ਬਾਈਬਲ ਦਾ ਦ੍ਰਿਸ਼ਟੀਕੋਣ
ਸਾਨੂੰ ਆਪਣੀ ਆਜ਼ਾਦੀ ਕਿਸ ਤਰ੍ਹਾਂ ਵਰਤਣੀ ਚਾਹੀਦੀ?
ਜਦੋਂ ਪਰਮੇਸ਼ੁਰ ਨੇ ਪਹਿਲੇ ਜੋੜੇ ਨੂੰ ਬਣਾਇਆ ਉਸ ਨੇ ਉਨ੍ਹਾਂ ਨੂੰ ਆਪਣੇ ਹੀ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਸੀ। ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ਼ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦੇਣ ਦੇ ਨਾਲ-ਨਾਲ ਜਾਨਵਰਾਂ ਦੇ ਨਾਂ ਚੁਣਨ ਦਾ ਕੰਮ ਵੀ ਦਿੱਤਾ। (ਉਤਪਤ 2:15, 19) ਪਰ, ਇਸ ਤੋਂ ਵੱਧ ਆਦਮ ਅਤੇ ਹੱਵਾਹ ਇਹ ਵੀ ਚੁਣ ਸਕਦੇ ਸਨ ਕਿ ਉਹ ਪਰਮੇਸ਼ੁਰ ਦਾ ਕਹਿਣਾ ਮੰਨਣਗੇ ਜਾਂ ਨਹੀਂ।—ਉਤਪਤ 2:17, 18.
ਉਸ ਸਮੇਂ ਤੋਂ ਲੋਕਾਂ ਨੇ ਲੱਖਾਂ ਦੇ ਲੱਖ ਫ਼ੈਸਲੇ ਕੀਤੇ ਹਨ, ਕਈ ਚੰਗੇ, ਕਈ ਮਾੜੇ ਅਤੇ ਕਈ ਬਹੁਤ ਹੀ ਭੈੜੇ। ਕਈ ਗ਼ਲਤ ਫ਼ੈਸਲਿਆਂ ਕਾਰਨ ਬਹੁਤ ਬੁਰੇ ਨਤੀਜੇ ਵੀ ਨਿਕਲੇ ਹਨ। ਪਰ ਫਿਰ ਵੀ ਪਰਮੇਸ਼ੁਰ ਨੇ ਇਨਸਾਨਾਂ ਤੋਂ ਫ਼ੈਸਲੇ ਕਰਨ ਦੀ ਆਜ਼ਾਦੀ ਕਦੀ ਨਹੀਂ ਖੋਹੀ। ਸਗੋਂ ਸਾਡੇ ਪ੍ਰੇਮ-ਭਰੇ ਪਿਤਾ ਵਜੋਂ ਪਰਮੇਸ਼ੁਰ ਨੇ ਬਾਈਬਲ ਰਾਹੀਂ ਸਾਡੀ ਚੰਗੇ ਫ਼ੈਸਲੇ ਕਰਨ ਵਿਚ ਮਦਦ ਕੀਤੀ ਹੈ। ਉਹ ਸਾਨੂੰ ਗ਼ਲਤ ਫ਼ੈਸਲਿਆਂ ਦੇ ਨਤੀਜਿਆਂ ਬਾਰੇ ਵੀ ਚੇਤਾਵਨੀ ਦਿੰਦਾ ਹੈ। ਬਾਈਬਲ ਕਹਿੰਦੀ ਹੈ ਕਿ ਜੋ ਅਸੀਂ ਬੀਜਦੇ ਹਾਂ ਉਹੀ ਅਸੀਂ ਵੱਢਾਂਗੇ।—ਗਲਾਤੀਆਂ 6:7.
