ਅਧਿਆਇ 18
ਸਦਾ ਦੇ ਲਈ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਆਪਣਾ ਟੀਚਾ ਬਣਾਓ
1, 2. ਪਰਮੇਸ਼ੁਰ ਦਾ ਗਿਆਨ ਹੋਣ ਤੋਂ ਇਲਾਵਾ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ?
ਕਲਪਨਾ ਕਰੋ ਕਿ ਤੁਸੀਂ ਇਕ ਤਾਲਾ ਲੱਗੇ ਹੋਏ ਦਰਵਾਜ਼ੇ ਦੇ ਸਾਮ੍ਹਣੇ ਖੜ੍ਹੇ ਹੋ ਜੋ ਇਕ ਵੱਡੇ ਖ਼ਜ਼ਾਨੇ ਵਾਲੇ ਕਮਰੇ ਨੂੰ ਜਾਂਦਾ ਹੈ। ਫ਼ਰਜ਼ ਕਰੋ ਕਿ ਇਕ ਅਧਿਕ੍ਰਿਤ ਵਿਅਕਤੀ ਨੇ ਤੁਹਾਨੂੰ ਕੁੰਜੀ ਦਿੱਤੀ ਹੈ ਅਤੇ ਕਿਹਾ ਹੈ ਕਿ ਤੁਸੀਂ ਇਨ੍ਹਾਂ ਕੀਮਤੀ ਚੀਜ਼ਾਂ ਵਿੱਚੋਂ ਜੋ ਚਾਹੋ ਲੈ ਸਕਦੇ ਹੋ। ਉਸ ਕੁੰਜੀ ਦਾ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਜਦ ਤਾਈਂ ਤੁਸੀਂ ਉਸ ਨੂੰ ਇਸਤੇਮਾਲ ਨਹੀਂ ਕਰਦੇ ਹੋ। ਇਸੇ ਤਰ੍ਹਾਂ, ਤੁਹਾਨੂੰ ਗਿਆਨ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਉਸ ਦਾ ਫ਼ਾਇਦਾ ਪ੍ਰਾਪਤ ਹੋਣਾ ਹੈ।
2 ਇਹ ਗੱਲ ਖ਼ਾਸ ਕਰਕੇ ਪਰਮੇਸ਼ੁਰ ਦੇ ਗਿਆਨ ਦੇ ਬਾਰੇ ਸੱਚ ਹੈ। ਦਰਅਸਲ, ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਯਥਾਰਥ-ਗਿਆਨ ਦਾ ਅਰਥ ਸਦੀਪਕ ਜੀਵਨ ਹੈ। (ਯੂਹੰਨਾ 17:3) ਪਰੰਤੂ, ਉਹ ਭਵਿੱਖ ਕੇਵਲ ਗਿਆਨ ਹੋਣ ਦੁਆਰਾ ਪ੍ਰਾਪਤ ਨਹੀਂ ਹੋ ਸਕਦਾ ਹੈ। ਜਿਵੇਂ ਤੁਸੀਂ ਇਕ ਕੀਮਤੀ ਕੁੰਜੀ ਨੂੰ ਇਸਤੇਮਾਲ ਕਰੋਂ, ਉਵੇਂ ਹੀ ਤੁਹਾਨੂੰ ਆਪਣੇ ਜੀਵਨ ਵਿਚ ਪਰਮੇਸ਼ੁਰ ਦੇ ਗਿਆਨ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ। ਯਿਸੂ ਨੇ ਕਿਹਾ ਕਿ ਪਰਮੇਸ਼ੁਰ ਦੀ ਇੱਛਾ ਉੱਤੇ ਚੱਲਣ ਵਾਲੇ ਵਿਅਕਤੀ ‘ਰਾਜ ਵਿੱਚ ਵੜਨਗੇ।’ ਅਜਿਹੇ ਵਿਅਕਤੀਆਂ ਨੂੰ ਸਦਾ ਦੇ ਲਈ ਪਰਮੇਸ਼ੁਰ ਦੀ ਸੇਵਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲੇਗਾ!—ਮੱਤੀ 7:21; 1 ਯੂਹੰਨਾ 2:17.
3. ਸਾਡੇ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ?
3 ਇਹ ਸਿੱਖਣ ਤੋਂ ਬਾਅਦ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ, ਇਸ ਨੂੰ ਪੂਰਾ ਕਰਨਾ ਅਤਿ-ਆਵੱਸ਼ਕ ਹੈ। ਤੁਹਾਡੇ ਵਿਚਾਰ ਵਿਚ ਤੁਹਾਡੇ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ? ਇਸ ਦਾ ਸਾਰਾਂਸ਼ ਠੀਕ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਜਾ ਸਕਦਾ ਹੈ: ਯਿਸੂ ਦਾ ਅਨੁਕਰਣ ਕਰੋ। ਪਹਿਲਾ ਪਤਰਸ 2:21 ਸਾਨੂੰ ਦੱਸਦਾ ਹੈ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” ਤਾਂ ਫਿਰ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਤੁਹਾਨੂੰ ਜਿੰਨਾ ਮੁਮਕਿਨ ਹੋ ਸਕੇ ਯਿਸੂ ਦੀ ਮਿਸਾਲ ਦੀ ਨਜ਼ਦੀਕੀ ਤੌਰ ਤੇ ਪੈਰਵੀ ਕਰਨੀ ਚਾਹੀਦੀ ਹੈ। ਇਹੋ ਹੀ ਪਰਮੇਸ਼ੁਰ ਦੇ ਗਿਆਨ ਨੂੰ ਲਾਗੂ ਕਰਨ ਦਾ ਤਰੀਕਾ ਹੈ।
ਯਿਸੂ ਨੇ ਪਰਮੇਸ਼ੁਰ ਦਾ ਗਿਆਨ ਕਿਵੇਂ ਇਸਤੇਮਾਲ ਕੀਤਾ
4. ਯਿਸੂ ਯਹੋਵਾਹ ਬਾਰੇ ਕਿਉਂ ਇੰਨਾ ਕੁਝ ਜਾਣਦਾ ਹੈ, ਅਤੇ ਉਸ ਨੇ ਇਸ ਗਿਆਨ ਨੂੰ ਕਿਵੇਂ ਇਸਤੇਮਾਲ ਕੀਤਾ ਹੈ?
4 ਯਿਸੂ ਮਸੀਹ ਨੂੰ ਪਰਮੇਸ਼ੁਰ ਦੇ ਬਾਰੇ ਦੂਜਿਆਂ ਨਾਲੋਂ ਜ਼ਿਆਦਾ ਗੂੜ੍ਹਾ ਗਿਆਨ ਹੈ। ਉਹ ਇਸ ਧਰਤੀ ਉੱਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਕਿੰਨੇ ਹੀ ਯੁਗਾਂ ਲਈ ਯਹੋਵਾਹ ਪਰਮੇਸ਼ੁਰ ਦੇ ਨਾਲ ਰਿਹਾ ਅਤੇ ਉਸ ਦੇ ਨਾਲ ਕੰਮ ਕੀਤਾ। (ਕੁਲੁੱਸੀਆਂ 1:15, 16) ਅਤੇ ਯਿਸੂ ਨੇ ਉਸ ਸਾਰੇ ਗਿਆਨ ਨਾਲ ਕੀ ਕੀਤਾ? ਉਹ ਇਸ ਨੂੰ ਕੇਵਲ ਹਾਸਲ ਕਰਨ ਦੇ ਨਾਲ ਹੀ ਸੰਤੁਸ਼ਟ ਨਹੀਂ ਸੀ। ਯਿਸੂ ਨੇ ਇਸ ਦੇ ਅਨੁਸਾਰ ਜੀਵਨ ਬਤੀਤ ਕੀਤਾ। ਇਸ ਕਰਕੇ ਹੀ ਉਹ ਸੰਗੀ ਮਨੁੱਖਾਂ ਦੇ ਨਾਲ ਆਪਣੇ ਵਰਤਾਉ ਵਿਚ ਇੰਨਾ ਦਿਆਲੂ, ਧੀਰਜਵਾਨ, ਅਤੇ ਪ੍ਰੇਮਮਈ ਸੀ। ਇਸ ਤਰ੍ਹਾਂ ਯਿਸੂ ਆਪਣੇ ਸਵਰਗੀ ਪਿਤਾ ਦਾ ਅਨੁਕਰਣ ਕਰ ਰਿਹਾ ਸੀ ਅਤੇ ਯਹੋਵਾਹ ਦੇ ਤਰੀਕਿਆਂ ਅਤੇ ਵਿਅਕਤਿੱਤਵ ਦੇ ਬਾਰੇ ਆਪਣੇ ਗਿਆਨ ਦੇ ਅਨੁਸਾਰ ਕੰਮ ਕਰ ਰਿਹਾ ਸੀ।—ਯੂਹੰਨਾ 8:23, 28, 29, 38; 1 ਯੂਹੰਨਾ 4:8.
