ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
ਪ੍ਰੋਗ੍ਰਾਮ ਦਾ ਸਮਾਂ: ਹਾਲ ਸਵੇਰ ਨੂੰ 8:00 ਵਜੇ ਖੁੱਲ੍ਹੇਗਾ। ਤਿੰਨੇ ਦਿਨ ਪ੍ਰੋਗ੍ਰਾਮ ਸਵੇਰੇ 9:20 ਤੇ ਸੰਗੀਤ ਨਾਲ ਸ਼ੁਰੂ ਹੋਵੇਗਾ। ਉਸ ਸਮੇਂ ਸਾਰਿਆਂ ਨੂੰ ਆਪਣੀਆਂ ਸੀਟਾਂ ʼਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ ਜਾ ਸਕੇ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰੋਗ੍ਰਾਮ ਸ਼ਾਮ ਨੂੰ 5:00 ਵਜੇ ਅਤੇ ਐਤਵਾਰ ਨੂੰ 4:00 ਵਜੇ ਖ਼ਤਮ ਹੋਵੇਗਾ।
‘ਗੀਤ ਨਾਲ ਯਹੋਵਾਹ ਦਾ ਧੰਨਵਾਦ ਕਰੋ’: ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੇਵਕ ਗੀਤ ਨਾਲ ਉਸ ਦੀ ਮਹਿਮਾ ਕਰਦੇ ਸਨ ਅਤੇ ਅੱਜ ਵੀ ਸੰਗੀਤ ਭਗਤੀ ਦਾ ਅਹਿਮ ਹਿੱਸਾ ਹੈ। (ਜ਼ਬੂ. 28:7) ਵੱਡੇ ਸੰਮੇਲਨ ਦਾ ਹਰ ਸੈਸ਼ਨ ਸੰਗੀਤ ਨਾਲ ਸ਼ੁਰੂ ਹੁੰਦਾ ਹੈ। ਇਹ ਸੰਗੀਤ ਇਸ ਲਈ ਤਿਆਰ ਕੀਤਾ ਗਿਆ ਹੈ ਤਾਂਕਿ ਅਸੀਂ ਯਹੋਵਾਹ ਬਾਰੇ ਸਿੱਖ ਸਕੀਏ ਅਤੇ ਉਸ ਦੀ ਭਗਤੀ ਕਰ ਸਕੀਏ। ਇਸ ਲਈ ਜਦੋਂ ਚੇਅਰਮੈਨ ਕਹਿੰਦਾ ਹੈ ਕਿ ਸੰਗੀਤ ਸ਼ੁਰੂ ਹੋਣ ਵਾਲਾ ਹੈ, ਤਾਂ ਇਕ-ਦੂਜੇ ਨਾਲ ਗੱਲਾਂ ਕਰਨ ਦੀ ਬਜਾਇ ਸਾਨੂੰ ਆਪਣੀਆਂ ਸੀਟਾਂ ʼਤੇ ਬੈਠ ਕੇ ਇਸ ਸੰਗੀਤ ਦਾ ਮਜ਼ਾ ਲੈਣਾ ਚਾਹੀਦਾ ਹੈ। ਇੱਦਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਵਾਚਟਾਵਰ ਆਰਕੈਸਟਰਾ ਦੇ ਮੈਂਬਰਾਂ ਦੀ ਮਿਹਨਤ ਦੀ ਕਦਰ ਕਰਦੇ ਹਾਂ। ਇਹ ਭੈਣ-ਭਰਾ ਸਾਲ ਵਿਚ ਦੋ ਵਾਰ ਆਪਣੇ ਖ਼ਰਚੇ ਤੇ ਪੈਟਰਸਨ ਨਿਊਯਾਰਕ ਜਾਂਦੇ ਹਨ ਤਾਂਕਿ ਸਾਡੇ ਮਜ਼ੇ ਲਈ ਵਧੀਆ ਤੋਂ ਵਧੀਆ ਸੰਗੀਤ ਤਿਆਰ ਕਰ ਸਕਣ। ਧਿਆਨ ਨਾਲ ਸੰਗੀਤ ਸੁਣਨ ਤੋਂ ਬਾਅਦ ਸਾਰਿਆਂ ਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਰਾਜ ਦੇ ਗੀਤ ਗਾਉਣੇ ਚਾਹੀਦੇ ਹਨ।
