ਬਾਈਬਲ ਕੀ ਕਹਿੰਦੀ ਹੈ
ਪਰੀਖਿਆ
ਪਰੀਖਿਆ ਵਿਚ ਪੈ ਜਾਣ ਕਰਕੇ ਵਿਆਹ ਟੁੱਟ ਜਾਂਦੇ ਹਨ, ਸਿਹਤ ਖ਼ਰਾਬ ਰਹਿੰਦੀ ਹੈ ਅਤੇ ਜ਼ਮੀਰ ਲਾਹਨਤਾਂ ਪਾਉਂਦੀ ਹੈ। ਪਰੀਖਿਆ ਵਿਚ ਪੈਣ ਦੇ ਇਹ ਸਿਰਫ਼ ਕੁਝ ਹੀ ਨਤੀਜੇ ਹਨ। ਪਰ ਅਸੀਂ ਇਸ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ?
ਪਰੀਖਿਆ ਕੀ ਹੈ?
ਜਦੋਂ ਅਸੀਂ ਕਿਸੇ ਚੀਜ਼ ਵੱਲ ਖਿੱਚੇ ਜਾਂਦੇ ਹਾਂ, ਖ਼ਾਸ ਕਰਕੇ ਕਿਸੇ ਗ਼ਲਤ ਚੀਜ਼ ਵੱਲ, ਉਦੋਂ ਅਸੀਂ ਪਰੀਖਿਆ ਵਿਚ ਪੈਂਦੇ ਹਾਂ। ਮਿਸਾਲ ਲਈ, ਖ਼ਰੀਦਦਾਰੀ ਕਰਦਿਆਂ ਅਸੀਂ ਇਕ ਵਧੀਆ ਚੀਜ਼ ਦੇਖਦੇ ਹਾਂ। ਸਾਡੇ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਅਸੀਂ ਸੌਖਿਆਂ ਹੀ ਇਸ ਨੂੰ ਚੋਰੀ ਕਰ ਸਕਦੇ ਹਾਂ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਪਰ ਸਾਡੀ ਜ਼ਮੀਰ ਇਹ ਕੰਮ ਕਰਨ ਤੋਂ ਮਨ੍ਹਾ ਕਰਦੀ ਹੈ। ਇਸ ਲਈ ਅਸੀਂ ਚੋਰੀ ਕਰਨ ਦਾ ਖ਼ਿਆਲ ਆਪਣੇ ਮਨ ਵਿੱਚੋਂ ਕੱਢ ਦਿੰਦੇ ਹਾਂ ਅਤੇ ਕੋਈ ਹੋਰ ਕੰਮ ਕਰਨ ਲੱਗੇ ਪੈਂਦੇ ਹਾਂ। ਉਸ ਸਮੇਂ ਪਰੀਖਿਆ ਖ਼ਤਮ ਹੋ ਜਾਂਦੀ ਹੈ ਅਤੇ ਅਸੀਂ ਜਿੱਤ ਜਾਂਦੇ ਹਾਂ।
ਬਾਈਬਲ ਕੀ ਕਹਿੰਦੀ ਹੈ?
ਪਰੀਖਿਆ ਵਿਚ ਪੈਣ ਕਰਕੇ ਤੁਸੀਂ ਬੁਰੇ ਇਨਸਾਨ ਨਹੀਂ ਬਣ ਜਾਂਦੇ। ਬਾਈਬਲ ਦੱਸਦੀ ਹੈ ਕਿ ਸਾਡੇ ਸਾਰਿਆਂ ʼਤੇ ਪਰੀਖਿਆ ਆਉਂਦੀ ਹੈ। (1 ਕੁਰਿੰਥੀਆਂ 10:13) ਪਰ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਪਰੀਖਿਆ ਆਉਣ ʼਤੇ ਕੀ ਕਰਦੇ ਹਾਂ। ਕਈ ਲੋਕ ਗ਼ਲਤ ਇੱਛਾ ਬਾਰੇ ਸੋਚਦੇ ਰਹਿੰਦੇ ਹਨ ਅਤੇ ਬਾਅਦ ਵਿਚ ਕਦੇ-ਨ-ਕਦੇ ਉਹ ਇਸ ਇੱਛਾ ਕਰਕੇ ਗ਼ਲਤ ਕੰਮ ਕਰ ਲੈਂਦੇ ਹਨ। ਪਰ ਕਈ ਜਣੇ ਇਕਦਮ ਗ਼ਲਤ ਇੱਛਾ ਨੂੰ ਆਪਣੇ ਮਨ ਵਿੱਚੋਂ ਕੱਢ ਦਿੰਦੇ ਹਨ।
“ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।”—ਯਾਕੂਬ 1:14.
