ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
ਬਾਈਬਲ ਵਿਰੋਧ ਦੇ ਬਾਵਜੂਦ ਬਚੀ ਰਹੀ
ਖ਼ਤਰਾ: ਬਹੁਤ ਸਾਰੇ ਰਾਜਨੀਤਿਕ ਅਤੇ ਧਾਰਮਿਕ ਆਗੂ ਇਹ ਨਹੀਂ ਚਾਹੁੰਦੇ ਸਨ ਕਿ ਲੋਕਾਂ ਤਕ ਬਾਈਬਲ ਦਾ ਸੰਦੇਸ਼ ਪਹੁੰਚੇ। ਇਸ ਲਈ ਉਨ੍ਹਾਂ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰ ਕੇ ਲੋਕਾਂ ਨੂੰ ਆਪਣੇ ਕੋਲ ਬਾਈਬਲ ਰੱਖਣ ਅਤੇ ਇਸ ਦਾ ਤਰਜਮਾ ਕਰਨ ਤੋਂ ਰੋਕਿਆ। ਇਸ ਦੀਆਂ ਦੋ ਮਿਸਾਲਾਂ ʼਤੇ ਗੌਰ ਕਰੋ:
ਤਕਰੀਬਨ 167 ਈਸਵੀ ਪੂਰਵ: ਸਿਲੂਕਸੀ ਰਾਜੇ ਐਂਟੀਓਕਸ ਅਪਿਫ਼ਨੀਜ਼ ਨੇ ਲੋਕਾਂ ਨੂੰ ਯੂਨਾਨੀ ਧਰਮ ਅਪਣਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਹੁਕਮ ਜਾਰੀ ਕੀਤਾ ਕਿ ਇਬਰਾਨੀ ਲਿਖਤਾਂ ਦੀਆਂ ਨਕਲਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ। ਇਤਿਹਾਸਕਾਰ ਹਾਇਨਰਿਖ਼ ਗ੍ਰੈਟਸ ਲਿਖਦਾ ਹੈ: “ਐਂਟੀਓਕਸ ਦੇ ਅਧਿਕਾਰੀਆਂ ਨੂੰ ਜਿੱਥੇ ਕਿਤੇ ਵੀ ਲਿਖਤਾਂ ਮਿਲਦੀਆਂ ਸਨ, ਉਹ ਉਨ੍ਹਾਂ ਨੂੰ ਪਾੜ ਕੇ ਅੱਗ ਲਾ ਦਿੰਦੇ ਸਨ ਅਤੇ ਜਿਹੜੇ ਲੋਕ ਹਿੰਮਤ ਅਤੇ ਤਸੱਲੀ ਪਾਉਣ ਲਈ ਇਹ ਲਿਖਤਾਂ ਪੜ੍ਹਦੇ ਹੁੰਦੇ ਸੀ, ਉਨ੍ਹਾਂ ਲੋਕਾਂ ਨੂੰ ਵੀ ਮਾਰ ਦਿੱਤਾ ਜਾਂਦਾ ਸੀ।”
ਤਕਰੀਬਨ 800 ਸਾਲ ਪਹਿਲਾਂ: ਕੈਥੋਲਿਕ ਧਰਮ ਦੇ ਆਗੂ ਚਰਚ ਦੇ ਉਨ੍ਹਾਂ ਮੈਂਬਰਾਂ ਤੋਂ ਬਹੁਤ ਗੁੱਸੇ ਸਨ ਜਿਹੜੇ ਚਰਚ ਦੀਆਂ ਸਿੱਖਿਆਵਾਂ ਦੀ ਬਜਾਇ ਬਾਈਬਲ ਦੀਆਂ ਸਿੱਖਿਆਵਾਂ ਦੇ ਰਹੇ ਸਨ। ਉਹ ਉਨ੍ਹਾਂ ਲੋਕਾਂ ਨੂੰ ਧਰਮ-ਧਰੋਹੀ ਕਰਾਰ ਦਿੰਦੇ ਸਨ ਜਿਨ੍ਹਾਂ ਕੋਲ ਲਾਤੀਨੀ ਭਾਸ਼ਾ ਵਿਚ ਜ਼ਬੂਰਾਂ ਤੋਂ ਇਲਾਵਾ ਕੋਈ ਹੋਰ ਕਿਤਾਬ ਹੁੰਦੀ ਸੀ। ਇਕ ਚਰਚ ਨੇ ਆਪਣੇ ਆਦਮੀਆਂ ਨੂੰ ਇਹ ਹੁਕਮ ਦਿੱਤਾ ਕਿ ‘ਧਰਮ-ਧਰੋਹੀਆਂ ਨੂੰ ਲੱਭਣ ਵਿਚ ਕੋਈ ਕਸਰ ਨਾ ਛੱਡੀ ਜਾਵੇ। ਜਿਨ੍ਹਾਂ ਘਰਾਂ ਵਿਚ ਉਨ੍ਹਾਂ ਨੂੰ ਬਾਈਬਲ ਦੇ ਹੋਣ ਦੀ ਖ਼ਬਰ ਮਿਲੇ, ਉਹ ਉਨ੍ਹਾਂ ਘਰਾਂ ਦੀ ਤਲਾਸ਼ੀ ਲੈਣ ਅਤੇ ਤਹਿਖ਼ਾਨਿਆਂ ਤਕ ਨੂੰ ਵੀ ਨਾ ਛੱਡਣ ਅਤੇ ਉਹ ਉਸ ਘਰ ਨੂੰ ਵੀ ਤਬਾਹ ਕਰ ਦੇਣ ਜਿੱਥੇ ਕੋਈ ਧਰਮ-ਧਰੋਹੀ ਹੋਵੇ।’
