ਪਾਠਕਾਂ ਵੱਲੋਂ ਸਵਾਲ
ਜੇ ਮਸੀਹੀ ਜੋੜਾ ਬੱਚਾ ਨਹੀਂ ਚਾਹੁੰਦਾ, ਤਾਂ ਕੀ ਉਹ ਕਾਪਰ-ਟੀ (IUD, intrauterine device) ਦੀ ਵਰਤੋਂ ਕਰ ਸਕਦਾ ਹੈ?
ਇਸ ਮਾਮਲੇ ਵਿਚ ਹਰ ਮਸੀਹੀ ਜੋੜੇ ਨੂੰ ਆਪੋ-ਆਪਣੀ ਜ਼ਮੀਰ ਮੁਤਾਬਕ ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਅਦ ਵਿਚ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਲਾਹਨਤਾਂ ਨਾ ਪਾਵੇ। ਇਹੋ ਜਿਹਾ ਫ਼ੈਸਲਾ ਕਰਨ ਲਈ ਜ਼ਰੂਰੀ ਹੈ ਕਿ ਉਹ ਕਾਪਰ-ਟੀ ਦੇ ਫ਼ਾਇਦੇ-ਨੁਕਸਾਨ ਬਾਰੇ ਪੂਰੀ ਜਾਣਕਾਰੀ ਲੈਣ ਅਤੇ ਬਾਈਬਲ ਦੇ ਅਸੂਲਾਂ ਨੂੰ ਵੀ ਧਿਆਨ ਵਿਚ ਰੱਖਣ।
ਯਹੋਵਾਹ ਨੇ ਆਦਮ, ਹੱਵਾਹ ਅਤੇ ਬਾਅਦ ਵਿਚ ਨੂਹ ਤੇ ਉਸ ਦੇ ਪਰਿਵਾਰ ਨੂੰ ਇਹ ਹੁਕਮ ਦਿੱਤਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤ. 1:28; 9:1) ਬਾਈਬਲ ਇਹ ਨਹੀਂ ਕਹਿੰਦੀ ਕਿ ਮਸੀਹੀਆਂ ਨੂੰ ਵੀ ਇਹ ਹੁਕਮ ਮੰਨਣਾ ਚਾਹੀਦਾ ਹੈ। ਇਸ ਲਈ, ਇਕ ਮਸੀਹੀ ਜੋੜਾ ਕਦੋਂ ਅਤੇ ਕਿੰਨੇ ਬੱਚੇ ਚਾਹੁੰਦਾ ਹੈ, ਇਸ ਅਨੁਸਾਰ ਉਨ੍ਹਾਂ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਰਭ-ਨਿਰੋਧਕ ਇਸਤੇਮਾਲ ਕਰਨਗੇ ਜਾਂ ਨਹੀਂ। ਉਨ੍ਹਾਂ ਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਗਰਭ-ਨਿਰੋਧਕ ਇਸਤੇਮਾਲ ਕਰਨ ਦਾ ਫ਼ੈਸਲਾ ਬਾਈਬਲ ਦੇ ਅਸੂਲਾਂ ʼਤੇ ਆਧਾਰਿਤ ਹੋਣਾ ਚਾਹੀਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਮਸੀਹੀ ਬੱਚੇ ਨਾ ਪੈਦਾ ਕਰਨ ਲਈ ਗਰਭਪਾਤ ਵੀ ਕਰਾਉਂਦੇ ਹਨ। ਬਾਈਬਲ ਦੱਸਦੀ ਹੈ ਕਿ ਜ਼ਿੰਦਗੀ ਪਵਿੱਤਰ ਹੈ, ਇਸ ਲਈ ਜਾਣ-ਬੁੱਝ ਕੇ ਗਰਭਪਾਤ ਕਰਾਉਣਾ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਕੋਈ ਵੀ ਮਸੀਹੀ ਜਾਣ-ਬੁੱਝ ਕੇ ਗਰਭਪਾਤ ਨਹੀਂ ਕਰਾਵੇਗਾ ਕਿਉਂਕਿ ਉਹ ਜਾਣਦਾ ਹੈ ਕਿ ਉਹ ਇਕ ਜੀਉਂਦੇ-ਜਾਗਦੇ ਬੱਚੇ ਨੂੰ ਜਨਮ ਦੇਵੇਗਾ। (ਕੂਚ 20:13; 21:22, 23; ਜ਼ਬੂ. 139:16; ਯਿਰ. 1:5) ਪਰ ਕੀ ਮਸੀਹੀ ਕਾਪਰ-ਟੀ ਵਰਤ ਸਕਦੇ ਹਨ?
