ਮੁੱਖ ਪੰਨੇ ਤੋਂ | ਸਭ ਤੋਂ ਉੱਤਮ ਤੋਹਫ਼ਾ ਕਿਹੜਾ ਹੈ?
ਸਭ ਤੋਂ ਵਧੀਆ ਤੋਹਫ਼ਾ ਲੱਭਣਾ
ਕਿਸੇ ਲਈ ਸਭ ਤੋਂ ਵਧੀਆ ਤੋਹਫ਼ਾ ਲੱਭਣਾ ਕੋਈ ਸੌਖਾ ਕੰਮ ਨਹੀਂ। ਕਿਉਂ? ਕਿਉਂਕਿ ਤੋਹਫ਼ਾ ਲੈਣ ਵਾਲਾ ਹੀ ਤੈਅ ਕਰਦਾ ਹੈ ਕਿ ਉਸ ਲਈ ਇਹ ਕਿੰਨਾ ਮਾਅਨੇ ਰੱਖਦਾ ਹੈ। ਇਕ ਤੋਹਫ਼ਾ ਜੋ ਸ਼ਾਇਦ ਕਿਸੇ ਲਈ ਬਹੁਤ ਮਾਅਨੇ ਰੱਖਦਾ ਹੋਵੇ, ਉਹ ਦੂਸਰੇ ਲਈ ਮਾਮੂਲੀ ਜਿਹਾ ਹੋਵੇ।
ਮਿਸਾਲ ਲਈ, ਇਕ ਨੌਜਵਾਨ ਲਈ ਸ਼ਾਇਦ ਬਾਜ਼ਾਰ ਵਿਚ ਆਈ ਕੋਈ ਨਵੀਂ ਇਲੈਕਟ੍ਰਾਨਿਕ ਚੀਜ਼ ਸਭ ਤੋਂ ਵਧੀਆ ਤੋਹਫ਼ਾ ਹੋਵੇ। ਦੂਜੇ ਪਾਸੇ, ਕਿਸੇ ਵੱਡੇ ਲਈ ਸ਼ਾਇਦ ਉਹ ਤੋਹਫ਼ਾ ਸਭ ਤੋਂ ਵਧੀਆ ਹੋਵੇ ਜਿਸ ਨਾਲ ਪਰਿਵਾਰ ਦੀਆਂ ਯਾਦਾਂ ਜੁੜੀਆਂ ਹੋਣ। ਕਈ ਸਭਿਆਚਾਰਾਂ ਵਿਚ ਲੋਕ ਪੈਸਿਆਂ ਨੂੰ ਵਧੀਆ ਤੋਹਫ਼ਾ ਮੰਨਦੇ ਹਨ ਕਿਉਂਕਿ ਇਸ ਨਾਲ ਉਹ ਆਪਣੀ ਮਰਜ਼ੀ ਦਾ ਤੋਹਫ਼ਾ ਲੈ ਸਕਦੇ ਹਨ।
ਸਭ ਤੋਂ ਵਧੀਆ ਤੋਹਫ਼ਾ ਲੱਭਣਾ ਕੋਈ ਸੌਖਾ ਕੰਮ ਨਹੀਂ, ਪਰ ਫਿਰ ਵੀ ਬਹੁਤ ਸਾਰੇ ਲੋਕ ਆਪਣੇ ਕਿਸੇ ਖ਼ਾਸ ਲਈ ਵਧੀਆ ਤੋਹਫ਼ਾ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਚਾਹੇ ਵਧੀਆ ਤੋਹਫ਼ਾ ਲੱਭਣਾ ਹਮੇਸ਼ਾ ਮੁਮਕਿਨ ਨਹੀਂ ਹੁੰਦਾ, ਪਰ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਤੁਹਾਨੂੰ ਵਧੀਆ ਤੋਹਫ਼ਾ ਲੱਭਣ ਵਿਚ ਆਸਾਨੀ ਹੋ ਸਕਦੀ ਹੈ। ਆਓ ਚਾਰ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਉਹ ਤੋਹਫ਼ਾ ਲੈ ਸਕਦੇ ਹਾਂ ਜਿਸ ਨਾਲ ਲੈਣ ਵਾਲੇ ਨੂੰ ਖ਼ੁਸ਼ੀ ਹੋਵੇ।
ਤੋਹਫ਼ਾ ਲੈਣ ਵਾਲੇ ਦੀਆਂ ਇੱਛਾਵਾਂ। ਉੱਤਰੀ ਆਇਰਲੈਂਡ ਦੇ ਬੇਲਫ਼ਾਸਟ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ 10-11 ਸਾਲ ਦੀ ਉਮਰ ਵਿਚ ਉਸ ਨੂੰ ਰੇਸਿੰਗ ਸਾਈਕਲ ਮਿਲਿਆ ਜੋ ਉਸ ਲਈ ਸਭ ਤੋਂ ਵਧੀਆ ਤੋਹਫ਼ਾ ਸੀ। ਕਿਉਂ? ਉਹ ਦੱਸਦਾ ਹੈ: “ਮੈਂ ਇਹ ਸਾਈਕਲ ਲੈਣਾ ਚਾਹੁੰਦਾ ਸੀ।” ਇਸ ਤੋਂ ਪਤਾ ਲੱਗਦਾ ਹੈ ਕਿ ਇਕ ਵਿਅਕਤੀ ਦੀ ਇੱਛਾ ʼਤੇ ਨਿਰਭਰ ਕਰਦਾ ਹੈ ਕਿ ਉਹ ਕੋਈ ਤੋਹਫ਼ਾ ਪਸੰਦ ਕਰੇਗਾ ਜਾਂ ਨਹੀਂ। ਇਸ ਲਈ ਉਸ ਵਿਅਕਤੀ ਬਾਰੇ ਸੋਚੋ ਜਿਸ ਨੂੰ ਤੁਸੀਂ ਤੋਹਫ਼ਾ ਦੇਣਾ ਚਾਹੁੰਦੇ ਹੋ। ਉਸ ਦੀ ਇੱਛਾ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਕਿਸ ਤੋਹਫ਼ੇ ਦੀ ਕਦਰ ਕਰੇਗਾ। ਮਿਸਾਲ ਲਈ, ਦਾਦਾ-ਦਾਦੀ, ਨਾਨਾ-ਨਾਨੀ ਅਕਸਰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਅਤੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਉਨ੍ਹਾਂ ਨੂੰ ਮਿਲਣ ਆਉਣ। ਜਦੋਂ ਅਸੀਂ ਦਾਦਾ-ਦਾਦੀ, ਨਾਨਾ-ਨਾਨੀ ਨੂੰ ਆਪਣੇ ਨਾਲ ਘੁਮਾਉਣ ਲੈ ਕੇ ਜਾਂਦੇ ਹਾਂ, ਤਾਂ ਇਹ ਉਨ੍ਹਾਂ ਲਈ ਸਭ ਤੋਂ ਵਧੀਆ ਤੋਹਫ਼ਾ ਹੁੰਦਾ ਹੈ।
ਕਿਸੇ ਵਿਅਕਤੀ ਦੀ ਇੱਛਾ ਜਾਣਨ ਲਈ ਸਾਨੂੰ ਉਸ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ‘ਸੁਣਨ ਲਈ ਤਿਆਰ ਰਹੀਏ ਤੇ ਬੋਲਣ ਵਿਚ ਕਾਹਲੀ ਨਾ ਕਰੀਏ।’ (ਯਾਕੂਬ 1:19) ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੋ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀ ਪਸੰਦ-ਨਾਪਸੰਦ ਕੀ ਹੈ। ਫਿਰ ਤੁਸੀਂ ਉਨ੍ਹਾਂ ਨੂੰ ਉਹ ਤੋਹਫ਼ਾ ਦੇ ਸਕੋਗੇ ਜਿਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ।
ਤੋਹਫ਼ਾ ਲੈਣ ਵਾਲੇ ਦੀਆਂ ਲੋੜਾਂ। ਜੇ ਤੋਹਫ਼ਾ ਲੈਣ ਵਾਲੇ ਦੀ ਲੋੜ ਮੁਤਾਬਕ ਦਿੱਤਾ ਜਾਵੇ, ਤਾਂ ਉਹ ਛੋਟੇ ਤੋਂ ਛੋਟੇ ਜਾਂ ਸਸਤੇ ਤੋਹਫ਼ੇ ਦੀ ਵੀ ਕਦਰ ਕਰੇਗਾ। ਪਰ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਕਿਸੇ ਵਿਅਕਤੀ ਨੂੰ ਕਿਸ ਚੀਜ਼ ਦੀ ਲੋੜ ਹੈ?