5. ਯਿਸੂ ਨੇ ਕਿਉਂ ਬਪਤਿਸਮਾ ਲਿਆ, ਅਤੇ ਉਹ ਆਪਣੇ ਬਪਤਿਸਮੇ ਦੇ ਅਰਥ ਤੇ ਕਿਵੇਂ ਪੂਰਾ ਉਤਰਿਆ?
5 ਜੋ ਗਿਆਨ ਯਿਸੂ ਕੋਲ ਸੀ, ਇਸ ਨੇ ਉਸ ਨੂੰ ਇਕ ਮਹੱਤਵਪੂਰਣ ਕਦਮ ਚੁੱਕਣ ਲਈ ਵੀ ਪ੍ਰੇਰਿਤ ਕੀਤਾ। ਉਹ ਗਲੀਲ ਤੋਂ ਯਰਦਨ ਨਦੀ ਤੇ ਆਇਆ, ਜਿੱਥੇ ਯੂਹੰਨਾ ਨੇ ਉਸ ਨੂੰ ਬਪਤਿਸਮਾ ਦਿੱਤਾ। (ਮੱਤੀ 3:13-15) ਯਿਸੂ ਦਾ ਬਪਤਿਸਮਾ ਕਿਸ ਗੱਲ ਦਾ ਪ੍ਰਤੀਕ ਸੀ? ਇਕ ਯਹੂਦੀ ਦੇ ਤੌਰ ਤੇ, ਉਹ ਇਕ ਅਜਿਹੀ ਕੌਮ ਵਿਚ ਪੈਦਾ ਹੋਇਆ ਜੋ ਪਰਮੇਸ਼ੁਰ ਨੂੰ ਸਮਰਪਿਤ ਸੀ। ਇਸ ਕਰਕੇ, ਯਿਸੂ ਜਨਮ ਤੋਂ ਹੀ ਸਮਰਪਿਤ ਸੀ। (ਕੂਚ 19:5, 6) ਬਪਤਿਸਮਾ ਸਵੀਕਾਰ ਕਰਨ ਦੇ ਦੁਆਰਾ, ਉਹ ਆਪਣੇ ਲਈ ਉਸ ਸਮੇਂ ਦੀ ਈਸ਼ਵਰੀ ਇੱਛਾ ਪੂਰੀ ਕਰਨ ਲਈ ਆਪਣੇ ਆਪ ਨੂੰ ਯਹੋਵਾਹ ਨੂੰ ਪੇਸ਼ ਕਰ ਰਿਹਾ ਸੀ। (ਇਬਰਾਨੀਆਂ 10:5, 7) ਅਤੇ ਯਿਸੂ ਆਪਣੇ ਬਪਤਿਸਮੇ ਦੇ ਅਰਥ ਤੇ ਪੂਰਾ ਉਤਰਿਆ। ਉਸ ਨੇ ਲੋਕਾਂ ਦੇ ਨਾਲ ਪਰਮੇਸ਼ੁਰ ਦੇ ਗਿਆਨ ਨੂੰ ਹਰ ਮੌਕੇ ਤੇ ਸਾਂਝਿਆਂ ਕਰਦੇ ਹੋਏ, ਯਹੋਵਾਹ ਦੀ ਸੇਵਾ ਵਿਚ ਸਖ਼ਤ ਮਿਹਨਤ ਕੀਤੀ। ਯਿਸੂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਆਨੰਦ ਮਾਣਿਆ, ਇੱਥੋਂ ਤਕ ਕਿ ਇਹ ਵੀ ਕਿਹਾ ਕਿ ਇਹ ਉਸ ਦੇ ਲਈ ਭੋਜਨ ਸਮਾਨ ਸੀ।—ਯੂਹੰਨਾ 4:34.
6. ਯਿਸੂ ਨੇ ਕਿਸ ਤਰੀਕੇ ਨਾਲ ਖ਼ੁਦ ਦਾ ਇਨਕਾਰ ਕੀਤਾ?
6 ਯਿਸੂ ਪੂਰੀ ਤਰ੍ਹਾਂ ਨਾਲ ਜਾਣਦਾ ਸੀ ਕਿ ਯਹੋਵਾਹ ਦੀ ਇੱਛਾ ਨੂੰ ਪੂਰਾ ਕਰਨਾ ਉਸ ਨੂੰ ਬਹੁਤ ਮਹਿੰਗਾ ਪਵੇਗਾ—ਇੱਥੋਂ ਤਕ ਕਿ ਇਸ ਦੀ ਕੀਮਤ ਉਸ ਦੀ ਜਾਨ ਹੋਵੇਗੀ। ਪਰ ਫਿਰ ਵੀ, ਯਿਸੂ ਨੇ ਆਪਣੀਆਂ ਨਿੱਜੀ ਜ਼ਰੂਰਤਾਂ ਨੂੰ ਦੂਜੇ ਦਰਜੇ ਤੇ ਰੱਖਦੇ ਹੋਏ, ਆਪਣੇ ਆਪ ਦਾ ਇਨਕਾਰ ਕੀਤਾ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਹਮੇਸ਼ਾ ਪਹਿਲੀ ਥਾਂ ਰੱਖਦਾ ਸੀ। ਇਸ ਸੰਬੰਧ ਵਿਚ, ਅਸੀਂ ਯਿਸੂ ਦੀ ਸੰਪੂਰਣ ਮਿਸਾਲ ਦੀ ਕਿਵੇਂ ਪੈਰਵੀ ਕਰ ਸਕਦੇ ਹਾਂ?
ਉਹ ਕਦਮ ਜੋ ਸਦੀਪਕ ਜੀਵਨ ਵੱਲ ਲੈ ਜਾਂਦੇ ਹਨ
7. ਇਕ ਵਿਅਕਤੀ ਨੂੰ ਬਪਤਿਸਮੇ ਦੇ ਯੋਗ ਹੋਣ ਲਈ ਕਿਹੜੇ ਕੁਝ ਕਦਮ ਚੁੱਕਣੇ ਜ਼ਰੂਰੀ ਹਨ?
7 ਯਿਸੂ ਦੇ ਅਤੁੱਲ, ਅਸੀਂ ਅਪੂਰਣ ਹਾਂ ਅਤੇ ਸਿਰਫ਼ ਦੂਜੇ ਅਤਿ-ਆਵੱਸ਼ਕ ਕਦਮ ਚੁੱਕਣ ਤੋਂ ਬਾਅਦ ਹੀ ਬਪਤਿਸਮਾ ਦੇ ਮੀਲ-ਪੱਥਰ ਤਕ ਪਹੁੰਚ ਸਕਦੇ ਹਾਂ। ਇਹ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਆਪਣੇ ਦਿਲਾਂ ਵਿਚ ਯਥਾਰਥ-ਗਿਆਨ ਲੈਣ ਨਾਲ ਸ਼ੁਰੂ ਹੁੰਦਾ ਹੈ। ਇਹ ਕਰਨਾ ਸਾਡੇ ਵਿਚ ਨਿਹਚਾ ਉਤਪੰਨ ਕਰਦਾ ਹੈ ਅਤੇ ਪਰਮੇਸ਼ੁਰ ਦੇ ਲਈ ਗਹਿਰਾ ਪ੍ਰੇਮ ਜਗਾਉਂਦਾ ਹੈ। (ਮੱਤੀ 22:37-40; ਰੋਮੀਆਂ 10:17; ਇਬਰਾਨੀਆਂ 11:6) ਪਰਮੇਸ਼ੁਰ ਦੇ ਨਿਯਮਾਂ, ਸਿਧਾਂਤਾਂ ਅਤੇ ਮਿਆਰਾਂ ਦੀ ਪਾਲਣਾ ਦੇ ਕਾਰਨ ਸਾਨੂੰ ਆਪਣੇ ਪਿਛਲੇ ਪਾਪਾਂ ਉੱਤੇ ਈਸ਼ਵਰੀ ਸੋਗ ਪ੍ਰਗਟ ਕਰਦੇ ਹੋਏ ਤੋਬਾ ਕਰਨ ਲਈ ਉਤੇਜਿਤ ਹੋਣਾ ਚਾਹੀਦਾ ਹੈ। ਇਹ ਪਾਪ-ਤਿਆਗ ਵੱਲ ਲੈ ਜਾਂਦਾ ਹੈ, ਯਾਨੀ ਕਿ ਅਜਿਹੇ ਕਿਸੇ ਮਾਰਗ ਤੋਂ ਮੁੜਨਾ ਅਤੇ ਉਸ ਨੂੰ ਤਿਆਗਣਾ, ਜਿਸ ਦੀ ਅਸੀਂ ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਤੋਂ ਪਹਿਲਾਂ ਪੈਰਵੀ ਕਰਦੇ ਸਨ। (ਰਸੂਲਾਂ ਦੇ ਕਰਤੱਬ 3:19) ਨਿਰਸੰਦੇਹ, ਜੇਕਰ ਅਸੀਂ ਉਹ ਕਰਨ ਦੀ ਬਜਾਇ ਜੋ ਧਰਮੀ ਹੈ, ਹਾਲੇ ਵੀ ਗੁਪਤ ਵਿਚ ਕਿਸੇ ਪਾਪ ਦਾ ਅਭਿਆਸ ਕਰਦੇ ਹਾਂ, ਤਾਂ ਅਸੀਂ ਸੱਚ-ਮੁੱਚ ਹੀ ਮੁੜੇ ਨਹੀਂ ਹਾਂ, ਅਤੇ ਨਾ ਹੀ ਅਸੀਂ ਪਰਮੇਸ਼ੁਰ ਨੂੰ ਧੋਖਾ ਦੇ ਸਕੇ ਹਾਂ। ਯਹੋਵਾਹ ਨੂੰ ਅੱਗੇ ਸਾਰੇ ਪਖੰਡ ਜ਼ਾਹਰ ਹਨ।—ਲੂਕਾ 12:2, 3.