ਪਾਰਕਿੰਗ: ਜਿਨ੍ਹਾਂ ਸੰਮੇਲਨ ਥਾਵਾਂ ʼਤੇ ਪਾਰਕਿੰਗ ਕਰਨ ਦਾ ਸਾਨੂੰ ਅਧਿਕਾਰ ਮਿਲਿਆ ਹੈ, ਉੱਥੇ ਮੁਫ਼ਤ ਵਿਚ ਗੱਡੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਪਾਰਕਿੰਗ ਵਾਸਤੇ ਜਗ੍ਹਾ ਘੱਟ ਹੋਣ ਕਰਕੇ ਚੰਗਾ ਹੋਵੇਗਾ ਜੇ ਤੁਸੀਂ ਆਪੋ-ਆਪਣੀ ਗੱਡੀ ਵਿਚ ਆਉਣ ਦੀ ਬਜਾਇ ਇਕੱਠੇ ਹੋ ਕੇ ਇਕ ਗੱਡੀ ਵਿਚ ਆਓ।
ਸੀਟਾਂ: ਜਦੋਂ ਸਵੇਰ ਨੂੰ ਹਾਲ ਖੁੱਲ੍ਹੇਗਾ, ਤਾਂ ਸੀਟਾਂ ਮੱਲਣ ਲਈ ਨਾ ਭੱਜੋ। ਨਹੀਂ ਤਾਂ ਲੱਗੇਗਾ ਕਿ ਤੁਸੀਂ ਇਕ-ਦੂਜੇ ਨਾਲ ਮੁਕਾਬਲਾ ਕਰ ਰਹੇ ਹੋ। ਸਾਨੂੰ ਆਪਣੇ ਬਾਰੇ ਸੋਚਣ ਦੀ ਬਜਾਇ ਹੋਰਨਾਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਜ਼ਾਹਰ ਹੋਵੇਗਾ ਕਿ ਅਸੀਂ ਸੱਚੇ ਮਸੀਹੀ ਹਾਂ ਅਤੇ ਦੂਜੇ ਦੇਖਣ ਵਾਲੇ ਪਰਮੇਸ਼ੁਰ ਦੀ ਵਡਿਆਈ ਕਰਨਗੇ। (ਯੂਹੰ. 13:34, 35; 1 ਕੁਰਿੰ. 13:5; 1 ਪਤ. 2:12) ਆਪਣੇ ਘਰਦਿਆਂ ਲਈ, ਆਪਣੇ ਨਾਲ ਸਫ਼ਰ ਕਰਨ ਵਾਲਿਆਂ ਲਈ ਜਾਂ ਆਪਣੀਆਂ ਸਟੱਡੀਆਂ ਲਈ ਹੀ ਸੀਟਾਂ ਰੱਖੋ। ਜੇ ਤੁਹਾਨੂੰ ਸੀਟ ਨਹੀਂ ਚਾਹੀਦੀ, ਤਾਂ ਉਸ ʼਤੇ ਚੀਜ਼ਾਂ ਨਾ ਰੱਖੋ। ਇਸ ਤਰ੍ਹਾਂ ਦੂਸਰਿਆਂ ਨੂੰ ਪਤਾ ਲੱਗ ਸਕੇਗਾ ਕਿ ਕਿਹੜੀਆਂ ਸੀਟਾਂ ਖਾਲੀ ਹਨ। ਬਜ਼ੁਰਗ ਤੇ ਬੀਮਾਰਾਂ ਲਈ ਸੀਟਾਂ ਸੀਮਿਤ ਹਨ, ਇਸ ਲਈ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਇਕ-ਦੋ ਜਣੇ ਹੀ ਉਨ੍ਹਾਂ ਨਾਲ ਬੈਠ ਸਕਣਗੇ।
