ਬਾਰ੍ਹਵਾਂ ਅਧਿਆਇ
ਅੱਸ਼ੂਰ ਤੋਂ ਨਾ ਡਰੋ
1, 2. (ੳ) ਮਨੁੱਖੀ ਨਜ਼ਰੀਏ ਤੋਂ ਦੇਖਦੇ ਹੋਏ ਯੂਨਾਹ ਕੋਲ ਅੱਸ਼ੂਰੀ ਲੋਕਾਂ ਤਕ ਸੁਨੇਹਾ ਪਹੁੰਚਾਉਣ ਤੋਂ ਡਰਨ ਦਾ ਚੰਗਾ ਕਾਰਨ ਕਿਉਂ ਸੀ? (ਅ) ਨੀਨਵਾਹ ਦੇ ਲੋਕਾਂ ਨੇ ਯੂਨਾਹ ਦਾ ਸੁਨੇਹਾ ਸੁਣ ਕੇ ਕੀ ਕੀਤਾ?
ਅਮਿੱਤਈ ਦਾ ਪੁੱਤਰ, ਇਬਰਾਨੀ ਨਬੀ ਯੂਨਾਹ, ਨੌਵੀਂ ਸਦੀ ਸਾ.ਯੁ.ਪੂ. ਦੇ ਮੱਧ ਵਿਚ ਅੱਸ਼ੂਰੀ ਸਾਮਰਾਜ ਦੀ ਰਾਜਧਾਨੀ ਨੀਨਵਾਹ ਨੂੰ ਗਿਆ। ਉਸ ਨੇ ਇਕ ਜ਼ਰੂਰੀ ਸੁਨੇਹਾ ਪਹੁੰਚਾਉਣਾ ਸੀ। ਯਹੋਵਾਹ ਨੇ ਉਸ ਨੂੰ ਕਿਹਾ ਸੀ ਕਿ “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ!”—ਯੂਨਾਹ 1:2, 3.
2 ਜਦੋਂ ਯੂਨਾਹ ਨੂੰ ਇਹ ਕੰਮ ਸੌਂਪਿਆ ਗਿਆ, ਉਹ ਦੂਜੇ ਪਾਸੇ ਤਰਸ਼ੀਸ਼ ਨੂੰ ਦੌੜ ਗਿਆ ਸੀ। ਅਸੀਂ ਸਮਝ ਸਕਦੇ ਹਾਂ ਕਿ ਯੂਨਾਹ ਕਿਉਂ ਡਰਦਾ ਸੀ। ਅੱਸ਼ੂਰੀ ਲੋਕ ਬੜੇ ਖ਼ਰਾਬ ਸਨ। ਇਸ ਵੱਲ ਧਿਆਨ ਦਿਓ ਕਿ ਇਕ ਅੱਸ਼ੂਰੀ ਬਾਦਸ਼ਾਹ ਨੇ ਆਪਣੇ ਦੁਸ਼ਮਣਾਂ ਨਾਲ ਕੀ ਕੀਤਾ ਸੀ: “ਮੈਂ ਅਫ਼ਸਰਾਂ ਦੇ ਅੰਗ ਵੱਢੇ . . . ਮੈਂ ਕਈਆਂ ਕੈਦੀਆਂ ਨੂੰ ਅੱਗ ਨਾਲ ਜਲਾਇਆ, ਅਤੇ ਕਈ ਜੀਉਂਦੇ ਕੈਦੀ ਫੜੇ। ਕਈਆਂ ਦੇ ਮੈਂ ਹੱਥ ਕੱਟੇ ਅਤੇ ਕਈਆਂ ਦੀਆਂ ਉਂਗਲੀਆਂ, ਅਤੇ ਦੂਸਰਿਆਂ ਦੇ ਮੈਂ ਨੱਕ ਕੱਟੇ।” ਫਿਰ ਵੀ, ਜਦੋਂ ਅਖ਼ੀਰ ਵਿਚ ਯੂਨਾਹ ਨੇ ਨੀਨਵਾਹ ਦੇ ਲੋਕਾਂ ਨੂੰ ਯਹੋਵਾਹ ਦਾ ਸੁਨੇਹਾ ਦਿੱਤਾ, ਉਨ੍ਹਾਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਯਹੋਵਾਹ ਨੇ ਉਸ ਵੇਲੇ ਸ਼ਹਿਰ ਨੂੰ ਤਬਾਹ ਨਹੀਂ ਕੀਤਾ।—ਯੂਨਾਹ 3:3-10; ਮੱਤੀ 12:41.
ਯਹੋਵਾਹ ਨੇ ‘ਡੰਡਾ’ ਚੁੱਕਿਆ
3. ਯਹੋਵਾਹ ਦੇ ਨਬੀਆਂ ਦੀਆਂ ਚੇਤਾਵਨੀਆਂ ਸੁਣਨ ਤੋਂ ਬਾਅਦ ਇਸਰਾਏਲ ਦੇ ਲੋਕਾਂ ਅਤੇ ਨੀਨਵਾਹ ਦੇ ਲੋਕਾਂ ਦੇ ਰਵੱਈਏ ਵਿਚ ਕੀ ਫ਼ਰਕ ਸੀ?
3 ਯੂਨਾਹ ਨੇ ਇਸਰਾਏਲੀ ਲੋਕਾਂ ਨੂੰ ਵੀ ਪ੍ਰਚਾਰ ਕੀਤਾ ਸੀ। ਕੀ ਉਨ੍ਹਾਂ ਨੇ ਉਸ ਦਾ ਸੁਨੇਹਾ ਸੁਣ ਕੇ ਤੋਬਾ ਕੀਤੀ? (2 ਰਾਜਿਆਂ 14:25) ਨਹੀਂ। ਉਨ੍ਹਾਂ ਨੇ ਸ਼ੁੱਧ ਉਪਾਸਨਾ ਤੋਂ ਮੂੰਹ ਫੇਰਿਆ। ਦਰਅਸਲ, ਉਨ੍ਹਾਂ ਨੇ “ਅਕਾਸ਼ ਦੀ ਸਾਰੀ ਸੈਨਾ ਨੂੰ ਮੱਥਾ ਟੇਕਿਆ ਅਤੇ ਬਆਲ ਦੀ ਪੂਜਾ ਕੀਤੀ।” ਇਸ ਤੋਂ ਇਲਾਵਾ, ਉਨ੍ਹਾਂ ਨੇ “ਆਪਣੇ ਪੁੱਤ੍ਰਾਂ ਅਰ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ ਅਤੇ ਪੁੱਛ ਪੁਆਉਣ ਤੋਂ ਤੇ ਜਾਦੂਗਰੀ ਤੋਂ ਕੰਮ ਲਿਆ ਅਰ ਆਪਣੇ ਆਪ ਉਨ੍ਹਾਂ ਕੰਮਾਂ ਲਈ ਵਿਕ ਗਏ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ।” (2 ਰਾਜਿਆਂ 17:16, 17) ਨੀਨਵਾਹ ਦੇ ਲੋਕਾਂ ਤੋਂ ਉਲਟ, ਇਸਰਾਏਲੀਆਂ ਨੇ ਯਹੋਵਾਹ ਦੀ ਨਹੀਂ ਸੁਣੀ ਜਦੋਂ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਨਬੀਆਂ ਨੂੰ ਭੇਜਿਆ। ਇਸ ਲਈ ਯਹੋਵਾਹ ਨੇ ਸਖ਼ਤ ਕਦਮ ਚੁੱਕਣ ਦਾ ਇਰਾਦਾ ਰੱਖਿਆ।
4, 5. (ੳ) “ਅੱਸ਼ੂਰ” ਕੌਣ ਸੀ, ਅਤੇ ਯਹੋਵਾਹ ਨੇ ਉਸ ਨੂੰ ਇਕ “ਡੰਡੇ” ਵਜੋਂ ਕਿਵੇਂ ਵਰਤਿਆ? (ਅ) ਸਾਮਰਿਯਾ ਕਦੋਂ ਖ਼ਤਮ ਕੀਤਾ ਗਿਆ ਸੀ?
4 ਯੂਨਾਹ ਦੇ ਨੀਨਵਾਹ ਜਾਣ ਤੋਂ ਬਾਅਦ ਕੁਝ ਸਮੇਂ ਲਈ ਅੱਸ਼ੂਰੀ ਲੋਕਾਂ ਦੇ ਅਤਿਆਚਾਰ ਥੋੜ੍ਹੇ-ਬਹੁਤੇ ਘੱਟ ਗਏ ਸਨ।a ਪਰ, ਅੱਠਵੀਂ ਸਦੀ ਸਾ.ਯੁ.ਪੂ. ਦੇ ਸ਼ੁਰੂ ਵਿਚ, ਅੱਸ਼ੂਰ ਨੇ ਫਿਰ ਤੋਂ ਇਕ ਸੈਨਿਕ ਤਾਕਤ ਵਜੋਂ ਹੱਕ ਜਮਾਇਆ, ਅਤੇ ਯਹੋਵਾਹ ਨੇ ਉਸ ਨੂੰ ਇਕ ਅਸਚਰਜ ਤਰੀਕੇ ਨਾਲ ਇਸਤੇਮਾਲ ਕੀਤਾ। ਯਸਾਯਾਹ ਨਬੀ ਨੇ ਯਹੋਵਾਹ ਵੱਲੋਂ ਉੱਤਰੀ ਰਾਜ ਇਸਰਾਏਲ ਨੂੰ ਚੇਤਾਵਨੀ ਦਿੱਤੀ: “ਹਾਇ ਅੱਸ਼ੂਰ—ਮੇਰੇ ਕ੍ਰੋਧ ਦੇ ਡੰਡੇ ਉੱਤੇ! ਉਹ ਲਾਠੀ ਜਿਹੜੀ ਉਹ ਦੇ ਹੱਥ ਵਿੱਚ ਹੈ ਮੇਰਾ ਗ਼ਜ਼ਬ ਹੈ। ਮੈਂ ਉਹ ਨੂੰ ਇੱਕ ਬੇਧਰਮ ਕੌਮ ਉੱਤੇ ਘੱਲਾਂਗਾ, ਅਤੇ ਆਪਣੇ ਕਹਿਰ ਦੇ ਲੋਕਾਂ ਦੇ ਵਿਰੁੱਧ ਹੁਕਮ ਦਿਆਂਗਾ, ਭਈ ਉਹ ਲੁੱਟ ਲੁੱਟੇ ਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਙੁ ਓਹਨਾਂ ਨੂੰ ਮਿੱਧੇ।”—ਯਸਾਯਾਹ 10:5, 6.
