ਬਾਈਵਾਂ ਅਧਿਆਇ
ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?
1-3. (ੳ) ਦੋ ਤੀਵੀਆਂ ਦੇ ਕੇਸ ਵਿਚ ਸੁਲੇਮਾਨ ਨੇ ਬੁੱਧ ਦਾ ਸਬੂਤ ਕਿਸ ਤਰ੍ਹਾਂ ਦਿੱਤਾ ਸੀ? (ਅ) ਯਹੋਵਾਹ ਨੇ ਸਾਨੂੰ ਕੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਬਾਰੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
ਕੇਸ ਬੜਾ ਮੁਸ਼ਕਲ ਸੀ। ਦੋ ਤੀਵੀਆਂ ਇਕ ਬੱਚੇ ਨੂੰ ਲੈ ਕੇ ਲੜ ਰਹੀਆਂ ਸਨ। ਦੋਵੇਂ ਤੀਵੀਆਂ ਇੱਕੋ ਘਰ ਵਿਚ ਰਹਿੰਦੀਆਂ ਸਨ। ਪਹਿਲਾਂ ਇਕ ਤੀਵੀਂ ਦੇ ਮੁੰਡਾ ਜੰਮਿਆ ਤੇ ਕੁਝ ਦਿਨ ਬਾਅਦ ਦੂਸਰੀ ਤੀਵੀਂ ਦੇ ਵੀ ਮੁੰਡਾ ਜੰਮਿਆ ਸੀ। ਫਿਰ ਇਕ ਦਾ ਮੁੰਡਾ ਮਰ ਗਿਆ ਅਤੇ ਹੁਣ ਦੋਵੇਂ ਤੀਵੀਆਂ ਇਹ ਕਹਿ ਕੇ ਲੜ ਰਹੀਆਂ ਸਨ ਕਿ ‘ਜ਼ਿੰਦਾ ਬੱਚਾ ਮੇਰਾ ਹੈ।’a ਹੋਰ ਕੋਈ ਚਸ਼ਮਦੀਦ ਗਵਾਹ ਨਾ ਹੋਣ ਕਰਕੇ ਕਿਸੇ ਨੂੰ ਸੱਚਾਈ ਪਤਾ ਨਹੀਂ ਸੀ। ਸ਼ਾਇਦ ਪਹਿਲਾਂ ਇਸ ਕੇਸ ਦੀ ਸੁਣਵਾਈ ਕਿਸੇ ਛੋਟੀ ਕਚਹਿਰੀ ਵਿਚ ਹੋ ਚੁੱਕੀ ਸੀ। ਅਖ਼ੀਰ ਵਿਚ ਕੇਸ ਇਸਰਾਏਲ ਦੇ ਰਾਜੇ, ਸੁਲੇਮਾਨ ਦੇ ਸਾਮ੍ਹਣੇ ਆਇਆ। ਕੀ ਉਹ ਸੱਚ ਜ਼ਾਹਰ ਕਰ ਸਕਿਆ ਸੀ?
2 ਦੋਹਾਂ ਤੀਵੀਆਂ ਦੇ ਝਗੜੇ ਨੂੰ ਸੁਣਨ ਤੋਂ ਬਾਅਦ ਸੁਲੇਮਾਨ ਨੇ ਇਕ ਤਲਵਾਰ ਮੰਗਵਾਈ। ਫਿਰ ਉਸ ਨੇ ਹੁਕਮ ਦਿੱਤਾ ਕਿ ਬੱਚੇ ਦੇ ਦੋ ਹਿੱਸੇ ਕਰ ਕੇ ਅੱਧਾ-ਅੱਧਾ ਦੋਹਾਂ ਤੀਵੀਆਂ ਨੂੰ ਦੇ ਦਿੱਤਾ ਜਾਵੇ। ਅਸਲੀ ਮਾਂ ਨੇ ਝੱਟ ਰਾਜੇ ਮੋਹਰੇ ਬੇਨਤੀ ਕੀਤੀ ਕਿ ਉਸ ਦਾ ਪਿਆਰਾ ਬੱਚਾ ਦੂਜੀ ਤੀਵੀਂ ਨੂੰ ਦੇ ਦਿੱਤਾ ਜਾਵੇ। ਪਰ ਦੂਸਰੀ ਤੀਵੀਂ ਨੇ ਅੜ ਕੇ ਕਿਹਾ ਕਿ ਬੱਚੇ ਦੇ ਦੋ ਟੁਕੜੇ ਕਰ ਦਿੱਤੇ ਜਾਣ। ਇਸ ਤੋਂ ਸੁਲੇਮਾਨ ਸੱਚਾਈ ਜਾਣ ਗਿਆ ਸੀ। ਉਹ ਮਾਂ ਦੀ ਮਮਤਾ ਨੂੰ ਜਾਣਦਾ ਸੀ ਕਿ ਉਹ ਆਪਣੇ ਢਿੱਡੋਂ ਜੰਮੇ ਬੱਚੇ ਨੂੰ ਐਵੇਂ ਮਰਨ ਨਹੀਂ ਦੇਵੇਗੀ। ਇਸ ਜਾਣਕਾਰੀ ਨਾਲ ਉਸ ਨੇ ਝਗੜੇ ਦਾ ਫ਼ੈਸਲਾ ਕੀਤਾ। ਜ਼ਰਾ ਉਸ ਮਾਂ ਦੀ ਖ਼ੁਸ਼ੀ ਬਾਰੇ ਸੋਚੋ ਜਦ ਸੁਲੇਮਾਨ ਨੇ ਉਸ ਨੂੰ ਬੱਚਾ ਦੇ ਕੇ ਕਿਹਾ: “ਏਸ ਦੀ ਮਾਤਾ ਏਹੋ ਹੀ ਹੈ।”—1 ਰਾਜਿਆਂ 3:16-27.
3 ਸੁਲੇਮਾਨ ਦੀ ਬੇਮਿਸਾਲ ਬੁੱਧ ਬਾਰੇ ਤੁਹਾਡਾ ਕੀ ਖ਼ਿਆਲ ਹੈ? ਜਦ ਲੋਕਾਂ ਨੇ ਸੁਣਿਆ ਕਿ ਸੁਲੇਮਾਨ ਨੇ ਇਸ ਕੇਸ ਦਾ ਫ਼ੈਸਲਾ ਕਿਸ ਤਰ੍ਹਾਂ ਕੀਤਾ ਸੀ, ਤਾਂ ਉਹ ਭੈਭੀਤ ਤੇ ਹੈਰਾਨ ਹੋਏ, “ਕਿਉਂ ਜੋ ਉਨ੍ਹਾਂ ਨੇ ਡਿੱਠਾ ਕਿ ਪਰਮੇਸ਼ੁਰ ਦੀ ਬੁੱਧ . . . ਉਸ ਦੇ ਵਿੱਚ ਹੈ।” ਜੀ ਹਾਂ, ਯਹੋਵਾਹ ਨੇ ਸੁਲੇਮਾਨ ਨੂੰ “ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ” ਸੀ। (1 ਰਾਜਿਆਂ 3:12, 28) ਪਰ ਸਾਡੇ ਬਾਰੇ ਕੀ? ਕੀ ਸਾਨੂੰ ਵੀ ਪਰਮੇਸ਼ੁਰ ਤੋਂ ਬੁੱਧ ਮਿਲ ਸਕਦੀ ਹੈ? ਜੀ ਹਾਂ, ਕਿਉਂਕਿ ਸੁਲੇਮਾਨ ਨੇ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖਿਆ ਸੀ: “ਬੁੱਧ ਯਹੋਵਾਹ ਹੀ ਦਿੰਦਾ ਹੈ।” (ਕਹਾਉਤਾਂ 2:6) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਦਿਲੋਂ ਭਾਲਣ ਵਾਲਿਆਂ ਨੂੰ ਬੁੱਧ ਯਾਨੀ ਗਿਆਨ, ਸਮਝ ਅਤੇ ਸੂਝ ਵਰਤਣ ਦੀ ਯੋਗਤਾ ਦਿੰਦਾ ਹੈ। ਸਾਨੂੰ ਪਰਮੇਸ਼ੁਰ ਦੀ ਬੁੱਧ ਕਿਸ ਤਰ੍ਹਾਂ ਭਾਲਣੀ ਚਾਹੀਦੀ ਹੈ? ਅਸੀਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਵਰਤ ਸਕਦੇ ਹਾਂ?
ਬੁੱਧ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾਂਦੀ ਹੈ
4-7. ਬੁੱਧ ਪ੍ਰਾਪਤ ਕਰਨ ਦੀਆਂ ਚਾਰ ਮੰਗਾਂ ਕੀ ਹਨ?
4 ਕੀ ਸਾਨੂੰ ਪਰਮੇਸ਼ੁਰ ਦੀ ਬੁੱਧ ਪ੍ਰਾਪਤ ਕਰਨ ਵਾਸਤੇ ਬਹੁਤ ਹੀ ਅਕਲਮੰਦ ਅਤੇ ਪੜ੍ਹੇ-ਲਿਖੇ ਹੋਣ ਦੀ ਲੋੜ ਹੈ? ਬਿਲਕੁਲ ਨਹੀਂ। ਯਹੋਵਾਹ ਸਾਡੇ ਪਿਛੋਕੜ ਅਤੇ ਪੜ੍ਹਾਈ-ਲਿਖਾਈ ਵੱਲ ਧਿਆਨ ਦੇਣ ਤੋਂ ਬਿਨਾਂ ਸਾਨੂੰ ਆਪਣੀ ਬੁੱਧ ਦੇਣ ਲਈ ਤਿਆਰ ਹੈ। (1 ਕੁਰਿੰਥੀਆਂ 1:26-29) ਪਰ ਇਸ ਵਿਚ ਪਹਿਲ ਸਾਨੂੰ ਕਰਨੀ ਪਵੇਗੀ ਕਿਉਂਕਿ ਬਾਈਬਲ ਵਿਚ ਲਿਖਿਆ ਹੈ: ‘ਬੁੱਧ ਨੂੰ ਪ੍ਰਾਪਤ ਕਰੋ।’ (ਕਹਾਉਤਾਂ 4:7) ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ?
5 ਪਹਿਲਾਂ, ਸਾਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਕਹਾਉਤਾਂ 9:10 ਵਿਚ ਲਿਖਿਆ ਹੈ: “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ।” ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬੁੱਧ ਦੀ ਬੁਨਿਆਦ ਪਰਮੇਸ਼ੁਰ ਦਾ ਭੈ ਹੈ? ਯਾਦ ਕਰੋ ਕਿ ਗਿਆਨ ਨੂੰ ਚੰਗੀ ਤਰ੍ਹਾਂ ਵਰਤਣ ਨੂੰ ਬੁੱਧ ਕਿਹਾ ਜਾਂਦਾ ਹੈ। ਪਰਮੇਸ਼ੁਰ ਦਾ ਭੈ ਖਾਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਬਾਰੇ ਸੋਚ ਕੇ ਡਰਦੇ ਰਹੀਏ ਜਾਂ ਲੁੱਕਦੇ ਫਿਰੀਏ, ਪਰ ਇਸ ਦਾ ਮਤਲਬ ਇਹ ਹੈ ਕਿ ਅਸੀਂ ਉਸ ਦੇ ਸਾਮ੍ਹਣੇ ਆਦਰ-ਸਤਿਕਾਰ, ਭਰੋਸੇ ਤੇ ਸ਼ਰਧਾ ਨਾਲ ਸਿਰ ਝੁਕਾਈਏ। ਪਰਮੇਸ਼ੁਰ ਤੋਂ ਡਰਨਾ ਸਾਡੇ ਲਈ ਫ਼ਾਇਦੇਮੰਦ ਹੈ ਅਤੇ ਇਸ ਤੋਂ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਣਾ ਮਿਲਦੀ ਹੈ। ਜੀ ਹਾਂ, ਇਸ ਭੈ ਦੇ ਕਾਰਨ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਦੀ ਮਰਜ਼ੀ ਦੇ ਮੁਤਾਬਕ ਜੀਵਾਂਗੇ। ਜ਼ਿੰਦਗੀ ਜੀਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੈ ਕਿਉਂਕਿ ਯਹੋਵਾਹ ਦੇ ਮਿਆਰ ਸਭ ਦੀ ਭਲਾਈ ਲਈ ਹਨ।
6 ਬੁੱਧ ਪ੍ਰਾਪਤ ਕਰਨ ਲਈ ਦੂਜੀ ਗੱਲ ਇਹ ਹੈ ਕਿ ਸਾਨੂੰ ਨਿਮਰ ਤੇ ਦੀਨ ਬਣਨਾ ਚਾਹੀਦਾ ਹੈ। ਨਿਮਰ ਤੇ ਦੀਨ ਹੋਣ ਤੋਂ ਬਿਨਾਂ ਪਰਮੇਸ਼ੁਰ ਦੀ ਬੁੱਧ ਮਿਲ ਹੀ ਨਹੀਂ ਸਕਦੀ। (ਕਹਾਉਤਾਂ 11:2) ਇਸ ਤਰ੍ਹਾਂ ਕਿਉਂ ਹੈ? ਜੇ ਅਸੀਂ ਨਿਮਰ ਤੇ ਦੀਨ ਹਾਂ ਯਾਨੀ ਸਾਡੇ ਵਿਚ ਹੰਕਾਰ ਨਹੀਂ ਹੈ, ਤਾਂ ਅਸੀਂ ਇਹ ਗੱਲ ਮੰਨਣ ਲਈ ਤਿਆਰ ਹੋਵਾਂਗੇ ਕਿ ਸਾਨੂੰ ਸਾਰਾ ਕੁਝ ਨਹੀਂ ਪਤਾ ਅਤੇ ਕਿ ਅਸੀਂ ਵਾਰ-ਵਾਰ ਗ਼ਲਤੀਆਂ ਕਰਦੇ ਹਾਂ। ਇਸ ਦੇ ਨਾਲ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਯਹੋਵਾਹ ਹਰ ਮਾਮਲੇ ਬਾਰੇ ਕਿਸ ਤਰ੍ਹਾਂ ਸੋਚਦਾ ਹੈ। ਯਹੋਵਾਹ “ਹੰਕਾਰੀਆਂ ਦਾ ਸਾਹਮਣਾ ਕਰਦਾ” ਹੈ, ਪਰ ਹਲੀਮਾਂ ਨੂੰ ਉਹ ਖ਼ੁਸ਼ੀ ਨਾਲ ਬੁੱਧ ਦਿੰਦਾ ਹੈ।—ਯਾਕੂਬ 4:6.
ਪਰਮੇਸ਼ੁਰ ਦੀ ਬੁੱਧ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਜਤਨ ਕਰਨ ਦੀ ਲੋੜ ਹੈ
7 ਤੀਜੀ ਜ਼ਰੂਰੀ ਗੱਲ ਹੈ ਬਾਈਬਲ ਦੀ ਸਟੱਡੀ। ਯਹੋਵਾਹ ਦੀ ਬੁੱਧ ਉਸ ਦੇ ਬਚਨ ਵਿਚ ਪ੍ਰਗਟ ਕੀਤੀ ਗਈ ਹੈ। ਉਸ ਬੁੱਧ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਜਤਨ ਕਰਨ ਦੀ ਲੋੜ ਹੈ। (ਕਹਾਉਤਾਂ 2:1-5) ਪ੍ਰਾਰਥਨਾ ਕਰਨੀ ਚੌਥੀ ਜ਼ਰੂਰੀ ਗੱਲ ਹੈ। ਜੇ ਅਸੀਂ ਪਰਮੇਸ਼ੁਰ ਕੋਲੋਂ ਦਿਲੋਂ ਬੁੱਧ ਮੰਗੀਏ, ਤਾਂ ਉਹ ਖੁੱਲ੍ਹੇ ਦਿਲ ਨਾਲ ਸਾਨੂੰ ਦੇਵੇਗਾ। (ਯਾਕੂਬ 1:5) ਜੇ ਅਸੀਂ ਉਸ ਦੀ ਆਤਮਾ ਦੀ ਮਦਦ ਮੰਗੀਏ, ਤਾਂ ਉਹ ਸਾਡੀ ਦੁਆ ਜ਼ਰੂਰ ਸੁਣੇਗਾ। ਉਸ ਦੀ ਆਤਮਾ ਦੀ ਮਦਦ ਨਾਲ ਅਸੀਂ ਬਾਈਬਲ ਵਿਚ ਬੁੱਧ ਦੇ ਖ਼ਜ਼ਾਨੇ ਲੱਭ ਸਕਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੇ ਮਸਲੇ ਹੱਲ ਕਰ ਸਕਦੇ ਹਾਂ, ਖ਼ਤਰਿਆਂ ਤੋਂ ਦੂਰ ਰਹਿ ਸਕਦੇ ਹਾਂ ਅਤੇ ਅਕਲਮੰਦੀ ਨਾਲ ਫ਼ੈਸਲੇ ਕਰ ਸਕਦੇ ਹਾਂ।—ਲੂਕਾ 11:13.
8. ਜੇ ਅਸੀਂ ਕਿਸੇ ਹੱਦ ਤਕ ਪਰਮੇਸ਼ੁਰ ਦੀ ਬੁੱਧ ਪ੍ਰਾਪਤ ਕਰ ਲਈ ਹੈ, ਤਾਂ ਇਹ ਸਾਡੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਜ਼ਾਹਰ ਹੋਵੇਗੀ?
8 ਇਸ ਕਿਤਾਬ ਦੇ 17ਵੇਂ ਅਧਿਆਇ ਵਿਚ ਅਸੀਂ ਸਿੱਖਿਆ ਸੀ ਕਿ ਬੁੱਧ ਫ਼ਾਇਦੇਮੰਦ ਹੈ। ਇਸ ਲਈ ਜੇ ਅਸੀਂ ਕਿਸੇ ਹੱਦ ਤਕ ਬੁੱਧ ਪ੍ਰਾਪਤ ਕਰ ਲਈ ਹੈ, ਤਾਂ ਇਹ ਸਾਡੇ ਚਾਲ-ਚਲਣ ਤੋਂ ਜ਼ਾਹਰ ਹੋ ਜਾਵੇਗਾ। ਯਿਸੂ ਦੇ ਚੇਲੇ ਯਾਕੂਬ ਨੇ ਇਹ ਲਿਖਦੇ ਹੋਏ ਸਮਝਾਇਆ ਸੀ ਕਿ ਬੁੱਧ ਕੀ ਹੈ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।” (ਯਾਕੂਬ 3:17) ਹੁਣ ਅਸੀਂ ਪਰਮੇਸ਼ੁਰ ਦੀ ਬੁੱਧ ਦੇ ਇਨ੍ਹਾਂ ਵੱਖੋ-ਵੱਖਰੇ ਪਹਿਲੂਆਂ ਉੱਤੇ ਚਰਚਾ ਕਰਾਂਗੇ। ਇਨ੍ਹਾਂ ਤੇ ਗੌਰ ਕਰਦੇ ਹੋਏ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਮੇਰੀ ਜ਼ਿੰਦਗੀ ਤੋਂ ਸਬੂਤ ਮਿਲਦਾ ਹੈ ਕਿ ਮੇਰੇ ਵਿਚ ਉੱਪਰਲੀ ਬੁੱਧ ਹੈ?’
ਬੁੱਧ ‘ਪਵਿੱਤਰ ਤੇ ਮਿਲਣਸਾਰ’ ਹੈ
9. ਪਵਿੱਤਰ ਹੋਣ ਦਾ ਕੀ ਮਤਲਬ ਹੈ ਅਤੇ ਇਹ ਗੱਲ ਠੀਕ ਕਿਉਂ ਹੈ ਕਿ ਬੁੱਧ ਦੇ ਗੁਣਾਂ ਦੀ ਲਿਸਟ ਵਿਚ ਪਵਿੱਤਰਤਾ ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ?
9 ਬੁੱਧ “ਪਹਿਲਾਂ ਪਵਿੱਤਰ” ਹੈ। ਪਵਿੱਤਰ ਹੋਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸ਼ੁੱਧ ਅਤੇ ਬੇਦਾਗ਼ ਹੋਣ ਦਾ ਸਿਰਫ਼ ਦਿਖਾਵਾ ਕਰੀਏ। ਸਾਨੂੰ ਦਿਲੋਂ ਖਰੇ ਹੋਣਾ ਚਾਹੀਦਾ ਹੈ। ਬਾਈਬਲ ਵਿਚ ਬੁੱਧ ਦਾ ਸੰਬੰਧ ਦਿਲ ਤੇ ਦਿਮਾਗ਼ ਨਾਲ ਜੋੜਿਆ ਗਿਆ ਹੈ। ਪਰ ਪਰਮੇਸ਼ੁਰ ਦੀ ਬੁੱਧ ਅਜਿਹੇ ਦਿਲ ਵਿਚ ਨਹੀਂ ਆ ਸਕਦੀ ਜੋ ਬੁਰੇ ਖ਼ਿਆਲਾਂ ਅਤੇ ਬੁਰੀਆਂ ਇੱਛਾਵਾਂ ਨਾਲ ਭਰਿਆ ਹੋਇਆ ਹੈ। (ਕਹਾਉਤਾਂ 2:10; ਮੱਤੀ 15:19, 20) ਜੇ ਅਸੀਂ ਆਪਣੇ ਦਿਲ ਨੂੰ ਉਸ ਹੱਦ ਤਕ ਸਾਫ਼ ਰੱਖਾਂਗੇ ਜਿਸ ਹੱਦ ਤਕ ਇਕ ਅਪੂਰਣ ਇਨਸਾਨ ਰੱਖ ਸਕਦਾ ਹੈ, ਤਾਂ ਅਸੀਂ ‘ਬੁਰਿਆਈ ਤੋਂ ਹਟਾਂਗੇ ਅਤੇ ਭਲਿਆਈ ਕਰਾਂਗੇ।’ (ਜ਼ਬੂਰਾਂ ਦੀ ਪੋਥੀ 37:27; ਕਹਾਉਤਾਂ 3:7) ਇਹ ਗੱਲ ਠੀਕ ਕਿਉਂ ਹੈ ਕਿ ਬੁੱਧ ਦੇ ਗੁਣਾਂ ਦੀ ਲਿਸਟ ਵਿਚ ਪਵਿੱਤਰਤਾ ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ? ਕਿਉਂਕਿ ਜੇ ਅਸੀਂ ਨੈਤਿਕ ਅਤੇ ਰੂਹਾਨੀ ਤੌਰ ਤੇ ਸਾਫ਼ ਨਹੀਂ ਹਾਂ, ਤਾਂ ਅਸੀਂ ਉੱਪਰਲੀ ਬੁੱਧ ਦੇ ਬਾਕੀ ਗੁਣਾਂ ਦਾ ਸਬੂਤ ਨਹੀਂ ਦੇ ਸਕਦੇ।
10, 11. (ੳ) ਸ਼ਾਂਤੀ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ? (ਅ) ਜੇ ਤੁਹਾਨੂੰ ਲੱਗੇ ਕਿ ਕੋਈ ਭੈਣ-ਭਰਾ ਤੁਹਾਡੇ ਨਾਲ ਨਾਰਾਜ਼ ਹੈ, ਤਾਂ ਸੁਲ੍ਹਾ ਕਰਨ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? (ਫੁਟਨੋਟ ਦੇਖੋ।)
10 ਬੁੱਧ “ਫੇਰ ਮਿਲਣਸਾਰ” ਹੈ। ਉੱਪਰਲੀ ਬੁੱਧ ਸਾਨੂੰ ਸ਼ਾਂਤੀ-ਪਸੰਦ ਇਨਸਾਨ ਬਣਾਉਂਦੀ ਹੈ, ਜੋ ਕਿ ਆਤਮਾ ਦਾ ਇਕ ਫਲ ਹੈ। (ਗਲਾਤੀਆਂ 5:22) ਅਸੀਂ “ਮਿਲਾਪ ਦੇ ਬੰਧ” ਨੂੰ ਤੋੜਨਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਯਹੋਵਾਹ ਦੇ ਲੋਕਾਂ ਦੀ ਏਕਤਾ ਬਣੀ ਰਹਿੰਦੀ ਹੈ। (ਅਫ਼ਸੀਆਂ 4:3) ਅਸੀਂ ਆਪਣੀ ਪੂਰੀ ਵਾਹ ਲਾਉਂਦੇ ਹਾਂ ਕਿ ਸਾਡੀ ਆਪਸ ਵਿਚ ਬਣੀ ਰਹੇ। ਇਹ ਇੰਨਾ ਜ਼ਰੂਰੀ ਕਿਉਂ ਹੈ? ਬਾਈਬਲ ਦੱਸਦੀ ਹੈ: “ਮਿਲੇ ਰਹੋ ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ।” (2 ਕੁਰਿੰਥੀਆਂ 13:11) ਸੋ ਜੇ ਅਸੀਂ ਇਕ-ਦੂਜੇ ਨਾਲ ਬਣਾ ਕੇ ਰੱਖਾਂਗੇ, ਤਾਂ ਹੀ ਸ਼ਾਂਤੀ ਦਾ ਪਰਮੇਸ਼ੁਰ ਸਾਡੇ ਨਾਲ ਰਹੇਗਾ। ਯਹੋਵਾਹ ਨਾਲ ਸਾਡਾ ਰਿਸ਼ਤਾ ਸਿਰਫ਼ ਤਾਂ ਹੀ ਬਣਿਆ ਰਹੇਗਾ ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਠੀਕ ਤਰ੍ਹਾਂ ਪੇਸ਼ ਆਵਾਂਗੇ। ਅਸੀਂ ਸ਼ਾਂਤੀ-ਪਸੰਦ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਹਾਂ? ਕੁਝ ਉਦਾਹਰਣਾਂ ਉੱਤੇ ਗੌਰ ਕਰੋ।
11 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਲੱਗੇ ਕਿ ਕਲੀਸਿਯਾ ਵਿਚ ਤੁਹਾਡੇ ਨਾਲ ਕੋਈ ਨਾਰਾਜ਼ ਹੈ? ਯਿਸੂ ਨੇ ਕਿਹਾ: “ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।” (ਮੱਤੀ 5:23, 24) ਤੁਸੀਂ ਨਾਰਾਜ਼ ਹੋਏ ਭੈਣ-ਭਰਾ ਕੋਲ ਜਾਣ ਵਿਚ ਪਹਿਲ ਕਰ ਕੇ ਇਹ ਸਲਾਹ ਲਾਗੂ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਦਾ ਟੀਚਾ ਕੀ ਹੋਣਾ ਚਾਹੀਦਾ ਹੈ? ਉਸ ਨਾਲ “ਮੇਲ” ਜਾਂ ਸੁਲ੍ਹਾ ਕਰਨੀ।b ਆਪਣੇ ਟੀਚੇ ਵਿਚ ਕਾਮਯਾਬ ਹੋਣ ਵਾਸਤੇ ਤੁਹਾਨੂੰ ਸ਼ਾਇਦ ਮੰਨਣਾ ਪਵੇ ਕਿ ਤੁਹਾਡੇ ਕਰਕੇ ਦੂਸਰੇ ਦਾ ਦਿਲ ਦੁਖਿਆ ਹੈ। ਜੇਕਰ ਤੁਸੀਂ ਸੱਚ-ਮੁੱਚ ਸੁਲ੍ਹਾ ਕਰਨ ਦੇ ਖ਼ਿਆਲ ਨਾਲ ਜਾਂਦੇ ਹੋ, ਤਾਂ ਹੋ ਸਕਦਾ ਹੈ ਕੇ ਮਾਫ਼ੀ ਮੰਗਣ ਅਤੇ ਦੇਣ ਨਾਲ ਹਰ ਗ਼ਲਤਫ਼ਹਿਮੀ ਜਾਂ ਭੁਲੇਖਾ ਦੂਰ ਹੋ ਜਾਵੇਗਾ। ਜਦ ਤੁਸੀਂ ਸੁਲ੍ਹਾ ਕਰਨ ਵਿਚ ਪਹਿਲ ਕਰਦੇ ਹੋ, ਤਾਂ ਤੁਸੀਂ ਸਬੂਤ ਦਿੰਦੇ ਹੋ ਕਿ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ।
ਬੁੱਧ “ਸ਼ੀਲ ਸੁਭਾਉ, ਹਠ ਤੋਂ ਰਹਿਤ” ਹੈ
12, 13. (ੳ) ਯਾਕੂਬ 3:17 ਵਿਚ “ਸ਼ੀਲ ਸੁਭਾਉ” ਦਾ ਕੀ ਮਤਲਬ ਹੈ? (ਅ) ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਸਬੂਤ ਦੇ ਸਕਦੇ ਹਾਂ ਕਿ ਅਸੀਂ ਸ਼ੀਲ ਸੁਭਾਅ ਵਾਲੇ ਇਨਸਾਨ ਹਾਂ?
12 ਬੁੱਧ “ਸ਼ੀਲ ਸੁਭਾਉ” ਹੈ। ਸ਼ੀਲ ਸੁਭਾਅ ਵਾਲੇ ਇਨਸਾਨ ਬਣਨ ਦਾ ਕੀ ਮਤਲਬ ਹੈ? ਬਾਈਬਲ ਦੇ ਵਿਦਵਾਨਾਂ ਅਨੁਸਾਰ ਯਾਕੂਬ 3:17 ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸ਼ੀਲ ਸੁਭਾਉ” ਕੀਤਾ ਗਿਆ ਹੈ, ਉਸ ਦਾ ਅਨੁਵਾਦ ਕਰਨਾ ਬਹੁਤ ਮੁਸ਼ਕਲ ਹੈ। ਕਈਆਂ ਅਨੁਵਾਦਕਾਂ ਨੇ ਕਿਹਾ ਹੈ ਕਿ ਅਜਿਹਾ ਇਨਸਾਨ ‘ਸਾਊ,’ ‘ਧੀਰਜਵਾਨ’ ਅਤੇ ‘ਦੂਸਰਿਆਂ ਦਾ ਧਿਆਨ ਰੱਖਣ ਵਾਲਾ’ ਹੁੰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਇਸ ਸ਼ਬਦ ਦਾ ਮਤਲਬ ‘ਦੂਸਰਿਆਂ ਦੀ ਗੱਲ ਸੁਣਨ ਲਈ ਤਿਆਰ ਹੋਣਾ’ ਹੈ। ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਸਬੂਤ ਦੇ ਸਕਦੇ ਹਾਂ ਕਿ ਇਸ ਗੱਲ ਵਿਚ ਸਾਡੇ ਵਿਚ ਉੱਪਰਲੀ ਬੁੱਧ ਹੈ?
13 ਫ਼ਿਲਿੱਪੀਆਂ 4:5 ਵਿਚ ਲਿਖਿਆ ਹੈ: “ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ।” ਇਕ ਹੋਰ ਤਰਜਮਾ ਕਹਿੰਦਾ ਹੈ: “ਸਭ ਮਨੁੱਖ ਤੁਹਾਨੂੰ ਨਿਮਰ ਇਨਸਾਨ ਵਜੋਂ ਜਾਣਨ।” ਨੋਟ ਕਰੋ ਕਿ ਵੱਡੀ ਗੱਲ ਇਹ ਨਹੀਂ ਕਿ ਅਸੀਂ ਆਪਣੇ ਬਾਰੇ ਕੀ ਸੋਚਦੇ ਹਾਂ, ਪਰ ਇਹ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ। ਅਸੀਂ ਕਿਹੋ ਜਿਹੇ ਇਨਸਾਨ ਵਜੋਂ ਜਾਣੇ ਜਾਂਦੇ ਹਾਂ? ਸ਼ੀਲ ਸੁਭਾਅ ਜਾਂ ਦੂਸਰਿਆਂ ਦਾ ਧਿਆਨ ਰੱਖਣ ਵਾਲਾ ਇਨਸਾਨ ਲਕੀਰ ਦਾ ਫ਼ਕੀਰ ਨਹੀਂ ਬਣਦਾ। ਉਹ ਹਮੇਸ਼ਾ ਆਪਣੀ ਹੀ ਮਰਜ਼ੀ ਕਰਨ ਤੇ ਅੜਿਆ ਨਹੀਂ ਰਹਿੰਦਾ। ਇਸ ਦੀ ਬਜਾਇ ਉਹ ਦੂਸਰਿਆਂ ਦੀ ਗੱਲ ਸੁਣਨ ਲਈ ਤਿਆਰ ਰਹਿੰਦਾ ਹੈ ਅਤੇ ਜਦ ਹੋ ਸਕੇ ਉਨ੍ਹਾਂ ਦੀ ਮਰਜ਼ੀ ਨੂੰ ਪਹਿਲ ਦਿੰਦਾ ਹੈ। ਉਹ ਦੂਸਰਿਆਂ ਨਾਲ ਰੁੱਖੇਪਣ ਤੇ ਸਖ਼ਤੀ ਨਾਲ ਪੇਸ਼ ਆਉਣ ਦੀ ਬਜਾਇ ਕੋਮਲਤਾ ਨਾਲ ਪੇਸ਼ ਆਉਂਦਾ ਹੈ। ਭਾਵੇਂ ਕਿ ਇਹ ਗੱਲਾਂ ਸਾਰੇ ਮਸੀਹੀਆਂ ਲਈ ਲਾਜ਼ਮੀ ਹਨ, ਪਰ ਜੋ ਕਲੀਸਿਯਾ ਵਿਚ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ, ਉਨ੍ਹਾਂ ਲਈ ਇਸ ਤਰ੍ਹਾਂ ਦੇ ਬਣਨਾ ਖ਼ਾਸ ਕਰਕੇ ਜ਼ਰੂਰੀ ਹੈ। ਜੋ ਬਜ਼ੁਰਗ ਦੂਸਰਿਆਂ ਦੀ ਪਰਵਾਹ ਕਰਦੇ ਹਨ, ਉਨ੍ਹਾਂ ਨਾਲ ਭੈਣ-ਭਰਾ ਆਸਾਨੀ ਨਾਲ ਗੱਲ ਕਰ ਸਕਦੇ ਹਨ। (1 ਥੱਸਲੁਨੀਕੀਆਂ 2:7, 8) ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਕੋਮਲ, ਧੀਰਜਵਾਨ ਅਤੇ ਪਰਵਾਹ ਕਰਨ ਵਾਲੇ ਇਨਸਾਨ ਵਜੋਂ ਜਾਣਿਆ ਜਾਂਦਾ ਹਾਂ?’
14. ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ “ਹਠ ਤੋਂ ਰਹਿਤ” ਹਾਂ?
14 ਬੁੱਧ “ਹਠ ਤੋਂ ਰਹਿਤ” ਹੈ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਹਠ ਤੋਂ ਰਹਿਤ” ਕੀਤਾ ਗਿਆ ਹੈ, ਉਹ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਹੋਰ ਕਿਤੇ ਨਹੀਂ ਪਾਇਆ ਜਾਂਦਾ। ਬਾਈਬਲ ਦੇ ਇਕ ਵਿਦਵਾਨ ਮੁਤਾਬਕ ਇਹ ਸ਼ਬਦ ‘ਅਕਸਰ ਫ਼ੌਜੀ ਡਿਸਿਪਲਨ ਲਈ ਵਰਤਿਆ ਜਾਂਦਾ ਹੈ।’ ਇਸ ਦਾ ਮਤਲਬ ਹੈ “ਝੱਟ ਗੱਲ ਮੰਨ ਲੈਣੀ” ਅਤੇ “ਅਧੀਨ ਰਹਿਣਾ।” ਜੋ ਇਨਸਾਨ ਉੱਪਰਲੀ ਬੁੱਧ ਵਰਤਦਾ ਹੈ, ਉਹ ਬਾਈਬਲ ਵਿਚ ਲਿਖੀ ਗਈ ਗੱਲ ਸਵੀਕਾਰ ਕਰਨ ਲਈ ਝੱਟ ਤਿਆਰ ਹੋ ਜਾਂਦਾ ਹੈ। ਉਹ ਅਜਿਹੇ ਹੱਠੀ ਇਨਸਾਨ ਵਰਗਾ ਨਹੀਂ ਹੈ ਜੋ ਇਕ ਵਾਰ ਆਪਣਾ ਮਨ ਬਣਾ ਲੈਂਦਾ ਹੈ, ਤਾਂ ਫਿਰ ਗ਼ਲਤ ਸਾਬਤ ਕੀਤੇ ਜਾਣ ਦੇ ਬਾਵਜੂਦ ਵੀ ਆਪਣਾ ਮਨ ਨਹੀਂ ਬਦਲਦਾ। ਇਸ ਦੀ ਬਜਾਇ ਜਦ ਉਸ ਨੂੰ ਬਾਈਬਲ ਵਿੱਚੋਂ ਸਾਫ਼-ਸਾਫ਼ ਦਿਖਾਇਆ ਜਾਂਦਾ ਹੈ ਕਿ ਉਸ ਨੇ ਗ਼ਲਤ ਫ਼ੈਸਲਾ ਕੀਤਾ ਹੈ ਜਾਂ ਉਸ ਨੇ ਗੱਲ ਠੀਕ ਨਹੀਂ ਸਮਝੀ, ਤਾਂ ਉਹ ਜਲਦੀ ਦੇਣੀ ਬਦਲਣ ਲਈ ਤਿਆਰ ਹੁੰਦਾ ਹੈ। ਕੀ ਤੁਸੀਂ ਇਹੋ ਜਿਹੇ ਇਨਸਾਨ ਵਜੋਂ ਜਾਣੇ ਜਾਂਦੇ ਹੋ?
ਬੁੱਧ “ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ” ਹੈ
15. ਦਇਆ ਕੀ ਹੈ ਅਤੇ ਇਹ ਠੀਕ ਕਿਉਂ ਹੈ ਕਿ ਯਾਕੂਬ 3:17 ਵਿਚ “ਦਯਾ” ਅਤੇ “ਚੰਗਿਆਂ ਫਲਾਂ” ਦੀ ਇੱਕੋ ਸਮੇਂ ਗੱਲ ਕੀਤੀ ਗਈ ਹੈ?
15 ਬੁੱਧ “ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ” ਹੈ।c ਦਇਆ ਉੱਪਰਲੀ ਬੁੱਧ ਦਾ ਇਕ ਜ਼ਰੂਰੀ ਹਿੱਸਾ ਹੈ ਕਿਉਂਕਿ ਅਜਿਹੀ ਬੁੱਧ ‘ਦਯਾ ਨਾਲ ਭਰਪੂਰ’ ਹੈ। ਨੋਟ ਕਰੋ ਕਿ “ਦਯਾ” ਅਤੇ “ਚੰਗਿਆਂ ਫਲਾਂ” ਦੀ ਇੱਕੋ ਸਮੇਂ ਗੱਲ ਕੀਤੀ ਗਈ ਹੈ। ਇਹ ਠੀਕ ਹੈ ਕਿਉਂਕਿ ਬਾਈਬਲ ਵਿਚ ਦਇਆ ਕਰਨ ਦਾ ਮਤਲਬ ਅਕਸਰ ਕਿਸੇ ਤੇ ਤਰਸ ਖਾ ਕੇ ਉਸ ਦਾ ਭਲਾ ਕਰਨਾ ਹੁੰਦਾ ਹੈ। ਇਕ ਪੁਸਤਕ ਦਇਆ ਦਾ ਮਤਲਬ ਇਸ ਤਰ੍ਹਾਂ ਸਮਝਾਉਂਦੀ ਹੈ: “ਕਿਸੇ ਦੀ ਮਾੜੀ ਹਾਲਤ ਤੇ ਦੁਖੀ ਹੋਣਾ ਅਤੇ ਉਸ ਦੀ ਮਦਦ ਕਰਨ ਲਈ ਕੁਝ ਕਰਨਾ।” ਇਸ ਲਈ ਪਰਮੇਸ਼ੁਰ ਦੀ ਬੁੱਧ ਇਨਸਾਨ ਨੂੰ ਬੇਦਰਦ ਤੇ ਰੁੱਖਾ ਨਹੀਂ ਬਣਾਉਂਦੀ। ਇਸ ਦੀ ਬਜਾਇ ਜਿਸ ਇਨਸਾਨ ਵਿਚ ਇਹ ਗੁਣ ਹੈ, ਉਹ ਹਮਦਰਦ ਬਣਦਾ ਹੈ ਅਤੇ ਦੂਸਰਿਆਂ ਦੀ ਪਰਵਾਹ ਕਰਨੀ ਸਿੱਖਦਾ ਹੈ। ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਨਾਲ ਭਰਪੂਰ ਹਾਂ?
16, 17. (ੳ) ਪਰਮੇਸ਼ੁਰ ਨਾਲ ਪਿਆਰ ਕਰਨ ਤੋਂ ਇਲਾਵਾ ਹੋਰ ਕਿਸ ਕਾਰਨ ਕਰਕੇ ਅਸੀਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ ਅਤੇ ਕਿਉਂ? (ਅ) ਅਸੀਂ ਇਸ ਗੱਲ ਦਾ ਸਬੂਤ ਕਿਸ ਤਰ੍ਹਾਂ ਦੇ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦਇਆ ਨਾਲ ਭਰਪੂਰ ਹੈ?
16 ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਨਾਲ ਭਰਪੂਰ ਹਾਂ। ਅਸੀਂ ਇਹ ਕੰਮ ਕਿਉਂ ਕਰਦੇ ਹਾਂ? ਪਹਿਲਾ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ। ਪਰ ਅਸੀਂ ਦੂਸਰਿਆਂ ਤੇ ਦਇਆ ਕਰ ਕੇ ਜਾਂ ਉਨ੍ਹਾਂ ਤੇ ਤਰਸ ਖਾਣ ਕਰਕੇ ਵੀ ਇਹ ਕੰਮ ਕਰਦੇ ਹਾਂ। (ਮੱਤੀ 22:37-39) ਕਈ ਲੋਕ ਅੱਜ ‘ਬਿਨਾਂ ਚਰਵਾਹੇ ਦੇ ਭੇਡਾਂ ਦੀ ਤਰ੍ਹਾਂ ਹਨ। ਉਹ ਦੁੱਖੀ ਅਤੇ ਬੇਸਹਾਰਾ ਹਨ।’ (ਮੱਤੀ 9:36, ਨਵਾਂ ਅਨੁਵਾਦ) ਝੂਠੇ ਧਾਰਮਿਕ ਚਰਵਾਹਿਆਂ ਨੇ ਉਨ੍ਹਾਂ ਨੂੰ ਭੁਲਾ ਦਿੱਤਾ ਹੈ ਅਤੇ ਰੂਹਾਨੀ ਤੌਰ ਤੇ ਅੰਨ੍ਹੇ ਕਰ ਦਿੱਤਾ ਹੈ। ਇਸ ਕਰਕੇ ਉਹ ਪਰਮੇਸ਼ੁਰ ਦੇ ਬਚਨ ਦੀ ਚੰਗੀ ਸਿੱਖਿਆ ਨੂੰ ਨਹੀਂ ਜਾਣਦੇ ਅਤੇ ਇਹ ਵੀ ਨਹੀਂ ਜਾਣਦੇ ਕਿ ਪਰਮੇਸ਼ੁਰ ਦੇ ਰਾਜ ਨੇ ਹੁਣ ਬੜੀ ਜਲਦੀ ਇਸ ਧਰਤੀ ਤੇ ਕਿਹੋ ਜਿਹੀਆਂ ਬਰਕਤਾਂ ਲਿਆਉਣੀਆਂ ਹਨ। ਜਦ ਅਸੀਂ ਆਪਣੇ ਆਂਢ-ਗੁਆਂਢ ਦੇ ਲੋਕਾਂ ਦੀ ਰੂਹਾਨੀ ਹਾਲਤ ਬਾਰੇ ਸੋਚਦੇ ਹਾਂ, ਤਾਂ ਸਾਨੂੰ ਉਨ੍ਹਾਂ ਤੇ ਤਰਸ ਆਉਂਦਾ ਹੈ ਅਤੇ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਪਿਆਰ-ਭਰੇ ਮਕਸਦ ਬਾਰੇ ਸਭ ਕੁਝ ਦੱਸਣਾ ਚਾਹੁੰਦੇ ਹਾਂ।
17 ਅਸੀਂ ਹੋਰ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਨਾਲ ਭਰਪੂਰ ਹਾਂ? ਯਿਸੂ ਦੁਆਰਾ ਦਿੱਤੇ ਗਏ ਨੇਕ ਸਾਮਰੀ ਦੇ ਦ੍ਰਿਸ਼ਟਾਂਤ ਬਾਰੇ ਜ਼ਰਾ ਸੋਚੋ। ਉਸ ਸਾਮਰੀ ਨੂੰ ਰਾਹ ਵਿਚ ਇਕ ਮੁਸਾਫ਼ਰ ਲੱਭਾ ਜਿਸ ਨੂੰ ਚੋਰਾਂ ਨੇ ਲੁੱਟਿਆ ਤੇ ਮਾਰਿਆ-ਕੁੱਟਿਆ ਸੀ। ਸਾਮਰੀ ਬੰਦੇ ਨੇ ਉਸ ਮੁਸਾਫ਼ਰ ਉੱਤੇ ‘ਦਯਾ ਕਰ ਕੇ’ ਉਸ ਦੇ ਜ਼ਖ਼ਮਾਂ ਤੇ ਮਲ੍ਹਮ-ਪੱਟੀ ਕੀਤੀ ਅਤੇ ਉਸ ਦੀ ਦੇਖ-ਭਾਲ ਕੀਤੀ। (ਲੂਕਾ 10:29-37) ਇਸ ਦ੍ਰਿਸ਼ਟਾਂਤ ਤੋਂ ਪਤਾ ਚੱਲਦਾ ਕਿ ਦਇਆ ਕਰਨ ਦਾ ਮਤਲਬ ਹੈ ਲੋੜਵੰਦ ਲੋਕਾਂ ਦੀ ਮਦਦ ਕਰਨੀ। ਬਾਈਬਲ ਸਾਨੂੰ ਕਹਿੰਦੀ ਹੈ ਕਿ ‘ਸਭਨਾਂ ਨਾਲ ਭਲਾ ਕਰੋ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।’ (ਗਲਾਤੀਆਂ 6:10) ਆਓ ਆਪਾਂ ਦੇਖੀਏ ਕਿ ਇਸ ਵਿਚ ਅਸੀਂ ਕੀ ਕਰ ਸਕਦੇ ਹਾਂ। ਕਲੀਸਿਯਾ ਵਿਚ ਕਿਸੇ ਸਿਆਣੇ ਭੈਣ-ਭਰਾ ਨੂੰ ਮੀਟਿੰਗ ਵਿਚ ਆਉਣ-ਜਾਣ ਲਈ ਮਦਦ ਦੀ ਜ਼ਰੂਰਤ ਹੋ ਸਕਦੀ ਹੈ। ਕਿਸੇ ਵਿਧਵਾ ਭੈਣ ਦੇ ਘਰ ਵਿਚ ਕਿਸੇ ਚੀਜ਼ ਦੀ ਮੁਰੰਮਤ ਕਰਨ ਦੀ ਲੋੜ ਹੋ ਸਕਦੀ ਹੈ। (ਯਾਕੂਬ 1:27) ਕਿਸੇ ਉਦਾਸ ਬੈਠੇ ਤੇ ਹੌਸਲਾ ਹਾਰ ਚੁੱਕੇ ਭੈਣ-ਭਰਾ ਨੂੰ “ਚੰਗਾ ਬਚਨ” ਸੁਣਨ ਨਾਲ ਦਿਲਾਸੇ ਦੀ ਲੋੜ ਹੋ ਸਕਦੀ ਹੈ। (ਕਹਾਉਤਾਂ 12:25) ਜਦ ਅਸੀਂ ਇਸ ਤਰ੍ਹਾਂ ਦਇਆ ਕਰਦੇ ਹਾਂ, ਤਾਂ ਅਸੀਂ ਸਬੂਤ ਦਿੰਦੇ ਹਾਂ ਕਿ ਸਾਡੇ ਵਿਚ ਉੱਪਰਲੀ ਬੁੱਧ ਹੈ।
ਬੁੱਧ “ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ” ਹੈ
18. ਜੇ ਅਸੀਂ ਇਸ ਉੱਪਰਲੀ ਬੁੱਧ ਦੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਆਪਣੇ ਦਿਲਾਂ ਵਿੱਚੋਂ ਕੀ ਕੱਢਣ ਦੀ ਕੋਸ਼ਿਸ਼ ਕਰਾਂਗੇ ਅਤੇ ਕਿਉਂ?
18 ਬੁੱਧ “ਦੁਆਇਤ ਭਾਵ ਤੋਂ ਰਹਿਤ” ਹੈ। ਪਰਮੇਸ਼ੁਰ ਦੀ ਬੁੱਧ ਵਰਤਣ ਵਾਲਾ ਇਨਸਾਨ ਜਾਤ-ਪਾਤ ਅਤੇ ਕੌਮੀ ਮਾਣ ਤੋਂ ਦੂਰ ਰਹਿੰਦਾ ਹੈ। ਜੇ ਅਸੀਂ ਇਸ ਬੁੱਧ ਦੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਆਪਣੇ ਦਿਲਾਂ ਵਿੱਚੋਂ ਹਰ ਕਿਸਮ ਦਾ ਪੱਖਪਾਤ ਕੱਢਣ ਦੀ ਕੋਸ਼ਿਸ਼ ਕਰਾਂਗੇ। (ਯਾਕੂਬ 2:9) ਕਿਸੇ ਦੇ ਜ਼ਿਆਦਾ ਪੜ੍ਹੇ-ਲਿਖੇ ਹੋਣ ਕਰਕੇ, ਉਸ ਦੀ ਅਮੀਰੀ ਜਾਂ ਕਲੀਸਿਯਾ ਵਿਚ ਜ਼ਿਆਦਾ ਜ਼ਿੰਮੇਵਾਰੀ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਦੂਸਰਿਆਂ ਤੋਂ ਜ਼ਿਆਦਾ ਪਸੰਦ ਨਹੀਂ ਕਰਾਂਗੇ। ਨਾ ਹੀ ਅਸੀਂ ਆਪਣੇ ਕਿਸੇ ਭੈਣ-ਭਾਈ ਨਾਲ ਨਫ਼ਰਤ ਕਰਾਂਗੇ, ਭਾਵੇਂ ਉਹ ਦੁਨੀਆਂ ਦੀਆਂ ਨਜ਼ਰਾਂ ਵਿਚ ਕਿੰਨੀ ਹੀ ਨੀਵੀਂ ਜਾਤ ਜਾਂ ਪਦਵੀ ਦਾ ਕਿਉਂ ਨਾ ਹੋਵੇ। ਜੇ ਯਹੋਵਾਹ ਨੇ ਇਸ ਭੈਣ-ਭਾਈ ਨੂੰ ਆਪਣੇ ਪਿਆਰ ਦੇ ਲਾਇਕ ਸਮਝਿਆ ਹੈ, ਤਾਂ ਸਾਨੂੰ ਵੀ ਉਸ ਨੂੰ ਆਪਣੇ ਪਿਆਰ ਦੇ ਲਾਇਕ ਸਮਝਣਾ ਚਾਹੀਦਾ ਹੈ।
19, 20. (ੳ) ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਕਪਟੀ ਜਾਂ ਪਖੰਡੀ” ਕੀਤਾ ਗਿਆ ਹੈ, ਉਸ ਦਾ ਕੀ ਮਤਲਬ ਹੋ ਸਕਦਾ ਹੈ? (ਅ) ਅਸੀਂ ਭੈਣ-ਭਰਾਵਾਂ ਨਾਲ “ਨਿਸ਼ਕਪਟ ਪ੍ਰੇਮ” ਕਿਸ ਤਰ੍ਹਾਂ ਕਰ ਸਕਦੇ ਹਾਂ ਅਤੇ ਇਹ ਜ਼ਰੂਰੀ ਕਿਉਂ ਹੈ?
19 ਬੁੱਧ “ਨਿਸ਼ਕਪਟ” ਹੈ। ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਕਪਟੀ ਜਾਂ ਪਖੰਡੀ” ਕੀਤਾ ਗਿਆ ਹੈ ਉਹ “ਰੋਲ ਅਦਾ ਕਰ ਰਹੇ ਐਕਟਰ” ਲਈ ਵੀ ਵਰਤਿਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਯੂਨਾਨੀ ਤੇ ਰੋਮੀ ਐਕਟਰ ਰੋਲ ਅਦਾ ਕਰਦੇ ਹੋਏ ਆਪਣੇ ਮੂੰਹਾਂ ਤੇ ਨਕਾਬ ਜਾਂ ਬਣਾਵਟੀ ਚਿਹਰੇ ਪਹਿਨਿਆ ਕਰਦੇ ਸਨ। ਇਸ ਲਈ ਜੋ ਯੂਨਾਨੀ ਸ਼ਬਦ “ਕਪਟੀ ਜਾਂ ਪਖੰਡੀ” ਲਈ ਵਰਤਿਆ ਗਿਆ ਸੀ, ਉਹ ਸ਼ਬਦ ਦਿਖਾਵਾ ਕਰਨ ਲਈ ਵੀ ਵਰਤਿਆ ਜਾਣ ਲੱਗ ਪਿਆ ਸੀ। ਪਰਮੇਸ਼ੁਰ ਦੀ ਬੁੱਧ ਦੇ ਇਸ ਪਹਿਲੂ ਨੂੰ ਸਿਰਫ਼ ਇਸ ਗੱਲ ਤੇ ਹੀ ਨਹੀਂ ਅਸਰ ਪਾਉਣਾ ਚਾਹੀਦਾ ਕਿ ਅਸੀਂ ਆਪਣੇ ਸੰਗੀ ਮਸੀਹੀਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ, ਪਰ ਇਸ ਗੱਲ ਤੇ ਵੀ ਕਿ ਅਸੀਂ ਆਪਣੇ ਦਿਲ ਵਿਚ ਉਨ੍ਹਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ।
20 ਪਤਰਸ ਰਸੂਲ ਨੇ ਕਿਹਾ ਸੀ ਕਿ ਜੇ ਅਸੀਂ “ਸਤ ਦੇ ਅਧੀਨ” ਹੋਏ ਹਾਂ, ਤਾਂ ਅਸੀਂ ਇਕ-ਦੂਜੇ ਨਾਲ ‘ਭਰੱਪਣ ਦਾ ਨਿਸ਼ਕਪਟ ਪ੍ਰੇਮ’ ਕਰਾਂਗੇ। (1 ਪਤਰਸ 1:22) ਜੀ ਹਾਂ, ਆਪਣੇ ਭੈਣ-ਭਰਾਵਾਂ ਲਈ ਸਾਡਾ ਪਿਆਰ ਇਕ ਦਿਖਾਵਾ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਮੂੰਹਾਂ ਤੇ ਪਿਆਰ ਦਾ ਨਕਾਬ ਪਹਿਨ ਕੇ ਦੂਸਰਿਆਂ ਨੂੰ ਧੋਖਾ ਨਹੀਂ ਦੇਵਾਂਗੇ। ਇਸ ਦੀ ਬਜਾਇ ਸਾਨੂੰ ਦਿਲੋਂ ਸੱਚਾ ਪਿਆਰ ਕਰਨਾ ਚਾਹੀਦਾ ਹੈ। ਜੇ ਸਾਡਾ ਪਿਆਰ ਸੱਚਾ ਹੈ, ਤਾਂ ਸਾਡੇ ਭੈਣ-ਭਰਾ ਸਾਡੇ ਉੱਤੇ ਵਿਸ਼ਵਾਸ ਕਰ ਸਕਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਜਿਸ ਤਰ੍ਹਾਂ ਅਸੀਂ ਬਾਹਰੋਂ ਨਜ਼ਰ ਆਉਂਦੇ ਹਾਂ, ਅਸੀਂ ਦਿਲੋਂ ਵੀ ਇਸੇ ਤਰ੍ਹਾਂ ਦੇ ਹਾਂ। ਅਜਿਹੀ ਨਿਸ਼ਕਪਟਤਾ ਮਸੀਹੀਆਂ ਵਿਚ ਪਿਆਰ ਵਧਾਉਂਦੀ ਹੈ ਅਤੇ ਕਲੀਸਿਯਾ ਵਿਚ ਭਰੋਸੇਯੋਗ ਮਾਹੌਲ ਪੈਦਾ ਕਰਦੀ ਹੈ।
‘ਬੁੱਧੀ ਨੂੰ ਸਾਂਭ ਕੇ ਰੱਖ’
21, 22. (ੳ) ਸੁਲੇਮਾਨ ਬੁੱਧ ਨੂੰ ਸਾਂਭ ਕੇ ਰੱਖਣ ਵਿਚ ਅਸਫ਼ਲ ਕਿਉਂ ਹੋਇਆ ਸੀ? (ਅ) ਅਸੀਂ ਬੁੱਧ ਨੂੰ ਸਾਂਭ ਕੇ ਕਿਸ ਤਰ੍ਹਾਂ ਰੱਖ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਦੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
21 ਉੱਪਰਲੀ ਬੁੱਧ ਪਰਮੇਸ਼ੁਰ ਤੋਂ ਇਕ ਤੋਹਫ਼ਾ ਹੈ ਅਤੇ ਸਾਨੂੰ ਇਸ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਸੁਲੇਮਾਨ ਨੇ ਕਿਹਾ: ‘ਮੇਰੇ ਪੁੱਤਰ ਤੂੰ ਬੁੱਧੀ ਤੇ ਸੂਝ ਨੂੰ ਸਾਂਭ ਕੇ ਰੱਖ।’ (ਕਹਾਉਤਾਂ 3:21, ਨਵਾਂ ਅਨੁਵਾਦ) ਅਫ਼ਸੋਸ ਦੀ ਗੱਲ ਹੈ ਕਿ ਸੁਲੇਮਾਨ ਨੇ ਆਪ ਬੁੱਧ ਨੂੰ ਸਾਂਭ ਕੇ ਨਹੀਂ ਰੱਖਿਆ ਸੀ। ਜਦ ਤਕ ਉਹ ਆਗਿਆਕਾਰ ਰਿਹਾ, ਤਦ ਤਕ ਉਹ ਬੁੱਧੀਮਾਨ ਵੀ ਰਿਹਾ। ਪਰ ਉਸ ਦੇ ਬੁਢਾਪੇ ਵਿਚ ਉਸ ਦੀਆਂ ਬਹੁਤ ਸਾਰੀਆਂ ਵਿਦੇਸ਼ੀ ਪਤਨੀਆਂ ਨੇ ਉਸ ਦੇ ਮਨ ਨੂੰ ਯਹੋਵਾਹ ਦੀ ਸ਼ੁੱਧ ਉਪਾਸਨਾ ਤੋਂ ਦੂਰ ਕਰ ਦਿੱਤਾ। (1 ਰਾਜਿਆਂ 11:1-8) ਸੁਲੇਮਾਨ ਦੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਦਿਮਾਗ਼ ਨੂੰ ਗਿਆਨ ਨਾਲ ਭਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਜੇ ਅਸੀਂ ਉਸ ਨੂੰ ਸਹੀ ਕੰਮ ਕਰਨ ਲਈ ਨਾ ਵਰਤੀਏ।
22 ਅਸੀਂ ਬੁੱਧ ਨੂੰ ਸਾਂਭ ਕੇ ਕਿਸ ਤਰ੍ਹਾਂ ਰੱਖ ਸਕਦੇ ਹਾਂ? ਸਾਨੂੰ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਬਾਈਬਲ ਬਾਰੇ ਪ੍ਰਕਾਸ਼ਨ ਪੜ੍ਹਨੇ ਚਾਹੀਦੇ ਹਨ। (ਮੱਤੀ 24:45) ਪਰ ਇਸ ਤੋਂ ਵੱਧ ਸਾਨੂੰ ਸਿੱਖੀਆਂ ਗਈਆਂ ਗੱਲਾਂ ਤੇ ਅਮਲ ਕਰਨ ਦੀ ਲੋੜ ਹੈ। ਸਾਡੇ ਕੋਲ ਪਰਮੇਸ਼ੁਰ ਦੀ ਬੁੱਧ ਵਰਤਣ ਦੇ ਬਹੁਤ ਕਾਰਨ ਹਨ। ਇਸ ਨਾਲ ਅਸੀਂ ਹੁਣ ਸੁਖੀ ਜ਼ਿੰਦਗੀ ਜੀ ਸਕਦੇ ਹਾਂ ਅਤੇ ਅਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ “ਅਸਲ ਜੀਵਨ” ਦੀ ਉਮੀਦ ਵੀ ਰੱਖ ਸਕਦੇ ਹਾਂ। (1 ਤਿਮੋਥਿਉਸ 6:19) ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਪਰਲੀ ਬੁੱਧ ਪੈਦਾ ਕਰ ਕੇ ਅਸੀਂ ਯਹੋਵਾਹ ਪਰਮੇਸ਼ੁਰ ਵੱਲ ਖਿੱਚੇ ਜਾਂਦੇ ਹਾਂ ਕਿਉਂਕਿ ਉਹੀ ਬੁੱਧ ਦਿੰਦਾ ਹੈ।
a ਪਹਿਲਾ ਰਾਜਿਆਂ 3:16 ਦੇ ਮੁਤਾਬਕ ਇਹ ਦੋਵੇਂ ਤੀਵੀਆਂ ਵੇਸਵਾਵਾਂ ਸਨ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਐਨਸਾਈਕਲੋਪੀਡੀਆ ਇਨਸਾਈਟ ਔਨ ਦ ਸਕ੍ਰਿਪਚਰਸ ਵਿਚ ਕਿਹਾ ਗਿਆ ਹੈ: “ਇਹ ਔਰਤਾਂ ਸ਼ਾਇਦ ਬਜ਼ਾਰੂ ਵੇਸਵਾਵਾਂ ਨਹੀਂ ਸਨ, ਪਰ ਇਹ ਸ਼ਾਇਦ ਵਿਭਚਾਰਨਾਂ ਸਨ। ਇਹ ਨਹੀਂ ਪਤਾ ਕਿ ਇਹ ਤੀਵੀਆਂ ਯਹੂਦਣਾਂ ਸਨ ਜਾਂ ਵਿਦੇਸ਼ਣਾਂ।”
b ‘ਮੇਲ ਕਰੋ’ ਸ਼ਬਦਾਂ ਦਾ ਤਰਜਮਾ ਯੂਨਾਨੀ ਦੀ ਉਸ ਕ੍ਰਿਆ ਤੋਂ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ, ‘ਤਬਦੀਲੀ ਕਰ ਕੇ ਸੁਲ੍ਹਾ-ਸਫ਼ਾਈ ਕਰਨੀ।’ ਸੋ ਤੁਹਾਡਾ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਤੁਸੀਂ ਨਾਰਾਜ਼ ਹੋਏ ਭੈਣ-ਭਰਾ ਦੇ ਦਿਲ ਵਿਚ ਤਬਦੀਲੀ ਲਿਆਵੋ। ਜੇ ਹੋ ਸਕੇ, ਤਾਂ ਉਸ ਦੇ ਦਿਲ ਵਿੱਚੋਂ ਖਾਰ ਤੇ ਬਦਨੀਤੀ ਕਢਾ ਕੇ ਉਸ ਨੂੰ ਮਨਾ ਲਓ।—ਰੋਮੀਆਂ 12:18.
c ਇਕ ਹੋਰ ਤਰਜਮੇ ਵਿਚ ਇਨ੍ਹਾਂ ਸ਼ਬਦਾ ਦਾ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ: ਬੁੱਧ “ਦਇਆ ਨਾਲ ਭਰੀ ਹੋਈ, ਅਤੇ ਭਲਾਈ ਦੇ ਫ਼ਲਾਂ ਨਾਲ ਲੱਦੀ ਹੋਈ” ਹੈ।—ਪਵਿੱਤਰ ਬਾਈਬਲ ਨਵਾਂ ਅਨੁਵਾਦ।