ਅਧਿਆਇ 5
ਕੀ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ?
1. ਇਹ ਮੰਨਣਾ ਮੁਨਾਸਬ ਕਿਉਂ ਹੈ ਕਿ ਪਰਮੇਸ਼ੁਰ ਸਾਨੂੰ ਆਪਣੇ ਬਾਰੇ ਜਾਣਕਾਰੀ ਦੇਵੇਗਾ?
ਕੀ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ ਹੈ? ਕੀ ਉਸ ਨੇ ਸਾਨੂੰ ਦੱਸਿਆ ਹੈ ਕਿ ਉਹ ਕੀ ਕਰ ਚੁੱਕਾ ਹੈ ਅਤੇ ਉਹ ਅਜੇ ਕੀ ਕਰਨ ਦਾ ਮਕਸਦ ਰੱਖਦਾ ਹੈ? ਇਕ ਪਿਤਾ ਜੋ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਹੈ ਉਨ੍ਹਾਂ ਨੂੰ ਅਨੇਕ ਗੱਲਾਂ ਦੱਸਦਾ ਹੈ। ਅਤੇ ਜਿੱਥੋਂ ਤਕ ਅਸੀਂ ਦੇਖ ਚੁੱਕੇ ਹਾਂ, ਯਹੋਵਾਹ ਸੱਚ-ਮੁੱਚ ਇਕ ਪ੍ਰੇਮਪੂਰਣ ਪਿਤਾ ਹੈ।
2. (ੳ) ਯਹੋਵਾਹ ਲਈ ਆਪਣੇ ਬਾਰੇ ਸਾਨੂੰ ਦੱਸਣ ਦਾ ਇਕ ਵਧੀਆ ਤਰੀਕਾ ਕੀ ਹੈ? (ਅ) ਇਹ ਕਿਹੜੇ ਸਵਾਲ ਪੈਦਾ ਕਰਦਾ ਹੈ?
2 ਯਹੋਵਾਹ ਕਿਸ ਤਰ੍ਹਾਂ ਧਰਤੀ ਦੇ ਅਨੇਕ ਹਿੱਸਿਆਂ ਵਿਚ ਅਤੇ ਸਮਿਆਂ ਦੀਆਂ ਵੱਖਰੀਆਂ ਅਵਧੀਆਂ ਵਿਚ ਰਹਿੰਦੇ ਹੋਏ ਮਨੁੱਖਾਂ ਨੂੰ ਜਾਣਕਾਰੀ ਦੇ ਸਕਦਾ ਸੀ? ਉਸ ਦੇ ਲਈ ਇਕ ਸ਼ਾਨਦਾਰ ਤਰੀਕਾ ਇਹ ਹੋਵੇਗਾ ਕਿ ਉਹ ਇਕ ਕਿਤਾਬ ਲਿਖਾਵੇ ਅਤੇ ਫਿਰ ਇਸ ਗੱਲ ਦੀ ਨਿਗਰਾਨੀ ਕਰੇ ਕਿ ਉਹ ਕਿਤਾਬ ਸਾਰਿਆਂ ਲਈ ਉਪਲਬਧ ਕੀਤੀ ਜਾਵੇ। ਕੀ ਬਾਈਬਲ ਪਰਮੇਸ਼ੁਰ ਵੱਲੋਂ ਅਜਿਹੀ ਕਿਤਾਬ ਹੈ? ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਅਗਰ ਇਹ ਹੈ?
ਬਾਈਬਲ ਵਰਗੀ ਕੋਈ ਹੋਰ ਕਿਤਾਬ ਨਹੀਂ
3. ਉਹ ਕਿਹੜੀ ਇਕ ਗੱਲ ਹੈ ਜਿਸ ਵਿਚ ਬਾਈਬਲ ਇਕ ਵਿਸ਼ੇਸ਼ ਕਿਤਾਬ ਹੈ?
3 ਅਗਰ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ, ਤਾਂ ਸਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਸਭ ਤੋਂ ਅਧਿਕ ਵਿਸ਼ੇਸ਼ ਲਿਖੀ ਗਈ ਕਿਤਾਬ ਹੋਵੇਗੀ। ਕੀ ਇਹ ਹੈ? ਹਾਂ ਹੈ, ਅਤੇ ਇਹ ਅਨੇਕ ਕਾਰਨਾਂ ਕਰਕੇ ਹੈ। ਪਹਿਲਾ, ਇਹ ਬਹੁਤ ਪੁਰਾਣੀ ਹੈ; ਤੁਸੀਂ ਇਹ ਉਮੀਦ ਨਹੀਂ ਕਰੋਗੇ ਕਿ ਸਾਰੀ ਮਨੁੱਖਜਾਤੀ ਲਈ ਪਰਮੇਸ਼ੁਰ ਦਾ ਬਚਨ ਕੁਝ ਥੋੜ੍ਹਾ ਸਮਾਂ ਹੀ ਪਹਿਲਾਂ ਲਿਖਿਆ ਗਿਆ ਹੋਵੇ, ਹੈ ਕਿ ਨਹੀਂ? ਇਸ ਦੀ ਲਿਖਾਈ ਇਬਰਾਨੀ ਭਾਸ਼ਾ ਵਿਚ ਕੁਝ 3,500 ਸਾਲ ਪਹਿਲਾਂ ਸ਼ੁਰੂ ਹੋਈ ਸੀ। ਫਿਰ, 2,200 ਤੋਂ ਜ਼ਿਆਦਾ ਸਾਲ ਪਹਿਲਾਂ, ਇਸ ਦਾ ਹੋਰ ਭਾਸ਼ਾਵਾਂ ਵਿਚ ਤਰਜਮਾ ਹੋਣਾ ਸ਼ੁਰੂ ਹੋਇਆ। ਅੱਜ ਧਰਤੀ ਉੱਤੇ ਤਕਰੀਬਨ ਹਰ ਇਕ ਵਿਅਕਤੀ ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹ ਸਕਦਾ ਹੈ।
4. ਬਾਈਬਲ ਦੀਆਂ ਉਤਪੰਨ ਕੀਤੀਆਂ ਗਈਆਂ ਕਾਪੀਆਂ ਦੀ ਗਿਣਤੀ ਹੋਰ ਕਿਤਾਬਾਂ ਦੇ ਨਾਲ ਕਿਸ ਤਰ੍ਹਾਂ ਤੁਲਨਾ ਕਰਦੀ ਹੈ?
4 ਇਸ ਤੋਂ ਇਲਾਵਾ, ਜਿੰਨੀ ਗਿਣਤੀ ਵਿਚ ਬਾਈਬਲ ਦੀਆਂ ਕਾਪੀਆਂ ਬਣ ਚੁੱਕੀਆਂ ਹਨ, ਹੋਰ ਕੋਈ ਵੀ ਕਿਤਾਬ ਇਸ ਗਿਣਤੀ ਦੇ ਨਜ਼ਦੀਕ ਨਹੀਂ ਆਉਂਦੀ ਹੈ। ਇਕ ਕਿਤਾਬ ਉਦੋਂ “ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ” ਆਖੀ ਜਾ ਸਕਦੀ ਹੈ ਜਦੋਂ ਉਸ ਦੀਆਂ ਕੇਵਲ ਹਜ਼ਾਰਾਂ ਕਾਪੀਆਂ ਉਤਪੰਨ ਕੀਤੀਆਂ ਜਾਂਦੀਆਂ ਹਨ। ਪਰ ਹਰ ਸਾਲ ਬਾਈਬਲ ਦੀਆਂ ਕਈ ਲੱਖਾਂ ਕਾਪੀਆਂ ਛਾਪੀਆਂ ਜਾਂਦੀਆਂ ਹਨ! ਅਤੇ ਸਦੀਆਂ ਦੇ ਦੌਰਾਨ ਅਰਬਾਂ ਹੀ ਕਾਪੀਆਂ ਬਣਾਈਆਂ ਜਾ ਚੁੱਕੀਆਂ ਹਨ! ਧਰਤੀ ਉੱਤੇ ਮਸਾਂ ਹੀ ਕੋਈ ਐਸਾ ਸਥਾਨ ਹੈ, ਚਾਹੇ ਕਿੰਨਾ ਵੀ ਅੱਡਰਾ ਕਿਉਂ ਨਾ ਹੋਵੇ, ਜਿੱਥੇ ਤੁਸੀਂ ਬਾਈਬਲ ਨਹੀਂ ਪਾਓਗੇ। ਕੀ ਤੁਸੀਂ ਉਸ ਕਿਤਾਬ ਤੋਂ ਇਹੋ ਉਮੀਦ ਨਹੀਂ ਰੱਖੋਗੇ ਜਿਹੜੀ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ?
5. ਬਾਈਬਲ ਨੂੰ ਨਸ਼ਟ ਕਰਨ ਦੇ ਕੀ ਯਤਨ ਕੀਤੇ ਗਏ ਹਨ?
5 ਬਾਈਬਲ ਦੇ ਇਸ ਮਹਾਨ ਵਿਸਤਾਰੇ ਨੂੰ ਜਿਹੜੀ ਗੱਲ ਹੋਰ ਵੀ ਜ਼ਿਆਦਾ ਵਿਸ਼ੇਸ਼ ਬਣਾਉਂਦੀ ਹੈ ਉਹ ਇਹ ਹਕੀਕਤ ਹੈ ਕਿ ਦੁਸ਼ਮਣਾਂ ਨੇ ਇਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਕੀ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਹੈ ਕਿ ਇਕ ਕਿਤਾਬ ਜਿਹੜੀ ਪਰਮੇਸ਼ੁਰ ਵੱਲੋਂ ਹੈ ਉਸ ਉੱਤੇ ਇਬਲੀਸ ਦੇ ਕਾਰਿੰਦਿਆਂ ਦੁਆਰਾ ਹਮਲਾ ਹੋਵੇਗਾ? ਇਸ ਤਰ੍ਹਾਂ ਹੋਇਆ ਹੈ। ਇਕ ਸਮੇਂ ਬਾਈਬਲਾਂ ਦਾ ਜਲਾਇਆ ਜਾਣਾ ਸਾਧਾਰਣ ਗੱਲ ਸੀ, ਅਤੇ ਜਿਹੜੇ ਵਿਅਕਤੀ ਬਾਈਬਲ ਪੜ੍ਹਦੇ ਹੋਏ ਫੜੇ ਜਾਂਦੇ ਸੀ ਉਹ ਅਕਸਰ ਮੌਤ ਦੀ ਸਜ਼ਾ ਪਾਉਂਦੇ ਸਨ।
6. (ੳ) ਬਾਈਬਲ ਕਿਹੜੇ ਮਹੱਤਵਪੂਰਣ ਸਵਾਲਾਂ ਦੇ ਜਵਾਬ ਦਿੰਦੀ ਹੈ? (ਅ) ਬਾਈਬਲ ਦੇ ਲਿਖਾਰੀ ਆਪਣੀ ਜਾਣਕਾਰੀ ਕਿੱਥੋਂ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਸਨ?