5 ਇਸਰਾਏਲੀ ਲੋਕਾਂ ਦਾ ਕਿੰਨਾ ਵੱਡਾ ਅਪਮਾਨ ਹੋਇਆ! ਪਰਮੇਸ਼ੁਰ ਨੇ ਇਕ ਮੂਰਤੀ-ਪੂਜਕ ਕੌਮ—“ਅੱਸ਼ੂਰ”—ਨੂੰ ਇਕ “ਡੰਡੇ” ਵਜੋਂ ਉਨ੍ਹਾਂ ਨੂੰ ਸਜ਼ਾ ਦੇਣ ਵਾਸਤੇ ਵਰਤਿਆ। ਸੰਨ 742 ਸਾ.ਯੁ.ਪੂ. ਵਿਚ, ਅੱਸ਼ੂਰੀ ਰਾਜਾ ਸ਼ਲਮਨਸਰ ਪੰਜਵੇਂ ਨੇ ਧਰਮ-ਤਿਆਗੀ ਇਸਰਾਏਲ ਦੇਸ਼ ਦੀ ਰਾਜਧਾਨੀ ਸਾਮਰਿਯਾ ਨੂੰ ਘੇਰਾ ਪਾਇਆ। ਕੁਝ 90 ਮੀਟਰ ਉੱਚੀ ਪਹਾੜੀ ਉੱਤੇ ਸਥਿਤ ਹੋਣ ਕਰਕੇ ਸਾਮਰਿਯਾ ਨੇ ਦੁਸ਼ਮਣਾਂ ਦੇ ਹਮਲੇ ਨੂੰ ਤਕਰੀਬਨ ਤਿੰਨ ਸਾਲਾਂ ਤਕ ਰੋਕੀ ਰੱਖਿਆ। ਪਰ ਪਰਮੇਸ਼ੁਰ ਦੇ ਮਕਸਦ ਨੂੰ ਕੋਈ ਵੀ ਇਨਸਾਨੀ ਯੁੱਧ-ਕਲਾ ਨਹੀਂ ਰੋਕ ਸਕਦੀ। ਸੰਨ 740 ਸਾ.ਯੁ.ਪੂ. ਵਿਚ, ਸਾਮਰਿਯਾ ਉੱਤੇ ਕਬਜ਼ਾ ਕੀਤਾ ਗਿਆ ਅਤੇ ਅੱਸ਼ੂਰ ਨੇ ਉਸ ਨੂੰ ਖ਼ਤਮ ਕਰ ਦਿੱਤਾ।—2 ਰਾਜਿਆਂ 18:10.
6. ਅੱਸ਼ੂਰ ਯਹੋਵਾਹ ਦੇ ਇਰਾਦੇ ਦੀਆਂ ਹੱਦਾਂ ਤੋਂ ਕਿਵੇਂ ਪਾਰ ਲਿੰਘਿਆ?
6 ਭਾਵੇਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਬਕ ਸਿਖਾਉਣ ਲਈ ਅੱਸ਼ੂਰੀਆਂ ਨੂੰ ਵਰਤਿਆ, ਪਰ ਅੱਸ਼ੂਰੀ ਲੋਕਾਂ ਨੇ ਯਹੋਵਾਹ ਨੂੰ ਨਹੀਂ ਪਛਾਣਿਆ। ਇਸ ਲਈ ਉਸ ਨੇ ਅੱਗੇ ਕਿਹਾ: “ਪਰ ਐਉਂ [ਅੱਸ਼ੂਰ] ਦੀ ਮਨਸ਼ਾ ਨਹੀਂ, ਨਾ ਉਹ ਦਾ ਮਨ ਐਉਂ ਸੋਚਦਾ ਹੈ, ਸਗੋਂ ਉਹ ਦੇ ਮਨ ਵਿੱਚ ਮਲੀਆ ਮੇਟ ਕਰਨਾ, ਅਤੇ ਬਹੁਤ ਸਾਰੀਆਂ ਕੌਮਾਂ ਨੂੰ ਕੱਟਣਾ ਹੈ।” (ਯਸਾਯਾਹ 10:7) ਯਹੋਵਾਹ ਤਾਂ ਅੱਸ਼ੂਰ ਨੂੰ ਆਪਣੇ ਹੱਥ ਵਿਚ ਇਕ ਸੰਦ ਵਜੋਂ ਵਰਤਣਾ ਚਾਹੁੰਦਾ ਸੀ। ਪਰ ਅੱਸ਼ੂਰ ਕੁਝ ਹੋਰ ਕਰਨ ਦੀ ਇੱਛਾ ਰੱਖਦਾ ਸੀ। ਉਹ ਸਾਰੀ ਦੁਨੀਆਂ ਉੱਤੇ ਜਿੱਤ ਪ੍ਰਾਪਤ ਕਰਨ ਲਈ ਉਕਸਾਇਆ ਗਿਆ!
7. (ੳ) ਇਨ੍ਹਾਂ ਸ਼ਬਦਾਂ ਨੂੰ ਸਮਝਾਓ ਕਿ “ਭਲਾ, ਮੇਰੇ ਸਾਰੇ ਸਰਦਾਰ ਰਾਜੇ ਨਹੀਂ?” (ਅ) ਯਹੋਵਾਹ ਨੂੰ ਛੱਡ ਦੇਣ ਵਾਲਿਆਂ ਨੂੰ ਅੱਜ ਕਿਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ?
7 ਜਿਨ੍ਹਾਂ ਗ਼ੈਰ-ਇਸਰਾਏਲੀ ਸ਼ਹਿਰਾਂ ਉੱਤੇ ਅੱਸ਼ੂਰ ਨੇ ਜਿੱਤ ਪ੍ਰਾਪਤ ਕੀਤੀ ਉਨ੍ਹਾਂ ਵਿੱਚੋਂ ਕਈਆਂ ਉੱਤੇ ਪਹਿਲਾਂ ਰਾਜੇ ਰਾਜ ਕਰਦੇ ਸਨ। ਇਹ ਸਾਬਕਾ ਰਾਜੇ ਹੁਣ ਅੱਸ਼ੂਰ ਦੇ ਰਾਜੇ ਦੇ ਅਧੀਨ ਸਰਦਾਰ ਸਨ, ਇਸ ਲਈ ਇਹ ਰਾਜਾ ਸੱਚ-ਮੁੱਚ ਸ਼ੇਖ਼ੀ ਮਾਰ ਸਕਦਾ ਸੀ ਕਿ “ਭਲਾ, ਮੇਰੇ ਸਾਰੇ ਸਰਦਾਰ ਰਾਜੇ ਨਹੀਂ?” (ਯਸਾਯਾਹ 10:8) ਕੌਮਾਂ ਦੇ ਪ੍ਰਸਿੱਧ ਸ਼ਹਿਰਾਂ ਦੇ ਆਪੋ-ਆਪਣੇ ਝੂਠੇ ਦੇਵਤੇ ਆਪਣੇ ਪੁਜਾਰੀਆਂ ਨੂੰ ਤਬਾਹੀ ਤੋਂ ਨਹੀਂ ਬਚਾ ਸਕੇ। ਸਾਮਰਿਯਾ ਦੇ ਵਾਸੀ ਬਆਲ, ਮੋਲਕ, ਅਤੇ ਸੋਨੇ ਦੇ ਵੱਛਿਆਂ ਵਰਗੇ ਦੇਵਤਿਆਂ ਦੀ ਪੂਜਾ ਕਰਦੇ ਸਨ। ਇਨ੍ਹਾਂ ਦੇਵਤਿਆਂ ਨੇ ਉਸ ਸ਼ਹਿਰ ਨੂੰ ਬਚਾਇਆ ਨਹੀਂ ਸੀ। ਯਹੋਵਾਹ ਨੂੰ ਛੱਡਣ ਤੋਂ ਬਾਅਦ, ਸਾਮਰੀ ਲੋਕ ਕੋਈ ਉਮੀਦ ਨਹੀਂ ਰੱਖ ਸਕਦੇ ਸਨ ਕਿ ਯਹੋਵਾਹ ਉਨ੍ਹਾਂ ਲਈ ਕੁਝ ਕਰੇਗਾ। ਅੱਜ ਜਿਹੜੇ ਵੀ ਯਹੋਵਾਹ ਨੂੰ ਛੱਡ ਦਿੰਦੇ ਹਨ ਉਨ੍ਹਾਂ ਨੂੰ ਸਾਮਰਿਯਾ ਦੀ ਤਬਾਹੀ ਤੋਂ ਸਬਕ ਸਿੱਖਣਾ ਚਾਹੀਦਾ ਹੈ! ਅੱਸ਼ੂਰ ਸਾਮਰਿਯਾ ਅਤੇ ਜਿੱਤੇ ਗਏ ਹੋਰਨਾਂ ਸ਼ਹਿਰਾਂ ਬਾਰੇ ਸ਼ੇਖ਼ੀ ਮਾਰ ਸਕਦਾ ਸੀ: “ਕੀ ਕਲਨੋ ਕਰਕਮੀਸ਼ ਵਰਗਾ ਨਹੀਂ? ਕੀ ਹਮਾਥ ਅਰਪਦ ਵਰਗਾ ਨਹੀਂ? ਕੀ ਸਾਮਰਿਯਾ ਦੰਮਿਸਕ ਵਰਗਾ ਨਹੀਂ?” (ਯਸਾਯਾਹ 10:9) ਅੱਸ਼ੂਰ ਦੀ ਨਜ਼ਰ ਵਿਚ ਇਹ ਸਾਰੇ ਇੱਕੋ ਜਿਹੇ ਸਨ, ਯਾਨੀ ਲੁੱਟ ਦਾ ਮਾਲ।
8, 9. ਯਰੂਸ਼ਲਮ ਉੱਤੇ ਹਮਲਾ ਕਰਨ ਦੇ ਇਰਾਦੇ ਨੇ ਅੱਸ਼ੂਰ ਨੂੰ ਘਮੰਡੀ ਕਿਉਂ ਬਣਾਇਆ?