ਇਸ ਵਿਸ਼ੇ ਬਾਰੇ ਪਹਿਰਾਬੁਰਜ 15 ਮਈ 1979 (ਸਫ਼ੇ 30-31) ਵਿਚ ਚਰਚਾ ਕੀਤੀ ਗਈ ਸੀ। ਉਸ ਸਮੇਂ ਜ਼ਿਆਦਾਤਰ ਕਾਪਰ-ਟੀ ਪਲਾਸਟਿਕ ਦੀ ਬਣੀ ਹੁੰਦੀ ਸੀ। ਜੇ ਜੋੜਾ ਬੱਚੇ ਨਹੀਂ ਸੀ ਚਾਹੁੰਦਾ, ਤਾਂ ਔਰਤ ਦੀ ਕੁੱਖ (ਬੱਚੇਦਾਨੀ) ਵਿਚ ਕਾਪਰ-ਟੀ ਰੱਖੀ ਜਾਂਦੀ ਸੀ। ਉਸ ਲੇਖ ਵਿਚ ਦੱਸਿਆ ਗਿਆ ਸੀ ਕਿ ਇਹ ਗੱਲ ਕਿਸੇ ਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿ ਕਾਪਰ-ਟੀ ਗਰਭ ਧਾਰਨ ਕਰਨ ਤੋਂ ਕਿਵੇਂ ਰੋਕਦੀ ਸੀ। ਬਹੁਤ ਸਾਰੇ ਵਿਗਿਆਨੀ ਮੰਨਦੇ ਸਨ ਕਿ ਕਾਪਰ-ਟੀ ਸ਼ੁਕਰਾਣੂ ਨੂੰ ਆਂਡੇ ਤਕ ਪਹੁੰਚਣ ਅਤੇ ਉਸ ਨਾਲ ਮੇਲ ਕਰਨ ਤੋਂ ਰੋਕਦੀ ਸੀ। ਜੇਕਰ ਸ਼ੁਕਰਾਣੂਆਂ ਦਾ ਆਂਡੇ ਨਾਲ ਮੇਲ ਨਹੀਂ ਸੀ ਹੁੰਦਾ, ਤਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਹੁੰਦੀ ਸੀ।
ਪਰ ਕੁਝ ਸਬੂਤਾਂ ਤੋਂ ਪਤਾ ਲੱਗਾ ਕਿ ਕਾਪਰ-ਟੀ ਹੋਣ ਦੇ ਬਾਵਜੂਦ ਵੀ ਕਦੇ-ਕਦੇ ਆਂਡੇ ਦਾ ਸ਼ੁਕਰਾਣੂ ਨਾਲ ਮੇਲ ਹੋ ਜਾਂਦਾ ਸੀ। ਉਹ ਆਂਡਾ ਸ਼ਾਇਦ ਫੈਲੋਪੀਅਨ ਟਿਊਬ ਵਿਚ ਵਧਣਾ (ਐਕਟੋਪਿਕ ਗਰਭ) ਸ਼ੁਰੂ ਹੋ ਜਾਂਦਾ ਸੀ ਜਾਂ ਸ਼ਾਇਦ ਔਰਤ ਦੀ ਕੁੱਖ ਵਿਚ ਚੱਲਿਆ ਜਾਂਦਾ ਸੀ। ਜੇਕਰ ਉਹ ਕੁੱਖ ਤਕ ਪਹੁੰਚ ਜਾਂਦਾ ਸੀ, ਤਾਂ ਕਾਪਰ-ਟੀ ਉਸ ਆਂਡੇ ਨੂੰ ਕੁੱਖ ਦੀ ਕੰਧ ਨਾਲ ਜੁੜਨ ਨਹੀਂ ਦਿੰਦੀ ਸੀ ਜਿਸ ਕਰਕੇ ਗਰਭ ਠਹਿਰਦਾ ਨਹੀਂ ਸੀ। ਕਿਹਾ ਜਾ ਸਕਦਾ ਹੈ ਕਿ ਇਹ ਗਰਭਪਾਤ ਦੇ ਬਰਾਬਰ ਸੀ। ਉਸ ਪਹਿਰਾਬੁਰਜ ਲੇਖ ਦੇ ਅਖ਼ੀਰ ਵਿਚ ਦੱਸਿਆ ਗਿਆ ਸੀ: “ਜੇ ਕੋਈ ਮਸੀਹੀ ਕਾਪਰ-ਟੀ ਦੀ ਵਰਤੋ ਕਰਨ ਬਾਰੇ ਸੋਚ ਰਿਹਾ ਹੈ, ਤਾਂ ਚੰਗਾ ਹੋਵੇਗਾ ਕਿ ਉਹ ਇਸ ਗੰਭੀਰ ਮਾਮਲੇ ਬਾਰੇ ਫ਼ੈਸਲਾ ਕਰਦਿਆਂ ਬਾਈਬਲ ਦੇ ਅਸੂਲਾਂ ਅਤੇ ਜ਼ਿੰਦਗੀ ਦੀ ਪਵਿੱਤਰਤਾ ਨੂੰ ਮਨ ਵਿਚ ਰੱਖੇ।”—ਜ਼ਬੂ. 36:9.
ਪਰ 1979 ਤੋਂ ਹੁਣ ਤਕ ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿਚ ਬਹੁਤ ਤਰੱਕੀ ਹੋਈ ਹੈ।
ਪਰ ਅੱਜ ਦੋ ਹੋਰ ਤਰ੍ਹਾਂ ਦੀ ਕਾਪਰ-ਟੀ ਵੀ ਉਪਲਬਧ ਹੈ। ਇਕ ਕਾਪਰ-ਟੀ ਅਜਿਹੀ ਹੈ ਜਿਸ ਵਿਚ ਤਾਂਬਾ ਲੱਗਾ ਹੁੰਦਾ ਹੈ ਅਤੇ 1988 ਵਿਚ ਅਮਰੀਕਾ ਵਿਚ ਇਹ ਬਹੁਤ ਮਸ਼ਹੂਰ ਹੋਈ। ਨਾਲੇ 2001 ਵਿਚ ਹਾਰਮੋਨ ਵਾਲੀ ਕਾਪਰ-ਟੀ ਬਾਜ਼ਾਰ ਵਿਚ ਆਈ ਜੋ ਹਾਰਮੋਨ ਛੱਡਦੀ ਹੈ। ਇਹ ਦੋਵੇਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ?
ਤਾਂਬੇ ਵਾਲੀ ਕਾਪਰ-ਟੀ: ਜਿਵੇਂ ਪਹਿਲਾਂ ਵੀ ਕਿਹਾ ਗਿਆ ਸੀ ਕਿ ਕਾਪਰ-ਟੀ ਸ਼ੁਕਰਾਣੂ ਨੂੰ ਕੁੱਖ ਵਿੱਚੋਂ ਦੀ ਲੰਘ ਕੇ ਆਂਡੇ ਤਕ ਪਹੁੰਚਣ ਤੋਂ ਰੋਕਦੀ ਹੈ। ਨਾਲੇ ਜਿਸ ਕਾਪਰ-ਟੀ ਵਿਚ ਤਾਂਬਾ ਹੁੰਦਾ ਹੈ ਹੋ ਸਕਦਾ ਹੈ ਕਿ ਤਾਂਬਾ ਸ਼ੁਕਰਾਣੂਆਂ ਲਈ ਜ਼ਹਿਰ ਵਾਂਗ ਹੋਵੇ ਜਿਸ ਕਰਕੇ ਸ਼ੁਕਰਾਣੂ ਮਰ ਜਾਣ।a ਤਾਂਬੇ ਵਾਲੀ ਕਾਪਰ-ਟੀ ਇਸਤੇਮਾਲ ਕਰਨ ਨਾਲ ਕੁੱਖ ਦੀ ਕੰਧ ਵਿਚ ਵੀ ਬਦਲਾਅ ਹੁੰਦਾ ਹੈ।
ਹਾਰਮੋਨ ਵਾਲੀ ਕਾਪਰ-ਟੀ: ਇਹ ਇਕ ਹੋਰ ਤਰ੍ਹਾਂ ਦੀ ਕਾਪਰ-ਟੀ ਹੈ ਜਿਸ ਵਿਚ ਉਹ ਹਾਰਮੋਨ ਹੁੰਦਾ ਹੈ ਜੋ ਗਰਭ-ਨਿਰੋਧਕ ਗੋਲੀਆਂ ਵਿਚ ਹੁੰਦਾ ਹੈ। ਇਹ ਪੁਰਾਣੀ ਕਾਪਰ-ਟੀ ਵਾਂਗ ਕੰਮ ਕਰਦੀ ਹੈ, ਪਰ ਇਹ ਕੁੱਖ ਵਿਚ ਹਾਰਮੋਨ ਵੀ ਛੱਡਦੀ ਹੈ। ਕੁਝ ਔਰਤਾਂ ਵਿਚ ਅੰਡਕੋਸ਼ (ovary) ਵਿੱਚੋਂ ਆਂਡਾ ਨਿਕਲਣ ਤੋਂ ਰੋਕਦੀ ਹੈ। ਜੇਕਰ ਆਂਡਾ ਨਿਕਲੇਗਾ ਹੀ ਨਹੀਂ, ਤਾਂ ਉਸ ਦਾ ਸ਼ੁਕਰਾਣੂ ਨਾਲ ਮੇਲ ਹੀ ਨਹੀਂ ਹੋਵੇਗਾ। ਹਾਰਮੋਨ ਕਾਪਰ-ਟੀ ਕੁੱਖ ਦੀ ਕੰਧ ਨੂੰ ਵੀ ਪਤਲਾ ਕਰ ਦਿੰਦੀ ਹੈ।b ਇਸ ਦੇ ਨਾਲ-ਨਾਲ ਇਹ ਕੁੱਖ ਦੇ ਮੂੰਹ (cervix) ʼਤੇ ਹੋਰ ਤਰਲ ਪਦਾਰਥਾਂ ਨੂੰ ਗਾੜਾ ਕਰ ਦਿੰਦੀ ਹੈ ਤਾਂਕਿ ਸ਼ੁਕਰਾਣੂ ਯੋਨੀ (vagina) ਤੋਂ ਕੁੱਖ ਤਕ ਨਾ ਪਹੁੰਚਣ।
ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਲੱਗਦਾ ਹੈ ਕਿ ਦੋਨੋਂ ਤਰ੍ਹਾਂ ਦੀ ਕਾਪਰ-ਟੀ ਕੁੱਖ ਦੀ ਕੰਧ ਨੂੰ ਬਦਲ ਦਿੰਦੀ ਹੈ। ਪਰ ਮੰਨ ਲਓ ਅੰਡਕੋਸ਼ ਵਿੱਚੋਂ ਨਿਕਲਣ ਤੋਂ ਬਾਅਦ ਆਂਡੇ ਦਾ ਮੇਲ ਸ਼ੁਕਰਾਣੂ ਨਾਲ ਹੋ ਜਾਵੇ। ਆਂਡਾ ਸ਼ਾਇਦ ਕੁੱਖ ਵਿਚ ਚੱਲਿਆ ਜਾਵੇ, ਪਰ ਕੁੱਖ ਦੀ ਕੰਧ ਵਿਚ ਬਦਲਾਅ ਹੋਣ ਕਰਕੇ ਉਹ ਉਸ ਨਾਲ ਜੁੜ ਨਹੀਂ ਸਕੇਗਾ। ਨਤੀਜੇ ਵਜੋਂ ਗਰਭ ਸ਼ੁਰੂ ਵਿਚ ਹੀ ਡਿਗ ਜਾਵੇਗਾ। ਪਰ ਇਸ ਤਰ੍ਹਾਂ ਬਹੁਤ ਘੱਟ ਹੀ ਹੁੰਦਾ ਹੈ ਅਤੇ ਗਰਭ-ਨਿਰੋਧਕ ਗੋਲੀਆਂ ਖਾਣ ਨਾਲ ਵੀ ਕਦੇ-ਕਿਤੇ ਹੋ ਸਕਦੀ ਹੈ।
ਪਰ ਉਦੋਂ ਕੀ ਜਦੋਂ ਅੰਡਕੋਸ਼ ਵਿੱਚੋਂ ਨਿਕਲਣ ਤੋਂ ਬਾਅਦ ਆਂਡੇ ਦਾ ਮੇਲ ਸ਼ੁਕਰਾਣੂ ਨਾਲ ਹੁੰਦਾ ਹੈ? ਚਾਹੇ ਉਹ ਕੁੱਖ ਵਿਚ ਚੱਲਿਆ ਵੀ ਜਾਵੇ, ਪਰ ਕੁੱਖ ਦੀ ਕੰਧ ਬਦਲਣ ਕਰਕੇ ਉਹ ਸ਼ਾਇਦ ਉਸ ਨਾਲ ਜੁੜ ਨਹੀਂ ਸਕੇਗਾ ਅਤੇ ਇਸ ਕਰਕੇ ਗਰਭ ਸ਼ੁਰੂ ਵਿਚ ਹੀ ਡਿਗ ਜਾਵੇਗਾ। ਪਰ ਵਿਗਿਆਨੀ ਮੰਨਦੇ ਹਨ ਕਿ ਇਸ ਤਰ੍ਹਾਂ ਬਹੁਤ ਹੀ ਘੱਟ ਹੁੰਦਾ ਹੈ ਅਤੇ ਇਹ ਉਨ੍ਹਾਂ ਔਰਤਾਂ ਨਾਲ ਵੀ ਹੋ ਸਕਦਾ ਹੈ ਜੋ ਗਰਭ-ਨਿਰੋਧਕ ਗੋਲੀਆਂ ਖਾਂਦੀਆਂ ਹਨ।
ਪਰ ਕੋਈ ਪੂਰੀ ਤਰ੍ਹਾਂ ਨਹੀਂ ਕਹਿ ਸਕਦਾ ਕਿ ਤਾਂਬੇ ਜਾਂ ਹਾਰਮੋਨ ਵਾਲੀ ਕਾਪਰ-ਟੀ ਹਮੇਸ਼ਾ ਸ਼ੁਕਰਾਣੂ ਅਤੇ ਆਂਡੇ ਨੂੰ ਮਿਲਣ ਤੋਂ ਰੋਕ ਸਕਦੀ ਹੈ। ਪਰ ਵਿਗਿਆਨਕ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਕਾਪਰ-ਟੀ ਦੀ ਵਰਤੋ ਕਰ ਕੇ ਗਰਭ ਧਾਰਨ ਕਰਨ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ। ਜੇ ਮਸੀਹੀ ਜੋੜਾ ਕਾਪਰ-ਟੀ ਦੀ ਵਰਤੋ ਕਰਨੀ ਚਾਹੁੰਦਾ ਹੈ, ਤਾਂ ਉਹ ਸ਼ਾਇਦ ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਕਰ ਸਕਦਾ ਹੈ। ਡਾਕਟਰ ਉਨ੍ਹਾਂ ਨੂੰ ਦੱਸ ਸਕਦਾ ਹੈ ਕਿ ਉਨ੍ਹਾਂ ਦੇ ਦੇਸ਼ ਜਾਂ ਇਲਾਕੇ ਵਿਚ ਕਿਹੜੀ ਕਾਪਰ-ਟੀ ਉਪਲਬਧ ਹੈ ਅਤੇ ਇਸ ਦੀ ਵਰਤੋ ਕਰਨ ਨਾਲ ਪਤਨੀ ਨੂੰ ਕਿਹੜੇ ਫ਼ਾਇਦੇ-ਨੁਕਸਾਨ ਹੋ ਸਕਦੇ ਹਨ। ਫ਼ੈਸਲਾ ਲੈਂਦਿਆਂ ਜੋੜੇ ਨੂੰ ਕਿਸੇ ਨੂੰ ਵੀ ਦਖ਼ਲ ਦੇਣ ਜਾਂ ਦਬਾਅ ਪਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਇੱਥੋਂ ਤਕ ਕਿ ਡਾਕਟਰ ਨੂੰ ਵੀ ਨਹੀਂ। ਇਹ ਫ਼ੈਸਲਾ ਉਨ੍ਹਾਂ ਨੂੰ ਆਪ ਲੈਣਾ ਚਾਹੀਦਾ ਹੈ। (ਰੋਮੀ. 14:12; ਗਲਾ. 6:4, 5) ਇਹ ਫ਼ੈਸਲਾ ਜੋੜੇ ਨੂੰ ਇਕੱਠਿਆ ਮਿਲ ਕੇ ਕਰਨਾ ਚਾਹੀਦਾ ਹੈ। ਉਹ ਜੋ ਵੀ ਫ਼ੈਸਲਾ ਕਰਨ ਉਸ ਨਾਲ ਉਨ੍ਹਾਂ ਦੀ ਜ਼ਮੀਰ ਸ਼ੁੱਧ ਰਹੇ ਅਤੇ ਉਨ੍ਹਾਂ ਦੇ ਫ਼ੈਸਲੇ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇ।—1 ਤਿਮੋ. 1:18, 19; 2 ਤਿਮੋ. 1:3 ਵਿਚ ਨੁਕਤਾ ਦੇਖੋ।
a ਇੰਗਲੈਂਡ ਦਾ ਸਿਹਤ ਸੇਵਾ ਵਿਭਾਗ (NHS) ਕਹਿੰਦਾ ਹੈ: “ਜੇ ਕਾਪਰ-ਟੀ ਵਿਚ ਜ਼ਿਆਦਾ ਤਾਂਬਾ ਹੋਵੇ, ਤਾਂ ਬੱਚਾ ਨਾ ਹੋਣ ਦੀ ਸੰਭਾਵਨਾ 99 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਹਰ ਸਾਲ ਕਾਪਰ-ਟੀ ਇਸਤੇਮਾਲ ਕਰਨ ਵਾਲੀਆਂ 100 ਔਰਤਾਂ ਵਿੱਚੋਂ ਸ਼ਾਇਦ ਕਿਸੇ ਇਕ ਔਰਤ ਨੂੰ ਹੀ ਬੱਚਾ ਠਹਿਰੇ। ਜਿਸ ਕਾਪਰ-ਟੀ ਵਿਚ ਘੱਟ ਤਾਂਬਾ ਹੁੰਦਾ ਹੈ ਉਸ ਦਾ ਅਸਰ ਵੀ ਘੱਟ ਹੁੰਦਾ ਹੈ ਅਤੇ ਬੱਚੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।”
b ਹਾਰਮੋਨ ਕਾਪਰ-ਟੀ ਕੁੱਖ ਦੀ ਕੰਧ ਨੂੰ ਪਤਲਾ ਕਰ ਦਿੰਦੀ ਹੈ। ਇਸ ਲਈ ਡਾਕਟਰ ਕਦੀ-ਕਦੀ ਬਹੁਤ ਜ਼ਿਆਦਾ ਮਾਹਵਾਰੀ ਦੇ ਵਹਾਅ ਨੂੰ ਰੋਕਣ ਲਈ ਵਿਆਹੀਆਂ ਅਤੇ ਕੁਆਰੀਆਂ ਔਰਤਾਂ ਨੂੰ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।