ਗੱਲਬਾਤ ਸ਼ੁਰੂ ਕਰਨੀ
ਪਾਠ 5
ਸਮਝਦਾਰੀ ਵਰਤੋ
ਅਸੂਲ: “ਹਮੇਸ਼ਾ ਸਲੀਕੇ ਨਾਲ ਗੱਲ ਕਰੋ।”—ਕੁਲੁ. 4:6.
ਪੌਲੁਸ ਨੇ ਕੀ ਕੀਤਾ?
1. ਵੀਡੀਓ ਦੇਖੋ ਜਾਂ ਰਸੂਲਾਂ ਦੇ ਕੰਮ 17:22, 23 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ੳ. ਐਥਿਨਜ਼ ਵਿਚ ਝੂਠੀ ਭਗਤੀ ਹੁੰਦੀ ਦੇਖ ਕੇ ਪੌਲੁਸ ਨੂੰ ਕਿੱਦਾਂ ਲੱਗਾ?—ਰਸੂਲਾਂ ਦੇ ਕੰਮ 17:16 ਦੇਖੋ।
ਅ. ਐਥਿਨਜ਼ ਦੇ ਲੋਕਾਂ ਦੀ ਨਿੰਦਿਆ ਕਰਨ ਦੀ ਬਜਾਇ ਪੌਲੁਸ ਨੇ ਕਿਵੇਂ ਸਮਝਦਾਰੀ ਨਾਲ ਉਨ੍ਹਾਂ ਦੇ ਵਿਸ਼ਵਾਸਾਂ ਬਾਰੇ ਗੱਲ ਕਰ ਕੇ ਖ਼ੁਸ਼ ਖ਼ਬਰੀ ਸੁਣਾਈ?
ਅਸੀਂ ਪੌਲੁਸ ਤੋਂ ਕੀ ਸਿੱਖਦੇ ਹਾਂ?
2. ਜੇ ਅਸੀਂ ਪਹਿਲਾਂ ਤੋਂ ਹੀ ਧਿਆਨ ਨਾਲ ਸੋਚਾਂਗੇ ਕਿ ਅਸੀਂ ਕੀ ਕਹਿਣਾ ਹੈ, ਕਿੱਦਾਂ ਕਹਿਣਾ ਹੈ ਅਤੇ ਕਦੋਂ ਕਹਿਣਾ ਹੈ, ਤਾਂ ਲੋਕ ਸਾਡੀ ਗੱਲ ਸੁਣਨ ਲਈ ਤਿਆਰ ਹੋਣਗੇ।
ਪੌਲੁਸ ਦੀ ਰੀਸ ਕਰੋ
3. ਬੋਲਣ ਤੋਂ ਪਹਿਲਾਂ ਸੋਚੋ। ਮਿਸਾਲ ਲਈ, ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਦੇ ਹੋ ਜੋ ਬਾਈਬਲ ਬਾਰੇ ਕੁਝ ਨਹੀਂ ਜਾਣਦਾ, ਤਾਂ ਸੋਚੋ ਕਿ ਤੁਸੀਂ ਕਿਵੇਂ ਸਮਝਦਾਰੀ ਨਾਲ ਬਾਈਬਲ ਜਾਂ ਯਿਸੂ ਬਾਰੇ ਗੱਲ ਕਰਨੀ ਸ਼ੁਰੂ ਕਰੋਗੇ।
4. ਵਿਅਕਤੀ ਨੂੰ ਤੁਰੰਤ ਸੁਧਾਰਨ ਦੀ ਕੋਸ਼ਿਸ਼ ਨਾ ਕਰੋ। ਉਸ ਨੂੰ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਹਿਣ ਦਿਓ। ਜੇ ਉਹ ਕੋਈ ਇੱਦਾਂ ਦੀ ਗੱਲ ਕਹਿੰਦਾ ਹੈ ਜੋ ਬਾਈਬਲ ਦੀਆਂ ਸਿੱਖਿਆਵਾਂ ਦੇ ਉਲਟ ਹੈ, ਤਾਂ ਉਸ ਨੂੰ ਉਸੇ ਵੇਲੇ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। (ਯਾਕੂ. 1:19) ਉਸ ਦੀ ਗੱਲ ਧਿਆਨ ਨਾਲ ਸੁਣ ਕੇ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਉਹ ਕੀ ਮੰਨਦਾ ਹੈ ਤੇ ਕਿਉਂ।—ਕਹਾ. 20:5.
5. ਜੇ ਹੋ ਸਕੇ, ਤਾਂ ਵਿਅਕਤੀ ਨਾਲ ਸਹਿਮਤ ਹੋਵੋ ਤੇ ਉਸ ਦੀ ਤਾਰੀਫ਼ ਕਰੋ। ਉਹ ਸ਼ਾਇਦ ਦਿਲੋਂ ਮੰਨੇ ਕਿ ਉਸ ਦੇ ਧਾਰਮਿਕ ਵਿਸ਼ਵਾਸ ਬਿਲਕੁਲ ਸਹੀ ਹਨ। ਇਸ ਲਈ ਪਹਿਲਾਂ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਕਿਹੜੀ ਗੱਲ ʼਤੇ ਤੁਸੀਂ ਦੋਵੇਂ ਸਹਿਮਤ ਹੋ ਅਤੇ ਫਿਰ ਹੌਲੀ-ਹੌਲੀ ਬਾਈਬਲ ਦੀਆਂ ਗੱਲਾਂ ਸਮਝਣ ਵਿਚ ਉਸ ਦੀ ਮਦਦ ਕਰੋ।