8 ਪਰ, ਅੱਸ਼ੂਰ ਨੇ ਹੰਕਾਰ ਨਾਲ ਸ਼ੇਖ਼ੀ ਮਾਰ ਕੇ ਕਿਹਾ: “ਜਿਵੇਂ ਮੇਰਾ ਹੱਥ ਬੁੱਤਾਂ ਦੀਆਂ ਪਾਤਸ਼ਾਹੀਆਂ ਤੀਕ ਅੱਪੜਿਆ, ਜਿਨ੍ਹਾਂ ਦੀਆਂ ਖੋਦੀਆਂ ਹੋਈਆਂ ਮੂਰਤੀਆਂ, ਯਰੂਸ਼ਲਮ ਤੇ ਸਾਮਰਿਯਾ ਦੀਆਂ ਨਾਲੋਂ ਬਹੁਤੀਆਂ ਸਨ, ਜਿਵੇਂ ਮੈਂ ਸਾਮਰਿਯਾ ਅਰ ਉਸ ਦਿਆਂ ਬੁੱਤਾਂ ਨਾਲ ਕੀਤਾ, ਤਿਵੇਂ ਮੈਂ ਯਰੂਸ਼ਲਮ ਅਰ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂਗਾ?” (ਯਸਾਯਾਹ 10:10, 11) ਜਿਨ੍ਹਾਂ ਪਾਤਸ਼ਾਹੀਆਂ ਨੂੰ ਅੱਸ਼ੂਰ ਨੇ ਹਰਾਇਆ ਸੀ, ਉਨ੍ਹਾਂ ਵਿਚ ਯਰੂਸ਼ਲਮ ਜਾਂ ਸਾਮਰਿਯਾ ਨਾਲੋਂ ਵੀ ਬਹੁਤ ਸਾਰੀਆਂ ਮੂਰਤੀਆਂ ਸਨ। ‘ਤਾਂ ਫਿਰ,’ ਉਹ ਸੋਚਦਾ ਹੈ, ‘ਸਾਮਰਿਯਾ ਦੀ ਤਰ੍ਹਾਂ ਯਰੂਸ਼ਲਮ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਮੈਨੂੰ ਕਿਹੜੀ ਚੀਜ਼ ਰੋਕ ਸਕਦੀ ਹੈ?’
9 ਯਹੋਵਾਹ ਨੇ ਇਸ ਸ਼ੇਖ਼ੀਬਾਜ਼ ਨੂੰ ਯਰੂਸ਼ਲਮ ਉੱਤੇ ਕਬਜ਼ਾ ਨਹੀਂ ਕਰਨ ਦਿੱਤਾ। ਇਹ ਸੱਚ ਹੈ ਕਿ ਯਹੂਦਾਹ ਨੇ ਹਮੇਸ਼ਾ ਸੱਚੀ ਉਪਾਸਨਾ ਨਹੀਂ ਕੀਤੀ ਸੀ। (2 ਰਾਜਿਆਂ 16:7-9; 2 ਇਤਹਾਸ 28:24) ਯਹੋਵਾਹ ਨੇ ਚੇਤਾਵਨੀ ਦਿੱਤੀ ਸੀ ਕਿ ਯਹੂਦਾਹ ਦੀ ਬੇਵਫ਼ਾਈ ਦੇ ਕਾਰਨ, ਉਹ ਅੱਸ਼ੂਰੀ ਹਮਲੇ ਦੌਰਾਨ ਕਾਫ਼ੀ ਦੁੱਖ ਭੋਗੇਗਾ। ਪਰ ਯਰੂਸ਼ਲਮ ਬਚ ਜਾਵੇਗਾ। (ਯਸਾਯਾਹ 1:7, 8) ਜਦੋਂ ਅੱਸ਼ੂਰ ਨੇ ਹਮਲਾ ਕੀਤਾ, ਹਿਜ਼ਕੀਯਾਹ ਯਰੂਸ਼ਲਮ ਦਾ ਰਾਜਾ ਸੀ। ਹਿਜ਼ਕੀਯਾਹ ਆਪਣੇ ਪਿਤਾ, ਆਹਾਜ਼ ਵਰਗਾ ਨਹੀਂ ਸੀ। ਦਰਅਸਲ ਆਪਣੇ ਰਾਜ ਦੇ ਪਹਿਲੇ ਮਹੀਨੇ ਵਿਚ, ਹਿਜ਼ਕੀਯਾਹ ਨੇ ਹੈਕਲ ਦੇ ਦਰਵਾਜ਼ੇ ਦੁਬਾਰਾ ਖੋਲ੍ਹੇ ਅਤੇ ਸੱਚੀ ਉਪਾਸਨਾ ਮੁੜ ਕੇ ਸਥਾਪਿਤ ਕੀਤੀ!—2 ਇਤਹਾਸ 29:3-5.
10. ਅੱਸ਼ੂਰ ਬਾਰੇ ਯਹੋਵਾਹ ਨੇ ਕਿਹੜਾ ਵਾਅਦਾ ਕੀਤਾ ਸੀ?
10 ਇਸ ਲਈ ਅੱਸ਼ੂਰ ਦਾ ਯਰੂਸ਼ਲਮ ਉੱਤੇ ਹਮਲਾ ਕਰਨ ਦਾ ਇਰਾਦਾ ਯਹੋਵਾਹ ਨੂੰ ਮਨਜ਼ੂਰ ਨਹੀਂ ਸੀ। ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਉਸ ਹੰਕਾਰੀ ਵਿਸ਼ਵ ਸ਼ਕਤੀ ਤੋਂ ਲੇਖਾ ਲਵੇਗਾ: “ਐਉਂ ਹੋਵੇਗਾ ਕਿ ਜਦ ਪ੍ਰਭੁ ਸੀਯੋਨ ਦੇ ਪਰਬਤ ਅਤੇ ਯਰੂਸ਼ਲਮ ਵਿੱਚ ਆਪਣਾ ਸਾਰਾ ਕੰਮ ਮੁਕਾ ਲਵੇਗਾ, ਤਾਂ ਮੈਂ ਅੱਸ਼ੂਰ ਦੇ ਰਾਜੇ ਦੇ ਘੁਮੰਡੀ ਦਿਲ ਦੀ ਕਰਨੀ ਦੀ, ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ।”—ਯਸਾਯਾਹ 10:12.
ਯਹੂਦਾਹ ਅਤੇ ਯਰੂਸ਼ਲਮ ਤਕ ਚੱਲੋ!
11. ਅੱਸ਼ੂਰ ਨੇ ਇਹ ਕਿਉਂ ਸੋਚਿਆ ਹੋਣਾ ਕਿ ਯਰੂਸ਼ਲਮ ਨੂੰ ਲੁੱਟਣਾ ਸੌਖਾ ਹੋਵੇਗਾ?
11 ਉੱਤਰੀ ਰਾਜ 740 ਸਾ.ਯੁ.ਪੂ. ਵਿਚ ਖ਼ਤਮ ਹੋ ਗਿਆ ਸੀ ਅਤੇ ਇਸ ਤੋਂ ਅੱਠ ਸਾਲ ਬਾਅਦ, ਇਕ ਨਵਾਂ ਅੱਸ਼ੂਰੀ ਬਾਦਸ਼ਾਹ, ਸਨਹੇਰੀਬ, ਯਰੂਸ਼ਲਮ ਵਿਰੁੱਧ ਆਇਆ। ਯਸਾਯਾਹ ਨੇ ਕਵਿਤਾ ਦੇ ਰੂਪ ਵਿਚ ਸਨਹੇਰੀਬ ਦੇ ਘਮੰਡੀ ਇਰਾਦੇ ਬਾਰੇ ਦੱਸਿਆ: “ਮੈਂ ਆਪਣੇ ਹੱਥ ਦੇ ਬਲ ਨਾਲ ਏਹ ਕੀਤਾ, ਨਾਲੇ ਆਪਣੀ ਬੁੱਧੀ ਨਾਲ ਕਿਉਂ ਜੋ ਮੈਂ ਸਮਝ ਰੱਖਦਾ ਹਾਂ! ਮੈਂ ਲੋਕਾਂ ਦੀਆਂ ਹੱਦਾਂ ਨੂੰ ਸਰਕਾਇਆ, ਅਤੇ ਉਨ੍ਹਾਂ ਦੇ ਰੱਖੇ ਹੋਏ ਮਾਲ ਧਨ ਨੂੰ ਲੁੱਟਿਆ, ਅਤੇ ਸੂਰਮੇ ਵਾਂਙੁ ਮੈਂ ਬਿਰਾਜਮਾਨਾਂ ਨੂੰ ਹੇਠਾਂ ਲਾਹ ਦਿੱਤਾ! ਮੇਰੇ ਹੱਥ ਨੇ ਲੋਕਾਂ ਦੇ ਮਾਲ ਧਨ ਨੂੰ ਇਉਂ ਲੱਭ ਲਿਆ ਹੈ ਜਿਵੇਂ ਆਹਲਣੇ ਨੂੰ, ਅਤੇ ਜਿਵੇਂ ਕੋਈ ਛੱਡੇ ਹੋਏ ਆਂਡੇ ਸਮੇਟਦਾ ਹੈ, ਤਿਵੇਂ ਮੈਂ ਸਾਰੀ ਧਰਤੀ ਨੂੰ ਸਮੇਟ ਲਿਆ, ਅਤੇ ਨਾ ਕਿਸੇ ਨੇ ਪਰ ਹਿਲਾਇਆ, ਨਾ ਮੂੰਹ ਖੋਲ੍ਹਿਆ, ਨਾ ਚੀਂ ਚੀਂ ਕੀਤੀ।” (ਯਸਾਯਾਹ 10:13, 14) ਸਨਹੇਰੀਬ ਨੇ ਸੋਚਿਆ ਹੋਣਾ ਕਿ ਦੂਸਰੇ ਸ਼ਹਿਰ ਡਿੱਗ ਚੁੱਕੇ ਹਨ ਅਤੇ ਸਾਮਰਿਯਾ ਵੀ ਨਾ ਖੜ੍ਹਾ ਰਿਹਾ, ਇਸ ਲਈ ਯਰੂਸ਼ਲਮ ਨੂੰ ਲੁੱਟਣਾ ਤਾਂ ਸੌਖਾ ਹੀ ਹੋਵੇਗਾ! ਸ਼ਹਿਰ ਦੇ ਵਾਸੀ ਸ਼ਾਇਦ ਥੋੜ੍ਹਾ-ਬਹੁਤਾ ਲੜਨ ਦੀ ਕੋਸ਼ਿਸ਼ ਕਰਨਗੇ, ਪਰ ਚੀਂ-ਚੀਂ ਕਰਨ ਤੋਂ ਇਲਾਵਾ ਉਹ ਕੁਝ ਨਾ ਕਰਨਗੇ। ਉਨ੍ਹਾਂ ਨੂੰ ਛੇਤੀ ਵੱਸ ਵਿਚ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਮਾਲ ਧਨ ਉਸੇ ਤਰ੍ਹਾਂ ਲੁੱਟ ਲਿਆ ਜਾਵੇਗਾ ਜਿਵੇਂ ਛੱਡੇ ਗਏ ਆਲ੍ਹਣੇ ਵਿੱਚੋਂ ਆਂਡੇ ਚੁੱਕ ਲਏ ਜਾਂਦੇ ਹਨ।
12. ਅੱਸ਼ੂਰ ਦੇ ਘਮੰਡ ਬਾਰੇ ਯਹੋਵਾਹ ਦਾ ਕੀ ਵਿਚਾਰ ਸੀ?
