ਜਦੋਂ ਪੂਰਵ-ਧਾਰਣਾ ਨਹੀਂ ਰਹੇਗੀ!
ਰਿਪੋਰਟ ਅਨੁਸਾਰ, ਵਿਗਿਆਨੀ ਐਲਬਰਟ ਆਇਨਸਟਾਈਨ ਨੇ ਇਕ ਵਾਰੀ ਕਿਹਾ ਕਿ ਇਸ ਦੁਖੀ ਸੰਸਾਰ ਵਿਚ, ਇਕ ਅਣੂ ਨੂੰ ਵਿਭਾਜਿਤ ਕਰਨ ਨਾਲੋਂ ਪੂਰਵ-ਧਾਰਣਾ ਉੱਤੇ ਕਾਬੂ ਪਾਉਣਾ ਜ਼ਿਆਦਾ ਕਠਿਨ ਹੈ। ਇਸੇ ਤਰ੍ਹਾਂ, ਐਡਵਰਡ ਆਰ. ਮਰਓ, ਇਕ ਪੱਤਰਕਾਰ ਜੋ ਵਿਸ਼ਵ ਯੁੱਧ II ਦੇ ਦੌਰਾਨ ਮਸ਼ਹੂਰ ਹੋਇਆ ਅਤੇ ਜੋ ਬਾਅਦ ਵਿਚ ਯੂ.ਐੱਸ. ਸੂਚਨਾ ਏਜੰਸੀ ਦਾ ਡਾਇਰੈਕਟਰ ਸੀ, ਨੇ ਬਿਆਨ ਕੀਤਾ ਕਿ “ਕੋਈ ਵੀ ਪੂਰਵ-ਧਾਰਣਾਵਾਂ ਨੂੰ ਖ਼ਤਮ ਨਹੀਂ ਕਰ ਸਕਦਾ ਹੈ—ਸਿਰਫ਼ ਉਨ੍ਹਾਂ ਦੀ ਸਿਆਣ ਕਰ ਸਕਦਾ ਹੈ।”
ਕੀ ਇਹ ਬਿਆਨ ਸਹੀ ਜਾਪਦੇ ਹਨ? ਕੀ ਵਿਤਕਰੇ ਅਤੇ ਜਾਤੀਵਾਦ ਨੂੰ ਖ਼ਤਮ ਕਰਨਾ ਅਸੰਭਵ ਹੈ? ਪਰਮੇਸ਼ੁਰ ਪੂਰਵ-ਧਾਰਣਾ ਦੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
ਪਰਮੇਸ਼ੁਰ ਪੱਖਪਾਤੀ ਨਹੀਂ ਹੈ
ਬਾਈਬਲ ਪੱਖਪਾਤ ਦੇ ਵਿਰੁੱਧ ਬੋਲਦੀ ਹੈ। (ਕਹਾਉਤਾਂ 24:23; 28:21) ਇਹ ਬਿਆਨ ਕਰਦੀ ਹੈ ਕਿ “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।” (ਯਾਕੂਬ 3:17) ਪ੍ਰਾਚੀਨ ਇਸਰਾਏਲ ਵਿਚ ਨਿਆਈਆਂ ਉੱਤੇ ਅਜਿਹੀ ਬੁੱਧ ਬਾਰੇ ਜ਼ੋਰ ਦਿੱਤਾ ਗਿਆ ਸੀ। “ਤੁਸਾਂ ਨਿਆਉਂ ਵਿੱਚ ਕੋਈ ਅਨਿਆਉਂ ਨਾ ਕਰਨਾ,” ਉਨ੍ਹਾਂ ਨੂੰ ਹਿਦਾਇਤ ਦਿੱਤੀ ਗਈ ਸੀ। “ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ।”—ਲੇਵੀਆਂ 19:15.
