ਨੌਜਵਾਨ ਪੁੱਛਦੇ ਹਨ
ਕੀ ਮੈਨੂੰ ਬਿਹਤਰ ਦੋਸਤਾਂ ਦੀ ਲੋੜ ਹੈ?
“ਗੁੱਸਾ ਚੜ੍ਹਨ ਤੇ ਮੇਰਾ ਦਿਮਾਗ਼ ਕਿਸੇ ਨਾਲ ਗੱਲ ਕਰ ਕੇ ਹੀ ਠੰਢਾ ਹੁੰਦਾ ਹੈ। ਜਦ ਮੈਂ ਦੁਖੀ ਹੁੰਦੀ ਹਾਂ, ਤਾਂ ਮੈਂ ਕਿਸੇ ਨਾਲ ਆਪਣਾ ਦੁੱਖ-ਸੁੱਖ ਵੰਡਣਾ ਚਾਹੁੰਦੀ ਹਾਂ। ਇੱਦਾਂ ਹੀ ਮੈਂ ਖ਼ੁਸ਼ੀ ਦੇ ਪਲ ਵੀ ਕਿਸੇ ਨਾਲ ਸਾਂਝੇ ਕਰਨੇ ਚਾਹੁੰਦੀ ਹਾਂ। ਮੇਰੀ ਜ਼ਿੰਦਗੀ ਵਿਚ ਦੋਸਤਾਂ ਦੀ ਬਹੁਤ ਅਹਿਮੀਅਤ ਹੈ।”—ਬ੍ਰਿਟਨੀ।
ਬੱਚਿਆਂ ਤੇ ਨੌਜਵਾਨਾਂ ਨੂੰ ਦੂਸਰਿਆਂ ਦੀ ਲੋੜ ਹੈ। ਪਰ ਫ਼ਰਕ ਇਹ ਹੈ ਕਿ ਬੱਚਿਆਂ ਨੂੰ ਸਿਰਫ਼ ਖੇਡਾਂ ਖੇਡਣ ਲਈ ਸਾਥੀਆਂ ਦੀ ਲੋੜ ਹੈ, ਪਰ ਨੌਜਵਾਨਾਂ ਨੂੰ ਦੋਸਤਾਂ ਦੀ ਲੋੜ ਹੈ।
ਦੂਸਰਿਆਂ ਨਾਲ ਖੇਡਾਂ ਖੇਡ ਕੇ ਬੱਚਾ ਆਪਣਾ ਦਿਲ ਬਹਿਲਾ ਸਕਦਾ ਹੈ ਤੇ ਟਾਈਮ ਪਾਸ ਕਰ ਸਕਦਾ ਹੈ।
ਪਰ ਦੋਸਤ ਉਹ ਹੁੰਦਾ ਹੈ ਜੋ ਸਾਡੀਆਂ ਕਦਰਾਂ-ਕੀਮਤਾਂ ਸਮਝਦਾ ਹੈ।
ਬਾਈਬਲ ਕਹਿੰਦੀ ਹੈ ਕਿ “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਇਹ ਆਇਤ ਅਜਿਹੇ ਦੋਸਤ ਦੀ ਗੱਲ ਨਹੀਂ ਕਰ ਰਹੀ ਜਿਸ ਨਾਲ ਸਿਰਫ਼ ਖੇਡਿਆ ਹੀ ਜਾ ਸਕਦਾ ਹੈ, ਪਰ ਇਹ ਸ਼ਾਇਦ ਉਸ ਦੋਸਤੀ ਦੀ ਗੱਲ ਕਰ ਰਹੀ ਹੈ ਜੋ ਕਿਤੇ ਹੀ ਜ਼ਿਆਦਾ ਗਹਿਰੀ ਹੁੰਦੀ ਹੈ।
ਹਕੀਕਤ: ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਜਾਂਦੇ ਹੋ ਤੁਹਾਨੂੰ ਅਜਿਹੇ ਦੋਸਤਾਂ ਦੀ ਲੋੜ ਪਵੇਗੀ
(1) ਜੋ ਚੰਗੇ ਗੁਣਾਂ ਦੇ ਮਾਲਕ ਹਨ।
(2) ਜੋ ਚੰਗੇ ਅਸੂਲਾਂ ਉੱਤੇ ਚੱਲਦੇ ਹਨ।
(3) ਜੋ ਤੁਹਾਡੇ ਉੱਤੇ ਚੰਗਾ ਪ੍ਰਭਾਵ ਪਾਉਂਦੇ ਹਨ।
