ਅਧਿਆਇ 16
‘ਯਿਸੂ ਉਨ੍ਹਾਂ ਨਾਲ ਮਰਦੇ ਦਮ ਤਕ ਪਿਆਰ ਕਰਦਾ ਰਿਹਾ’
1, 2. ਯਿਸੂ ਆਪਣੇ ਰਸੂਲਾਂ ਨਾਲ ਆਖ਼ਰੀ ਪਲ ਕਿਵੇਂ ਬਿਤਾਉਂਦਾ ਹੈ ਅਤੇ ਇਹ ਪਲ ਉਸ ਨੂੰ ਇੰਨੇ ਪਿਆਰੇ ਕਿਉਂ ਹਨ?
ਯਿਸੂ ਅਤੇ ਉਸ ਦੇ ਰਸੂਲ ਯਰੂਸ਼ਲਮ ਵਿਚ ਇਕ ਚੁਬਾਰੇ ਵਿਚ ਇਕੱਠੇ ਹੋਏ ਹਨ। ਇਹ ਉਨ੍ਹਾਂ ਨਾਲ ਉਸ ਦੀ ਆਖ਼ਰੀ ਰਾਤ ਹੈ ਕਿਉਂਕਿ ਬਹੁਤ ਜਲਦ ਉਹ ਆਪਣੇ ਪਿਤਾ ਯਹੋਵਾਹ ਕੋਲ ਵਾਪਸ ਚਲਾ ਜਾਵੇਗਾ। ਕੁਝ ਹੀ ਘੰਟਿਆਂ ਬਾਅਦ ਉਸ ਨੂੰ ਗਿਰਫ਼ਤਾਰ ਕੀਤਾ ਜਾਵੇਗਾ ਅਤੇ ਉਸ ਦੀ ਨਿਹਚਾ ਪੂਰੀ ਤਰ੍ਹਾਂ ਪਰਖੀ ਜਾਵੇਗੀ। ਮੌਤ ਉਸ ਦੇ ਸਿਰ ʼਤੇ ਮੰਡਲਾ ਰਹੀ ਹੈ, ਪਰ ਫਿਰ ਵੀ ਉਸ ਨੂੰ ਆਪਣੇ ਰਸੂਲਾਂ ਦਾ ਫ਼ਿਕਰ ਹੈ।
2 ਯਿਸੂ ਪਹਿਲਾਂ ਹੀ ਆਪਣੇ ਰਸੂਲਾਂ ਨੂੰ ਦੱਸ ਚੁੱਕਾ ਹੈ ਕਿ ਉਹ ਉਨ੍ਹਾਂ ਨੂੰ ਛੱਡ ਕੇ ਚਲਾ ਜਾਵੇਗਾ। ਇਨ੍ਹਾਂ ਆਖ਼ਰੀ ਪਲਾਂ ਦੌਰਾਨ ਉਹ ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਹੈ ਅਤੇ ਆਉਣ ਵਾਲੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਤਕੜਾ ਕਰਦਾ ਹੈ। ਨਾਲੇ ਉਹ ਉਨ੍ਹਾਂ ਨੂੰ ਕੁਝ ਜ਼ਰੂਰੀ ਸਬਕ ਵੀ ਸਿਖਾਉਂਦਾ ਹੈ ਜੋ ਵਫ਼ਾਦਾਰ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਨਗੇ। ਯਿਸੂ ਨੂੰ ਆਪਣੇ ਨਾਲੋਂ ਜ਼ਿਆਦਾ ਆਪਣੇ ਰਸੂਲਾਂ ਦਾ ਫ਼ਿਕਰ ਕਿਉਂ ਹੈ? ਇਹ ਆਖ਼ਰੀ ਪਲ ਉਸ ਨੂੰ ਇੰਨੇ ਪਿਆਰੇ ਕਿਉਂ ਹਨ? ਕਿਉਂਕਿ ਉਹ ਉਨ੍ਹਾਂ ਨਾਲ ਬੇਹੱਦ ਪਿਆਰ ਕਰਦਾ ਹੈ।
3. ਕੀ ਯਿਸੂ ਨੇ ਸਿਰਫ਼ ਆਪਣੀ ਆਖ਼ਰੀ ਰਾਤ ਵੇਲੇ ਹੀ ਦਿਖਾਇਆ ਸੀ ਕਿ ਉਹ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਸੀ?
3 ਕਈ ਸਾਲਾਂ ਬਾਅਦ ਉਸ ਸ਼ਾਮ ਨੂੰ ਯਾਦ ਕਰਦੇ ਹੋਏ ਯੂਹੰਨਾ ਰਸੂਲ ਨੇ ਲਿਖਿਆ: “ਪਸਾਹ ਦੇ ਤਿਉਹਾਰ ਤੋਂ ਪਹਿਲਾਂ ਹੀ ਯਿਸੂ ਜਾਣਦਾ ਸੀ ਕਿ ਉਸ ਵਾਸਤੇ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਕੋਲ ਜਾਣ ਦਾ ਸਮਾਂ ਆ ਗਿਆ ਸੀ। ਇਸ ਲਈ, ਦੁਨੀਆਂ ਵਿਚ ਜੋ ਉਸ ਦੇ ਆਪਣੇ ਸਨ, ਜਿਨ੍ਹਾਂ ਨਾਲ ਉਹ ਪਿਆਰ ਕਰਦਾ ਸੀ, ਉਨ੍ਹਾਂ ਨਾਲ ਉਹ ਮਰਦੇ ਦਮ ਤਕ ਪਿਆਰ ਕਰਦਾ ਰਿਹਾ।” (ਯੂਹੰਨਾ 13:1) ਕੀ ਯਿਸੂ ਨੇ ਸਿਰਫ਼ ਇਸੇ ਰਾਤ ਦਿਖਾਇਆ ਸੀ ਕਿ ਉਹ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਸੀ? ਨਹੀਂ, ਉਸ ਨੇ ਆਪਣੀ ਪੂਰੀ ਸੇਵਕਾਈ ਦੌਰਾਨ ਵੱਖੋ-ਵੱਖਰੇ ਤਰੀਕਿਆਂ ਨਾਲ ਆਪਣੇ ਪਿਆਰ ਦਾ ਸਬੂਤ ਦਿੱਤਾ ਸੀ। ਜੇ ਅਸੀਂ ਖ਼ੁਦ ਨੂੰ ਯਿਸੂ ਦੇ ਸੱਚੇ ਚੇਲੇ ਸਾਬਤ ਕਰਨਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਵੀ ਉਸ ਵਾਂਗ ਪਿਆਰ ਕਰੀਏ। ਆਓ ਅਸੀਂ ਦੇਖੀਏ ਕਿ ਯਿਸੂ ਨੇ ਆਪਣੇ ਚੇਲਿਆਂ ਲਈ ਪਿਆਰ ਕਿਵੇਂ ਜ਼ਾਹਰ ਕੀਤਾ।
ਉਸ ਨੇ ਧੀਰਜ ਰੱਖਿਆ
4, 5. (ੳ) ਯਿਸੂ ਨੂੰ ਆਪਣੇ ਚੇਲਿਆਂ ਨਾਲ ਧੀਰਜ ਰੱਖਣ ਦੀ ਲੋੜ ਕਿਉਂ ਸੀ? (ਅ) ਗਥਸਮਨੀ ਬਾਗ਼ ਵਿਚ ਜਦੋਂ ਯਿਸੂ ਨੇ ਆਪਣੇ ਤਿੰਨ ਰਸੂਲਾਂ ਨੂੰ ਸੁੱਤੇ ਪਏ ਦੇਖਿਆ, ਤਾਂ ਉਸ ਨੇ ਕੀ ਕੀਤਾ?
4 ਜਿਹੜਾ ਬੰਦਾ ਪਿਆਰ ਕਰਦਾ ਹੈ ਉਹ ਧੀਰਜ ਵੀ ਰੱਖਦਾ ਹੈ। 1 ਕੁਰਿੰਥੀਆਂ 13:4 ਕਹਿੰਦਾ ਹੈ ਕਿ “ਪਿਆਰ ਧੀਰਜਵਾਨ” ਹੈ। ਧੀਰਜਵਾਨ ਇਨਸਾਨ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿ ਲੈਂਦਾ ਹੈ। ਕੀ ਯਿਸੂ ਨੂੰ ਆਪਣੇ ਚੇਲਿਆਂ ਨਾਲ ਧੀਰਜ ਰੱਖਣ ਦੀ ਲੋੜ ਸੀ? ਬਿਲਕੁਲ! ਅਸੀਂ ਤੀਜੇ ਅਧਿਆਇ ਵਿਚ ਦੇਖਿਆ ਸੀ ਕਿ ਰਸੂਲਾਂ ਨੂੰ ਨਿਮਰ ਬਣਨ ਵਿਚ ਸਮਾਂ ਲੱਗਾ। ਉਨ੍ਹਾਂ ਨੇ ਕਈ ਵਾਰ ਇਸ ਗੱਲ ʼਤੇ ਬਹਿਸ ਕੀਤੀ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ। ਇਹ ਦੇਖ ਯਿਸੂ ਨੇ ਕੀ ਕੀਤਾ? ਕੀ ਉਹ ਉਨ੍ਹਾਂ ਨਾਲ ਗੁੱਸੇ ਹੋਇਆ ਅਤੇ ਖਿੱਝ ਕੇ ਬੋਲਿਆ? ਨਹੀਂ। ਉਸ ਆਖ਼ਰੀ ਰਾਤ ਵੇਲੇ ਵੀ ਰਸੂਲ “ਤੈਸ਼ ਵਿਚ ਆ ਕੇ” ਇਸੇ ਗੱਲ ʼਤੇ ਬਹਿਸਣ ਲੱਗੇ, ਪਰ ਫਿਰ ਵੀ ਯਿਸੂ ਨੇ ਉਨ੍ਹਾਂ ਨੂੰ ਧੀਰਜ ਨਾਲ ਸੁਧਾਰਿਆ।—ਲੂਕਾ 22:24-30; ਮੱਤੀ 20:20-28; ਮਰਕੁਸ 9:33-37.
5 ਜਦੋਂ ਯਿਸੂ ਉਸੇ ਰਾਤ ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਗਥਸਮਨੀ ਬਾਗ਼ ਵਿਚ ਗਿਆ, ਤਾਂ ਉਸ ਨੂੰ ਉਦੋਂ ਵੀ ਧੀਰਜ ਤੋਂ ਕੰਮ ਲੈਣਾ ਪਿਆ। ਅੱਠ ਰਸੂਲਾਂ ਨੂੰ ਪਿੱਛੇ ਛੱਡ ਕੇ ਯਿਸੂ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲੈ ਕੇ ਬਾਗ਼ ਵਿਚ ਹੋਰ ਅੱਗੇ ਗਿਆ। ਯਿਸੂ ਨੇ ਉਨ੍ਹਾਂ ਨੂੰ ਦੱਸਿਆ: “ਮੇਰਾ ਮਨ ਬਹੁਤ ਦੁਖੀ ਹੈ, ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।” ਉਹ ਥੋੜ੍ਹਾ ਹੋਰ ਅੱਗੇ ਜਾ ਕੇ ਤਰਲੇ ਕਰ ਕੇ ਪ੍ਰਾਰਥਨਾ ਕਰਨ ਲੱਗਾ। ਕਾਫ਼ੀ ਦੇਰ ਪ੍ਰਾਰਥਨਾ ਕਰਨ ਤੋਂ ਬਾਅਦ ਜਦ ਉਹ ਵਾਪਸ ਆਇਆ, ਤਾਂ ਰਸੂਲ ਕੀ ਕਰ ਰਹੇ ਸਨ? ਯਿਸੂ ਦੀ ਇਸ ਔਖੀ ਘੜੀ ਦੌਰਾਨ ਉਹ ਤਿੰਨੇ ਗਹਿਰੀ ਨੀਂਦ ਸੁੱਤੇ ਪਏ ਸਨ! ਕੀ ਉਸ ਨੇ ਉਨ੍ਹਾਂ ਨੂੰ ਝਿੜਕਿਆ ਕਿਉਂਕਿ ਉਹ ਜਾਗਦੇ ਨਾ ਰਹਿ ਸਕੇ? ਨਹੀਂ, ਉਸ ਨੇ ਧੀਰਜ ਨਾਲ ਉਨ੍ਹਾਂ ਨੂੰ ਹੌਸਲਾ ਦਿੱਤਾ। ਉਸ ਦੇ ਪਿਆਰ ਭਰੇ ਲਫ਼ਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਹ ਉਨ੍ਹਾਂ ਦੀਆਂ ਕਮਜ਼ੋਰੀਆਂ ਅਤੇ ਜਜ਼ਬਾਤਾਂ ਨੂੰ ਸਮਝਦਾ ਸੀ।a ਉਸ ਨੇ ਕਿਹਾ: ‘ਦਿਲ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।’ ਭਾਵੇਂ ਕਿ ਚੇਲੇ ਉਸ ਰਾਤ ਤਿੰਨ ਵਾਰ ਸੌਂ ਗਏ, ਫਿਰ ਵੀ ਯਿਸੂ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਇਆ।—ਮੱਤੀ 26:36-46.
6. ਅਸੀਂ ਯਿਸੂ ਵਾਂਗ ਦੂਜਿਆਂ ਨਾਲ ਧੀਰਜ ਕਿਵੇਂ ਰੱਖ ਸਕਦੇ ਹਾਂ?
