ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?
ਬਾਈਬਲ ਕਿਉਂ ਪੜ੍ਹੀਏ?
“ਮੈਂ ਸੋਚਦੀ ਸੀ ਕਿ ਬਾਈਬਲ ਨੂੰ ਸਮਝਣਾ ਬਹੁਤ ਔਖਾ ਹੈ।”—ਜੂਵੀ
“ਮੈਨੂੰ ਲੱਗਦਾ ਸੀ ਕਿ ਬਾਈਬਲ ਬਹੁਤ ਬੋਰਿੰਗ ਹੈ।”—ਕੂਈਨੀ
“ਜਦੋਂ ਮੈਂ ਦੇਖਿਆ ਕਿ ਬਾਈਬਲ ਕਿੰਨੀ ਮੋਟੀ ਕਿਤਾਬ ਹੈ, ਤਾਂ ਇਸ ਨੂੰ ਪੜ੍ਹਨ ਦਾ ਚਾਅ ਹੀ ਮਰ ਗਿਆ।”—ਇਜ਼ਕੀਏਲ
ਕੀ ਤੁਸੀਂ ਕਦੇ ਬਾਈਬਲ ਪੜ੍ਹਨ ਬਾਰੇ ਸੋਚਿਆ ਤੇ ਫਿਰ ਉੱਪਰ ਦੱਸੇ ਲੋਕਾਂ ਵਾਂਗ ਸੋਚ ਕੇ ਪਿੱਛੇ ਹਟ ਗਏ? ਬਹੁਤ ਸਾਰੇ ਲੋਕ ਬਾਈਬਲ ਪੜ੍ਹਨ ਤੋਂ ਹਿਚਕਿਚਾਉਂਦੇ ਹਨ। ਪਰ ਉਦੋਂ ਕੀ ਜੇ ਤੁਹਾਨੂੰ ਪਤਾ ਲੱਗੇ ਕਿ ਬਾਈਬਲ ਪੜ੍ਹਨ ਨਾਲ ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆ ਸਕਦੀ ਹੈ? ਉਦੋਂ ਕੀ ਜੇ ਤੁਹਾਨੂੰ ਪਤਾ ਲੱਗੇ ਕਿ ਬਾਈਬਲ ਪੜ੍ਹਨ ਦੇ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਹਾਨੂੰ ਪੜ੍ਹਨ ਵਿਚ ਮਜ਼ਾ ਆਵੇਗਾ? ਕੀ ਤੁਸੀਂ ਦੇਖਣਾ ਚਾਹੋਗੇ ਕਿ ਬਾਈਬਲ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?
ਆਓ ਆਪਾਂ ਕੁਝ ਲੋਕਾਂ ਦੀਆਂ ਟਿੱਪਣੀਆਂ ਦੇਖੀਏ ਜਦੋਂ ਉਨ੍ਹਾਂ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ।
20-21 ਸਾਲਾਂ ਦਾ ਇਜ਼ਕੀਏਲ ਕਹਿੰਦਾ ਹੈ: “ਪਹਿਲਾਂ ਮੈਂ ਉਸ ਡ੍ਰਾਈਵਰ ਵਰਗਾ ਸੀ ਜੋ ਕਾਰ ਚਲਾਉਂਦਾ ਰਹਿੰਦਾ ਹੈ, ਪਰ ਕਿਸੇ ਮੰਜ਼ਲ ਤਕ ਪਹੁੰਚਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੁੰਦਾ। ਪਰ ਬਾਈਬਲ ਪੜ੍ਹ ਕੇ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਮਿਲਿਆ ਹੈ। ਇਸ ਵਿਚ ਪਾਈਆਂ ਜਾਂਦੀਆਂ ਬੁੱਧ ਦੀਆਂ ਗੱਲਾਂ ਹਨ ਜਿਨ੍ਹਾਂ ਨੂੰ ਮੈਂ ਰੋਜ਼ ਜ਼ਿੰਦਗੀ ਵਿਚ ਲਾਗੂ ਕਰ ਸਕਦਾ ਹਾਂ।”