ਪੱਖਪਾਤ ਅਤੇ ਪੂਰਵ-ਧਾਰਣਾ ਦੇ ਵਿਰੁੱਧ ਬਾਈਬਲ ਦੀ ਦ੍ਰਿੜ੍ਹ ਸਥਿਤੀ ਉੱਤੇ ਯਿਸੂ ਮਸੀਹ ਅਤੇ ਉਸ ਦੇ ਰਸੂਲ ਪਤਰਸ ਅਤੇ ਪੌਲੁਸ ਨੇ ਜ਼ੋਰ ਦਿੱਤਾ ਸੀ। ਯਿਸੂ ਉਨ੍ਹਾਂ ਲੋਕਾਂ ਦੇ ਪ੍ਰਤੀ ਨਿਰਪੱਖ ਸੀ ਜੋ ‘ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।’ (ਮੱਤੀ 9:36) ਉਸ ਨੇ ਸਿਖਾਇਆ: “ਵਿਖਾਵੇ ਦੇ ਅਨੁਸਾਰ ਨਿਆਉਂ ਨਾ ਕਰੋ ਪਰੰਤੁ ਸੱਚਾ ਨਿਆਉਂ ਕਰੋ।”—ਯੂਹੰਨਾ 7:24.
ਪਤਰਸ ਅਤੇ ਪੌਲੁਸ ਸਾਨੂੰ ਮੁੜ ਭਰੋਸਾ ਦਿੰਦੇ ਹਨ ਕਿ ਖ਼ੁਦ ਯਹੋਵਾਹ ਪਰਮੇਸ਼ੁਰ ਪੱਖਪਾਤੀ ਨਹੀਂ ਹੈ। ਪਤਰਸ ਨੇ ਬਿਆਨ ਕੀਤਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਰਸੂਲ ਪੌਲੁਸ ਸਾਨੂੰ ਦੱਸਦਾ ਹੈ: “ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ।”—ਰੋਮੀਆਂ 2:11.
ਬਾਈਬਲ ਦਾ ਪ੍ਰਭਾਵ
ਬਾਈਬਲ ਵਿਚ ਉਨ੍ਹਾਂ ਲੋਕਾਂ ਦੇ ਵਿਅਕਤਿੱਤਵ ਨੂੰ ਬਦਲਣ ਦੀ ਸ਼ਕਤੀ ਹੈ ਜੋ ਉਸ ਦੇ ਦੁਆਰਾ ਮਾਰਗ-ਦਰਸ਼ਿਤ ਹੁੰਦੇ ਹਨ। ਇਬਰਾਨੀਆਂ 4:12 ਕਹਿੰਦਾ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ . . . ਹੈ।” ਯਹੋਵਾਹ ਦੀ ਮਦਦ ਨਾਲ ਇਕ ਪੂਰਵ-ਧਾਰਣਾ ਰੱਖਣ ਵਾਲਾ ਵਿਅਕਤੀ ਆਪਣੇ ਸੋਚਣ ਦੇ ਤਰੀਕੇ ਨੂੰ ਵੀ ਬਦਲ ਸਕਦਾ ਹੈ ਅਤੇ ਦੂਜਿਆਂ ਦੇ ਨਾਲ ਆਪਣੇ ਵਰਤਾਉ ਵਿਚ ਨਿਰਪੱਖ ਬਣ ਸਕਦਾ ਹੈ।
ਉਦਾਹਰਣ ਦੇ ਲਈ, ਤਰਸੁਸ ਦੇ ਸੌਲੁਸ ਦੇ ਮਾਮਲੇ ਨੂੰ ਲਓ। ਬਾਈਬਲ ਬਿਰਤਾਂਤ ਦੇ ਅਨੁਸਾਰ, ਉਸ ਨੇ ਇਕ ਸਮੇਂ ਤੇ ਹਿੰਸਾਤਮਕ ਤਰੀਕੇ ਨਾਲ ਮਸੀਹੀ ਕਲੀਸਿਯਾ ਦਾ ਵਿਰੋਧ ਕੀਤਾ ਕਿਉਂਕਿ ਉਹ ਸਖ਼ਤ ਧਾਰਮਿਕ ਪਰੰਪਰਾਵਾਂ ਦੀ ਪੈਰਵੀ ਕਰਦਾ ਸੀ। (ਰਸੂਲਾਂ ਦੇ ਕਰਤੱਬ 8:1-3) ਉਹ ਯਹੂਦੀ ਪਰੰਪਰਾ ਦੁਆਰਾ ਪੂਰੀ ਤਰ੍ਹਾਂ ਨਾਲ ਕਾਇਲ ਕੀਤਾ ਗਿਆ ਸੀ ਕਿ ਸਾਰੇ ਮਸੀਹੀ ਲੋਕ ਧਰਮ-ਤਿਆਗੀ ਸਨ ਅਤੇ ਸੱਚੀ ਉਪਾਸਨਾ ਦੇ ਵੈਰੀ ਸਨ। ਉਸ ਦੀ ਪੂਰਵ-ਧਾਰਣਾ ਉਸ ਨੂੰ ਮਸੀਹੀਆਂ ਦੇ ਕਤਲ ਦਾ ਸਮਰਥਨ ਕਰਨ ਵੱਲ ਲੈ ਗਈ। ਬਾਈਬਲ ਕਹਿੰਦੀ ਹੈ ਕਿ ਉਹ “ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ” ਸੀ। (ਰਸੂਲਾਂ ਦੇ ਕਰਤੱਬ 9:1) ਇੰਜ ਕਰਦੇ ਸਮੇਂ, ਉਹ ਸਮਝਦਾ ਸੀ ਕਿ ਉਹ ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰ ਰਿਹਾ ਸੀ।—ਤੁਲਨਾ ਕਰੋ ਯੂਹੰਨਾ 16:2.
ਫਿਰ ਵੀ, ਤਰਸੁਸ ਦਾ ਸੌਲੁਸ ਆਪਣੀ ਅਤਿਅੰਤ ਪੂਰਵ-ਧਾਰਣਾ ਨੂੰ ਦੂਰ ਕਰਨ ਦੇ ਯੋਗ ਹੋਇਆ। ਇੱਥੋਂ ਤਕ ਕਿ ਉਹ ਖ਼ੁਦ ਵੀ ਇਕ ਮਸੀਹੀ ਬਣ ਗਿਆ! ਬਾਅਦ ਵਿਚ, ਯਿਸੂ ਮਸੀਹ ਦੇ ਇਕ ਰਸੂਲ, ਪੌਲੁਸ ਦੇ ਤੌਰ ਤੇ, ਉਸ ਨੇ ਲਿਖਿਆ: “ਮੈਂ ਪਹਿਲਾਂ ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ ਸਾਂ ਪਰ ਮੇਰੇ ਉੱਤੇ ਰਹਮ ਹੋਇਆ ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ।”—1 ਤਿਮੋਥਿਉਸ 1:13.
ਪੌਲੁਸ ਕੇਵਲ ਇਕਮਾਤਰ ਹੀ ਵਿਅਕਤੀ ਨਹੀਂ ਸੀ ਜਿਸ ਨੇ ਆਪਣੇ ਸੋਚਣ ਦੇ ਤਰੀਕੇ ਵਿਚ ਅਜਿਹੀਆਂ ਵੱਡੀਆਂ ਤਬਦੀਲੀਆਂ ਕੀਤੀਆਂ। ਤੀਤੁਸ, ਇਕ ਸੰਗੀ ਇੰਜੀਲ ਪਰਚਾਰਕ, ਨੂੰ ਆਪਣੇ ਪੱਤਰ ਵਿਚ, ਪੌਲੁਸ ਨੇ ਮਸੀਹੀਆਂ ਨੂੰ ਤਾੜਨਾ ਦਿੱਤੀ ਕਿ “ਕਿਸੇ ਦੀ ਬਦਨਾਮੀ ਨਾ ਕਰਨ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ। ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਬਿਲਾਸਾਂ ਦੇ ਗੁਲਾਮ ਸਾਂ, ਬੁਰਿਆਈ ਅਤੇ ਖਾਰ ਵਿੱਚ ਉਮਰ ਭੋਗਦੇ ਸਾਂ, ਘਿਣਾਉਣੇ ਅਤੇ ਇੱਕ ਦੂਏ ਦੇ ਵੈਰੀ ਸਾਂ।”—ਤੀਤੁਸ 3:2, 3.
