ਬਾਈਬਲ ਕੀ ਕਹਿੰਦੀ ਹੈ
ਦੂਜੀ ਗੱਲ੍ਹ ਮੋੜਨ ਦਾ ਕੀ ਮਤਲਬ ਹੈ?
ਇਕ ਵਾਰ ਪਹਾੜ ਉੱਤੇ ਲੋਕਾਂ ਨੂੰ ਸਿਖਾਉਂਦੇ ਸਮੇਂ ਯਿਸੂ ਨੇ ਕਿਹਾ: “ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋਂ ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਭੁਆ ਦਿਹ।”—ਮੱਤੀ 5:39.
ਉਸ ਦੇ ਕਹਿਣ ਦਾ ਕੀ ਮਤਲਬ ਸੀ? ਕੀ ਮਸੀਹੀਆਂ ਨੂੰ ਆਪਣੇ ਉੱਤੇ ਹੁੰਦੇ ਹਰ ਜ਼ੁਲਮ ਨੂੰ ਚੁੱਪ-ਚਾਪ ਬਰਦਾਸ਼ਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਮਦਦ ਵਾਸਤੇ ਕਾਨੂੰਨ ਦੀ ਹਿਫਾਜ਼ਤ ਨਹੀਂ ਲੈਣੀ ਚਾਹੀਦੀ?
ਯਿਸੂ ਦੇ ਕਹਿਣ ਦਾ ਮਤਲਬ ਕੀ ਸੀ?
ਯਿਸੂ ਦਾ ਅਸਲੀ ਮਤਲਬ ਸਮਝਣ ਲਈ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਉਸ ਨੇ ਅਜਿਹਾ ਕਿਉਂ ਕਿਹਾ ਅਤੇ ਕਿਨ੍ਹਾਂ ਨੂੰ ਕਿਹਾ। ਇਹ ਸਲਾਹ ਦੇਣ ਤੋਂ ਪਹਿਲਾਂ ਯਿਸੂ ਨੇ ਇਹ ਵੀ ਕਿਹਾ ਸੀ: “ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।” (ਮੱਤੀ 5:38) ਉਸ ਵੇਲੇ ਯਿਸੂ ਯਹੂਦੀ ਲੋਕਾਂ ਨਾਲ ਗੱਲ ਕਰ ਰਿਹਾ ਸੀ ਜੋ ਇਬਰਾਨੀ ਧਰਮ-ਗ੍ਰੰਥ ਦੇ ਇਸ ਅਸੂਲ ਤੋਂ ਚੰਗੀ ਤਰ੍ਹਾਂ ਵਾਕਫ਼ ਸਨ।
ਇਹ ਅਸੂਲ ਕੂਚ 21:24 ਅਤੇ ਲੇਵੀਆਂ 24:20 ਵਿੱਚੋਂ ਲਿਆ ਗਿਆ ਹੈ। ਧਿਆਨ ਦਿਓ ਕਿ “ਅੱਖ ਦੇ ਬਦਲੇ ਅੱਖ” ਦਾ ਅਸੂਲ ਉਦੋਂ ਹੀ ਲਾਗੂ ਹੁੰਦਾ ਸੀ ਜਦ ਕੋਈ ਗੁਨਾਹਗਾਰ ਜਾਜਕਾਂ ਅਤੇ ਨਿਆਈਆਂ ਅੱਗੇ ਪੇਸ਼ ਹੁੰਦਾ ਸੀ। ਜਾਜਕ ਅਤੇ ਨਿਆਈ ਸਾਰੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਤੈਅ ਕਰਦੇ ਸਨ ਕਿ ਗੁਨਾਹਗਾਰ ਨੇ ਜਾਣ-ਬੁੱਝ ਕੇ ਗ਼ਲਤੀ ਕੀਤੀ ਸੀ ਜਾਂ ਨਹੀਂ।—ਬਿਵਸਥਾ ਸਾਰ 19:15-21.
ਸਮੇਂ ਦੇ ਬੀਤਣ ਨਾਲ ਯਹੂਦੀ ਲੋਕਾਂ ਨੇ ਇਸ ਅਸੂਲ ਦਾ ਗ਼ਲਤ ਮਤਲਬ ਕੱਢਿਆ। 19ਵੀਂ ਸਦੀ ਵਿਚ ਬਾਈਬਲ ਬਾਰੇ ਐਡਮ ਕਲਾਰਕ ਨੇ ਲਿਖਿਆ: “ਲੱਗਦਾ ਹੈ ਕਿ ਯਹੂਦੀ ਲੋਕ ਇਸ ਕਾਨੂੰਨ [ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ] ਦੀ ਆੜ ਲੈ ਕੇ ਦੂਜਿਆਂ ਨਾਲ ਆਪਣੀ ਜ਼ਾਤੀ ਦੁਸ਼ਮਣੀ ਕੱਢਦੇ ਸਨ। ਇਸ ਤਰ੍ਹਾਂ ਉਹ ਆਪਣਾ ਗੁੱਸਾ ਠੰਢਾ ਕਰਨ ਲਈ ਬਦਲਾ ਲੈਣ ਦੀ ਹਰ ਕੋਸ਼ਿਸ਼ ਕਰਦੇ ਸਨ। ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਿਚ ਕੋਈ ਕਸਰ ਨਹੀਂ ਛੱਡਦੇ ਸਨ।” ਉਨ੍ਹਾਂ ਨੇ ਯਿਸੂ ਦੇ ਇਸ ਅਸੂਲ ਦਾ ਨਾਜਾਇਜ਼ ਫ਼ਾਇਦਾ ਉਠਾਇਆ।
ਜਦ ਯਿਸੂ ਨੇ ਇਹ ਸਲਾਹ ਦਿੱਤੀ ਸੀ ਕਿ ‘ਦੂਈ ਗੱਲ ਵੀ ਉਹ ਦੀ ਵੱਲ ਭੁਆ ਦਿਹ,’ ਤਾਂ ਇਹ ਇਸਰਾਏਲ ਨੂੰ ਦਿੱਤੇ ਹੁਕਮ ਦੇ ਅਸਲੀ ਅਰਥ ਮੁਤਾਬਕ ਸੀ। ਯਿਸੂ ਦਾ ਇਹ ਮਤਲਬ ਨਹੀਂ ਸੀ ਕਿ ਜੇ ਕੋਈ ਇਕ ਗੱਲ੍ਹ ʼਤੇ ਥੱਪੜ ਮਾਰੇ, ਤਾਂ ਦੂਜੀ ਗੱਲ੍ਹ ਵੀ ਉਸ ਵੱਲ ਕਰਨੀ ਚਾਹੀਦੀ ਹੈ। ਪੁਰਾਣੇ ਜ਼ਮਾਨੇ ਵਾਂਗ ਅੱਜ ਵੀ ਕਿਸੇ ਦੇ ਥੱਪੜ ਮਾਰਨ ਦਾ ਇਹ ਮਕਸਦ ਨਹੀਂ ਹੁੰਦਾ ਕਿ ਸੱਟ ਲੱਗੇ, ਪਰ ਇਹ ਕਿਸੇ ਦੀ ਬੇਇੱਜ਼ਤੀ ਕਰਨ ਲਈ ਮਾਰਿਆ ਜਾਂਦਾ ਹੈ ਜਾਂ ਉਸ ਨੂੰ ਭੜਕਾਉਣ ਲਈ।
ਯਿਸੂ ਦਾ ਇਹ ਮਤਲਬ ਸੀ ਕਿ ਜੇ ਕੋਈ ਕਿਸੇ ਨੂੰ ਭੜਕਾਉਣ ਲਈ ਥੱਪੜ ਮਾਰੇ ਜਾਂ ਚੁਭਵੀਂ ਗੱਲ ਕਹੇ, ਤਾਂ ਉਸ ਨੂੰ ਬਦਲਾ ਨਹੀਂ ਲੈਣਾ ਚਾਹੀਦਾ। ਉਸ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਬਦਲਾ ਲੈਣ ਦੇ ਚੱਕਰ ਵਿਚ ਨਾ ਪਵੇ।—ਰੋਮੀਆਂ 12:17.
ਯਿਸੂ ਦੇ ਸ਼ਬਦ ਸਾਨੂੰ ਯਾਦ ਕਰਾਉਂਦੇ ਹਨ ਕਿ ਰਾਜਾ ਸੁਲੇਮਾਨ ਨੇ ਕੀ ਕਿਹਾ ਸੀ: “ਇਹ ਨਾਂ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾ, ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ।” (ਕਹਾਉਤਾਂ 24:29) ਇਕ ਮਸੀਹੀ ਦੂਜੀ ਗੱਲ੍ਹ ਮੋੜ ਦੇਵੇਗਾ ਯਾਨੀ ਉਹ ਦੂਸਰੇ ਦੇ ਉਕਸਾਉਣ ਨਾਲ “ਝਗੜਾ” ਨਹੀਂ ਕਰੇਗਾ।—2 ਤਿਮੋਥਿਉਸ 2:24.
ਆਪਣਾ ਬਚਾਅ ਕਰਨ ਬਾਰੇ ਕੀ?
