ਅਧਿਆਇ 28
ਇਕ ਦੂਸਰੇ ਨਾਲ ਪ੍ਰੇਮ ਵਿਚ ਮਿਲ ਕੇ ਰਹਿਣਾ
1.(ੳ)ਤੁਸੀਂ ਪਰਮੇਸ਼ੁਰ ਦੇ ਸੰਗਠਨ ਦਾ ਇਕ ਹਿੱਸਾ ਕਿਵੇਂ ਬਣ ਸਕਦੇ ਹੋ? (ਅ) ਤੁਹਾਨੂੰ ਫਿਰ ਕਿਹੜੇ ਹੁਕਮ ਦੀ ਪਾਲਣਾ ਕਰਨੀ ਪਵੇਗੀ?
ਜਿਉਂ ਹੀ ਤੁਸੀਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਗਿਆਨ ਅਤੇ ਕਦਰਦਾਨੀ ਵਿਚ ਵੱਧਦੇ ਜਾਂਦੇ ਹੋ, ਤੁਸੀਂ ਉਨ੍ਹਾਂ ਵਿਅਕਤੀਆਂ ਦੇ ਨਾਲ ਬਾਕਾਇਦਾ ਸੰਗਤ ਕਰਨੀ ਚਾਹੋਗੇ ਜਿਹੜੇ ਉਹੀ ਵਿਸ਼ਵਾਸ ਅਤੇ ਉਮੀਦ ਰੱਖਦੇ ਹਨ। ਇਸ ਤਰ੍ਹਾਂ ਕਰਨ ਨਾਲ, ਤੁਸੀਂ ਪਰਮੇਸ਼ੁਰ ਦੇ ਦ੍ਰਿਸ਼ਟ ਸੰਗਠਨ, ਇਕ ਸੱਚੇ ਮਸੀਹੀ ਭਾਈਚਾਰੇ ਦਾ ਹਿੱਸਾ ਬਣ ਜਾਓਗੇ। “ਸਭਨਾਂ . . . ਭਾਈਆਂ ਨਾਲ ਪ੍ਰੇਮ ਰੱਖੋ” ਫਿਰ ਇਕ ਉਹ ਹੁਕਮ ਹੋਵੇਗਾ ਜਿਸ ਦੀ ਪਾਲਣਾ ਤੁਹਾਨੂੰ ਕਰਨੀ ਪਵੇਗੀ।—1 ਪਤਰਸ 2:17, ਟੇਢੇ ਟਾਈਪ ਸਾਡੇ; 5:8, 9.
2.(ੳ)ਯਿਸੂ ਨੇ ਆਪਣੇ ਅਨੁਯਾਈਆਂ ਨੂੰ ਕਿਹੜਾ ਨਵਾਂ ਹੁਕਮ ਦਿੱਤਾ ਸੀ? (ਅ) ਇਹ ਸ਼ਬਦ “ਇੱਕ ਦੂਏ” ਅਤੇ “ਆਪੋ ਵਿੱਚ” ਸਪੱਸ਼ਟ ਤੌਰ ਤੇ ਕੀ ਦਿਖਾਉਂਦੇ ਹਨ? (ੲ) ਪ੍ਰੇਮ ਰੱਖਣਾ ਕਿੰਨਾ ਮਹੱਤਵਪੂਰਣ ਹੈ?
2 ਯਿਸੂ ਮਸੀਹ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਉਸ ਦੇ ਅਨੁਯਾਈਆਂ ਲਈ ਇਕ ਦੂਸਰੇ ਨਾਲ ਪ੍ਰੇਮ ਰੱਖਣਾ ਕਿੰਨਾ ਮਹੱਤਵਪੂਰਣ ਹੈ। ਉਹ ਨੇ ਉਨ੍ਹਾਂ ਨੂੰ ਆਖਿਆ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ . . . ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35, ਟੇਢੇ ਟਾਈਪ ਸਾਡੇ) ਇਹ ਸ਼ਬਦ “ਇੱਕ ਦੂਏ” ਅਤੇ “ਆਪੋ ਵਿੱਚ” ਸਪੱਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਸਾਰੇ ਸੱਚੇ ਮਸੀਹੀ ਇਕ ਸਮੂਹ ਯਾ ਸੰਗਠਨ ਵਿਚ ਇਕੱਠੇ ਹੋਣਗੇ। (ਰੋਮੀਆਂ 12:5; ਅਫ਼ਸੀਆਂ 4:25) ਅਤੇ ਇਸ ਸੰਗਠਨ ਦੀ ਇਹ ਪਛਾਣ ਹੋਵੇਗੀ ਕਿ ਉਸ ਦੇ ਸਦੱਸ ਆਪੋ ਵਿਚ ਇਕ ਦੂਸਰੇ ਨਾਲ ਪ੍ਰੇਮ ਰੱਖਦੇ ਹਨ। ਅਗਰ ਇਕ ਵਿਅਕਤੀ ਪ੍ਰੇਮ ਨਹੀਂ ਕਰਦਾ, ਬਾਕੀ ਸਭ ਕੁਝ ਵਿਅਰਥ ਹੈ।—1 ਕੁਰਿੰਥੀਆਂ 13:1-3.
3.ਬਾਈਬਲ ਕਿਵੇਂ ਸਾਥੀ ਮਸੀਹੀਆਂ ਨਾਲ ਪ੍ਰੇਮ ਰੱਖਣ ਅਤੇ ਉਨ੍ਹਾਂ ਦੀ ਪਰਵਾਹ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦੀ ਹੈ?
3 ਇਸ ਦੇ ਕਾਰਨ, ਪਹਿਲੇ ਮਸੀਹੀਆਂ ਨੂੰ ਅਕਸਰ ਅਜਿਹੀਆਂ ਤਾਕੀਦਾਂ ਦਿੱਤੀਆਂ ਜਾਂਦੀਆਂ ਸਨ ਜਿਵੇਂ: “ਇੱਕ ਦੂਏ ਨਾਲ ਗੂੜ੍ਹਾ ਹਿੱਤ ਰੱਖੋ।” “ਇੱਕ ਦੂਏ ਨੂੰ ਕਬੂਲ ਕਰੋ।” “ਇੱਕ ਦੂਏ ਦੀ ਟਹਿਲ ਸੇਵਾ ਕਰੋ।” “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ।” “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ।” “ਤੁਸੀਂ ਇੱਕ ਦੂਏ ਨੂੰ ਤਸੱਲੀ ਦਿਓ ਅਤੇ ਇੱਕ ਦੂਏ ਦੀ ਉੱਨਤੀ ਕਰੋ।” “ਆਪੋ ਵਿੱਚ ਮੇਲ ਰੱਖੋ।” “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।”—ਰੋਮੀਆਂ 12:10; 15:7; ਗਲਾਤੀਆਂ 5:13; ਅਫ਼ਸੀਆਂ 4:32; ਕੁਲੁੱਸੀਆਂ 3:13, 14; 1 ਥੱਸਲੁਨੀਕੀਆਂ 5:11, 13; 1 ਪਤਰਸ 4:8; 1 ਯੂਹੰਨਾ 3:23; 4:7, 11.
4.(ੳ) ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਮਸੀਹੀਆਂ ਨੂੰ “ਇੱਕ ਦੂਏ” ਤੋਂ ਇਲਾਵਾ ਹੋਰਾਂ ਨਾਲ ਵੀ ਪ੍ਰੇਮ ਰੱਖਣਾ ਚਾਹੀਦਾ ਹੈ? (ਅ) ਵਿਸ਼ੇਸ਼ ਤੌਰ ਤੇ ਮਸੀਹੀਆਂ ਨੂੰ ਕਿਨ੍ਹਾਂ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ?
4 ਫਿਰ ਵੀ, ਇਸ ਦਾ ਇਹ ਅਰਥ ਨਹੀਂ ਹੈ ਕਿ ਸੱਚੇ ਮਸੀਹੀਆਂ ਨੂੰ ਕੇਵਲ ਪਰਮੇਸ਼ੁਰ ਦੇ ਸੰਗਠਨ ਦੇ ਸਾਥੀ ਸਦੱਸਾਂ ਨਾਲ ਹੀ ਪ੍ਰੇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਦੂਸਰਿਆਂ ਨਾਲ ਵੀ ਪ੍ਰੇਮ ਰੱਖਣਾ ਚਾਹੀਦਾ ਹੈ। ਅਸਲ ਵਿਚ, ਬਾਈਬਲ ਉਨ੍ਹਾਂ ਨੂੰ “ਇੱਕ ਦੂਏ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪ੍ਰੇਮ ਕਰਨ” ਵਿਚ ਵੱਧਣ ਲਈ ਉਤੇਜਿਤ ਕਰਦੀ ਹੈ। (1 ਥੱਸਲੁਨੀਕੀਆਂ 3:12, ਟੇਢੇ ਟਾਈਪ ਸਾਡੇ; 5:15) ਉਚਿਤ ਸੰਤੁਲਿਤ ਦ੍ਰਿਸ਼ਟੀਕੋਣ ਦਿੰਦੇ ਹੋਏ, ਰਸੂਲ ਪੌਲੁਸ ਨੇ ਲਿਖਿਆ: “ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10, ਟੇਢੇ ਟਾਈਪ ਸਾਡੇ) ਸੋ ਜਦ ਕਿ ਮਸੀਹੀਆਂ ਲਈ ਆਵੱਸ਼ਕ ਹੈ ਕਿ ਉਹ ਸਭਨਾਂ ਨਾਲ ਪ੍ਰੇਮ ਕਰਨ, ਜਿਨ੍ਹਾਂ ਵਿਚ ਉਨ੍ਹਾਂ ਦੇ ਦੁਸ਼ਮਣ ਵੀ ਸ਼ਾਮਲ ਹਨ, ਵਿਸ਼ੇਸ਼ ਤੌਰ ਤੇ ਉਨ੍ਹਾਂ ਲਈ ਜ਼ਰੂਰੀ ਹੈ ਉਹ ਪਰਮੇਸ਼ੁਰ ਦੇ ਸੰਗਠਨ ਦੇ ਸਾਥੀ ਸਦੱਸਾਂ, ਆਪਣੇ ਅਧਿਆਤਮਿਕ ਭੈਣਾਂ ਭਰਾਵਾਂ ਨਾਲ ਪ੍ਰੇਮ ਰੱਖਣ।—ਮੱਤੀ 5:44.
5.ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਪਹਿਲੇ ਸਮਿਆਂ ਵਿਚ ਅਤੇ ਅੱਜ ਵੀ ਸੱਚੇ ਮਸੀਹੀ ਆਪਣੇ ਪ੍ਰੇਮ ਲਈ ਪ੍ਰਸਿੱਧ ਹਨ?
5 ਪਹਿਲੇ ਮਸੀਹੀ ਇਸ ਪ੍ਰੇਮ ਲਈ ਜੋ ਉਹ ਆਪਸ ਵਿਚ ਰੱਖਦੇ ਸਨ ਪ੍ਰਸਿੱਧ ਸਨ। ਦੂਸਰੀ ਸਦੀ ਦੇ ਲਿਖਾਰੀ ਟਰਟੂਲੀਅਨ ਦੇ ਅਨੁਸਾਰ, ਲੋਕ ਉਨ੍ਹਾਂ ਦੇ ਸੰਬੰਧ ਵਿਚ ਆਖਦੇ ਸਨ: ‘ਵੇਖੋ ਉਹ ਇਕ ਦੂਏ ਨਾਲ ਕਿਵੇਂ ਪ੍ਰੇਮ ਰੱਖਦੇ ਹਨ, ਅਤੇ ਕਿਵੇਂ ਇਕ ਦੂਏ ਵਾਸਤੇ ਮਰਨ ਲਈ ਤਿਆਰ ਹਨ!’ ਅਜਿਹਾ ਪ੍ਰੇਮ ਅੱਜ ਵੀ ਸੱਚੇ ਮਸੀਹੀਆਂ ਦੇ ਆਪਸ ਵਿਚ ਵੇਖਿਆ ਜਾਂਦਾ ਹੈ। ਪਰ ਕੀ ਇਸ ਦਾ ਅਰਥ ਇਹ ਹੈ ਕਿ ਸੱਚੇ ਮਸੀਹੀਆਂ ਦੇ ਆਪਸ ਵਿਚ ਕਦੀ ਵੀ ਸਮੱਸਿਆਵਾਂ ਯਾ ਮੁਸ਼ਕਲਾਂ ਨਹੀਂ ਪੈਦਾ ਹੁੰਦੀਆਂ ਹਨ?
ਅਪੂਰਣਤਾ ਦੇ ਨਤੀਜੇ
6.ਸੱਚੇ ਮਸੀਹੀ ਵੀ ਕਦੇ ਕਦੇ ਇਕ ਦੂਸਰੇ ਦੇ ਖ਼ਿਲਾਫ਼ ਕਿਉਂ ਪਾਪ ਕਰਦੇ ਹਨ?
6 ਤੁਸੀਂ ਬਾਈਬਲ ਦੇ ਅਧਿਐਨ ਤੋਂ ਇਹ ਜਾਣਦੇ ਹੋ ਕਿ ਅਸੀਂ ਸਾਰਿਆਂ ਨੇ ਆਪਣੇ ਮੁੱਢਲੇ ਮਾਪਿਆਂ, ਆਦਮ ਅਤੇ ਹੱਵਾਹ ਤੋਂ ਵਿਰਾਸਤ ਵਿਚ ਅਪੂਰਣਤਾ ਪ੍ਰਾਪਤ ਕੀਤੀ ਹੈ। (ਰੋਮੀਆਂ 5:12) ਇਸ ਲਈ ਅਸੀਂ ਗ਼ਲਤ ਕੰਮ ਕਰਨ ਵੱਲ ਝੁਕਾਉ ਹੁੰਦੇ ਹਾਂ। “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ,” ਬਾਈਬਲ ਆਖਦੀ ਹੈ। (ਯਾਕੂਬ 3:2; ਰੋਮੀਆਂ 3:23) ਅਤੇ ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਸੰਗਠਨ ਦੇ ਸਦੱਸ ਵੀ ਅਪੂਰਣ ਹਨ ਅਤੇ ਕਈ ਵਾਰ ਅਜਿਹੇ ਕੰਮ ਕਰਦੇ ਹਨ ਜੋ ਸਹੀ ਨਹੀਂ ਹਨ। ਇਸ ਦਾ ਨਤੀਜਾ ਸੱਚੇ ਮਸੀਹੀਆਂ ਦੇ ਆਪਸ ਵਿਚ ਵੀ ਸਮੱਸਿਆਵਾਂ ਯਾ ਮੁਸ਼ਕਲਾਂ ਹੋ ਸਕਦਾ ਹੈ।
7.(ੳ)ਯੂਓਦੀਆ ਅਤੇ ਸੁੰਤੁਖੇ ਨੂੰ ਇਹ ਕਿਉਂ ਕਹਿਣ ਦੀ ਜ਼ਰੂਰਤ ਪਈ ਕਿ ਉਹ “ਇੱਕ ਮਨ ਹੋਣ”? (ਅ) ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਮੂਲ ਤੌਰ ਤੇ ਇਹ ਅੱਛੀਆਂ ਮਸੀਹੀ ਔਰਤਾਂ ਸਨ?
7 ਆਰੰਭਕ ਫ਼ਿਲਿੱਪੀ ਕਲੀਸਿਯਾ ਦੀਆਂ ਦੋ ਔਰਤਾਂ ਦੀ ਸਥਿਤੀ ਉੱਤੇ ਵਿਚਾਰ ਕਰੋ ਜਿਨ੍ਹਾਂ ਦੇ ਨਾਂ ਯੂਓਦੀਆ ਅਤੇ ਸੁੰਤੁਖੇ ਸਨ। ਰਸੂਲ ਪੌਲੁਸ ਨੇ ਲਿਖਿਆ: “ਮੈਂ ਯੂਓਦੀਆ ਦੇ ਅੱਗੇ ਬੇਨਤੀ ਕਰਦਾ ਅਤੇ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਈ ਓਹ ਪ੍ਰਭੁ ਵਿੱਚ ਇੱਕ ਮਨ ਹੋਣ।” ਪੌਲੁਸ ਨੇ ਇਨ੍ਹਾਂ ਦੋ ਔਰਤਾਂ ਨੂੰ “ਇੱਕ ਮਨ ਹੋਣ” ਲਈ ਉਤਸ਼ਾਹ ਕਿਉਂ ਦਿੱਤਾ? ਸਪੱਸ਼ਟ ਤੌਰ ਤੇ, ਇਨ੍ਹਾਂ ਦੇ ਆਪਸ ਵਿਚ ਕੁਝ ਗੜਬੜ ਸੀ। ਬਾਈਬਲ ਇਹ ਨਹੀਂ ਦੱਸਦੀ ਹੈ ਕਿ ਉਹ ਕੀ ਗੜਬੜ ਸੀ। ਹੋ ਸਕਦਾ ਹੈ ਕਿ ਕਿਸੇ ਤਰੀਕੇ ਵਿਚ ਉਹ ਇਕ ਦੂਏ ਤੋਂ ਈਰਖਾਲੂ ਸਨ। ਹਾਲਾਂ, ਮੂਲ ਤੌਰ ਤੇ, ਉਹ ਅੱਛੀਆਂ ਔਰਤਾਂ ਸਨ। ਉਹ ਕਾਫ਼ੀ ਸਮੇਂ ਤੋਂ ਮਸੀਹੀ ਸਨ ਅਤੇ ਕਈ ਸਾਲ ਪਹਿਲਾਂ ਪੌਲੁਸ ਦੇ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਚੁੱਕੀਆਂ ਸਨ। ਇਸ ਲਈ ਉਸ ਨੇ ਕਲੀਸਿਯਾ ਨੂੰ ਲਿਖਿਆ: “ਮੈਂ ਅਰਦਾਸ ਕਰਦਾ ਹਾਂ ਜੋ ਤੂੰ ਏਹਨਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ . . . ਖੁਸ਼ ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਜਤਨ ਕੀਤਾ ਸੀ।”—ਫ਼ਿਲਿੱਪੀਆਂ 4:1-3.
8.(ੳ)ਪੌਲੁਸ ਅਤੇ ਬਰਨਬਾਸ ਦੇ ਆਪਸ ਵਿਚ ਕਿਹੜੀ ਗੜਬੜ ਪੈਦਾ ਹੋਈ ਸੀ? (ਅ) ਅਗਰ ਤੁਸੀਂ ਉਥੇ ਮੌਜੂਦ ਹੁੰਦੇ ਅਤੇ ਇਹ ਗੜਬੜ ਵੇਖੀ ਹੁੰਦੀ, ਤਾਂ ਤੁਸੀਂ ਸ਼ਾਇਦ ਕਿਸ ਨਿਸ਼ਕਰਸ਼ ਉੱਤੇ ਪਹੁੰਚਦੇ?
8 ਇਕ ਵਾਰ ਰਸੂਲ ਪੌਲੁਸ ਅਤੇ ਉਸ ਦੇ ਸਫ਼ਰੀ ਸਾਥੀ ਬਰਨਬਾਸ ਦੇ ਆਪਸ ਵਿਚ ਵੀ ਗੜਬੜ ਪੈਦਾ ਹੋ ਗਈ ਸੀ। ਜਦੋਂ ਉਹ ਆਪਣੇ ਦੂਸਰੇ ਮਿਸ਼ਨਰੀ ਸਫ਼ਰ ਤੇ ਜਾਣ ਵਾਲੇ ਹੀ ਸਨ, ਤਾਂ ਬਰਨਬਾਸ ਆਪਣੇ ਕਜ਼ਨ, ਮਰਕੁਸ ਨੂੰ ਨਾਲ ਲੈ ਜਾਣਾ ਚਾਹੁੰਦਾ ਸੀ। ਲੇਕਨ, ਪੌਲੁਸ ਮਰਕੁਸ ਨੂੰ ਨਾਲ ਨਹੀਂ ਲੈ ਜਾਣਾ ਚਾਹੁੰਦਾ ਸੀ, ਕਿਉਂਕਿ ਉਨ੍ਹਾਂ ਦੇ ਪਹਿਲੇ ਮਿਸ਼ਨਰੀ ਸਫ਼ਰ ਦੇ ਦੌਰਾਨ ਮਰਕੁਸ ਉਨ੍ਹਾਂ ਨੂੰ ਛੱਡ ਕੇ ਆਪਣੇ ਘਰ ਚੱਲਿਆ ਗਿਆ ਸੀ। (ਰਸੂਲਾਂ ਦੇ ਕਰਤੱਬ 13:13) ਬਾਈਬਲ ਆਖਦੀ ਹੈ: “ਤਦ ਉਨ੍ਹਾਂ ਵਿੱਚ ਐੱਨਾ ਵਿਗਾੜ ਹੋਇਆ ਜੋ ਇੱਕ ਦੂਜੇ ਤੋਂ ਵੱਖ ਹੋ ਗਏ।” (ਰਸੂਲਾਂ ਦੇ ਕਰਤੱਬ 15:37-40, ਟੇਢੇ ਟਾਈਪ ਸਾਡੇ) ਕੀ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ! ਅਗਰ ਤੁਸੀਂ ਉਥੇ ਹੁੰਦੇ ਅਤੇ ਇਹ “ਐੱਨਾ ਵਿਗਾੜ” ਵੇਖਿਆ ਹੁੰਦਾ, ਤਾਂ ਕੀ ਤੁਸੀਂ ਇਸ ਨਿਸ਼ਕਰਸ਼ ਉੱਤੇ ਪਹੁੰਚਦੇ ਕਿ ਪੌਲੁਸ ਅਤੇ ਬਰਨਬਾਸ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਸਲੂਕ ਅਜਿਹਾ ਸੀ?
9.(ੳ)ਪਤਰਸ ਨੇ ਕੀ ਪਾਪ ਕੀਤਾ, ਅਤੇ ਕਿਹੜੀ ਚੀਜ਼ ਨੇ ਉਸ ਤੋਂ ਇਸ ਤਰ੍ਹਾਂ ਦਾ ਕੰਮ ਕਰਵਾਇਆ? (ਅ) ਪੌਲੁਸ ਨੇ ਕੀ ਕੀਤਾ ਜਦੋਂ ਉਸ ਨੇ ਦੇਖਿਆ ਕਿ ਕੀ ਹੋ ਰਿਹਾ ਹੈ?
9 ਇਕ ਹੋਰ ਅਵਸਰ ਤੇ ਰਸੂਲ ਪਤਰਸ ਨੇ ਗ਼ਲਤੀ ਕੀਤੀ। ਕੁਝ ਯਹੂਦੀ ਮਸੀਹੀਆਂ ਦੀ ਨਾਰਾਜ਼ਗੀ ਦੇ ਡਰ ਦੇ ਮਾਰੇ, ਜੋ ਗ਼ਲਤੀ ਨਾਲ ਪਰਾਈਆਂ ਕੌਮਾਂ ਦੇ ਆਪਣੇ ਭਰਾਵਾਂ ਨੂੰ ਤੁੱਛ ਸਮਝਦੇ ਸਨ, ਉਹ ਨੇ ਪਰਾਈਆਂ ਕੌਮਾਂ ਦੇ ਮਸੀਹੀਆਂ ਨਾਲ ਨਜ਼ਦੀਕੀ ਤੌਰ ਤੇ ਸੰਬੰਧ ਰੱਖਣਾ ਛੱਡ ਦਿੱਤਾ। (ਗਲਾਤੀਆਂ 2:11-14) ਜਦੋਂ ਰਸੂਲ ਪੌਲੁਸ ਨੇ ਵੇਖਿਆ ਕਿ ਪਤਰਸ ਕੀ ਕਰ ਰਿਹਾ ਹੈ, ਉਸ ਨੇ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਜਿਹੜੇ ਮੌਜੂਦ ਸਨ ਪਤਰਸ ਦੇ ਅਨੁਚਿਤ ਚਾਲ-ਚਲਨ ਨੂੰ ਦੋਸ਼ੀ ਠਹਿਰਾਇਆ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਅਗਰ ਤੁਸੀਂ ਪਤਰਸ ਹੁੰਦੇ?—ਇਬਰਾਨੀਆਂ 12:11.
ਪ੍ਰੇਮ ਨਾਲ ਸਮੱਸਿਆਵਾਂ ਨੂੰ ਸੁਲਝਾਉਣਾ
10.(ੳ)ਪਤਰਸ ਨੇ ਕੀ ਰਵੱਈਆ ਦਿਖਾਇਆ ਜਦੋਂ ਉਸ ਨੂੰ ਸੁਧਾਰਿਆ ਗਿਆ? (ਅ) ਅਸੀਂ ਪਤਰਸ ਦੀ ਮਿਸਾਲ ਤੋਂ ਕੀ ਸਬਕ ਸਿੱਖ ਸਕਦੇ ਹਾਂ?
10 ਪਤਰਸ ਪੌਲੁਸ ਦੇ ਨਾਲ ਕ੍ਰੋਧਿਤ ਹੋ ਸਕਦਾ ਸੀ। ਜਿਸ ਤਰ੍ਹਾਂ ਪੌਲੁਸ ਨੇ ਉਹ ਨੂੰ ਦੂਸਰਿਆਂ ਦੇ ਸਾਮ੍ਹਣੇ ਝਿੜਕਿਆ ਉਹ ਅਪਮਾਨਿਤ ਮਹਿਸੂਸ ਕਰ ਸਕਦਾ ਸੀ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। (ਉਪਦੇਸ਼ਕ ਦੀ ਪੋਥੀ 7:9) ਪਤਰਸ ਨਿਮਰ ਸੀ। ਉਸ ਨੇ ਇਹ ਸੁਧਾਰ ਸਵੀਕਾਰ ਕਰ ਲਿਆ, ਅਤੇ ਇਹ ਘਟਨਾ ਦੇ ਕਾਰਨ ਪੌਲੁਸ ਲਈ ਆਪਣਾ ਪਿਆਰ ਠੰਡਾ ਨਹੀਂ ਪੈਣ ਦਿੱਤਾ। (1 ਪਤਰਸ 3:8, 9) ਧਿਆਨ ਦਿਓ ਕਿ ਬਾਅਦ ਵਿਚ ਪਤਰਸ ਨੇ ਸੰਗੀ ਮਸੀਹੀਆਂ ਨੂੰ ਉਤਸ਼ਾਹ ਦੀ ਇਕ ਚਿੱਠੀ ਵਿਚ ਕਿਵੇਂ ਪੌਲੁਸ ਬਾਰੇ ਜ਼ਿਕਰ ਕੀਤਾ: “ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਓਸ ਗਿਆਨ ਦੇ ਅਨੁਸਾਰ ਜੋ ਉਹ ਨੂੰ ਦਾਨ ਹੋਇਆ ਤੁਹਾਨੂੰ ਲਿਖਿਆ ਸੀ।” (2 ਪਤਰਸ 3:15, ਟੇਢੇ ਟਾਈਪ ਸਾਡੇ) ਹਾਂ, ਪਤਰਸ ਨੇ ਪ੍ਰੇਮ ਨੂੰ ਇਸ ਮੁਸ਼ਕਲ ਨੂੰ ਢੱਕ ਲੈਣ ਦਿੱਤਾ, ਜਿਹੜੀ ਇਸ ਹਾਲਤ ਵਿਚ ਉਹ ਦੇ ਆਪਣੇ ਗ਼ਲਤ ਸਲੂਕ ਦਾ ਨਤੀਜਾ ਸੀ।—ਕਹਾਉਤਾਂ 10:12.
11.(ੳ)ਉਨ੍ਹਾਂ ਦੇ ਐੱਨੇ ਵਿਗਾੜ ਦੇ ਬਾਵਜੂਦ, ਪੌਲੁਸ ਅਤੇ ਬਰਨਬਾਸ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ? (ਅ) ਅਸੀਂ ਉਨ੍ਹਾਂ ਦੀ ਮਿਸਾਲ ਤੋਂ ਕਿਸ ਤਰ੍ਹਾਂ ਲਾਭ ਉਠਾ ਸਕਦੇ ਹਾਂ?
11 ਪੌਲੁਸ ਅਤੇ ਬਰਨਬਾਸ ਦੇ ਆਪਸ ਵਿਚ ਸਮੱਸਿਆ ਬਾਰੇ ਕੀ? ਇਹ ਵੀ ਪ੍ਰੇਮ ਨਾਲ ਸੁਲਝਾਈ ਗਈ ਸੀ। ਕਿਉਂਕਿ ਬਾਅਦ ਵਿਚ, ਜਦੋਂ ਪੌਲੁਸ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਲਿਖਿਆ, ਉਹ ਨੇ ਬਰਨਬਾਸ ਨੂੰ ਇਕ ਨਜ਼ਦੀਕ ਸੰਗੀ ਕਾਮੇ ਦੇ ਤੌਰ ਤੇ ਜ਼ਿਕਰ ਕੀਤਾ। (1 ਕੁਰਿੰਥੀਆਂ 9:5, 6) ਅਤੇ ਭਾਵੇਂ ਇਹ ਜਾਪਦਾ ਹੈ ਕਿ ਪੌਲੁਸ ਕੋਲ ਮਰਕੁਸ ਦੀ ਸਫ਼ਰੀ ਸਾਥੀ ਦੇ ਰੂਪ ਵਿਚ ਯੋਗਤਾ ਉੱਤੇ ਸੰਦੇਹ ਕਰਨ ਦਾ ਅੱਛਾ ਕਾਰਨ ਸੀ, ਇਹ ਨੌਜਵਾਨ ਬਾਅਦ ਵਿਚ ਉਸ ਹੱਦ ਤਕ ਸਿਆਣਾ ਹੋ ਗਿਆ ਕਿ ਪੌਲੁਸ ਤਿਮੋਥਿਉਸ ਨੂੰ ਲਿੱਖ ਸਕਿਆ: “ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ।” (2 ਤਿਮੋਥਿਉਸ 4:11) ਅਸੀਂ ਮਤਭੇਦ ਨੂੰ ਨਿਪਟਾਉਣ ਲਈ ਇਸ ਮਿਸਾਲ ਤੋਂ ਲਾਭ ਉਠਾ ਸਕਦੇ ਹਾਂ।
12.(ੳ)ਅਸੀਂ ਇਹ ਕਿਉਂ ਮੰਨ ਸਕਦੇ ਹਾਂ ਕਿ ਯੂਓਦੀਆ ਅਤੇ ਸੁੰਤੁਖੇ ਨੇ ਆਪਣੇ ਮਤਭੇਦ ਨਿਪਟਾ ਲਏ ਸਨ? (ਅ) ਗਲਾਤੀਆਂ 5:13-15 ਦੇ ਅਨੁਸਾਰ, ਇਹ ਅਤਿ ਆਵੱਸ਼ਕ ਕਿਉਂ ਹੈ ਕਿ ਮਸੀਹੀ ਆਪਣੇ ਮਤਭੇਦ ਪ੍ਰੇਮ ਨਾਲ ਨਿਪਟਾਉਣ?
12 ਭਲਾ, ਯੂਓਦੀਆ ਅਤੇ ਸੁੰਤੁਖੇ ਬਾਰੇ ਕੀ? ਕੀ ਉਨ੍ਹਾਂ ਨੇ ਇਕ ਦੂਏ ਦੇ ਖ਼ਿਲਾਫ਼ ਕੀਤੀਆਂ ਗਲਤੀਆਂ ਨੂੰ ਪ੍ਰੇਮ ਨਾਲ ਢੱਕ ਕੇ, ਆਪਣਾ ਮਤਭੇਦ ਨਿਪਟਾਇਆ? ਬਾਈਬਲ ਸਾਨੂੰ ਇਹ ਨਹੀਂ ਦੱਸਦੀ ਹੈ ਕਿ ਅੰਤ ਵਿਚ ਉਨ੍ਹਾਂ ਨੂੰ ਕੀ ਹੋਇਆ। ਲੇਕਨ, ਉਨ੍ਹਾਂ ਦਾ ਅੱਛੀਆਂ ਔਰਤਾਂ ਹੋਣਾ ਜਿਨ੍ਹਾਂ ਨੇ ਪੌਲੁਸ ਦੇ ਨਾਲ ਨਾਲ ਉਸ ਦੀ ਮਸੀਹੀ ਸੇਵਕਾਈ ਵਿਚ ਕੰਮ ਕੀਤਾ ਸੀ, ਇਸ ਤੋਂ ਅਸੀਂ ਵਾਜਬ ਤੌਰ ਤੇ ਮੰਨ ਸਕਦੇ ਹਾਂ ਕਿ ਉਨ੍ਹਾਂ ਨੇ ਇਹ ਦਿੱਤੀ ਗਈ ਸਲਾਹ ਨਿਮ੍ਰਤਾ ਨਾਲ ਸਵੀਕਾਰ ਕੀਤੀ। ਜਦੋਂ ਪੌਲੁਸ ਦੀ ਚਿੱਠੀ ਮਿਲੀ, ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਨ੍ਹਾਂ ਨੇ ਇਕ ਦੂਏ ਕੋਲ ਜਾ ਕੇ ਪ੍ਰੇਮ ਦੀ ਆਤਮਾ ਨਾਲ ਆਪਣੀਆਂ ਸਮੱਸਿਆਵਾਂ ਨਿਪਟਾਈਆਂ ਹੋਣਗੀਆਂ।—ਗਲਾਤੀਆਂ 5:13-15.
13.ਪ੍ਰੇਮ ਦਿਖਾਉਣ ਵਿਚ ਯਹੋਵਾਹ ਪਰਮੇਸ਼ੁਰ ਕਿਹੜੀ ਮਿਸਾਲ ਕਾਇਮ ਕਰਦਾ ਹੈ?