ਪੂਰਵ-ਧਾਰਣਾ ਦੀਆਂ ਦੀਵਾਰਾਂ ਨੂੰ ਢਾਹੁਣਾ
ਅੱਜ, ਸੱਚੇ ਮਸੀਹੀ ਉਸ ਸਲਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਬਾਹਰੀ ਦਿੱਖ ਦੇ ਆਧਾਰ ਤੇ ਲੋਕਾਂ ਬਾਰੇ ਧਾਰਣਾ ਬਣਾਉਣ ਤੋਂ ਪਰਹੇਜ਼ ਕਰਨਾ ਚਾਹੁੰਦੇ ਹਨ। ਇਹ ਉਨ੍ਹਾਂ ਨੂੰ ਦੂਜਿਆਂ ਦੀ ‘ਬਦਨਾਮੀ ਕਰਨ’ ਤੋਂ ਰੋਕਦੀ ਹੈ। ਉਹ ਇਕ ਅੰਤਰ-ਰਾਸ਼ਟਰੀ ਭਾਈਚਾਰੇ ਦਾ ਆਨੰਦ ਮਾਣਦੇ ਹਨ ਜੋ ਇਸ ਸੰਸਾਰ ਦੇ ਸਾਰੇ ਰਾਸ਼ਟਰਵਾਦੀ, ਨਸਲੀ, ਅਤੇ ਜਾਤੀਗਤ ਹੱਦਾਂ ਨੂੰ ਪਾਰ ਕਰ ਜਾਂਦਾ ਹੈ।
ਹੇਨਰੀਕ, ਇਕ ਕਾਲੀ-ਚਮੜੀ ਵਾਲੇ ਬ੍ਰਾਜ਼ੀਲੀ ਵਿਅਕਤੀ ਦੇ ਅਨੁਭਵ ਉੱਤੇ ਗੌਰ ਕਰੋ। ਖ਼ੁਦ ਜਾਤੀਗਤ ਵਿਤਕਰੇ ਦਾ ਸ਼ਿਕਾਰ ਹੋਣ ਦੇ ਕਾਰਨ, ਉਸ ਵਿਚ ਗੋਰਿਆਂ ਦੇ ਲਈ ਗਹਿਰੀ ਨਫ਼ਰਤ ਵਿਕਸਿਤ ਹੋਈ। ਉਹ ਸਮਝਾਉਂਦਾ ਹੈ: “ਦੋ ਗੋਰੇ ਗਵਾਹ ਮੇਰੇ ਘਰ ਪਰਮੇਸ਼ੁਰ ਦੇ ਨਾਂ ਬਾਰੇ ਗੱਲ ਕਰਨ ਲਈ ਆਏ। ਸ਼ੁਰੂ ਵਿਚ ਮੈਂ ਸੁਣਨਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਗੋਰੇ ਲੋਕਾਂ ਉੱਤੇ ਭਰੋਸਾ ਨਹੀਂ ਕਰਦਾ ਸੀ। ਪਰੰਤੂ ਜਲਦੀ ਹੀ ਮੈਂ ਦੇਖ ਸਕਦਾ ਸੀ ਕਿ ਉਨ੍ਹਾਂ ਦਾ ਸੰਦੇਸ਼ ਸੱਚ ਜਾਪਦਾ ਸੀ। ਖ਼ੈਰ, ਮੈਂ ਇਕ ਬਾਈਬਲ ਅਧਿਐਨ ਸਵੀਕਾਰ ਕਰ ਲਿਆ। ਮੇਰਾ ਪਹਿਲਾ ਸਵਾਲ ਸੀ, ‘ਕੀ ਤੁਹਾਡੇ ਗਿਰਜੇ ਵਿਚ ਬਹੁਤ ਸਾਰੇ ਕਾਲੇ ਲੋਕ ਹਨ?’ ਉਨ੍ਹਾਂ ਨੇ ਜਵਾਬ ਦਿੱਤਾ, ‘ਜੀ ਹਾਂ।’ ਫਿਰ ਉਨ੍ਹਾਂ ਨੇ ਮੈਨੂੰ ਪੁਸਤਕ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬa ਵਿੱਚੋਂ ਆਖ਼ਰੀ ਤਸਵੀਰ ਦਿਖਾਈ, ਜੋ ਵੱਖਰੀਆਂ ਜਾਤੀਆਂ ਦੇ ਨੌਜਵਾਨਾਂ ਨੂੰ ਦਰਸਾਉਂਦੀ ਸੀ। ਉਨ੍ਹਾਂ ਵਿਚ ਇਕ ਕਾਲਾ ਮੁੰਡਾ ਵੀ ਸ਼ਾਮਲ ਸੀ, ਅਤੇ ਇਸ ਤੋਂ ਮੈਨੂੰ ਹੌਸਲਾ ਮਿਲਿਆ। ਬਾਅਦ ਵਿਚ ਮੈਂ ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿ ਗਿਆ, ਜਿੱਥੇ ਮੈਂ ਵੱਖਰੀਆਂ ਜਾਤੀਆਂ ਦਿਆਂ ਲੋਕਾਂ ਨੂੰ ਇਕ ਦੂਜੇ ਦੇ ਨਾਲ ਆਦਰ ਸਹਿਤ ਵਰਤਾਉ ਕਰਦੇ ਹੋਏ ਦੇਖਿਆ। ਇਹ ਮੇਰੇ ਲਈ ਬਹੁਤ ਹੀ ਮਹੱਤਵਪੂਰਣ ਸੀ।”
ਹੁਣ, ਇਕ ਯਹੋਵਾਹ ਦੇ ਗਵਾਹ ਦੇ ਤੌਰ ਤੇ, ਹੇਨਰੀਕ ਇਕ ਸੱਚੇ ਮਸੀਹੀ ਭਾਈਚਾਰੇ ਦਾ ਸਦੱਸ ਹੋਣ ਵਿਚ ਬਹੁਤ ਖ਼ੁਸ਼ ਹੈ। ਉਹ ਸਮਝਦਾ ਹੈ ਕਿ ਇਸ ਦਾ ਸਿਹਰਾ ਕਿਸੇ ਮਾਨਵ ਦੇ ਸਿਰ ਨਹੀਂ ਦਿੱਤਾ ਜਾਂਦਾ ਹੈ। ਉਹ ਕਹਿੰਦਾ ਹੈ: “ਅੱਜ ਮੈਂ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਯਹੋਵਾਹ ਅਤੇ ਯਿਸੂ ਦਾ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਮੇਰੇ ਲਈ ਕੀਤੀਆਂ ਹਨ। ਮੈਂ ਸਾਰੀਆਂ ਜਾਤੀਆਂ, ਰੰਗਾਂ, ਅਤੇ ਪਿਛੋਕੜਾਂ ਤੋਂ ਆਏ ਲੱਖਾਂ ਹੀ ਯਹੋਵਾਹ ਦੇ ਨਿਸ਼ਠਾਵਾਨ ਸੇਵਕਾਂ ਦੇ ਨਾਲ ਕੰਮ ਕਰਦਾ ਹਾਂ, ਜੋ ਇਕ ਹੀ ਮਕਸਦ ਵਿਚ ਇਕਮੁੱਠ ਹਨ।”
ਵੱਡੇ ਹੁੰਦੇ ਸਮੇਂ, ਡੌਰਯੋ ਪੂਰਵ-ਧਾਰਣਾ ਦਾ ਇਕ ਹੋਰ ਸ਼ਿਕਾਰ ਸੀ। ਸੋਲਾਂ ਸਾਲ ਦੀ ਉਮਰ ਤੇ, ਉਸ ਨੇ ਯਹੋਵਾਹ ਦੇ ਗਵਾਹਾਂ ਦੇ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਉਸ ਨੇ ਟਿੱਪਣੀ ਕੀਤੀ: “ਮੈਂ ਪਾਇਆ ਹੈ ਕਿ ਗਵਾਹਾਂ ਦੇ ਵਿਚ ਜਾਤੀਗਤ ਉਚੇਰੇਪਣ ਦੀ ਕੋਈ ਭਾਵਨਾ ਨਹੀਂ ਹੈ।” ਉਹ ਸੱਚੇ ਪ੍ਰੇਮ ਦੇ ਵਾਤਾਵਰਣ ਤੋਂ ਪ੍ਰਭਾਵਿਤ ਹੋਇਆ। ਖ਼ਾਸ ਤੌਰ ਤੇ ਉਸ ਨੇ ਦੇਖਿਆ ਕਿ ਵੱਖਰੀਆਂ ਜਾਤੀਆਂ ਦੇ ਵਿਅਕਤੀ ਕਲੀਸਿਯਾ ਦੇ ਅੰਦਰ ਜ਼ਿੰਮੇਵਾਰੀ ਦੇ ਪਦਾਂ ਵਿਚ ਸੇਵਾ ਕਰਦੇ ਹਨ। ਜਦ ਕਦੀ ਵੀ ਉਸ ਨੂੰ ਕਲੀਸਿਯਾ ਦੇ ਬਾਹਰ ਦੇ ਲੋਕਾਂ ਦੁਆਰਾ ਕਿਸੇ ਪ੍ਰਕਾਰ ਦੀ ਪੂਰਵ-ਧਾਰਣਾ ਜਾਂ ਵਿਤਕਰੇ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਡੌਰਯੋ ਯਾਦ ਕਰਦਾ ਹੈ ਕਿ ਯਹੋਵਾਹ ਸਾਰੀਆਂ ਕੌਮਾਂ, ਕਬੀਲਿਆਂ, ਅਤੇ ਭਾਸ਼ਾਵਾਂ ਦੇ ਲੋਕਾਂ ਨਾਲ ਪ੍ਰੇਮ ਕਰਦਾ ਹੈ।
ਕਿਵੇਂ ਨਿਭੀਏ
ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਨਾਲ ਮਾਣ ਅਤੇ ਆਦਰ ਦੇ ਨਾਲ ਵਰਤਾਉ ਕੀਤਾ ਜਾਵੇ। ਇਸੇ ਲਈ ਪੂਰਵ-ਧਾਰਣਾ ਦਾ ਸ਼ਿਕਾਰ ਹੋਣਾ, ਸਹਿਣ ਕਰਨ ਦੇ ਲਈ ਇਕ ਕਠਿਨ ਅਜ਼ਮਾਇਸ਼ ਹੈ। ਮਸੀਹੀ ਕਲੀਸਿਯਾ ਸਾਨੂੰ ਇਸ ਦੁਸ਼ਟ ਸੰਸਾਰ ਦੇ ਹਰੇਕ ਪੱਖਪਾਤੀ ਰਵੱਈਏ ਤੋਂ ਨਹੀਂ ਬਚਾਈ ਰੱਖਦੀ ਹੈ। ਜਦ ਤਕ ਸ਼ਤਾਨ ਅਰਥਾਤ ਇਬਲੀਸ ਸੰਸਾਰ ਦੇ ਮਾਮਲਿਆਂ ਨੂੰ ਨਿਯੰਤ੍ਰਿਤ ਕਰ ਰਿਹਾ ਹੈ, ਅਨਿਆਉਂ ਰਹੇਗਾ ਹੀ। (1 ਯੂਹੰਨਾ 5:19) ਪਰਕਾਸ਼ ਦੀ ਪੋਥੀ 12:12 ਸਾਨੂੰ ਚੇਤਾਵਨੀ ਦਿੰਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” ਉਸ ਦਾ ਇਰਾਦਾ ਕੇਵਲ ਤਕਲੀਫ਼ ਪਹੁੰਚਾਉਣਾ ਹੀ ਨਹੀਂ ਹੈ। ਉਸ ਦੀ ਤੁਲਨਾ ਇਕ ਖ਼ੂੰਖਾਰ ਪਸ਼ੂ ਦੇ ਨਾਲ ਕੀਤੀ ਗਈ ਹੈ। ਰਸੂਲ ਪਤਰਸ ਸਾਨੂੰ ਦੱਸਦਾ ਹੈ: “ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ।”—1 ਪਤਰਸ 5:8.