6 ਪਰਮੇਸ਼ੁਰ ਵੱਲੋਂ ਇਕ ਕਿਤਾਬ ਤੋਂ ਤੁਸੀਂ ਇਹ ਉਮੀਦ ਕਰ ਸਕਦੇ ਹੋ ਕਿ ਉਹ ਉਨ੍ਹਾਂ ਮਹੱਤਵਪੂਰਣ ਚੀਜ਼ਾਂ ਬਾਰੇ ਚਰਚਾ ਕਰੇਗੀ ਜਿਨ੍ਹਾਂ ਬਾਰੇ ਸਾਨੂੰ ਸਾਰਿਆਂ ਨੂੰ ਜਾਣਨ ਦੀ ਇੱਛਾ ਹੋਣੀ ਚਾਹੀਦੀ ਹੈ। ‘ਜੀਵਨ ਕਿੱਥੋਂ ਆਇਆ?’ ‘ਅਸੀਂ ਇੱਥੇ ਕਿਉਂ ਹਾਂ?’ ‘ਭਵਿੱਖ ਕੀ ਲਿਆਵੇਗਾ?’ ਇਹ ਕੁਝ ਸਵਾਲ ਹਨ ਜਿਨ੍ਹਾਂ ਦਾ ਇਹ ਜਵਾਬ ਦਿੰਦੀ ਹੈ। ਅਤੇ ਇਹ ਸਪੱਸ਼ਟ ਤੌਰ ਤੇ ਆਖਦੀ ਹੈ ਕਿ ਜੋ ਜਾਣਕਾਰੀ ਇਸ ਵਿਚ ਪਾਈ ਜਾਂਦੀ ਹੈ ਉਹ ਯਹੋਵਾਹ ਪਰਮੇਸ਼ੁਰ ਵੱਲੋਂ ਹੈ। ਇਕ ਬਾਈਬਲ ਲਿਖਾਰੀ ਨੇ ਆਖਿਆ: “ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।” (2 ਸਮੂਏਲ 23:2) ਇਕ ਹੋਰ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।” (2 ਤਿਮੋਥਿਉਸ 3:16) ਕਿਉਂਕਿ ਬਾਈਬਲ ਇੰਨੇ ਨਿਸ਼ਚਿਤ ਤੌਰ ਤੇ ਬਿਆਨ ਕਰਦੀ ਹੈ ਕਿ ਉਹ ਪਰਮੇਸ਼ੁਰ ਦਾ ਬਚਨ ਹੈ, ਕੀ ਇਹ ਬੁੱਧੀਮਤਾ ਦੀ ਗੱਲ ਨਹੀਂ ਹੋਵੇਗੀ ਕਿ ਇਸ ਨੂੰ ਪਰਖਿਆ ਜਾਵੇ ਕਿ ਕੀ ਇਹ ਹੈ?
ਬਾਈਬਲ ਕਿਸ ਤਰ੍ਹਾਂ ਲਿਖੀ ਗਈ ਸੀ
7. (ੳ) ਬਾਈਬਲ ਕਿਸ ਨੇ ਲਿਖੀ? (ਅ) ਇਹ ਫਿਰ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਪਰਮੇਸ਼ੁਰ ਦਾ ਬਚਨ ਹੈ?
7 ‘ਪਰ ਬਾਈਬਲ ਕਿਵੇਂ ਪਰਮੇਸ਼ੁਰ ਵੱਲੋਂ ਹੋ ਸਕਦੀ ਹੈ ਜਦੋਂ ਉਹ ਮਨੁੱਖਾਂ ਦੁਆਰਾ ਲਿਖੀ ਗਈ ਸੀ?’ ਤੁਸੀਂ ਸ਼ਾਇਦ ਪੁਛੋ। ਇਹ ਸੱਚ ਹੈ, ਇਸ ਦੀ ਲਿਖਾਈ ਵਿਚ ਤਕਰੀਬਨ 40 ਮਨੁੱਖਾਂ ਨੇ ਹਿੱਸਾ ਲਿਆ। ਦਸ ਹੁਕਮਾਂ ਦੇ ਇਲਾਵਾ, ਜਿਹੜੇ ਪਰਮੇਸ਼ੁਰ ਨੇ ਖੁਦ ਆਪਣੀ ਪਵਿੱਤਰ ਆਤਮਾ ਦੀ ਸਿੱਧੀ ਕ੍ਰਿਆਸ਼ੀਲਤਾ ਦੁਆਰਾ ਪੱਥਰ ਦੀਆਂ ਫੱਟੀਆਂ ਉੱਤੇ ਲਿਖੇ ਸਨ, ਬਾਈਬਲ ਦੀ ਵਾਸਤਵਿਕ ਲਿਖਾਈ ਇਨ੍ਹਾਂ ਮਨੁੱਖਾਂ ਨੇ ਹੀ ਕੀਤੀ ਸੀ। (ਕੂਚ 31:18) ਫਿਰ ਵੀ, ਇਹ ਉਨ੍ਹਾਂ ਦੀਆਂ ਲਿੱਖੀਆਂ ਗੱਲਾਂ ਨੂੰ ਪਰਮੇਸ਼ੁਰ ਦਾ ਬਚਨ ਹੋਣ ਤੋਂ ਘੱਟ ਸਾਬਤ ਨਹੀਂ ਕਰਦਾ ਹੈ। ਬਾਈਬਲ ਵਿਆਖਿਆ ਕਰਦੀ ਹੈ: “ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” (2 ਪਤਰਸ 1:21, ਟੇਢੇ ਟਾਇਪ ਸਾਡੇ) ਹਾਂ, ਪਰਮੇਸ਼ੁਰ ਨੇ ਜਿਸ ਤਰ੍ਹਾਂ ਸਵਰਗ, ਧਰਤੀ, ਅਤੇ ਸਾਰੀਆਂ ਜੀਵਿਤ ਚੀਜ਼ਾਂ ਨੂੰ ਰਚਣ ਲਈ ਆਪਣੀ ਸ਼ਕਤੀਸ਼ਾਲੀ ਪਵਿੱਤਰ ਆਤਮਾ ਨੂੰ ਇਸਤੇਮਾਲ ਕੀਤਾ ਸੀ, ਉਸ ਨੇ ਇਸ ਨੂੰ ਬਾਈਬਲ ਦੀ ਲਿਖਾਈ ਨਿਰਦੇਸ਼ਨ ਕਰਨ ਲਈ ਵੀ ਇਸਤੇਮਾਲ ਕੀਤਾ।
8, 9. ਅੱਜਕਲ੍ਹ ਕਿਹੜੇ ਉਦਾਹਰਣ ਸਾਨੂੰ ਇਹ ਸਮਝਣ ਵਿਚ ਮਦਦ ਕਰ ਸਕਦੇ ਹਨ ਕਿ ਪਰਮੇਸ਼ੁਰ ਨੇ ਬਾਈਬਲ ਕਿਸ ਤਰ੍ਹਾਂ ਲਿਖਵਾਈ ਸੀ?
8 ਇਸ ਦਾ ਮਤਲਬ ਇਹ ਹੈ ਕਿ ਬਾਈਬਲ ਦਾ ਕੇਵਲ ਇਕ ਕਰਤਾ ਹੈ, ਯਹੋਵਾਹ ਪਰਮੇਸ਼ੁਰ। ਉਸ ਨੇ ਜਾਣਕਾਰੀ ਲਿੱਖਣ ਲਈ ਮਨੁੱਖਾਂ ਨੂੰ ਇਸਤੇਮਾਲ ਕੀਤਾ ਸੀ, ਜਿਸ ਤਰ੍ਹਾਂ ਇਕ ਵਪਾਰੀ ਇਕ ਸੈਕਟਰੀ ਨੂੰ ਚਿੱਠੀ ਲਿੱਖਣ ਲਈ ਇਸਤੇਮਾਲ ਕਰਦਾ ਹੈ। ਸੈਕਟਰੀ ਚਿੱਠੀ ਲਿੱਖਦੀ ਹੈ, ਪਰ ਚਿੱਠੀ ਵਿਚ ਸੋਚ ਅਤੇ ਵਿਚਾਰ ਵਪਾਰੀ ਦੇ ਹੁੰਦੇ ਹਨ। ਇਸ ਤਰ੍ਹਾਂ ਚਿੱਠੀ ਉਹ ਦੀ ਹੈ, ਸੈਕਟਰੀ ਦੀ ਨਹੀਂ, ਜਿਵੇਂ ਕਿ ਬਾਈਬਲ ਪਰਮੇਸ਼ੁਰ ਦੀ ਕਿਤਾਬ ਹੈ, ਨਾ ਕਿ ਉਨ੍ਹਾਂ ਮਨੁੱਖਾਂ ਦੀ ਜਿਨ੍ਹਾਂ ਨੂੰ ਇਹ ਲਿਖਣ ਲਈ ਇਸਤੇਮਾਲ ਕੀਤਾ ਗਿਆ ਸੀ।
9 ਕਿਉਂਕਿ ਪਰਮੇਸ਼ੁਰ ਨੇ ਦਿਮਾਗ਼ ਨੂੰ ਰਚਿਆ ਸੀ, ਨਿਸ਼ਚੇ ਹੀ ਉਸ ਲਈ ਇਹ ਮੁਸ਼ਕਲ ਨਹੀਂ ਸੀ ਕਿ ਉਹ ਆਪਣੇ ਸੇਵਕਾਂ ਦੇ ਲਿਖਣ ਵਾਸਤੇ ਜਾਣਕਾਰੀ ਦੇਣ ਲਈ ਉਨ੍ਹਾਂ ਦੇ ਦਿਮਾਗ਼ਾਂ ਨਾਲ ਸੰਪਰਕ ਕਰੇ। ਅੱਜਕਲ੍ਹ ਵੀ ਇਕ ਵਿਅਕਤੀ ਆਪਣੇ ਘਰ ਵਿਚ ਬੈਠੇ ਇਕ ਰੇਡੀਓ ਯਾ ਟੈਲੀਵਿਯਨ ਦੇ ਜ਼ਰੀਏ ਕਿਸੇ ਦੁਰੇਡੇ ਸਥਾਨ ਤੋਂ ਸੰਦੇਸ਼ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਭੌਤਿਕ ਨਿਯਮਾਂ ਦੀ ਵਰਤੋਂ ਦੁਆਰਾ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਰਚਿਆ ਸੀ, ਬਹੁਤ ਦੂਰ ਦੇ ਫਾਸਲੇ ਤੋਂ ਆਵਾਜ਼ਾਂ ਅਤੇ ਤਸਵੀਰਾਂ ਆਉਂਦੀਆਂ ਹਨ। ਇਸ ਲਈ, ਇਹ ਸਮਝਣਾ ਆਸਾਨ ਹੈ ਕਿ ਕਿਵੇਂ ਯਹੋਵਾਹ ਸਵਰਗ ਵਿਚ ਆਪਣੇ ਦੂਰ ਦੇ ਸਥਾਨ ਤੋਂ, ਮਨੁੱਖਾਂ ਨੂੰ ਜਾਣਕਾਰੀ ਲਿੱਖਣ ਲਈ ਨਿਰਦੇਸ਼ਨ ਕਰ ਸਕਦਾ ਸੀ ਜਿਹੜੀ ਜਾਣਕਾਰੀ ਉਹ ਮਾਨਵ ਪਰਿਵਾਰ ਨੂੰ ਦੇਣਾ ਚਾਹੁੰਦਾ ਸੀ।
10. (ੳ) ਬਾਈਬਲ ਵਿਚ ਕਿੰਨੀਆਂ ਕਿਤਾਬਾਂ ਹਨ, ਅਤੇ ਇਹ ਕਿੰਨੇ ਸਮੇਂ ਦੀ ਅਵਧੀ ਦੇ ਦੌਰਾਨ ਲਿਖੀਆਂ ਗਈਆਂ ਸਨ? (ਅ) ਸਾਰੀ ਬਾਈਬਲ ਵਿਚ ਕਿਹੜਾ ਮੁੱਖ ਵਿਸ਼ਾ ਪਾਇਆ ਜਾਂਦਾ ਹੈ?
10 ਇਸ ਦਾ ਨਤੀਜਾ ਇਕ ਸ਼ਾਨਦਾਰ ਕਿਤਾਬ ਹੋਇਆ ਹੈ। ਅਸਲ ਵਿਚ, ਬਾਈਬਲ 66 ਛੋਟੀਆਂ ਕਿਤਾਬਾਂ ਤੋਂ ਬਣੀ ਹੋਈ ਹੈ। ਉਹ ਯੂਨਾਨੀ ਸ਼ਬਦ ਬਿੱਬਲੀਆ, ਜਿਸ ਤੋਂ “ਬਾਈਬਲ” ਸ਼ਬਦ ਆਉਂਦਾ ਹੈ, ਦਾ ਅਰਥ “ਛੋਟੀਆਂ ਕਿਤਾਬਾਂ” ਹੈ। ਇਹ ਕਿਤਾਬਾਂ, ਯਾ ਚਿੱਠੀਆਂ, 1513 ਸਾ.ਯੁ.ਪੂ. ਤੋਂ 98 ਸਾ.ਯੁ. ਤਾਈਂ, 1,600 ਸਾਲਾਂ ਦੀ ਅਵਧੀ ਦੇ ਦੌਰਾਨ ਲਿਖੀਆਂ ਗਈਆਂ ਸਨ। ਫਿਰ ਵੀ, ਕਿਉਂਕਿ ਇਨ੍ਹਾਂ ਦਾ ਇਕੋ ਕਰਤਾ ਹੈ, ਇਹ ਸਾਰੀਆਂ ਬਾਈਬਲ ਕਿਤਾਬਾਂ ਇਕ ਦੂਸਰੇ ਨਾਲ ਇਕਸਾਰਤਾ ਵਿਚ ਹਨ। ਇਨ੍ਹਾਂ ਸਾਰੀਆਂ ਵਿਚ ਇਕ ਹੀ ਵਿਸ਼ਾ ਪਾਇਆ ਜਾਂਦਾ ਹੈ, ਅਰਥਾਤ, ਯਹੋਵਾਹ ਪਰਮੇਸ਼ੁਰ ਆਪਣੇ ਰਾਜ ਦੁਆਰਾ ਧਾਰਮਿਕ ਹਾਲਤਾਂ ਮੁੜ ਬਹਾਲ ਕਰੇਗਾ। ਇਸ ਦੀ ਪਹਿਲੀ ਕਿਤਾਬ, ਉਤਪਤ, ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਦੇ ਕਾਰਨ ਕਿਸ ਤਰ੍ਹਾਂ ਇਕ ਪਰਾਦੀਸ ਘਰ ਗੁਆਇਆ ਗਿਆ, ਅਤੇ ਅਖੀਰਲੀ ਕਿਤਾਬ, ਪਰਕਾਸ਼ ਦੀ ਪੋਥੀ, ਵਰਣਨ ਕਰਦੀ ਹੈ ਕਿ ਕਿਸ ਤਰ੍ਹਾਂ ਪਰਮੇਸ਼ੁਰ ਦੇ ਸ਼ਾਸਨ ਦੁਆਰਾ ਇਹ ਧਰਤੀ ਫਿਰ ਇਕ ਪਰਾਦੀਸ ਬਣਾਈ ਜਾਵੇਗੀ।—ਉਤਪਤ 3:19, 23; ਪਰਕਾਸ਼ ਦੀ ਪੋਥੀ 12:10; 21:3, 4.
11. (ੳ) ਬਾਈਬਲ ਲਿਖਣ ਲਈ ਕਿਹੜੀਆਂ ਭਾਸ਼ਾਵਾਂ ਦਾ ਇਸਤੇਮਾਲ ਕੀਤਾ ਗਿਆ ਸੀ? (ਅ) ਬਾਈਬਲ ਕਿਹੜੇ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ, ਪਰ ਕਿਹੜੀ ਗੱਲ ਉਨ੍ਹਾਂ ਦੀ ਏਕਤਾ ਦਿਖਾਉਂਦੀ ਹੈ?
11 ਬਾਈਬਲ ਦੀਆਂ ਪਹਿਲੀਆਂ 39 ਕਿਤਾਬਾਂ ਮੁੱਖ ਤੌਰ ਤੇ ਇਬਰਾਨੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ ਅਤੇ ਥੋੜ੍ਹੇ ਬਹੁਤ ਹਿੱਸੇ ਅਰਾਮੀ ਵਿਚ। ਅਖੀਰਲੀਆਂ 27 ਕਿਤਾਬਾਂ ਯੂਨਾਨੀ ਵਿਚ ਲਿਖੀਆਂ ਗਈਆਂ ਸਨ, ਜਿਹੜੀ ਉਸ ਸਮੇਂ ਲੋਕਾਂ ਦੀ ਸਾਧਾਰਣ ਭਾਸ਼ਾ ਸੀ ਜਦੋਂ ਯਿਸੂ ਅਤੇ ਉਸ ਦੇ ਮਸੀਹੀ ਅਨੁਯਾਈ ਇਸ ਧਰਤੀ ਉੱਤੇ ਰਹਿੰਦੇ ਸਨ। ਬਾਈਬਲ ਦੇ ਇਹ ਦੋ ਮੁੱਖ ਭਾਗ ਉਚਿਤ ਤੌਰ ਤੇ “ਇਬਰਾਨੀ ਸ਼ਾਸਤਰ” ਅਤੇ “ਯੂਨਾਨੀ ਸ਼ਾਸਤਰ” ਕਹਾਉਂਦੇ ਹਨ। ਇਕ ਦੂਸਰੇ ਨਾਲ ਆਪਣੀ ਸਹਿਮਤੀ ਪ੍ਰਦਰਸ਼ਿਤ ਕਰਦੇ ਹੋਏ, ਯੂਨਾਨੀ ਸ਼ਾਸਤਰ ਇਬਰਾਨੀ ਸ਼ਾਸਤਰਾਂ ਤੋਂ 365 ਤੋਂ ਜ਼ਿਆਦਾ ਵਾਰ ਉਤਕਥਨ ਕਰਦੇ ਹਨ, ਅਤੇ ਉਨ੍ਹਾਂ ਵਿਚੋਂ ਤਕਰੀਬਨ 375 ਹੋਰ ਹਵਾਲਿਆਂ ਦਾ ਜ਼ਿਕਰ ਕਰਦੇ ਹਨ।
ਸਾਰਿਆਂ ਲਈ ਬਾਈਬਲ ਉਪਲਬਧ ਕਰਨਾ
12. ਯਹੋਵਾਹ ਨੇ ਬਾਈਬਲ ਦੀਆਂ ਕਾਪੀਆਂ ਕਿਉਂ ਬਣਵਾਈਆਂ ਸਨ?
12 ਅਗਰ ਕੇਵਲ ਮੁੱਢਲੀਆਂ ਲਿਖਤਾਂ ਹੀ ਉਪਲਬਧ ਹੋਣ, ਤਦ ਸਾਰੇ ਵਿਅਕਤੀ ਕਿਸ ਤਰ੍ਹਾਂ ਪਰਮੇਸ਼ੁਰ ਦਾ ਬਚਨ ਪੜ੍ਹ ਸਕਦੇ ਸਨ? ਉਹ ਨਾ ਪੜ੍ਹ ਸਕਣ। ਇਸ ਲਈ ਯਹੋਵਾਹ ਨੇ ਇੰਤਜ਼ਾਮ ਬਣਾਇਆ ਕਿ ਮੁੱਢਲੀਆਂ ਇਬਰਾਨੀ ਲਿਖਤਾਂ ਦੀਆਂ ਕਾਪੀਆਂ ਬਣਾਈਆਂ ਜਾਣ। (ਬਿਵਸਥਾ ਸਾਰ 17:18) ਉਦਾਹਰਣ ਦੇ ਤੌਰ ਤੇ, ਅਜ਼ਰਾ ਨਾਂ ਦੇ ਇਕ ਮਨੁੱਖ ਨੂੰ, “ਮੂਸਾ ਦੀ ਬਿਵਸਥਾ ਵਿੱਚ ਜੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਦਿੱਤੀ ਸੀ ਬੜਾ ਗੁਣੀ ਗ੍ਰੰਥੀ” ਆਖਿਆ ਜਾਂਦਾ ਹੈ। (ਅਜ਼ਰਾ 7:6) ਇਸ ਤੋਂ ਇਲਾਵਾ, ਯੂਨਾਨੀ ਸ਼ਾਸਤਰਾਂ ਦੀਆਂ ਵੀ ਕਈ ਹਜ਼ਾਰਾਂ ਕਾਪੀਆਂ ਬਣਾਈਆਂ ਗਈਆਂ ਸਨ।
13. (ੳ) ਕਿਸ ਚੀਜ਼ ਦੀ ਜ਼ਰੂਰਤ ਸੀ ਤਾਂ ਕਿ ਜ਼ਿਆਦਾ ਲੋਕ ਬਾਈਬਲ ਨੂੰ ਪੜ੍ਹ ਸਕਣ? (ਅ) ਬਾਈਬਲ ਦਾ ਪਹਿਲਾ ਤਰਜਮਾ ਕਦੋਂ ਕੀਤਾ ਗਿਆ ਸੀ?