ਦੂਜੀ ਗੱਲ੍ਹ ਮੋੜਨ ਦਾ ਇਹ ਮਤਲਬ ਨਹੀਂ ਕਿ ਜੇ ਕੋਈ ਹਮਲਾ ਕਰੇ, ਤਾਂ ਮਸੀਹੀ ਆਪਣਾ ਬਚਾਅ ਨਹੀਂ ਕਰ ਸਕਦਾ। ਬਚਾਅ ਉਹ ਜ਼ਰੂਰ ਕਰ ਸਕਦਾ ਹੈ, ਪਰ ਉਸ ਨੂੰ ਲੜਾਈ ਸ਼ੁਰੂ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਬਦਲਾ ਲੈਣ ਲਈ ਉਕਸਾਇਆ ਜਾਣਾ ਚਾਹੀਦਾ ਹੈ। ਜੇ ਹੋ ਸਕੇ, ਸਾਨੂੰ ਲੜਾਈ ਕਰਨ ਤੋਂ ਪਿੱਛੇ ਹਟਣਾ ਚਾਹੀਦਾ ਹੈ। ਫਿਰ ਵੀ ਅਸੀਂ ਆਪਣਾ ਬਚਾਅ ਕਰਨ ਲਈ ਕਦਮ ਚੁੱਕ ਸਕਦੇ ਹਾਂ ਤੇ ਜ਼ੁਲਮ ਢਾਹੇ ਜਾਣ ਤੇ ਪੁਲਸ ਦੀ ਮਦਦ ਲੈ ਸਕਦੇ ਹਾਂ।
ਯਿਸੂ ਦੇ ਪਹਿਲੇ ਚੇਲਿਆਂ ਨੇ ਇਸ ਅਸੂਲ ਨੂੰ ਉਦੋਂ ਵੀ ਲਾਗੂ ਕੀਤਾ ਜਦ ਉਹ ਆਪਣੇ ਕਾਨੂੰਨੀ ਹੱਕ ਅਨੁਸਾਰ ਚੱਲਦੇ ਸਨ। ਮਿਸਾਲ ਲਈ, ਪੌਲੁਸ ਰਸੂਲ ਨੇ ਕਾਨੂੰਨ ਦਾ ਸਹਾਰਾ ਲਿਆ ਤਾਂਕਿ ਉਹ ਪ੍ਰਚਾਰ ਕਰ ਸਕੇ ਜੋ ਕੰਮ ਯਿਸੂ ਨੇ ਆਪਣੇ ਚੇਲਿਆਂ ਨੂੰ ਸੌਂਪਿਆ ਸੀ। (ਮੱਤੀ 28:19, 20) ਫ਼ਿਲਿੱਪੈ ਸ਼ਹਿਰ ਵਿਚ ਪ੍ਰਚਾਰ ਕਰਦੇ ਹੋਏ ਪੌਲੁਸ ਤੇ ਉਸ ਦੇ ਮਿਸ਼ਨਰੀ ਸਾਥੀ ਸੀਲਾਸ ਨੂੰ ਗਿਰਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਉੱਤੇ ਕਾਨੂੰਨ ਤੋੜਨ ਦਾ ਇਲਜ਼ਾਮ ਲਾਇਆ ਗਿਆ।
ਉਨ੍ਹਾਂ ਦੋਹਾਂ ਨੂੰ ਸਾਰਿਆਂ ਦੇ ਸਾਮ੍ਹਣੇ ਕੋਰੜਿਆਂ ਨਾਲ ਕੁੱਟਿਆ ਗਿਆ ਤੇ ਬਿਨਾਂ ਮੁਕੱਦਮੇ ਤੋਂ ਕੈਦ ਵਿਚ ਸੁੱਟਿਆ ਗਿਆ। ਮੌਕਾ ਮਿਲਣ ਤੇ ਪੌਲੁਸ ਨੇ ਦੱਸਿਆ ਕਿ ਉਹ ਰੋਮੀ ਹੈ ਅਤੇ ਇਸ ਕਰਕੇ ਉਸ ਦੇ ਕੁਝ ਅਧਿਕਾਰ ਹਨ। ਇਹ ਸੁਣ ਕੇ ਲੋਕੀ ਡਰ ਗਏ ਤੇ ਉਨ੍ਹਾਂ ਅੱਗੇ ਬੇਨਤੀ ਕੀਤੀ ਕਿ ਉਹ ਚੁੱਪ-ਚਾਪ ਕਰ ਕੇ ਸ਼ਹਿਰੋਂ ਚੱਲੇ ਜਾਣ। ਪਰ ਪੌਲੁਸ ਨੇ ਰੋਮੀ ਹੋਣ ਦਾ ਆਪਣਾ ਹੱਕ ਜਤਾਇਆ ਤੇ ਇਸ ਤਰ੍ਹਾਂ ਖ਼ੁਸ਼ ਖ਼ਬਰੀ ਦੀ ਖ਼ਾਤਰ ਕਾਨੂੰਨ ਦਾ ਸਹਾਰਾ ਲੈਣ ਦੀ ਮਿਸਾਲ ਕਾਇਮ ਕੀਤੀ।—ਰਸੂਲਾਂ ਦੇ ਕਰਤੱਬ 16:19-24, 35-40; ਫ਼ਿਲਿੱਪੀਆਂ 1:7.
