ਪਾਠ 60
ਰਾਜ ਜੋ ਹਮੇਸ਼ਾ ਰਹੇਗਾ
ਰਾਜਾ ਨਬੂਕਦਨੱਸਰ ਨੂੰ ਇਕ ਰਾਤ ਇਕ ਅਜੀਬ ਜਿਹਾ ਸੁਪਨਾ ਆਇਆ। ਇਸ ਸੁਪਨੇ ਕਰਕੇ ਉਹ ਸਾਰੀ ਰਾਤ ਸੌਂ ਨਹੀਂ ਸਕਿਆ। ਉਸ ਨੇ ਆਪਣੇ ਜਾਦੂਗਰਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਕਿਹਾ: ‘ਮੈਨੂੰ ਮੇਰੇ ਸੁਪਨੇ ਦਾ ਮਤਲਬ ਦੱਸੋ।’ ਉਨ੍ਹਾਂ ਨੇ ਕਿਹਾ: ‘ਹੇ ਰਾਜਾ, ਤੁਸੀਂ ਸਾਨੂੰ ਆਪਣਾ ਸੁਪਨਾ ਦੱਸੋ।’ ਪਰ ਨਬੂਕਦਨੱਸਰ ਨੇ ਉਨ੍ਹਾਂ ਨੂੰ ਕਿਹਾ: ‘ਨਹੀਂ। ਤੁਸੀਂ ਮੈਨੂੰ ਮੇਰਾ ਸੁਪਨਾ ਦੱਸੋ। ਜੇ ਤੁਸੀਂ ਨਾ ਦੱਸਿਆ, ਤਾਂ ਮੈਂ ਤੁਹਾਨੂੰ ਮਾਰ ਦੇਵਾਂਗਾ।’ ਉਨ੍ਹਾਂ ਨੇ ਫਿਰ ਉਸ ਨੂੰ ਕਿਹਾ: ‘ਤੁਸੀਂ ਸਾਨੂੰ ਦੱਸੋ ਕਿ ਤੁਹਾਨੂੰ ਕੀ ਸੁਪਨਾ ਆਇਆ ਤੇ ਫਿਰ ਅਸੀਂ ਉਸ ਦਾ ਮਤਲਬ ਦੱਸ ਸਕਾਂਗੇ।’ ਉਸ ਨੇ ਕਿਹਾ: ‘ਤੁਸੀਂ ਸਾਰੇ ਮੇਰੇ ਨਾਲ ਚਾਲ ਖੇਡਣੀ ਚਾਹੁੰਦੇ ਹੋ? ਦੱਸੋ ਮੈਨੂੰ ਕਿਹੜਾ ਸੁਪਨਾ ਆਇਆ ਸੀ।’ ਉਨ੍ਹਾਂ ਨੇ ਰਾਜੇ ਨੂੰ ਕਿਹਾ: ‘ਕੋਈ ਵੀ ਆਦਮੀ ਇਹ ਨਹੀਂ ਦੱਸ ਸਕਦਾ। ਤੁਸੀਂ ਜੋ ਕਰਨ ਨੂੰ ਕਹਿ ਰਹੇ ਹੋ, ਉਹ ਨਾਮੁਮਕਿਨ ਹੈ।’
ਨਬੂਕਦਨੱਸਰ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸ ਨੇ ਦੇਸ਼ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਮਾਰਨ ਦਾ ਹੁਕਮ ਦਿੱਤਾ। ਇਨ੍ਹਾਂ ਵਿਚ ਦਾਨੀਏਲ, ਸ਼ਦਰਕ, ਮੇਸ਼ਕ ਤੇ ਅਬਦ-ਨਗੋ ਵੀ ਸ਼ਾਮਲ ਸਨ। ਦਾਨੀਏਲ ਨੇ ਰਾਜੇ ਤੋਂ ਥੋੜ੍ਹਾ ਸਮਾਂ ਮੰਗਿਆ। ਫਿਰ ਉਸ ਨੇ ਅਤੇ ਉਸ ਦੇ ਦੋਸਤਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਤੋਂ ਮਦਦ ਮੰਗੀ। ਯਹੋਵਾਹ ਨੇ ਕੀ ਕੀਤਾ?