ਨਿੱਜੀ ਮਾਮਲਿਆਂ ਵਿਚ ਫ਼ੈਸਲੇ
ਕੁਝ ਮਾਮਲਿਆਂ ਬਾਰੇ ਪਰਮੇਸ਼ੁਰ ਸਾਫ਼ ਪ੍ਰਗਟ ਕਰਦਾ ਹੈ ਕਿ ਸਹੀ-ਗ਼ਲਤ ਕੀ ਹੈ। ਲੇਕਿਨ ਉਹ ਬਾਈਬਲ ਵਿਚ ਹਰੇਕ ਛੋਟੀ-ਮੋਟੀ ਗੱਲ ਬਾਰੇ ਕਾਨੂੰਨ ਨਹੀਂ ਦਿੰਦਾ ਸਗੋਂ ਉਸ ਨੇ ਆਮ ਸਿਧਾਂਤ ਦਿੱਤੇ ਹਨ ਜੋ ਅਸੀਂ ਨਿੱਜੀ ਮਾਮਲਿਆਂ ਤੇ ਆਪ ਲਾਗੂ ਕਰ ਸਕਦੇ ਹਾਂ। ਮਿਸਾਲ ਵਜੋਂ ਧਿਆਨ ਦਿਓ ਕਿ ਬਾਈਬਲ ਵਿਚ ਮਨੋਰੰਜਨ ਬਾਰੇ ਕੀ ਦੱਸਿਆ ਗਿਆ ਹੈ।
ਬਾਈਬਲ ਯਹੋਵਾਹ ਨੂੰ “ਪਰਮਧੰਨ ਪਰਮੇਸ਼ੁਰ” ਯਾਨੀ ਖ਼ੁਸ਼ ਪਰਮੇਸ਼ੁਰ ਸੱਦਦੀ ਹੈ। (1 ਤਿਮੋਥਿਉਸ 1:11) ਉਹ ਇਹ ਵੀ ਦੱਸਦੀ ਹੈ ਕਿ “ਇੱਕ ਹੱਸਣ ਦਾ ਵੇਲਾ ਹੈ” ਅਤੇ “ਇੱਕ ਨੱਚਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 4) ਉਸ ਵਿਚ ਦੱਸਿਆ ਗਿਆ ਹੈ ਕਿ ਰਾਜਾ ਦਾਊਦ ਦੂਸਰਿਆਂ ਦੀ ਖ਼ੁਸ਼ੀ ਲਈ ਬਰਬਤ ਵਜਾਉਂਦਾ ਹੁੰਦਾ ਸੀ। (1 ਸਮੂਏਲ 16:16-18, 23) ਇਕ ਵਾਰ ਜਦੋਂ ਯਿਸੂ ਵਿਆਹ ਵਿਚ ਬੁਲਾਇਆ ਗਿਆ ਸੀ, ਤਾਂ ਉਸ ਨੇ ਪਾਣੀ ਨੂੰ ਮੈ ਵਿਚ ਬਦਲ ਕਿ ਵਿਆਹ ਦੀ ਦਾਅਵਤ ਨੂੰ ਹੋਰ ਵੀ ਵਧੀਆ ਬਣਾ ਦਿੱਤੀ ਸੀ।—ਯੂਹੰਨਾ 2:1-10.
ਲੇਕਿਨ, ਬਾਈਬਲ ਚੇਤਾਵਨੀ ਵੀ ਦਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਗੰਦੀਆਂ ਗੱਲਾਂ ਅਤੇ ਗੰਦਿਆਂ ਕੰਮਾਂ ਤੋਂ ਪਰਮੇਸ਼ੁਰ ਨੂੰ ਘਿਣ ਆਉਂਦੀ ਅਤੇ ਇਹ ਉਸ ਨਾਲ ਸਾਡੇ ਰਿਸ਼ਤੇ ਨੂੰ ਬਰਬਾਦ ਕਰ ਸਕਦੇ ਹਨ। (ਅਫ਼ਸੀਆਂ 5:3-5) ਜਦ ਪਾਰਟੀਆਂ ਤੇ ਬਿਨਾਂ ਨਿਗਰਾਨੀ ਸ਼ਰਾਬ ਵਰਤੀ ਜਾਵੇ, ਤਾਂ ਗੜਬੜ ਹੋ ਸਕਦੀ ਹੈ। (ਕਹਾਉਤਾਂ 23:29-35; ਯਸਾਯਾਹ 5:11, 12) ਯਹੋਵਾਹ ਪਰਮੇਸ਼ੁਰ ਹਿੰਸਾ ਨੂੰ ਵੀ ਨਫ਼ਰਤ ਕਰਦਾ ਹੈ।—ਜ਼ਬੂਰਾਂ ਦੀ ਪੋਥੀ 11:5; ਕਹਾਉਤਾਂ 3:31.