8. ਤੁਹਾਨੂੰ ਕਿਹੜਾ ਕਦਮ ਚੁੱਕਣਾ ਚਾਹੀਦਾ ਹੈ ਜਦੋਂ ਤੁਸੀਂ ਰਾਜ-ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦੇ ਇੱਛੁਕ ਹੁੰਦੇ ਹੋ?
8 ਹੁਣ ਜਦ ਕਿ ਤੁਸੀਂ ਪਰਮੇਸ਼ੁਰ ਦਾ ਗਿਆਨ ਲੈਂਦੇ ਆਏ ਹੋ, ਕੀ ਅਧਿਆਤਮਿਕ ਗੱਲਾਂ ਉੱਤੇ ਇਕ ਜ਼ਿਆਦਾ ਨਿੱਜੀ ਤੌਰ ਤੇ ਗੌਰ ਕਰਨਾ ਉਚਿਤ ਨਹੀਂ ਹੈ? ਇਹ ਸੰਭਵ ਹੈ ਕਿ ਤੁਸੀਂ ਜੋ ਸਿੱਖ ਰਹੋ ਹੋ ਉਹ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਅਤੇ ਦੂਜਿਆਂ ਨੂੰ ਦੱਸਣ ਲਈ ਉਤਸੁਕ ਹੋ। ਦਰਅਸਲ, ਤੁਸੀਂ ਸ਼ਾਇਦ ਇਹ ਪਹਿਲਾਂ ਹੀ ਕਰਦੇ ਰਹੇ ਹੋ, ਜਿਵੇਂ ਕਿ ਯਿਸੂ ਨੇ ਵੀ ਦੂਜਿਆਂ ਨਾਲ ਗ਼ੈਰ-ਰਸਮੀ ਸਥਿਤੀਆਂ ਵਿਚ ਖ਼ੁਸ਼ ਖ਼ਬਰੀ ਨੂੰ ਸਾਂਝਿਆਂ ਕੀਤਾ। (ਲੂਕਾ 10:38, 39; ਯੂਹੰਨਾ 4:6-15) ਹੁਣ ਤੁਸੀਂ ਸ਼ਾਇਦ ਜ਼ਿਆਦਾ ਕਰਨਾ ਚਾਹੁੰਦੇ ਹੋ। ਮਸੀਹੀ ਬਜ਼ੁਰਗ ਤੁਹਾਡੇ ਨਾਲ ਗੱਲ ਕਰਨ ਵਿਚ ਪ੍ਰਸੰਨ ਹੋਣਗੇ, ਇਹ ਨਿਰਧਾਰਿਤ ਕਰਨ ਲਈ ਕਿ ਕੀ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਨਿਯਮਿਤ ਰਾਜ-ਪ੍ਰਚਾਰ ਕੰਮ ਵਿਚ ਕੁਝ ਹਿੱਸਾ ਲੈਣ ਦੇ ਯੋਗ ਹੋ ਅਤੇ ਕਿ ਤੁਸੀਂ ਇਹ ਕਰਨ ਵਿਚ ਸਮਰਥ ਹੋ ਜਾਂ ਨਹੀਂ। ਜੇਕਰ ਹੋ, ਤਾਂ ਬਜ਼ੁਰਗ ਤੁਹਾਡੇ ਲਈ ਸੇਵਕਾਈ ਵਿਚ ਇਕ ਗਵਾਹ ਦੇ ਨਾਲ ਜਾਣ ਵਾਸਤੇ ਪ੍ਰਬੰਧ ਬਣਾਉਣਗੇ। ਆਪਣੀ ਸੇਵਕਾਈ ਇਕ ਵਿਵਸਥਿਤ ਤਰੀਕੇ ਵਿਚ ਪੂਰੀ ਕਰਨ ਲਈ ਯਿਸੂ ਦੇ ਚੇਲਿਆਂ ਨੇ ਉਸ ਦੀਆਂ ਹਿਦਾਇਤਾਂ ਦੀ ਪੈਰਵੀ ਕੀਤੀ। (ਮਰਕੁਸ 6:7, 30; ਲੂਕਾ 10:1) ਤੁਹਾਨੂੰ ਅਜਿਹੀ ਹੀ ਮਦਦ ਤੋਂ ਲਾਭ ਹਾਸਲ ਹੋਵੇਗਾ ਜਿਉਂ ਹੀ ਤੁਸੀਂ ਘਰ-ਘਰ ਜਾ ਕੇ ਅਤੇ ਦੂਜਿਆਂ ਤਰੀਕਿਆਂ ਵਿਚ ਰਾਜ ਸੰਦੇਸ਼ ਫੈਲਾਉਣ ਵਿਚ ਹਿੱਸਾ ਲੈਂਦੇ ਹੋ।—ਰਸੂਲਾਂ ਦੇ ਕਰਤੱਬ 20:20, 21.
9. ਇਕ ਵਿਅਕਤੀ ਪਰਮੇਸ਼ੁਰ ਨੂੰ ਕਿਵੇਂ ਸਮਰਪਿਤ ਹੁੰਦਾ ਹੈ, ਅਤੇ ਸਮਰਪਣ ਉਸ ਵਿਅਕਤੀ ਦੇ ਜੀਵਨ ਉੱਤੇ ਕਿਵੇਂ ਪ੍ਰਭਾਵ ਪਾਉਂਦਾ ਹੈ?
9 ਕਲੀਸਿਯਾ ਦੇ ਖੇਤਰ ਵਿਚ ਹਰ ਪ੍ਰਕਾਰ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ, ਧਰਮੀ ਝੁਕਾਉ ਰੱਖਣ ਵਾਲੇ ਲੋਕਾਂ ਨੂੰ ਲੱਭਣ ਦਾ ਇਕ ਤਰੀਕਾ ਹੈ ਅਤੇ ਉਨ੍ਹਾਂ ਉੱਤਮ ਕੰਮਾਂ ਵਿੱਚੋਂ ਹੈ ਜੋ ਸਾਬਤ ਕਰਦੇ ਹਨ ਕਿ ਤੁਹਾਡੇ ਕੋਲ ਨਿਹਚਾ ਹੈ। (ਰਸੂਲਾਂ ਦੇ ਕਰਤੱਬ 10:34, 35; ਯਾਕੂਬ 2:17, 18, 26) ਮਸੀਹੀ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰੀ ਅਤੇ ਪ੍ਰਚਾਰ ਦੇ ਕੰਮ ਵਿਚ ਅਰਥਪੂਰਣ ਹਿੱਸਾ ਲੈਣਾ ਵੀ ਇਹ ਪ੍ਰਦਰਸ਼ਿਤ ਕਰਨ ਦੇ ਤਰੀਕੇ ਹਨ ਕਿ ਤੁਸੀਂ ਤੋਬਾ ਕਰ ਕੇ ਮੁੜ ਆਏ ਹੋ ਅਤੇ ਹੁਣ ਪਰਮੇਸ਼ੁਰ ਦੇ ਗਿਆਨ ਅਨੁਸਾਰ ਜੀਵਨ ਬਿਤਾਉਣ ਲਈ ਦ੍ਰਿੜ੍ਹ ਹੋ। ਅਗਲਾ ਤਾਰਕਿਕ ਕਦਮ ਕੀ ਹੈ? ਉਹ ਹੈ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਹੋਣਾ। ਇਸ ਦਾ ਅਰਥ ਹੈ ਕਿ ਇਕ ਦਿਲੀ ਪ੍ਰਾਰਥਨਾ ਵਿਚ, ਤੁਸੀਂ ਪਰਮੇਸ਼ੁਰ ਨੂੰ ਦੱਸਦੇ ਹੋ ਕਿ ਤੁਸੀਂ ਰਜ਼ਾਮੰਦੀ ਨਾਲ ਅਤੇ ਪੂਰੇ ਦਿਲ ਦੇ ਨਾਲ ਆਪਣਾ ਜੀਵਨ ਉਸ ਦੀ ਇੱਛਾ ਪੂਰੀ ਕਰਨ ਲਈ ਦੇ ਰਹੇ ਹੋ। ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕਰਨ ਅਤੇ ਯਿਸੂ ਮਸੀਹ ਦਾ ਦਿਆਲੂ ਜੂਲਾ ਸਵੀਕਾਰ ਕਰਨ ਦਾ ਇਹ ਤਰੀਕਾ ਹੈ।—ਮੱਤੀ 11:29, 30.
