ਪਾਠ 5
ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
ਯਹੋਵਾਹ ਨੇ ਧਰਤੀ ਦੀ ਸ੍ਰਿਸ਼ਟੀ ਕਿਉਂ ਕੀਤੀ ਸੀ? (1, 2)
ਧਰਤੀ ਹੁਣ ਇਕ ਪਰਾਦੀਸ ਕਿਉਂ ਨਹੀਂ ਹੈ? (3)
ਦੁਸ਼ਟ ਲੋਕਾਂ ਨੂੰ ਕੀ ਹੋਵੇਗਾ? (4)
ਭਵਿੱਖ ਵਿਚ, ਯਿਸੂ ਬੀਮਾਰਾਂ ਦੇ ਲਈ ਕੀ ਕਰੇਗਾ? ਬਿਰਧਾਂ ਲਈ? ਮਿਰਤਕਾਂ ਲਈ? (5, 6)
ਭਾਵੀ ਬਰਕਤਾਂ ਵਿਚ ਹਿੱਸਾ ਲੈਣ ਦੇ ਲਈ, ਤੁਹਾਨੂੰ ਕੀ ਕਰਨ ਦੀ ਲੋੜ ਹੈ? (7)
1. ਯਹੋਵਾਹ ਨੇ ਇਸ ਧਰਤੀ ਦੀ ਸ੍ਰਿਸ਼ਟੀ ਇਸ ਲਈ ਕੀਤੀ ਕਿ ਮਾਨਵ ਇਸ ਉੱਤੇ ਸਦਾ ਦੇ ਲਈ ਜੀਉਣ ਦਾ ਆਨੰਦ ਮਾਣ ਸਕਣ। ਉਹ ਚਾਹੁੰਦਾ ਸੀ ਕਿ ਧਰਤੀ ਹਮੇਸ਼ਾ ਹੀ ਧਾਰਮਿਕ, ਖ਼ੁਸ਼ ਲੋਕਾਂ ਨਾਲ ਵਸੀ ਰਹੇ। (ਜ਼ਬੂਰ 115:16; ਯਸਾਯਾਹ 45:18) ਧਰਤੀ ਕਦੇ ਵੀ ਨਾਸ਼ ਨਹੀਂ ਹੋਵੇਗੀ; ਇਹ ਸਦਾ ਦੇ ਲਈ ਕਾਇਮ ਰਹੇਗੀ।—ਜ਼ਬੂਰ 104:5; ਉਪਦੇਸ਼ਕ ਦੀ ਪੋਥੀ 1:4.
2. ਮਨੁੱਖ ਨੂੰ ਬਣਾਉਣ ਤੋਂ ਪਹਿਲਾਂ, ਪਰਮੇਸ਼ੁਰ ਨੇ ਧਰਤੀ ਦੇ ਇਕ ਛੋਟੇ ਭਾਗ ਨੂੰ ਚੁਣ ਕੇ ਇਸ ਨੂੰ ਇਕ ਸੁੰਦਰ ਪਰਾਦੀਸ ਬਣਾ ਦਿੱਤਾ। ਉਸ ਨੇ ਇਸ ਨੂੰ ਅਦਨ ਦਾ ਬਾਗ਼ ਆਖਿਆ। ਇੱਥੇ ਹੀ ਉਸ ਨੇ ਪਹਿਲੇ ਪੁਰਸ਼ ਅਤੇ ਇਸਤਰੀ, ਆਦਮ ਅਤੇ ਹੱਵਾਹ ਨੂੰ ਰੱਖਿਆ। ਪਰਮੇਸ਼ੁਰ ਦਾ ਉਨ੍ਹਾਂ ਲਈ ਮਕਸਦ ਸੀ ਕਿ ਉਹ ਬੱਚੇ ਪੈਦਾ ਕਰਨ ਅਤੇ ਪੂਰੀ ਧਰਤੀ ਨੂੰ ਭਰ ਦੇਣ। ਸਹਿਜੇ-ਸਹਿਜੇ ਉਨ੍ਹਾਂ ਨੇ ਪੂਰੀ ਧਰਤੀ ਨੂੰ ਇਕ ਪਰਾਦੀਸ ਬਣਾ ਦੇਣਾ ਸੀ।—ਉਤਪਤ 1:28; 2:8, 15.