ਇਨ੍ਹਾਂ ਬਾਈਬਲ ਹਵਾਲਿਆਂ ਰਾਹੀਂ ਅਸੀਂ ਮਨੋਰੰਜਨ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖ ਸਕਦੇ ਹਾਂ। ਮਨੋਰੰਜਨ ਬਾਰੇ ਫ਼ੈਸਲਾ ਕਰਨ ਦੇ ਸਮੇਂ ਮਸੀਹੀ ਬਾਈਬਲ ਦੇ ਸਿਧਾਂਤ ਯਾਦ ਰੱਖਦੇ ਹਨ। ਜੋ ਵੀ ਹੋਵੇ, ਸਾਡੇ ਵਿੱਚੋਂ ਹਰੇਕ ਜਣਾ ਆਪਣੇ ਫ਼ੈਸਲਿਆਂ ਦੇ ਚੰਗੇ ਜਾਂ ਬੁਰੇ ਫਲ ਜ਼ਰੂਰ ਭੁਗਤੇਗਾ।—ਗਲਾਤੀਆਂ 6:7-10.
ਇਸੇ ਤਰ੍ਹਾਂ ਮਸੀਹੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਉਹ ਕੱਪੜੇ, ਵਿਆਹ-ਸ਼ਾਦੀ, ਬੱਚਿਆਂ ਦੀ ਦੇਖ-ਭਾਲ, ਬਿਜ਼ਨਿਸ ਵਗੈਰਾ ਬਾਰੇ ਫ਼ੈਸਲੇ ਕਰਦੇ ਹਨ, ਤਾਂ ਉਹ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਸਮਝਦਾਰ ਫ਼ੈਸਲੇ ਕਰਨ। ਸ਼ਾਇਦ ਕੁਝ ਐਸੇ ਮਾਮਲੇ ਵੀ ਹੋਣ ਜਿਨ੍ਹਾਂ ਬਾਰੇ ਬਾਈਬਲ ਕੋਈ ਖ਼ਾਸ ਨਿਯਮ ਨਹੀਂ ਦਿੰਦੀ, ਪਰ ਬਾਈਬਲੀ ਸਿਧਾਂਤਾਂ ਨੂੰ ਲਾਗੂ ਕਰ ਕੇ ਮਸੀਹੀ ਆਪਣੇ ਅੰਤਹਕਰਣ ਅਨੁਸਾਰ ਫ਼ੈਸਲੇ ਕਰ ਸਕਦੇ ਹਨ। (ਰੋਮੀਆਂ 2:14, 15) ਆਪਣੇ ਸਾਰਿਆਂ ਫ਼ੈਸਲਿਆਂ ਵਿਚ ਮਸੀਹੀਆਂ ਨੂੰ ਅਗਲਾ ਸਿਧਾਂਤ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ: “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰਥੀਆਂ 10:31.
ਨਿੱਜੀ ਮਾਮਲਿਆਂ ਦੇ ਸੰਬੰਧ ਵਿਚ ਸਾਨੂੰ “ਆਪੋ ਆਪਣੇ ਕੰਮ ਧੰਦੇ ਕਰਨ” ਯਾਨੀ ਦੂਜਿਆਂ ਦੇ ਕੰਮਾਂ ਵਿਚ ਦਖ਼ਲ ਨਾ ਦੇਣ ਦੇ ਸਿਧਾਂਤ ਬਾਰੇ ਵੀ ਸੋਚਣਾ ਚਾਹੀਦਾ ਹੈ। (1 ਥੱਸਲੁਨੀਕੀਆਂ 4:11) ਫ਼ੈਸਲੇ ਕਰਦੇ ਹੋਏ ਮਸੀਹੀਆਂ ਨੂੰ ਕਾਫ਼ੀ ਆਜ਼ਾਦੀ ਹੁੰਦੀ ਹੈ ਅਤੇ ਉਹ ਪਰਮੇਸ਼ੁਰ ਦੇ ਕਾਨੂੰਨ ਬਿਨਾਂ ਤੋੜੇ ਆਪਣੀ ਮਰਜ਼ੀ ਅਨੁਸਾਰ ਕਈ ਫ਼ੈਸਲੇ ਕਰ ਸਕਦੇ ਹਨ। ਹੋ ਸਕਦਾ ਹੈ ਕਿ ਜੋ ਇਕ ਮਸੀਹੀ ਨੂੰ ਚੰਗਾ ਲੱਗੇ ਦੂਸਰੇ ਮਸੀਹੀ ਨੂੰ ਚੰਗਾ ਨਾ ਲੱਗੇ। ਆਪਣੇ ਸੇਵਕਾਂ ਨੂੰ ਇਕ-ਦੂਜੇ ਦੇ ਨਿੱਜੀ ਫ਼ੈਸਲਿਆਂ ਵਿਚ ਨੁਕਸ ਕੱਢਦੇ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਹੋਵੇਗਾ। (ਯਾਕੂਬ 4:11, 12) ਬਾਈਬਲ ਦੀ ਬੁੱਧੀਮਾਨ ਸਲਾਹ ਇਹ ਹੈ: “ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ . . . ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁਖ ਪਾਵੇ!”—1 ਪਤਰਸ 4:15.
ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ
ਬਾਈਬਲ ਪਰਮੇਸ਼ੁਰ ਦੇ ਆਗਿਆਕਾਰ ਰਹਿਣ ਦੇ ਫ਼ਾਇਦਿਆਂ ਵੱਲ ਸਾਡਾ ਧਿਆਨ ਖਿੱਚਦੀ ਹੈ। ਪਰ ਫਿਰ ਵੀ ਪਰਮੇਸ਼ੁਰ ਸਾਡੇ ਤੋਂ ਜ਼ਬਰਦਸਤੀ ਉਪਾਸਨਾ ਨਹੀਂ ਕਰਾਉਂਦਾ। ਇਸ ਦੀ ਬਜਾਇ ਉਹ ਸਾਨੂੰ ਉਸ ਦੇ ਉਪਾਸਕ ਬਣਨ ਲਈ ਨਿੱਘਾ ਸੱਦਾ ਦਿੰਦਾ ਹੈ। ਮਿਸਾਲ ਵਜੋਂ ਬਾਈਬਲ ਦੱਸਦੀ ਹੈ: “ਆਓ, ਅਸੀਂ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ!”—ਜ਼ਬੂਰਾਂ ਦੀ ਪੋਥੀ 95:6.
ਪ੍ਰਾਚੀਨ ਇਸਰਾਏਲ ਨੂੰ ਵੀ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਸੀ। ਤਕਰੀਬਨ 3,500 ਸਾਲ ਪਹਿਲਾਂ ਇਸਰਾਏਲੀ ਕੌਮ ਸੀਨਈ ਪਹਾੜ ਦੇ ਅੱਗੇ ਖੜ੍ਹੀ ਸੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਲੱਖਾਂ ਹੀ ਲੋਕਾਂ ਨੂੰ ਮੂਸਾ ਦੀ ਬਿਵਸਥਾ ਦਿੱਤੀ ਜਿਸ ਦੇ ਜ਼ਰੀਏ ਉਹ ਸੱਚੀ ਉਪਾਸਨਾ ਕਰ ਸਕਦੇ ਸਨ। ਉਨ੍ਹਾਂ ਦੇ ਸਾਮ੍ਹਣੇ ਹੁਣ ਇਕ ਫ਼ੈਸਲਾ ਸੀ: ਕੀ ਉਹ ਪਰਮੇਸ਼ੁਰ ਦੀ ਸੇਵਾ ਕਰਨਗੇ ਜਾਂ ਨਹੀਂ? ਉਨ੍ਹਾਂ ਦਾ ਕੀ ਜਵਾਬ ਸੀ? ਸਾਰਿਆਂ ਨੇ ਕਿਹਾ: “ਅਸੀਂ ਸਭ ਕੁਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ।” (ਕੂਚ 24:7) ਉਨ੍ਹਾਂ ਨੇ ਆਪ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ।