ਬਪਤਿਸਮਾ—ਤੁਹਾਡੇ ਲਈ ਇਸ ਦਾ ਕੀ ਅਰਥ ਹੈ
10. ਖ਼ੁਦ ਨੂੰ ਯਹੋਵਾਹ ਨੂੰ ਸਮਰਪਿਤ ਕਰਨ ਤੋਂ ਬਾਅਦ ਤੁਹਾਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ?
10 ਯਿਸੂ ਦੇ ਅਨੁਸਾਰ, ਉਨ੍ਹਾਂ ਸਾਰਿਆਂ ਨੂੰ ਜੋ ਉਸ ਦੇ ਚੇਲੇ ਬਣਦੇ ਹਨ, ਬਪਤਿਸਮਾ ਲੈਣਾ ਚਾਹੀਦਾ ਹੈ। (ਮੱਤੀ 28:19, 20) ਪਰਮੇਸ਼ੁਰ ਨੂੰ ਸਮਰਪਿਤ ਹੋਣ ਤੋਂ ਬਾਅਦ ਇਹ ਕਿਉਂ ਆਵੱਸ਼ਕ ਹੈ? ਕਿਉਂਕਿ ਤੁਸੀਂ ਖ਼ੁਦ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਹੈ, ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਪ੍ਰੇਮ ਕਰਦੇ ਹੋ। ਪਰੰਤੂ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਪਰਮੇਸ਼ੁਰ ਦੇ ਪ੍ਰਤੀ ਆਪਣੇ ਪ੍ਰੇਮ ਬਾਰੇ ਦੂਜਿਆਂ ਨੂੰ ਦੱਸਣ ਲਈ ਹੋਰ ਕਦਮ ਚੁੱਕਣਾ ਚਾਹੋਗੇ। ਖ਼ੈਰ, ਬਪਤਿਸਮਾ ਤੁਹਾਨੂੰ ਇਕ ਮੌਕਾ ਦਿੰਦਾ ਹੈ ਕਿ ਤੁਸੀਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਨੂੰ ਖੁੱਲ੍ਹੇਆਮ ਗਿਆਤ ਕਰਾਓ।—ਰੋਮੀਆਂ 10:9, 10.
11. ਬਪਤਿਸਮਾ ਦਾ ਕੀ ਅਰਥ ਹੈ?
11 ਬਪਤਿਸਮਾ, ਭਰਪੂਰ ਪ੍ਰਤੀਕਾਤਮਕ ਅਰਥ ਰੱਖਦਾ ਹੈ। ਜਿਉਂ ਹੀ ਤੁਹਾਨੂੰ ਪਾਣੀ ਹੇਠ ਡੋਬਿਆ ਜਾਂ “ਦਫ਼ਨਾਇਆ” ਜਾਂਦਾ ਹੈ, ਇਹ ਇਸ ਤਰ੍ਹਾਂ ਹੈ ਜਿਵੇਂ ਕਿ ਤੁਸੀਂ ਆਪਣੇ ਪਹਿਲੇ ਜੀਵਨ-ਕ੍ਰਮ ਦੇ ਪ੍ਰਤੀ ਮਰ ਗਏ ਹੋ। ਜਦੋਂ ਤੁਸੀਂ ਪਾਣੀ ਵਿੱਚੋਂ ਨਿਕਲਦੇ ਹੋ, ਇਹ ਇਸ ਤਰ੍ਹਾਂ ਹੈ ਮਾਨੋ ਤੁਸੀਂ ਇਕ ਨਵਾਂ ਜੀਵਨ ਆਰੰਭ ਕਰ ਰਹੇ ਹੋ, ਉਹ ਜੋ ਪਰਮੇਸ਼ੁਰ ਦੀ ਇੱਛਾ ਦੁਆਰਾ ਨਿਯੰਤ੍ਰਿਤ ਹੈ, ਨਾ ਕਿ ਤੁਹਾਡੀ ਆਪਣੀ ਇੱਛਾ ਦੇ ਦੁਆਰਾ। ਨਿਰਸੰਦੇਹ, ਉਸ ਦਾ ਇਹ ਅਰਥ ਨਹੀਂ ਹੈ ਕਿ ਤੁਸੀਂ ਹੁਣ ਹੋਰ ਗ਼ਲਤੀਆਂ ਨਹੀਂ ਕਰੋਗੇ, ਕਿਉਂਜੋ ਅਸੀਂ ਸਾਰੇ ਅਪੂਰਣ ਹਾਂ ਅਤੇ ਇਸ ਕਰਕੇ ਰੋਜ਼ਾਨਾ ਪਾਪ ਕਰਦੇ ਹਾਂ। ਫਿਰ ਵੀ, ਯਹੋਵਾਹ ਦੇ ਇਕ ਸਮਰਪਿਤ, ਬਪਤਿਸਮਾ-ਪ੍ਰਾਪਤ ਸੇਵਕ ਹੋਣ ਦੇ ਨਾਤੇ, ਤੁਸੀਂ ਉਸ ਦੇ ਨਾਲ ਇਕ ਵਿਸ਼ੇਸ਼ ਰਿਸ਼ਤਾ ਕਾਇਮ ਕਰ ਚੁੱਕੇ ਹੋਵੋਗੇ। ਤੁਹਾਡੀ ਤੋਬਾ ਦੇ ਕਾਰਨ ਅਤੇ ਬਪਤਿਸਮਾ ਸਵੀਕਾਰ ਕਰਨ ਲਈ ਤੁਹਾਡੀ ਨਿਮਰ ਅਧੀਨਗੀ ਦੇ ਕਾਰਨ, ਯਹੋਵਾਹ ਤੁਹਾਡੇ ਪਾਪਾਂ ਨੂੰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਮਾਫ਼ ਕਰਨ ਲਈ ਰਜ਼ਾਮੰਦ ਹੈ। ਇਸ ਤਰ੍ਹਾਂ ਬਪਤਿਸਮਾ ਪਰਮੇਸ਼ੁਰ ਦੇ ਸਾਮ੍ਹਣੇ ਇਕ ਸ਼ੁੱਧ ਅੰਤਹਕਰਣ ਰੱਖਣ ਦੇ ਵੱਲ ਲੈ ਜਾਂਦਾ ਹੈ।—1 ਪਤਰਸ 3:21.
12. (ੳ) ‘ਪਿਤਾ ਦੇ ਨਾਮ ਵਿੱਚ’ (ਅ) ‘ਪੁੱਤ੍ਰ ਦੇ ਨਾਮ ਵਿੱਚ’ (ੲ) “ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਬਪਤਿਸਮਾ ਲੈਣ ਦਾ ਕੀ ਅਰਥ ਹੈ?
