ਸਿੱਖਿਆ ਡੱਬੀ 1ੳ
ਭਗਤੀ ਕਰਨ ਦਾ ਕੀ ਮਤਲਬ ਹੈ?
ਭਗਤੀ ਕਰਨ ਦਾ ਮਤਲਬ ਹੈ “ਕਿਸੇ ਈਸ਼ਵਰ ਨੂੰ ਪਿਆਰ ਦਿਖਾਉਣਾ ਤੇ ਉਸ ਦਾ ਆਦਰ ਕਰਨਾ।” ਬਾਈਬਲ ਵਿਚ “ਭਗਤੀ” ਲਈ ਇਬਰਾਨੀ ਤੇ ਯੂਨਾਨੀ ਭਾਸ਼ਾ ਵਿਚ ਜੋ ਸ਼ਬਦ ਵਰਤੇ ਗਏ ਹਨ, ਉਨ੍ਹਾਂ ਦਾ ਮਤਲਬ ਹੋ ਸਕਦਾ ਹੈ ਕਿਸੇ ਵੀ ਜੀਉਂਦੇ ਪ੍ਰਾਣੀ ਲਈ ਗਹਿਰਾ ਆਦਰ ਦਿਖਾਉਣਾ ਜਾਂ ਉਸ ਦੇ ਅਧੀਨ ਹੋਣਾ। (ਮੱਤੀ 28:9) ਇਨ੍ਹਾਂ ਸ਼ਬਦਾਂ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਪਰਮੇਸ਼ੁਰ ਜਾਂ ਕਿਸੇ ਦੇਵੀ-ਦੇਵਤੇ ਲਈ ਧਾਰਮਿਕ ਕੰਮ ਜਾਂ ਰੀਤੀ-ਰਿਵਾਜ ਕਰਨੇ। (ਯੂਹੰ. 4:23, 24) ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਇਬਰਾਨੀ ਜਾਂ ਯੂਨਾਨੀ ਸ਼ਬਦ ਕਿਸੇ ਆਇਤ ਵਿਚ ਕਿਸ ਅਰਥ ਵਿਚ ਵਰਤੇ ਗਏ ਹਨ।
ਸ੍ਰਿਸ਼ਟੀਕਰਤਾ ਅਤੇ ਪੂਰੇ ਜਹਾਨ ਦਾ ਮਾਲਕ ਹੋਣ ਕਰਕੇ ਸਿਰਫ਼ ਯਹੋਵਾਹ ਹੀ ਸਾਡੀ ਭਗਤੀ ਦਾ ਹੱਕਦਾਰ ਹੈ। (ਪ੍ਰਕਾ. 4:10, 11) ਅਸੀਂ ਯਹੋਵਾਹ ਨੂੰ ਆਪਣਾ ਰਾਜਾ ਮੰਨ ਕੇ ਅਤੇ ਉਸ ਦੇ ਨਾਂ ਦਾ ਆਦਰ ਕਰ ਕੇ ਉਸ ਦੀ ਭਗਤੀ ਕਰਦੇ ਹਾਂ। (ਜ਼ਬੂ. 86:9; ਮੱਤੀ 6:9, 10) ਹਿਜ਼ਕੀਏਲ ਦੀ ਕਿਤਾਬ ਵਿਚ ਯਹੋਵਾਹ ਦੇ ਰਾਜ ਕਰਨ ਦੇ ਹੱਕ ਬਾਰੇ ਤੇ ਉਸ ਦੇ ਨਾਂ ਬਾਰੇ ਹੀ ਜ਼ਿਆਦਾਤਰ ਗੱਲ ਕੀਤੀ ਗਈ ਹੈ। ਸਿਰਫ਼ ਹਿਜ਼ਕੀਏਲ ਦੀ ਕਿਤਾਬ ਵਿਚ ਸ਼ਬਦ ‘ਸਾਰੇ ਜਹਾਨ ਦਾ ਮਾਲਕ ਯਹੋਵਾਹ’ 217 ਵਾਰ ਆਉਂਦੇ ਹਨ ਅਤੇ ‘ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ’ ਅਤੇ ਇਸ ਨਾਲ ਰਲ਼ਦੇ-ਮਿਲਦੇ ਸ਼ਬਦ 55 ਤੋਂ ਜ਼ਿਆਦਾ ਵਾਰ ਆਉਂਦੇ ਹਨ।—ਹਿਜ਼. 2:4; 6:7.
ਯਹੋਵਾਹ ਦੀ ਭਗਤੀ ਕਰਨ ਦਾ ਮਤਲਬ ਸਿਰਫ਼ ਮਨ ਵਿਚ ਸ਼ਰਧਾ ਹੋਣੀ ਕਾਫ਼ੀ ਨਹੀਂ, ਸਗੋਂ ਕੰਮ ਕਰਨੇ ਵੀ ਸ਼ਾਮਲ ਹਨ। (ਯਾਕੂ. 2:26) ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ, ਤਾਂ ਅਸੀਂ ਸਹੁੰ ਖਾਂਦੇ ਹਾਂ ਕਿ ਉਸ ਨੂੰ ਆਪਣਾ ਮਾਲਕ ਮੰਨ ਕੇ ਹਮੇਸ਼ਾ ਉਸ ਦਾ ਕਹਿਣਾ ਮੰਨਾਂਗੇ ਅਤੇ ਉਸ ਦੇ ਨਾਂ ਲਈ ਗਹਿਰਾ ਆਦਰ ਦਿਖਾਵਾਂਗੇ। ਯਾਦ ਕਰੋ ਕਿ ਯਿਸੂ ਨੇ ਤੀਜੀ ਪਰੀਖਿਆ ਵੇਲੇ ਜਵਾਬ ਦਿੰਦਿਆਂ ਭਗਤੀ ਦਾ ਸੰਬੰਧ “ਪਵਿੱਤਰ ਸੇਵਾ” ਨਾਲ ਜੋੜਿਆ। (ਮੱਤੀ 4:10, ਫੁਟਨੋਟ) ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ।a (ਬਿਵ. 10:12) ਪਰਮੇਸ਼ੁਰ ਦੀ ਸੇਵਾ ਵਿਚ ਉਹ ਕੰਮ ਕਰਨੇ ਸ਼ਾਮਲ ਹਨ ਜੋ ਸਿੱਧੇ-ਸਿੱਧੇ ਸਾਡੀ ਭਗਤੀ ਨਾਲ ਜੁੜੇ ਹੁੰਦੇ ਹਨ ਅਤੇ ਜਿਨ੍ਹਾਂ ਲਈ ਸਾਨੂੰ ਤਿਆਗ ਕਰਨੇ ਪੈਂਦੇ ਹਨ। ਇਹ ਕੰਮ ਕਿਹੜੇ ਹਨ?
ਪਵਿੱਤਰ ਸੇਵਾ ਵਿਚ ਕਈ ਕੰਮ ਸ਼ਾਮਲ ਹਨ ਅਤੇ ਯਹੋਵਾਹ ਇਨ੍ਹਾਂ ਸਾਰੇ ਕੰਮਾਂ ਦੀ ਕਦਰ ਕਰਦਾ ਹੈ। ਅਸੀਂ ਪਵਿੱਤਰ ਸੇਵਾ ਕਰਦੇ ਹਾਂ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਮੀਟਿੰਗਾਂ ਵਿਚ ਜਾਂਦੇ ਹਾਂ ਤੇ ਇਨ੍ਹਾਂ ਵਿਚ ਹਿੱਸਾ ਲੈਂਦੇ ਹਾਂ ਅਤੇ ਕਿੰਗਡਮ ਹਾਲਾਂ ਦੀ ਉਸਾਰੀ ਤੇ ਸਾਂਭ-ਸੰਭਾਲ ਕਰਦੇ ਹਾਂ। ਅਸੀਂ ਹੋਰ ਤਰੀਕਿਆਂ ਨਾਲ ਵੀ ਪਵਿੱਤਰ ਸੇਵਾ ਕਰਦੇ ਹਾਂ ਜਦੋਂ ਅਸੀਂ ਪਰਿਵਾਰਕ ਸਟੱਡੀ ਕਰਦੇ ਹਾਂ, ਕੁਦਰਤੀ ਆਫ਼ਤਾਂ ਵੇਲੇ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਸੰਮੇਲਨਾਂ ਵਿਚ ਆਪਣੀ ਇੱਛਾ ਨਾਲ ਕੰਮ ਕਰਦੇ ਹਾਂ ਜਾਂ ਬੈਥਲ ਵਿਚ ਸੇਵਾ ਕਰਦੇ ਹਾਂ। (ਇਬ. 13:16; ਯਾਕੂ. 1:27) ਜਦੋਂ ਅਸੀਂ ਸ਼ੁੱਧ ਭਗਤੀ ਦੀ ਅਹਿਮੀਅਤ ਸਮਝ ਜਾਂਦੇ ਹਾਂ, ਤਾਂ ਅਸੀਂ ‘ਦਿਨ-ਰਾਤ ਪਵਿੱਤਰ ਸੇਵਾ ਕਰਦੇ’ ਹਾਂ। ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਕੇ ਖ਼ੁਸ਼ ਹਾਂ।—ਪ੍ਰਕਾ. 7:15.