21-22 ਸਾਲਾਂ ਦੀ ਫਰੀਡਾ ਕਹਿੰਦੀ ਹੈ: “ਗੁੱਸਾ ਹਮੇਸ਼ਾ ਮੇਰੇ ਨੱਕ ʼਤੇ ਰਹਿੰਦਾ ਸੀ। ਪਰ ਬਾਈਬਲ ਪੜ੍ਹ ਕੇ ਮੈਂ ਆਪਣੇ ਗੁੱਸੇ ʼਤੇ ਕਾਬੂ ਕਰਨਾ ਸਿੱਖਿਆ। ਇਸ ਕਰਕੇ ਮੈਂ ਹੁਣ ਜਲਦੀ ਲੋਕਾਂ ਵਿਚ ਘੁਲ-ਮਿਲ ਜਾਂਦੀ ਹਾਂ ਤੇ ਹੁਣ ਮੇਰੇ ਪਹਿਲਾਂ ਨਾਲੋਂ ਜ਼ਿਆਦਾ ਦੋਸਤ ਹਨ।”
50 ਕੁ ਸਾਲਾਂ ਦੀ ਯੂਨਸ ਬਾਈਬਲ ਬਾਰੇ ਕਹਿੰਦੀ ਹੈ: “ਬਾਈਬਲ ਦੀ ਮਦਦ ਨਾਲ ਮੈਂ ਬੁਰੀਆਂ ਆਦਤਾਂ ਛੱਡ ਕੇ ਇਕ ਚੰਗੀ ਇਨਸਾਨ ਬਣ ਰਹੀ ਹਾਂ।”
ਇਨ੍ਹਾਂ ਅਤੇ ਹੋਰ ਲੱਖਾਂ ਹੀ ਲੋਕਾਂ ਨੇ ਜਾਣਿਆ ਹੈ ਕਿ ਬਾਈਬਲ ਪੜ੍ਹ ਕੇ ਤੁਸੀਂ ਆਪਣੀ ਜ਼ਿੰਦਗੀ ਹੋਰ ਖ਼ੁਸ਼ੀਆਂ ਭਰੀ ਬਣਾ ਸਕਦੇ ਹੋ। (ਯਸਾਯਾਹ 48:17, 18) ਹੋਰ ਗੱਲਾਂ ਦੇ ਨਾਲ-ਨਾਲ ਇਹ ਤੁਹਾਡੀ (1) ਚੰਗੇ ਫ਼ੈਸਲੇ ਕਰਨ, (2) ਸੱਚੇ ਦੋਸਤ ਬਣਾਉਣ, (3) ਪਰੇਸ਼ਾਨੀਆਂ ਨੂੰ ਘਟਾਉਣ ਅਤੇ (4) ਸਭ ਤੋਂ ਵਧੀਆ ਗੱਲ ਕਿ ਇਹ ਰੱਬ ਬਾਰੇ ਸੱਚਾਈ ਜਾਣਨ ਵਿਚ ਮਦਦ ਕਰ ਸਕਦੀ ਹੈ। ਬਾਈਬਲ ਵਿਚ ਪਾਈ ਜਾਂਦੀ ਸਲਾਹ ਰੱਬ ਵੱਲੋਂ ਹੈ, ਇਸ ਲਈ ਇਸ ਨੂੰ ਲਾਗੂ ਕਰ ਕੇ ਤੁਹਾਨੂੰ ਕਦੇ ਨੁਕਸਾਨ ਨਹੀਂ ਹੋਵੇਗਾ। ਰੱਬ ਕਦੇ ਵੀ ਮਾੜੀ ਸਲਾਹ ਨਹੀਂ ਦਿੰਦਾ।
ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਪੜ੍ਹਨਾ ਸ਼ੁਰੂ ਕਰੋ। ਕਿਹੜੇ ਸੁਝਾਵਾਂ ʼਤੇ ਚੱਲ ਕੇ ਤੁਹਾਨੂੰ ਬਾਈਬਲ ਪੜ੍ਹਨੀ ਸੌਖੀ ਅਤੇ ਮਜ਼ੇਦਾਰ ਲੱਗੇਗੀ?