12 ਯਿਸੂ ਨੇ ਆਪਣੇ ਅਨੁਯਾਈਆਂ ਨੂੰ “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਨਵੇਂ ਚੇਲਿਆਂ ਨੂੰ ਬਪਤਿਸਮਾ ਦੇਣ ਲਈ ਹੁਕਮ ਦਿੱਤਾ ਸੀ। (ਮੱਤੀ 28:19) ਯਿਸੂ ਦਾ ਕੀ ਅਰਥ ਸੀ? ‘ਪਿਤਾ ਦੇ ਨਾਮ ਵਿੱਚ’ ਬਪਤਿਸਮਾ ਇਹ ਸੰਕੇਤ ਕਰਦਾ ਹੈ ਕਿ ਬਪਤਿਸਮਾ ਲੈ ਰਿਹਾ ਵਿਅਕਤੀ ਯਹੋਵਾਹ ਪਰਮੇਸ਼ੁਰ ਨੂੰ ਪੂਰੇ ਦਿਲ ਦੇ ਨਾਲ ਸ੍ਰਿਸ਼ਟੀਕਰਤਾ ਅਤੇ ਵਿਸ਼ਵ ਦਾ ਹੱਕੀ ਸਰਬਸੱਤਾਵਾਨ ਸਵੀਕਾਰ ਕਰਦਾ ਹੈ। (ਜ਼ਬੂਰ 36:9; 83:18; ਉਪਦੇਸ਼ਕ ਦੀ ਪੋਥੀ 12:1) ‘ਪੁੱਤ੍ਰ ਦੇ ਨਾਮ ਵਿੱਚ’ ਬਪਤਿਸਮਾ ਦਾ ਇਹ ਅਰਥ ਹੈ ਕਿ ਉਹ ਵਿਅਕਤੀ ਪਰਮੇਸ਼ੁਰ ਦੁਆਰਾ ਮੁਹੱਈਆ ਕੀਤੀ ਗਈ ਮੁਕਤੀ ਦੇ ਇੱਕੋ-ਇਕ ਜ਼ਰੀਏ ਵਜੋਂ ਯਿਸੂ ਮਸੀਹ ਨੂੰ—ਅਤੇ ਖ਼ਾਸ ਕਰਕੇ ਉਸ ਦੇ ਰਿਹਾਈ-ਕੀਮਤ ਬਲੀਦਾਨ ਨੂੰ—ਸਵੀਕਾਰ ਕਰਦਾ ਹੈ। (ਰਸੂਲਾਂ ਦੇ ਕਰਤੱਬ 4:12) “ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਬਪਤਿਸਮਾ ਇਹ ਸੰਕੇਤ ਕਰਦਾ ਹੈ ਕਿ ਬਪਤਿਸਮਕ ਉਮੀਦਵਾਰ ਯਹੋਵਾਹ ਦੀ ਪਵਿੱਤਰ ਆਤਮਾ ਜਾਂ ਕ੍ਰਿਆਸ਼ੀਲ ਸ਼ਕਤੀ ਬਾਰੇ ਇਹ ਮੰਨਦਾ ਹੈ ਕਿ ਇਹ ਉਸ ਦੇ ਮਕਸਦਾਂ ਨੂੰ ਪੂਰਿਆਂ ਕਰਨ ਲਈ ਅਤੇ ਉਸ ਦੇ ਸੇਵਕਾਂ ਨੂੰ ਉਸ ਦੇ ਆਤਮਾ-ਨਿਰਦੇਸ਼ਿਤ ਸੰਗਠਨ ਨਾਲ ਮਿਲ ਕੇ ਉਸ ਦੀ ਧਰਮੀ ਇੱਛਾ ਪੂਰੀ ਕਰਨ ਲਈ ਸ਼ਕਤੀ ਦੇਣ ਲਈ ਪਰਮੇਸ਼ੁਰ ਦਾ ਸਾਧਨ ਹੈ।—ਉਤਪਤ 1:2; ਜ਼ਬੂਰ 104:30; ਯੂਹੰਨਾ 14:26; 2 ਪਤਰਸ 1:21.
ਕੀ ਤੁਸੀਂ ਬਪਤਿਸਮੇ ਲਈ ਤਿਆਰ ਹੋ?
13, 14. ਸਾਨੂੰ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦੀ ਚੋਣ ਕਰਨ ਤੋਂ ਕਿਉਂ ਨਹੀਂ ਡਰਨਾ ਚਾਹੀਦਾ ਹੈ?
13 ਕਿਉਂ ਜੋ ਬਪਤਿਸਮਾ ਇੰਨਾ ਅਰਥਪੂਰਣ ਹੈ, ਅਤੇ ਇਕ ਵਿਅਕਤੀ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਣ ਮੀਲ-ਪੱਥਰ ਹੈ, ਤਾਂ ਕੀ ਇਹ ਇਕ ਅਜਿਹਾ ਕਦਮ ਹੈ ਜਿਸ ਤੋਂ ਤੁਹਾਨੂੰ ਡਰਨਾ ਚਾਹੀਦਾ ਹੈ? ਬਿਲਕੁਲ ਨਹੀਂ! ਜਦ ਕਿ ਬਪਤਿਸਮਾ ਲੈਣ ਦੇ ਨਿਰਣੇ ਨੂੰ ਸਾਧਾਰਣ ਨਹੀਂ ਸਮਝਿਆ ਜਾਣਾ ਚਾਹੀਦਾ ਹੈ, ਇਹ ਬਿਨਾਂ ਸ਼ੱਕ ਦੇ ਤੁਹਾਡਾ ਸਭ ਤੋਂ ਬੁੱਧੀਮਾਨ ਨਿਰਣਾ ਹੈ।
14 ਬਪਤਿਸਮਾ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦੀ ਤੁਹਾਡੀ ਚੋਣ ਦਾ ਸਬੂਤ ਦਿੰਦਾ ਹੈ। ਉਨ੍ਹਾਂ ਲੋਕਾਂ ਬਾਰੇ ਵਿਚਾਰ ਕਰੋ ਜਿਨ੍ਹਾਂ ਦੇ ਨਾਲ ਤੁਸੀਂ ਪਰਿਚਿਤ ਹੋ। ਕਿਸੇ-ਨ-ਕਿਸੇ ਤਰੀਕੇ ਵਿਚ, ਕੀ ਉਹ ਹਰੇਕ ਇਕ ਮਾਲਕ ਦੀ ਸੇਵਾ ਨਹੀਂ ਕਰ ਰਿਹਾ ਹੈ? ਕੁਝ ਮਾਯਾ ਦੀ ਸੇਵਾ ਕਰਦੇ ਹਨ। (ਮੱਤੀ 6:24) ਦੂਜੇ ਆਪਣੇ ਪੇਸ਼ਿਆਂ ਵਿਚ ਉੱਦਮ ਨਾਲ ਜੁਟੇ ਰਹਿੰਦੇ ਹਨ ਜਾਂ ਜੀਵਨ ਵਿਚ ਆਪਣੀਆਂ ਹੀ ਇੱਛਾਵਾਂ ਦੀ ਪੂਰਤੀ ਨੂੰ ਸਰਬ-ਸ੍ਰੇਸ਼ਟ ਬਣਾ ਕੇ ਖ਼ੁਦ ਦੀ ਸੇਵਾ ਕਰਦੇ ਹਨ। ਹੋਰ ਦੂਜੇ ਲੋਕ ਝੂਠਿਆਂ ਈਸ਼ਵਰਾਂ ਦੀ ਸੇਵਾ ਕਰਦੇ ਹਨ। ਪਰੰਤੂ ਤੁਸੀਂ ਸੱਚੇ ਪਰਮੇਸ਼ੁਰ, ਯਹੋਵਾਹ ਦੀ ਸੇਵਾ ਕਰਨੀ ਚੁਣਿਆ ਹੈ। ਹੋਰ ਕੋਈ ਵੀ ਅਜਿਹੀ ਦਿਆਲਗੀ, ਦਇਆ, ਅਤੇ ਪ੍ਰੇਮ ਨਹੀਂ ਦਿਖਾਉਂਦਾ ਹੈ। ਪਰਮੇਸ਼ੁਰ ਮਨੁੱਖਾਂ ਨੂੰ ਮਕਸਦਪੂਰਣ ਕੰਮ ਦੇ ਕੇ ਸਨਮਾਨਿਤ ਕਰਦਾ ਹੈ, ਜੋ ਉਨ੍ਹਾਂ ਨੂੰ ਮੁਕਤੀ ਦੇ ਰਾਹੇ ਪਾਉਂਦਾ ਹੈ। ਉਹ ਆਪਣੇ ਸੇਵਕਾਂ ਨੂੰ ਸਦੀਪਕ ਜੀਵਨ ਦਾ ਪ੍ਰਤਿਫਲ ਦਿੰਦਾ ਹੈ। ਨਿਸ਼ਚੇ ਹੀ, ਯਿਸੂ ਦੀ ਮਿਸਾਲ ਦੀ ਪੈਰਵੀ ਕਰਨਾ ਅਤੇ ਯਹੋਵਾਹ ਨੂੰ ਆਪਣਾ ਜੀਵਨ ਦੇਣਾ ਕੋਈ ਡਰਨ ਦੀ ਗੱਲ ਨਹੀਂ ਹੈ। ਅਸਲ ਵਿਚ, ਇਹ ਇੱਕੋ-ਇਕ ਮਾਰਗ ਹੈ ਜੋ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ ਅਤੇ ਬਿਲਕੁਲ ਤਰਕਸੰਗਤ ਹੈ।—1 ਰਾਜਿਆਂ 18:21.
15. ਬਪਤਿਸਮੇ ਦੇ ਸੰਬੰਧ ਵਿਚ ਕੁਝ ਆਮ ਰੁਕਾਵਟਾਂ ਕੀ ਹਨ?
15 ਫਿਰ ਵੀ, ਬਪਤਿਸਮਾ ਇਕ ਅਜਿਹਾ ਕਦਮ ਨਹੀਂ ਹੈ ਜੋ ਦਬਾਉ ਦੇ ਹੇਠ ਆ ਕੇ ਚੁੱਕੀਦਾ ਹੈ। ਇਹ ਯਹੋਵਾਹ ਅਤੇ ਤੁਹਾਡੇ ਵਿਚਕਾਰ ਇਕ ਨਿੱਜੀ ਮਾਮਲਾ ਹੈ। (ਗਲਾਤੀਆਂ 6:4) ਕਿਉਂ ਜੋ ਤੁਸੀਂ ਅਧਿਆਤਮਿਕ ਉੱਨਤੀ ਕੀਤੀ ਹੈ, ਤੁਸੀਂ ਸ਼ਾਇਦ ਵਿਚਾਰ ਕੀਤਾ ਹੋਵੇ: “ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” (ਰਸੂਲਾਂ ਦੇ ਕਰਤੱਬ 8:35, 36) ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ, ‘ਕੀ ਪਰਿਵਾਰਕ ਵਿਰੋਧਤਾ ਮੈਨੂੰ ਰੋਕ ਰਹੀ ਹੈ? ਕੀ ਮੈਂ ਹਾਲੇ ਵੀ ਕਿਸੇ ਅਜਿਹੀ ਸਥਿਤੀ, ਜੋ ਸ਼ਾਸਤਰ ਦੇ ਵਿਰੁੱਧ ਹੈ, ਜਾਂ ਪਾਪਪੂਰਣ ਅਭਿਆਸ ਵਿਚ ਅੰਤਰਗ੍ਰਸਤ ਹਾਂ? ਕੀ ਇੰਜ ਤਾਂ ਨਹੀਂ ਕਿ ਮੈਂ ਬਰਾਦਰੀ ਦੀ ਨਜ਼ਰੋਂ ਲੱਥ ਜਾਣ ਤੋਂ ਡਰਦਾ ਹਾਂ?’ ਇਹ ਸੋਚ-ਵਿਚਾਰ ਕਰਨ ਲਈ ਕੁਝ ਪਹਿਲੂ ਹਨ, ਪਰੰਤੂ ਇਨ੍ਹਾਂ ਉੱਤੇ ਵਾਸਤਵਿਕ ਤੌਰ ਤੇ ਵਿਚਾਰ ਕਰੋ।
16. ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਵਿਚ ਕਿਸ ਤਰ੍ਹਾਂ ਲਾਭ ਹਾਸਲ ਹੋਵੇਗਾ?
16 ਯਹੋਵਾਹ ਦੀ ਸੇਵਾ ਕਰਨ ਦਿਆਂ ਲਾਭਾਂ ਉੱਤੇ ਵਿਚਾਰ ਕੀਤੇ ਬਿਨਾਂ, ਇਸ ਦੇ ਨੁਕਸਾਨ ਨੂੰ ਵਿਚਾਰਨਾ ਵਾਸਤਵਿਕ ਨਹੀਂ ਹੈ। ਮਿਸਾਲ ਲਈ, ਪਰਿਵਾਰਕ ਵਿਰੋਧਤਾ ਬਾਰੇ ਵਿਚਾਰ ਕਰੋ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਸ ਦੀ ਪੈਰਵੀ ਕਰਨ ਕਰਕੇ ਜੇਕਰ ਉਸ ਦੇ ਚੇਲੇ ਆਪਣੇ ਰਿਸ਼ਤੇਦਾਰਾਂ ਨੂੰ ਗੁਆ ਵੀ ਬੈਠਣਗੇ, ਉਹ ਇਕ ਹੋਰ ਵੱਡੇ ਅਧਿਆਤਮਿਕ ਪਰਿਵਾਰ ਨੂੰ ਹਾਸਲ ਕਰਨਗੇ। (ਮਰਕੁਸ 10:29, 30) ਇਹ ਸੰਗੀ ਵਿਸ਼ਵਾਸੀ ਤੁਹਾਨੂੰ ਭਰਾਵਾਂ ਵਰਗਾ ਪ੍ਰੇਮ ਦਿਖਾਉਣਗੇ, ਤੁਹਾਨੂੰ ਸਤਾਹਟ ਸਹਿਣ ਕਰਨ ਲਈ ਮਦਦ ਦੇਣਗੇ, ਅਤੇ ਜੀਵਨ ਦੇ ਰਾਹ ਉੱਤੇ ਸਮਰਥਨ ਦੇਣਗੇ। (1 ਪਤਰਸ 5:9) ਖ਼ਾਸ ਤੌਰ ਤੇ ਕਲੀਸਿਯਾ ਦੇ ਬਜ਼ੁਰਗ ਤੁਹਾਨੂੰ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲਈ ਅਤੇ ਦੂਜੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਮ੍ਹਣਾ ਕਰਨ ਲਈ ਮਦਦ ਕਰ ਸਕਦੇ ਹਨ। (ਯਾਕੂਬ 5:14-16) ਜਿੱਥੇ ਤਕ ਸੰਸਾਰ ਦੀ ਨਜ਼ਰੋਂ ਲੱਥ ਜਾਣ ਦਾ ਸਵਾਲ ਹੈ, ਤੁਸੀਂ ਖ਼ੁਦ ਨੂੰ ਠੀਕ ਪੁੱਛ ਸਕਦੇ ਹੋ, ‘ਵਿਸ਼ਵ ਦੇ ਸ੍ਰਿਸ਼ਟੀਕਰਤਾ ਦੀ ਮਨਜ਼ੂਰੀ ਹੋਣ ਨਾਲੋਂ ਕਿਹੜੀ ਚੀਜ਼ ਬਿਹਤਰ ਹੋ ਸਕਦੀ ਹੈ, ਜਿਸ ਦੇ ਕਾਰਨ ਉਹ ਮੇਰੇ ਚੁਣੇ ਹੋਏ ਜੀਵਨ-ਕ੍ਰਮ ਤੇ ਆਨੰਦ ਮਾਣਦਾ ਹੈ?’—ਕਹਾਉਤਾਂ 27:11.
ਆਪਣੇ ਸਮਰਪਣ ਅਤੇ ਬਪਤਿਸਮੇ ਤੇ ਪੂਰਾ ਉਤਰਨਾ
17. ਤੁਹਾਨੂੰ ਬਪਤਿਸਮੇ ਨੂੰ ਇਕ ਅੰਤ ਦੀ ਬਜਾਇ ਇਕ ਆਰੰਭ ਕਿਉਂ ਵਿਚਾਰਨਾ ਚਾਹੀਦਾ ਹੈ?
17 ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਬਪਤਿਸਮਾ ਤੁਹਾਡੀ ਅਧਿਆਤਮਿਕ ਉੱਨਤੀ ਦਾ ਅੰਤ ਨਹੀਂ ਹੈ। ਇਹ ਇਕ ਨਿਯੁਕਤ ਧਰਮ-ਸੇਵਕ ਅਤੇ ਯਹੋਵਾਹ ਦੇ ਇਕ ਗਵਾਹ ਦੇ ਤੌਰ ਤੇ ਪਰਮੇਸ਼ੁਰ ਦੇ ਪ੍ਰਤੀ ਜੀਵਨ ਭਰ ਦੀ ਸੇਵਾ ਦੇ ਆਰੰਭ ਨੂੰ ਚਿੰਨ੍ਹਿਤ ਕਰਦਾ ਹੈ। ਭਾਵੇਂ ਕਿ ਬਪਤਿਸਮਾ ਅਤਿ-ਮਹੱਤਵਪੂਰਣ ਹੈ, ਇਹ ਮੁਕਤੀ ਦੀ ਜ਼ਮਾਨਤ ਨਹੀਂ ਹੈ। ਯਿਸੂ ਨੇ ਇਹ ਨਹੀਂ ਕਿਹਾ ਸੀ: ‘ਹਰੇਕ ਬਪਤਿਸਮਾ-ਪ੍ਰਾਪਤ ਵਿਅਕਤੀ ਮੁਕਤੀ ਹਾਸਲ ਕਰੇਗਾ।’ ਇਸ ਦੀ ਬਜਾਇ, ਉਸ ਨੇ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਇਸ ਕਰਕੇ, ਇਹ ਅਤਿ-ਮਹੱਤਵਪੂਰਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਨੂੰ ਆਪਣੇ ਜੀਵਨ ਵਿਚ ਸਰਬ-ਸ੍ਰੇਸ਼ਟ ਬਣਾ ਕੇ ਇਸ ਦੀ ਪਹਿਲਾਂ ਭਾਲ ਕਰੋ।—ਮੱਤੀ 6:25-34.
18. ਬਪਤਿਸਮੇ ਤੋਂ ਬਾਅਦ, ਕਿਹੜੇ ਕੁਝ ਟੀਚਿਆਂ ਦਾ ਪਿੱਛਾ ਕੀਤਾ ਜਾ ਸਕਦਾ ਹੈ?