ਸਵਾਲ: ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਦੋਸਤ ਵਿਚ ਇਹ ਤਿੰਨ ਖੂਬੀਆਂ ਹਨ ਕਿ ਨਹੀਂ? ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਤਿੰਨਾਂ ਖੂਬੀਆਂ ਉੱਤੇ ਧਿਆਨ ਦੇਈਏ।
ਪਹਿਲੀ ਗੱਲ: ਚੰਗੇ ਗੁਣ
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਹਰ ਕੋਈ ਜੋ ਆਪਣੇ ਆਪ ਨੂੰ ਤੁਹਾਡਾ ਦੋਸਤ ਕਹਿੰਦਾ ਹੈ, ਜ਼ਰੂਰੀ ਨਹੀਂ ਕਿ ਉਹ ਤੁਹਾਡਾ ਦੋਸਤ ਹੋਵੇ। ਬਾਈਬਲ ਵਿਚ ਲਿਖਿਆ ਹੈ: “ਬਹੁਤ ਸਾਰੇ ਮਿੱਤ੍ਰ ਨੁਕਸਾਨ ਦੇ ਕਾਰਨ ਹਨ।” (ਕਹਾਉਤਾਂ 18:24) ਹੋ ਸਕਦਾ ਹੈ ਕਿ ਕਈਆਂ ਨੂੰ ਇਹ ਗੱਲ ਸੁਣਨ ਵਿਚ ਬੁਰੀ ਲੱਗੇ। ਲੇਕਿਨ ਤੁਸੀਂ ਖ਼ੁਦ ਸੋਚੋ, ਕੀ ਤੁਹਾਡੇ ਕਿਸੇ ਦੋਸਤ ਨੇ ਕਦੀ ਤੁਹਾਡਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ? ਜਾਂ ਕੀ ਤੁਹਾਡੇ ਕਿਸੇ ਦੋਸਤ ਨੇ ਕਦੀ ਤੁਹਾਡੀ ਚੁਗ਼ਲੀ ਕੀਤੀ ਹੈ? ਜੇ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹੋਇਆ ਹੈ, ਤਾਂ ਦੋਸਤਾਂ ਤੋਂ ਤੁਹਾਡਾ ਭਰੋਸਾ ਉੱਠ ਸਕਦਾ ਹੈ।a ਯਾਦ ਰੱਖੋ ਕਿ ਬਹੁਤ ਸਾਰੇ ਦੋਸਤਾਂ ਨਾਲੋਂ ਘੱਟ ਦੋਸਤ ਹੋਣੇ ਬਿਹਤਰ ਹਨ ਜੋ ਆਪਣੀ ਦੋਸਤੀ ਨਿਭਾਉਣ।
ਤੁਸੀਂ ਕੀ ਕਰ ਸਕਦੇ ਹੋ। ਅਜਿਹੇ ਦੋਸਤ ਚੁਣੋ ਜੋ ਚੰਗੇ ਗੁਣਾਂ ਦੇ ਮਾਲਕ ਹਨ।
“ਸਾਰੇ ਮੇਰੀ ਸਹੇਲੀ ਫਿਓਨਾ ਦੀ ਤਾਰੀਫ਼ ਕਰਦੇ ਹਨ। ਮੈਂ ਵੀ ਇਹੀ ਚਾਹੁੰਦੀ ਹਾਂ ਕਿ ਲੋਕ ਮੇਰੇ ਬਾਰੇ ਵੀ ਚੰਗਾ ਕਹਿਣ। ਮੈਂ ਵੀ ਆਪਣੀ ਸਹੇਲੀ ਵਾਂਗ ਚੰਗਾ ਨਾਮ ਕਮਾਉਣਾ ਚਾਹੁੰਦੀ ਹਾਂ। ਇਸ ਤਰ੍ਹਾਂ ਕਰਨ ਲਈ ਚੰਗੇ ਗੁਣ ਪੈਦਾ ਕਰਨੇ ਜ਼ਰੂਰੀ ਹਨ।”—ਈਵੇਟ, 17.