13 ਕੀ ਤੁਸੀਂ ਇਬਰਾਨੀ ਯਾ ਯੂਨਾਨੀ ਪੜ੍ਹਦੇ ਹੋ? ਅਗਰ ਨਹੀਂ, ਤਾਂ ਤੁਸੀਂ ਬਾਈਬਲ ਦੀਆਂ ਪਹਿਲੀਆਂ ਹੱਥਲਿਖਤ ਕਾਪੀਆਂ, ਜਿਨ੍ਹਾਂ ਵਿਚੋਂ ਹਾਲੇ ਵੀ ਕੁਝ ਹੋਂਦ ਵਿਚ ਹਨ, ਨਹੀਂ ਪੜ੍ਹ ਸਕਦੇ ਹੋ। ਇਸ ਲਈ, ਕਿਸੇ ਵਿਅਕਤੀ ਨੂੰ ਉਨ੍ਹਾਂ ਸ਼ਬਦਾਂ ਨੂੰ ਅਜਿਹੀ ਭਾਸ਼ਾ ਵਿਚ ਪਾਉਣਾ ਪਿਆ ਜਿਹੜੀ ਤੁਸੀਂ ਜਾਣਦੇ ਹੋ ਤਾਂਕਿ ਤੁਸੀਂ ਬਾਈਬਲ ਪੜ੍ਹ ਸਕੋ। ਇਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿਚ ਇਹ ਤਰਜਮਾ ਕਰਨ ਤੋਂ ਹੋਰ ਵਿਅਕਤੀਆਂ ਲਈ ਪਰਮੇਸ਼ੁਰ ਦਾ ਬਚਨ ਪੜ੍ਹਨਾ ਮੁਮਕਿਨ ਹੋਇਆ ਹੈ। ਉਦਾਹਰਣ ਦੇ ਤੌਰ ਤੇ, ਯਿਸੂ ਦੇ ਇਸ ਧਰਤੀ ਉੱਤੇ ਰਹਿਣ ਤੋਂ ਤਕਰੀਬਨ 300 ਸਾਲ ਪਹਿਲਾਂ, ਜ਼ਿਆਦਾ ਲੋਕ ਯੂਨਾਨੀ ਭਾਸ਼ਾ ਬੋਲਣ ਲੱਗੇ। ਇਸ ਲਈ, 280 ਸਾ.ਯੁ.ਪੂ. ਦੇ ਸ਼ੁਰੂ ਵਿਚ, ਇਬਰਾਨੀ ਸ਼ਾਸਤਰਾਂ ਨੂੰ ਯੂਨਾਨੀ ਵਿਚ ਤਰਜਮਾ ਕੀਤਾ ਗਿਆ। ਇਹ ਪਹਿਲਾ ਤਰਜਮਾ “ਸੈਪਟੁਜਿੰਟ” ਆਖਿਆ ਗਿਆ।
14. (ੳ) ਕੁਝ ਧਾਰਮਿਕ ਆਗੂਆਂ ਨੇ ਬਾਈਬਲ ਨੂੰ ਤਰਜਮਾ ਕੀਤੇ ਜਾਣ ਤੋਂ ਕਿਉਂ ਰੋਕਣ ਦਾ ਯਤਨ ਕੀਤਾ ਸੀ? (ਅ) ਕਿਹੜੀ ਚੀਜ਼ ਇਹ ਦਿਖਾਉਂਦੀ ਹੈ ਕਿ ਉਹ ਇਹ ਲੜਾਈ ਹਾਰ ਗਏ?
14 ਬਾਅਦ ਵਿਚ, ਬਹੁਤਿਆਂ ਲੋਕਾਂ ਦੀ ਸਾਧਾਰਣ ਭਾਸ਼ਾ ਲਾਤੀਨੀ ਬਣ ਗਈ, ਇਸ ਲਈ ਬਾਈਬਲ ਦਾ ਤਰਜਮਾ ਲਾਤੀਨੀ ਵਿਚ ਕੀਤਾ ਗਿਆ। ਪਰ ਜਿਸ ਤਰ੍ਹਾਂ ਸਦੀਆਂ ਬੀਤਦੀਆਂ ਗਈਆਂ, ਘੱਟ ਤੋਂ ਘੱਟ ਲੋਕ ਲਾਤੀਨੀ ਬੋਲਣ ਲੱਗੇ। ਜ਼ਿਆਦਾ ਲੋਕ ਹੋਰ ਭਾਸ਼ਾਵਾਂ, ਜਿਵੇਂ ਕਿ ਅਰਬੀ, ਫ਼ਰਾਂਸੀਸੀ, ਸਪੇਨੀ, ਪੁਰਤਗਾਲੀ, ਇਤਾਲਵੀ, ਜਰਮਨ ਅਤੇ ਅੰਗ੍ਰੇਜ਼ੀ ਬੋਲਣ ਲੱਗ ਪਏ। ਕੁਝ ਸਮੇਂ ਲਈ ਕੈਥੋਲਿਕ ਧਾਰਮਿਕ ਆਗੂਆਂ ਨੇ ਬਾਈਬਲ ਨੂੰ ਆਮ ਲੋਕਾਂ ਦੀ ਬੋਲੀ ਵਿਚ ਤਰਜਮਾ ਕੀਤੇ ਜਾਣ ਤੋਂ ਰੋਕਣ ਦਾ ਯਤਨ ਕੀਤਾ। ਜਿਨ੍ਹਾਂ ਵਿਅਕਤੀਆਂ ਕੋਲ ਬਾਈਬਲ ਪਾਈ ਜਾਂਦੀ ਸੀ ਉਨ੍ਹਾਂ ਨੂੰ ਖੰਭਿਆਂ ਉੱਤੇ ਜਲਾਇਆ ਵੀ ਗਿਆ। ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਬਾਈਬਲ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਅਤੇ ਬੁਰੇ ਕੰਮ-ਕਾਰਾਂ ਨੂੰ ਜ਼ਾਹਰ ਕਰਦੀ ਸੀ। ਪਰ, ਸਮੇਂ ਦੇ ਬੀਤਣ ਨਾਲ, ਇਹ ਧਾਰਮਿਕ ਆਗੂ ਆਪਣੇ ਯਤਨਾਂ ਤੋਂ ਹਾਰ ਗਏ, ਅਤੇ ਬਾਈਬਲ ਬਹੁਤ ਭਾਸ਼ਾਵਾਂ ਵਿਚ ਤਰਜਮਾ ਕੀਤੀ ਜਾਣ ਲੱਗੀ ਅਤੇ ਵੱਡੀ ਮਾਤਰਾ ਵਿਚ ਵਿਤਰਣ ਹੋਣ ਲੱਗੀ। ਅੱਜਕਲ੍ਹ ਬਾਈਬਲ ਆਪਣੇ ਪੂਰਣ ਰੂਪ ਵਿਚ ਯਾ ਹਿੱਸਿਆਂ ਵਿਚ, ਕੁਝ 2,000 ਭਾਸ਼ਾਵਾਂ ਵਿਚ ਪੜ੍ਹੀ ਜਾ ਸਕਦੀ ਹੈ!
15. ਬਾਈਬਲ ਦੇ ਨਵੇਂ ਤਰਜਮੇ ਹੋਣੇ ਕਿਉਂ ਇਕ ਅੱਛੀ ਗੱਲ ਹੈ?
15 ਜਿਸ ਤਰ੍ਹਾਂ ਸਾਲ ਬੀਤਦੇ ਗਏ, ਬਾਈਬਲ ਦੇ ਇਕੋ ਹੀ ਭਾਸ਼ਾ ਵਿਚ ਬਹੁਤ ਵੱਖਰੇ ਤਰਜਮੇ ਬਣਾਏ ਗਏ। ਮਿਸਾਲ ਲਈ, ਕੇਵਲ ਅੰਗ੍ਰੇਜ਼ੀ ਭਾਸ਼ਾ ਵਿਚ ਬਾਈਬਲ ਦੇ ਦਰਜਨਾਂ ਹੀ ਤਰਜਮੇ ਹਨ। ਇਹ ਕਿਉਂ? ਕੀ ਇਕੋ ਹੀ ਕਾਫ਼ੀ ਨਹੀਂ ਹੋਵੇਗਾ? ਭਲਾ, ਸਾਲਾਂ ਦੇ ਦੌਰਾਨ ਇਕ ਭਾਸ਼ਾ ਬਹੁਤ ਬਦਲ ਜਾਂਦੀ ਹੈ। ਇਸ ਲਈ ਅਗਰ ਤੁਸੀਂ ਬਾਈਬਲ ਦੇ ਪੁਰਾਣੇ ਤਰਜਮਿਆਂ ਨੂੰ ਨਵਿਆਂ ਦੇ ਨਾਲ ਤੁਲਨਾ ਕਰਦੇ ਹੋ, ਤਾਂ ਤੁਸੀਂ ਭਾਸ਼ਾ ਵਿਚ ਫ਼ਰਕ ਪਾਓਗੇ। ਜਦ ਕਿ ਉਹ ਤਕਰੀਬਨ ਹਮੇਸ਼ਾ ਇਕੋ ਹੀ ਵਿਚਾਰ ਪੇਸ਼ ਕਰਦੇ ਹਨ, ਤੁਸੀਂ ਇਹ ਦੇਖੋਗੇ ਕਿ ਹਾਲ ਦੇ ਸਾਲਾਂ ਵਿਚ ਛਾਪੇ ਗਏ ਤਰਜਮੇ ਸਮਝਣ ਵਿਚ ਆਮ ਤੌਰ ਤੇ ਸੁਖਾਲੇ ਹੁੰਦੇ ਹਨ। ਇਸ ਕਰਕੇ ਅਸੀਂ ਬਾਈਬਲ ਦੇ ਨਵੇਂ ਤਰਜਮਿਆਂ ਵਾਸਤੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ, ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਨੂੰ, ਅੱਜਕਲ੍ਹ ਦੀ ਸਾਧਾਰਣ, ਸਮਝਣ ਲਈ ਸੌਖੀ ਭਾਸ਼ਾ ਵਿਚ ਪਾ ਦਿੰਦੇ ਹਨ।
ਕੀ ਬਾਈਬਲ ਤਬਦੀਲ ਕੀਤੀ ਗਈ ਹੈ?
16. ਕੁਝ ਲੋਕ ਇਹ ਕਿਉਂ ਮੰਨਦੇ ਹਨ ਕਿ ਬਾਈਬਲ ਤਬਦੀਲ ਕੀਤੀ ਗਈ ਹੈ?
16 ਪਰ ਤੁਸੀਂ ਸ਼ਾਇਦ ਪੁਛੋ: ‘ਅਸੀਂ ਕਿਸ ਤਰ੍ਹਾਂ ਨਿਸ਼ਚਿਤ ਹੋ ਸਕਦੇ ਹਾਂ ਕਿ ਅੱਜਕਲ੍ਹ ਸਾਡੀਆਂ ਬਾਈਬਲਾਂ ਵਿਚ ਉਹੀ ਜਾਣਕਾਰੀ ਪਾਈ ਜਾਂਦੀ ਹੈ ਜਿਹੜੀ ਬਾਈਬਲ ਦੇ ਲੇਖਕਾਂ ਨੂੰ ਪਰਮੇਸ਼ੁਰ ਵੱਲੋਂ ਮਿਲੀ ਸੀ?’ ਕੀ ਸੈਂਕੜੇ ਅਤੇ ਹਜ਼ਾਰਾਂ ਸਾਲਾਂ ਦੇ ਦੌਰਾਨ, ਬਾਈਬਲ ਕਿਤਾਬਾਂ ਦੀਆਂ ਕਾਪੀਆਂ ਤੋਂ ਕਾਪੀਆਂ ਬਣਨ ਨਾਲ, ਇਸ ਵਿਚ ਗ਼ਲਤੀਆਂ ਨਹੀਂ ਪੈ ਗਈਆਂ ਹਨ? ਹਾਂ, ਪਰ ਇਹ ਗ਼ਲਤੀਆਂ ਲੱਭੀਆਂ ਜਾ ਚੁੱਕੀਆਂ ਹਨ ਅਤੇ ਬਾਈਬਲ ਦੇ ਆਧੁਨਿਕ ਤਰਜਮਿਆਂ ਵਿਚ ਸੁਧਾਰ ਦਿੱਤੀਆਂ ਗਈਆਂ ਹਨ। ਅੱਜ ਇਸ ਵਿਚ ਉਹੀ ਜਾਣਕਾਰੀ ਪਾਈ ਜਾਂਦੀ ਹੈ ਜਿਹੜੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਉਸ ਨੂੰ ਪਹਿਲਾਂ ਲਿਖਿਆ ਸੀ। ਇਸ ਦਾ ਕੀ ਸਬੂਤ ਹੈ?
17. ਕੀ ਸਬੂਤ ਹੈ ਕਿ ਬਾਈਬਲ ਤਬਦੀਲ ਨਹੀਂ ਕੀਤੀ ਗਈ ਹੈ?
17 ਭਲਾ, 1947 ਅਤੇ 1955 ਦੇ ਦਰਮਿਆਨ, ਉਹ ਪੋਥੀਆਂ ਲਭੀਆਂ ਗਈਆਂ ਜਿਨ੍ਹਾਂ ਨੂੰ ਮ੍ਰਿਤ ਸਾਗਰ ਪੋਥੀਆਂ ਆਖਿਆ ਜਾਂਦਾ ਹੈ। ਇਨ੍ਹਾਂ ਪੁਰਾਣੀਆਂ ਪੋਥੀਆਂ ਵਿਚ ਇਬਰਾਨੀ ਸ਼ਾਸਤਰਾਂ ਦੀਆਂ ਕਿਤਾਬਾਂ ਦੀਆਂ ਕਾਪੀਆਂ ਸ਼ਾਮਲ ਹਨ। ਉਨ੍ਹਾਂ ਦੀ ਮਿਤੀ ਯਿਸੂ ਦੇ ਪੈਦਾ ਹੋਣ ਦੇ 100 ਤੋਂ 200 ਸਾਲ ਪਹਿਲਾਂ ਦੀ ਹੈ। ਇਨ੍ਹਾਂ ਵਿਚੋਂ ਇਕ ਪੋਥੀ ਯਸਾਯਾਹ ਦੀ ਕਿਤਾਬ ਦੀ ਕਾਪੀ ਹੈ। ਇਹ ਲੱਭਣ ਤੋਂ ਪਹਿਲਾਂ ਇਬਰਾਨੀ ਵਿਚ ਯਸਾਯਾਹ ਦੀ ਕਿਤਾਬ ਦੀ ਸਭ ਤੋਂ ਪੁਰਾਣੀ ਉਪਲਬਧ ਕਾਪੀ ਉਹ ਸੀ ਜਿਹੜੀ ਯਿਸੂ ਦੇ ਪੈਦਾ ਹੋਣ ਤੋਂ ਤਕਰੀਬਨ 1,000 ਸਾਲ ਬਾਅਦ ਦੀ ਬਣੀ ਹੋਈ ਸੀ। ਜਦੋਂ ਯਸਾਯਾਹ ਦੀਆਂ ਇਹ ਦੋਵੇਂ ਕਾਪੀਆਂ ਦੀ ਤੁਲਨਾ ਕੀਤੀ ਗਈ, ਇਨ੍ਹਾਂ ਵਿਚ ਕੇਵਲ ਥੋੜ੍ਹਾ ਹੀ ਫ਼ਰਕ ਸੀ, ਜੋ ਜ਼ਿਆਦਾਤਰ ਅੱਖਰ-ਜੋੜ ਦੇ ਛੋਟੇ-ਛੋਟੇ ਫ਼ਰਕ ਸਨ! ਇਸ ਦਾ ਮਤਲਬ ਹੈ ਕਿ 1,000 ਸਾਲ ਤੋਂ ਅਧਿਕ ਅਵਧੀ ਦੇ ਦੌਰਾਨ ਕਾਪੀਆ ਬਣਾਉਣ ਵਿਚ ਕੋਈ ਵਾਸਤਵਿਕ ਤਬਦੀਲੀ ਨਹੀਂ ਆਈ ਸੀ!
18. (ੳ) ਨਕਲਨਵੀਸਾਂ ਦੀਆਂ ਗ਼ਲਤੀਆਂ ਕਿਵੇਂ ਸੁਧਾਰੀਆਂ ਗਈਆਂ ਹਨ? (ਅ) ਯੂਨਾਨੀ ਸ਼ਾਸਤਰਾਂ ਦੀ ਸ਼ੁੱਧਤਾ ਬਾਰੇ ਕੀ ਕਿਹਾ ਜਾ ਸਕਦਾ ਹੈ?
18 ਇਬਰਾਨੀ ਸ਼ਾਸਤਰਾਂ ਦੇ ਅਲੱਗ-ਅਲੱਗ ਹਿੱਸਿਆਂ ਦੀਆਂ 1,700 ਤੋਂ ਜ਼ਿਆਦਾ ਪੁਰਾਣੀਆਂ ਕਾਪੀਆਂ ਉਪਲਬਧ ਹਨ। ਇਨ੍ਹਾਂ ਅਨੇਕ ਅਤਿ ਪੁਰਾਣੀਆਂ ਕਾਪੀਆਂ ਦੀ ਧਿਆਨ ਨਾਲ ਤੁਲਨਾ ਕਰ ਕੇ, ਉਹ ਥੋੜ੍ਹੀਆਂ ਜਿਹੀਆਂ ਗ਼ਲਤੀਆਂ ਵੀ ਜਿਹੜੀਆਂ ਨਕਲਨਵੀਸਾਂ ਨੇ ਕੀਤੀਆਂ, ਲੱਭੀਆਂ ਅਤੇ ਸੁਧਾਰੀਆਂ ਜਾ ਸਕਦੀਆਂ ਹਨ। ਨਾਲੇ, ਯੂਨਾਨੀ ਸ਼ਾਸਤਰਾਂ ਦੀਆਂ ਹਜ਼ਾਰਾਂ ਹੀ ਅਤਿ ਪੁਰਾਣੀਆਂ ਕਾਪੀਆਂ ਹਨ, ਜਿਨ੍ਹਾਂ ਵਿਚੋਂ ਕੁਝ ਕਾਪੀਆਂ ਦੀ ਮਿਤੀ ਯਿਸੂ ਅਤੇ ਉਸ ਦੇ ਰਸੂਲਾਂ ਦੇ ਸਮੇਂ ਦੇ ਲਗਭਗ ਹੈ। ਇਸ ਲਈ, ਜਿਵੇਂ ਸਰ ਫਰੈਡਰਿਕ ਕੈਨਿਅਨ ਆਖਦਾ ਹੈ: “ਕਿਸੇ ਵੀ ਸ਼ੱਕ ਦੀ ਅੰਤਮ ਬੁਨਿਆਦ, ਹੁਣ ਦੂਰ ਕਰ ਦਿੱਤੀ ਗਈ ਹੈ ਕਿ ਮੂਲ ਰੂਪ ਵਿਚ ਸ਼ਾਸਤਰ ਸਾਡੇ ਕੋਲ ਉਸੇ ਤਰ੍ਹਾਂ ਪਹੁੰਚੇ ਹਨ ਜਿਵੇਂ ਲਿਖੇ ਗਏ ਸਨ।”—ਦ ਬਾਈਬਲ ਐਂਡ ਆਰਕੀਓਲੋਜੀ, ਸਫ਼ੇ 288, 289.
19. (ੳ) ਬਾਈਬਲ ਵਿਚ ਮਿਲਾਵਟ ਕਰਨ ਦੇ ਇਕ ਯਤਨ ਦਾ ਕਿਹੜਾ ਇਕ ਉਦਾਹਰਣ ਹੈ? (ਅ) ਜਿਸ ਤਰੀਕੇ ਨਾਲ 1 ਯੂਹੰਨਾ 5:7 ਕੁਝ ਬਾਈਬਲਾਂ ਵਿਚ ਪਾਇਆ ਜਾਂਦਾ ਹੈ, ਉਹ ਕਿਉਂ ਬਾਈਬਲ ਦਾ ਇਕ ਹਿੱਸਾ ਨਹੀਂ ਹੈ?
19 ਇਸ ਦਾ ਅਰਥ ਇਹ ਨਹੀਂ ਹੈ ਕਿ ਪਰਮੇਸ਼ੁਰ ਦੇ ਬਚਨ ਨੂੰ ਤਬਦੀਲ ਕਰਨ ਦੇ ਯਤਨ ਨਹੀਂ ਹੋਏ ਹਨ। ਇਹ ਯਤਨ ਹੋਏ ਹਨ। ਇਕ ਧਿਆਨਯੋਗ ਉਦਾਹਰਣ 1 ਯੂਹੰਨਾ 5:7 ਹੈ। 1611 ਦੇ ਕਿੰਗ ਜੇਮਜ਼ ਵਰਯਨ ਵਿਚ ਇਹ ਆਖਦਾ ਹੈ: “ਸਵਰਗ ਵਿਚ ਤਿੰਨ ਹਨ ਜਿਹੜੇ ਸਾਖੀ ਦਿੰਦੇ ਹਨ, ਪਿਤਾ, ਸ਼ਬਦ, ਅਤੇ ਪਵਿੱਤਰ ਆਤਮਾ; ਅਤੇ ਇਹ ਤਿੰਨੇ ਇਕੋ ਹੀ ਹਨ।” ਹਾਲਾਂਕਿ ਇਹ ਸ਼ਬਦ ਬਾਈਬਲ ਦੀਆਂ ਕਿਸੇ ਵੀ ਅਤਿ ਪੁਰਾਣੀਆਂ ਕਾਪੀਆਂ ਵਿਚ ਨਹੀਂ ਪਾਏ ਜਾਂਦੇ ਹਨ। ਇਨ੍ਹਾਂ ਸ਼ਬਦਾਂ ਨੂੰ ਅਜਿਹੇ ਵਿਅਕਤੀ ਨੇ ਨਾਲ ਮਿਲਾਇਆ ਸੀ ਜੋ ਤ੍ਰਿਏਕ ਦੀ ਸਿੱਖਿਆ ਨੂੰ ਸਮਰਥਨ ਦੇਣ ਦੀ ਕੋਸ਼ਿਸ ਕਰ ਰਿਹਾ ਸੀ। ਜਦੋਂ ਇਹ ਸਪੱਸ਼ਟ ਹੈ ਕਿ ਇਹ ਸ਼ਬਦ ਪਰਮੇਸ਼ੁਰ ਦੇ ਬਚਨ ਦਾ ਵਾਸਤਵਿਕ ਹਿੱਸਾ ਨਹੀਂ ਹਨ, ਉਨ੍ਹਾਂ ਦਾ ਸੁਧਾਰ ਕੀਤਾ ਗਿਆ ਅਤੇ ਇਹ ਸ਼ਬਦ ਨਵੀਆਂ ਬਾਈਬਲਾਂ ਵਿਚ ਨਹੀਂ ਪਾਏ ਜਾਂਦੇ ਹਨ।
20. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਬਾਈਬਲ ਇਕ ਸ਼ੁੱਧ ਰੂਪ ਵਿਚ ਕਾਇਮ ਰੱਖੀ ਗਈ ਹੈ?
20 ਇਸ ਲਈ ਕੋਈ ਵਿਅਕਤੀ ਜਿਹੜਾ ਇਹ ਆਖਦਾ ਹੈ ਕਿ ਬਾਈਬਲ ਵਿਚ ਉਹੀ ਜਾਣਕਾਰੀ ਨਹੀਂ ਪਾਈ ਜਾਂਦੀ ਹੈ ਜਿਵੇਂ ਉਹ ਮੁੱਢ ਵਿਚ ਲਿਖੀ ਗਈ ਸੀ, ਅਸਲ ਵਿਚ ਹਕੀਕਤਾਂ ਨੂੰ ਨਹੀਂ ਜਾਣਦਾ ਹੈ। ਯਹੋਵਾਹ ਪਰਮੇਸ਼ੁਰ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਉਸ ਦਾ ਬਚਨ ਕੇਵਲ ਉਨ੍ਹਾਂ ਗ਼ਲਤੀਆਂ ਤੋਂ ਹੀ ਨਾ ਬਚਾਇਆ ਜਾਵੇ ਜਿਹੜੀਆਂ ਨਕਲਨਵੀਸਾਂ ਨੇ ਕੀਤੀਆਂ ਸਨ ਪਰ ਹੋਰ ਲੋਕਾਂ ਦੁਆਰਾ ਇਸ ਵਿਚ ਮਿਲਾਵਟ ਕਰਨ ਦੇ ਯਤਨਾਂ ਤੋਂ ਵੀ ਬਚਾਇਆ ਜਾਵੇ। ਖ਼ੁਦ ਬਾਈਬਲ ਵਿਚ ਪਰਮੇਸ਼ੁਰ ਦਾ ਇਹ ਵਾਇਦਾ ਪਾਇਆ ਜਾਂਦਾ ਹੈ ਕਿ ਉਸ ਦਾ ਬਚਨ ਅੱਜ ਸਾਡੇ ਲਈ ਸ਼ੁੱਧ ਰੂਪ ਵਿਚ ਕਾਇਮ ਰੱਖਿਆ ਜਾਵੇਗਾ।—ਜ਼ਬੂਰਾਂ ਦੀ ਪੋਥੀ 12:6; ਦਾਨੀਏਲ 12:4; 1 ਪਤਰਸ 1:24, 25; ਪਰਕਾਸ਼ ਦੀ ਪੋਥੀ 22:18, 19.
ਕੀ ਬਾਈਬਲ ਵਾਸਤਵ ਵਿਚ ਸੱਚੀ ਹੈ?
21. ਯਿਸੂ ਪਰਮੇਸ਼ੁਰ ਦੇ ਬਚਨ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਦਾ ਸੀ?
21 ਯਿਸੂ ਮਸੀਹ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਆਖਿਆ ਸੀ: “ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਪਰ ਕੀ ਹਕੀਕਤਾਂ ਇਸ ਨੂੰ ਸਮਰਥਨ ਦਿੰਦੀਆਂ ਹਨ? ਜਦੋਂ ਬਾਈਬਲ ਨੂੰ ਧਿਆਨ ਨਾਲ ਪਰਖਿਆ ਜਾਂਦਾ ਹੈ, ਤਾਂ ਕੀ ਸਾਨੂੰ ਇਹ ਪਤਾ ਚਲਦਾ ਹੈ ਕਿ ਇਹ ਵਾਸਤਵ ਵਿਚ ਸਚਿਆਈ ਹੈ? ਇਤਿਹਾਸ ਦੇ ਵਿਦਿਆਰਥੀ ਜਿਨ੍ਹਾਂ ਨੇ ਬਾਈਬਲ ਦਾ ਅਧਿਐਨ ਕੀਤਾ ਹੈ ਅਕਸਰ ਉਸ ਦੀ ਸ਼ੁੱਧਤਾ ਉੱਤੇ ਹੈਰਾਨ ਹੁੰਦੇ ਹਨ। ਬਾਈਬਲ ਵਿਚ ਵਿਸ਼ਿਸ਼ਟ ਨਾਂ ਅਤੇ ਤਫ਼ਸੀਲ ਪਾਏ ਜਾਂਦੇ ਹਨ ਜਿਹੜੇ ਪ੍ਰਮਾਣਿਤ ਕੀਤੇ ਜਾ ਸਕਦੇ ਹਨ। ਕੁਝ ਉਦਾਹਰਣਾਂ ਉੱਤੇ ਵਿਚਾਰ ਕਰੋ।
22-25. ਕਿਹੜੇ ਕੁਝ ਉਦਾਹਰਣ ਹਨ ਜਿਹੜੇ ਦਿਖਾਉਂਦੇ ਹਨ ਕਿ ਬਾਈਬਲ ਵਿਚ ਸੱਚਾ ਇਤਿਹਾਸ ਪਾਇਆ ਜਾਂਦਾ ਹੈ?
22 ਕਾਰਨਕ, ਮਿਸਰ ਵਿਚ ਇਸ ਮੰਦਰ ਦੀ ਦੀਵਾਰ ਦੀਆਂ ਤਸਵੀਰਾਂ ਅਤੇ ਲਿਖਾਈ ਉੱਤੇ ਨਜ਼ਰ ਮਾਰੋ। ਇਹ ਸੁਲੇਮਾਨ ਦੇ ਪੁੱਤਰ ਯਾਰਾਬੁਆਮ ਦੇ ਸ਼ਾਸਨ ਦੇ ਦੌਰਾਨ, ਫ਼ਿਰਊਨ ਸ਼ੀਸ਼ਕ ਦੀ, ਯਹੂਦਾਹ ਦੇ ਰਾਜ ਉੱਤੇ ਤਕਰੀਬਨ 3,000 ਸਾਲ ਪਹਿਲਾਂ ਦੀ ਵਿਜੇ ਨੂੰ ਦਰਸਾਉਂਦੀਆਂ ਹਨ। ਬਾਈਬਲ ਉਹੀ ਘਟਨਾ ਬਾਰੇ ਦੱਸਦੀ ਹੈ।—1 ਰਾਜਿਆਂ 14:25, 26.
23 ਮੋਆਬਾਈਟ ਸਟੋਨ ਨੂੰ ਵੀ ਦੇਖੋ। ਮੂਲ ਪੱਥਰ ਪੈਰਿਸ, ਫ਼ਰਾਂਸ ਦੀ ਲੂਵਰ ਮਿਊਜ਼ੀਅਮ ਵਿਚ ਦੇਖਿਆ ਜਾ ਸਕਦਾ ਹੈ। ਇਹ ਲਿਖਤਾਂ ਮੋਆਬ ਦੇ ਪਾਤਸ਼ਾਹ ਮੇਸ਼ਾ ਦੁਆਰਾ ਇਸਰਾਏਲ ਦੇ ਵਿਰੁੱਧ ਬਗਾਵਤ ਬਾਰੇ ਦੱਸਦੀਆਂ ਹਨ। ਇਸ ਘਟਨਾ ਨੂੰ ਵੀ ਬਾਈਬਲ ਵਿਚ ਲਿਖਿਆ ਗਿਆ ਹੈ।—2 ਰਾਜਿਆਂ 1:1; 3:4-27.
24 ਦੂਰ ਸੱਜੇ ਪਾਸੇ, ਯਰੂਸ਼ਲਮ ਵਿਚ ਸਿਲੋਆਮ ਦਾ ਤਲਾਓ ਅਤੇ 1,749 ਫ਼ੁੱਟ ਲੰਬੀ (533 ਮੀਟਰ ਲੰਬੀ) ਪਾਣੀ ਦੀ ਸੁਰੰਗ ਦਾ ਪ੍ਰਵੇਸ਼-ਦੁਆਰ ਇੱਥੇ ਦਿਖਾਏ ਗਏ ਹਨ। ਯਰੂਸ਼ਲਮ ਗਏ ਆਧੁਨਿਕ ਦਿਨਾਂ ਦੇ ਅਨੇਕ ਮੁਲਾਕਾਤੀ ਇਸ ਸੁਰੰਗ ਵਿਚੋਂ ਲੰਘੇ ਹਨ। ਇਸ ਦੀ ਹੋਂਦ ਹੋਰ ਸਬੂਤ ਹੈ ਕਿ ਬਾਈਬਲ ਸੱਚੀ ਹੈ। ਇਹ ਕਿਸ ਤਰ੍ਹਾਂ? ਕਿਉਂਕਿ ਬਾਈਬਲ ਵਿਆਖਿਆ ਕਰਦੀ ਹੈ ਕਿ 2,500 ਤੋਂ ਜ਼ਿਆਦਾ ਸਾਲ ਪਹਿਲਾਂ ਪਾਤਸ਼ਾਹ ਹਿਜ਼ਕੀਯਾਹ ਨੇ ਚੜ੍ਹਾਈ ਕਰ ਰਹੀ ਇਕ ਫ਼ੋਜ ਤੋਂ ਆਪਣੇ ਪਾਣੀ ਦੀ ਸਪਲਾਈ ਦੀ ਸੁਰੱਖਿਆ ਕਰਨ ਵਾਸਤੇ ਇਹ ਸੁਰੰਗ ਬਣਵਾਈ ਸੀ।—2 ਰਾਜਿਆਂ 20:20; 2 ਇਤਹਾਸ 32:2-4, 30.
25 ਇਕ ਮੁਲਾਕਾਤੀ ਬ੍ਰਿਟਿਸ਼ ਮਿਊਜ਼ੀਅਮ ਵਿਚ ਨਿਬੌਨਿਡਸ ਕਰੌਨਿਕਲ ਦੇਖ ਸਕਦਾ ਹੈ, ਜਿਸ ਦੀ ਕਾਪੀ ਸੱਜੇ ਪਾਸੇ ਦੇਖੀ ਜਾਂਦੀ ਹੈ। ਇਹ ਪ੍ਰਾਚੀਨ ਬਾਬੁਲ ਦੇ ਪਤਨ ਦਾ ਵਰਣਨ ਕਰਦੀ ਹੈ, ਜਿਵੇਂ ਬਾਈਬਲ ਵੀ ਕਰਦੀ ਹੈ। (ਦਾਨੀਏਲ 5:30, 31) ਲੇਕਨ ਬਾਈਬਲ ਆਖਦੀ ਹੈ ਕਿ ਉਦੋਂ ਬਾਬੁਲ ਦਾ ਰਾਜਾ ਬੇਲਸ਼ੱਸਰ ਸੀ। ਪਰ ਨਿਬੌਨਿਡਸ ਕਰੌਨਿਕਲ ਬੇਲਸ਼ੱਸਰ ਦੇ ਨਾਂ ਦਾ ਜ਼ਿਕਰ ਵੀ ਨਹੀਂ ਕਰਦਾ ਹੈ। ਅਸਲ ਵਿਚ, ਇਕ ਸਮੇਂ ਸਾਰੀਆਂ ਗਿਆਤ ਪ੍ਰਾਚੀਨ ਲਿਖਤਾਂ ਕਹਿੰਦੀਆਂ ਸਨ ਕਿ ਨਿਬੌਨਿਡਸ ਬਾਬੁਲ ਦਾ ਆਖਰੀ ਰਾਜਾ ਸੀ। ਇਸ ਲਈ ਕੁਝ ਲੋਕਾਂ ਨੇ ਜਿਹੜੇ ਆਖਦੇ ਸਨ ਕਿ ਬਾਈਬਲ ਸੱਚ ਨਹੀਂ ਹੈ ਦਾਅਵਾ ਕੀਤਾ ਕਿ ਬੇਲਸ਼ੱਸਰ ਕਦੀ ਹੋਂਦ ਵਿਚ ਸੀ ਹੀ ਨਹੀਂ ਅਤੇ ਬਾਈਬਲ ਗ਼ਲਤ ਸੀ। ਪਰ ਹਾਲ ਦੇ ਸਾਲਾਂ ਵਿਚ ਪ੍ਰਾਚੀਨ ਲਿਖਤਾਂ ਲੱਭੀਆਂ ਹਨ ਜਿਨ੍ਹਾਂ ਨੇ ਬੇਲਸ਼ੱਸਰ ਨੂੰ ਉਸ ਸਮੇਂ ਬਾਬੁਲ ਵਿਚ ਨਿਬੌਨਿਡਸ ਦਾ ਪੁੱਤਰ ਅਤੇ ਆਪਣੇ ਪਿਤਾ ਦੇ ਨਾਲ ਸੰਗੀ ਸ਼ਾਸਕ ਦਿਖਾਇਆ ਹੈ! ਹਾਂ, ਬਾਈਬਲ ਵਾਸਤਵ ਵਿਚ ਸੱਚੀ ਹੈ, ਜਿਸ ਤਰ੍ਹਾਂ ਅਨੇਕ ਉਦਾਹਰਣ ਸਾਬਤ ਕਰਦੇ ਹਨ।
26. ਕੀ ਸਬੂਤ ਹੈ ਕਿ ਬਾਈਬਲ ਵਿਗਿਆਨਕ ਤੌਰ ਤੇ ਸਹੀ ਹੈ?
26 ਫਿਰ ਵੀ ਬਾਈਬਲ ਵਿਚ ਕੇਵਲ ਸਹੀ ਇਤਿਹਾਸ ਹੀ ਨਹੀਂ ਪਾਇਆ ਜਾਂਦਾ ਹੈ। ਹਰ ਗੱਲ ਜਿਹੜੀ ਉਹ ਆਖਦੀ ਹੈ ਸੱਚ ਹੈ। ਜਦੋਂ ਉਹ ਵਿਗਿਆਨ ਦੇ ਵਿਸ਼ਿਆਂ ਦਾ ਜ਼ਿਕਰ ਕਰਦੀ ਹੈ, ਤਦ ਵੀ ਉਹ ਅਦਭੁਤ ਤੌਰ ਤੇ ਸਹੀ ਹੈ। ਕੇਵਲ ਦੋ ਉਦਾਹਰਣ ਲਵੋ: ਪ੍ਰਾਚੀਨ ਸਮਿਆਂ ਵਿਚ ਆਮ ਤੌਰ ਤੇ ਇਹ ਮੰਨਿਆਂ ਜਾਂਦਾ ਸੀ ਕਿ ਧਰਤੀ ਦਾ ਕੋਈ ਦ੍ਰਿਸ਼ਟ ਸਹਾਰਾ ਹੈ, ਕਿ ਉਹ ਕਿਸੇ ਚੀਜ਼ ਉੱਤੇ ਜਿਵੇਂ ਕਿ ਕਿਸੇ ਦੈਂਤ ਦੇ ਉਪਰ ਟਿਕੀ ਹੋਈ ਹੈ। ਪਰ ਵਿਗਿਆਨਕ ਸਬੂਤ ਦੇ ਨਾਲ ਪੂਰਣ ਸਹਿਮਤੀ ਵਿਚ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ “ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ!” (ਅੱਯੂਬ 26:7) ਅਤੇ ਇਹ ਕਹਿਣ ਦੀ ਬਜਾਇ ਕਿ ਧਰਤੀ ਚਪਟੀ ਹੈ, ਜਿਵੇਂ ਕਿ ਭੂਤਕਾਲ ਵਿਚ ਅਨੇਕ ਮੰਨਦੇ ਸਨ, ਬਾਈਬਲ ਆਖਦੀ ਹੈ ਕਿ ਪਰਮੇਸ਼ੁਰ “ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ।”—ਯਸਾਯਾਹ 40:22.
27. (ੳ) ਸਭ ਤੋਂ ਤਾਕਤਵਰ ਸਬੂਤ ਕੀ ਹੈ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ? (ਅ) ਇਬਰਾਨੀ ਸ਼ਾਸਤਰਾਂ ਨੇ ਪਰਮੇਸ਼ੁਰ ਦੇ ਪੁੱਤਰ ਬਾਰੇ ਕਿਹੜੀਆਂ ਚੀਜ਼ਾਂ ਦੀ ਸਹੀ ਤੌਰ ਤੇ ਭਵਿੱਖਬਾਣੀ ਕੀਤੀ ਸੀ?
27 ਪਰ ਸਭ ਤੋਂ ਵੱਡਾ ਸਬੂਤ ਕਿ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ ਇਹ ਉਸ ਦੇ ਭਵਿੱਖ ਬਾਰੇ ਪਹਿਲਾਂ ਖ਼ਬਰ ਦੇਣ ਦਾ ਸੰਪੂਰਣ ਉਲੇਖ ਹੈ। ਮਨੁੱਖਾਂ ਦੇ ਦੁਆਰਾ ਕੋਈ ਵੀ ਕਿਤਾਬ, ਇਤਿਹਾਸ ਦੇ ਵਾਪਰਣ ਤੋਂ ਪਹਿਲਾਂ ਉਸ ਦੀ ਸਹੀ ਤੌਰ ਤੇ ਖ਼ਬਰ ਨਹੀਂ ਦਿੰਦੀ ਹੈ; ਪਰ ਬਾਈਬਲ ਦਿੰਦੀ ਹੈ। ਉਹ ਸਹੀ ਭਵਿੱਖਬਾਣੀਆਂ ਨਾਲ ਭਰਪੂਰ ਹੈ, ਹਾਂ, ਉਹ ਇਤਿਹਾਸ ਨਾਲ ਜਿਹੜਾ ਅਸਲ ਵਿਚ ਅਗਾਊ ਲਿਖਿਆ ਗਿਆ ਸੀ। ਇਨ੍ਹਾਂ ਵਿਚੋਂ ਕੁਝ ਸਭ ਤੋਂ ਜ਼ਿਆਦਾ ਧਿਆਨਯੋਗ ਭਵਿੱਖਬਾਣੀਆਂ ਉਹ ਹਨ ਜਿਹੜੀਆਂ ਪਰਮੇਸ਼ੁਰ ਦੇ ਪੁੱਤ੍ਰ ਦੇ ਧਰਤੀ ਉੱਤੇ ਆਉਣ ਦੇ ਸੰਬੰਧ ਵਿਚ ਹਨ। ਕਈ ਸੈਂਕੜੇ ਸਾਲ ਅਗਾਊ ਇਬਰਾਨੀ ਸ਼ਾਸਤਰਾਂ ਨੇ ਸਹੀ ਤੌਰ ਤੇ ਭਵਿੱਖਬਾਣੀ ਕੀਤੀ ਸੀ ਕਿ ਇਸ ਵਾਇਦਾ ਕੀਤੇ ਹੋਏ ਵਿਅਕਤੀ ਦਾ ਜਨਮ ਬੈਤਲਹਮ ਵਿਚ ਹੋਵੇਗਾ, ਕਿ ਉਹ ਇਕ ਕੁਆਰੀ ਤੋਂ ਪੈਦਾ ਹੋਵੇਗਾ, ਕਿ ਉਹ ਚਾਂਦੀ ਦੇ 30 ਰੁਪਏ [ਸਿੱਕਿਆਂ] ਲਈ ਫੜਵਾਇਆ ਜਾਵੇਗਾ, ਕਿ ਉਹ ਪਾਪੀਆਂ ਨਾਲ ਗਿਣਿਆ ਜਾਵੇਗਾ, ਕਿ ਉਸ ਦੇ ਸਰੀਰ ਦੀ ਇਕ ਹੱਡੀ ਵੀ ਨਹੀਂ ਤੋੜੀ ਜਾਵੇਗੀ, ਕਿ ਉਸ ਦੇ ਕੱਪੜਿਆਂ ਉੱਤੇ ਗੁਣੇ ਪਾਏ ਜਾਣਗੇ, ਅਤੇ ਹੋਰ ਕਈ ਅਨੇਕ ਤਫ਼ਸੀਲਾਂ।—ਮੀਕਾਹ 5:2; ਮੱਤੀ 2:3-9; ਯਸਾਯਾਹ 7:14; ਮੱਤੀ 1:22, 23; ਜ਼ਕਰਯਾਹ 11:12, 13; ਮੱਤੀ 27:3-5; ਯਸਾਯਾਹ 53:12; ਲੂਕਾ 22:37, 52; 23:32, 33; ਜ਼ਬੂਰਾਂ ਦੀ ਪੋਥੀ 34:20; ਯੂਹੰਨਾ 19:36; ਜ਼ਬੂਰਾਂ ਦੀ ਪੋਥੀ 22:18; ਮੱਤੀ 27:35.
28. (ੳ) ਅਸੀਂ ਕਿਉਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਜਿਹੜੀਆਂ ਹਾਲੇ ਪੂਰੀਆਂ ਨਹੀਂ ਹੋਈਆਂ ਹਨ, ਉਹ ਵੀ ਪੂਰੀਆਂ ਹੋਣਗੀਆਂ? (ਅ) ਬਾਈਬਲ ਦਾ ਜਾਰੀ ਅਧਿਐਨ ਤੁਹਾਨੂੰ ਕਿਸ ਚੀਜ਼ ਬਾਰੇ ਯਕੀਨ ਦਿਲਾਵੇਗਾ?
28 ਜਿਸ ਤਰ੍ਹਾਂ ਇਸ ਕਿਤਾਬ ਦੇ ਪਹਿਲੇ ਅਧਿਆਇ ਵਿਚ ਕਿਹਾ ਗਿਆ ਸੀ, ਬਾਈਬਲ ਇਹ ਵੀ ਭਵਿੱਖਬਾਣੀ ਕਰਦੀ ਹੈ ਕਿ ਇਹ ਪੁਰਾਣੀ ਰੀਤੀ-ਵਿਵਸਥਾ ਹੁਣ ਜਲਦੀ ਹੀ ਖ਼ਤਮ ਹੋ ਜਾਵੇਗੀ ਅਤੇ ਉਸ ਦੀ ਥਾਂ ਤੇ ਇਕ ਨਵੀਂ ਧਾਰਮਿਕ ਵਿਵਸਥਾ ਆਵੇਗੀ। (ਮੱਤੀ 24:3-14; 2 ਪਤਰਸ 3:7, 13) ਕੀ ਅਸੀਂ ਹਾਲੇ ਪੂਰੀਆਂ ਹੋਣ ਵਾਲੀਆਂ ਅਜਿਹੀਆਂ ਭਵਿੱਖਬਾਣੀਆਂ ਉੱਤੇ ਭਰੋਸਾ ਕਰ ਸਕਦੇ ਹਾਂ? ਭਲਾ, ਅਗਰ ਕੋਈ ਵਿਅਕਤੀ ਤੁਹਾਨੂੰ ਸੌ ਵਾਰ ਸੱਚ ਦੱਸੇ, ਕੀ ਤੁਸੀਂ ਅਚਾਨਕ ਉਸ ਉੱਤੇ ਸ਼ੱਕ ਕਰੋਗੇ ਜਦੋਂ ਉਹ ਤੁਹਾਨੂੰ ਕੁਝ ਨਵੀਂ ਗੱਲ ਦੱਸੇ? ਅਗਰ ਤੁਸੀਂ ਉਸ ਨੂੰ ਕਦੇ ਵੀ ਗ਼ਲਤ ਨਹੀਂ ਪਾਇਆ ਸੀ, ਕੀ ਹੁਣ ਤੁਸੀਂ ਉਸ ਉੱਤੇ ਸ਼ੱਕ ਕਰਨ ਲੱਗ ਪਵੋਗੇ? ਇਹ ਕਿੰਨਾ ਅਨੁਚਿਤ ਹੋਵੇਗਾ! ਇਸੇ ਹੀ ਤਰ੍ਹਾਂ ਜੋ ਕੁਝ ਵੀ ਪਰਮੇਸ਼ੁਰ ਬਾਈਬਲ ਵਿਚ ਵਾਇਦਾ ਕਰਦਾ ਹੈ ਸਾਨੂੰ ਉਸ ਉੱਤੇ ਸ਼ੱਕ ਕਰਨ ਦਾ ਕੋਈ ਵੀ ਕਾਰਨ ਨਹੀਂ ਹੈ। ਉਸ ਦੇ ਬਚਨ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ! (ਤੀਤੁਸ 1:2) ਬਾਈਬਲ ਦਾ ਅਧਿਐਨ ਜਾਰੀ ਰੱਖਣ ਨਾਲ, ਤੁਹਾਨੂੰ ਵੀ ਇਨ੍ਹਾਂ ਹਕੀਕਤਾਂ ਦੁਆਰਾ ਹੋਰ ਜ਼ਿਆਦਾ ਯਕੀਨ ਹੋ ਜਾਵੇਗੇ ਕਿ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ।
[ਸਫ਼ੇ 49 ਉੱਤੇ ਤਸਵੀਰ]
ਪਰਮੇਸ਼ੁਰ ਨੇ ਮਨੁੱਖਾਂ ਨੂੰ ਬਾਈਬਲ ਲਿੱਖਣ ਲਈ ਇਸਤੇਮਾਲ ਕੀਤਾ ਸੀ ਜਿਵੇਂ ਇਕ ਵਪਾਰੀ ਇਕ ਸੈਕਟਰੀ ਨੂੰ ਚਿੱਠੀ ਲਿੱਖਣ ਲਈ ਇਸਤੇਮਾਲ ਕਰਦਾ ਹੈ
[ਸਫ਼ੇ 50 ਉੱਤੇ ਤਸਵੀਰ]
ਕੁਝ ਧਾਰਮਿਕ ਆਗੂਆਂ ਨੇ ਬਾਈਬਲ ਨੂੰ ਆਮ ਲੋਕਾਂ ਤੋਂ ਦੂਰ ਰੱਖਣ ਦਾ ਯਤਨ ਕੀਤਾ, ਇੱਥੇ ਤਕ ਕਿ ਜਿਨ੍ਹਾਂ ਵਿਅਕਤੀਆਂ ਕੋਲ ਇਹ ਪਾਈ ਜਾਂਦੀ ਸੀ ਉਨ੍ਹਾਂ ਨੂੰ ਖੰਭਿਆਂ ਉੱਤੇ ਜਲਾ ਦਿੰਦੇ ਸਨ
[ਸਫ਼ੇ 52, 53 ਉੱਤੇ ਤਸਵੀਰ]
ਯਸਾਯਾਹ ਦੀ ਮ੍ਰਿਤ ਸਾਗਰ ਪੋਥੀ
[ਸਫ਼ੇ 54, 55 ਉੱਤੇ ਤਸਵੀਰਾਂ]
ਕਾਰਨਕ, ਮਿਸਰ ਵਿਚ ਮੰਦਰ ਦੀ ਦੀਵਾਰ
[ਸਫ਼ੇ 55 ਉੱਤੇ ਤਸਵੀਰ]
ਮੋਆਬਾਈਟ ਸਟੋਨ
[ਸਫ਼ੇ 55 ਉੱਤੇ ਤਸਵੀਰ]
ਨਿਬੌਨਿਡਸ ਕਰੌਨਿਕਲ
[ਸਫ਼ੇ 55 ਉੱਤੇ ਤਸਵੀਰ]
ਹਿਜ਼ਕੀਯਾਹ ਦੀ ਸੁਰੰਗ ਦਾ ਪ੍ਰਵੇਸ਼-ਦੁਆਰ ਅਤੇ ਸਿਲੋਆਮ ਦਾ ਤਲਾਓ