ਬਾਈਬਲ ਸਾਨੂੰ ਇਹ ਵੀ ਦੱਸਦੀ ਹੈ: “ਉਪਰੰਤ ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” (ਯਾਕੂਬ 4:7) ਪੂਰਵ-ਧਾਰਣਾ ਦੇ ਨਾਲ ਨਿਭਣ ਦੇ ਲਈ ਇਕ ਉੱਤਮ ਮਦਦ ਹੈ ਪਰਮੇਸ਼ੁਰ ਦੇ ਵੱਲ ਰੱਖਿਆ ਦੇ ਲਈ ਦੇਖਣਾ, ਜਿਵੇਂ ਕਿ ਰਾਜਾ ਦਾਊਦ ਨੇ ਕੀਤਾ ਸੀ: “ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਅਤੇ ਅਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ।” (ਜ਼ਬੂਰ 71:4) ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਵੀ ਪ੍ਰਾਰਥਨਾ ਕਰ ਸਕਦੇ ਹਾਂ: “ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਆਦਮੀ ਮੈਨੂੰ ਮਿੱਧਦੇ ਹਨ, ਓਹ ਸਾਰਾ ਦਿਨ ਲੜਦੇ ਹੋਏ ਮੈਨੂੰ ਦਬਾਈ ਜਾਂਦੇ ਹਨ।”—ਜ਼ਬੂਰ 56:1.
ਪਰਮੇਸ਼ੁਰ ਅਜਿਹੀਆਂ ਪ੍ਰਾਰਥਨਾਵਾਂ ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਵੇਗਾ? ਬਾਈਬਲ ਜਵਾਬ ਦਿੰਦੀ ਹੈ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।” (ਜ਼ਬੂਰ 72:12, 13) ਇਹ ਜਾਣਨਾ ਕਿੰਨਾ ਚੰਗਾ ਹੈ ਕਿ ਨਿਸ਼ਚਿਤ ਸਮੇਂ ਤੇ ਯਹੋਵਾਹ ਉਨ੍ਹਾਂ ਸਾਰਿਆਂ ਦੇ ਲਈ ਰਾਹਤ ਲਿਆਵੇਗਾ ਜੋ ਅਨਿਆਉਂ ਦੇ ਸ਼ਿਕਾਰ ਹਨ!
“ਓਹ ਨਾ ਸੱਟ ਲਾਉਣਗੇ”
ਇਸ ਸੰਸਾਰ ਦੀਆਂ ਸਰਕਾਰਾਂ ਸ਼ਾਇਦ ਆਪਣੇ ਕਾਨੂੰਨਾਂ ਅਤੇ ਕਾਰਜਕ੍ਰਮਾਂ ਦੇ ਨਾਲ ਪੂਰਵ-ਧਾਰਣਾ ਦੇ ਵਿਰੁੱਧ ਲੜਦੀਆਂ ਰਹਿਣ। ਉਹ ਸ਼ਾਇਦ ਸਮਤਾ ਅਤੇ ਨਿਰਪੱਖਤਾ ਦਾ ਵਾਅਦਾ ਕਰਦੀਆਂ ਰਹਿਣ। ਪਰੰਤੂ ਉਹ ਸਫ਼ਲ ਨਹੀਂ ਹੋ ਸਕਦੀਆਂ ਹਨ। (ਜ਼ਬੂਰ 146:3) ਕੇਵਲ ਪਰਮੇਸ਼ੁਰ ਹੀ ਸਾਰੇ ਪੱਖਪਾਤੀ ਵਰਤਾਉ ਨੂੰ ਖ਼ਤਮ ਕਰ ਸਕਦਾ ਹੈ ਅਤੇ ਕਰੇਗਾ। ਉਹ ਮਨੁੱਖਜਾਤੀ ਨੂੰ ਇਕ ਸੰਯੁਕਤ ਪਰਿਵਾਰ ਵਿਚ ਤਬਦੀਲ ਕਰ ਦੇਵੇਗਾ। “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ” ਇਸ ਦੁਸ਼ਟ ਵਿਵਸਥਾ ਦੇ ਅੰਤ ਵਿੱਚੋਂ ਬਚ ਨਿਕਲੇਗੀ ਅਤੇ ਸ਼ਾਂਤੀ ਵਿਚ ਰਹਿਣ ਦਾ ਆਨੰਦ ਮਾਣੇਗੀ।—ਪਰਕਾਸ਼ ਦੀ ਪੋਥੀ 7:9, 10.
ਯਹੋਵਾਹ ਜਾਤੀਗਤ ਅਤੇ ਸਮਾਜਕ ਪੂਰਵ-ਧਾਰਣਾ ਦੇ ਕਾਰਨ ਹੋਈ ਸਾਰੀ ਹਾਨੀ ਨੂੰ ਮਿਟਾ ਦੇਵੇਗਾ। ਕਲਪਨਾ ਕਰੋ, ਕਿਸੇ ਦੇ ਨਾਲ ਵੀ ਅਨੁਚਿਤ ਢੰਗ ਨਾਲ ਵਰਤਾਉ ਨਹੀਂ ਕੀਤਾ ਜਾਵੇਗਾ! “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:4) ਅਤੇ ਯਸਾਯਾਹ 11:9 ਕਹਿੰਦਾ ਹੈ: “ਓਹ ਨਾ ਸੱਟ ਲਾਉਣਗੇ।”
ਜੇਕਰ ਤੁਸੀਂ ਹੁਣ ਪੂਰਵ-ਧਾਰਣਾ ਦੇ ਸ਼ਿਕਾਰ ਹੋ, ਤਾਂ ਭਵਿੱਖ ਦੇ ਲਈ ਇਹ ਅਦਭੁਤ ਉਮੀਦ ਯਹੋਵਾਹ ਦੇ ਨਾਲ ਤੁਹਾਡੇ ਸੰਬੰਧ ਨੂੰ ਮਜ਼ਬੂਤ ਕਰੇਗੀ। ਇਹ ਤੁਹਾਨੂੰ ਇਸ ਦੁਸ਼ਟ ਵਿਵਸਥਾ ਦੇ ਅਨਿਆਉਂ ਨੂੰ ਸਹਿਣ ਕਰਨ ਵਿਚ ਮਦਦ ਕਰੇਗੀ। ਜਿਉਂ-ਜਿਉਂ ਤੁਸੀਂ ਪੂਰਵ-ਧਾਰਣਾ ਦੇ ਨਾਲ ਨਿਭਦੇ ਹੋ ਅਤੇ ਅਗਾਹਾਂ ਨੂੰ ਦੇਖਦੇ ਹੋ, ਬਾਈਬਲ ਦੀ ਸਿਆਣੀ ਸਲਾਹ ਨੂੰ ਮੰਨੋ: “ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਿਲੇਰ ਹੋਵੇ।”—ਜ਼ਬੂਰ 31:24. (w96 6/1)
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
U.S. National Archives photo