ਤੁਸੀਂ ਇੱਦਾਂ ਕਰ ਕੇ ਦੇਖੋ।
1. ਗਲਾਤੀਆਂ 5:22, 23 ਪੜ੍ਹੋ।
2. ਆਪਣੇ ਆਪ ਨੂੰ ਪੁੱਛੋ, ‘ਕੀ ਇਸ ਆਇਤ ਵਿਚ ਜ਼ਿਕਰ ਕੀਤੇ ਗਏ ਗੁਣ ਮੇਰੇ ਦੋਸਤ ਵਿਚ ਹਨ?’
3. ਹੇਠਾਂ ਦਿੱਤੀ ਖਾਲੀ ਜਗ੍ਹਾ ਵਿਚ ਆਪਣੇ ਸਭ ਤੋਂ ਚੰਗੇ ਦੋਸਤਾਂ ਦੇ ਨਾਂ ਲਿਖੋ। ਫਿਰ ਹਰੇਕ ਨਾਂ ਦੇ ਨਾਲ ਲਿਖੋ ਕਿ ਉਹ ਕਿਸ ਗੱਲ ਤੋਂ ਪਛਾਣੇ ਜਾਂਦੇ ਹਨ।
ਨਾਂ ਗੱਲ
․․․․․ ․․․․․
․․․․․ ․․․․․
․․․․․ ․․․․․
ਮਦਦ: ਜੇ ਤੁਹਾਡੇ ਦਿਮਾਗ਼ ਵਿਚ ਉਨ੍ਹਾਂ ਦੀਆਂ ਸਿਰਫ਼ ਮਾੜੀਆਂ ਗੱਲਾਂ ਹੀ ਆਉਂਦੀਆਂ ਹਨ, ਤਾਂ ਤੁਹਾਨੂੰ ਸ਼ਾਇਦ ਨਵੇਂ ਦੋਸਤ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ।
ਦੂਜੀ ਗੱਲ: ਚੰਗੇ ਅਸੂਲ
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਜੇ ਤੁਸੀਂ ਨਵੇਂ ਦੋਸਤ ਬਣਾਉਣ ਵਿਚ ਕਾਹਲੀ ਕੀਤੀ, ਤਾਂ ਹੋ ਸਕਦਾ ਹੈ ਕਿ ਤੁਸੀਂ ਚੰਗੇ ਦੋਸਤ ਬਣਾਉਣ ਦੀ ਬਜਾਇ ਮਾੜੇ ਬਣਾ ਬੈਠੋ। ਬਾਈਬਲ ਕਹਿੰਦੀ ਹੈ ਕਿ “ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਇੱਥੇ ‘ਮੂਰਖ’ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਕੋਈ ਅਕਲ ਨਹੀਂ। ਪਰ ਇੱਥੇ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਚੰਗੀ ਸਲਾਹ ਨੂੰ ਠੁਕਰਾਉਂਦੇ ਹਨ ਅਤੇ ਗ਼ਲਤ ਰਾਹ ਉੱਤੇ ਚੱਲਦੇ ਹਨ। ਤੁਹਾਨੂੰ ਅਜਿਹੇ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ!
ਤੁਸੀਂ ਕੀ ਕਰ ਸਕਦੇ ਹੋ। ਹਰ ਕਿਸੇ ਨਾਲ ਦੋਸਤੀ ਕਰਨ ਦੀ ਬਜਾਇ ਸਮਝਦਾਰੀ ਨਾਲ ਦੋਸਤ ਚੁਣੋ। (ਜ਼ਬੂਰਾਂ ਦੀ ਪੋਥੀ 26:4) ਇਸ ਦਾ ਮਤਲਬ ਹੈ ਕਿ ਤੁਸੀਂ “ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।”—ਮਲਾਕੀ 3:18.
ਇਹ ਗੱਲ ਸੱਚ ਹੈ ਕਿ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਪਰ ਜਦੋਂ ਗੱਲ ਉਸ ਦੇ ‘ਡੇਹਰੇ ਵਿੱਚ ਟਿਕਣ’ ਦੀ ਹੁੰਦੀ ਹੈ, ਤਾਂ ਉਹ ਹਰ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦਾ। (ਜ਼ਬੂਰਾਂ ਦੀ ਪੋਥੀ 15:1-5) ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹੋ। ਪਰਮੇਸ਼ੁਰ ਦੇ ਰਾਹ ʼਤੇ ਚੱਲਦੇ ਰਹੋ। ਇੱਦਾਂ ਕਰਨ ਨਾਲ ਤੁਹਾਨੂੰ ਅਜਿਹੇ ਲੋਕ ਮਿਲਣਗੇ ਜੋ ਤੁਹਾਡੇ ਵਾਂਗ ਸੱਚੇ ਰਾਹ ʼਤੇ ਚੱਲ ਰਹੇ ਹਨ। ਕੋਈ ਸ਼ੱਕ ਨਹੀਂ ਕਿ ਜਿਹੜੇ ਲੋਕ ਪਰਮੇਸ਼ੁਰ ਦੇ ਰਾਹ ਉੱਤੇ ਚੱਲਦੇ ਹਨ, ਉਹ ਹੀ ਸਭ ਤੋਂ ਬਿਹਤਰ ਦੋਸਤ ਬਣਦੇ ਹਨ!
“ਮੈਂ ਆਪਣੇ ਮਾਪਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਣ ਵਾਲੇ ਅਤੇ ਹਮਉਮਰ ਦੇ ਦੋਸਤ ਲੱਭਣ ਵਿਚ ਮੇਰੀ ਮਦਦ ਕੀਤੀ।”—ਕ੍ਰਿਸਟਿਫਰ, 13.
ਤੁਸੀਂ ਇੱਦਾਂ ਕਰ ਕੇ ਦੇਖੋ।
ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:
▪ ਜਦ ਮੈਂ ਆਪਣੇ ਦੋਸਤਾਂ ਨਾਲ ਹੁੰਦਾ ਹਾਂ, ਤਾਂ ਕੀ ਮੈਨੂੰ ਇਹ ਡਰ ਲੱਗਾ ਰਹਿੰਦਾ ਹੈ ਕਿ ਉਹ ਮੈਥੋਂ ਕੋਈ ਗ਼ਲਤ ਕੰਮ ਨਾ ਕਰਵਾਉਣ?
□ ਹਾਂ □ ਨਾਂਹ
▪ ਕੀ ਮੈਂ ਆਪਣੇ ਦੋਸਤਾਂ ਨੂੰ ਆਪਣੇ ਮਾਪਿਆਂ ਨੂੰ ਮਿਲਾਉਣ ਤੋਂ ਝਿਜਕਦਾ ਹਾਂ ਕਿਉਂਕਿ ਉਹ ਸ਼ਾਇਦ ਮੇਰੇ ਮਾਪਿਆਂ ਨੂੰ ਪਸੰਦ ਨਾ ਆਉਣ?
□ ਹਾਂ □ ਨਾਂਹ
ਮਦਦ: ਜੇ ਤੁਸੀਂ ਉੱਤੇ ਦਿੱਤੇ ਸਵਾਲਾਂ ਦੇ ਜਵਾਬ ਹਾਂ ਵਿਚ ਦਿੱਤੇ ਹਨ, ਤਾਂ ਅਜਿਹੇ ਦੋਸਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੇ ਉੱਚੇ ਮਿਆਰ ਹਨ। ਕਿਉਂ ਨਾ ਉਨ੍ਹਾਂ ਨੂੰ ਆਪਣੇ ਦੋਸਤ ਬਣਾਓ ਜੋ ਉਮਰ ਵਿਚ ਤੁਹਾਡੇ ਤੋਂ ਥੋੜ੍ਹੇ ਵੱਡੇ ਹਨ ਅਤੇ ਪਰਮੇਸ਼ੁਰ ਦੀ ਸਲਾਹ ਉੱਤੇ ਚੱਲਦੇ ਹਨ?