6 ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਿਸੂ ਨੇ ਆਪਣੇ ਰਸੂਲਾਂ ਦੀ ਮਦਦ ਕਰਨ ਵਿਚ ਕਦੇ ਹਾਰ ਨਹੀਂ ਮੰਨੀ। ਉਸ ਦੇ ਧੀਰਜ ਰੱਖਣ ਦੇ ਚੰਗੇ ਨਤੀਜੇ ਨਿਕਲੇ ਕਿਉਂਕਿ ਇਨ੍ਹਾਂ ਵਫ਼ਾਦਾਰ ਰਸੂਲਾਂ ਨੇ ਨਿਮਰ ਬਣਨ ਅਤੇ ਚੌਕਸ ਰਹਿਣ ਦੀ ਅਹਿਮੀਅਤ ਆਖ਼ਰ ਸਮਝ ਲਈ। (1 ਪਤਰਸ 3:8; 4:7) ਅਸੀਂ ਯਿਸੂ ਵਾਂਗ ਦੂਜਿਆਂ ਨਾਲ ਧੀਰਜ ਕਿਵੇਂ ਰੱਖ ਸਕਦੇ ਹਾਂ? ਬਜ਼ੁਰਗਾਂ ਨੂੰ ਖ਼ਾਸ ਕਰਕੇ ਧੀਰਜ ਦਿਖਾਉਣ ਦੀ ਲੋੜ ਹੈ। ਹੋ ਸਕਦਾ ਹੈ ਕਿ ਕੋਈ ਭੈਣ ਜਾਂ ਭਰਾ ਕਿਸੇ ਬਜ਼ੁਰਗ ਨਾਲ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰਨ ਆਉਂਦਾ ਹੈ, ਪਰ ਬਜ਼ੁਰਗ ਆਪ ਹੀ ਥੱਕਿਆ ਹੋਇਆ ਤੇ ਆਪਣੀਆਂ ਪਰੇਸ਼ਾਨੀਆਂ ਵਿਚ ਉਲਝਿਆ ਹੋਇਆ ਹੈ। ਜਾਂ ਹੋ ਸਕਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੂੰ ਮਦਦ ਦੀ ਲੋੜ ਹੈ, ਪਰ ਉਹ ਬਜ਼ੁਰਗਾਂ ਦੀ ਸਲਾਹ ਨੂੰ ਮੰਨਣ ਵਿਚ ਢਿੱਲ ਕਰ ਰਿਹਾ ਹੈ। ਫਿਰ ਵੀ, ਬਜ਼ੁਰਗ ਉਨ੍ਹਾਂ ਨੂੰ ਪਿਆਰ, ਨਰਮਾਈ ਅਤੇ ਧੀਰਜ ਨਾਲ ਸਲਾਹ ਦੇਣਗੇ। (2 ਤਿਮੋਥਿਉਸ 2:24, 25) ਜਦੋਂ ਬੱਚੇ ਆਪਣੇ ਮਾਪਿਆਂ ਵੱਲੋਂ ਦਿੱਤੀ ਤਾੜਨਾ ਤੇ ਸਲਾਹ ਮੁਤਾਬਕ ਨਹੀਂ ਚੱਲਦੇ, ਤਾਂ ਮਾਪਿਆਂ ਨੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਾਪਿਓ, ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਕਦੇ ਹਾਰ ਨਾ ਮੰਨੋ। ਇੱਦਾਂ ਕਰਨ ਵਿਚ ਪਿਆਰ ਅਤੇ ਧੀਰਜ ਵਰਗੇ ਗੁਣ ਤੁਹਾਡੀ ਮਦਦ ਕਰ ਸਕਦੇ ਹਨ। ਯਾਦ ਰੱਖੋ ਕਿ ਧੀਰਜ ਦਾ ਫਲ ਮਿੱਠਾ ਹੁੰਦਾ ਹੈ!—ਜ਼ਬੂਰਾਂ ਦੀ ਪੋਥੀ 127:3.
ਉਸ ਨੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ
7. ਯਿਸੂ ਨੇ ਆਪਣੇ ਚੇਲਿਆਂ ਦੀ ਹਰ ਲੋੜ ਕਿਵੇਂ ਪੂਰੀ ਕੀਤੀ?
7 ਜਿਹੜਾ ਬੰਦਾ ਪਿਆਰ ਕਰਦਾ ਹੈ ਉਹ ਦੂਜਿਆਂ ਦੀਆਂ ਲੋੜਾਂ ਦਾ ਖ਼ਿਆਲ ਰੱਖਦਾ ਹੈ। (1 ਯੂਹੰਨਾ 3:17, 18) ਉਹ “ਆਪਣੇ ਬਾਰੇ ਹੀ ਨਹੀਂ ਸੋਚਦਾ।” (1 ਕੁਰਿੰਥੀਆਂ 13:5) ਯਿਸੂ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਸੀ, ਇਸੇ ਲਈ ਉਸ ਨੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ। ਅਕਸਰ ਉਹ ਉਨ੍ਹਾਂ ਦੇ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਦਿੰਦਾ ਸੀ। ਮਿਸਾਲ ਲਈ, ਆਪਣੇ ਚੇਲਿਆਂ ਨੂੰ ਥੱਕਿਆਂ ਹੋਏ ਦੇਖ ਕੇ ਉਸ ਨੇ ਕਿਹਾ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।” (ਮਰਕੁਸ 6:31) ਨਾਲੇ ਜਦੋਂ ਉਸ ਦੇ ਚੇਲਿਆਂ ਨੂੰ ਅਤੇ ਹਜ਼ਾਰਾਂ ਹੋਰ ਲੋਕਾਂ ਨੂੰ ਭੁੱਖ ਲੱਗੀ ਸੀ, ਤਾਂ ਉਸ ਨੇ ਉਨ੍ਹਾਂ ਸਾਰਿਆਂ ਲਈ ਰੋਟੀ-ਪਾਣੀ ਦਾ ਇੰਤਜ਼ਾਮ ਕੀਤਾ।—ਮੱਤੀ 14:19, 20; 15:35-37.
8, 9. (ੳ) ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਸੀ ਅਤੇ ਉਸ ਨੇ ਇਹ ਲੋੜ ਕਿਵੇਂ ਪੂਰੀ ਕੀਤੀ? (ਅ) ਸੂਲ਼ੀ ʼਤੇ ਦਮ ਤੋੜਦਿਆਂ ਵੀ ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਆਪਣੀ ਮਾਂ ਦੀ ਬਹੁਤ ਚਿੰਤਾ ਸੀ?
8 ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਸੀ ਅਤੇ ਉਸ ਨੇ ਉਨ੍ਹਾਂ ਦੀ ਇਹ ਲੋੜ ਵੀ ਪੂਰੀ ਕੀਤੀ। (ਮੱਤੀ 4:4; 5:3) ਸਿਖਾਉਂਦੇ ਵੇਲੇ ਉਸ ਦਾ ਧਿਆਨ ਖ਼ਾਸ ਕਰਕੇ ਆਪਣੇ ਚੇਲਿਆਂ ʼਤੇ ਹੁੰਦਾ ਸੀ। ਉਸ ਨੇ ਆਪਣਾ ਮਸ਼ਹੂਰ ਉਪਦੇਸ਼ ਖ਼ਾਸ ਤੌਰ ਤੇ ਉਨ੍ਹਾਂ ਦੇ ਫ਼ਾਇਦੇ ਲਈ ਦਿੱਤਾ ਸੀ। (ਮੱਤੀ 5:1, 2, 13-16) ਉਹ ਮਿਸਾਲਾਂ ਦੇ ਕੇ ਸਾਰਿਆਂ ਨੂੰ ਸਿੱਖਿਆ ਦਿੰਦਾ ਸੀ, ਪਰ ਜਦ “ਉਹ ਆਪਣੇ ਚੇਲਿਆਂ ਨਾਲ ਇਕੱਲਾ ਹੁੰਦਾ ਸੀ, ਤਾਂ ਉਹ ਉਨ੍ਹਾਂ ਨੂੰ ਸਭ ਗੱਲਾਂ ਸਮਝਾ ਦਿੰਦਾ ਸੀ।” (ਮਰਕੁਸ 4:34) ਯਿਸੂ ਨੇ ਦੱਸਿਆ ਕਿ ਉਹ ਇਕ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕਰੇਗਾ ਤਾਂਕਿ ਆਖ਼ਰੀ ਦਿਨਾਂ ਦੌਰਾਨ ਉਸ ਦੇ ਚੇਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਮਿਲਦਾ ਰਹੇ। ਇਹ ‘ਵਫ਼ਾਦਾਰ ਨੌਕਰ’ ਕੌਣ ਹੈ? ਇਹ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਯਿਸੂ ਦੇ ਭਰਾਵਾਂ ਦਾ ਛੋਟਾ ਜਿਹਾ ਗਰੁੱਪ ਹੈ ਜੋ 1919 ਈਸਵੀ ਤੋਂ “ਸਹੀ ਸਮੇਂ ਤੇ ਭੋਜਨ” ਯਾਨੀ ਪਰਮੇਸ਼ੁਰ ਦਾ ਗਿਆਨ ਦਿੰਦਾ ਆਇਆ ਹੈ।—ਮੱਤੀ 24:45.
9 ਯਿਸੂ ਨੂੰ ਮਰਦੇ ਦਮ ਤਕ ਇਹੀ ਚਿੰਤਾ ਸੀ ਕਿ ਉਸ ਦੇ ਆਪਣਿਆਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਹਿਫੂਜ਼ ਰਹੇ। ਉਸ ਸਮੇਂ ਬਾਰੇ ਸੋਚੋ ਜਦੋਂ ਉਹ ਸੂਲ਼ੀ ʼਤੇ ਦਰਦ ਨਾਲ ਤੜਫ਼ ਰਿਹਾ ਸੀ। ਉਹ ਸਾਹ ਲੈਣ ਲਈ ਜਦੋਂ ਆਪਣੇ ਸਰੀਰ ਨੂੰ ਉੱਪਰ ਚੁੱਕਦਾ ਸੀ, ਤਾਂ ਸਰੀਰ ਦੇ ਭਾਰ ਕਰਕੇ ਕਿੱਲਾਂ ਨਾਲ ਵਿੰਨ੍ਹੇ ਉਸ ਦੇ ਪੈਰਾਂ ਦੇ ਜ਼ਖ਼ਮ ਚੀਰੇ ਗਏ ਅਤੇ ਉਸ ਦੀ ਲਹੂ-ਲੁਹਾਨ ਪਿੱਠ ਨੂੰ ਲੱਕੜ ਦੀ ਸੂਲ਼ੀ ਤੋਂ ਰਗੜਾਂ ਲੱਗੀਆਂ। ਜ਼ਰਾ ਸੋਚੋ ਕਿ ਜੇ ਉਸ ਲਈ ਸਾਹ ਲੈਣਾ ਇੰਨਾ ਔਖਾ ਸੀ, ਤਾਂ ਉਸ ਲਈ ਗੱਲ ਕਰਨੀ ਕਿੰਨੀ ਔਖੀ ਹੋਈ ਹੋਣੀ। ਪਰ ਦਮ ਤੋੜਨ ਤੋਂ ਪਹਿਲਾਂ ਉਸ ਨੇ ਸਾਰਿਆਂ ਸਾਮ੍ਹਣੇ ਆਪਣੀ ਮਾਤਾ ਅਤੇ ਲਾਗੇ ਖੜ੍ਹੇ ਰਸੂਲ ਯੂਹੰਨਾ ਵੱਲ ਦੇਖਦੇ ਹੋਏ ਉੱਚੀ ਆਵਾਜ਼ ਵਿਚ ਕਿਹਾ: “ਮਾਂ ਦੇਖ, ਹੁਣ ਤੋਂ ਇਹ ਤੇਰਾ ਪੁੱਤਰ ਹੈ!” ਫਿਰ ਉਸ ਨੇ ਯੂਹੰਨਾ ਨੂੰ ਕਿਹਾ: “ਦੇਖ, ਹੁਣ ਤੋਂ ਇਹ ਤੇਰੀ ਮਾਂ ਹੈ!” (ਯੂਹੰਨਾ 19:26, 27) ਯਿਸੂ ਆਪਣੀ ਮਾਂ ਮਰੀਅਮ ਨਾਲ ਕਿੰਨਾ ਪਿਆਰ ਕਰਦਾ ਸੀ। ਉਸ ਨੂੰ ਪਤਾ ਸੀ ਕਿ ਇਹ ਵਫ਼ਾਦਾਰ ਰਸੂਲ ਨਾ ਸਿਰਫ਼ ਉਸ ਦੀ ਮਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰੇਗਾ, ਸਗੋਂ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਰੱਖਣ ਵਿਚ ਵੀ ਉਸ ਦੀ ਮਦਦ ਕਰੇਗਾ।b
10. ਮਾਪੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?
10 ਕਿੰਨਾ ਚੰਗਾ ਹੋਵੇਗਾ ਜੇ ਮਾਂ-ਬਾਪ ਯਿਸੂ ਦੀ ਮਿਸਾਲ ʼਤੇ ਸੋਚ-ਵਿਚਾਰ ਕਰਨ। ਜੇ ਇਕ ਪਿਤਾ ਆਪਣੇ ਪਰਿਵਾਰ ਨੂੰ ਦਿਲੋਂ ਪਿਆਰ ਕਰਦਾ ਹੈ, ਤਾਂ ਉਹ ਮਿਹਨਤ ਕਰ ਕੇ ਉਨ੍ਹਾਂ ਲਈ ਰੋਜ਼ੀ-ਰੋਟੀ ਕਮਾਵੇਗਾ। (1 ਤਿਮੋਥਿਉਸ 5:8) ਉਹ ਯਾਦ ਰੱਖੇਗਾ ਕਿ ਸਮੇਂ-ਸਮੇਂ ਤੇ ਉਸ ਦੇ ਪਰਿਵਾਰ ਨੂੰ ਆਰਾਮ ਕਰਨ ਅਤੇ ਮਨੋਰੰਜਨ ਦੀ ਲੋੜ ਹੈ। ਪਰ ਜ਼ਿਆਦਾ ਜ਼ਰੂਰੀ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ। ਕਿਵੇਂ? ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਹਰ ਹਫ਼ਤੇ ਬਾਈਬਲ ਸਟੱਡੀ ਕਰਨੀ ਚਾਹੀਦੀ ਹੈ। ਜੇ ਸਟੱਡੀ ਮਜ਼ੇਦਾਰ ਹੋਵੇਗੀ, ਤਾਂ ਬੱਚਿਆਂ ਨੂੰ ਸਹੀ ਕੰਮ ਕਰਨ ਦਾ ਹੌਸਲਾ ਮਿਲੇਗਾ। (ਬਿਵਸਥਾ ਸਾਰ 6:6, 7) ਮਾਪੇ ਆਪਣੀਆਂ ਗੱਲਾਂ ਤੇ ਚੰਗੀ ਮਿਸਾਲ ਰਾਹੀਂ ਬੱਚਿਆਂ ਨੂੰ ਸਿਖਾ ਸਕਦੇ ਹਨ ਕਿ ਪ੍ਰਚਾਰ ਕਰਨਾ ਅਤੇ ਮੀਟਿੰਗਾਂ ਲਈ ਤਿਆਰੀ ਕਰ ਕੇ ਇਨ੍ਹਾਂ ਵਿਚ ਹਾਜ਼ਰ ਹੋਣਾ ਸਾਡੀ ਭਗਤੀ ਦਾ ਜ਼ਰੂਰੀ ਹਿੱਸਾ ਹੈ।—ਇਬਰਾਨੀਆਂ 10:24, 25.
ਉਹ ਮਾਫ਼ ਕਰਨ ਲਈ ਤਿਆਰ ਸੀ
11. ਯਿਸੂ ਨੇ ਦੂਜਿਆਂ ਨੂੰ ਮਾਫ਼ ਕਰਨ ਬਾਰੇ ਆਪਣੇ ਚੇਲਿਆਂ ਨੂੰ ਕੀ ਸਿਖਾਇਆ?
11 ਜਿਹੜਾ ਬੰਦਾ ਪਿਆਰ ਕਰਦਾ ਹੈ ਉਹ ਦੂਜਿਆਂ ਦੀਆਂ ਗ਼ਲਤੀਆਂ ਮਾਫ਼ ਕਰਦਾ ਹੈ। (ਕੁਲੁੱਸੀਆਂ 3:13, 14) ਉਹ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” (1 ਕੁਰਿੰਥੀਆਂ 13:5) ਯਿਸੂ ਨੇ ਕਈ ਵਾਰ ਆਪਣੇ ਚੇਲਿਆਂ ਨੂੰ ਦੂਜਿਆਂ ਨੂੰ ਮਾਫ਼ ਕਰਨ ਦੀ ਅਹਿਮੀਅਤ ਬਾਰੇ ਸਮਝਾਇਆ। ਉਸ ਨੇ “ਸੱਤ ਵਾਰ ਨਹੀਂ, ਸਗੋਂ ਸਤੱਤਰ ਵਾਰ” ਯਾਨੀ ਹਮੇਸ਼ਾ ਇਕ-ਦੂਜੇ ਨੂੰ ਮਾਫ਼ ਕਰਦੇ ਰਹਿਣ ਦੀ ਤਾਕੀਦ ਕੀਤੀ। (ਮੱਤੀ 18:21, 22) ਉਸ ਨੇ ਇਹ ਵੀ ਸਿਖਾਇਆ ਕਿ ਜੇ ਕੋਈ ਤਾੜਨਾ ਮਿਲਣ ਤੋਂ ਬਾਅਦ ਤੋਬਾ ਕਰਦਾ ਹੈ, ਤਾਂ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। (ਲੂਕਾ 17:3, 4) ਉਹ ਪਖੰਡੀ ਫ਼ਰੀਸੀਆਂ ਵਰਗਾ ਨਹੀਂ ਸੀ ਜੋ ਕਹਿੰਦੇ ਕੁਝ ਸਨ, ਪਰ ਕਰਦੇ ਕੁਝ ਹੋਰ। ਯਿਸੂ ਜੋ ਕਹਿੰਦਾ ਸੀ, ਉਹ ਕਰ ਕੇ ਦਿਖਾਉਂਦਾ ਸੀ। (ਮੱਤੀ 23:2-4) ਜਦੋਂ ਉਸ ਦੇ ਜਿਗਰੀ ਦੋਸਤ ਪਤਰਸ ਨੇ ਉਸ ਨੂੰ ਜਾਣਨ ਤੋਂ ਇਨਕਾਰ ਕੀਤਾ, ਤਾਂ ਯਿਸੂ ਨੇ ਉਸ ਨੂੰ ਉਦੋਂ ਵੀ ਮਾਫ਼ ਕਰ ਦਿੱਤਾ। ਆਓ ਆਪਾਂ ਇਸ ਘਟਨਾ ਬਾਰੇ ਗੱਲ ਕਰੀਏ।
12, 13. (ੳ) ਜਿਸ ਰਾਤ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ, ਪਤਰਸ ਕਿਹੜੀ ਗ਼ਲਤੀ ਕਰ ਬੈਠਾ? (ਅ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਦੂਜਿਆਂ ਨੂੰ ਮਾਫ਼ ਕਰਨ ਦਾ ਸਿਰਫ਼ ਪ੍ਰਚਾਰ ਹੀ ਨਹੀਂ ਸੀ ਕਰਦਾ?
12 ਪਤਰਸ ਇਕ ਨੇਕਦਿਲ ਇਨਸਾਨ ਸੀ ਜੋ ਝੱਟ ਹੀ ਜੋਸ਼ ਵਿਚ ਆ ਜਾਂਦਾ ਸੀ। ਪਰ ਯਿਸੂ ਨੇ ਉਸ ਦੀਆਂ ਖੂਬੀਆਂ ਦੇਖੀਆਂ ਤੇ ਉਸ ਨੂੰ ਖ਼ਾਸ ਸਨਮਾਨ ਵੀ ਬਖ਼ਸ਼ੇ। ਮਿਸਾਲ ਲਈ, ਪਤਰਸ, ਯਾਕੂਬ ਤੇ ਯੂਹੰਨਾ ਨੇ ਆਪਣੀ ਅੱਖੀਂ ਯਿਸੂ ਦੇ ਕੁਝ ਚਮਤਕਾਰ ਦੇਖੇ ਜੋ ਬਾਕੀ ਰਸੂਲਾਂ ਨੇ ਨਹੀਂ ਦੇਖੇ। (ਮੱਤੀ 17:1, 2; ਲੂਕਾ 8:49-55) ਉਹ ਰਾਤ ਯਾਦ ਕਰੋ ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਜਾਣਾ ਸੀ ਅਤੇ ਉਹ ਆਪਣੇ ਰਸੂਲਾਂ ਨਾਲ ਗਥਸਮਨੀ ਬਾਗ਼ ਵਿਚ ਗਿਆ। ਜਦ ਉਹ ਪ੍ਰਾਰਥਨਾ ਕਰਨ ਲਈ ਅੱਗੇ ਗਿਆ, ਤਾਂ ਉਹ ਆਪਣੇ ਨਾਲ ਸਿਰਫ਼ ਤਿੰਨ ਰਸੂਲਾਂ ਨੂੰ ਲੈ ਕੇ ਗਿਆ ਜਿਨ੍ਹਾਂ ਵਿੱਚੋਂ ਪਤਰਸ ਇਕ ਸੀ। ਪਰ ਉਸੇ ਰਾਤ ਜਦੋਂ ਯਿਸੂ ਫੜਿਆ ਗਿਆ, ਤਾਂ ਪਤਰਸ ਅਤੇ ਬਾਕੀ ਰਸੂਲ ਉਸ ਦਾ ਸਾਥ ਛੱਡ ਕੇ ਭੱਜ ਗਏ। ਬਾਅਦ ਵਿਚ ਪਤਰਸ ਬੜੀ ਦਲੇਰੀ ਨਾਲ ਮਹਾਂ ਪੁਜਾਰੀ ਦੇ ਘਰ ਤਕ ਗਿਆ, ਜਿੱਥੇ ਯਿਸੂ ʼਤੇ ਗ਼ੈਰ-ਕਾਨੂੰਨੀ ਮੁਕੱਦਮਾ ਚੱਲ ਰਿਹਾ ਸੀ। ਪਰ ਪਤਰਸ ਡਰਦੇ ਮਾਰੇ ਇਕ ਵੱਡੀ ਗ਼ਲਤੀ ਕਰ ਬੈਠਾ। ਉਸ ਨੇ ਤਿੰਨ ਵਾਰ ਝੂਠ ਬੋਲ ਕੇ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ! (ਮੱਤੀ 26:69-75) ਇਹ ਦੇਖ ਯਿਸੂ ਨੇ ਕੀ ਕੀਤਾ? ਜੇ ਤੁਹਾਡਾ ਜਿਗਰੀ ਦੋਸਤ ਤੁਹਾਨੂੰ ਜਾਣਨ ਤੋਂ ਇਨਕਾਰ ਕਰਦਾ, ਤਾਂ ਤੁਸੀਂ ਕੀ ਕਰਦੇ?
13 ਯਿਸੂ, ਪਤਰਸ ਨੂੰ ਮਾਫ਼ ਕਰਨ ਲਈ ਤਿਆਰ ਸੀ। ਉਹ ਜਾਣਦਾ ਸੀ ਕਿ ਪਤਰਸ ਆਪਣੀ ਗ਼ਲਤੀ ਕਾਰਨ ਅੰਦਰੋਂ ਟੁੱਟ ਚੁੱਕਾ ਸੀ ਕਿਉਂਕਿ ਉਹ “ਫੁੱਟ-ਫੁੱਟ ਕੇ ਰੋਣ ਲੱਗ ਪਿਆ” ਸੀ। (ਮਰਕੁਸ 14:72) ਜਿਸ ਦਿਨ ਯਿਸੂ ਦੁਬਾਰਾ ਜੀਉਂਦਾ ਹੋਇਆ, ਉਹ ਪਤਰਸ ਨੂੰ ਮਿਲਣ ਗਿਆ। ਸ਼ਾਇਦ ਯਿਸੂ ਉਸ ਨੂੰ ਦਿਲਾਸਾ ਦੇ ਕੇ ਆਪਣੇ ਪਿਆਰ ਦਾ ਯਕੀਨ ਦਿਵਾਉਣਾ ਚਾਹੁੰਦਾ ਸੀ। (ਲੂਕਾ 24:34; 1 ਕੁਰਿੰਥੀਆਂ 15:5) ਦੋ ਕੁ ਮਹੀਨੇ ਬਾਅਦ ਯਿਸੂ ਨੇ ਪਤਰਸ ਨੂੰ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿਚ ਭੀੜਾਂ ਦੇ ਸਾਮ੍ਹਣੇ ਉਸ ਬਾਰੇ ਗਵਾਹੀ ਦੇਣ ਦਾ ਸਨਮਾਨ ਬਖ਼ਸ਼ਿਆ। (ਰਸੂਲਾਂ ਦੇ ਕੰਮ 2:14-40) ਯਿਸੂ ਦੇ ਸਾਰੇ ਰਸੂਲ ਉਸ ਦੀ ਔਖੀ ਘੜੀ ਵਿਚ ਉਸ ਨੂੰ ਛੱਡ ਕੇ ਭੱਜ ਗਏ ਸਨ, ਪਰ ਯਿਸੂ ਉਨ੍ਹਾਂ ਨਾਲ ਗੁੱਸੇ ਨਹੀਂ ਰਿਹਾ। ਇਸ ਦੀ ਬਜਾਇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਆਪਣੇ ‘ਭਰਾ’ ਕਹਿ ਕੇ ਬੁਲਾਇਆ। (ਮੱਤੀ 28:10) ਹਾਂ, ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਿਸੂ ਨੇ ਦੂਜਿਆਂ ਨੂੰ ਮਾਫ਼ ਕਰਨ ਦਾ ਸਬਕ ਹੀ ਨਹੀਂ ਸਿਖਾਇਆ, ਸਗੋਂ ਉਸ ਨੇ ਖ਼ੁਦ ਦੂਜਿਆਂ ਨੂੰ ਮਾਫ਼ ਵੀ ਕੀਤਾ।
14. ਸਾਨੂੰ ਦੂਜਿਆਂ ਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਾਫ਼ ਕਰਨ ਲਈ ਤਿਆਰ ਹਾਂ?
14 ਮਸੀਹ ਦੇ ਚੇਲਿਆਂ ਵਜੋਂ ਸਾਨੂੰ ਵੀ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਸਮੇਂ-ਸਮੇਂ ਤੇ ਅਸੀਂ ਸਾਰੇ ਆਪਣੀ ਕਹਿਣੀ ਜਾਂ ਕਰਨੀ ਵਿਚ ਗ਼ਲਤੀਆਂ ਕਰ ਬੈਠਦੇ ਹਾਂ। (ਰੋਮੀਆਂ 3:23; ਯਾਕੂਬ 3:2) ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੇ ਪਾਪ ਮਾਫ਼ ਕਰੇ, ਤਾਂ ਸਾਨੂੰ ਦੂਜਿਆਂ ਨੂੰ ਮਾਫ਼ ਕਰਨ ਦੀ ਲੋੜ ਹੈ। (ਮਰਕੁਸ 11:25) ਤਾਂ ਫਿਰ ਜੇ ਕੋਈ ਸਾਡੇ ਖ਼ਿਲਾਫ਼ ਗ਼ਲਤੀ ਕਰਦਾ ਹੈ, ਤਾਂ ਅਸੀਂ ਕੀ ਕਰਾਂਗੇ? ਅਸੀਂ ਪਿਆਰ ਕਰਕੇ ਉਸ ਦੀਆਂ ਗ਼ਲਤੀਆਂ ਮਾਫ਼ ਕਰ ਦੇਵਾਂਗੇ। (1 ਪਤਰਸ 4:8) ਹਾਂ, ਜਦੋਂ ਕੋਈ ਸਾਡੇ ਕੋਲੋਂ ਮਾਫ਼ੀ ਮੰਗਦਾ ਹੈ, ਤਾਂ ਸਾਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਯਿਸੂ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ। ਗਿਲੇ-ਸ਼ਿਕਵਿਆਂ ਦਾ ਹਿਸਾਬ ਰੱਖਣ ਦੀ ਬਜਾਇ ਸਾਨੂੰ ਗੁੱਸਾ ਥੁੱਕ ਦੇਣਾ ਚਾਹੀਦਾ ਹੈ। (ਅਫ਼ਸੀਆਂ 4:32) ਇੱਦਾਂ ਕਰਨ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਮੰਡਲੀ ਵਿਚ ਵੀ ਸ਼ਾਂਤੀ ਬਣੀ ਰਹੇਗੀ।—1 ਪਤਰਸ 3:11.
ਉਸ ਨੇ ਉਨ੍ਹਾਂ ʼਤੇ ਭਰੋਸਾ ਕੀਤਾ
15. ਯਿਸੂ ਨੇ ਆਪਣੇ ਚੇਲਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ʼਤੇ ਭਰੋਸਾ ਕਿਉਂ ਕੀਤਾ?
15 ਜਿਹੜਾ ਬੰਦਾ ਪਿਆਰ ਕਰਦਾ ਹੈ ਉਹ “ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ।”c (1 ਕੁਰਿੰਥੀਆਂ 13:7) ਯਿਸੂ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਸੀ, ਇਸ ਲਈ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਸ ਨੇ ਉਨ੍ਹਾਂ ʼਤੇ ਭਰੋਸਾ ਕੀਤਾ। ਉਸ ਨੂੰ ਯਕੀਨ ਸੀ ਕਿ ਉਸ ਦੇ ਚੇਲੇ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਸਨ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਸਨ। ਯਿਸੂ ਨੇ ਉਨ੍ਹਾਂ ਦੇ ਇਰਾਦਿਆਂ ʼਤੇ ਸ਼ੱਕ ਨਹੀਂ ਕੀਤਾ। ਮਿਸਾਲ ਲਈ, ਜਦੋਂ ਯਾਕੂਬ ਅਤੇ ਯੂਹੰਨਾ ਨੇ ਆਪਣੀ ਮਾਂ ਨੂੰ ਘੱਲ ਕੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਆਪਣੇ ਰਾਜ ਵਿਚ ਆਪਣੇ ਸੱਜੇ-ਖੱਬੇ ਬਿਠਾਏ, ਤਾਂ ਯਿਸੂ ਨੇ ਉਨ੍ਹਾਂ ਦੀ ਵਫ਼ਾਦਾਰੀ ʼਤੇ ਸ਼ੱਕ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਰਸੂਲਾਂ ਵਜੋਂ ਹਟਾਇਆ।—ਮੱਤੀ 20:20-28.
16, 17. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ?
16 ਯਿਸੂ ਨੇ ਆਪਣੇ ਚੇਲਿਆਂ ਨੂੰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਸੌਂਪ ਕੇ ਦਿਖਾਇਆ ਕਿ ਉਹ ਉਨ੍ਹਾਂ ʼਤੇ ਭਰੋਸਾ ਕਰਦਾ ਸੀ। ਮਿਸਾਲ ਲਈ, ਜਦੋਂ ਉਸ ਨੇ ਦੋ ਵਾਰ ਭੀੜਾਂ ਨੂੰ ਰੋਟੀ ਖਿਲਾਈ, ਤਾਂ ਉਸ ਨੇ ਰੋਟੀ ਵੰਡਣ ਦੀ ਜ਼ਿੰਮੇਵਾਰੀ ਆਪਣੇ ਚੇਲਿਆਂ ਨੂੰ ਸੌਂਪੀ ਸੀ। (ਮੱਤੀ 14:19; 15:36) ਨਾਲੇ ਆਖ਼ਰੀ ਵਾਰ ਪਸਾਹ ਦਾ ਤਿਉਹਾਰ ਮਨਾਉਣ ਲਈ ਯਿਸੂ ਨੇ ਪਤਰਸ ਤੇ ਯੂਹੰਨਾ ਨੂੰ ਤਿਆਰੀਆਂ ਕਰਨ ਲਈ ਯਰੂਸ਼ਲਮ ਭੇਜਿਆ। ਉਨ੍ਹਾਂ ਨੇ ਲੇਲੇ, ਦਾਖਰਸ, ਬੇਖਮੀਰੀ ਰੋਟੀ, ਕੌੜੀ ਸਬਜ਼ੀ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਇੰਤਜ਼ਾਮ ਕੀਤਾ। ਇਹ ਕੋਈ ਮਾਮੂਲੀ ਕੰਮ ਨਹੀਂ ਸੀ ਕਿਉਂਕਿ ਪਸਾਹ ਦਾ ਤਿਉਹਾਰ ਮੂਸਾ ਦੇ ਕਾਨੂੰਨ ਮੁਤਾਬਕ ਸਹੀ ਤਰੀਕੇ ਨਾਲ ਮਨਾਉਣਾ ਜ਼ਰੂਰੀ ਸੀ ਅਤੇ ਯਿਸੂ ਲਈ ਇਸ ਕਾਨੂੰਨ ਦੀ ਹਰ ਮੰਗ ਨੂੰ ਪੂਰਾ ਕਰਨਾ ਲਾਜ਼ਮੀ ਸੀ। ਇਸ ਤੋਂ ਇਲਾਵਾ, ਯਿਸੂ ਨੇ ਉਸ ਰਾਤ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕੀਤੀ ਸੀ ਅਤੇ ਉਸ ਨੇ ਦਾਖਰਸ ਅਤੇ ਬੇਖਮੀਰੀ ਰੋਟੀ ਨੂੰ ਆਪਣੇ ਲਹੂ ਤੇ ਸਰੀਰ ਵਜੋਂ ਦਰਸਾਉਣ ਲਈ ਵਰਤਿਆ ਸੀ।—ਮੱਤੀ 26:17-19; ਲੂਕਾ 22:8, 13.
17 ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਨਾਲੋਂ ਵੀ ਭਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ। ਮਿਸਾਲ ਲਈ, ਅਸੀਂ ਪੈਰੇ 8 ਵਿਚ ਦੇਖਿਆ ਸੀ ਕਿ ਉਸ ਨੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਇਆਂ ਦੇ ਇਕ ਛੋਟੇ ਗਰੁੱਪ ਨੂੰ “ਭੋਜਨ” ਯਾਨੀ ਪਰਮੇਸ਼ੁਰ ਦਾ ਗਿਆਨ ਦੇਣ ਦੀ ਖ਼ਾਸ ਜ਼ਿੰਮੇਵਾਰੀ ਸੌਂਪੀ ਹੈ। (ਲੂਕਾ 12:42-44) ਨਾਲੇ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਵੀ ਸੌਂਪਿਆ ਹੈ। (ਮੱਤੀ 28:18-20) ਅਤੇ ਅੱਜ ਭਾਵੇਂ ਯਿਸੂ ਸਵਰਗ ਤੋਂ ਰਾਜ ਕਰ ਰਿਹਾ ਹੈ, ਫਿਰ ਵੀ ਉਸ ਨੇ ਧਰਤੀ ਉੱਤੇ ਆਪਣੀ ਮੰਡਲੀ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ “ਤੋਹਫ਼ਿਆਂ” ਵਜੋਂ ਦਿੱਤੇ ਕਾਬਲ ਭਰਾਵਾਂ ਨੂੰ ਸੌਂਪੀ ਹੈ।—ਅਫ਼ਸੀਆਂ 4:8, 11, 12.
18-20. (ੳ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਹੈ? (ਅ) ਦੂਜਿਆਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਮੰਡਲੀ ਦੇ ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ? (ੲ) ਅਸੀਂ ਅਗਲੇ ਅਧਿਆਇ ਵਿਚ ਕੀ ਸਿੱਖਾਂਗੇ?
18 ਅਸੀਂ ਦੂਜਿਆਂ ਨਾਲ ਯਿਸੂ ਵਾਂਗ ਕਿਵੇਂ ਪੇਸ਼ ਆ ਸਕਦੇ ਹਾਂ? ਅਸੀਂ ਭੈਣਾਂ-ਭਰਾਵਾਂ ʼਤੇ ਭਰੋਸਾ ਰੱਖ ਕੇ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। ਯਾਦ ਰੱਖੋ ਜੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੀਆਂ ਖੂਬੀਆਂ ਵੱਲ ਧਿਆਨ ਦੇਵਾਂਗੇ ਨਾ ਕਿ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਵੱਲ। ਇਹ ਸੱਚ ਹੈ ਕਿ ਕਦੇ-ਕਦੇ ਦੂਸਰੇ ਸਾਨੂੰ ਨਿਰਾਸ਼ ਕਰਨਗੇ, ਪਰ ਪਿਆਰ ਕਰਕੇ ਅਸੀਂ ਉਨ੍ਹਾਂ ਦੇ ਇਰਾਦਿਆਂ ʼਤੇ ਸ਼ੱਕ ਨਹੀਂ ਕਰਾਂਗੇ। (ਮੱਤੀ 7:1, 2) ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਬਾਰੇ ਸਹੀ ਨਜ਼ਰੀਆ ਰੱਖਾਂਗੇ, ਤਾਂ ਅਸੀਂ ਉਨ੍ਹਾਂ ਦਾ ਹੌਸਲਾ ਢਾਹੁਣ ਦੀ ਬਜਾਇ ਹੌਸਲਾ ਵਧਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।—1 ਥੱਸਲੁਨੀਕੀਆਂ 5:11.
19 ਬਜ਼ੁਰਗੋ, ਕੀ ਤੁਸੀਂ ਯਿਸੂ ਦੀ ਰੀਸ ਕਰਦੇ ਹੋਏ ਦੂਜਿਆਂ ਨੂੰ ਜ਼ਿੰਮੇਵਾਰੀਆਂ ਸੌਂਪਦੇ ਹੋ? ਕਿੰਨਾ ਵਧੀਆ ਹੋਵੇਗਾ ਜੇ ਤੁਸੀਂ ਮੰਡਲੀ ਵਿਚ ਹੋਰਨਾਂ ਭਰਾਵਾਂ ਨੂੰ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਢੁਕਵੀਆਂ ਜ਼ਿੰਮੇਵਾਰੀਆਂ ਸੌਂਪੋ। ਉਨ੍ਹਾਂ ʼਤੇ ਯਕੀਨ ਰੱਖੋ ਕਿ ਉਹ ਇਹ ਕੰਮ ਪੂਰੀ ਵਾਹ ਲਾ ਕੇ ਕਰਨਗੇ। ਇੱਦਾਂ ਤਜਰਬੇਕਾਰ ਬਜ਼ੁਰਗ ਉਨ੍ਹਾਂ ਨੌਜਵਾਨ ਭਰਾਵਾਂ ਨੂੰ ਟ੍ਰੇਨਿੰਗ ਦੇ ਸਕਦੇ ਹਨ ਜੋ ਮੰਡਲੀ ਵਿਚ “ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼” ਕਰਦੇ ਹਨ। (1 ਤਿਮੋਥਿਉਸ 3:1; 2 ਤਿਮੋਥਿਉਸ 2:2) ਯਹੋਵਾਹ ਦੀ ਬਰਕਤ ਕਰਕੇ ਭੈਣਾਂ-ਭਰਾਵਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨ ਲਈ ਕਾਬਲ ਭਰਾਵਾਂ ਨੂੰ ਅਜਿਹੀ ਵਧੀਆ ਟ੍ਰੇਨਿੰਗ ਦੀ ਬੇਹੱਦ ਲੋੜ ਹੈ।—ਯਸਾਯਾਹ 60:22.
20 ਯਿਸੂ ਨੇ ਦੂਜਿਆਂ ਨੂੰ ਪਿਆਰ ਦਿਖਾਉਣ ਵਿਚ ਸਾਡੇ ਲਈ ਇਕ ਬਿਹਤਰੀਨ ਮਿਸਾਲ ਕਾਇਮ ਕੀਤੀ ਹੈ। ਜੇ ਅਸੀਂ ਯਿਸੂ ਵਾਂਗ ਦੂਜਿਆਂ ਨੂੰ ਪਿਆਰ ਕਰਾਂਗੇ, ਤਾਂ ਇਸ ਤੋਂ ਪਤਾ ਲੱਗੇਗਾ ਕਿ ਅਸੀਂ ਵਾਕਈ ਉਸ ਦੇ ਪਿੱਛੇ-ਪਿੱਛੇ ਚੱਲ ਰਹੇ ਹਾਂ। ਅਗਲੇ ਅਧਿਆਇ ਵਿਚ ਅਸੀਂ ਸਿੱਖਾਂਗੇ ਕਿ ਯਿਸੂ ਨੇ ਆਪਣੀ ਜਾਨ ਦੇ ਕੇ ਆਪਣੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਦਿੱਤਾ।
a ਉਹ ਸਿਰਫ਼ ਥਕਾਵਟ ਕਰਕੇ ਹੀ ਉਣੀਂਦੇ ਨਹੀਂ ਸਨ, ਸਗੋਂ ਲੂਕਾ 22:45 ਵਿਚ ਲਿਖਿਆ ਹੈ ਕਿ ਯਿਸੂ ਨੇ ਉਨ੍ਹਾਂ ਨੂੰ “ਗਮ ਦੇ ਮਾਰੇ ਚੂਰ ਹੋ ਕੇ ਸੁੱਤੇ ਪਏ” ਦੇਖਿਆ।
b ਲੱਗਦਾ ਹੈ ਕਿ ਇਸ ਵੇਲੇ ਮਰੀਅਮ ਇਕ ਵਿਧਵਾ ਸੀ ਅਤੇ ਉਸ ਦੇ ਦੂਜੇ ਧੀ-ਪੁੱਤ ਅਜੇ ਯਿਸੂ ਦੇ ਚੇਲੇ ਨਹੀਂ ਬਣੇ ਸਨ।—ਯੂਹੰਨਾ 7:5.
c ਇਸ ਦਾ ਇਹ ਮਤਲਬ ਨਹੀਂ ਕਿ ਅਜਿਹਾ ਇਨਸਾਨ ਭੋਲਾ-ਭਾਲਾ ਹੁੰਦਾ ਹੈ, ਸਗੋਂ ਇਸ ਦਾ ਮਤਲਬ ਹੈ ਕਿ ਉਹ ਦੂਜਿਆਂ ਵਿਚ ਨੁਕਸ ਨਹੀਂ ਕੱਢਦਾ ਅਤੇ ਨਾ ਹੀ ਬੇਵਜ੍ਹਾ ਉਨ੍ਹਾਂ ʼਤੇ ਸ਼ੱਕ ਕਰਦਾ ਹੈ। ਉਹ ਇਹ ਨਹੀਂ ਸੋਚਦਾ ਕਿ ਦੂਜਿਆਂ ਦੇ ਇਰਾਦੇ ਗ਼ਲਤ ਹਨ।