ਬਾਈਬਲ ਕੀ ਕਹਿੰਦੀ ਹੈ
ਕੀ ਪਰਮੇਸ਼ੁਰ ਸਜ਼ਾ ਦੇਣ ਲਈ ਸਾਡੇ ʼਤੇ ਮੁਸੀਬਤਾਂ ਲਿਆਉਂਦਾ ਹੈ?
ਕੈਂਸਰ ਦੀ ਸ਼ਿਕਾਰ 55 ਕੁ ਸਾਲਾਂ ਦੀ ਇਕ ਔਰਤ ਨੇ ਕਿਹਾ: “ਮੈਨੂੰ ਲੱਗਦਾ ਹੈ ਕਿ ਮੈਨੂੰ ਸਜ਼ਾ ਮਿਲ ਰਹੀ ਹੈ।” ਕਈ ਸਾਲ ਪਹਿਲਾਂ ਕੀਤੇ ਪਾਪ ਬਾਰੇ ਸੋਚਦਿਆਂ ਉਸ ਨੇ ਕਿਹਾ: “ਰੱਬ ਮੈਨੂੰ ਮੇਰੀ ਕੀਤੀ ਦੀ ਸਜ਼ਾ ਦੇ ਰਿਹਾ ਹੈ।”
ਬਿਪਤਾਵਾਂ ਆਉਣ ʼਤੇ ਕਈ ਲੋਕ ਸੋਚਦੇ ਹਨ ਕਿ ਰੱਬ ਉਨ੍ਹਾਂ ਦੀਆਂ ਕਰਨੀਆਂ ਦੀ ਸਜ਼ਾ ਦੇ ਰਿਹਾ ਹੈ। ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹੋਏ ਕਈ ਪਿੱਟਦੇ ਹਨ ਕਿ “ਮੇਰੇ ਨਾਲ ਇੱਦਾਂ ਕਿਉਂ ਹੋਇਆ? ਮੈਂ ਕਿਸੇ ਦਾ ਕੀ ਵਿਗਾੜਿਆ?” ਕੀ ਮੁਸ਼ਕਲਾਂ ਆਉਣ ʼਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਡੇ ਨਾਲ ਨਾਰਾਜ਼ ਹੈ? ਕੀ ਪਰਮੇਸ਼ੁਰ ਸਜ਼ਾ ਦੇਣ ਲਈ ਸਾਡੇ ʼਤੇ ਮੁਸੀਬਤਾਂ ਲਿਆਉਂਦਾ ਹੈ?
ਵਫ਼ਾਦਾਰ ਸੇਵਕਾਂ ਨੇ ਵੀ ਮੁਸੀਬਤਾਂ ਦਾ ਸਾਮ੍ਹਣਾ ਕੀਤਾ
ਧਿਆਨ ਦਿਓ ਕਿ ਬਾਈਬਲ ਵਿਚ ਪਰਮੇਸ਼ੁਰ ਦੇ ਸੇਵਕ ਅੱਯੂਬ ਬਾਰੇ ਕੀ ਲਿਖਿਆ ਹੈ। ਉਸ ਉੱਤੇ ਬਿਪਤਾਵਾਂ ਦਾ ਪਹਾੜ ਅਚਾਨਕ ਹੀ ਟੁੱਟਿਆ। ਪਹਿਲਾਂ ਉਹ ਆਪਣੀ ਸਾਰੀ ਧਨ-ਦੌਲਤ ਗੁਆ ਬੈਠਾ। ਫਿਰ ਇਕ ਤੂਫ਼ਾਨ ਨੇ ਉਸ ਦੇ ਦਸਾਂ ਦੇ ਦਸ ਬੱਚਿਆਂ ਨੂੰ ਝੱਫ ਲਿਆ। ਉਸ ਤੋਂ ਬਾਅਦ ਉਸ ਨੂੰ ਇਕ ਭੈੜੀ ਬੀਮਾਰੀ ਲੱਗ ਗਈ। (ਅੱਯੂਬ 1:13-19; 2:7, 8) ਇਹ ਸਾਰੇ ਦੁੱਖ ਝੱਲਦਿਆਂ ਅੱਯੂਬ ਨੇ ਕਿਹਾ: “ਪਰਮੇਸ਼ੁਰ ਦੇ ਹੱਥ ਨੇ ਮੈਨੂੰ ਛੋਹਿਆ ਹੈ!” (ਅੱਯੂਬ 19:21) ਅੱਜ ਦੇ ਕਈ ਲੋਕਾਂ ਵਾਂਗ ਅੱਯੂਬ ਵੀ ਇਹੀ ਸੋਚਦਾ ਸੀ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ।
ਲੇਕਿਨ ਬਾਈਬਲ ਦੱਸਦੀ ਹੈ ਕਿ ਇਹ ਮੁਸੀਬਤਾਂ ਆਉਣ ਤੋਂ ਪਹਿਲਾਂ ਪਰਮੇਸ਼ੁਰ ਨੇ ਅੱਯੂਬ ਬਾਰੇ ਗੱਲ ਕਰਦਿਆਂ ਕਿਹਾ ਸੀ: ‘ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।’ (ਅੱਯੂਬ 1:8) ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਅੱਯੂਬ ਪਰਮੇਸ਼ੁਰ ਨੂੰ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਸਜ਼ਾ ਦੇਣ ਲਈ ਉਸ ʼਤੇ ਮੁਸੀਬਤਾਂ ਨਹੀਂ ਸੀ ਲਿਆਂਦੀਆਂ।
ਸੱਚ ਤਾਂ ਇਹ ਹੈ ਕਿ ਬਾਈਬਲ ਵਿਚ ਕਈ ਵਫ਼ਾਦਾਰ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਇਨ੍ਹਾਂ ਵਿਚ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਯੂਸੁਫ਼ ਵੀ ਸੀ। ਉਸ ਬੇਕਸੂਰ ਨੂੰ ਕਈ ਸਾਲਾਂ ਤਾਈਂ ਜੇਲ੍ਹ ਦੀ ਹਵਾ ਖਾਣੀ ਪਈ। (ਉਤਪਤ 39:10-20; 40:15) ਵਫ਼ਾਦਾਰ ਤਿਮੋਥਿਉਸ ਨੂੰ ਵੀ “ਬਹੁਤੀਆਂ ਮਾਂਦਗੀਆਂ” ਝੱਲਣੀਆਂ ਪਈਆਂ ਸਨ। (1 ਤਿਮੋਥਿਉਸ 5:23) ਯਿਸੂ ਮਸੀਹ ਨਾਲ ਵੀ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ ਭਾਵੇਂ ਕਿ ਉਸ ਨੇ ਕਦੀ ਕੋਈ ਗ਼ਲਤੀ ਨਹੀਂ ਕੀਤੀ ਸੀ। ਉਸ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਸੀ। (1 ਪਤਰਸ 2:21-24) ਇਸ ਲਈ ਇਹ ਸੋਚਣਾ ਗ਼ਲਤ ਹੋਵੇਗਾ ਕਿ ਸਾਡੀਆਂ ਬਿਪਤਾਵਾਂ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਹੈ। ਤਾਂ ਫਿਰ ਜੇ ਪਰਮੇਸ਼ੁਰ ਸਾਡੀਆਂ ਬਿਪਤਾਵਾਂ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਇਨ੍ਹਾਂ ਦੇ ਪਿੱਛੇ ਕਿਸ ਦਾ ਹੱਥ ਹੈ?