ਤੀਜੀ ਗੱਲ: ਚੰਗਾ ਪ੍ਰਭਾਵ
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਬਾਈਬਲ ਦੱਸਦੀ ਹੈ ਕਿ “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।” (1 ਕੁਰਿੰਥੀਆਂ 15:33, ERV) ਲੌਰੇਨ ਨਾਂ ਦੀ ਲੜਕੀ ਕਹਿੰਦੀ ਹੈ: “ਮੇਰੇ ਸਕੂਲ ਦੇ ਸਾਥੀ ਮੈਨੂੰ ਇਸ ਲਈ ਪਸੰਦ ਕਰਦੇ ਸਨ ਕਿਉਂਕਿ ਮੈਂ ਉਨ੍ਹਾਂ ਦੀ ਹਰ ਗੱਲ ਮੰਨ ਲੈਂਦੀ ਸੀ। ਮੈਂ ਦੋਸਤ ਗੁਆਉਣ ਤੋਂ ਡਰਦੀ ਸੀ। ਇਸ ਲਈ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਮੈਂ ਉਨ੍ਹਾਂ ਵਰਗੇ ਕੰਮ ਕਰਨ ਲੱਗ ਪਈ।” ਲੌਰੇਨ ਆਪਣੇ ਤਜਰਬੇ ਤੋਂ ਦੱਸਦੀ ਹੈ ਕਿ ਜਦ ਅਸੀਂ ਦੂਜਿਆਂ ਦੇ ਪਿੱਛੇ ਚੱਲਣ ਲੱਗ ਪੈਂਦੇ ਹਾਂ, ਤਾਂ ਸਾਡਾ ਹਾਲ ਸ਼ਤਰੰਜ ਦੀ ਖੇਡ ਦੇ ਇਕ ਮੁਹਰੇ ਵਰਗਾ ਹੁੰਦਾ ਹੈ ਜਿਸ ਨੂੰ ਲੋਕ ਆਪਣਾ ਗ਼ੁਲਾਮ ਸਮਝਦੇ ਹਨ। ਲੋਕਾਂ ਨੂੰ ਕਦੇ ਵੀ ਇਸ ਤਰ੍ਹਾਂ ਆਪਣਾ ਫ਼ਾਇਦਾ ਨਾ ਉਠਾਉਣ ਦਿਓ!
ਤੁਸੀਂ ਕੀ ਕਰ ਸਕਦੇ ਹੋ। ਉਨ੍ਹਾਂ ਨਾਲੋਂ ਆਪਣਾ ਨਾਤਾ ਤੋੜੋ ਜੋ ਤੁਹਾਡੇ ਉੱਤੇ ਮਾੜੀਆਂ ਆਦਤਾਂ ਅਪਣਾਉਣ ਦਾ ਜ਼ੋਰ ਪਾਉਂਦੇ ਹਨ। ਜੇ ਤੁਸੀਂ ਇਵੇਂ ਕਰੋਗੇ, ਤਾਂ ਤੁਸੀਂ ਖ਼ੁਸ਼ ਰਹੋਗੇ। ਨਾਲੇ ਤੁਸੀਂ ਅਜਿਹੇ ਦੋਸਤ ਲੱਭ ਪਾਓਗੇ ਜੋ ਤੁਹਾਡੇ ਉੱਤੇ ਚੰਗਾ ਪ੍ਰਭਾਵ ਪਾਉਣਗੇ।—ਰੋਮੀਆਂ 12:2.
“ਮੇਰਾ ਜਿਗਰੀ ਦੋਸਤ ਕਲਿੰਟ ਬਹੁਤ ਸਿਆਣਾ ਹੈ। ਉਹ ਦੂਜਿਆਂ ਦੇ ਜਜ਼ਬਾਤਾਂ ਨੂੰ ਸਮਝਦਾ ਹੈ ਅਤੇ ਮੈਨੂੰ ਉਸ ਤੋਂ ਬਹੁਤ ਹੌਸਲਾ ਮਿਲਦਾ ਹੈ।”—ਜੇਸਨ, 21.