12 ਲੇਕਿਨ, ਸਨਹੇਰੀਬ ਕੁਝ ਭੁੱਲ ਰਿਹਾ ਸੀ। ਧਰਮ-ਤਿਆਗੀ ਸਾਮਰਿਯਾ ਨੇ ਆਪਣੇ ਕੀਤੇ ਦੀ ਸਜ਼ਾ ਭੋਗੀ ਸੀ। ਪਰ, ਰਾਜਾ ਹਿਜ਼ਕੀਯਾਹ ਦੇ ਅਧੀਨ ਯਰੂਸ਼ਲਮ ਤਾਂ ਫਿਰ ਤੋਂ ਸ਼ੁੱਧ ਉਪਾਸਨਾ ਦਾ ਕੇਂਦਰ ਬਣ ਗਿਆ ਸੀ। ਜਿਹੜਾ ਵੀ ਯਰੂਸ਼ਲਮ ਨੂੰ ਹੱਥ ਲਾਉਣਾ ਚਾਹੁੰਦਾ ਸੀ ਉਸ ਨੂੰ ਯਹੋਵਾਹ ਨੂੰ ਲੇਖਾ ਦੇਣਾ ਪੈਣਾ ਸੀ! ਗੁੱਸੇ ਨਾਲ, ਯਸਾਯਾਹ ਨੇ ਪੁੱਛਿਆ: “ਭਲਾ, ਕੁਹਾੜਾ ਆਪਣੇ ਚਲਾਉਣ ਵਾਲੇ ਅੱਗੇ ਆਕੜੇ? ਕੀ ਆਰਾ ਆਪਣੇ ਖਿੱਚਣ ਵਾਲੇ ਅੱਗੇ ਗਰੂਰ ਕਰੇ? ਜਿਵੇਂ ਡੰਡਾ ਆਪਣੇ ਚੁੱਕਣ ਵਾਲੇ ਨੂੰ ਹਿਲਾਵੇ, ਜਿਵੇਂ ਲਾਠੀ ਉਹ ਨੂੰ ਚੁੱਕੇ ਜਿਹੜਾ ਲੱਕੜ ਨਹੀਂ ਹੈ!” (ਯਸਾਯਾਹ 10:15) ਅੱਸ਼ੂਰੀ ਸਾਮਰਾਜ ਯਹੋਵਾਹ ਦੇ ਹੱਥ ਵਿਚ ਸਿਰਫ਼ ਇਕ ਸੰਦ ਸੀ, ਜਿਵੇਂ ਕੋਈ ਤਰਖਾਣ, ਜਾਂ ਚਰਵਾਹਾ ਕੁਹਾੜਾ, ਆਰਾ, ਡੰਡਾ, ਜਾਂ ਲਾਠੀ ਇਸਤੇਮਾਲ ਕਰਦਾ ਹੈ। ਡੰਡੇ ਦੀ ਇਹ ਜੁਰਅਤ ਕਿ ਉਹ ਆਪਣੇ ਆਪ ਨੂੰ ਇਸਤੇਮਾਲ ਕਰਨ ਵਾਲੇ ਨਾਲੋਂ ਉੱਚਾ ਕਰਨਾ ਚਾਹੇ!
13. ਦੱਸੋ ਕਿ ਇਹ ਕੌਣ ਸਨ ਅਤੇ ਇਨ੍ਹਾਂ ਨਾਲ ਕੀ ਹੋਇਆ ਸੀ: (ੳ) ‘ਮੋਟੇ ਤਾਜ਼ੇ ਜੋਧੇ,’ (ਅ) “ਕੰਡੇ ਅਰ ਕੰਡਿਆਲੇ,” (ੲ) ‘ਉਸ ਦੇ ਬਣ ਦੇ ਪਰਤਾਪ।’
13 ਭਵਿੱਖਬਾਣੀ ਵਿਚ ਕੀ ਦੱਸਿਆ ਗਿਆ ਸੀ ਕਿ ਅੱਸ਼ੂਰ ਨੂੰ ਕੀ ਹੋਵੇਗਾ? “ਪ੍ਰਭੁ, ਸੈਨਾਂ ਦਾ ਯਹੋਵਾਹ, ਉਹ ਦੇ ਮੋਟੇ ਤਾਜ਼ੇ ਜੋਧਿਆਂ ਵਿੱਚ ਮੜੱਪਣ ਘੱਲੇਗਾ ਅਤੇ ਉਹ ਦੇ ਤੇਜ ਦੇ ਹੇਠ ਅੱਗ ਦੇ ਸਾੜੇ ਵਾਂਙੁ ਸਾੜ ਬਲੇਗੀ। ਇਸਰਾਏਲ ਦੀ ਜੋਤ ਅੱਗ, ਅਤੇ ਉਹ ਦਾ ਪਵਿੱਤਰ ਪੁਰਖ ਲੰਬ ਹੋਵੇਗਾ, ਉਹ ਉਸ ਦੇ ਕੰਡੇ ਅਰ ਕੰਡਿਆਲੇ ਇੱਕੋ ਈ ਦਿਨ ਵਿੱਚ ਸਾੜ ਕੇ ਭਸਮ ਕਰ ਦੇਵੇਗੀ। ਉਹ ਉਸ ਦੇ ਬਣ ਅਰ ਉਸ ਦੀ ਫਲਦਾਰ ਭੋਂ ਦੇ ਪਰਤਾਪ ਨੂੰ, ਜਾਨ ਅਤੇ ਮਾਸ ਨੂੰ ਮਿਟਾ ਦੇਵੇਗਾ। ਉਹ ਇਉਂ ਹੋਵੇਗਾ ਜਿਵੇਂ ਕੋਈ ਰੋਗੀ ਜਾਂਦਾ ਰਹਿੰਦਾ ਹੈ। ਉਹ ਦੇ ਬਣ ਦੇ ਰੁੱਖਾਂ ਦਾ ਬਕੀਆ ਐੱਨਾ ਥੋੜਾ ਹੋਵੇਗਾ, ਭਈ ਮੁੰਡਾ ਵੀ ਉਨ੍ਹਾਂ ਨੂੰ ਲਿਖ ਸੱਕੇ।” (ਯਸਾਯਾਹ 10:16-19) ਜੀ ਹਾਂ, ਯਹੋਵਾਹ ਨੇ ਉਸ ਅੱਸ਼ੂਰੀ “ਡੰਡੇ” ਨੂੰ ਤੋੜਿਆ! ਅੱਸ਼ੂਰੀ ਫ਼ੌਜ ਦੇ ‘ਮੋਟੇ ਤਾਜ਼ੇ ਜੋਧੇ,’ ਜਾਂ ਤਕੜੇ ਫ਼ੌਜੀ, “ਮੜੱਪਣ” ਦੇ ਸ਼ਿਕਾਰ ਬਣ ਗਏ। ਫਿਰ ਉਹ ਇੰਨੇ ਹੱਟੇ-ਕੱਟੇ ਤਾਂ ਨਹੀਂ ਲੱਗਦੇ ਸਨ! ਇਸਰਾਏਲ ਦੀ ਜੋਤ, ਯਹੋਵਾਹ ਪਰਮੇਸ਼ੁਰ ਨੇ ਅੱਸ਼ੂਰ ਦੇ ਫ਼ੌਜੀਆਂ ਨੂੰ ਕੰਡਿਆਂ ਅਤੇ ਕੰਡਿਆਲਿਆਂ ਵਾਂਗ ਸਾੜ ਦਿੱਤਾ। ਅਤੇ ‘ਉਸ ਦੇ ਬਣ ਦੇ ਪਰਤਾਪ,’ ਯਾਨੀ ਉਸ ਦੇ ਸੈਨਿਕ ਅਫ਼ਸਰ, ਖ਼ਤਮ ਕੀਤੇ ਗਏ। ਯਹੋਵਾਹ ਨਾਲ ਟਕਰਾਉਣ ਤੋਂ ਬਾਅਦ, ਅੱਸ਼ੂਰ ਦੇ ਇੰਨੇ ਥੋੜ੍ਹੇ ਅਫ਼ਸਰ ਬਚੇ ਕਿ ਇਕ ਮੁੰਡਾ ਆਪਣੀਆਂ ਉਂਗਲੀਆਂ ਤੇ ਉਨ੍ਹਾਂ ਨੂੰ ਗਿਣ ਸਕਿਆ!—ਯਸਾਯਾਹ 10:33, 34 ਵੀ ਦੇਖੋ।
14. ਸੰਨ 732 ਸਾ.ਯੁ.ਪੂ. ਤਕ ਯਹੂਦਾਹ ਦੇ ਦੇਸ਼ ਉੱਤੇ ਅੱਸ਼ੂਰ ਦੀ ਤਰੱਕੀ ਬਾਰੇ ਦੱਸੋ।
14 ਫਿਰ ਵੀ, 732 ਸਾ.ਯੁ.ਪੂ. ਵਿਚ ਯਰੂਸ਼ਲਮ ਵਿਚ ਰਹਿ ਰਹੇ ਯਹੂਦੀਆਂ ਲਈ ਇਹ ਮੰਨਣਾ ਔਖਾ ਸੀ ਕਿ ਅੱਸ਼ੂਰ ਹਰਾਇਆ ਜਾਵੇਗਾ। ਅੱਸ਼ੂਰ ਦੀ ਵੱਡੀ ਫ਼ੌਜ ਤੇਜ਼ੀ ਨਾਲ ਆ ਰਹੀ ਸੀ। ਯਹੂਦਾਹ ਦੇ ਉਨ੍ਹਾਂ ਸ਼ਹਿਰਾਂ ਦੇ ਨਾਂ ਸੁਣੋ ਜਿਨ੍ਹਾਂ ਉੱਤੇ ਹਮਲੇ ਹੋ ਚੁੱਕੇ ਸਨ: ‘ਉਹ ਅੱਯਾਥ, ਮਿਗਰੋਨ, ਮਿਕਮਾਸ਼, ਗਬਾ, ਰਾਮਾਹ, ਸ਼ਾਊਲ ਦਾ ਗਿਬਆਹ, ਗੱਲੀਮ, ਲੈਸ਼ਾਹ, ਅਨਾਥੋਥ, ਮਦਮੇਨਾਹ, ਗੇਬੀਮ, ਅਤੇ ਨੋਬ ਉੱਤੇ ਆਇਆ।’ (ਯਸਾਯਾਹ 10:28-32ੳ)b ਅੰਤ ਵਿਚ ਹਮਲਾ ਕਰਨ ਵਾਲੇ ਲਾਕੀਸ਼ ਸ਼ਹਿਰ ਤਕ ਪਹੁੰਚੇ, ਜੋ ਯਰੂਸ਼ਲਮ ਤੋਂ ਸਿਰਫ਼ 50 ਕਿਲੋਮੀਟਰ ਦੂਰ ਸੀ। ਥੋੜ੍ਹੀ ਦੇਰ ਵਿਚ ਅੱਸ਼ੂਰ ਦੀ ਵੱਡੀ ਫ਼ੌਜ ਨੇ ਖ਼ਤਰਾ ਪੇਸ਼ ਕੀਤਾ। “ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯਰੂਸ਼ਲਮ ਦੇ ਟਿੱਬੇ ਉੱਤੇ ਆਪਣਾ ਮੁੱਕਾ ਵਿਖਾਵੇਗਾ!” (ਯਸਾਯਾਹ 10:32ਅ) ਅੱਸ਼ੂਰ ਨੂੰ ਕੌਣ ਰੋਕ ਸਕਦਾ ਸੀ?