ਯਹੋਵਾਹ ਨੇ ਦਰਸ਼ਣ ਵਿਚ ਦਾਨੀਏਲ ਨੂੰ ਨਬੂਕਦਨੱਸਰ ਦਾ ਸੁਪਨਾ ਦਿਖਾਇਆ ਤੇ ਉਸ ਦਾ ਮਤਲਬ ਦੱਸਿਆ। ਅਗਲੇ ਦਿਨ ਦਾਨੀਏਲ ਰਾਜੇ ਦੇ ਨੌਕਰ ਕੋਲ ਗਿਆ ਤੇ ਕਿਹਾ: ‘ਕਿਸੇ ਵੀ ਬੁੱਧੀਮਾਨ ਆਦਮੀ ਨੂੰ ਨਾ ਮਾਰੋ। ਮੈਂ ਰਾਜੇ ਦੇ ਸੁਪਨੇ ਦਾ ਮਤਲਬ ਦੱਸਾਂਗਾ।’ ਨੌਕਰ ਦਾਨੀਏਲ ਨੂੰ ਨਬੂਕਦਨੱਸਰ ਕੋਲ ਲੈ ਗਿਆ। ਦਾਨੀਏਲ ਨੇ ਰਾਜੇ ਨੂੰ ਕਿਹਾ: ‘ਰੱਬ ਨੇ ਤੈਨੂੰ ਭਵਿੱਖ ਬਾਰੇ ਦੱਸਿਆ ਹੈ। ਤੂੰ ਇਹ ਸੁਪਨਾ ਦੇਖਿਆ: ਤੂੰ ਇਕ ਵੱਡੀ ਮੂਰਤ ਦੇਖੀ ਜਿਸ ਦਾ ਸਿਰ ਸੋਨੇ ਦਾ, ਛਾਤੀ ਅਤੇ ਬਾਹਾਂ ਚਾਂਦੀ ਦੀਆਂ, ਢਿੱਡ ਅਤੇ ਪੱਟ ਤਾਂਬੇ ਦੇ, ਲੱਤਾਂ ਲੋਹੇ ਦੀਆਂ ਅਤੇ ਪੈਰ ਕੁਝ ਲੋਹੇ ਦੇ ਤੇ ਕੁਝ ਮਿੱਟੀ ਦੇ ਸਨ। ਫਿਰ ਪਹਾੜ ਤੋਂ ਇਕ ਪੱਥਰ ਕੱਟਿਆ ਗਿਆ ਅਤੇ ਮੂਰਤ ਦੇ ਪੈਰਾਂ ʼਤੇ ਵੱਜਾ। ਮੂਰਤ ਚੂਰ-ਚੂਰ ਹੋ ਗਈ ਤੇ ਹਵਾ ਉਸ ਨੂੰ ਉਡਾ ਕੇ ਲੈ ਗਈ। ਉਹ ਪੱਥਰ ਇਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਉੱਤੇ ਫੈਲ ਗਿਆ।’
ਫਿਰ ਦਾਨੀਏਲ ਨੇ ਕਿਹਾ: ‘ਤੇਰੇ ਸੁਪਨੇ ਦਾ ਮਤਲਬ ਇਹ ਹੈ: ਸੋਨੇ ਦਾ ਸਿਰ ਤੇਰਾ ਰਾਜ ਹੈ। ਚਾਂਦੀ ਦਾ ਰਾਜ ਤੇਰੇ ਤੋਂ ਮਗਰੋਂ ਆਵੇਗਾ। ਫਿਰ ਰਾਜ ਆਵੇਗਾ ਜੋ ਤਾਂਬੇ ਵਰਗਾ ਹੋਵੇਗਾ ਜੋ ਸਾਰੀ ਧਰਤੀ ʼਤੇ ਰਾਜ ਕਰੇਗਾ। ਅਗਲਾ ਰਾਜ ਲੋਹੇ ਵਰਗਾ ਮਜ਼ਬੂਤ ਹੋਵੇਗਾ। ਫਿਰ ਰਲ਼ਿਆ-ਮਿਲਿਆ ਰਾਜ ਆਵੇਗਾ ਜਿਸ ਦੇ ਕੁਝ ਹਿੱਸੇ ਲੋਹੇ ਵਾਂਗ ਮਜ਼ਬੂਤ ਹੋਣਗੇ ਤੇ ਕੁਝ ਮਿੱਟੀ ਵਾਂਗ ਕਮਜ਼ੋਰ। ਉਹ ਪੱਥਰ ਜੋ ਪਹਾੜ ਬਣੇਗਾ, ਉਹ ਪਰਮੇਸ਼ੁਰ ਦਾ ਰਾਜ ਹੈ। ਉਹ ਇਨ੍ਹਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ ਅਤੇ ਆਪ ਹਮੇਸ਼ਾ ਕਾਇਮ ਰਹੇਗਾ।’
ਨਬੂਕਦਨੱਸਰ ਧਰਤੀ ਤੀਕ ਦਾਨੀਏਲ ਅੱਗੇ ਝੁਕਿਆ। ਉਸ ਨੇ ਕਿਹਾ: ‘ਤੇਰੇ ਪਰਮੇਸ਼ੁਰ ਨੇ ਤੈਨੂੰ ਇਸ ਸੁਪਨੇ ਬਾਰੇ ਦੱਸਿਆ। ਉਸ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ।’ ਦਾਨੀਏਲ ਨੂੰ ਮਾਰਨ ਦੀ ਬਜਾਇ ਨਬੂਕਦਨੱਸਰ ਨੇ ਉਸ ਨੂੰ ਸਾਰੇ ਬੁੱਧੀਮਾਨ ਆਦਮੀਆਂ ਉੱਤੇ ਮੁਖੀ ਠਹਿਰਾ ਦਿੱਤਾ ਅਤੇ ਬਾਬਲ ਜ਼ਿਲ੍ਹੇ ਦਾ ਹਾਕਮ ਬਣਾ ਦਿੱਤਾ। ਕੀ ਤੁਸੀਂ ਦੇਖਿਆ ਕਿ ਯਹੋਵਾਹ ਨੇ ਦਾਨੀਏਲ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ?
“ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।”—ਪ੍ਰਕਾਸ਼ ਦੀ ਕਿਤਾਬ 16:16