ਤੁਸੀਂ ਇੱਦਾਂ ਕਰ ਕੇ ਦੇਖੋ।
ਆਪਣੇ ਆਪ ਨੂੰ ਇਹ ਸਵਾਲ ਪੁੱਛੋ:
▪ ਕੀ ਮੈਂ ਆਪਣੇ ਦੋਸਤਾਂ ਨੂੰ ਖ਼ੁਸ਼ ਕਰਨ ਲਈ ਆਪਣੇ ਕੱਪੜੇ, ਬੋਲਣ ਦਾ ਢੰਗ ਜਾਂ ਤੌਰ-ਤਰੀਕੇ ਬਦਲਦਾ ਹਾਂ?
□ ਹਾਂ □ ਨਾਂਹ
▪ ਕੀ ਮੈਂ ਆਪਣੇ ਦੋਸਤਾਂ ਦੇ ਕਹਿਣੇ ਵਿਚ ਆ ਕੇ ਗ਼ਲਤ ਥਾਵਾਂ ਨੂੰ ਜਾਣ ਲਈ ਤਿਆਰ ਹੋ ਜਾਂਦਾ ਹਾਂ?
□ ਹਾਂ □ ਨਾਂਹ
ਮਦਦ: ਜੇ ਤੁਸੀਂ ਉੱਤੇ ਦਿੱਤੇ ਸਵਾਲਾਂ ਦੇ ਜਵਾਬ ਹਾਂ ਵਿਚ ਦਿੱਤੇ ਹਨ, ਤਾਂ ਆਪਣੇ ਮਾਪਿਆਂ ਨਾਲ ਜਾਂ ਕਿਸੇ ਹੋਰ ਸਮਝਦਾਰ ਬੰਦੇ ਨਾਲ ਗੱਲ ਕਰੋ। ਜੇ ਤੁਸੀਂ ਯਹੋਵਾਹ ਦੇ ਇਕ ਗਵਾਹ ਹੋ, ਤਾਂ ਤੁਸੀਂ ਕਿਸੇ ਬਜ਼ੁਰਗ ਦੀ ਮਦਦ ਲੈ ਸਕਦੇ ਹੋ। ਉਨ੍ਹਾਂ ਨੂੰ ਦੱਸੋ ਕਿ ਤੁਹਾਨੂੰ ਅਜਿਹੇ ਦੋਸਤ ਲੱਭਣ ਵਿਚ ਮਦਦ ਚਾਹੀਦੀ ਹੈ ਜੋ ਤੁਹਾਡੇ ਉੱਤੇ ਚੰਗਾ ਅਸਰ ਪਾਉਣਗੇ। (g09 03)
“ਨੌਜਵਾਨ ਪਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
a ਇਹ ਸੱਚ ਹੈ ਕਿ ਸਾਰੇ ਜਣੇ ਗ਼ਲਤੀਆਂ ਕਰਦੇ ਹਨ। (ਰੋਮੀਆਂ 3:23) ਜੇ ਤੁਹਾਡੇ ਕਿਸੇ ਦੋਸਤ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੈ, ਪਰ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੈ, ਤਾਂ ਯਾਦ ਰੱਖੋ ਕਿ “ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।”—1 ਪਤਰਸ 4:8.
ਇਸ ਬਾਰੇ ਸੋਚੋ
◼ ਇਕ ਦੋਸਤ ਵਿਚ ਤੁਸੀਂ ਕਿਹੜੇ ਗੁਣ ਦੇਖਣਾ ਚਾਹੁੰਦੇ ਹੋ ਅਤੇ ਕਿਉਂ?
◼ ਚੰਗੇ ਦੋਸਤ ਬਣਨ ਲਈ ਤੁਹਾਨੂੰ ਕਿਹੜੇ ਗੁਣ ਅਪਣਾਉਣ ਦੀ ਲੋੜ ਹੈ?