13 ਤੁਹਾਨੂੰ ਵੀ ਸ਼ਾਇਦ ਕਲੀਸਿਯਾ ਵਿਚ ਕਿਸੇ ਖ਼ਾਸ ਵਿਅਕਤੀ, ਯਾ ਵਿਅਕਤੀਆਂ ਦੇ ਨਾਲ ਮਿਲ ਕੇ ਰਹਿਣਾ ਮੁਸ਼ਕਲ ਲੱਗੇ। ਭਾਵੇਂ ਉਨ੍ਹਾਂ ਨੂੰ ਸੱਚੇ ਮਸੀਹੀ ਗੁਣ ਪੈਦਾ ਕਰਨ ਵਿਚ ਸ਼ਾਇਦ ਹਾਲੇ ਬਹੁਤ ਸਮਾਂ ਲੱਗੇ, ਇਸ ਗੱਲ ਉੱਤੇ ਵਿਚਾਰ ਕਰੋ: ਕੀ ਯਹੋਵਾਹ ਪਰਮੇਸ਼ੁਰ ਲੋਕਾਂ ਦੇ ਪ੍ਰਤੀ ਪ੍ਰੇਮ ਪ੍ਰਗਟ ਕਰਨ ਤੋਂ ਪਹਿਲਾਂ ਉਦੋਂ ਤਕ ਉਡੀਕ ਕਰਦਾ ਹੈ ਜਦੋਂ ਤਕ ਲੋਕ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਨੂੰ ਦੂਰ ਨਾ ਕਰਨ? ਨਹੀਂ, ਬਾਈਬਲ ਆਖਦੀ ਹੈ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” (ਰੋਮੀਆਂ 5:8, ਟੇਢੇ ਟਾਈਪ ਸਾਡੇ) ਸਾਨੂੰ ਪਰਮੇਸ਼ੁਰ ਦੀ ਇਸ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਪ੍ਰੇਮ ਪ੍ਰਗਟ ਕਰਨਾ ਚਾਹੀਦਾ ਹੈ ਜਿਹੜੇ ਬੁਰੇ ਅਤੇ ਮੂਰਖ ਕੰਮ ਕਰਦੇ ਹਨ।—ਅਫ਼ਸੀਆਂ 5:1, 2; 1 ਯੂਹੰਨਾ 4:9-11; ਜ਼ਬੂਰਾਂ ਦੀ ਪੋਥੀ 103:10.
14.ਦੂਸਰਿਆਂ ਦੀ ਨੁਕਤਾਚੀਨੀ ਨਾ ਕਰਨ ਵਿਚ ਯਿਸੂ ਨੇ ਕੀ ਸਲਾਹ ਦਿੱਤੀ ਸੀ?
14 ਕਿਉਂਕਿ ਅਸੀਂ ਸਾਰੇ ਜਣੇ ਇੰਨੇ ਅਪੂਰਣ ਹਾਂ, ਯਿਸੂ ਨੇ ਸਿੱਖਿਆ ਦਿੱਤੀ ਕਿ ਸਾਨੂੰ ਦੂਸਰਿਆਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਦੂਸਰਿਆਂ ਵਿਚ ਨੁਕਸ ਹਨ, ਪਰ ਸਾਡੇ ਆਪਣੇ ਵਿਚ ਵੀ ਨੁਕਸ ਹਨ। “ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ?” ਯਿਸੂ ਨੇ ਪੁੱਛਿਆ। (ਮੱਤੀ 7:1-5) ਅਜਿਹੀ ਸਿਆਣੀ ਸਲਾਹ ਨੂੰ ਧਿਆਨ ਵਿਚ ਰੱਖਦੇ ਹੋਏ, ਸਾਨੂੰ ਆਪਣੇ ਭੈਣਾਂ ਭਰਾਵਾਂ ਦੇ ਨਾਲ ਮਿਲ ਕੇ ਰਹਿਣ ਲਈ ਸਹਾਇਤਾ ਪ੍ਰਾਪਤ ਹੋਵੇਗੀ।
15.(ੳ)ਇਹ ਕਿਉਂ ਮਹੱਤਵਪੂਰਣ ਹੈ ਕਿ ਅਸੀਂ ਦੂਸਰਿਆਂ ਨੂੰ ਮਾਫ਼ ਕਰੀਏ ਭਾਵੇਂ ਸਾਨੂੰ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਦਾ ਕਾਰਨ ਵੀ ਹੈ? (ਅ) ਮੱਤੀ ਅਧਿਆਇ 18 ਵਾਲੇ ਆਪਣੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਮਾਫ਼ ਕਰਨ ਦੀ ਜ਼ਰੂਰਤ ਨੂੰ ਕਿਸ ਤਰ੍ਹਾਂ ਸਿਖਾਇਆ?
15 ਇਹ ਅਤਿ ਆਵੱਸ਼ਕ ਹੈ ਕਿ ਅਸੀਂ ਦਿਆਲੂ ਅਤੇ ਬਖ਼ਸ਼ਣਹਾਰ ਹੋਈਏ। ਇਹ ਸੱਚ ਹੈ ਕਿ ਸ਼ਾਇਦ ਤੁਹਾਡੇ ਕੋਲ ਇਕ ਭਰਾ ਯਾ ਭੈਣ ਬਾਰੇ ਸ਼ਿਕਾਇਤ ਕਰਨ ਦਾ ਵਾਸਤਵਿਕ ਕਾਰਨ ਹੋਵੇ। ਲੇਕਨ ਬਾਈਬਲ ਦੀ ਸਲਾਹ ਨੂੰ ਯਾਦ ਰੱਖੋ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।” (ਟੇਢੇ ਟਾਈਪ ਸਾਡੇ) ਪਰ ਤੁਹਾਨੂੰ ਦੂਸਰਿਆਂ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ ਜਦੋਂ ਕਿ ਤੁਹਾਡੇ ਕੋਲ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਦਾ ਇਕ ਅਸਲੀ ਕਾਰਨ ਹੈ? ਕਿਉਂਕਿ “[ਯਹੋਵਾਹ] ਨੇ ਤੁਹਾਨੂੰ ਮਾਫ਼ ਕੀਤਾ,” ਬਾਈਬਲ ਉੱਤਰ ਦਿੰਦੀ ਹੈ। (ਕੁਲੁੱਸੀਆਂ 3:13) ਅਤੇ ਅਗਰ ਅਸੀਂ ਉਹ ਦੀ ਮਾਫ਼ੀ ਪ੍ਰਾਪਤ ਕਰਨੀ ਹੈ, ਤਾਂ ਯਿਸੂ ਨੇ ਆਖਿਆ ਸੀ ਕਿ ਸਾਨੂੰ ਵੀ ਦੂਸਰਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ। (ਮੱਤੀ 6:9-12, 14, 15) ਯਿਸੂ ਦੀਆਂ ਉਦਾਹਰਣਾਂ ਵਿਚ ਇਕ ਰਾਜੇ ਦੇ ਵਾਂਗ, ਯਹੋਵਾਹ ਨੇ ਸਾਨੂੰ ਹਜ਼ਾਰਾਂ ਵਾਰ ਮਾਫ਼ ਕੀਤਾ ਹੈ, ਤਾਂ ਕੀ ਅਸੀਂ ਆਪਣੇ ਭਰਾਵਾਂ ਨੂੰ ਕੁਝ-ਕੁ ਵਾਰ ਨਹੀਂ ਮਾਫ਼ ਕਰ ਸਕਦੇ ਹਾਂ?—ਮੱਤੀ 18:21-35; ਕਹਾਉਤਾਂ 19:11.
16.(ੳ)1 ਯੂਹੰਨਾ 4:20, 21 ਦੇ ਅਨੁਸਾਰ, ਪਰਮੇਸ਼ੁਰ ਲਈ ਪ੍ਰੇਮ ਕਿਸ ਤਰ੍ਹਾਂ ਸਾਥੀ ਮਸੀਹੀਆਂ ਲਈ ਪ੍ਰੇਮ ਨਾਲ ਸੰਬੰਧਿਤ ਹੈ? (ਅ) ਅਗਰ ਤੁਹਾਡੇ ਭਰਾ ਨੂੰ ਤੁਹਾਡੇ ਵਿਰੁੱਧ ਕੋਈ ਸ਼ਿਕਾਇਤ ਹੈ, ਤਾਂ ਕੀ ਕਦਮ ਚੁੱਕਣ ਦੀ ਜ਼ਰੂਰਤ ਹੈ?
16 ਜੇਕਰ ਅਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਨਿਰਮੋਹ ਅਤੇ ਨਿਰਬਖ਼ਸ਼ ਤਰੀਕੇ ਵਿਚ ਵਿਵਹਾਰ ਕਰਦੇ ਹੋਈਏ, ਤਾਂ ਅਸੀਂ ਸੱਚਾਈ ਦਾ ਅਭਿਆਸ ਬਿਲਕੁਲ ਹੀ ਨਹੀਂ ਕਰ ਸਕਦੇ ਹੋਵਾਂਗੇ। (1 ਯੂਹੰਨਾ 4:20, 21; 3:14-16) ਇਸ ਲਈ, ਫਿਰ ਅਗਰ ਕਿਸੇ ਸਾਥੀ ਮਸੀਹੀ ਦੇ ਨਾਲ ਤੁਹਾਡੀ ਕੋਈ ਗੜਬੜ ਹੋਵੇ, ਤਾਂ ਉਹ ਦੇ ਨਾਲ ਬੋਲਣਾ ਨਾ ਛੱਡਿਓ। ਗੁੱਸਾ ਨਾ ਰੱਖੋ, ਪਰ ਪ੍ਰੇਮ ਦੀ ਆਤਮਾ ਵਿਚ ਉਸ ਮਸਲੇ ਨੂੰ ਨਿਪਟਾਓ। ਅਗਰ ਤੁਸੀਂ ਆਪਣੇ ਭਰਾ ਨੂੰ ਨਾਰਾਜ਼ ਕੀਤਾ ਹੈ, ਤਾਂ ਗ਼ਲਤੀ ਸਵੀਕਾਰ ਕਰਨ ਅਤੇ ਮਾਫ਼ੀ ਮੰਗਣ ਲਈ ਤਿਆਰ ਰਹੋ।—ਮੱਤੀ 5:23, 24.
17.ਅਗਰ ਤੁਹਾਡੇ ਖ਼ਿਲਾਫ਼ ਕੋਈ ਗ਼ਲਤੀ ਕਰਦਾ ਹੈ, ਤਾਂ ਉਚਿਤ ਤੌਰ ਤੇ ਕੀ ਕਰਨਾ ਚਾਹੀਦਾ ਹੈ?
17 ਪਰ ਅਗਰ ਕੋਈ ਵਿਅਕਤੀ ਤੁਹਾਡੀ ਬੇਇੱਜ਼ਤੀ ਕਰੇ, ਯਾ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਖ਼ਿਲਾਫ਼ ਗ਼ਲਤੀ ਕਰੇ, ਤਾਂ ਕੀ? ਬਾਈਬਲ ਸਲਾਹ ਦਿੰਦੀ ਹੈ: “ਇਹ ਨਾਂ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹਦੇ ਨਾਲ ਕਰਾਂਗਾ।” (ਕਹਾਉਤਾਂ 24:29; ਰੋਮੀਆਂ 12:17, 18) ਯਿਸੂ ਮਸੀਹ ਨੇ ਸਲਾਹ ਦਿੱਤੀ: “ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਭੁਆ ਦਿਹ।” (ਮੱਤੀ 5:39) ਇਕ ਚਪੇੜ ਸਰੀਰਕ ਤੌਰ ਤੇ ਸੱਟ ਲਾਉਣ ਲਈ ਨਹੀਂ ਹੁੰਦੀ ਹੈ, ਪਰ ਬੇਇੱਜ਼ਤ ਕਰਨ ਯਾ ਖਿਝਾਉਣ ਲਈ ਮਾਰੀ ਜਾਂਦੀ ਹੈ। ਇਸ ਤਰ੍ਹਾਂ ਯਿਸੂ ਆਪਣੇ ਅਨੁਯਾਈਆਂ ਨੂੰ ਕਿਸੇ ਸੰਘਰਸ਼ ਯਾ ਕਿਸੇ ਬਹਿਸ ਵਿਚ ਫ਼ਸਣ ਤੋਂ ਬਚਣ ਲਈ ਸਿੱਖਿਆ ਦੇ ਰਿਹਾ ਸੀ। “ਬੁਰਿਆਈ ਦੇ ਬਦਲੇ ਬੁਰਿਆਈ” ਕਰਨ ਅਤੇ “ਗਾਲ ਦੇ ਬਦਲੇ ਗਾਲ ਕੱਢਣ,” ਦੀ ਬਜਾਇ, ਤੁਹਾਨੂੰ ‘ਮਿਲਾਪ ਨੂੰ ਲੱਭਣਾ ਅਤੇ ਉਹ ਦਾ ਪਿੱਛਾ ਕਰਨਾ’ ਚਾਹੀਦਾ ਹੈ।—1 ਪਤਰਸ 3:9, 11; ਰੋਮੀਆਂ 12:14.
18.ਪਰਮੇਸ਼ੁਰ ਦਾ ਸਾਰੇ ਲੋਕਾਂ ਨਾਲ ਪ੍ਰੇਮ ਰੱਖਣ ਦੀ ਮਿਸਾਲ ਤੋਂ ਸਾਨੂੰ ਕੀ ਸਬਕ ਸਿੱਖਣਾ ਚਾਹੀਦਾ ਹੈ?
18 ਯਾਦ ਰੱਖੋ ਕਿ ਸਾਨੂੰ “ਸਭਨਾਂ . . . ਭਾਈਆਂ ਨਾਲ ਪ੍ਰੇਮ” ਰੱਖਣਾ ਚਾਹੀਦਾ ਹੈ। (1 ਪਤਰਸ 2:17) ਯਹੋਵਾਹ ਪਰਮੇਸ਼ੁਰ ਮਿਸਾਲ ਕਾਇਮ ਕਰਦਾ ਹੈ। ਉਹ ਪੱਖਪਾਤੀ ਨਹੀਂ ਹੈ। ਉਸ ਦੀ ਨਜ਼ਰ ਵਿਚ ਸਾਰੀਆਂ ਨਸਲਾਂ ਬਰਾਬਰ ਹਨ। (ਰਸੂਲਾਂ ਦੇ ਕਰਤੱਬ 10:34, 35; 17:26) ਉਹ ਲੋਕ ਜਿਹੜੇ ਆ ਰਹੀ “ਵੱਡੀ ਬਿਪਤਾ” ਵਿਚੋਂ ਬਚਾਏ ਜਾਣਗੇ “ਹਰੇਕ ਕੌਮ ਵਿਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿਚੋਂ” ਲਏ ਜਾਂਦੇ ਹਨ। (ਪਰਕਾਸ਼ ਦੀ ਪੋਥੀ 7:9, 14-17) ਇਸ ਲਈ, ਪਰਮੇਸ਼ੁਰ ਦਾ ਅਨੁਸਰਣ ਕਰਦੇ ਹੋਏ, ਸਾਨੂੰ ਇਸ ਕਾਰਨ ਦੂਸਰਿਆਂ ਨੂੰ ਘੱਟ ਪ੍ਰੇਮ ਨਹੀਂ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਹੋਰ ਨਸਲ, ਰਾਸ਼ਟਰੀਅਤਾ ਯਾ ਸਮਾਜਕ ਪਦਵੀ ਦੇ ਹਨ, ਯਾ ਉਨ੍ਹਾਂ ਦੀ ਚੱਮੜੀ ਦਾ ਰੰਗ ਵੱਖਰਾ ਹੈ।
19.(ੳ)ਸਾਨੂੰ ਸਾਥੀ ਮਸੀਹੀਆਂ ਨੂੰ ਕਿਸ ਨਜ਼ਰ ਤੋਂ ਦੇਖਣਾ, ਅਤੇ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਅਤੇ ਵਰਤਾਉ ਕਰਨਾ ਚਾਹੀਦਾ ਹੈ? (ਅ) ਕਿਹੜਾ ਵੱਡਾ ਸਨਮਾਨ ਸਾਡਾ ਹੋ ਸਕਦਾ ਹੈ?
19 ਮਸੀਹੀ ਕਲੀਸਿਯਾ ਵਿਚ ਸਾਰਿਆਂ ਨਾਲ ਅੱਛੀ ਤਰ੍ਹਾਂ ਜਾਣ ਪਛਾਣ ਕਰੋ ਅਤੇ ਤੁਸੀਂ ਉਨ੍ਹਾਂ ਨੂੰ ਪ੍ਰੇਮ ਕਰਨ ਅਤੇ ਉਨ੍ਹਾਂ ਦੀ ਕਦਰ ਕਰਨ ਲੱਗੋਗੇ। ਸਿਆਣਿਆਂ ਨਾਲ ਮਾਤਾ-ਪਿਤਾ ਵਾਂਗ, ਨਿਆਣਿਆਂ ਨਾਲ ਭੈਣਾਂ ਅਤੇ ਭਰਾਵਾਂ ਵਾਂਗ ਵਰਤਾਉ ਕਰੋ। (1 ਤਿਮੋਥਿਉਸ 5:1, 2) ਪਰਮੇਸ਼ੁਰ ਦੇ ਪਰਿਵਾਰ ਵਰਗੇ ਦ੍ਰਿਸ਼ਟ ਸੰਗਠਨ ਦਾ ਇਕ ਹਿੱਸਾ ਹੋਣਾ, ਜਿਸ ਦੇ ਸਦੱਸ ਪ੍ਰੇਮ ਵਿਚ ਇਕੱਠੇ ਇੰਨੇ ਮੇਲ ਮਿਲਾਪ ਵਿਚ ਰਹਿੰਦੇ ਹਨ, ਸੱਚ-ਮੁੱਚ ਹੀ ਇਕ ਸਨਮਾਨ ਹੈ। ਅਜਿਹੇ ਪ੍ਰੇਮਪੂਰਣ ਪਰਿਵਾਰ ਦੇ ਨਾਲ ਧਰਤੀ ਉੱਤੇ ਸਦਾ ਲਈ ਪਰਾਦੀਸ ਵਿਚ ਜੀਉਣਾ ਕਿੰਨਾ ਉੱਤਮ ਹੋਵੇਗਾ!—1 ਕੁਰਿੰਥੀਆਂ 13:4-8.
[ਸਫ਼ੇ 233 ਉੱਤੇ ਤਸਵੀਰ]
ਅਸੀਂ ਯੂਓਦੀਆ ਅਤੇ ਸੁੰਤੁਖੇ ਸੰਬੰਧਿਤ ਘਟਨਾ ਤੋਂ ਕੀ ਸਿੱਖ ਸਕਦੇ ਹਾਂ
[ਸਫ਼ੇ 235 ਉੱਤੇ ਤਸਵੀਰ]
ਕੀ ਪੌਲੁਸ ਅਤੇ ਬਰਨਬਾਸ ਦੇ ਆਪਸ ਵਿਚ ਉਸ ਝਗੜੇ ਦਾ ਇਹ ਅਰਥ ਸੀ ਕਿ ਉਹ ਪਰਮੇਸ਼ੁਰ ਦੇ ਸੰਗਠਨ ਦੇ ਸਦੱਸ ਨਹੀਂ ਸਨ?
[ਸਫ਼ੇ 236 ਉੱਤੇ ਤਸਵੀਰ]
ਸੱਚੇ ਮਸੀਹੀ ਸ਼ਿਕਾਇਤਾਂ ਦੇ ਕਾਰਨਾਂ ਨੂੰ ਪ੍ਰੇਮ ਨਾਲ ਢੱਕ ਲੈਂਦੇ ਹਨ
[ਸਫ਼ੇ 237 ਉੱਤੇ ਤਸਵੀਰ]
ਪਰਮੇਸ਼ੁਰ ਦੇ ਸੰਗਠਨ ਵਿਚ ਮਸੀਹੀ, ਇਕ ਦੂਸਰੇ ਦੇ ਨਾਲ ਇਕ ਸਮਾਨ ਵਿਅਕਤੀਆਂ ਦੇ ਰੂਪ ਵਿਚ ਮਿਲ ਕੇ ਰਹਿਣ ਲਈ ਪ੍ਰੇਮ ਦੁਆਰਾ ਉਤੇਜਿਤ ਹੁੰਦੇ ਹਨ