ਅਧਿਆਇ 83
ਇਕ ਫ਼ਰੀਸੀ ਦੁਆਰਾ ਮਹਿਮਾਨਨਿਵਾਜ਼ੀ
ਯਿਸੂ ਅਜੇ ਵੀ ਇਕ ਉੱਘੇ ਫ਼ਰੀਸੀ ਦੇ ਘਰ ਵਿਚ ਹੈ ਅਤੇ ਹੁਣੇ ਹੀ ਉਸ ਨੇ ਜਲੋਧਰ ਤੋਂ ਪੀੜਿਤ ਇਕ ਆਦਮੀ ਨੂੰ ਚੰਗਾ ਕੀਤਾ ਹੈ। ਜਿਵੇਂ ਹੀ ਉਹ ਸੰਗੀ ਮਹਿਮਾਨਾਂ ਨੂੰ ਭੋਜਨ ਤੇ ਪ੍ਰਮੁੱਖ ਥਾਵਾਂ ਚੁਣਦੇ ਹੋਏ ਦੇਖਦਾ ਹੈ, ਉਹ ਨਿਮਰਤਾ ਦਾ ਇਕ ਸਬਕ ਸਿਖਾਉਂਦਾ ਹੈ।
“ਜਾਂ ਕੋਈ ਤੈਨੂੰ ਵਿਆਹ ਵਿੱਚ ਨਿਉਤਾ ਦੇਵੇ,” ਯਿਸੂ ਫਿਰ ਸਮਝਾਉਂਦਾ ਹੈ, “ਤਾਂ ਉੱਚੀ ਥਾਂ ਨਾ ਬੈਠ। ਕੀ ਜਾਣੀਏ ਕਿ ਓਨ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਨਿਉਤਾ ਦਿੱਤਾ ਹੋਵੇ। ਅਰ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਉਤਾ ਦਿੱਤਾ ਹੈ ਸੋ ਆਣ ਕੇ ਤੈਨੂੰ ਆਖੇ ਕਿ ਇਹ ਨੂੰ ਜਗ੍ਹਾ ਦਿਹ ਅਰ ਤਦ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਨੀਵੀਂ ਥਾਂ ਬੈਠਣਾ ਪਵੇ।”
ਇਸ ਲਈ ਯਿਸੂ ਸਲਾਹ ਦਿੰਦਾ ਹੈ: “ਜਾਂ ਤੈਨੂੰ ਨਿਉਤਾ ਦਿੱਤਾ ਜਾਵੇ ਤਾਂ ਸਭ ਤੋਂ ਨੀਵੀਂ ਥਾਂ ਜਾ ਬੈਠ, ਫੇਰ ਜਿਹ ਨੇ ਤੈਨੂੰ ਨਿਉਤਾ ਦਿੱਤਾ ਹੈ ਜਦ ਉਹ ਆਵੇ ਤਦ ਤੈਨੂੰ ਆਖੇ, ‘ਮਿੱਤ੍ਰਾ, ਅੱਗੇ ਆ ਜਾਹ’ ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ।” ਸਮਾਪਤੀ ਵਿਚ ਯਿਸੂ ਕਹਿੰਦਾ ਹੈ: “ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।”
ਫਿਰ, ਯਿਸੂ ਉਸ ਫ਼ਰੀਸੀ ਨੂੰ, ਜਿਸ ਨੇ ਉਸ ਨੂੰ ਸੱਦਾ ਦਿੱਤਾ, ਸੰਬੋਧਿਤ ਕਰਦੇ ਹੋਏ ਬਿਆਨ ਕਰਦਾ ਹੈ ਕਿ ਪਰਮੇਸ਼ੁਰ ਨਾਲ ਅਸਲ ਸਿਫ਼ਤ ਰੱਖਣ ਵਾਲਾ ਭੋਜਨ ਕਿਸ ਤਰ੍ਹਾਂ ਪ੍ਰਦਾਨ ਕੀਤਾ ਜਾਂਦਾ ਹੈ। “ਜਾਂ ਤੂੰ ਦਿਨ ਯਾ ਰਾਤ ਦੀ ਜ਼ਿਆਫ਼ਤ ਕਰੇਂ ਤਾਂ ਆਪਣਿਆਂ ਮਿੱਤ੍ਰਾਂ ਅਤੇ ਆਪਣਿਆਂ ਭਾਈਆਂ ਅਤੇ ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਓਹ ਫੇਰ ਤੈਨੂੰ ਵੀ ਬੁਲਾਉਣ ਅਰ ਤੇਰਾ ਬਦਲਾ ਹੋ ਜਾਵੇ। ਪਰ ਜਾਂ ਤੂੰ ਦਾਉਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਙਿਆਂ, ਅੰਨ੍ਹਿਆਂ ਨੂੰ ਸੱਦ। ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਦੇਣ ਨੂੰ ਉਨ੍ਹਾਂ ਕੋਲ ਕੁਝ ਨਹੀਂ ਹੈ।”
ਦੁਖਦਾਈ ਵਿਅਕਤੀਆਂ ਲਈ ਅਜਿਹਾ ਭੋਜਨ ਪ੍ਰਦਾਨ ਕਰਨਾ, ਪ੍ਰਦਾਤਾ ਨੂੰ ਖ਼ੁਸ਼ੀ ਲਿਆਵੇਗਾ ਕਿਉਂਕਿ ਜਿਵੇਂ ਯਿਸੂ ਆਪਣੇ ਮੇਜ਼ਬਾਨ ਨੂੰ ਸਮਝਾਉਂਦਾ ਹੈ, “ਤੈਨੂੰ ਧਰਮੀਆਂ ਦੀ ਕਿਆਮਤ [“ਦੇ ਪੁਨਰ-ਉਥਾਨ,” ਨਿ ਵ] ਵਿੱਚ ਬਦਲਾ ਦਿੱਤਾ ਜਾਵੇਗਾ।” ਯਿਸੂ ਦਾ ਇਹ ਸਿਫ਼ਤਯੋਗ ਭੋਜਨ ਦਾ ਬਿਰਤਾਂਤ ਇਕ ਸੰਗੀ ਮਹਿਮਾਨ ਨੂੰ ਇਕ ਹੋਰ ਕਿਸਮ ਦੇ ਭੋਜਨ ਦੀ ਯਾਦ ਦਿਲਾਉਂਦਾ ਹੈ। “ਧੰਨ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਊਗਾ,” ਇਹ ਮਹਿਮਾਨ ਕਹਿੰਦਾ ਹੈ। ਫਿਰ ਵੀ, ਸਾਰੇ ਉਸ ਖ਼ੁਸ਼ ਆਸ਼ਾ ਦੀ ਉਚਿਤ ਢੰਗ ਨਾਲ ਕਦਰ ਨਹੀਂ ਕਰਦੇ ਹਨ, ਜਿਵੇਂ ਕਿ ਯਿਸੂ ਇਕ ਦ੍ਰਿਸ਼ਟਾਂਤ ਦੁਆਰਾ ਅੱਗੇ ਦਿਖਾਉਂਦਾ ਹੈ।
“ਕਿਸੇ ਮਨੁੱਖ ਨੇ ਇੱਕ ਵੱਡੀ ਜ਼ਿਆਫ਼ਤ ਕੀਤੀ ਅਤੇ ਬਹੁਤਿਆਂ ਨੂੰ ਬੁਲਾਇਆ। ਅਤੇ ਉਸ ਨੇ . . . ਆਪਣੇ ਨੌਕਰ ਨੂੰ ਘੱਲਿਆ ਜੋ ਉਹ ਸੱਦੇ ਹੋਇਆਂ ਨੂੰ ਕਹੇ ਭਈ ਆਓ ਕਿਉਂ ਜੋ ਹੁਣ ਸੱਭੋ ਕੁਝ ਤਿਆਰ ਹੈ। ਤਾਂ ਓਹ ਸੱਭੇ ਇੱਕ ਮੱਤ ਹੋ ਕੇ ਉਜ਼ਰ ਕਰਨ ਲੱਗੇ। ਪਹਿਲੇ ਨੇ ਉਹ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਹ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਈ ਮੇਰੀ ਵੱਲੋਂ ਉਜ਼ਰ ਕਰੀਂ। ਅਰ ਦੂਏ ਨੇ ਆਖਿਆ, ਮੈਂ ਬਲਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣੇ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੀ ਵੱਲੋਂ ਉਜ਼ਰ ਕਰੀਂ। ਅਤੇ ਹੋਰ ਨੇ ਆਖਿਆ, ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸੱਕਦਾ।”
ਕਿੰਨੇ ਝੂਠੇ ਬਹਾਨੇ! ਇਕ ਖੇਤ ਜਾਂ ਪਸ਼ੂ ਧਨ ਤਾਂ ਆਮ ਤੌਰ ਤੇ ਖ਼ਰੀਦਣ ਤੋਂ ਪਹਿਲਾਂ ਹੀ ਪਰਖੇ ਜਾਂਦੇ ਹਨ, ਇਸ ਲਈ ਬਾਅਦ ਵਿਚ ਉਨ੍ਹਾਂ ਨੂੰ ਦੇਖਣ ਦੀ ਕੋਈ ਅਸਲ ਜ਼ਰੂਰਤ ਨਹੀਂ ਹੁੰਦੀ ਹੈ। ਇਸੇ ਤਰ੍ਹਾਂ, ਇਕ ਵਿਅਕਤੀ ਦੇ ਵਿਆਹ ਨੂੰ ਉਸ ਨੂੰ ਅਜਿਹੇ ਇਕ ਮਹੱਤਵਪੂਰਣ ਸੱਦੇ ਨੂੰ ਕਬੂਲ ਕਰਨ ਤੋਂ ਨਹੀਂ ਰੋਕਣਾ ਚਾਹੀਦਾ ਹੈ। ਇਸ ਲਈ ਇਨ੍ਹਾਂ ਬਹਾਨਿਆਂ ਨੂੰ ਸੁਣ ਕੇ, ਸੁਆਮੀ ਗੁੱਸੇ ਹੁੰਦਾ ਹੈ ਅਤੇ ਆਪਣੇ ਨੌਕਰ ਨੂੰ ਹੁਕਮ ਦਿੰਦਾ ਹੈ:
“ਸ਼ਤਾਬੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾਹ ਅਰ ਕੰਗਾਲਾਂ ਅਤੇ ਟੁੰਡਿਆਂ ਅਤੇ ਅੰਨ੍ਹਿਆਂ ਅਤੇ ਲੰਙਿਆਂ ਨੂੰ ਐੱਥੇ ਅੰਦਰ ਲਿਆ। ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸਾਂ ਹੁਕਮ ਕੀਤਾ ਸੀ ਤਿਵੇਂ ਹੀ ਹੋਇਆ ਹੈ ਅਤੇ ਅਜੇ ਥਾਂ ਹੈ। ਮਾਲਕ ਨੇ ਨੌਕਰ ਨੂੰ ਕਿਹਾ ਭਈ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨਿਆਂ ਵੱਲ ਜਾਹ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਭਰ ਜਾਵੇ। . . . ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰਾ ਖਾਣਾ ਨਾ ਚੱਖੇਗਾ।”
