ਯਹੋਵਾਹ ਦਾ ਪਰਿਵਾਰ ਬਹੁਮੁੱਲੀ ਏਕਤਾ ਦਾ ਆਨੰਦ ਮਾਣਦਾ ਹੈ
“ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!”—ਜ਼ਬੂਰ 133:1.
1. ਅੱਜ ਅਨੇਕ ਪਰਿਵਾਰਾਂ ਦੀ ਕੀ ਸਥਿਤੀ ਹੈ?
ਅੱਜਪਰਿਵਾਰ ਸੰਕਟ ਵਿਚ ਹੈ। ਅਨੇਕ ਪਰਿਵਾਰਾਂ ਵਿਚ, ਵਿਆਹ ਦੇ ਬੰਧਨ ਨਾਜ਼ੁਕ ਸਥਿਤੀ ਵਿਚ ਹਨ। ਤਲਾਕ ਵਧਦੀ ਗਿਣਤੀ ਵਿਚ ਆਮ ਹੁੰਦਾ ਜਾ ਰਿਹਾ ਹੈ, ਅਤੇ ਤਲਾਕ-ਸ਼ੁਦਾ ਦੰਪਤੀਆਂ ਦੇ ਅਨੇਕ ਬੱਚੇ ਵੱਡਾ ਦੁੱਖ ਅਨੁਭਵ ਕਰ ਰਹੇ ਹਨ। ਕਰੋੜਾਂ ਪਰਿਵਾਰ ਦੁਖੀ ਅਤੇ ਅਸੰਯੁਕਤ ਹਨ। ਫਿਰ ਵੀ, ਅਜਿਹਾ ਇਕ ਪਰਿਵਾਰ ਹੈ ਜੋ ਅਸਲੀ ਖ਼ੁਸ਼ੀ ਅਤੇ ਸੱਚੀ ਏਕਤਾ ਨੂੰ ਜਾਣਦਾ ਹੈ। ਇਹ ਯਹੋਵਾਹ ਪਰਮੇਸ਼ੁਰ ਦਾ ਵਿਸ਼ਵ ਪਰਿਵਾਰ ਹੈ। ਇਸ ਵਿਚ, ਅਣਗਿਣਤ ਅਦ੍ਰਿਸ਼ਟ ਦੂਤ ਈਸ਼ਵਰੀ ਇੱਛਾ ਦੀ ਇਕਸਾਰਤਾ ਵਿਚ ਆਪਣੇ ਨਿਯੁਕਤ ਕਾਰਜਾਂ ਨੂੰ ਪੂਰਾ ਕਰਦੇ ਹਨ। (ਜ਼ਬੂਰ 103:20, 21) ਪਰੰਤੂ ਕੀ ਧਰਤੀ ਉੱਤੇ ਇਕ ਪਰਿਵਾਰ ਹੈ ਜੋ ਅਜਿਹੀ ਏਕਤਾ ਦਾ ਆਨੰਦ ਮਾਣਦਾ ਹੈ?
2, 3. (ੳ) ਕੌਣ ਹੁਣ ਪਰਮੇਸ਼ੁਰ ਦੇ ਵਿਸ਼ਵ ਪਰਿਵਾਰ ਦਾ ਭਾਗ ਹਨ, ਅਤੇ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਅੱਜ ਕਿਸ ਦੇ ਵਾਂਗ ਦਰਸਾਇਆ ਜਾ ਸਕਦਾ ਹੈ? (ਅ) ਅਸੀਂ ਕਿਹੜੇ ਸਵਾਲਾਂ ਦੀ ਚਰਚਾ ਕਰਾਂਗੇ?
2 ਰਸੂਲ ਪੌਲੁਸ ਨੇ ਲਿਖਿਆ: “ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ। ਜਿਸ ਤੋਂ ਅਕਾਸ਼ ਅਤੇ ਧਰਤੀ ਉਤਲੇ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ।” (ਅਫ਼ਸੀਆਂ 3:14, 15) ਧਰਤੀ ਉੱਤੇ ਹਰ ਇਕ ਵੰਸ਼ਾਵਲੀ ਆਪਣੇ ਨਾਂ ਦੇ ਲਈ ਪਰਮੇਸ਼ੁਰ ਦੀ ਰਿਣੀ ਹੈ ਕਿਉਂਕਿ ਉਹ ਸ੍ਰਿਸ਼ਟੀਕਰਤਾ ਹੈ। ਭਾਵੇਂ ਕਿ ਸਵਰਗ ਵਿਚ ਕੋਈ ਮਾਨਵ ਪਰਿਵਾਰ ਨਹੀਂ ਹਨ, ਲਾਖਣਿਕ ਤੌਰ ਤੇ ਪਰਮੇਸ਼ੁਰ ਆਪਣੇ ਸਵਰਗੀ ਸੰਗਠਨ ਦੇ ਨਾਲ ਵਿਆਹਿਆ ਹੋਇਆ ਹੈ, ਅਤੇ ਯਿਸੂ ਦੀ ਇਕ ਅਧਿਆਤਮਿਕ ਲਾੜੀ ਹੋਵੇਗੀ ਜੋ ਉਸ ਦੇ ਨਾਲ ਸਵਰਗ ਵਿਚ ਆ ਮਿਲੇਗੀ। (ਯਸਾਯਾਹ 54:5; ਲੂਕਾ 20:34, 35; 1 ਕੁਰਿੰਥੀਆਂ 15:50; 2 ਕੁਰਿੰਥੀਆਂ 11:2) ਧਰਤੀ ਉੱਤੇ ਵਫ਼ਾਦਾਰ ਮਸਹ ਕੀਤੇ ਹੋਏ ਵਿਅਕਤੀ ਹੁਣ ਪਰਮੇਸ਼ੁਰ ਦੇ ਵਿਸ਼ਵ ਪਰਿਵਾਰ ਦਾ ਭਾਗ ਹਨ, ਅਤੇ ਪਾਰਥਿਵ ਉਮੀਦਾਂ ਰੱਖਣ ਵਾਲੀਆਂ ਯਿਸੂ ਦੀਆਂ ‘ਹੋਰ ਭੇਡਾਂ’ ਇਸ ਦੇ ਸੰਭਾਵੀ ਸਦੱਸ ਹਨ। (ਯੂਹੰਨਾ 10:16; ਰੋਮੀਆਂ 8:14-17; ਪਹਿਰਾਬੁਰਜ (ਅੰਗ੍ਰੇਜ਼ੀ), ਜਨਵਰੀ 15, 1996, ਸਫ਼ਾ 31) ਲੇਕਨ, ਸਾਰੇ ਯਹੋਵਾਹ ਦੇ ਗਵਾਹਾਂ ਨੂੰ ਅੱਜ ਇਕ ਸੰਯੁਕਤ ਵਿਸ਼ਵ-ਵਿਆਪੀ ਪਰਿਵਾਰ ਦੇ ਵਾਂਗ ਦਰਸਾਇਆ ਜਾ ਸਕਦਾ ਹੈ।
3 ਕੀ ਤੁਸੀਂ ਪਰਮੇਸ਼ੁਰ ਦੇ ਸੇਵਕਾਂ ਦੇ ਇਸ ਅਦਭੁਤ ਅੰਤਰਰਾਸ਼ਟਰੀ ਪਰਿਵਾਰ ਦਾ ਭਾਗ ਹੋ? ਜੇਕਰ ਤੁਸੀਂ ਹੋ, ਤਾਂ ਤੁਸੀਂ ਇਕ ਸਭ ਤੋਂ ਵੱਡੀ ਬਰਕਤ ਜੋ ਕਿਸੇ ਨੂੰ ਹਾਸਲ ਹੋ ਸਕਦੀ ਹੈ ਦਾ ਆਨੰਦ ਮਾਣਦੇ ਹੋ। ਲੱਖਾਂ ਹੀ ਲੋਕ ਇਸ ਦੀ ਤਸਦੀਕ ਕਰਨਗੇ ਕਿ ਯਹੋਵਾਹ ਦਾ ਵਿਸ਼ਵ-ਵਿਆਪੀ ਪਰਿਵਾਰ—ਉਸ ਦਾ ਦ੍ਰਿਸ਼ਟ ਸੰਗਠਨ—ਲੜਾਈ-ਝਗੜੇ ਅਤੇ ਫੁੱਟ ਦੇ ਸੰਸਾਰੀ ਮਾਰੂਥਲ ਵਿਚ ਸ਼ਾਂਤੀ ਅਤੇ ਏਕਤਾ ਦਾ ਇਕ ਨਖਲਿਸਤਾਨ ਹੈ। ਯਹੋਵਾਹ ਦੇ ਵਿਸ਼ਵ-ਵਿਆਪੀ ਪਰਿਵਾਰ ਦੀ ਏਕਤਾ ਨੂੰ ਸ਼ਾਇਦ ਕਿਵੇਂ ਵਰਣਿਤ ਕੀਤਾ ਜਾ ਸਕਦਾ ਹੈ? ਅਤੇ ਕਿਹੜੇ ਕਾਰਕ ਅਜਿਹੀ ਏਕਤਾ ਨੂੰ ਵਧਾਉਂਦੇ ਹਨ?
ਕਿੰਨਾ ਚੰਗਾ ਤੇ ਸੋਹਣਾ!
4. ਭਰਾਤਰੀ ਏਕਤਾ ਬਾਰੇ ਜ਼ਬੂਰ 133 ਜੋ ਕਹਿੰਦਾ ਹੈ, ਉਸ ਨੂੰ ਤੁਸੀਂ ਆਪਣੇ ਸ਼ਬਦਾਂ ਵਿਚ ਕਿਵੇਂ ਅਭਿਵਿਅਕਤ ਕਰੋਗੇ?
4 ਜ਼ਬੂਰਾਂ ਦਾ ਲਿਖਾਰੀ ਦਾਊਦ, ਭਰਾਤਰੀ ਏਕਤਾ ਦੀ ਦਿਲੋਂ ਕਦਰ ਕਰਦਾ ਸੀ। ਇੱਥੋਂ ਤਕ ਕਿ ਉਹ ਇਸ ਦੇ ਬਾਰੇ ਗਾਉਣ ਦੇ ਲਈ ਵੀ ਪ੍ਰੇਰਿਤ ਹੋਇਆ ਸੀ! ਉਸ ਨੂੰ ਆਪਣੇ ਹਾਰਪ ਦੇ ਨਾਲ ਕਲਪਨਾ ਕਰੋ ਜਿਉਂ ਹੀ ਉਹ ਗਾਉਂਦਾ ਹੈ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ! ਏਹ ਉਸ ਖਾਲਸ ਤੇਲ ਦੀ ਨਿਆਈਂ ਹੈ, ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ, ਅਰਥਾਤ ਹਾਰੂਨ ਦੀ ਦਾੜ੍ਹੀ ਉੱਤੇ ਉਤਰਿਆ, ਅਤੇ ਉਸ ਦੀ ਪੁਸ਼ਾਕ ਦੀ ਕੋਰ ਤੀਕ ਪੁੱਜਿਆ। ਹਰਮੋਨ ਦੀ ਤ੍ਰੇਲ ਦੀ ਨਿਆਈਂ, ਜੋ ਸੀਯੋਨ ਦੇ ਪਹਾੜ ਉੱਤੇ ਚੋਂਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।”—ਜ਼ਬੂਰ 133:1-3.
5. ਜ਼ਬੂਰ 133:1, 2 ਦੇ ਆਧਾਰ ਉੱਤੇ, ਇਸਰਾਏਲੀਆਂ ਅਤੇ ਪਰਮੇਸ਼ੁਰ ਦੇ ਵਰਤਮਾਨ-ਦਿਨ ਦੇ ਸੇਵਕਾਂ ਵਿਚਕਾਰ ਕਿਹੜੀ ਤੁਲਨਾ ਕੀਤੀ ਜਾ ਸਕਦੀ ਹੈ?
5 ਇਹ ਸ਼ਬਦ ਉਸ ਭਰਾਤਰੀ ਏਕਤਾ ਨੂੰ ਲਾਗੂ ਹੁੰਦੇ ਹਨ ਜਿਸ ਦਾ ਆਨੰਦ ਪਰਮੇਸ਼ੁਰ ਦੇ ਪ੍ਰਾਚੀਨ ਲੋਕ, ਇਸਰਾਏਲੀਆਂ ਨੇ ਮਾਣਿਆ। ਜਦੋਂ ਉਹ ਆਪਣੇ ਤਿੰਨ ਸਾਲਾਨਾ ਪਰਬਾਂ ਦੇ ਲਈ ਯਰੂਸ਼ਲਮ ਵਿਚ ਆਉਂਦੇ ਸਨ, ਤਾਂ ਉਹ ਮਿਲ ਜੁਲ ਕੇ ਵਸਦੇ ਸਨ। ਭਾਵੇਂ ਕਿ ਉਹ ਵਿਭਿੰਨ ਗੋਤਾਂ ਤੋਂ ਆਏ ਸਨ, ਉਹ ਇਕ ਪਰਿਵਾਰ ਸਨ। ਇਕੱਠੇ ਰਹਿਣ ਨਾਲ ਉਨ੍ਹਾਂ ਉੱਤੇ ਇਕ ਸੁਅਸਥਕਾਰੀ ਪ੍ਰਭਾਵ ਪੈਂਦਾ ਸੀ, ਜਿਵੇਂ ਕਿ ਤਾਜ਼ਗੀ ਲਿਆਉਣ ਵਾਲਾ ਮਸਹ ਕਰਨ ਦਾ ਤੇਲ, ਜਿਸ ਦੀ ਮਨਮੋਹਕ ਖ਼ੁਸ਼ਬੂ ਹੁੰਦੀ ਸੀ। ਜਦੋਂ ਅਜਿਹਾ ਤੇਲ ਹਾਰੂਨ ਦੇ ਸਿਰ ਉੱਤੇ ਡੋਲ੍ਹਿਆ ਜਾਂਦਾ ਸੀ, ਤਾਂ ਇਹ ਉਸ ਦੀ ਦਾੜ੍ਹੀ ਤੋਂ ਵਹਿ ਕੇ ਉਸ ਦੀ ਪੁਸ਼ਾਕ ਦੀ ਕੋਰ ਤਕ ਆਉਂਦਾ ਸੀ। ਇਸਰਾਏਲੀਆਂ ਦੇ ਲਈ, ਇਕੱਠੇ ਰਹਿਣ ਨਾਲ ਇਕ ਚੰਗਾ ਪ੍ਰਭਾਵ ਪਿਆ ਜੋ ਸਮੁੱਚੇ ਤੌਰ ਤੇ ਇਕੱਤਰਿਤ ਲੋਕਾਂ ਦੇ ਵਿਚ ਫੈਲ ਗਿਆ। ਗ਼ਲਤਫ਼ਹਿਮੀਆਂ ਨੂੰ ਦੂਰ ਕੀਤਾ ਗਿਆ, ਅਤੇ ਏਕਤਾ ਨੂੰ ਵਧਾਇਆ ਗਿਆ। ਇਸੇ ਤਰ੍ਹਾਂ ਦੀ ਏਕਤਾ ਅੱਜ ਯਹੋਵਾਹ ਦੇ ਵਿਸ਼ਵ-ਵਿਆਪੀ ਪਰਿਵਾਰ ਵਿਚ ਵੀ ਹੈ। ਨਿਯਮਿਤ ਤੌਰ ਤੇ ਸੰਗਤ ਕਰਨਾ ਇਸ ਦੇ ਸਦੱਸਾਂ ਉੱਤੇ ਇਕ ਸੁਅਸਥਕਾਰੀ ਅਧਿਆਤਮਿਕ ਪ੍ਰਭਾਵ ਪਾਉਂਦਾ ਹੈ। ਕੋਈ ਵੀ ਗ਼ਲਤਫ਼ਹਿਮੀਆਂ ਜਾਂ ਮੁਸ਼ਕਲਾਂ ਦੂਰ ਕੀਤੀਆਂ ਜਾਂਦੀਆਂ ਹਨ ਜਿਉਂ-ਜਿਉਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਲਾਗੂ ਕੀਤੀ ਜਾਂਦੀ ਹੈ। (ਮੱਤੀ 5:23, 24; 18:15-17) ਯਹੋਵਾਹ ਦੇ ਲੋਕ ਇਸ ਪਰਸਪਰ ਹੌਸਲਾ-ਅਫ਼ਜ਼ਾਈ ਦੀ ਅਤਿ ਕਦਰ ਕਰਦੇ ਹਨ ਜੋ ਉਨ੍ਹਾਂ ਦੀ ਭਰਾਤਰੀ ਏਕਤਾ ਤੋਂ ਪਰਿਣਿਤ ਹੁੰਦੀ ਹੈ।
6, 7. ਇਸਰਾਏਲ ਦੀ ਏਕਤਾ ਹਰਮੋਨ ਪਹਾੜ ਦੀ ਤ੍ਰੇਲ ਦੇ ਵਾਂਗ ਕਿਵੇਂ ਸੀ, ਅਤੇ ਅੱਜ ਪਰਮੇਸ਼ੁਰ ਦੀ ਬਰਕਤ ਕਿੱਥੇ ਪਾਈ ਜਾ ਸਕਦੀ ਹੈ?
6 ਇਸਰਾਏਲ ਦਾ ਮਿਲ ਜੁਲ ਕੇ ਵਸਣਾ ਵੀ ਹਰਮੋਨ ਪਹਾੜ ਦੀ ਤ੍ਰੇਲ ਦੇ ਵਾਂਗ ਕਿਵੇਂ ਸੀ? ਖ਼ੈਰ, ਕਿਉਂਕਿ ਇਸ ਪਹਾੜ ਦੀ ਚੋਟੀ ਸਮੁੰਦਰ ਤਲ ