ਅਧਿਆਇ 31
ਸਬਤ ਦੇ ਦਿਨ ਕਣਕ ਤੋੜਨਾ
ਯਿਸੂ ਅਤੇ ਉਸ ਦੇ ਚੇਲੇ ਜਲਦੀ ਹੀ ਗਲੀਲ ਨੂੰ ਮੁੜਨ ਲਈ ਯਰੂਸ਼ਲਮ ਤੋਂ ਨਿਕਲ ਪੈਂਦੇ ਹਨ। ਬਸੰਤ ਰੁੱਤ ਹੈ, ਅਤੇ ਖੇਤਾਂ ਵਿਚ ਡੰਡੀਆਂ ਤੇ ਕਣਕ ਦੇ ਸਿੱਟੇ ਨਿਕਲੇ ਹੋਏ ਹਨ। ਚੇਲੇ ਭੁੱਖੇ ਹਨ। ਇਸ ਲਈ ਉਹ ਕਣਕ ਦੇ ਸਿੱਟੇ ਤੋੜ ਕੇ ਖਾਂਦੇ ਹਨ। ਪਰੰਤੂ ਕਿਉਂਕਿ ਸਬਤ ਦਾ ਦਿਨ ਹੈ, ਉਨ੍ਹਾਂ ਦਾ ਕੰਮ ਅਣਗੌਲਿਆ ਨਹੀਂ ਕੀਤਾ ਜਾਂਦਾ ਹੈ।
ਥੋੜ੍ਹੇ ਸਮੇਂ ਪਹਿਲਾਂ ਹੀ ਯਰੂਸ਼ਲਮ ਵਿਚ ਧਾਰਮਿਕ ਆਗੂਆਂ ਨੇ ਯਿਸੂ ਨੂੰ ਸਬਤ ਦੇ ਦਿਨ ਦੀ ਅਖਾਉਤੀ ਉਲੰਘਣਾ ਲਈ ਮਾਰਨਾ ਚਾਹਿਆ ਸੀ। ਹੁਣ ਫ਼ਰੀਸੀ ਦੋਸ਼ ਲਾਉਂਦੇ ਹਨ। “ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ,” ਉਹ ਕਹਿੰਦੇ ਹਨ।
ਫ਼ਰੀਸੀ ਦਾਅਵਾ ਕਰਦੇ ਹਨ ਕਿ ਕਣਕ ਤੋੜਨਾ ਅਤੇ ਇਸ ਨੂੰ ਖਾਣ ਲਈ ਹੱਥਾਂ ਵਿਚ ਮਲਣਾ ਵਾਢੀ ਅਤੇ ਗਹਾਈ ਕਰਨਾ ਹੈ। ਪਰ ਕੰਮ ਦਾ ਕੀ ਅਰਥ ਹੈ, ਬਾਰੇ ਉਨ੍ਹਾਂ ਦੀ ਸਖ਼ਤ ਵਿਆਖਿਆ ਨੇ ਸਬਤ ਨੂੰ ਬੋਝਲ ਬਣਾ ਦਿੱਤਾ ਹੈ, ਜਦੋਂ ਕਿ ਇਸ ਨੂੰ ਇਕ ਆਨੰਦਮਈ, ਅਧਿਆਤਮਿਕ ਤੌਰ ਤੇ ਉਨੱਤੀ ਵਾਲਾ ਸਮਾਂ ਹੋਣਾ ਚਾਹੀਦਾ ਸੀ। ਇਸ ਲਈ ਇਹ ਦਿਖਾਉਣ ਲਈ ਕਿ ਯਹੋਵਾਹ ਪਰਮੇਸ਼ੁਰ ਦਾ ਕਦੇ ਵੀ ਇਹ ਮਕਸਦ ਨਹੀਂ ਸੀ ਕਿ ਉਸ ਦੇ ਸਬਤ ਨਿਯਮ ਦੀ ਪਾਲਨਾ ਇੰਨੀ ਅਨੁਚਿਤ ਸਖ਼ਤੀ ਨਾਲ ਕੀਤੀ ਜਾਵੇ, ਯਿਸੂ ਸ਼ਾਸਤਰ ਸੰਬੰਧੀ ਉਦਾਹਰਣਾਂ ਨਾਲ ਜਵਾਬ ਦਿੰਦਾ ਹੈ।
ਯਿਸੂ ਕਹਿੰਦਾ ਹੈ ਕਿ ਜਦੋਂ ਦਾਊਦ ਅਤੇ ਉਹ ਦੇ ਆਦਮੀ ਭੁੱਖੇ ਸਨ, ਤਾਂ ਉਹ ਡੇਹਰੇ ਵਿਖੇ ਰੁਕੇ ਅਤੇ ਉਨ੍ਹਾਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ। ਉਹ ਰੋਟੀਆਂ ਪਹਿਲਾਂ ਹੀ ਯਹੋਵਾਹ ਅੱਗਿਓਂ ਹਟਾਈਆਂ ਜਾ ਚੁੱਕੀਆਂ ਸਨ ਅਤੇ ਉਨ੍ਹਾਂ ਦੀ ਥਾਂ ਤਾਜ਼ੀਆਂ ਰੋਟੀਆਂ ਰੱਖੀਆਂ ਗਈਆਂ ਸਨ, ਅਤੇ ਆਮ ਤੌਰ ਤੇ ਉਹ ਜਾਜਕਾਂ ਦੇ ਖਾਣ ਲਈ ਰੱਖੀਆਂ ਜਾਂਦੀਆਂ ਸਨ। ਫਿਰ ਵੀ, ਇਨ੍ਹਾਂ ਹਾਲਤਾਂ ਵਿਚ, ਦਾਊਦ ਅਤੇ ਉਸ ਦੇ ਆਦਮੀਆਂ ਨੂੰ ਇਨ੍ਹਾਂ ਨੂੰ ਖਾਣ ਲਈ ਨਿੰਦਿਤ ਨਹੀਂ ਕੀਤਾ ਗਿਆ।
ਯਿਸੂ ਇਕ ਹੋਰ ਉਦਾਹਰਣ ਪ੍ਰਸਤੁਤ ਕਰਦੇ ਹੋਏ ਕਹਿੰਦਾ ਹੈ: “ਤੁਸਾਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਭਈ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ?” ਜੀ ਹਾਂ, ਜਾਜਕ ਸਬਤ ਦੇ ਦਿਨ ਤੇ ਵੀ ਪਸ਼ੂਆਂ ਦੀਆਂ ਬਲੀਆਂ ਤਿਆਰ ਕਰਨ ਵਾਸਤੇ ਹੈਕਲ ਵਿਚ ਪਸ਼ੂਆਂ ਨੂੰ ਕੱਟਣ ਅਤੇ ਹੋਰ ਕੰਮਾਂ ਨੂੰ ਜਾਰੀ ਰੱਖਦੇ ਹਨ! “ਪਰ ਮੈਂ ਤੁਹਾਨੂੰ ਆਖਦਾ ਹਾਂ,” ਯਿਸੂ ਕਹਿੰਦਾ ਹੈ, “ਕਿ ਐਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ।”
ਫ਼ਰੀਸੀਆਂ ਨੂੰ ਤਾੜਨਾ ਦਿੰਦੇ ਹੋਏ, ਯਿਸੂ ਅੱਗੇ ਕਹਿੰਦਾ ਹੈ: “ਜੇ ਤੁਸੀਂ ਇਹ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ ਤਾਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ।” ਫਿਰ ਉਹ ਸਮਾਪਤ ਕਰਦਾ ਹੈ: “ਕਿਉਂ ਜੋ ਮਨੁੱਖ ਦਾ ਪੁੱਤ੍ਰ ਸਬਤ ਦੇ ਦਿਨ ਦਾ ਮਾਲਕ ਹੈ।” ਇਸ ਤੋਂ ਯਿਸੂ ਦਾ ਕੀ ਅਰਥ ਹੈ? ਯਿਸੂ ਆਪਣੇ ਇਕ ਹਜ਼ਾਰ ਵਰ੍ਹਿਆਂ ਦੇ ਸ਼ਾਂਤਮਈ ਰਾਜ ਸ਼ਾਸਨ ਵੱਲ ਇਸ਼ਾਰਾ ਕਰ ਰਿਹਾ ਹੈ।
ਹੁਣ 6,000 ਵਰ੍ਹਿਆਂ ਲਈ, ਮਾਨਵਜਾਤੀ ਸ਼ਤਾਨ ਅਰਥਾਤ ਇਬਲੀਸ ਦੇ ਅਧੀਨ ਸਖ਼ਤ ਗ਼ੁਲਾਮੀ ਦੇ ਦੁੱਖ ਉਠਾਉਂਦੀ ਆਈ ਹੈ, ਜਿਸ ਵਿਚ ਹਿੰਸਾ ਅਤੇ ਯੁੱਧ ਆਮ ਹਨ। ਦੂਜੇ ਪਾਸੇ, ਮਸੀਹ ਦਾ ਮਹਾਨ ਸਬਤ ਸ਼ਾਸਨ, ਅਜਿਹਿਆਂ ਸਾਰਿਆਂ ਦੁੱਖਾਂ ਅਤੇ ਦਬਾਉ ਤੋਂ ਆਰਾਮ ਦਾ ਸਮਾਂ ਹੋਵੇਗਾ। ਮੱਤੀ 12:1-8; ਲੇਵੀਆਂ 24:5-9; 1 ਸਮੂਏਲ 21:1-6; ਗਿਣਤੀ 28:9; ਹੋਸ਼ੇਆ 6:6.
▪ ਯਿਸੂ ਦੇ ਚੇਲਿਆਂ ਵਿਰੁੱਧ ਕਿਹੜਾ ਦੋਸ਼ ਲਾਇਆ ਜਾਂਦਾ ਹੈ, ਅਤੇ ਯਿਸੂ ਇਸ ਦਾ ਕਿਵੇਂ ਜਵਾਬ ਦਿੰਦਾ ਹੈ?
▪ ਯਿਸੂ ਫ਼ਰੀਸੀਆਂ ਦੀ ਕਿਹੜੀ ਕਮੀ ਨੂੰ ਪਛਾਣਦਾ ਹੈ?
▪ ਯਿਸੂ ਕਿਸ ਤਰ੍ਹਾਂ “ਸਬਤ ਦੇ ਦਿਨ ਦਾ ਮਾਲਕ” ਹੈ?