[ਸਫ਼ਾ 23 ਉੱਤੇ ਡੱਬੀ/ਤਸਵੀਰਾਂ]
ਤੁਹਾਡੇ ਹਾਣੀ ਕੀ ਕਹਿੰਦੇ ਹਨ
“ਮੇਰੇ ਮਾਪਿਆਂ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਆਪਣੇ ਕੁਝ ਦੋਸਤਾਂ ਨੂੰ ਛੱਡ ਕੇ ਹੋਰ ਦੋਸਤ ਬਣਾਉਣੇ ਚਾਹੀਦੇ ਹਨ। ਪਰ ਮੈਂ ਮਨ ਹੀ ਮਨ ਸੋਚ ਲਿਆ ਸੀ ਕਿ ਦੋਸਤੀ ਕਰਾਂਗਾ ਤਾਂ ਸਿਰਫ਼ ਇਨ੍ਹਾਂ ਨਾਲ ਹੀ ਕਰਾਂਗਾ। ਫਿਰ ਜਦ ਮੈਂ ਬਾਅਦ ਵਿਚ ਧਿਆਨ ਨਾਲ ਆਪਣੇ ਮਾਪਿਆਂ ਤੋਂ ਮਿਲੀ ਸਲਾਹ ਬਾਰੇ ਸੋਚਿਆ, ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਠੀਕ ਹੀ ਕਹਿੰਦੇ ਸਨ। ਮੈਂ ਇਨ੍ਹਾਂ ਦੋਸਤਾਂ ਨਾਲੋਂ ਚੰਗੇ ਦੋਸਤ ਲੱਭ ਸਕਦਾ ਸੀ।”—ਕੋਲ।
“ਮੇਰੇ ਲਈ ਕਲੀਸਿਯਾ ਦੇ ਮੈਂਬਰਾਂ ਨੂੰ ਚੰਗੀ ਤਰ੍ਹਾਂ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਪ੍ਰਚਾਰ ਵਿਚ ਹਿੱਸਾ ਲੈਣਾ। ਇੱਦਾਂ ਮੈਨੂੰ ਵੱਖ-ਵੱਖ ਉਮਰ ਦੇ ਭੈਣ-ਭਰਾਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ। ਇਹੀ ਨਹੀਂ ਸਗੋਂ ਮੈਨੂੰ ਉਨ੍ਹਾਂ ਲੋਕਾਂ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਮਿਲ ਰਿਹਾ ਹੈ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ।”—ਈਵੇਟ।
“ਮੈਂ ਇਹ ਪ੍ਰਾਰਥਨਾ ਤਾਂ ਜ਼ਰੂਰ ਕਰਦਾ ਸੀ ਕਿ ਰੱਬ ਦੋਸਤ ਬਣਾਉਣ ਵਿਚ ਮੇਰੀ ਮਦਦ ਕਰੇ, ਲੇਕਿਨ ਮੈਂ ਦੋਸਤ ਬਣਾਉਣ ਲਈ ਕੁਝ ਨਹੀਂ ਕਰ ਰਿਹਾ ਸੀ। ਫਿਰ ਜਦ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਂਦਾ ਸੀ, ਤਾਂ ਹੋਰਨਾਂ ਨਾਲ ਗੱਲ ਕਰਨ ਦੇ ਮੌਕੇ ਭਾਲਦਾ ਸੀ। ਫਿਰ ਜਲਦੀ ਹੀ ਮੇਰੇ ਕਈ ਨਵੇਂ ਦੋਸਤ ਬਣ ਗਏ। ਹੁਣ ਮੈਂ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਦਾ।”—ਸੈਮ।