3. ਆਦਮ ਅਤੇ ਹੱਵਾਹ ਨੇ ਜਾਣ-ਬੁੱਝ ਕੇ ਪਾਪ ਕਰਨ ਦੇ ਦੁਆਰਾ ਪਰਮੇਸ਼ੁਰ ਦੇ ਨਿਯਮ ਦੀ ਉਲੰਘਣਾ ਕੀਤੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਪਰਾਦੀਸ ਖੋਹ ਗਿਆ। (ਉਤਪਤ 3:1-6, 23) ਲੇਕਨ ਯਹੋਵਾਹ ਇਸ ਧਰਤੀ ਲਈ ਆਪਣੇ ਮਕਸਦ ਨੂੰ ਭੁੱਲਿਆ ਨਹੀਂ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਇਹ ਨੂੰ ਇਕ ਪਰਾਦੀਸ ਬਣਾਵੇਗਾ, ਜਿੱਥੇ ਮਾਨਵ ਸਦਾ ਦੇ ਲਈ ਜੀਉਣਗੇ। ਉਹ ਇਹ ਕਿਵੇਂ ਕਰੇਗਾ?—ਜ਼ਬੂਰ 37:29.
4. ਇਸ ਤੋਂ ਪਹਿਲਾਂ ਕਿ ਇਹ ਧਰਤੀ ਇਕ ਪਰਾਦੀਸ ਬਣ ਸਕੇ, ਦੁਸ਼ਟ ਲੋਕਾਂ ਨੂੰ ਹਟਾਉਣਾ ਜ਼ਰੂਰੀ ਹੈ। (ਜ਼ਬੂਰ 37:38) ਇਹ ਆਰਮਾਗੇਡਨ ਦੇ ਸਮੇਂ ਹੋਵੇਗਾ, ਜੋ ਦੁਸ਼ਟਤਾ ਖ਼ਤਮ ਕਰਨ ਲਈ ਪਰਮੇਸ਼ੁਰ ਦਾ ਯੁੱਧ ਹੈ। ਫਿਰ, ਸ਼ਤਾਨ 1,000 ਵਰ੍ਹਿਆਂ ਦੇ ਲਈ ਕੈਦ ਕੀਤਾ ਜਾਵੇਗਾ। ਇਸ ਦਾ ਭਾਵ ਹੈ ਕਿ ਧਰਤੀ ਨੂੰ ਵਿਗਾੜਨ ਲਈ ਫਿਰ ਕੋਈ ਵੀ ਦੁਸ਼ਟ ਵਿਅਕਤੀ ਨਹੀਂ ਰਹਿਣਗੇ। ਕੇਵਲ ਪਰਮੇਸ਼ੁਰ ਦੇ ਲੋਕ ਹੀ ਬਚ ਜਾਣਗੇ।—ਪਰਕਾਸ਼ ਦੀ ਪੋਥੀ 16:14, 16; 20:1-3.
5. ਫਿਰ ਯਿਸੂ ਮਸੀਹ 1,000 ਵਰ੍ਹਿਆਂ ਦੇ ਲਈ ਰਾਜਾ ਦੇ ਤੌਰ ਤੇ ਇਸ ਧਰਤੀ ਉੱਤੇ ਰਾਜ ਕਰੇਗਾ। (ਪਰਕਾਸ਼ ਦੀ ਪੋਥੀ 20:6) ਉਹ ਹੌਲੀ-ਹੌਲੀ ਸਾਡੇ ਮਨਾਂ ਅਤੇ ਸਰੀਰਾਂ ਵਿੱਚੋਂ ਪਾਪ ਨੂੰ ਮਿਟਾ ਦੇਵੇਗਾ। ਅਸੀਂ ਸੰਪੂਰਣ ਮਾਨਵ ਬਣ ਜਾਵਾਂਗੇ, ਠੀਕ ਜਿਵੇਂ ਆਦਮ ਅਤੇ ਹੱਵਾਹ ਪਾਪ ਕਰਨ ਤੋਂ ਪਹਿਲਾਂ ਸਨ। ਫਿਰ ਕਦੇ ਵੀ ਬੀਮਾਰੀ, ਬੁਢਾਪਾ, ਅਤੇ ਮੌਤ ਨਹੀਂ ਹੋਵੇਗੀ। ਬੀਮਾਰ ਲੋਕ ਚੰਗੇ ਕੀਤੇ ਜਾਣਗੇ, ਅਤੇ ਬਿਰਧ ਵਿਅਕਤੀ ਫਿਰ ਤੋਂ ਜਵਾਨ ਹੋ ਜਾਣਗੇ।—ਅੱਯੂਬ 33:25; ਯਸਾਯਾਹ 33:24; ਪਰਕਾਸ਼ ਦੀ ਪੋਥੀ 21:3, 4.
6. ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਵਫ਼ਾਦਾਰ ਮਾਨਵ ਪੂਰੀ ਧਰਤੀ ਨੂੰ ਇਕ ਪਰਾਦੀਸ ਵਿਚ ਪਰਿਵਰਤਿਤ ਕਰਨ ਲਈ ਕਾਰਜ ਕਰਨਗੇ। (ਲੂਕਾ 23:43) ਨਾਲੇ, ਲੱਖਾਂ ਹੀ ਮਰੇ ਹੋਏ ਵਿਅਕਤੀਆਂ ਨੂੰ ਧਰਤੀ ਉੱਤੇ ਮਾਨਵ ਜੀਵਨ ਦੇ ਲਈ ਪੁਨਰ-ਉਥਿਤ ਕੀਤਾ ਜਾਵੇਗਾ। (ਰਸੂਲਾਂ ਦੇ ਕਰਤੱਬ 24:15) ਜੇਕਰ ਉਹ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਕੰਮ ਕਰਦੇ ਹਨ, ਤਾਂ ਉਹ ਧਰਤੀ ਉੱਤੇ ਸਦਾ ਦੇ ਲਈ ਜੀਉਣਾ ਜਾਰੀ ਰੱਖਣਗੇ। ਜੇਕਰ ਨਹੀਂ ਕਰਦੇ ਹਨ, ਤਾਂ ਉਹ ਸਦਾ ਦੇ ਲਈ ਨਾਸ਼ ਕੀਤੇ ਜਾਣਗੇ।—ਯੂਹੰਨਾ 5:28, 29; ਪਰਕਾਸ਼ ਦੀ ਪੋਥੀ 20:11-15.
7. ਇਸ ਤਰ੍ਹਾਂ ਧਰਤੀ ਲਈ ਪਰਮੇਸ਼ੁਰ ਦਾ ਮੁਢਲਾ ਮਕਸਦ ਪੂਰਾ ਹੋਵੇਗਾ। ਕੀ ਤੁਸੀਂ ਇਨ੍ਹਾਂ ਭਾਵੀ ਬਰਕਤਾਂ ਵਿਚ ਹਿੱਸਾ ਲੈਣਾ ਪਸੰਦ ਕਰੋਗੇ? ਜੇਕਰ ਪਸੰਦ ਕਰਦੇ ਹੋ, ਤਾਂ ਤੁਹਾਨੂੰ ਨਿਰੰਤਰ ਯਹੋਵਾਹ ਦੇ ਬਾਰੇ ਸਿੱਖਦੇ ਰਹਿਣ ਅਤੇ ਉਸ ਦੀਆਂ ਮੰਗਾਂ ਦੀ ਆਗਿਆਪਾਲਣਾ ਕਰਦੇ ਰਹਿਣ ਦੀ ਲੋੜ ਹੈ। ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਹਾਜ਼ਰ ਹੋਣਾ ਇੰਜ ਕਰਨ ਵਿਚ ਤੁਹਾਡੀ ਮਦਦ ਕਰੇਗਾ।—ਯਸਾਯਾਹ 11:9; ਇਬਰਾਨੀਆਂ 10:24, 25.
[ਸਫ਼ਾ 10 ਉੱਤੇ ਤਸਵੀਰ]
ਪਰਾਦੀਸ ਖੋਹ ਗਿਆ
[ਸਫ਼ਾ 11 ਉੱਤੇ ਤਸਵੀਰਾਂ]
ਆਰਮਾਗੇਡਨ ਮਗਰੋਂ, ਧਰਤੀ ਇਕ ਪਰਾਦੀਸ ਬਣਾ ਦਿੱਤੀ ਜਾਵੇਗੀ