ਦ੍ਰਿਸ਼ਟਾਂਤ ਦੁਆਰਾ ਕਿਹੜੀ ਦਸ਼ਾ ਵਰਣਿਤ ਕੀਤੀ ਗਈ ਹੈ? ਖ਼ੈਰ, ਭੋਜਨ ਪ੍ਰਦਾਨ ਕਰਨ ਵਾਲਾ “ਮਾਲਕ” ਯਹੋਵਾਹ ਪਰਮੇਸ਼ੁਰ ਨੂੰ ਦਰਸਾਉਂਦਾ ਹੈ; ਸੱਦਾ ਦੇਣ ਵਾਲਾ “ਨੌਕਰ,” ਯਿਸੂ ਮਸੀਹ ਨੂੰ; ਅਤੇ “ਵੱਡੀ ਜ਼ਿਆਫ਼ਤ,” ਸਵਰਗ ਦਾ ਰਾਜ ਪ੍ਰਾਪਤ ਕਰਨ ਦੇ ਮੌਕੇ ਨੂੰ ਦਰਸਾਉਂਦਾ ਹੈ।
ਰਾਜ ਪ੍ਰਾਪਤ ਕਰਨ ਦੇ ਲਈ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸੱਦਾ ਮਿਲਿਆ, ਉਹ ਮੁੱਖ ਤੌਰ ਤੇ, ਯਿਸੂ ਦੇ ਦਿਨਾਂ ਦੇ ਯਹੂਦੀ ਧਾਰਮਿਕ ਆਗੂ ਸਨ। ਪਰੰਤੂ, ਉਨ੍ਹਾਂ ਨੇ ਸੱਦੇ ਨੂੰ ਰੱਦ ਕਰ ਦਿੱਤਾ। ਇਸ ਤਰ੍ਹਾਂ, ਖ਼ਾਸ ਤੌਰ ਤੇ 33 ਸਾ.ਯੁ. ਪੰਤੇਕੁਸਤ ਤੋਂ ਸ਼ੁਰੂ, ਇਕ ਦੂਸਰਾ ਸੱਦਾ ਯਹੂਦੀ ਕੌਮ ਦੇ ਤੁੱਛ ਸਮਝੇ ਗਏ ਅਤੇ ਦੀਨ ਲੋਕਾਂ ਨੂੰ ਦਿੱਤਾ ਗਿਆ। ਪਰੰਤੂ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ 1,44,000 ਥਾਵਾਂ ਨੂੰ ਭਰਨ ਲਈ ਕਾਫੀਆਂ ਨੇ ਪ੍ਰਤਿਕ੍ਰਿਆ ਨਹੀਂ ਦਿਖਾਈ। ਇਸ ਲਈ, 36 ਸਾ.ਯੁ. ਵਿਚ, ਸਾਢੇ ਤਿੰਨ ਵਰ੍ਹਿਆਂ ਬਾਅਦ, ਤੀਜਾ ਅਤੇ ਆਖ਼ਰੀ ਸੱਦਾ ਅਸੁੰਨਤੀ ਗ਼ੈਰ-ਯਹੂਦੀਆਂ ਨੂੰ ਦਿੱਤਾ ਗਿਆ, ਅਤੇ ਅਜਿਹਿਆਂ ਦਾ ਇਕੱਠਾ ਕੀਤਾ ਜਾਣਾ ਸਾਡੇ ਦਿਨਾਂ ਤਕ ਜਾਰੀ ਰਿਹਾ ਹੈ। ਲੂਕਾ 14:1-24.
▪ ਯਿਸੂ ਨਿਮਰਤਾ ਦਾ ਕਿਹੜਾ ਸਬਕ ਸਿਖਾਉਂਦਾ ਹੈ?
▪ ਕਿਸ ਤਰ੍ਹਾਂ ਇਕ ਮੇਜ਼ਬਾਨ ਪਰਮੇਸ਼ੁਰ ਨਾਲ ਸਿਫ਼ਤ ਰੱਖਣ ਵਾਲਾ ਭੋਜਨ ਪ੍ਰਦਾਨ ਕਰ ਸਕਦਾ ਹੈ, ਅਤੇ ਇਹ ਉਸ ਨੂੰ ਕਿਉਂ ਖ਼ੁਸ਼ੀ ਲਿਆਵੇਗਾ?
▪ ਸੱਦੇ ਗਏ ਮਹਿਮਾਨਾਂ ਦੇ ਬਹਾਨੇ ਕਿਉਂ ਝੂਠੇ ਹਨ?
▪ ਯਿਸੂ ਦੇ ਦ੍ਰਿਸ਼ਟਾਂਤ ਦੀ “ਵੱਡੀ ਜ਼ਿਆਫ਼ਤ” ਕਿਸ ਚੀਜ਼ ਨੂੰ ਦਰਸਾਉਂਦੀ ਹੈ?