ਮੁਸੀਬਤਾਂ ਦੀ ਜੜ੍ਹ
ਬਾਈਬਲ ਦੱਸਦੀ ਹੈ ਕਿ ਅੱਯੂਬ ਦੀਆਂ ਬਿਪਤਾਵਾਂ ਦੇ ਪਿੱਛੇ ਸ਼ਤਾਨ ਦਾ ਹੱਥ ਸੀ। (ਅੱਯੂਬ 1:7-12; 2:3-8) ਇਸ ਦੇ ਨਾਲ-ਨਾਲ ਬਾਈਬਲ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਅੱਜ ਵੀ ਸ਼ਤਾਨ ਹੀ ਜ਼ਿਆਦਾਤਰ ਮੁਸ਼ਕਲਾਂ ਲਈ ਜ਼ਿੰਮੇਵਾਰ ਹੈ। ਬਾਈਬਲ ਕਹਿੰਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:12) ਇਸ ‘ਜਗਤ ਦੇ ਸਰਦਾਰ’ ਸ਼ਤਾਨ ਦੇ ਮਾੜੇ ਪ੍ਰਭਾਵ ਹੇਠ ਆ ਕੇ ਕਈ ਲੋਕ ਘਿਣਾਉਣੇ ਕੰਮ ਕਰ ਰਹੇ ਹਨ ਜਿਨ੍ਹਾਂ ਕਰਕੇ ਅਣਗਿਣਤ ਲੋਕ ਦੁੱਖ ਝੱਲ ਰਹੇ ਹਨ।—ਯੂਹੰਨਾ 12:31; ਜ਼ਬੂਰਾਂ ਦੀ ਪੋਥੀ 37:12, 14.
ਪਰ ਅਸੀਂ ਹਰੇਕ ਬਿਪਤਾ ਲਈ ਸ਼ਤਾਨ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਵਿਰਸੇ ਵਿਚ ਮਿਲੇ ਪਾਪ ਦੇ ਕਾਰਨ ਅਸੀਂ ਕਈ ਵਾਰ ਗ਼ਲਤ ਫ਼ੈਸਲੇ ਕਰ ਬੈਠਦੇ ਹਾਂ ਜਿਨ੍ਹਾਂ ਕਾਰਨ ਸਾਡੇ ਉੱਤੇ ਮੁਸ਼ਕਲਾਂ ਆ ਸਕਦੀਆਂ ਹਨ। (ਜ਼ਬੂਰਾਂ ਦੀ ਪੋਥੀ 51:5; ਰੋਮੀਆਂ 5:12) ਮਿਸਾਲ ਲਈ, ਉਸ ਆਦਮੀ ਬਾਰੇ ਸੋਚੋ ਜੋ ਨਾ ਤਾਂ ਚੰਗੀ ਤਰ੍ਹਾਂ ਖਾਂਦਾ ਹੈ ਤੇ ਨਾ ਹੀ ਆਰਾਮ ਕਰਦਾ ਹੈ। ਜੇ ਇਹ ਆਦਮੀ ਬੀਮਾਰ ਹੋ ਜਾਵੇ, ਤਾਂ ਕੀ ਉਹ ਸ਼ਤਾਨ ਨੂੰ ਦੋਸ਼ੀ ਠਹਿਰਾ ਸਕਦਾ ਹੈ? ਨਹੀਂ, ਇਸ ਆਦਮੀ ਨੂੰ ਉਸ ਦੀ ਕੀਤੀ ਦਾ ਫਲ ਮਿਲ ਰਿਹਾ ਹੈ। (ਗਲਾਤੀਆਂ 6:7) ਇਸ ਗੱਲ ਨੂੰ ਸਮਝਾਉਂਦੇ ਹੋਏ ਬਾਈਬਲ ਕਹਿੰਦੀ ਹੈ: “ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ।”—ਕਹਾਉਤਾਂ 19:3.
ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ ਦੀ ਪੋਥੀ 9:11, CL) ਉਸ ਇਨਸਾਨ ਬਾਰੇ ਸੋਚੋ ਜੋ ਕਿਤੇ ਬਾਹਰ ਜਾਂਦਾ ਹੈ ਅਤੇ ਅਚਾਨਕ ਹੀ ਮੀਂਹ ਪੈਣ ਲੱਗ ਜਾਂਦਾ ਹੈ। ਕੀ ਉਹ ਥੋੜ੍ਹਾ ਜਿਹਾ ਗਿੱਲਾ ਹੋਵੇਗਾ ਜਾਂ ਪੂਰੀ ਤਰ੍ਹਾਂ ਭਿੱਜ ਜਾਵੇਗਾ? ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਖੜ੍ਹਾ ਹੈ। ਇਸੇ ਤਰ੍ਹਾਂ ਇਨ੍ਹਾਂ ‘ਭੈੜੇ ਸਮਿਆਂ’ ਵਿਚ ਸਾਡੇ ਹਾਲਾਤ ਪਲਾਂ ਵਿਚ ਬਦਲ ਸਕਦੇ ਹਨ ਅਤੇ ਸਾਡੇ ਉੱਤੇ ਅਚਾਨਕ ਹੀ ਮੁਸੀਬਤਾਂ ਦਾ ਬੁਛਾੜ ਆ ਸਕਦਾ ਹੈ। (2 ਤਿਮੋਥਿਉਸ 3:1-5) ਸਾਡੇ ਉੱਤੇ ਕਿਸ ਹੱਦ ਤਕ ਮੁਸੀਬਤਾਂ ਦਾ ਅਸਰ ਪੈਂਦਾ ਹੈ, ਇਹ ਉਸ ਸਮੇਂ ਦੇ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ ਜਿਹੜੇ ਸਾਡੇ ਹੱਥ-ਵੱਸ ਨਹੀਂ ਹੁੰਦੇ। ਲੇਕਿਨ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਹਮੇਸ਼ਾ ਲਈ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਰਹਾਂਗੇ?
ਮੁਸੀਬਤਾਂ ਦਾ ਅੰਤ
ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਪਰਮੇਸ਼ੁਰ ਬਹੁਤ ਜਲਦੀ ਮੁਸੀਬਤਾਂ ਦਾ ਅੰਤ ਕਰੇਗਾ। (ਯਸਾਯਾਹ 25:8; ਪਰਕਾਸ਼ ਦੀ ਪੋਥੀ 1:3; 21:3, 4) ਲੇਕਿਨ ਹੁਣ ਪਰਮੇਸ਼ੁਰ ਸਾਨੂੰ “ਸਿੱਖਿਆ” ਅਤੇ ‘ਧਰਮ ਪੁਸਤਕ ਤੋਂ ਦਿਲਾਸਾ’ ਦੇ ਕੇ ਆਪਣੇ ਪਿਆਰ ਦਾ ਸਬੂਤ ਦੇ ਰਿਹਾ ਹੈ। ਜੇ ਅਸੀਂ ਆਪਣੇ ਵਧੀਆ ਭਵਿੱਖ ਬਾਰੇ ਸੋਚਦੇ ਰਹਾਂਗੇ, ਤਾਂ ਸਾਨੂੰ ਅੱਜ ਮੁਸੀਬਤਾਂ ਨੂੰ ਸਹਿਣ ਦੀ ਤਾਕਤ ਮਿਲੇਗੀ। (ਰੋਮੀਆਂ 15:4; 1 ਪਤਰਸ 5:7) ਉਸ ਸਮੇਂ ਪਰਮੇਸ਼ੁਰ ਦੀ ਮਿਹਰ ਪਾਉਣ ਵਾਲੇ ਇਸ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ ਤੇ ਉਨ੍ਹਾਂ ਨੂੰ ਕਿਸੇ ਵੀ ਮੁਸੀਬਤ ਜਾਂ ਦੁੱਖ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ।—ਜ਼ਬੂਰਾਂ ਦੀ ਪੋਥੀ 37:29, 37. (g09 01)
ਕੀ ਤੁਸੀਂ ਕਦੇ ਸੋਚਿਆ ਹੈ?
◼ ਕੀ ਸਿਰਫ਼ ਗੁਨਾਹਗਾਰਾਂ ਉੱਤੇ ਹੀ ਮੁਸੀਬਤਾਂ ਆਉਂਦੀਆਂ ਹਨ?—ਅੱਯੂਬ 1:8.
◼ ਕੀ ਸ਼ਤਾਨ ਸਾਡੀਆਂ ਸਾਰੀਆਂ ਮੁਸੀਬਤਾਂ ਲਈ ਜ਼ਿੰਮੇਵਾਰ ਹੈ?—ਗਲਾਤੀਆਂ 6:7.
◼ ਕੀ ਸਾਨੂੰ ਹਮੇਸ਼ਾ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ?—ਪਰਕਾਸ਼ ਦੀ ਪੋਥੀ 21:3, 4.
[ਸਫ਼ਾ 18 ਉੱਤੇ ਸੁਰਖੀ]
“ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ ਦੀ ਪੋਥੀ 9:11, CL.