ਯਿਸੂ ਨੇ ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਸੀ। (ਮੱਤੀ 4:17; ਮੱਤੀ 24:14) ਉਸ ਨੇ ਇਸ ਕੰਮ ਵਿਚ ਲੱਗਣ ਲਈ ਕਦੀ ਕਿਸੇ ਨੂੰ ਮਜਬੂਰ ਨਹੀਂ ਕੀਤਾ। ਇਸ ਦੀ ਬਜਾਇ ਉਸ ਨੇ ਨਿੱਘਾ ਸੱਦਾ ਦਿੱਤਾ: “ਆ, ਮੇਰੇ ਪਿੱਛੇ ਹੋ ਤੁਰ।” (ਮਰਕੁਸ 2:14; 10:21) ਕਈਆਂ ਨੇ ਇਹ ਸੱਦਾ ਕਬੂਲ ਕਰ ਕੇ ਉਸ ਦੇ ਨਾਲ ਪ੍ਰਚਾਰ ਕੀਤਾ। (ਲੂਕਾ 10:1-9) ਕੁਝ ਸਮੇਂ ਬਾਅਦ ਕਈਆਂ ਨੇ ਯਿਸੂ ਨੂੰ ਛੱਡ ਦਿੱਤਾ। ਯਹੂਦਾ ਆਪਣੀ ਮਰਜ਼ੀ ਨਾਲ ਯਿਸੂ ਦੇ ਖ਼ਿਲਾਫ਼ ਹੋਇਆ। (ਯੂਹੰਨਾ 6:66; ਰਸੂਲਾਂ ਦੇ ਕਰਤੱਬ 1:25) ਇਸ ਤੋਂ ਬਾਅਦ ਦੂਸਰੇ ਮਜਬੂਰਨ ਨਹੀਂ ਬਲਕਿ ਆਪਣੀ ਮਰਜ਼ੀ ਨਾਲ ਰਸੂਲਾਂ ਦੇ ਨਿਰਦੇਸ਼ਨ ਅਧੀਨ ਚੇਲੇ ਬਣ ਗਏ। ਉਹ “ਸਦੀਪਕ ਜੀਉਣ ਲਈ ਠਹਿਰਾਏ ਗਏ ਸਨ” ਅਤੇ “ਉਨ੍ਹਾਂ ਨਿਹਚਾ ਕੀਤੀ।” (ਰਸੂਲਾਂ ਦੇ ਕਰਤੱਬ 13:48; 17:34) ਅੱਜ ਵੀ, ਸੱਚੇ ਮਸੀਹੀ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਦੇ ਹਨ ਤੇ ਯਿਸੂ ਦੀਆਂ ਸਿੱਖਿਆਵਾਂ ਤੇ ਰਜ਼ਾਮੰਦੀ ਨਾਲ ਚੱਲਦੇ ਹਨ।
ਸਪੱਸ਼ਟ ਤੋਰ ਤੇ, ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸੋਚ-ਸਮਝ ਕੇ ਫ਼ੈਸਲੇ ਕਰੀਏ। ਬਾਈਬਲ ਰਾਹੀਂ ਉਸ ਵੱਲੋਂ ਚੰਗੇ ਅਸੂਲ ਵਰਤ ਕੇ ਅਸੀਂ ਬੁੱਧੀਮਾਨ ਰਾਹ ਚੁਣ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 25:12) ਨਿੱਜੀ ਫ਼ੈਸਲਿਆਂ ਦੇ ਮਾਮਲੇ ਵਿਚ ਹਰੇਕ ਮਸੀਹੀ ਨੂੰ ਬੜੇ ਧਿਆਨ ਦੇ ਨਾਲ ਪਰਮੇਸ਼ੁਰ ਵੱਲੋਂ ਸਿਧਾਂਤਾਂ ਤੇ ਗੌਰ ਕਰਨਾ ਚਾਹੀਦਾ ਹੈ। ਸਿਰਫ਼ ਇਸੇ ਤਰ੍ਹਾਂ ਅਸੀਂ ਆਪਣੀ ਸੋਚਣ-ਸ਼ਕਤੀ ਇਸਤੇਮਾਲ ਕਰਕੇ ਆਪਣੀ “ਰੂਹਾਨੀ ਬੰਦਗੀ” ਪੂਰੀ ਕਰ ਸਕਾਂਗੇ।—ਰੋਮੀਆਂ 12:1-2. (g03 3/08)