15, 16. (ੳ) ਰਾਜਾ ਹਿਜ਼ਕੀਯਾਹ ਨੂੰ ਪੱਕੀ ਨਿਹਚਾ ਦੀ ਕਿਉਂ ਲੋੜ ਸੀ? (ਅ) ਹਿਜ਼ਕੀਯਾਹ ਕਿਉਂ ਵਿਸ਼ਵਾਸ ਕਰ ਸਕਦਾ ਸੀ ਕਿ ਯਹੋਵਾਹ ਉਸ ਦੀ ਮਦਦ ਕਰੇਗਾ?
15 ਸ਼ਹਿਰ ਦੇ ਅੰਦਰ ਆਪਣੇ ਮਹਿਲ ਵਿਚ, ਰਾਜਾ ਹਿਜ਼ਕੀਯਾਹ ਪਰੇਸ਼ਾਨ ਹੁੰਦਾ ਜਾ ਰਿਹਾ ਸੀ। ਉਸ ਨੇ ਆਪਣੇ ਕੱਪੜੇ ਪਾੜ ਕੇ ਤੱਪੜ ਪਹਿਨਿਆ। (ਯਸਾਯਾਹ 37:1) ਉਸ ਨੇ ਯਹੂਦਾਹ ਵਾਸਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲਈ ਯਸਾਯਾਹ ਨਬੀ ਕੋਲ ਬੰਦੇ ਭੇਜੇ। ਉਹ ਯਹੋਵਾਹ ਵੱਲੋਂ ਜਵਾਬ ਲੈ ਕੇ ਜਲਦੀ ਵਾਪਸ ਆਏ: ‘ਤੂੰ ਨਾ ਡਰੀਂ, ਮੈਂ ਇਸ ਸ਼ਹਿਰ ਨੂੰ ਸਾਂਭ ਰੱਖਾਂਗਾ।’ (ਯਸਾਯਾਹ 37:6, 35) ਫਿਰ ਵੀ, ਅੱਸ਼ੂਰੀ ਡਰਾਉਣੇ ਅਤੇ ਦਲੇਰ ਸਨ।
16 ਸਿਰਫ਼ ਨਿਹਚਾ ਹੀ ਰਾਜਾ ਹਿਜ਼ਕੀਯਾਹ ਨੂੰ ਇਸ ਮੁਸੀਬਤ ਵਿੱਚੋਂ ਬਚਾ ਸਕਦੀ ਸੀ। ਨਿਹਚਾ “ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਨਿਹਚਾ ਨਾਲ ਅਸੀਂ ਬਹੁਤ ਕੁਝ ਦੇਖ ਸਕਦੇ ਹਾਂ। ਪਰ ਨਿਹਚਾ ਗਿਆਨ ਉੱਤੇ ਆਧਾਰਿਤ ਹੈ। ਹਿਜ਼ਕੀਯਾਹ ਨੇ ਸ਼ਾਇਦ ਯਾਦ ਕੀਤਾ ਕਿ ਯਹੋਵਾਹ ਨੇ ਪਹਿਲਾਂ ਹੀ ਇਹ ਦਿਲਾਸੇ-ਭਰੇ ਸ਼ਬਦ ਕਹੇ ਸਨ ਕਿ “ਹੇ ਮੇਰੀ ਪਰਜਾ ਸੀਯੋਨ ਦੇ ਵਾਸੀਓ, ਅੱਸ਼ੂਰੀਆਂ ਤੋਂ ਨਾ ਡਰੋ . . . ਕਿਉਂ ਜੋ ਬਹੁਤ ਥੋੜੇ ਚਿਰ ਵਿੱਚ ਮੇਰਾ ਗ਼ਜ਼ਬ ਮੁੱਕ ਜਾਵੇਗਾ ਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ। ਸੈਨਾਂ ਦਾ ਯਹੋਵਾਹ ਉਸ ਉੱਤੇ ਕੋਟਲਾ ਮਾਰੇਗਾ, ਜਿਵੇਂ ਓਰੇਬ ਦੀ ਚਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ ਅਤੇ ਜਿਵੇਂ ਮਿਸਰ ਉੱਤੇ ਚੁੱਕੀ ਉਹ ਉਸ ਨੂੰ ਚੁੱਕੇਗਾ।” (ਯਸਾਯਾਹ 10:24-26)c ਜੀ ਹਾਂ, ਪਰਮੇਸ਼ੁਰ ਦੇ ਲੋਕਾਂ ਉੱਤੇ ਪਹਿਲਾਂ ਵੀ ਮੁਸ਼ਕਲਾਂ ਆ ਚੁੱਕੀਆਂ ਸਨ। ਲਾਲ ਸਮੁੰਦਰ ਦੇ ਕਿਨਾਰੇ ਹਿਜ਼ਕੀਯਾਹ ਦੇ ਪੜਦਾਦੇ ਮਿਸਰ ਦੀ ਫ਼ੌਜ ਸਾਮ੍ਹਣੇ ਕੁਝ ਨਹੀਂ ਲੱਗਦੇ ਸਨ। ਕਈ ਸਦੀਆਂ ਪਹਿਲਾਂ ਗਿਦਾਊਨ ਵਿਰੁੱਧ ਇਸਰਾਏਲ ਉੱਤੇ ਹਮਲਾ ਕਰਨ ਵਾਲੀਆਂ ਮਿਦਯਾਨੀ ਅਤੇ ਅਮਾਲੇਕੀ ਫੌਜੀਆਂ ਦੀ ਗਿਣਤੀ ਬਹੁਤ ਵੱਡੀ ਸੀ। ਫਿਰ ਵੀ, ਇਨ੍ਹਾਂ ਦੋਹਾਂ ਮੌਕਿਆਂ ਤੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾ ਲਿਆ ਸੀ।—ਕੂਚ 14:7-9, 13, 28; ਨਿਆਈਆਂ 6:33; 7:21, 22.
17. ਅੱਸ਼ੂਰੀਆਂ ਦਾ ਜੂਲਾ ਕਿਵੇਂ ਅਤੇ ਕਿਉਂ “ਤੋੜਿਆ” ਗਿਆ ਸੀ?
17 ਕੀ ਯਹੋਵਾਹ ਨੇ ਪਿਛਲੇ ਸਮਿਆਂ ਵਾਂਗ ਫਿਰ ਤੋਂ ਬਚਾਇਆ? ਜੀ ਹਾਂ। ਯਹੋਵਾਹ ਨੇ ਵਾਅਦਾ ਕੀਤਾ: “ਉਸ ਦਿਨ ਐਉਂ ਹੋਵੇਗਾ ਕਿ ਉਹ ਦਾ ਭਾਰ ਤੇਰੇ ਮੋਢਿਆਂ ਤੋਂ ਅਤੇ ਉਹ ਦਾ ਜੂਲਾ ਤੇਰੀ ਗਰਦਨ ਤੋਂ ਲਾਹ ਦਿੱਤਾ ਜਾਵੇਗਾ ਅਤੇ ਉਹ ਜੂਲਾ ਚਰਬੀ [ਜਾਂ, ਤੇਲ] ਦੇ ਕਾਰਨ ਤੋੜਿਆ ਜਾਵੇਗਾ।” (ਯਸਾਯਾਹ 10:27) ਅੱਸ਼ੂਰ ਦਾ ਜੂਲਾ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦੇ ਮੋਢਿਆਂ ਅਤੇ ਗਰਦਨ ਤੋਂ ਚੁੱਕਿਆ ਗਿਆ। ਜੂਲਾ ਅਸਲ ਵਿਚ “ਤੋੜਿਆ” ਗਿਆ! ਇੱਕੋ ਰਾਤ ਦੌਰਾਨ ਯਹੋਵਾਹ ਦੇ ਦੂਤ ਨੇ 1,85,000 ਅੱਸ਼ੂਰੀ ਫੌਜੀਆਂ ਨੂੰ ਮਾਰ ਸੁੱਟਿਆ। ਖ਼ਤਰਾ ਦੂਰ ਕੀਤਾ ਗਿਆ, ਅਤੇ ਅੱਸ਼ੂਰੀ ਸਦਾ ਲਈ ਯਹੂਦਾਹ ਦਾ ਦੇਸ਼ ਛੱਡ ਕੇ ਚਲੇ ਗਏ। (2 ਰਾਜਿਆਂ 19:35, 36) ਕਿਉਂ? ‘ਤੇਲ ਦੇ ਕਾਰਨ।’ ਇਹ ਸ਼ਾਇਦ ਉਸ ਤੇਲ ਦਾ ਜ਼ਿਕਰ ਹੋਵੇ ਜੋ ਦਾਊਦ ਦੀ ਵੰਸ਼ਾਵਲੀ ਵਿਚ ਹਿਜ਼ਕੀਯਾਹ ਨੂੰ ਰਾਜੇ ਵਜੋਂ ਮਸਹ ਕਰਨ ਲਈ ਵਰਤਿਆ ਗਿਆ ਸੀ। ਇਸ ਤਰ੍ਹਾਂ, ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕੀਤਾ ਕਿ “ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਇਹ ਨੂੰ ਸਾਂਭ ਰੱਖਾਂਗਾ।”—2 ਰਾਜਿਆਂ 19:34.
18. (ੳ) ਕੀ ਯਸਾਯਾਹ ਦੀ ਭਵਿੱਖਬਾਣੀ ਦੀ ਸਿਰਫ਼ ਇੱਕੋ ਪੂਰਤੀ ਹੁੰਦੀ ਹੈ? ਸਮਝਾਓ। (ਅ) ਅੱਜ ਕਿਹੜਾ ਸੰਗਠਨ ਪ੍ਰਾਚੀਨ ਸਾਮਰਿਯਾ ਵਰਗਾ ਹੈ?
18 ਇਸ ਅਧਿਆਇ ਵਿਚ ਜਿਸ ਬਿਰਤਾਂਤ ਦੀ ਗੱਲ ਕੀਤੀ ਗਈ ਹੈ, ਇਹ ਉਨ੍ਹਾਂ ਘਟਨਾਵਾਂ ਨਾਲ ਸੰਬੰਧ ਰੱਖਦਾ ਹੈ ਜੋ 2,700 ਤੋਂ ਵੱਧ ਸਾਲ ਪਹਿਲਾਂ ਵਾਪਰੀਆਂ ਸਨ। ਪਰ ਇਹ ਘਟਨਾਵਾਂ ਅੱਜ ਵੀ ਬਹੁਤ ਮਹੱਤਤਾ ਰੱਖਦੀਆਂ ਹਨ। (ਰੋਮੀਆਂ 15:4) ਕੀ ਇਸ ਦਾ ਇਹ ਮਤਲਬ ਹੈ ਕਿ ਇਸ ਦਿਲਚਸਪ ਬਿਰਤਾਂਤ ਵਿਚ ਮੁੱਖ ਹਿੱਸਾ ਲੈਣ ਵਾਲੇ, ਯਾਨੀ ਸਾਮਰਿਯਾ ਅਤੇ ਯਰੂਸ਼ਲਮ ਦੇ ਵਾਸੀ ਅਤੇ ਅੱਸ਼ੂਰੀ ਅੱਜ ਵੀ ਕਿਸੇ ਨੂੰ ਦਰਸਾਉਂਦੇ ਹਨ? ਜੀ ਹਾਂ। ਮੂਰਤੀ-ਪੂਜਕ ਸਾਮਰਿਯਾ ਦੀ ਤਰ੍ਹਾਂ ਈਸਾਈ-ਜਗਤ ਯਹੋਵਾਹ ਦੀ ਉਪਾਸਨਾ ਕਰਨ ਦਾ ਦਾਅਵਾ ਤਾਂ ਕਰਦਾ ਹੈ, ਪਰ ਉਹ ਪੂਰੀ ਤਰ੍ਹਾਂ ਧਰਮ-ਤਿਆਗੀ ਹੈ। ਅੰਗ੍ਰੇਜ਼ੀ ਵਿਚ ਮਸੀਹੀ ਮਤ ਦੇ ਵਾਧੇ ਬਾਰੇ ਲੇਖ ਵਿਚ, ਰੋਮਨ ਕੈਥੋਲਿਕ ਕਾਰਡੀਨਲ ਜੌਨ ਹੈਨਰੀ ਨਿਊਮਨ ਸਵੀਕਾਰ ਕਰਦਾ ਹੈ ਕਿ ਕਈ ਚੀਜ਼ਾਂ ਜੋ ਈਸਾਈ-ਜਗਤ ਵਿਚ ਸਦੀਆਂ ਤੋਂ ਵਰਤੀਆਂ ਜਾ ਰਹੀਆਂ ਹਨ, ਜਿਵੇਂ ਕਿ ਧੂਪ, ਮੋਮਬੱਤੀਆਂ, ਪਵਿੱਤਰ ਜਲ, ਪਾਦਰੀਆਂ ਦੇ ਚੋਗੇ, ਅਤੇ ਮੂਰਤੀਆਂ, “ਸਾਰੀਆਂ ਗ਼ੈਰ-ਮਸੀਹੀ ਸ੍ਰੋਤ ਤੋਂ ਹਨ।” ਯਹੋਵਾਹ ਈਸਾਈ-ਜਗਤ ਦੀ ਗ਼ੈਰ-ਮਸੀਹੀ ਪੂਜਾ ਨਾਲ ਉੱਨਾ ਹੀ ਨਾਰਾਜ਼ ਹੈ ਜਿੰਨਾ ਉਹ ਸਾਮਰਿਯਾ ਦੀ ਮੂਰਤੀ ਪੂਜਾ ਨਾਲ ਨਾਰਾਜ਼ ਸੀ।
19. ਈਸਾਈ-ਜਗਤ ਨੂੰ ਕਿਹੜੀ ਚੇਤਾਵਨੀ ਦਿੱਤੀ ਗਈ ਹੈ, ਅਤੇ ਇਹ ਚੇਤਾਵਨੀ ਕਿਨ੍ਹਾਂ ਨੇ ਦਿੱਤੀ ਹੈ?
19 ਕਈ ਸਾਲਾਂ ਤਕ, ਯਹੋਵਾਹ ਦੇ ਗਵਾਹਾਂ ਨੇ ਈਸਾਈ-ਜਗਤ ਨੂੰ ਯਹੋਵਾਹ ਦੀ ਨਾਰਾਜ਼ਗੀ ਬਾਰੇ ਚੇਤਾਵਨੀ ਦਿੱਤੀ ਹੈ। ਉਦਾਹਰਣ ਲਈ 1955 ਵਿਚ ਦੁਨੀਆਂ ਭਰ ਵਿਚ ਇਕ ਪਬਲਿਕ ਭਾਸ਼ਣ ਦਿੱਤਾ ਗਿਆ ਜਿਸ ਦਾ ਵਿਸ਼ਾ ਸੀ “‘ਜਗਤ ਦਾ ਚਾਨਣ’ ਕੌਣ ਹੈ—ਈਸਾਈ-ਜਗਤ ਜਾਂ ਮਸੀਹੀਅਤ?” ਭਾਸ਼ਣ ਵਿਚ ਸਾਫ਼-ਸਾਫ਼ ਸਮਝਾਇਆ ਗਿਆ ਸੀ ਕਿ ਈਸਾਈ-ਜਗਤ ਕਿਸ ਤਰ੍ਹਾਂ ਸੱਚੇ ਮਸੀਹੀ ਧਰਮ ਅਤੇ ਉਸ ਦੀਆਂ ਰੀਤਾਂ ਤੋਂ ਪਰੇ ਹੋ ਗਿਆ ਹੈ। ਇਸ ਤੋਂ ਬਾਅਦ, ਇਸ ਪ੍ਰਭਾਵਸ਼ਾਲੀ ਭਾਸ਼ਣ ਦੀਆਂ ਕਾਪੀਆਂ ਕਈਆਂ ਦੇਸ਼ਾਂ ਦੇ ਪਾਦਰੀਆਂ ਨੂੰ ਭੇਜੀਆਂ ਗਈਆਂ। ਈਸਾਈ-ਜਗਤ ਨੇ ਇਕ ਸੰਗਠਨ ਵਜੋਂ ਇਸ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। ਉਸ ਨੂੰ “ਡੰਡੇ” ਨਾਲ ਸਜ਼ਾ ਦੇਣ ਤੋਂ ਇਲਾਵਾ ਯਹੋਵਾਹ ਲਈ ਹੋਰ ਕੋਈ ਚਾਰਾ ਨਹੀਂ ਰਿਹਾ।
20. (ੳ) ਅੱਜ ਦਾ ਅੱਸ਼ੂਰ ਕੌਣ ਹੈ ਅਤੇ ਇਹ ਡੰਡੇ ਵਜੋਂ ਕਿਵੇਂ ਇਸਤੇਮਾਲ ਕੀਤਾ ਜਾਵੇਗਾ? (ਅ) ਈਸਾਈ-ਜਗਤ ਨੂੰ ਕਿਸ ਹੱਦ ਤਕ ਸਜ਼ਾ ਦਿੱਤੀ ਜਾਵੇਗੀ?
20 ਬਾਗ਼ੀ ਈਸਾਈ-ਜਗਤ ਨੂੰ ਸਜ਼ਾ ਦੇਣ ਲਈ ਯਹੋਵਾਹ ਕਿਸ ਨੂੰ ਇਸਤੇਮਾਲ ਕਰੇਗਾ? ਇਸ ਦਾ ਜਵਾਬ ਸਾਨੂੰ ਪਰਕਾਸ਼ ਦੀ ਪੋਥੀ ਦੇ 17ਵੇਂ ਅਧਿਆਇ ਵਿਚ ਮਿਲਦਾ ਹੈ। ਉੱਥੇ ਸਾਨੂੰ ਇਕ ਕੰਜਰੀ, ਯਾਨੀ ‘ਵੱਡੀ ਬਾਬੁਲ’ ਬਾਰੇ ਦੱਸਿਆ ਗਿਆ ਹੈ। ਇਹ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ, ਜਿਸ ਵਿਚ ਈਸਾਈ-ਜਗਤ ਵੀ ਗਿਣਿਆ ਜਾਂਦਾ ਹੈ। ਉਹ ਕੰਜਰੀ ਕਿਰਮਚੀ ਰੰਗ ਦੇ ਦਰਿੰਦੇ ਉੱਤੇ ਸਵਾਰ ਹੈ ਅਤੇ ਉਸ ਦਰਿੰਦੇ ਦੇ ਸੱਤ ਸਿਰ ਅਤੇ ਦਸ ਸਿੰਙ ਹਨ। (ਪਰਕਾਸ਼ ਦੀ ਪੋਥੀ 17:3, 5, 7-12) ਇਹ ਦਰਿੰਦਾ ਸੰਯੁਕਤ ਰਾਸ਼ਟਰ ਸੰਘ (ਯੂ. ਐੱਨ.) ਨੂੰ ਦਰਸਾਉਂਦਾ ਹੈ।d ਜਿਵੇਂ ਪ੍ਰਾਚੀਨ ਅੱਸ਼ੂਰ ਨੇ ਸਾਮਰਿਯਾ ਨੂੰ ਤਬਾਹ ਕੀਤਾ ਸੀ, ਤਿਵੇਂ ਕਿਰਮਚੀ ਰੰਗ ਦਾ ਦਰਿੰਦਾ ‘ਓਸ ਕੰਜਰੀ ਨਾਲ ਵੈਰ ਕਰੇਗਾ ਅਤੇ ਉਹ ਨੂੰ ਉਜਾੜ ਦੇਵੇਗਾ ਅਤੇ ਨੰਗਿਆਂ ਕਰੇਗਾ ਅਤੇ ਉਹ ਦਾ ਮਾਸ ਖਾ ਜਾਵੇਗਾ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟੇਗਾ।’ (ਪਰਕਾਸ਼ ਦੀ ਪੋਥੀ 17:16) ਇਸ ਤਰ੍ਹਾਂ ਅੱਜ ਦਾ ਅੱਸ਼ੂਰ (ਯੂ. ਐੱਨ. ਦੀਆਂ ਕੌਮਾਂ) ਈਸਾਈ-ਜਗਤ ਉੱਤੇ ਹਮਲਾ ਕਰ ਕੇ ਉਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।
21, 22. ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨ ਲਈ ਦਰਿੰਦੇ ਨੂੰ ਕੌਣ ਉਕਸਾਏਗਾ?
21 ਕੀ ਵੱਡੀ ਬਾਬੁਲ ਦੇ ਨਾਲ-ਨਾਲ ਯਹੋਵਾਹ ਦੇ ਵਫ਼ਾਦਾਰ ਗਵਾਹ ਵੀ ਤਬਾਹ ਹੋਣਗੇ? ਨਹੀਂ। ਪਰਮੇਸ਼ੁਰ ਉਨ੍ਹਾਂ ਨਾਲ ਨਾਰਾਜ਼ ਨਹੀਂ ਹੈ। ਸ਼ੁੱਧ ਉਪਾਸਨਾ ਕਾਇਮ ਰਹੇਗੀ। ਪਰ, ਜਿਹੜਾ ਦਰਿੰਦਾ ਵੱਡੀ ਬਾਬੁਲ ਨੂੰ ਖ਼ਤਮ ਕਰਦਾ ਹੈ, ਉਹ ਯਹੋਵਾਹ ਦੇ ਲੋਕਾਂ ਨੂੰ ਵੀ ਖ਼ਤਮ ਕਰਨਾ ਚਾਹੇਗਾ। ਇਸ ਤਰ੍ਹਾਂ ਕਰਨ ਨਾਲ, ਦਰਿੰਦਾ ਪਰਮੇਸ਼ੁਰ ਦਾ ਨਹੀਂ, ਸਗੋਂ ਸ਼ਤਾਨ ਦਾ ਇਰਾਦਾ ਪੂਰਾ ਕਰੇਗਾ।
22 ਯਹੋਵਾਹ ਸ਼ਤਾਨ ਦੇ ਹੰਕਾਰੀ ਇਰਾਦੇ ਬਾਰੇ ਸਾਫ਼-ਸਾਫ਼ ਦੱਸਦਾ ਹੈ: “ਉਸ ਸਮੇਂ ਗੱਲਾਂ [ਸ਼ਤਾਨ ਦੇ] ਮਨ ਵਿੱਚ ਆਉਣਗੀਆਂ ਅਤੇ ਤੂੰ ਬੁਰੀ ਜੁਗਤੀ ਸੋਚੇਂਗਾ। ਅਤੇ ਤੂੰ ਆਖੇਂਗਾ, ਮੈਂ . . . ਉਨ੍ਹਾਂ ਤੇ ਹੱਲਾ ਕਰਾਂਗਾ ਜਿਹੜੇ ਅਰਾਮ ਤੇ ਬੇ-ਫਿਕਰੀ ਨਾਲ ਵੱਸਦੇ ਹਨ, ਓਹ ਸਾਰੇ ਦੇ ਸਾਰੇ ਜੋ ਬਿਨਾਂ [ਸੁਰੱਖਿਅਕ] ਕੰਧਾਂ ਦੇ ਵੱਸਦੇ ਹਨ . . . ਤਾਂ ਜੋ ਤੂੰ ਲੁੱਟੇਂ ਅਤੇ ਲੁੱਟ ਦਾ ਮਾਲ ਖੋਹ ਲਵੇਂ।” (ਹਿਜ਼ਕੀਏਲ 38:10-12) ਸ਼ਤਾਨ ਸੋਚੇਗਾ, ‘ਭਲਾ, ਕਿਉਂ ਨਾ ਮੈਂ ਯਹੋਵਾਹ ਦੇ ਗਵਾਹਾਂ ਉੱਤੇ ਹਮਲਾ ਕਰਨ ਲਈ ਕੌਮਾਂ ਨੂੰ ਉਕਸਾਵਾਂ? ਉਹ ਕਮਜ਼ੋਰ ਅਤੇ ਰੱਖਿਆ ਤੋਂ ਬਗੈਰ ਹਨ ਅਤੇ ਰਾਜਨੀਤੀ ਉੱਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੈ। ਉਹ ਵਿਰੋਧ ਨਹੀਂ ਕਰਨਗੇ। ਉਨ੍ਹਾਂ ਨੂੰ ਛੱਡੇ ਆਲ੍ਹਣੇ ਵਿੱਚੋਂ ਆਂਡਿਆਂ ਵਾਂਗ ਚੁੱਕਣਾ ਕਿੰਨਾ ਸੌਖਾ ਹੋਵੇਗਾ!’
23. ਅੱਜ ਦਾ ਅੱਸ਼ੂਰ ਪਰਮੇਸ਼ੁਰ ਦੇ ਲੋਕਾਂ ਨਾਲ ਉਹ ਕੁਝ ਕਿਉਂ ਨਹੀਂ ਕਰ ਸਕੇਗਾ ਜੋ ਕੁਝ ਉਹ ਈਸਾਈ-ਜਗਤ ਨਾਲ ਕਰਦਾ ਹੈ?
23 ਪਰ ਹੇ ਕੌਮੋ, ਖ਼ਬਰਦਾਰ ਰਹੋ! ਜੇ ਤੁਸੀਂ ਯਹੋਵਾਹ ਦੇ ਲੋਕਾਂ ਨੂੰ ਹੱਥ ਲਾਓਗੇ ਤਾਂ ਤੁਹਾਨੂੰ ਖ਼ੁਦ ਪਰਮੇਸ਼ੁਰ ਨੂੰ ਜਵਾਬ ਦੇਣਾ ਪਵੇਗਾ! ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ, ਅਤੇ ਉਹ ਉਨ੍ਹਾਂ ਲਈ ਜ਼ਰੂਰ ਲੜੇਗਾ ਜਿਵੇਂ ਹਿਜ਼ਕੀਯਾਹ ਦੇ ਦਿਨਾਂ ਵਿਚ ਉਹ ਯਰੂਸ਼ਲਮ ਲਈ ਲੜਿਆ ਸੀ। ਜਦੋਂ ਅੱਜ ਦਾ ਅੱਸ਼ੂਰ ਯਹੋਵਾਹ ਦੇ ਸੇਵਕਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰੇਗਾ, ਉਹ ਅਸਲ ਵਿਚ ਯਹੋਵਾਹ ਪਰਮੇਸ਼ੁਰ ਅਤੇ ਲੇਲੇ, ਯਿਸੂ ਮਸੀਹ, ਨਾਲ ਲੜ ਰਿਹਾ ਹੋਵੇਗਾ। ਅੱਸ਼ੂਰ ਇਹ ਲੜਾਈ ਨਹੀਂ ਜਿੱਤ ਸਕਦਾ। ਬਾਈਬਲ ਕਹਿੰਦੀ ਹੈ ਕਿ “ਲੇਲਾ ਓਹਨਾਂ ਉੱਤੇ ਫ਼ਤਹ ਪਾਵੇਗਾ” ਕਿਉਂਕਿ “ਉਹ ਪ੍ਰਭੁਆਂ ਦਾ ਪ੍ਰਭੁ ਅਤੇ ਰਾਜਿਆਂ ਦਾ ਰਾਜਾ ਹੈ।” (ਪਰਕਾਸ਼ ਦੀ ਪੋਥੀ 17:14. ਮੱਤੀ 25:40 ਦੀ ਤੁਲਨਾ ਕਰੋ।) ਪ੍ਰਾਚੀਨ ਅੱਸ਼ੂਰ ਵਾਂਗ, ਕਿਰਮਚੀ ਰੰਗ ਦਾ ਦਰਿੰਦਾ “ਨਸ਼ਟ ਹੋ ਜਾਵੇਗਾ।” ਫਿਰ ਕਦੇ ਵੀ ਉਸ ਤੋਂ ਡਰਨ ਦੀ ਲੋੜ ਨਹੀਂ ਹੋਵੇਗੀ।—ਪਰਕਾਸ਼ ਦੀ ਪੋਥੀ 17:11.
24. (ੳ) ਭਵਿੱਖ ਦੀ ਤਿਆਰੀ ਵਿਚ ਸੱਚੇ ਮਸੀਹੀ ਕੀ ਕਰਨ ਲਈ ਦ੍ਰਿੜ੍ਹ ਹਨ? (ਅ) ਯਸਾਯਾਹ ਨੇ ਭਵਿੱਖ ਬਾਰੇ ਹੋਰ ਕੀ ਦੱਸਿਆ? (ਸਫ਼ੇ 155 ਉੱਤੇ ਡੱਬੀ ਦੇਖੋ।)
24 ਸੱਚੇ ਮਸੀਹੀ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖ ਕੇ ਅਤੇ ਆਪਣੇ ਜੀਵਨ ਵਿਚ ਉਸ ਦੀ ਇੱਛਾ ਨੂੰ ਪਹਿਲੀ ਥਾਂ ਦੇ ਕੇ ਭਵਿੱਖ ਦਾ ਸਾਮ੍ਹਣਾ ਕਰ ਸਕਦੇ ਹਨ। (ਮੱਤੀ 6:33) ਫਿਰ ਉਨ੍ਹਾਂ ਨੂੰ ‘ਕਿਸੇ ਬਦੀ ਤੋਂ ਡਰਨ’ ਦੀ ਲੋੜ ਨਹੀਂ ਹੋਵੇਗੀ। (ਜ਼ਬੂਰ 23:4) ਉਹ ਦੇਖਣਗੇ ਕਿ ਪਰਮੇਸ਼ੁਰ ਦਾ ਹੱਥ ਉਨ੍ਹਾਂ ਨੂੰ ਸਜ਼ਾ ਦੇਣ ਲਈ ਨਹੀਂ, ਪਰ ਉਨ੍ਹਾਂ ਨੂੰ ਬਚਾਉਣ ਲਈ ਉੱਚਾ ਚੁੱਕਿਆ ਹੋਇਆ ਹੈ। ਅਤੇ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਤੋਂ ਦਿਲਾਸਾ ਮਿਲੇਗਾ: ‘ਡਰੋ ਨਾ।’—ਯਸਾਯਾਹ 10:24.