[ਸਫ਼ਾ 24 ਉੱਤੇ ਡੱਬੀ]
ਇਨ੍ਹਾਂ ਸੁਝਾਵਾਂ ਨੂੰ ਵਰਤੋ
ਦੋਸਤ ਬਣਾਉਣ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰੋ। ਉਨ੍ਹਾਂ ਨੂੰ ਪੁੱਛੋ ਕਿ ਜਦ ਉਹ ਨੌਜਵਾਨ ਹੁੰਦੇ ਸਨ, ਤਾਂ ਉਨ੍ਹਾਂ ਦੇ ਕਿਹੋ ਜਿਹੇ ਦੋਸਤ ਹੁੰਦੇ ਸਨ। ਕੀ ਉਨ੍ਹਾਂ ਨੂੰ ਕੋਈ ਪਛਤਾਵਾ ਹੈ? ਜੇ ਹੈ, ਤਾਂ ਕਿਉਂ? ਆਪਣੇ ਮਾਪਿਆਂ ਨੂੰ ਪੁੱਛੋ ਕਿ ਤੁਸੀਂ ਉਨ੍ਹਾਂ ਵਰਗੀ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹੋ।
ਆਪਣੇ ਦੋਸਤਾਂ ਨੂੰ ਆਪਣੇ ਮਾਪਿਆਂ ਨਾਲ ਮਿਲਾਓ। ਜੇ ਤੁਸੀਂ ਝਿਜਕ ਰਹੇ ਹੋ, ਤਾਂ ਆਪਣੇ ਆਪ ਨੂੰ ਪੁੱਛੋ, ‘ਮੈਂ ਕਿਉਂ ਝਿਜਕ ਰਿਹਾ ਹਾਂ?’ ਕੀ ਤੁਹਾਡੇ ਦੋਸਤ ਦੀ ਅਜਿਹੀ ਕੋਈ ਆਦਤ ਹੈ ਜੋ ਤੁਹਾਡੇ ਮਾਪਿਆਂ ਨੂੰ ਪਸੰਦ ਨਹੀਂ ਆਵੇਗੀ? ਜੇ ਹਾਂ, ਤਾਂ ਸਮਝਦਾਰੀ ਨਾਲ ਆਪਣੇ ਦੋਸਤ ਚੁਣੋ।
[ਸਫ਼ਾ 24 ਉੱਤੇ ਡੱਬੀ]
ਚੰਗੇ ਦੋਸਤ ਬਣਾਈ ਰੱਖਣ ਦੇ ਤਿੰਨ ਤਰੀਕੇ
◼ ਧਿਆਨ ਨਾਲ ਸੁਣੋ। ਆਪਣੇ ਦੋਸਤਾਂ ਦੇ ਜਜ਼ਬਾਤਾਂ ਨੂੰ ਸਮਝੋ ਅਤੇ ਉਨ੍ਹਾਂ ਦੇ ਦੁੱਖ-ਸੁੱਖ ਬਾਰੇ ਸੋਚੋ।—ਫ਼ਿਲਿੱਪੀਆਂ 2:4.
◼ ਮਾਫ਼ ਕਰੋ। ਇਹ ਉਮੀਦ ਨਾ ਰੱਖੋ ਕਿ ਤੁਹਾਡੇ ਦੋਸਤ ਕਦੀ ਗ਼ਲਤੀ ਨਹੀਂ ਕਰਨਗੇ। “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।”—ਯਾਕੂਬ 3:2.
◼ ਕਦੇ-ਕਦੇ ਉਨ੍ਹਾਂ ਨੂੰ ਇਕੱਲੇ ਵੀ ਰਹਿਣ ਦਿਓ। ਹਰ ਵੇਲੇ ਉਨ੍ਹਾਂ ਨਾਲ ਚਿੰਬੜੇ ਨਾ ਰਹੋ। ਜ਼ਰੂਰਤ ਪੈਣ ਤੇ ਚੰਗੇ ਦੋਸਤ ਤੁਹਾਡਾ ਸਾਥ ਜ਼ਰੂਰ ਦੇਣਗੇ।—ਉਪਦੇਸ਼ਕ ਦੀ ਪੋਥੀ 4:9, 10.
[ਸਫ਼ੇ 22, 23 ਉੱਤੇ ਤਸਵੀਰ]
ਜਦ ਅਸੀਂ ਦੂਜਿਆਂ ਦੇ ਪਿੱਛੇ ਚੱਲਣ ਲੱਗ ਪੈਂਦੇ ਹਾਂ, ਤਾਂ ਸਾਡਾ ਹਾਲ ਸ਼ਤਰੰਜ ਦੀ ਖੇਡ ਦੇ ਇਕ ਮੁਹਰੇ ਵਰਗਾ ਹੁੰਦਾ ਹੈ ਜਿਸ ਨੂੰ ਲੋਕ ਆਪਣਾ ਗ਼ੁਲਾਮ ਸਮਝਦੇ ਹਨ