ਪੌਲੁਸ ਵਾਂਗ ਯਹੋਵਾਹ ਦੇ ਗਵਾਹ ਬਹੁਤ ਵਾਰੀ ਅਦਾਲਤ ਵਿਚ ਜਾ ਕੇ ਕਾਨੂੰਨ ਦਾ ਸਹਾਰਾ ਲੈਣ ਲਈ ਮਜਬੂਰ ਹੋਏ ਹਨ ਤਾਂਕਿ ਉਹ ਬਿਨਾਂ ਰੁਕਾਵਟ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰ ਸਕਣ। ਇਹ ਉਨ੍ਹਾਂ ਦੇਸ਼ਾਂ ਵਿਚ ਵੀ ਸੱਚ ਹੈ ਜੋ ਲੋਕਾਂ ਨੂੰ ਰੱਬ ਦੀ ਭਗਤੀ ਕਰਨ ਦੀ ਆਜ਼ਾਦੀ ਦੇਣ ਦਾ ਦਾਅਵਾ ਕਰਦੇ ਹਨ। ਜੇ ਯਹੋਵਾਹ ਦੇ ਗਵਾਹ ਜੁਰਮ ਦੇ ਸ਼ਿਕਾਰ ਬਣਨ, ਤਾਂ ਉਹ ਆਪਣੀ ਹਿਫਾਜ਼ਤ ਜ਼ਰੂਰ ਕਰਦੇ ਹਨ। ਇਸ ਮਾਮਲੇ ਵਿਚ ਦੂਜੀ ਗੱਲ੍ਹ ਮੋੜਨ ਦਾ ਅਸੂਲ ਲਾਗੂ ਨਹੀਂ ਹੁੰਦਾ। ਉਹ ਆਪਣੀ ਸੁਰੱਖਿਆ ਕਰਨ ਲਈ ਕਾਨੂੰਨ ਦਾ ਸਹਾਰਾ ਲੈਂਦੇ ਹਨ।
ਭਾਵੇਂ ਯਹੋਵਾਹ ਦੇ ਗਵਾਹ ਕਾਨੂੰਨ ਦਾ ਸਹਾਰਾ ਲੈਂਦੇ ਹਨ, ਪਰ ਉਨ੍ਹਾਂ ਨੂੰ ਪਤਾ ਹੈ ਕਿ ਇਸ ਦਾ ਕੁਝ ਹੀ ਹੱਦ ਤਕ ਫ਼ਾਇਦਾ ਹੁੰਦਾ ਹੈ। ਯਿਸੂ ਵਾਂਗ ਉਹ ਸਾਰੇ ਮਾਮਲੇ ਰੱਬ ਦੇ ਹੱਥਾਂ ਵਿਚ ਛੱਡਦੇ ਹਨ। ਉਨ੍ਹਾਂ ਨੂੰ ਪੱਕਾ ਭਰੋਸਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਤੇ ਉਹ ਇਨਸਾਫ਼ ਕਰੇਗਾ। (ਮੱਤੀ 26:51-53; ਯਹੂਦਾਹ 9) ਮਸੀਹੀ ਯਾਦ ਰੱਖਦੇ ਹਨ ਕਿ ਬਦਲਾ ਲੈਣਾ ਯਹੋਵਾਹ ਪਰਮੇਸ਼ੁਰ ਦਾ ਕੰਮ ਹੈ।—ਰੋਮੀਆਂ 12:17-19. (g10-E 09)
ਕੀ ਤੁਸੀਂ ਕਦੇ ਸੋਚਿਆ ਹੈ?
● ਮਸੀਹੀਆਂ ਨੂੰ ਕੀ ਨਹੀਂ ਕਰਨਾ ਚਾਹੀਦਾ?—ਰੋਮੀਆਂ 12:17.
● ਕੀ ਬਾਈਬਲ ਸਾਨੂੰ ਕਾਨੂੰਨ ਦਾ ਸਹਾਰਾ ਲੈਣ ਤੋਂ ਮਨ੍ਹਾ ਕਰਦੀ ਹੈ?—ਫ਼ਿਲਿੱਪੀਆਂ 1:7.
● ਯਿਸੂ ਨੂੰ ਆਪਣੇ ਪਿਤਾ ਯਹੋਵਾਹ ਉੱਤੇ ਕਿਹੜਾ ਭਰੋਸਾ ਸੀ?—ਮੱਤੀ 26:51-53.