ਸ਼ਾਇਦ ਸਾਨੂੰ ਲੱਗੇ ਕਿ ਸਭ ਤੋਂ ਸੌਖਾ ਤਰੀਕਾ ਹੈ ਕਿ ਅਸੀਂ ਉਸ ਵਿਅਕਤੀ ਨੂੰ ਹੀ ਉਸ ਦੀਆਂ ਲੋੜਾਂ ਬਾਰੇ ਪੁੱਛ ਲਈਏ। ਪਰ ਬਹੁਤ ਸਾਰੇ ਤੋਹਫ਼ਾ ਦੇਣ ਵਾਲਿਆਂ ਨੂੰ ਲੱਗਦਾ ਹੈ ਕਿ ਇੱਦਾਂ ਕਰ ਕੇ ਉਨ੍ਹਾਂ ਨੂੰ ਦੇਣ ਵਿਚ ਖ਼ੁਸ਼ੀ ਨਹੀਂ ਮਿਲੇਗੀ। ਕਿਉਂ? ਕਿਉਂਕਿ ਉਹ ਲੋੜ ਮੁਤਾਬਕ ਤੇ ਬਿਨਾਂ ਦੱਸੇ ਤੋਹਫ਼ਾ ਦੇ ਕੇ ਖ਼ੁਸ਼ੀ ਪਾਉਣੀ ਚਾਹੁੰਦੇ ਹਨ। ਇਸ ਤੋਂ ਇਲਾਵਾ, ਸ਼ਾਇਦ ਕੁਝ ਲੋਕ ਤੁਹਾਨੂੰ ਆਪਣੀ ਪਸੰਦ-ਨਾਪਸੰਦ ਦੱਸ ਦੇਣ, ਪਰ ਇਹ ਨਾ ਦੱਸਣ ਕਿ ਉਨ੍ਹਾਂ ਨੂੰ ਕਿਸ ਚੀਜ਼ ਦੀ ਲੋੜ ਹੈ।
ਇਸ ਲਈ ਧਿਆਨ ਨਾਲ ਦੇਖੋ ਕਿ ਉਨ੍ਹਾਂ ਦੇ ਹਾਲਾਤ ਕੀ ਹਨ। ਕੀ ਉਹ ਜਵਾਨ, ਬਜ਼ੁਰਗ, ਕੁਆਰਾ, ਵਿਆਹਿਆ ਜਾਂ ਤਲਾਕਸ਼ੁਦਾ ਹੈ? ਕੀ ਉਸ ਦੇ ਜੀਵਨ ਸਾਥੀ ਦੀ ਮੌਤ ਹੋ ਚੁੱਕੀ ਹੈ, ਕੀ ਉਹ ਕੰਮ ਕਰਦਾ ਹੈ ਜਾਂ ਰੀਟਾਇਰ ਹੋ ਚੁੱਕਾ ਹੈ? ਫਿਰ ਧਿਆਨ ਨਾਲ ਸੋਚੋ ਕਿ ਇਸ ਤਰ੍ਹਾਂ ਦੇ ਹਾਲਾਤਾਂ ਵਿਚ ਹੁੰਦਿਆਂ ਉਸ ਵਿਅਕਤੀ ਨੂੰ ਕਿਹੋ ਜਿਹੇ ਤੋਹਫ਼ੇ ਦੀ ਲੋੜ ਹੈ।
ਤੋਹਫ਼ਾ ਲੈਣ ਵਾਲੇ ਦੀਆਂ ਲੋੜਾਂ ਬਾਰੇ ਜਾਣਨ ਲਈ ਉਨ੍ਹਾਂ ਲੋਕਾਂ ਨਾਲ ਗੱਲ ਕਰੋ ਜਿਨ੍ਹਾਂ ਦੇ ਹਾਲਾਤ ਉਨ੍ਹਾਂ ਵਰਗੇ ਹਨ ਜਿਨ੍ਹਾਂ ਨੂੰ ਅਸੀਂ ਤੋਹਫ਼ਾ ਦੇਣਾ ਚਾਹੁੰਦੇ ਹਾਂ। ਉਹ ਤੁਹਾਨੂੰ ਸ਼ਾਇਦ ਉਨ੍ਹਾਂ ਲੋੜਾਂ ਬਾਰੇ ਦੱਸਣ ਜੋ ਆਮ ਕਿਸੇ ਨੂੰ ਨਹੀਂ ਪਤਾ ਹੁੰਦੀਆਂ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਹ ਤੋਹਫ਼ਾ ਦੇ ਸਕੋਗੇ ਜਿਸ ਨਾਲ ਉਸ ਦੀ ਲੋੜ ਪੂਰੀ ਹੋਵੇਗੀ।