ਸਲੀਕੇਦਾਰ ਕੱਪੜੇ: ਸੰਮੇਲਨ ਦੌਰਾਨ ਸਾਨੂੰ ਸਲੀਕੇਦਾਰ ਕੱਪੜੇ ਪਾਉਣ ਦੀ ਲੋੜ ਹੈ। (1 ਤਿਮੋ. 2:9) ਸਾਨੂੰ ਅਜਿਹੇ ਫ਼ੈਸ਼ਨ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਜੋ ਦੁਨੀਆਂ ਦੇ ਲੋਕ ਪਾਉਂਦੇ ਹਨ। ਹੋਟਲ ਵਿਚ ਚੈਕਿੰਗ ਕਰਦਿਆਂ, ਉੱਥੋਂ ਜਾਂਦਿਆਂ ਜਾਂ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿਚ ਆਰਾਮ ਕਰਦਿਆਂ ਵੀ ਸਾਨੂੰ ਸਾਫ਼-ਸੁਥਰੇ ਤੇ ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ। ਸਾਨੂੰ ਦੁਨੀਆਂ ਦੇ ਲੋਕਾਂ ਵਾਂਗ ਬੇਢੰਗੇ ਜਾਂ ਤੰਗ ਕੱਪੜੇ ਨਹੀਂ ਪਾਉਣੇ ਚਾਹੀਦੇ। ਜੇ ਅਸੀਂ ਸਲੀਕੇਦਾਰ ਕੱਪੜੇ ਪਾਵਾਂਗੇ, ਤਾਂ ਸਾਨੂੰ ਸੰਮੇਲਨ ਦਾ ਬੈਜ ਕਾਰਡ ਲਗਾ ਕੇ ਫ਼ਖ਼ਰ ਹੋਵੇਗਾ ਅਤੇ ਮੌਕਾ ਮਿਲਣ ਤੇ ਗਵਾਹੀ ਦੇਣ ਲੱਗਿਆਂ ਸਾਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੋਵੇਗੀ। ਆਉਣ ਵਾਲੇ ਸੰਮੇਲਨ ਦੌਰਾਨ ਸਾਡੇ ਵਧੀਆ ਪਹਿਰਾਵੇ ਅਤੇ ਚਾਲ-ਚਲਣ ਸਦਕਾ ਨੇਕਦਿਲ ਲੋਕ ਪਰਮੇਸ਼ੁਰ ਦੇ ਸੰਦੇਸ਼ ਨੂੰ ਸੁਣਨਗੇ ਅਤੇ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਾਂਗੇ।—ਸਫ਼. 3:17.
ਇਲੈਕਟ੍ਰਾਨਿਕ ਚੀਜ਼ਾਂ ਦੀ ਸਹੀ ਵਰਤੋਂ: ਜਦੋਂ ਅਸੀਂ ਪ੍ਰੋਗ੍ਰਾਮ ਦੌਰਾਨ ਆਪਣੇ ਫ਼ੋਨ ਜਾਂ ਹੋਰ ਇਲੈਕਟ੍ਰਾਨਿਕ ਚੀਜ਼ਾਂ ਦੀ ਸੈਟਿੰਗ ਇਸ ਤਰ੍ਹਾਂ ਕਰਦੇ ਹਾਂ ਕਿ ਦੂਜਿਆਂ ਦਾ ਧਿਆਨ ਨਾ ਭਟਕੇ, ਤਾਂ ਅਸੀਂ ਦੂਸਰਿਆਂ ਲਈ ਲਿਹਾਜ਼ ਦਿਖਾਉਂਦੇ ਹਾਂ। ਜੇ ਅਸੀਂ ਕੈਮਰਾ, ਵੀਡੀਓ ਰਿਕਾਰਡਰ, ਟੈਬਲੇਟ ਜਾਂ ਕੋਈ ਹੋਰ ਇਲੈਕਟ੍ਰਾਨਿਕ ਚੀਜ਼ ਵਰਤਦੇ ਹਾਂ, ਤਾਂ ਅਸੀਂ ਇਸ ਦਾ ਸਮਝਦਾਰੀ ਨਾਲ ਇਸਤੇਮਾਲ ਕਰਨਾ ਚਾਹਾਂਗੇ ਤਾਂਕਿ ਦੂਸਰਿਆਂ ਦਾ ਧਿਆਨ ਨਾ ਭਟਕੇ ਜਾਂ ਉਨ੍ਹਾਂ ਨੂੰ ਸਟੇਜ ਦੇਖਣ ਵਿਚ ਕੋਈ ਮੁਸ਼ਕਲ ਨਾ ਹੋਵੇ। ਅਸੀਂ ਪ੍ਰੋਗ੍ਰਾਮ ਦੌਰਾਨ ਨਾ ਤਾਂ ਕਿਸੇ ਨੂੰ ਐੱਸ. ਐੱਮ. ਐੱਸ ਤੇ ਨਾ ਹੀ ਈ-ਮੇਲਾਂ ਭੇਜਾਂਗੇ।
ਦੁਪਹਿਰ ਦਾ ਖਾਣਾ: ਬਾਹਰ ਜਾ ਕੇ ਖਾਣ ਦੀ ਬਜਾਇ ਹਲਕਾ-ਫੁਲਕਾ ਖਾਣਾ ਨਾਲ ਲੈ ਕੇ ਆਓ। ਤੁਸੀਂ ਆਪਣੇ ਨਾਲ ਛੋਟੇ ਜਿਹੇ ਬੈਗ ਵਿਚ ਖਾਣਾ ਲਿਆ ਸਕਦੇ ਹੋ ਜੋ ਆਸਾਨੀ ਨਾਲ ਤੁਹਾਡੀ ਸੀਟ ਹੇਠਾਂ ਰੱਖਿਆ ਜਾ ਸਕਦਾ ਹੈ। ਵੱਡੇ-ਵੱਡੇ ਬੈਗ ਜਾਂ ਕੱਚ ਦੇ ਡੱਬੇ ਲਿਆਉਣ ਦੀ ਇਜਾਜ਼ਤ ਨਹੀਂ ਹੈ।
ਦਾਨ: ਅਸੀਂ ਸੰਮੇਲਨ ਵਿਚ ਆਪਣੀ ਖ਼ੁਸ਼ੀ ਨਾਲ ਦਾਨ ਦੇ ਕੇ ਸੰਮੇਲਨ ਦੇ ਇੰਤਜ਼ਾਮਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ ਹਾਂ। ਜੇ ਸੰਮੇਲਨ ਵਿਚ ਤੁਸੀਂ ਚੈੱਕ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ “The Watch Tower Bible and Tract Society of India” ਦੇ ਨਾਂ ਤੇ ਚੈੱਕ ਬਣਾਓ।
ਦਵਾਈਆਂ: ਜੇ ਤੁਹਾਨੂੰ ਦਵਾਈਆਂ ਦੀ ਲੋੜ ਹੈ, ਤਾਂ ਕਿਰਪਾ ਕਰ ਕੇ ਇਹ ਆਪਣੇ ਨਾਲ ਲੈ ਕੇ ਆਓ ਕਿਉਂਕਿ ਸੰਮੇਲਨ ʼਤੇ ਇਨ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ। ਸ਼ੂਗਰ ਦੇ ਮਰੀਜ਼ ਟੀਕੇ ਲਗਾਉਣ ਤੋਂ ਬਾਅਦ ਸਰਿੰਜਾਂ ਨੂੰ ਸੰਮੇਲਨ ਅਤੇ ਹੋਟਲ ਦੇ ਕੂੜੇਦਾਨਾਂ ਵਿਚ ਨਾ ਸੁੱਟਣ। ਸਰਿੰਜਾਂ ਨੂੰ ਸਹੀ ਜਗ੍ਹਾ ਸੁੱਟੋ।