ਜੇ ਬਾਈਬਲ ਦੇ ਵਿਰੋਧੀਆਂ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੁੰਦਾ, ਤਾਂ ਬਾਈਬਲ ਦਾ ਸੰਦੇਸ਼ ਵੀ ਇਸ ਦੇ ਨਾਲ ਹੀ ਖ਼ਤਮ ਹੋ ਜਾਣਾ ਸੀ।
ਬਾਈਬਲ ਕਿਵੇਂ ਬਚੀ ਰਹੀ: ਇਬਰਾਨੀ ਲਿਖਤਾਂ ਨੂੰ ਖ਼ਤਮ ਕਰਨ ਲਈ ਰਾਜਾ ਐਂਟੀਓਕਸ ਦੀ ਚਲਾਈ ਮੁਹਿੰਮ ਸਿਰਫ਼ ਇਜ਼ਰਾਈਲ ਦੇਸ਼ ਤਕ ਹੀ ਸੀਮਿਤ ਸੀ। ਉਸ ਸਮੇਂ ਤਕ ਯਹੂਦੀ ਦੂਸਰੇ ਦੇਸ਼ਾਂ ਵਿਚ ਜਾ ਕੇ ਵੱਸਣ ਲੱਗ ਪਏ ਸਨ। ਵਿਦਵਾਨਾਂ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਪਹਿਲੀ ਸਦੀ ਤਕ 60 ਪ੍ਰਤਿਸ਼ਤ ਤੋਂ ਜ਼ਿਆਦਾ ਯਹੂਦੀ ਇਜ਼ਰਾਈਲ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਰਹਿ ਰਹੇ ਸਨ। ਇਹ ਯਹੂਦੀ ਆਪਣੇ ਸਭਾ ਘਰਾਂ ਵਿਚ ਇਬਰਾਨੀ ਲਿਖਤਾਂ ਦੀਆਂ ਨਕਲਾਂ ਰੱਖਦੇ ਸਨ। ਇਹ ਉਹੀ ਨਕਲਾਂ ਸਨ ਜਿਨ੍ਹਾਂ ਨੂੰ ਸਦੀਆਂ ਬਾਅਦ ਮਸੀਹੀਆਂ ਨੇ ਇਸਤੇਮਾਲ ਕੀਤਾ।—ਰਸੂਲਾਂ ਦੇ ਕੰਮ 15:21.
ਬਾਈਬਲ ਨੂੰ ਪਿਆਰ ਕਰਨ ਵਾਲੇ ਲੋਕ ਅਤਿਆਚਾਰਾਂ ਦੇ ਬਾਵਜੂਦ ਇਸ ਦਾ ਅਨੁਵਾਦ ਕਰਦੇ ਰਹੇ ਅਤੇ ਇਸ ਦੀਆਂ ਨਕਲਾਂ ਤਿਆਰ ਕਰਦੇ ਰਹੇ। 15ਵੀਂ ਸਦੀ ਵਿਚ ਛਪਾਈ ਦੀ ਮਸ਼ੀਨ ਦੀ ਕਾਢ ਹੋਈ। ਪਰ ਇਸ ਤੋਂ ਪਹਿਲਾਂ ਵੀ ਬਾਈਬਲ ਦੇ ਕੁਝ ਹਿੱਸੇ ਲਗਭਗ 33 ਭਾਸ਼ਾਵਾਂ ਵਿਚ ਉਪਲਬਧ ਸਨ। ਇਸ ਤੋਂ ਬਾਅਦ ਬਾਈਬਲ ਦਾ ਅਨੁਵਾਦ ਅਤੇ ਛਪਾਈ ਹੋਰ ਤੇਜ਼ੀ ਨਾਲ ਹੋਣ ਲੱਗੀ।
ਨਤੀਜਾ: ਤਾਕਤਵਰ ਰਾਜੇ ਅਤੇ ਪਾਦਰੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਾਈਬਲ ਨੂੰ ਲੋਕਾਂ ਤਕ ਪਹੁੰਚਣ ਤੋਂ ਨਹੀਂ ਰੋਕ ਸਕੇ। ਅੱਜ ਇਹ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ ਅਤੇ ਹੋਰ ਕਿਸੇ ਵੀ ਕਿਤਾਬ ਨਾਲੋਂ ਇਸ ਦਾ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਵਿਚ ਲਿਖੀਆਂ ਗੱਲਾਂ ਨੇ ਨਾ ਸਿਰਫ਼ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਿਆ ਹੈ, ਸਗੋਂ ਕੁਝ ਦੇਸ਼ਾਂ ਦੇ ਕਾਨੂੰਨਾਂ ਅਤੇ ਉੱਥੋਂ ਦੀਆਂ ਭਾਸ਼ਾਵਾਂ ʼਤੇ ਵੀ ਬਹੁਤ ਅਸਰ ਪਾਇਆ ਹੈ।