ਸਹੀ ਸਮੇਂ ʼਤੇ। ਬਾਈਬਲ ਕਹਿੰਦੀ ਹੈ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!” (ਕਹਾਉਤਾਂ 15:23) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਸਹੀ ਸਮੇਂ ʼਤੇ ਕਹੀਆਂ ਗੱਲਾਂ ਦਾ ਬਹੁਤ ਅਸਰ ਪੈ ਸਕਦਾ ਹੈ। ਇਹ ਗੱਲ ਕੰਮਾਂ ਬਾਰੇ ਵੀ ਸੱਚ ਹੈ। ਜਿੱਦਾਂ ਸਹੀ ਸਮੇਂ ʼਤੇ ਕਹੀਆਂ ਗੱਲਾਂ ਸੁਣਨ ਵਾਲੇ ਨੂੰ ਬਹੁਤ ਖ਼ੁਸ਼ ਕਰ ਸਕਦੀਆਂ ਹਨ, ਉਸੇ ਤਰ੍ਹਾਂ ਸਹੀ ਸਮੇਂ ʼਤੇ ਜਾਂ ਢੁਕਵੇਂ ਮੌਕੇ ʼਤੇ ਦਿੱਤਾ ਗਿਆ ਤੋਹਫ਼ਾ ਲੈਣ ਵਾਲੇ ਦੀ ਖ਼ੁਸ਼ੀ ਵਧਾ ਸਕਦਾ ਹੈ।
ਕਿਸੇ ਦੋਸਤ ਦਾ ਵਿਆਹ ਹੋਣ ਵਾਲਾ ਹੈ। ਇਕ ਬੱਚੇ ਦੀ ਸਕੂਲ ਦੀ ਪੜ੍ਹਾਈ ਖ਼ਤਮ ਹੋਣ ਵਾਲੀ ਹੈ। ਕਿਸੇ ਦੇ ਨਿਆਣਾ ਹੋਣ ਵਾਲਾ ਹੈ। ਇਹ ਕੁਝ ਮੌਕੇ ਹਨ ਜਿਨ੍ਹਾਂ ʼਤੇ ਅਕਸਰ ਤੋਹਫ਼ੇ ਦਿੱਤੇ ਜਾਂਦੇ ਹਨ। ਕਈ ਲੋਕ ਅਗਲੇ ਸਾਲ ਦੇ ਖ਼ਾਸ ਮੌਕਿਆਂ ਦੀ ਲਿਸਟ ਬਣਾ ਲੈਂਦੇ ਹਨ। ਇਸ ਤਰ੍ਹਾਂ ਉਹ ਹਰ ਮੌਕੇ ʼਤੇ ਸਭ ਤੋਂ ਵਧੀਆ ਤੋਹਫ਼ਾ ਖ਼ਰੀਦਣ ਬਾਰੇ ਪਹਿਲਾਂ ਤੋਂ ਹੀ ਸੋਚ ਸਕਦੇ ਹਨ।a
ਇਹ ਸੱਚ ਹੈ ਕਿ ਅਸੀਂ ਸਿਰਫ਼ ਖ਼ਾਸ ਮੌਕਿਆਂ ʼਤੇ ਹੀ ਨਹੀਂ, ਸਗੋਂ ਕਿਸੇ ਵੀ ਮੌਕੇ ʼਤੇ ਤੋਹਫ਼ੇ ਦੇ ਕੇ ਖ਼ੁਸ਼ੀ ਪਾ ਸਕਦੇ ਹਾਂ। ਪਰ ਸਾਨੂੰ ਇਕ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ। ਮਿਸਾਲ ਲਈ, ਜੇ ਕੋਈ ਆਦਮੀ ਬਿਨਾਂ ਕਿਸੇ ਕਾਰਨ ਦੇ ਕਿਸੇ ਔਰਤ ਨੂੰ ਤੋਹਫ਼ਾ ਦਿੰਦਾ ਹੈ, ਤਾਂ ਉਹ ਔਰਤ ਸ਼ਾਇਦ ਇਹ ਸੋਚਣ ਲੱਗ ਪਵੇ ਕਿ ਉਹ ਆਦਮੀ ਉਸ ਨੂੰ ਪਸੰਦ ਕਰਦਾ ਹੈ। ਭਾਵੇਂ ਇਹ ਸੱਚ ਨਾ ਹੋਵੇ ਅਤੇ ਤੋਹਫ਼ਾ ਸਹੀ ਇਰਾਦੇ ਨਾਲ ਦਿੱਤਾ ਗਿਆ ਹੋਵੇ, ਪਰ ਇਸ ਤਰ੍ਹਾਂ ਦੇ ਤੋਹਫ਼ੇ ਕਰਕੇ ਗ਼ਲਤਫ਼ਹਿਮੀਆਂ ਜਾਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਤੋਹਫ਼ਾ ਦੇਣ ਵਾਲੇ ਨੂੰ ਆਪਣੇ ਇਰਾਦਿਆਂ ʼਤੇ ਗੌਰ ਕਰਨ ਦੀ ਲੋੜ ਹੈ।
ਤੋਹਫ਼ਾ ਦੇਣ ਵਾਲੇ ਦੇ ਇਰਾਦੇ। ਜਿੱਦਾਂ ਪਿਛਲੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਤੋਹਫ਼ਾ ਲੈਣ ਵਾਲਾ ਸਾਡੇ ਇਰਾਦੇ ʼਤੇ ਸ਼ੱਕ ਤਾਂ ਨਹੀਂ ਕਰੇਗਾ। ਦੂਜੇ ਪਾਸੇ, ਤੋਹਫ਼ਾ ਦਿੰਦਿਆਂ ਸਾਨੂੰ ਆਪਣੇ ਇਰਾਦਿਆਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਭਾਵੇਂ ਕਿ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਤੋਹਫ਼ਾ ਦੇਣ ਦਾ ਉਨ੍ਹਾਂ ਦਾ ਇਰਾਦਾ ਸਹੀ ਹੈ, ਪਰ ਬਹੁਤ ਸਾਰੇ ਲੋਕ ਸਾਲ ਦੇ ਕੁਝ ਮੌਕਿਆਂ ਦੌਰਾਨ ਮਜਬੂਰੀ ਵਿਚ ਤੋਹਫ਼ੇ ਦਿੰਦੇ ਹਨ। ਕਈ ਜਣੇ ਇਸ ਆਸ ਨਾਲ ਤੋਹਫ਼ੇ ਦਿੰਦੇ ਹਨ ਕਿ ਉਨ੍ਹਾਂ ਨੂੰ ਬਦਲੇ ਵਿਚ ਕੁਝ ਮਿਲੇਗਾ।
ਤੁਸੀਂ ਕਿਵੇਂ ਪੱਕਾ ਕਰ ਸਕਦੇ ਹੋ ਕਿ ਤੁਸੀਂ ਸਹੀ ਇਰਾਦੇ ਨਾਲ ਤੋਹਫ਼ਾ ਦਿੰਦੇ ਹੋ? ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਸਾਰੇ ਕੰਮ ਪਿਆਰ ਨਾਲ ਕਰੋ।” (1 ਕੁਰਿੰਥੀਆਂ 16:14) ਜੇ ਤੁਸੀਂ ਦਿਲੋਂ ਪਿਆਰ ਅਤੇ ਪਰਵਾਹ ਹੋਣ ਕਰਕੇ ਕਿਸੇ ਨੂੰ ਤੋਹਫ਼ਾ ਦਿੰਦੇ ਹੋ, ਤਾਂ ਉਸ ਨੂੰ ਖ਼ੁਸ਼ੀ ਹੋਵੇਗੀ ਅਤੇ ਤੁਹਾਨੂੰ ਵੀ ਉਹ ਖ਼ੁਸ਼ੀ ਮਿਲੇਗੀ ਜੋ ਸੱਚੇ ਦਿਲੋਂ ਕੁਝ ਦੇਣ ਨਾਲ ਮਿਲਦੀ ਹੈ। ਦਿਲੋਂ ਤੋਹਫ਼ਾ ਦੇ ਕੇ ਤੁਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਦਾ ਵੀ ਦਿਲ ਖ਼ੁਸ਼ ਕਰਦੇ ਹੋ। ਪੌਲੁਸ ਰਸੂਲ ਨੇ ਕੁਰਿੰਥੁਸ ਮੰਡਲੀ ਦੇ ਮਸੀਹੀਆਂ ਦੀ ਤਾਰੀਫ਼ ਕੀਤੀ ਜਦੋਂ ਉਨ੍ਹਾਂ ਨੇ ਯਹੂਦੀਆ ਵਿਚ ਰਹਿੰਦੇ ਮਸੀਹੀਆਂ ਦੀ ਖ਼ੁਸ਼ੀ-ਖ਼ੁਸ਼ੀ ਅਤੇ ਖੁੱਲ੍ਹੇ ਦਿਲ ਨਾਲ ਮਦਦ ਕੀਤੀ। ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.
ਉੱਪਰ ਦੱਸੀਆਂ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਉਹ ਤੋਹਫ਼ਾ ਦੇ ਸਕਾਂਗੇ ਜਿਸ ਨਾਲ ਲੈਣ ਵਾਲੇ ਨੂੰ ਖ਼ੁਸ਼ੀ ਹੋਵੇਗੀ। ਰੱਬ ਨੇ ਇਨਸਾਨਾਂ ਲਈ ਜਿਸ ਉੱਤਮ ਤੋਹਫ਼ੇ ਦਾ ਪ੍ਰਬੰਧ ਕੀਤਾ ਹੈ, ਉਸ ਵਿਚ ਇਨ੍ਹਾਂ ਅਤੇ ਹੋਰ ਗੱਲਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਅਗਲਾ ਲੇਖ ਪੜ੍ਹ ਕੇ ਜਾਣੋ ਕਿ ਇਹ ਉੱਤਮ ਤੋਹਫ਼ਾ ਕਿਹੜਾ ਹੈ।
a ਬਹੁਤ ਸਾਰੇ ਲੋਕ ਜਨਮ-ਦਿਨ ਜਾਂ ਹੋਰ ਤਿਉਹਾਰਾਂ ਦੌਰਾਨ ਵੀ ਤੋਹਫ਼ੇ ਦਿੰਦੇ ਹਨ। ਪਰ ਇਨ੍ਹਾਂ ਮੌਕਿਆਂ ʼਤੇ ਅਕਸਰ ਅਜਿਹੀਆਂ ਰੀਤਾਂ ਕੀਤੀਆਂ ਜਾਂਦੀਆਂ ਹਨ ਜੋ ਬਾਈਬਲ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦੀਆਂ। ਇਸ ਰਸਾਲੇ ਵਿਚ “ਪਾਠਕਾਂ ਦੇ ਸਵਾਲ—ਕੀ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ?” ਨਾਂ ਦਾ ਲੇਖ ਦੇਖੋ।