ਸੁਰੱਖਿਆ: ਸੱਟਾਂ ਲਗਵਾਉਣ ਤੋਂ ਬਚੋ ਜੋ ਖ਼ਾਸਕਰ ਤਿਲਕਣ ਤੇ ਠੋਕਰ ਲੱਗਣ ਕਰਕੇ ਲੱਗਦੀਆਂ ਹਨ। ਹਾਲ ਅੰਦਰ ਬੱਚਿਆਂ ਨੂੰ ਦੌੜਨ-ਭੱਜਣ ਨਾ ਦਿਓ। ਹਰ ਸਾਲ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਾਉਣ ਕਰਕੇ ਕਈ ਸੱਟਾਂ ਲੱਗਦੀਆਂ ਹਨ। ਅਜਿਹੀ ਜੁੱਤੀ ਪਹਿਨੋ ਜਿਸ ਨਾਲ ਤੁਸੀਂ ਸੌਖਿਆਂ ਹੀ ਪੌੜੀਆਂ ਅਤੇ ਢਾਲਵੀਂ ਜਗ੍ਹਾ ਚੜ੍ਹ ਸਕਦੇ ਹੋ।
ਬੱਚਿਆਂ ਦੀਆਂ ਗੱਡੀਆਂ (ਪਰੈਮ) ਤੇ ਆਰਾਮ ਕੁਰਸੀਆਂ: ਬੱਚਿਆਂ ਦੀਆਂ ਗੱਡੀਆਂ ਤੇ ਆਰਾਮ ਕੁਰਸੀਆਂ ਸੰਮੇਲਨ ਵਿਚ ਨਾ ਲੈ ਕੇ ਆਓ। ਪਰ ਬੱਚਿਆਂ ਦੀ ਸੇਫ਼ਟੀ-ਸੀਟ, ਜੋ ਮਾਪਿਆਂ ਦੀ ਨਾਲ ਦੀ ਸੀਟ ਨਾਲ ਬੰਨ੍ਹੀ ਜਾ ਸਕੇ, ਲਿਆਉਣ ਵਿਚ ਕੋਈ ਹਰਜ਼ ਨਹੀਂ।
ਸੈਂਟ: ਕੁਝ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਏ. ਸੀ. ਲੱਗੇ ਹੁੰਦੇ ਹਨ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਸੈਂਟ ਦੀ ਘੱਟ ਵਰਤੋਂ ਕਰੀਏ ਕਿਉਂਕਿ ਇਸ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦਿੱਕਤ ਹੁੰਦੀ ਹੈ ਜੋ ਸਾਹ ਦੀਆਂ ਬੀਮਾਰੀਆਂ ਤੋਂ ਪੀੜਿਤ ਹਨ।—1 ਕੁਰਿੰ. 10:24.
S-43 ਫ਼ਾਰਮ: ਜਦੋਂ ਅਸੀਂ ਸੰਮੇਲਨ ਵਾਲੇ ਸ਼ਹਿਰ ਵਿਚ ਕਿਸੇ ਨੂੰ ਗਵਾਹੀ ਦਿੰਦੇ ਹਾਂ ਅਤੇ ਉਹ ਵਿਅਕਤੀ ਹੋਰ ਜਾਣਨਾ ਚਾਹੁੰਦਾ ਹੈ, ਤਾਂ ਸਾਨੂੰ S-43 ਫ਼ਾਰਮ ਭਰਨਾ ਚਾਹੀਦਾ ਹੈ। ਇਹ ਫ਼ਾਰਮ ਭਰ ਕੇ ਬੁੱਕ ਰੂਮ ਵਿਭਾਗ ਨੂੰ ਦਿਓ ਜਾਂ ਸੰਮੇਲਨ ਤੋਂ ਵਾਪਸ ਆ ਕੇ ਆਪਣੀ ਮੰਡਲੀ ਦੇ ਸੈਕਟਰੀ ਨੂੰ ਦਿਓ।
ਰੈਸਟੋਰੈਂਟ: ਰੈਸਟੋਰੈਂਟਾਂ ਵਿਚ ਆਪਣਾ ਚਾਲ-ਚਲਣ ਚੰਗਾ ਰੱਖ ਕੇ ਯਹੋਵਾਹ ਦਾ ਨਾਂ ਵਡਿਆਓ। ਸਲੀਕੇਦਾਰ ਕੱਪੜੇ ਪਹਿਨੋ। ਕਈ ਥਾਵਾਂ ʼਤੇ ਗਾਹਕਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਸਰਵਿਸ ਦੇ ਹਿਸਾਬ ਨਾਲ ਵੇਟਰਾਂ ਨੂੰ ਟਿੱਪ ਦੇਣ।