18 ਯਹੋਵਾਹ ਦੇ ਪ੍ਰਤੀ ਆਪਣੀ ਸੇਵਾ ਵਿਚ ਸਹਿਣ ਕਰਨ ਲਈ, ਤੁਸੀਂ ਖ਼ੁਦ ਦੇ ਲਈ ਅਧਿਆਤਮਿਕ ਟੀਚੇ ਸਥਾਪਿਤ ਕਰਨਾ ਚਾਹੋਗੇ। ਇਕ ਉਚਿਤ ਟੀਚਾ ਹੈ ਉਸ ਦੇ ਬਚਨ ਦਾ ਨਿਯਮਿਤ ਵਿਅਕਤੀਗਤ ਅਧਿਐਨ ਕਰਨ ਦੁਆਰਾ ਪਰਮੇਸ਼ੁਰ ਦੇ ਗਿਆਨ ਵਿਚ ਵਧਣਾ। ਬਾਈਬਲ ਦੇ ਦੈਨਿਕ ਪਠਨ ਲਈ ਯੋਜਨਾ ਬਣਾਓ। (ਜ਼ਬੂਰ 1:1, 2) ਮਸੀਹੀ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਵੋ, ਕਿਉਂਕਿ ਜੋ ਸੰਗਤ ਤੁਸੀਂ ਉੱਥੇ ਪਾਓਗੇ ਉਹ ਤੁਹਾਨੂੰ ਅਧਿਆਤਮਿਕ ਸ਼ਕਤੀ ਦੇਣ ਵਿਚ ਮਦਦ ਕਰੇਗੀ। ਨਿੱਜੀ ਤੌਰ ਤੇ, ਕਿਉਂ ਨਾ ਕਲੀਸਿਯਾ ਦੀਆਂ ਸਭਾਵਾਂ ਵਿਚ ਟਿੱਪਣੀ ਕਰਨ ਦਾ ਆਪਣਾ ਟੀਚਾ ਬਣਾਓ ਅਤੇ ਇਸ ਤਰ੍ਹਾਂ ਯਹੋਵਾਹ ਦੀ ਉਸਤਤ ਕਰੋ ਅਤੇ ਦੂਜਿਆਂ ਨੂੰ ਉਤਸ਼ਾਹਿਤ ਕਰਨ ਦੀ ਭਾਲ ਕਰੋ? (ਰੋਮੀਆਂ 1:11, 12) ਇਕ ਹੋਰ ਟੀਚਾ ਆਪਣੀਆਂ ਪ੍ਰਾਰਥਨਾਵਾਂ ਦੀ ਕੋਟੀ ਨੂੰ ਬਿਹਤਰ ਬਣਾਉਣਾ ਹੋ ਸਕਦਾ ਹੈ।—ਲੂਕਾ 11:2-4.
19. ਪਵਿੱਤਰ ਆਤਮਾ ਕਿਹੜੇ ਗੁਣਾਂ ਨੂੰ ਪ੍ਰਦਰਸ਼ਿਤ ਕਰਨ ਲਈ ਤੁਹਾਡੀ ਮਦਦ ਕਰ ਸਕਦੀ ਹੈ?
19 ਜੇਕਰ ਤੁਸੀਂ ਆਪਣੇ ਬਪਤਿਸਮਾ ਦੇ ਅਰਥ ਤੇ ਪੂਰਾ ਉਤਰਨਾ ਹੈ, ਤਾਂ ਤੁਹਾਨੂੰ ਉਸ ਉੱਤੇ ਲਗਾਤਾਰ ਧਿਆਨ ਦੇਣਾ ਚਾਹੀਦਾ ਹੈ ਜੋ ਤੁਸੀਂ ਕਰਦੇ ਹੋ, ਅਤੇ ਤੁਹਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਤੁਹਾਡੇ ਵਿਚ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ ਵਰਗੇ ਗੁਣ ਪੈਦਾ ਕਰਨ ਦੇਣ ਦੀ ਜ਼ਰੂਰਤ ਹੈ। (ਗਲਾਤੀਆਂ 5:22, 23; 2 ਪਤਰਸ 3:11) ਯਾਦ ਰੱਖੋ, ਯਹੋਵਾਹ ਉਨ੍ਹਾਂ ਸਾਰਿਆਂ ਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ ਜੋ ਇਸ ਦੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਉਸ ਦੇ ਵਫ਼ਾਦਾਰ ਸੇਵਕਾਂ ਦੇ ਰੂਪ ਵਿਚ ਉਸ ਦੇ ਆਗਿਆਕਾਰ ਹੁੰਦੇ ਹਨ। (ਲੂਕਾ 11:13; ਰਸੂਲਾਂ ਦੇ ਕਰਤੱਬ 5:32) ਇਸ ਕਰਕੇ ਪਰਮੇਸ਼ੁਰ ਨੂੰ ਉਸ ਦੀ ਆਤਮਾ ਲਈ ਪ੍ਰਾਰਥਨਾ ਕਰੋ ਅਤੇ ਉਨ੍ਹਾਂ ਗੁਣਾਂ ਨੂੰ ਜੋ ਉਸ ਨੂੰ ਪ੍ਰਸੰਨ ਕਰਦੇ ਹਨ, ਪ੍ਰਦਰਸ਼ਿਤ ਕਰਨ ਵਿਚ ਉਸ ਤੋਂ ਮਦਦ ਮੰਗੋ। ਅਜਿਹੇ ਗੁਣ ਤੁਹਾਡੀ ਬੋਲੀ ਅਤੇ ਆਚਰਣ ਵਿਚ ਹੋਰ ਜ਼ਾਹਰ ਹੋ ਜਾਣਗੇ, ਜਿਉਂ-ਜਿਉਂ ਤੁਸੀਂ ਪਰਮੇਸ਼ੁਰ ਦੀ ਆਤਮਾ ਦੇ ਪ੍ਰਭਾਵ ਨੂੰ ਪ੍ਰਤਿਕ੍ਰਿਆ ਦਿਖਾਉਂਦੇ ਹੋ। ਨਿਸ਼ਚੇ ਹੀ, ਮਸੀਹੀ ਕਲੀਸਿਯਾ ਵਿਚ ਹਰੇਕ ਵਿਅਕਤੀ ‘ਨਵੇਂ ਵਿਅਕਤਿੱਤਵ’ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂਕਿ ਉਹ ਹੋਰ ਵੀ ਮਸੀਹ ਵਾਂਗ ਬਣ ਸਕੇ। (ਕੁਲੁੱਸੀਆਂ 3:9-14, ਨਿ ਵ) ਸਾਡੇ ਵਿੱਚੋਂ ਹਰੇਕ ਵਿਅਕਤੀ ਵੱਖਰੀ-ਵੱਖਰੀ ਚੁਣੌਤੀ ਦਾ ਸਾਮ੍ਹਣਾ ਕਰਦਾ ਹੈ ਕਿਉਂਕਿ ਅਸੀਂ ਅਧਿਆਤਮਿਕ ਉੱਨਤੀ ਦੇ ਵੱਖਰੇ-ਵੱਖਰੇ ਦਰਜੇ ਤੇ ਹਾਂ। ਕਿਉਂ ਜੋ ਤੁਸੀਂ ਅਪੂਰਣ ਹੋ, ਤੁਹਾਨੂੰ ਮਸੀਹ-ਸਮਾਨ ਵਿਅਕਤਿੱਤਵ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਪਰੰਤੂ ਇਸ ਸੰਬੰਧ ਵਿਚ ਨਿਰਾਸ਼ ਨਾ ਹੋਵੋ, ਕਿਉਂਕਿ ਇਹ ਪਰਮੇਸ਼ੁਰ ਦੀ ਮਦਦ ਦੇ ਨਾਲ ਮੁਮਕਿਨ ਹੈ।
20. ਤੁਸੀਂ ਸੇਵਕਾਈ ਵਿਚ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦਾ ਅਨੁਕਰਣ ਕਰ ਸਕਦੇ ਹੋ?