[ਫੁਟਨੋਟ]
b ਗੱਲ ਨੂੰ ਸਾਫ਼-ਸਾਫ਼ ਸਮਝਾਉਣ ਲਈ, ਯਸਾਯਾਹ 10:28-32 ਦੀ ਗੱਲਬਾਤ ਯਸਾਯਾਹ 10:20-27 ਤੋਂ ਪਹਿਲਾਂ ਕੀਤੀ ਗਈ ਹੈ।
c ਯਸਾਯਾਹ 10:20-23 ਉੱਤੇ ਚਰਚਾ ਲਈ ਸਫ਼ੇ 155 ਉੱਤੇ “ਯਸਾਯਾਹ ਨੇ ਭਵਿੱਖ ਬਾਰੇ ਹੋਰ ਕਈ ਕੁਝ ਦੱਸਿਆ” ਦੇਖੋ।
d ਕੰਜਰੀ ਅਤੇ ਕਿਰਮਚੀ ਰੰਗ ਦੇ ਦਰਿੰਦੇ ਦੀ ਪਛਾਣ ਬਾਰੇ ਅੰਗ੍ਰੇਜ਼ੀ ਵਿਚ ਹੋਰ ਜਾਣਕਾਰੀ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! ਪੁਸਤਕ ਦੇ 34ਵੇਂ ਅਤੇ 35ਵੇਂ ਅਧਿਆਵਾਂ ਵਿਚ ਪਾਈ ਜਾਂਦੀ ਹੈ। ਇਹ ਪੁਸਤਕ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਹੈ।
[ਸਫ਼ੇ 155, 156 ਉੱਤੇ ਡੱਬੀ/ਤਸਵੀਰਾਂ]
ਯਸਾਯਾਹ ਨੇ ਭਵਿੱਖ ਬਾਰੇ ਹੋਰ ਕਈ ਕੁਝ ਦੱਸਿਆ
ਯਸਾਯਾਹ ਦੇ 10ਵੇਂ ਅਧਿਆਇ ਵਿਚ ਖ਼ਾਸ ਤੌਰ ਤੇ ਦੋ ਗੱਲਾਂ ਵੱਲ ਧਿਆਨ ਦਿੱਤਾ ਗਿਆ ਹੈ ਕਿ ਯਹੋਵਾਹ ਨੇ ਇਸਰਾਏਲ ਨੂੰ ਸਜ਼ਾ ਦੇਣ ਲਈ ਅੱਸ਼ੂਰੀਆਂ ਦੇ ਹਮਲੇ ਨੂੰ ਕਿਵੇਂ ਇਸਤੇਮਾਲ ਕੀਤਾ ਅਤੇ ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਉਹ ਯਰੂਸ਼ਲਮ ਨੂੰ ਬਚਾਵੇਗਾ। ਕਿਉਂ ਜੋ 20 ਤੋਂ 23 ਆਇਤਾਂ ਇਸ ਭਵਿੱਖਬਾਣੀ ਦੇ ਵਿਚਕਾਰ ਪਾਈਆਂ ਜਾਂਦੀਆਂ ਹਨ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਇਨ੍ਹਾਂ ਦੀ ਇਕ ਪੂਰਤੀ ਉਸ ਸਮੇਂ ਵੀ ਹੋਈ ਸੀ। (ਯਸਾਯਾਹ 1:7-9 ਦੀ ਤੁਲਨਾ ਕਰੋ।) ਪਰ, ਇਨ੍ਹਾਂ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਆਇਤਾਂ ਖ਼ਾਸ ਕਰਕੇ ਬਾਅਦ ਦੇ ਸਮਿਆਂ ਵਿਚ ਵੀ ਲਾਗੂ ਹੋਈਆਂ ਜਦੋਂ ਯਰੂਸ਼ਲਮ ਦੇ ਵਾਸੀਆਂ ਨੂੰ ਵੀ ਆਪਣੇ ਪਾਪਾਂ ਦਾ ਲੇਖਾ ਦੇਣਾ ਪਿਆ।
ਰਾਜਾ ਆਹਾਜ਼ ਨੇ ਅੱਸ਼ੂਰ ਤੋਂ ਮਦਦ ਮੰਗ ਕੇ ਸੁਰੱਖਿਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਅਗਾਹਾਂ ਨੂੰ ਇਸਰਾਏਲ ਦੇ ਘਰਾਣੇ ਵਿੱਚੋਂ ਬਚਣ ਵਾਲੇ ਫਿਰ ਕਦੀ ਵੀ ਅਜਿਹਾ ਫਜ਼ੂਲ ਰਸਤਾ ਨਹੀਂ ਫੜਨਗੇ। ਯਸਾਯਾਹ 10:20 ਵਿਚ ਉਸ ਨੇ ਕਿਹਾ ਕਿ ਉਹ “ਇਸਰਾਏਲ ਦੇ ਪਵਿੱਤਰ ਪੁਰਖ ਯਹੋਵਾਹ ਦਾ ਸਚਿਆਈ ਨਾਲ ਸਹਾਰਾ ਲੈਣਗੇ।” ਪਰ ਯਸਾਯਾਹ 10:21 ਵਿਚ ਲਿਖਿਆ ਹੋਇਆ ਹੈ ਕਿ ਸਿਰਫ਼ ਥੋੜ੍ਹੇ ਜਿਹੇ ਇਸ ਤਰ੍ਹਾਂ ਕਰਨਗੇ ਯਾਨੀ ਕਿ ‘ਇੱਕ ਬਕੀਆ ਮੁੜੇਗਾ।’ ਇਹ ਸਾਨੂੰ ਯਸਾਯਾਹ ਦੇ ਪੁੱਤਰ ਸ਼ਆਰ ਯਾਸ਼ੂਬ ਬਾਰੇ ਯਾਦ ਕਰਾਉਂਦਾ ਹੈ, ਜੋ ਇਸਰਾਏਲ ਵਿਚ ਇਕ ਨਿਸ਼ਾਨ ਸੀ ਅਤੇ ਜਿਸ ਦੇ ਨਾਂ ਦਾ ਮਤਲਬ ਹੈ ‘ਇੱਕ ਬਕੀਆ ਮੁੜੇਗਾ।’ (ਯਸਾਯਾਹ 7:3) ਯਸਾਯਾਹ 10:22 ਨੇ ਆ ਰਹੀ “ਬਰਬਾਦੀ” ਦੇ ਪੱਕੇ ਫ਼ੈਸਲੇ ਬਾਰੇ ਚੇਤਾਵਨੀ ਦਿੱਤੀ ਸੀ। ਅਜਿਹੀ ਬਰਬਾਦੀ ਧਰਮੀ ਸੀ ਕਿਉਂਕਿ ਬਾਗ਼ੀ ਲੋਕਾਂ ਲਈ ਇਹ ਸਜ਼ਾ ਜਾਇਜ਼ ਸੀ। ਨਤੀਜੇ ਵਜੋਂ, “ਸਮੁੰਦਰ ਦੀ ਰੇਤ ਵਾਂਙੁ” ਇਕ ਆਬਾਦ ਕੌਮ ਵਿੱਚੋਂ ਸਿਰਫ਼ ਇਕ ਬਕੀਆ ਮੁੜਿਆ। ਤੇਈਵੀਂ ਆਇਤ ਨੇ ਚੇਤਾਵਨੀ ਦਿੱਤੀ ਸੀ ਕਿ ਇਸ ਆ ਰਹੀ ਬਰਬਾਦੀ ਦਾ ਸਾਰੇ ਦੇਸ਼ ਉੱਤੇ ਅਸਰ ਪਵੇਗਾ। ਇਸ ਵਾਰ ਯਰੂਸ਼ਲਮ ਵੀ ਬਰਬਾਦ ਕੀਤਾ ਗਿਆ।
ਇਹ ਆਇਤਾਂ ਚੰਗੀ ਤਰ੍ਹਾਂ ਸਮਝਾਉਂਦੀਆਂ ਹਨ ਕਿ 607 ਸਾ.ਯੁ.ਪੂ. ਵਿਚ ਕੀ ਹੋਇਆ ਸੀ ਜਦੋਂ ਯਹੋਵਾਹ ਨੇ ਬਾਬਲੀ ਸਾਮਰਾਜ ਨੂੰ ਆਪਣੇ “ਡੰਡੇ” ਵਜੋਂ ਇਸਤੇਮਾਲ ਕੀਤਾ। ਯਰੂਸ਼ਲਮ ਸਮੇਤ, ਸਾਰਾ ਦੇਸ਼ ਹਮਲੇ ਕਰਨ ਵਾਲੇ ਦੇ ਹੱਥ ਵਿਚ ਆ ਗਿਆ ਸੀ। ਯਹੂਦੀ ਲੋਕਾਂ ਨੂੰ 70 ਸਾਲਾਂ ਲਈ ਬਾਬਲ ਵਿਚ ਗ਼ੁਲਾਮ ਬਣਾਇਆ ਗਿਆ ਸੀ। ਪਰ ਉਸ ਤੋਂ ਬਾਅਦ, ਕੁਝ ਲੋਕ—ਭਾਵੇਂ ਇਹ “ਇੱਕ ਬਕੀਆ” ਹੀ ਸੀ—ਸੱਚੀ ਉਪਾਸਨਾ ਦੁਬਾਰਾ ਸਥਾਪਿਤ ਕਰਨ ਲਈ ਯਰੂਸ਼ਲਮ ਨੂੰ ਵਾਪਸ ਮੁੜੇ।
ਪਹਿਲੀ ਸਦੀ ਵਿਚ ਯਸਾਯਾਹ 10:20-23 ਦੀ ਭਵਿੱਖਬਾਣੀ ਦੀ ਇਕ ਹੋਰ ਪੂਰਤੀ ਵੀ ਹੋਈ ਸੀ, ਜਿਵੇਂ ਰੋਮੀਆਂ 9:27, 28 ਵਿਚ ਦਿਖਾਇਆ ਗਿਆ ਹੈ। (ਯਸਾਯਾਹ 1:9; ਰੋਮੀਆਂ 9:29 ਦੀ ਤੁਲਨਾ ਕਰੋ।) ਪੌਲੁਸ ਨੇ ਸਮਝਾਇਆ ਕਿ ਰੂਹਾਨੀ ਤੌਰ ਤੇ, ਪਹਿਲੀ ਸਦੀ ਵਿਚ ਯਹੂਦੀਆਂ ਦਾ ਇਕ “ਬਕੀਆ” ਯਹੋਵਾਹ ਵੱਲ ਉਦੋਂ ‘ਮੁੜਿਆ’ ਜਦੋਂ ਕੁਝ ਵਫ਼ਾਦਾਰ ਯਹੂਦੀ ਯਿਸੂ ਮਸੀਹ ਦੇ ਚੇਲੇ ਬਣੇ ਅਤੇ ਉਹ “ਆਤਮਾ ਅਤੇ ਸਚਿਆਈ ਨਾਲ” ਯਹੋਵਾਹ ਦੀ ਉਪਾਸਨਾ ਕਰਨ ਲੱਗੇ। (ਯੂਹੰਨਾ 4:24) ਬਾਅਦ ਵਿਚ ਮਸੀਹੀ ਬਣ ਕੇ ਗ਼ੈਰ-ਯਹੂਦੀ ਵੀ ਇਨ੍ਹਾਂ ਨਾਲ ਰਲ ਗਏ ਅਤੇ ਇਹ ਇਕ ਰੂਹਾਨੀ ਕੌਮ ਬਣੇ, ਯਾਨੀ ‘ਪਰਮੇਸ਼ੁਰ ਦਾ ਇਸਰਾਏਲ।’ (ਗਲਾਤੀਆਂ 6:16) ਉਸ ਵੇਲੇ ਯਸਾਯਾਹ 10:20 ਦੇ ਸ਼ਬਦ ਪੂਰੇ ਹੋਏ: ਯਹੋਵਾਹ ਨੂੰ ਸਮਰਪਿਤ ਕੌਮ ਨੇ ਉਸ ਤੋਂ ਮੁੜ ਕੇ ‘ਫੇਰ ਕਦੇ ਨਾ’ ਇਨਸਾਨਾਂ ਤੋਂ ਸਹਾਰਾ ਲਿਆ।
[ਸਫ਼ਾ 147 ਉੱਤੇ ਤਸਵੀਰ]
ਸਨਹੇਰੀਬ ਨੇ ਸੋਚਿਆ ਕਿ ਕੌਮਾਂ ਨੂੰ ਇਕੱਠਾ ਕਰਨਾ ਆਲ੍ਹਣੇ ਵਿੱਚੋਂ ਆਂਡੇ ਚੁੱਕਣ ਜਿੰਨਾ ਸੌਖਾ ਹੋਵੇਗਾ