ਹੋਟਲ:
ਕਿਰਪਾ ਕਰ ਕੇ ਲੋੜ ਨਾਲੋਂ ਵੱਧ ਕਮਰੇ ਬੁੱਕ ਨਾ ਕਰੋ। ਇਕ ਕਮਰੇ ਵਿਚ ਜਿੰਨੇ ਵਿਅਕਤੀਆਂ ਨੂੰ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ।
ਜੇ ਜਾਇਜ਼ ਕਾਰਨਾਂ ਕਰਕੇ ਕਮਰਾ ਕੈਂਸਲ ਕਰਨਾ ਪਵੇ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ ਤਾਂਕਿ ਜਿਨ੍ਹਾਂ ਨੂੰ ਇਹ ਕਮਰਾ ਚਾਹੀਦਾ ਹੈ ਉਹ ਲੈ ਸਕਣ। (ਮੱਤੀ 5:37) ਜੇ ਤੁਹਾਨੂੰ ਕੈਂਸਲ ਕਰਨਾ ਪਵੇ, ਤਾਂ ਰੈਫਰੈਂਸ ਨੰਬਰ ਲਓ।
ਯਾਦ ਰੱਖੋ ਕਿ ਜੇ ਤੁਸੀਂ ਹੋਟਲ ਵਿਚ ਚੈੱਕ-ਇਨ ਕਰਨ ਲਈ ਕਿਰਾਇਆ ਭਰਦੇ ਸਮੇਂ ਡੈਬਿੱਟ ਜਾਂ ਕ੍ਰੈਡਿਟ ਕਾਰਡ ਵਰਤਦੇ ਹੋ, ਤਾਂ ਆਮ ਤੌਰ ਤੇ ਤੁਹਾਡੇ ਅਕਾਊਂਟ ਵਿੱਚੋਂ ਕਿਰਾਏ ਤੋਂ ਇਲਾਵਾ ਵਾਧੂ ਪੈਸੇ ਸਕਿਉਰਿਟੀ ਵਜੋਂ ਰੱਖੇ ਜਾਂਦੇ ਹਨ। ਜੇ ਹੋਟਲ ਵਿਚ ਰਹਿੰਦਿਆਂ ਤੁਹਾਡੇ ਤੋਂ ਕੋਈ ਨੁਕਸਾਨ ਹੋ ਜਾਵੇ, ਤਾਂ ਨੁਕਸਾਨ ਦਾ ਬਿਲ ਇਨ੍ਹਾਂ ਵਾਧੂ ਪੈਸਿਆਂ ਵਿੱਚੋਂ ਭਰਿਆ ਜਾਂਦਾ ਹੈ। ਜਦੋਂ ਤਕ ਹੋਟਲ ਦਾ ਹਿਸਾਬ-ਕਿਤਾਬ ਪੂਰਾ ਨਹੀਂ ਹੋ ਜਾਂਦਾ, ਤੁਸੀਂ ਉਹ ਪੈਸੇ ਨਹੀਂ ਵਰਤ ਸਕਦੇ।
ਉਦੋਂ ਹੀ ਸਾਮਾਨ ਢੋਣ ਵਾਲੀ ਟ੍ਰਾਲੀ ਲਓ ਜਦੋਂ ਤੁਸੀਂ ਸਾਮਾਨ ਲਿਜਾਣ ਲਈ ਤਿਆਰ ਹੁੰਦੇ ਹੋ ਅਤੇ ਵਰਤਣ ਤੋਂ ਬਾਅਦ ਤੁਰੰਤ ਵਾਪਸ ਕਰ ਦਿਓ ਤਾਂਕਿ ਦੂਸਰੇ ਉਸ ਨੂੰ ਵਰਤ ਸਕਣ।
ਹੋਟਲ ਦੇ ਕਰਮਚਾਰੀਆਂ ਨੂੰ ਟਿੱਪ ਦਿਓ ਜਦੋਂ ਉਹ ਤੁਹਾਡਾ ਸਾਮਾਨ ਚੁੱਕਦੇ ਹਨ ਅਤੇ ਕਮਰਾ ਸਾਫ਼ ਕਰਨ ਵਾਲੇ ਕਰਮਚਾਰੀ ਨੂੰ ਵੀ ਟਿੱਪ ਦਿਓ।
ਜੇ ਹੋਟਲ ਦੇ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਤਾਂ ਉੱਥੇ ਖਾਣਾ ਨਾ ਪਕਾਓ।
ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾਓ।
ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਹਰ ਵੇਲੇ ਪਰਮੇਸ਼ੁਰੀ ਗੁਣ ਦਿਖਾਓ। ਉੱਥੇ ਹੋਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ। ਉਹ ਕਦਰ ਕਰਨਗੇ ਜੇ ਅਸੀਂ ਪਿਆਰ, ਧੀਰਜ ਤੇ ਸਮਝਦਾਰੀ ਨਾਲ ਪੇਸ਼ ਆਵਾਂਗੇ।
ਮਾਪਿਆਂ ਨੂੰ ਹੋਟਲ ਵਿਚ, ਉੱਥੇ ਦੇ ਸਵਿਮਿੰਗ ਪੂਲ, ਲਾਬੀ, ਕਸਰਤ ਵਾਲੇ ਕਮਰੇ ਅਤੇ ਹੋਰ ਥਾਵਾਂ ʼਤੇ ਆਪਣੇ ਬੱਚਿਆਂ ਉੱਤੇ ਹਰ ਵੇਲੇ ਨਿਗਾਹ ਰੱਖਣੀ ਚਾਹੀਦੀ ਹੈ।
ਹੋਟਲਾਂ ਦੀ ਲਿਸਟ ਉੱਤੇ ਇਕ ਦਿਨ ਦਾ ਪੂਰਾ ਕਿਰਾਇਆ ਦੱਸਿਆ ਜਾਂਦਾ ਹੈ। ਇਸ ਵਿਚ ਟੈਕਸ ਸ਼ਾਮਲ ਨਹੀਂ ਹੁੰਦਾ। ਜੇ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੇ ਪੈਸੇ ਮੰਗੇ ਜਾਣ ਜੋ ਤੁਸੀਂ ਮੰਗੀਆਂ ਜਾਂ ਵਰਤੀਆਂ ਨਹੀਂ, ਤਾਂ ਪੈਸੇ ਨਾ ਦਿਓ ਅਤੇ ਜਲਦੀ ਤੋਂ ਜਲਦੀ ਰੂਮਿੰਗ ਡਿਪਾਰਟਮੈਂਟ ਨੂੰ ਦੱਸੋ।
ਜੇ ਤੁਹਾਨੂੰ ਆਪਣੇ ਹੋਟਲ ਦੇ ਕਮਰੇ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ, ਤਾਂ ਸੰਮੇਲਨ ਦੌਰਾਨ ਰੂਮਿੰਗ ਡਿਪਾਰਟਮੈਂਟ ਨੂੰ ਇਸ ਬਾਰੇ ਜ਼ਰੂਰ ਦੱਸੋ ਤਾਂਕਿ ਉਹ ਤੁਹਾਡੀ ਮਦਦ ਕਰ ਸਕਣ।
ਵਲੰਟੀਅਰ ਸੇਵਾ: ਜੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ, ਤਾਂ ਵਲੰਟੀਅਰ ਸੇਵਾ ਵਿਭਾਗ ਵਿਚ ਜਾ ਕੇ ਇਸ ਬਾਰੇ ਪੁੱਛੋ। 16 ਸਾਲ ਦੀ ਉਮਰ ਤੋਂ ਛੋਟੇ ਬੱਚੇ ਆਪਣੇ ਮਾਤਾ-ਪਿਤਾ ਜਾਂ ਉਨ੍ਹਾਂ ਦੀ ਇਜਾਜ਼ਤ ਨਾਲ ਕਿਸੇ ਦੂਜੇ ਜ਼ਿੰਮੇਵਾਰ ਵਿਅਕਤੀ ਨਾਲ ਕੰਮ ਕਰ ਸਕਦੇ ਹਨ।