20 ਤੁਹਾਡੇ ਅਧਿਆਤਮਿਕ ਟੀਚਿਆਂ ਵਿਚ ਯਿਸੂ ਦੀ ਆਨੰਦਚਿੱਤ ਮਿਸਾਲ ਦਾ ਨਜ਼ਦੀਕੀ ਤੌਰ ਤੇ ਅਨੁਕਰਣ ਕਰਨ ਦਾ ਟੀਚਾ ਵੀ ਹੋਣਾ ਚਾਹੀਦਾ ਹੈ। (ਇਬਰਾਨੀਆਂ 12:1-3) ਉਸ ਨੂੰ ਆਪਣੀ ਸੇਵਕਾਈ ਅਤਿ ਪਿਆਰੀ ਸੀ। ਤਾਂ ਫਿਰ, ਜੇਕਰ ਤੁਹਾਨੂੰ ਰਾਜ-ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦਾ ਵਿਸ਼ੇਸ਼-ਸਨਮਾਨ ਹਾਸਲ ਹੈ, ਤਾਂ ਉਸ ਨੂੰ ਕੇਵਲ ਇਕ ਨਿੱਤ-ਕਰਮ ਹੀ ਨਾ ਬਣਨ ਦਿਓ। ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦੇਣ ਵਿਚ ਸੰਤੁਸ਼ਟੀ ਹਾਸਲ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਯਿਸੂ ਨੇ ਹਾਸਲ ਕੀਤੀ ਸੀ। ਉਨ੍ਹਾਂ ਹਿਦਾਇਤਾਂ ਨੂੰ ਇਸਤੇਮਾਲ ਕਰੋ ਜੋ ਕਲੀਸਿਯਾ ਤੁਹਾਨੂੰ ਇਕ ਸਿੱਖਿਅਕ ਦੇ ਤੌਰ ਤੇ ਬਿਹਤਰ ਬਣਨ ਵਿਚ ਮਦਦ ਕਰਨ ਲਈ ਪ੍ਰਦਾਨ ਕਰਦੀ ਹੈ। ਅਤੇ ਨਿਸ਼ਚਿਤ ਹੋਵੋ ਕਿ ਯਹੋਵਾਹ ਤੁਹਾਨੂੰ ਆਪਣੀ ਸੇਵਕਾਈ ਪੂਰੀ ਕਰਨ ਲਈ ਸ਼ਕਤੀ ਦੇ ਸਕਦਾ ਹੈ।—1 ਕੁਰਿੰਥੀਆਂ 9:19-23.
21. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਵਫ਼ਾਦਾਰ ਬਪਤਿਸਮਾ-ਪ੍ਰਾਪਤ ਵਿਅਕਤੀਆਂ ਨੂੰ ਕੀਮਤੀ ਸਮਝਦਾ ਹੈ? (ਅ) ਕਿਹੜੀ ਚੀਜ਼ ਪ੍ਰਦਰਸ਼ਿਤ ਕਰਦੀ ਹੈ ਕਿ ਇਸ ਦੁਸ਼ਟ ਰੀਤੀ-ਵਿਵਸਥਾ ਉੱਤੇ ਪਰਮੇਸ਼ੁਰ ਦੇ ਨਿਆਉਂ ਦੀ ਪੂਰਤੀ ਵਿੱਚੋਂ ਸਾਡੇ ਬਚਾਉ ਲਈ ਬਪਤਿਸਮਾ ਮਹੱਤਵਪੂਰਣ ਹੈ?
21 ਇਕ ਸਮਰਪਿਤ, ਬਪਤਿਸਮਾ-ਪ੍ਰਾਪਤ ਵਿਅਕਤੀ ਜੋ ਯਿਸੂ ਦੀ ਪੈਰਵੀ ਕਰਨ ਦਾ ਜਤਨ ਕਰ ਰਿਹਾ ਹੈ, ਪਰਮੇਸ਼ੁਰ ਲਈ ਖ਼ਾਸ ਮਹੱਤਵ ਰੱਖਦਾ ਹੈ। ਯਹੋਵਾਹ ਸਾਰੇ ਅਰਬਾਂ ਮਾਨਵੀ ਦਿਲਾਂ ਦੀ ਜਾਂਚ ਕਰਦਾ ਹੈ ਅਤੇ ਜਾਣਦਾ ਹੈ ਕਿ ਅਜਿਹੇ ਵਿਅਕਤੀ ਕਿੰਨੇ ਵਿਰਲੇ ਹਨ। ਉਹ ਉਨ੍ਹਾਂ ਨੂੰ ਬਹੁਮੁੱਲਾ ਪਦਾਰਥ, ਅਰਥਾਤ “ਮਨਭਾਉਂਦੀਆਂ ਚੀਜ਼ਾਂ” ਵਿਚਾਰਦਾ ਹੈ। (ਹੱਜਈ 2:7, ਨਿ ਵ) ਬਾਈਬਲ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਅਜਿਹੇ ਵਿਅਕਤੀਆਂ ਨੂੰ ਇਸ ਦੁਸ਼ਟ ਰੀਤੀ-ਵਿਵਸਥਾ ਉੱਤੇ ਜਲਦੀ ਹੀ ਆਉਣ ਵਾਲੇ ਉਸ ਦੇ ਨਿਆਉਂ ਦੀ ਪੂਰਤੀ ਵਿੱਚੋਂ ਬਚ ਨਿਕਲਣ ਲਈ ਚਿੰਨ੍ਹਿਤ ਕੀਤੇ ਵਿਚਾਰਦਾ ਹੈ। (ਹਿਜ਼ਕੀਏਲ 9:1-6; ਮਲਾਕੀ 3:16, 18) ਕੀ ਤੁਸੀਂ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ” ਰੱਖਦੇ ਹੋ? (ਰਸੂਲਾਂ ਦੇ ਕਰਤੱਬ 13:48, ਨਿ ਵ) ਕੀ ਇਹ ਤੁਹਾਡੀ ਤੀਬਰ ਇੱਛਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਇਕ ਵਿਅਕਤੀ ਦੇ ਤੌਰ ਤੇ ਚਿੰਨ੍ਹਿਤ ਕੀਤੇ ਜਾਓ? ਸਮਰਪਣ ਅਤੇ ਬਪਤਿਸਮਾ ਉਸ ਚਿੰਨ੍ਹ ਦਾ ਹਿੱਸਾ ਹਨ, ਅਤੇ ਇਹ ਬਚਾਉ ਲਈ ਆਵੱਸ਼ਕ ਹਨ।
22. “ਵੱਡੀ ਭੀੜ” ਕਿਹੜੀਆਂ ਸੰਭਾਵਨਾਵਾਂ ਦੀ ਉਤਸ਼ਾਹ ਨਾਲ ਉਡੀਕ ਕਰ ਸਕਦੀ ਹੈ?
22 ਵਿਸ਼ਵ-ਵਿਆਪੀ ਜਲ-ਪਰਲੋ ਤੋਂ ਬਾਅਦ, ਨੂਹ ਅਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਵਿੱਚੋਂ ਨਿਕਲ ਕੇ ਇਕ ਸਾਫ਼ ਕੀਤੀ ਹੋਈ ਧਰਤੀ ਉੱਤੇ ਕਦਮ ਰੱਖਿਆ। ਇਸੇ ਤਰ੍ਹਾਂ ਅੱਜ, “ਇੱਕ ਵੱਡੀ ਭੀੜ” ਜੋ ਪਰਮੇਸ਼ੁਰ ਦਾ ਗਿਆਨ ਆਪਣੇ ਜੀਵਨ ਵਿਚ ਲਾਗੂ ਕਰਦੇ ਹਨ ਅਤੇ ਯਹੋਵਾਹ ਦੀ ਮਨਜ਼ੂਰੀ ਹਾਸਲ ਕਰਦੇ ਹਨ, ਉਨ੍ਹਾਂ ਦੇ ਕੋਲ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਬਚਣ ਅਤੇ ਇਕ ਸਥਾਈ ਤੌਰ ਤੇ ਸਾਫ਼ ਕੀਤੀ ਹੋਈ ਧਰਤੀ ਉੱਤੇ ਸਦੀਪਕ ਜੀਵਨ ਦਾ ਆਨੰਦ ਮਾਣਨ ਦੀ ਸੰਭਾਵਨਾ ਹੈ। (ਪਰਕਾਸ਼ ਦੀ ਪੋਥੀ 7:9, 14) ਉਹ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ?
ਆਪਣੇ ਗਿਆਨ ਨੂੰ ਪਰਖੋ
ਯਹੋਵਾਹ ਕਿਵੇਂ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਬਾਰੇ ਆਪਣੇ ਗਿਆਨ ਨੂੰ ਇਸਤੇਮਾਲ ਕਰੋ?
ਕੁਝ ਕਦਮ ਕਿਹੜੇ ਹਨ ਜੋ ਬਪਤਿਸਮਾ ਵੱਲ ਲੈ ਜਾਂਦੇ ਹਨ?
ਬਪਤਿਸਮਾ ਇਕ ਅੰਤ ਦੀ ਬਜਾਇ, ਇਕ ਆਰੰਭ ਕਿਉਂ ਹੈ?
ਅਸੀਂ ਆਪਣੇ ਸਮਰਪਣ ਅਤੇ ਬਪਤਿਸਮੇ ਤੇ ਕਿਵੇਂ ਪੂਰਾ ਉਤਰ ਸਕਦੇ ਹਾਂ?
[ਸਫ਼ੇ 172 ਉੱਤੇ ਤਸਵੀਰ]
ਕੀ ਤੁਸੀਂ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਸਮਰਪਿਤ ਹੋਏ ਹੋ?
[ਸਫ਼ੇ 174 ਉੱਤੇ ਤਸਵੀਰਾਂ]
ਬਪਤਿਸਮਾ ਪ੍ਰਾਪਤ ਕਰਨ ਤੋਂ ਤੁਹਾਨੂੰ ਕਿਹੜੀ ਚੀਜ਼ ਰੋਕਦੀ ਹੈ?