ਪਰੀਖਿਆ ਆਉਣ ʼਤੇ ਇਕਦਮ ਕਦਮ ਚੁੱਕਣਾ ਸਮਝਦਾਰੀ ਕਿਉਂ ਹੈ?
ਬਾਈਬਲ ਦੱਸਦੀ ਹੈ ਕਿ ਕਿਨ੍ਹਾਂ ਗੱਲਾਂ ਕਰਕੇ ਅਸੀਂ ਗ਼ਲਤ ਕੰਮ ਕਰ ਸਕਦੇ ਹਾਂ। ਯਾਕੂਬ 1:15 ਵਿਚ ਦੱਸਿਆ ਹੈ: “[ਗ਼ਲਤ] ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ।” ਮਿਸਾਲ ਲਈ, ਜਿੱਦਾਂ ਸਾਨੂੰ ਪਤਾ ਹੁੰਦਾ ਹੈ ਕਿ ਇਕ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦੇਣਾ ਹੀ ਹੈ, ਉੱਦਾਂ ਹੀ ਜੇ ਅਸੀਂ ਗ਼ਲਤ ਇੱਛਾ ਬਾਰੇ ਸੋਚਦੇ ਰਹਾਂਗੇ, ਤਾਂ ਇਹ ਸਾਡੇ ʼਤੇ ਇੰਨੀ ਹਾਵੀ ਹੋ ਜਾਵੇਗੀ ਕਿ ਇਕ ਸਮੇਂ ʼਤੇ ਅਸੀਂ ਉਹ ਕੰਮ ਕਰ ਹੀ ਲਵਾਂਗੇ। ਪਰ ਅਸੀਂ ਗ਼ਲਤ ਇੱਛਾਵਾਂ ਦੇ ਗ਼ੁਲਾਮ ਬਣਨ ਤੋਂ ਬਚ ਸਕਦੇ ਹਾਂ।
ਬਾਈਬਲ ਕਿਵੇਂ ਮਦਦ ਕਰ ਸਕਦੀ ਹੈ?
ਜਿਸ ਤਰ੍ਹਾਂ ਸਾਡਾ ਮਨ ਸਾਡੇ ਅੰਦਰ ਗ਼ਲਤ ਇੱਛਾਵਾਂ ਭਰ ਸਕਦਾ ਹੈ, ਉਸੇ ਤਰ੍ਹਾਂ ਇਹ ਇਨ੍ਹਾਂ ਨੂੰ ਕੱਢ ਵੀ ਸਕਦਾ ਹੈ। ਕਿਵੇਂ? ਅਸੀਂ ਆਪਣਾ ਧਿਆਨ ਹੋਰ ਗੱਲਾਂ ʼਤੇ ਲਗਾ ਸਕਦੇ ਹਾਂ, ਜਿਵੇਂ ਕੋਈ ਹੋਰ ਕੰਮ ਕਰਨਾ, ਆਪਣੇ ਦੋਸਤ ਨਾਲ ਗੱਲ ਕਰਨੀ ਜਾਂ ਚੰਗੇ ਖ਼ਿਆਲਾਂ ਬਾਰੇ ਸੋਚਣਾ। (ਫ਼ਿਲਿੱਪੀਆਂ 4:8) ਨਾਲੇ ਅਸੀਂ ਪਰੀਖਿਆ ਵਿਚ ਪੈਣ ਦੇ ਨਤੀਜਿਆਂ ਬਾਰੇ ਸੋਚ ਸਕਦੇ ਹਾਂ। ਸ਼ਾਇਦ ਸਾਡਾ ਸਰੀਰਕ ਅਤੇ ਮਾਨਸਿਕ ਤੌਰ ʼਤੇ ਨੁਕਸਾਨ ਹੋਵੇ। ਇਸ ਤੋਂ ਇਲਾਵਾ, ਸ਼ਾਇਦ ਰੱਬ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇ। (ਬਿਵਸਥਾ ਸਾਰ 32:29) ਪ੍ਰਾਰਥਨਾ ਕਰਨ ਨਾਲ ਵੀ ਸਾਡੀ ਮਦਦ ਹੁੰਦੀ ਹੈ। ਯਿਸੂ ਨੇ ਕਿਹਾ: “ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਵੋ।”—ਮੱਤੀ 26:41.
“ਧੋਖਾ ਨਾ ਖਾਓ: ਪਰਮੇਸ਼ੁਰ ਨੂੰ ਕੋਈ ਵੀ ਮੂਰਖ ਨਹੀਂ ਬਣਾ ਸਕਦਾ। ਕਿਉਂਕਿ ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”—ਗਲਾਤੀਆਂ 6:7.
ਤੁਸੀਂ ਪਰੀਖਿਆ ਦੌਰਾਨ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹੋ?
ਅਸਲੀਅਤ
ਪਰੀਖਿਆ ਇਕ ਜਾਲ਼ ਵਾਂਗ ਹੁੰਦੀ ਹੈ ਜਿਸ ਵਿਚ ਇਕ ਮੂਰਖ, ਭੋਲਾ ਜਾਂ ਬੇਖ਼ਬਰ ਵਿਅਕਤੀ ਫਸ ਸਕਦਾ ਹੈ। (ਯਾਕੂਬ 1:14) ਇਹ ਖ਼ਾਸ ਕਰਕੇ ਅਨੈਤਿਕਤਾ ਦੇ ਮਾਮਲੇ ਵਿਚ ਆਉਂਦੀਆਂ ਪਰੀਖਿਆਵਾਂ ਬਾਰੇ ਸੱਚ ਹੈ। ਇਨ੍ਹਾਂ ਦੇ ਬਹੁਤ ਹੀ ਭਿਆਨਕ ਨਤੀਜੇ ਨਿਕਲ ਸਕਦੇ ਹਨ।—ਕਹਾਉਤਾਂ 7:22, 23.
ਬਾਈਬਲ ਕਿਵੇਂ ਮਦਦ ਕਰ ਸਕਦੀ ਹੈ?
ਯਿਸੂ ਮਸੀਹ ਨੇ ਕਿਹਾ: “ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ।” (ਮੱਤੀ 5:29) ਯਿਸੂ ਨੇ ਸੱਚ-ਮੁੱਚ ਅੱਖ ਕੱਢਣ ਬਾਰੇ ਨਹੀਂ ਕਿਹਾ ਸੀ। ਇਸ ਦੀ ਬਜਾਇ, ਉਸ ਦੇ ਕਹਿਣ ਦਾ ਮਤਲਬ ਸੀ ਕਿ ਜੇ ਅਸੀਂ ਰੱਬ ਨੂੰ ਖ਼ੁਸ਼ ਕਰਨਾ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਗ਼ਲਤ ਕੰਮਾਂ ਸੰਬੰਧੀ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟਣਾ ਚਾਹੀਦਾ ਹੈ। (ਕੁਲੁੱਸੀਆਂ 3:5) ਇਸ ਦਾ ਮਤਲਬ ਹੈ ਕਿ ਸਾਨੂੰ ਗ਼ਲਤ ਕੰਮ ਕਰਨ ਤੋਂ ਬਚਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਰੱਬ ਦੇ ਇਕ ਵਫ਼ਾਦਾਰ ਆਦਮੀ ਨੇ ਪ੍ਰਾਰਥਨਾ ਕੀਤੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।”—ਜ਼ਬੂਰਾਂ ਦੀ ਪੋਥੀ 119:37.
“ਪਾਪੀ ਸਰੀਰ ਕਮਜ਼ੋਰ” ਹੋਣ ਕਰਕੇ ਸੰਜਮ ਰੱਖਣਾ ਔਖਾ ਹੋ ਸਕਦਾ ਹੈ। (ਮੱਤੀ 26:41) ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਪਰ ਜਦੋਂ ਅਸੀਂ ਦਿਲੋਂ ਤੋਬਾ ਕਰਦੇ ਹਾਂ ਅਤੇ ਗ਼ਲਤ ਕੰਮ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡਾ ਸਿਰਜਣਹਾਰ ਯਹੋਵਾਹ ਸਾਡੇ ʼਤੇ ਦਇਆ ਅਤੇ ਕਿਰਪਾ ਕਰਦਾ ਹੈ। (ਜ਼ਬੂਰਾਂ ਦੀ ਪੋਥੀ 103:8) ਇਹ ਜਾਣ ਕੇ ਕਿੰਨਾ ਹੀ ਦਿਲਾਸਾ ਮਿਲਦਾ ਹੈ!
“ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?”—ਜ਼ਬੂਰਾਂ ਦੀ ਪੋਥੀ 130:3.