍ਹੇ ਸਮੇਂ ਵਿਚ ਜ਼ਿਆਦਾ ਪੈਸੇ ਕਮਾ ਕੇ ਖ਼ੁਸ਼ ਸੀ ਤੇ ਮੈਂ ਹਮੇਸ਼ਾ ਇੱਦਾਂ ਕਰਨ ਦੀਆਂ ਸਕੀਮਾਂ ਘੜਦਾ ਰਹਿੰਦਾ ਸੀ। ਇਕ ਵਾਰੀ ਮੈਂ ਇਕ ਦਿਨ ਵਿਚ 5,15,858 ਰੁਪਏ (10,000 ਕੈਨੇਡੀਅਨ ਡਾਲਰ) ਕਮਾਏ!
15 ਸਾਲ ਦੀ ਉਮਰ ਵਿਚ ਮੈਨੂੰ ਸੁਧਾਰ ਕੇਂਦਰ ਵਿੱਚੋਂ ਕੱਢ ਦਿੱਤਾ ਗਿਆ ਤੇ ਹੁਣ ਮੇਰੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ। ਮੈਂ ਕਦੇ-ਕਦੇ ਗਲੀਆਂ, ਪਾਰਕਾਂ ਜਾਂ ਆਪਣੇ ਦੋਸਤਾਂ ਦੇ ਘਰਾਂ ਵਿਚ ਸੌਂਦਾ ਸੀ।
ਫਰਾਡ ਕਰਨ ਕਰਕੇ ਪੁਲਿਸ ਅਕਸਰ ਮੇਰੇ ਤੋਂ ਪੁੱਛ-ਗਿੱਛ ਕਰਦੀ ਸੀ। ਪਰ ਮੈਂ ਚੋਰੀ ਕੀਤੀਆਂ ਚੀਜ਼ਾਂ ਨਹੀਂ ਵੇਚਦਾ ਸੀ ਜਿਸ ਕਰਕੇ ਮੈਨੂੰ ਕਦੇ ਵੀ ਜੇਲ੍ਹ ਦੀ ਹਵਾ ਨਹੀਂ ਖਾਣੀ ਪਈ। ਪਰ ਫਰਾਡ ਕਰਨ, ਨਕਲੀ ਤੇ ਬਿਨਾਂ ਪਰਮਿਟ ਤੋਂ ਸਾਮਾਨ ਵੇਚਣ ਕਰਕੇ ਮੈਂ ਕਈ ਵਾਰ ਭਾਰੀ ਜੁਰਮਾਨੇ ਭਰੇ। ਮੈਨੂੰ ਕਿਸੇ ਦਾ ਡਰ ਨਹੀਂ ਸੀ। ਇਸ ਕਰਕੇ ਮੈਂ ਉਨ੍ਹਾਂ ਲੋਕਾਂ ਲਈ ਵੀ ਪੈਸੇ ਇਕੱਠੇ ਕਰਦਾ ਸੀ ਜੋ ਭਾਰੀ ਵਿਆਜ ʼਤੇ ਲੋਕਾਂ ਨੂੰ ਪੈਸੇ ਉਧਾਰ ਦਿੰਦੇ ਸਨ। ਇਹ ਕੰਮ ਖ਼ਤਰੇ ਤੋਂ ਖਾਲੀ ਨਹੀਂ ਸੀ ਜਿਸ ਕਰਕੇ ਮੈਂ ਕਈ ਵਾਰ ਆਪਣੇ ਕੋਲ ਪਿਸਤੌਲ ਰੱਖਦਾ ਸੀ। ਕਦੇ-ਕਦਾਈਂ ਮੈਂ ਅੰਡਰਵਰਲਡ ਲਈ ਵੀ ਕੰਮ ਕਰਦਾ ਹੁੰਦਾ ਸੀ।
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:
17 ਸਾਲਾਂ ਦੀ ਉਮਰ ਵਿਚ ਮੈਂ ਪਹਿਲੀ ਵਾਰ ਬਾਈਬਲ ਦੀਆਂ ਗੱਲਾਂ ਸੁਣੀਆਂ। ਜਦੋਂ ਮੇਰੀ ਗਰਲ-ਫ੍ਰੈਂਡ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਉਸ ਸਮੇਂ ਮੈਂ ਉਸ ਨਾਲ ਰਹਿੰਦਾ ਸੀ। ਪਰ ਮੈਨੂੰ ਬਾਈਬਲ ਵਿਚ ਦੱਸੀਆਂ ਨੈਤਿਕ ਬੰਦਸ਼ਾਂ ਪਸੰਦ ਨਹੀਂ ਸਨ, ਇਸ ਕਰਕੇ ਮੈਂ ਉਸ ਨੂੰ ਛੱਡ ਕੇ ਇਕ ਹੋਰ ਔਰਤ ਨਾਲ ਰਹਿਣ ਚਲਾ ਗਿਆ ਜਿਸ ਨਾਲ ਮੈਂ ਪਹਿਲਾਂ ਹੀ ਡੇਟਿੰਗ ਕਰ ਰਿਹਾ ਸੀ।
ਮੇਰੀ ਜ਼ਿੰਦਗੀ ਵਿਚ ਉਦੋਂ ਨਵਾਂ ਮੋੜ ਆਇਆ ਜਦੋਂ ਮੇਰੀ ਦੂਜੀ ਗਰਲ-ਫ੍ਰੈਂਡ ਨੇ ਵੀ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ! ਉਸ ਨੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਤੇ ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਉਹ ਮੇਰੇ ਨਾਲ ਹੋਰ ਵੀ ਧੀਰਜ ਤੇ ਨਿਮਰਤਾ ਨਾਲ ਪੇਸ਼ ਆ ਰਹੀ ਸੀ। ਮੈਂ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਤੇ ਜਾਣ ਦਾ ਸੱਦਾ ਕਬੂਲ ਕਰ ਲਿਆ। ਪਿਆਰ ਅਤੇ ਸਲੀਕੇ ਨਾਲ ਪੇਸ਼ ਆਉਣ ਵਾਲੇ ਇਨ੍ਹਾਂ ਲੋਕਾਂ ਨੇ ਮੇਰਾ ਸੁਆਗਤ ਕੀਤਾ। ਦੁਨੀਆਂ ਤੋਂ ਕਿੰਨਾ ਹੀ ਵੱਖਰਾ ਰਵੱਈਆ! ਮੈਨੂੰ ਆਪਣੇ ਪਰਿਵਾਰ ਤੋਂ ਕਦੇ ਪਿਆਰ ਨਹੀਂ ਸੀ ਮਿਲਿਆ। ਯਹੋਵਾਹ ਦੇ ਗਵਾਹਾਂ ਤੋਂ ਮੈਨੂੰ ਜੋ ਪਿਆਰ ਮਿਲਿਆ ਉਸ ਲਈ ਮੈਂ ਬਚਪਨ ਤੋਂ ਹੀ ਤਰਸ ਰਿਹਾ ਸੀ। ਜਦੋਂ ਗਵਾਹਾਂ ਨੇ ਮੈਨੂੰ ਬਾਈਬਲ ਸਟੱਡੀ ਕਰਨ ਲਈ ਕਿਹਾ, ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਸਟੱਡੀ ਕਰਨ ਲਈ ਤਿਆਰ ਹੋ ਗਿਆ।
ਮੈਂ ਬਾਈਬਲ ਵਿੱਚੋਂ ਜੋ ਸਿੱਖ ਰਿਹਾ ਸੀ, ਉਸ ਕਰਕੇ ਮੇਰੀ ਜ਼ਿੰਦਗੀ ਬਚ ਗਈ। ਮੈਂ ਆਪਣੇ ਦੋ ਦੋਸਤਾਂ ਨਾਲ ਡਕੈਤੀ ਮਾਰਨ ਦੀ ਯੋਜਨਾ ਬਣਾਈ ਸੀ ਤਾਂਕਿ ਮੈਂ ਉਸ ਕਰਜ਼ੇ ਨੂੰ ਚੁਕਾ ਸਕਾਂ ਜੋ ਮੈਂ ਜੂਆ ਖੇਡਣ ਲਈ ਲਿਆ ਸੀ। ਮੇਰੇ ਸਿਰ ʼਤੇ 25 ਲੱਖ ਰੁਪਏ (50,000 ਕੈਨੇਡੀਅਨ ਡਾਲਰ) ਦਾ ਕਰਜ਼ਾ ਸੀ। ਪਰ ਮੈਂ ਕਿੰਨਾ ਹੀ ਖ਼ੁਸ਼ ਹਾਂ ਕਿ ਮੈਂ ਇਹ ਕੰਮ ਕਰਨ ਤੋਂ ਪਿੱਛੇ ਹਟ ਗਿਆ! ਮੇਰੇ ਦੋਸਤਾਂ ਨੇ ਡਕੈਤੀ ਮਾਰੀ। ਉਨ੍ਹਾਂ ਵਿੱਚੋਂ ਇਕ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ ਦੂਜਾ ਮਾਰਿਆ ਗਿਆ।
ਜਿੱਦਾਂ-ਜਿੱਦਾਂ ਮੈਂ ਬਾਈਬਲ ਸਟੱਡੀ ਕਰਦਾ ਗਿਆ, ਉੱਦਾਂ-ਉੱਦਾਂ ਮੈਨੂੰ ਪਤਾ ਲੱਗਦਾ ਗਿਆ ਕਿ ਮੈਨੂੰ ਆਪਣੇ ਆਪ ਨੂੰ ਕਿੰਨਾ ਬਦਲਣ ਦੀ ਲੋੜ ਸੀ। ਮਿਸਾਲ ਲਈ, ਮੈਂ ਸਿੱਖਿਆ ਕਿ ਬਾਈਬਲ ਵਿਚ 1 ਕੁਰਿੰਥੀਆਂ 6:10 ਵਿਚ ਲਿਖਿਆ ਹੈ: “ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲ਼ਾਂ ਕੱਢਣ ਵਾਲੇ ਤੇ ਨਾ ਹੀ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਬਣਨਗੇ।” ਜਦੋਂ ਮੈਂ ਇਸ ਆਇਤ ਨੂੰ ਪੜ੍ਹਿਆ, ਤਾਂ ਆਪਣੇ ਹਾਲਾਤਾਂ ਬਾਰੇ ਸੋਚ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣ ਦੀ ਲੋੜ ਸੀ। (ਰੋਮੀਆਂ 12:2) ਮੈਂ ਹਿੰਸਕ ਤੇ ਲੜਾਕਾ ਸੀ ਤੇ ਮੇਰੀ ਸਾਰੀ ਜ਼ਿੰਦਗੀ ਝੂਠ ʼਤੇ ਟਿਕੀ ਹੋਈ ਸੀ।
ਪਰ ਮੈਂ ਬਾਈਬਲ ਦੀ ਸਟੱਡੀ ਕਰਦਿਆਂ ਇਹ ਵੀ ਸਿੱਖਿਆ ਕਿ ਯਹੋਵਾਹ ਦਿਆਲੂ ਤੇ ਮਾਫ਼ ਕਰਨ ਵਾਲਾ ਹੈ। (ਯਸਾਯਾਹ 1:18) ਮੈਂ ਗਿੜਗਿੜਾ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਜ਼ਿੰਦਗੀ ਬਦਲਣ ਵਿਚ ਮੇਰੀ ਮਦਦ ਕਰੇ। ਉਸ ਦੀ ਮਦਦ ਨਾਲ ਮੈਂ ਹੌਲੀ-ਹੌਲੀ ਆਪਣੇ ਵਿਚ ਬਦਲਾਅ ਕੀਤੇ। ਇਕ ਜ਼ਰੂਰੀ ਕਦਮ ਸੀ ਕਿ ਮੈਂ ਤੇ ਮੇਰੀ ਗਰਲ-ਫ੍ਰੈਂਡ ਨੇ ਆਪਣਾ ਵਿਆਹ ਕਾਨੂੰਨੀ ਤੌਰ ਤੇ ਰਜਿਸਟਰ ਕਰਵਾ ਲਿਆ।
ਮੈਂ ਅੱਜ ਇਸੇ ਕਰਕੇ ਜੀਉਂਦਾ ਹਾਂ ਕਿਉਂਕਿ ਮੈਂ ਬਾਈਬਲ ਦੇ ਅਸੂਲ ਲਾਗੂ ਕਰਦਾ ਹਾਂ
ਮੈਂ ਵਿਆਹ ਵੇਲੇ 24 ਸਾਲਾਂ ਦਾ ਸੀ ਅਤੇ ਸਾਡੇ 3 ਬੱਚੇ ਸਨ। ਹੁਣ ਮੈਂ ਰੋਜ਼ੀ-ਰੋਟੀ ਕਮਾਉਣ ਲਈ ਈਮਾਨਦਾਰੀ ਵਾਲਾ ਕੰਮ ਕਰਨਾ ਚਾਹੁੰਦਾ ਸੀ। ਮੈਂ ਘੱਟ ਪੜ੍ਹਿਆ-ਲਿਖਿਆ ਸੀ ਤੇ ਮੇਰੀ ਕੋਈ ਸਿਫ਼ਾਰਸ਼ ਪਾਉਣ ਵਾਲਾ ਵੀ ਨਹੀਂ ਸੀ। ਮੈਂ ਫਿਰ ਤੋਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕੀਤੀ। ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਕੰਮ ਲੱਭਣ ਲੱਗ ਪਿਆ। ਮੈਂ ਇੰਟਰਵਿਊ ਲੈਣ ਵਾਲਿਆਂ ਨੂੰ ਦੱਸਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਬਦਲਣੀ ਤੇ ਈਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ ਸੀ। ਕਈ ਵਾਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਬਾਈਬਲ ਦੀ ਸਟੱਡੀ ਕਰ ਰਿਹਾ ਹਾਂ ਤੇ ਮੈਂ ਇਕ ਚੰਗਾ ਇਨਸਾਨ ਬਣਨਾ ਚਾਹੁੰਦਾ ਹਾਂ। ਇੰਟਰਵਿਊ ਲੈਣ ਵਾਲੇ ਬਹੁਤ ਸਾਰਿਆਂ ਨੇ ਮੈਨੂੰ ਕੰਮ ʼਤੇ ਨਹੀਂ ਰੱਖਿਆ। ਅਖ਼ੀਰ ਜਦੋਂ ਮੈਂ ਇਕ ਹੋਰ ਇੰਟਰਵਿਊ ਵੇਲੇ ਆਪਣੇ ਅਤੀਤ ਬਾਰੇ ਦੱਸਿਆ, ਤਾਂ ਇੰਟਰਵਿਊ ਲੈਣ ਵਾਲੇ ਨੇ ਕਿਹਾ: “ਪਤਾ ਨਹੀਂ ਕਿਉਂ, ਪਰ ਲੱਗਦਾ ਹੈ ਕਿ ਤੈਨੂੰ ਕੰਮ ʼਤੇ ਰੱਖ ਲੈਣਾ ਚਾਹੀਦਾ ਹੈ।” ਮੈਨੂੰ ਯਕੀਨ ਹੋ ਗਿਆ ਕਿ ਇਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਸੀ। ਸਮੇਂ ਦੇ ਬੀਤਣ ਨਾਲ ਮੈਂ ਤੇ ਮੇਰੀ ਪਤਨੀ ਨੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ।
ਅੱਜ ਮੇਰੀ ਜ਼ਿੰਦਗੀ:
ਮੈਂ ਅੱਜ ਇਸੇ ਕਰਕੇ ਜੀਉਂਦਾ ਹਾਂ ਕਿਉਂਕਿ ਮੈਂ ਬਾਈਬਲ ਦੇ ਅਸੂਲ ਲਾਗੂ ਕਰਦਾ ਹਾਂ ਤੇ ਇਨ੍ਹਾਂ ਮੁਤਾਬਕ ਜੀਉਣ ਦੀ ਕੋਸ਼ਿਸ਼ ਕਰਦਾ ਹਾਂ। ਅੱਜ ਮੇਰਾ ਸੁਖੀ ਪਰਿਵਾਰ ਹੈ। ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਯਹੋਵਾਹ ਨੇ ਮੈਨੂੰ ਮਾਫ਼ ਕਰ ਦਿੱਤਾ ਹੈ ਅਤੇ ਮੈਂ ਆਪਣੀ ਸਾਫ਼ ਜ਼ਮੀਰ ਕਾਰਨ ਬਹੁਤ ਖ਼ੁਸ਼ ਹਾਂ।
ਪਿਛਲੇ 14 ਸਾਲਾਂ ਤੋਂ ਮੈਂ ਹਰ ਮਹੀਨੇ 70 ਘੰਟੇ ਪ੍ਰਚਾਰ ਕਰਦਾ ਹਾਂ ਤੇ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਂਦਾ ਹਾਂ। ਹਾਲ ਹੀ ਵਿਚ ਮੇਰੀ ਪਤਨੀ ਨੇ ਵੀ ਇੰਨਾ ਸਮਾਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ। 30 ਤੋਂ ਜ਼ਿਆਦਾ ਸਾਲਾਂ ਤੋਂ ਮੈਂ ਆਪਣੇ ਨਾਲ ਕੰਮ ਕਰਨ ਵਾਲੇ 22 ਜਣਿਆਂ ਦੀ ਯਹੋਵਾਹ ਦੀ ਭਗਤੀ ਕਰਨ ਵਿਚ ਮਦਦ ਕਰ ਕੇ ਬਹੁਤ ਖ਼ੁਸ਼ ਹਾਂ। ਮੈਂ ਅਜੇ ਵੀ ਸ਼ਾਪਿੰਗ ਮਾਲ ਵਿਚ ਜਾਂਦਾ ਹਾਂ, ਪਰ ਪਹਿਲਾਂ ਵਾਂਗ ਲੋਕਾਂ ਨਾਲ ਫ਼ਰੇਬ ਕਰਨ ਲਈ ਨਹੀਂ। ਹੁਣ ਜਦੋਂ ਵੀ ਮੈਂ ਉੱਥੇ ਜਾਂਦਾ ਹਾਂ, ਤਾਂ ਮੈਂ ਅਕਸਰ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹਾਂ। ਮੈਂ ਉਨ੍ਹਾਂ ਨੂੰ ਆਉਣ ਵਾਲੀ ਨਵੀਂ ਦੁਨੀਆਂ ਵਿਚ ਰਹਿਣ ਦੀ ਉਮੀਦ ਦੇਣੀ ਚਾਹੁੰਦਾ ਹਾਂ ਜਿੱਥੇ ਕੋਈ ਵੀ ਫਰਾਡ ਕਰਨ ਵਾਲਾ ਨਹੀਂ ਹੋਵੇਗਾ।—ਜ਼ਬੂਰਾਂ ਦੀ ਪੋਥੀ 37:10, 11. ▪ (w15-E 05/01)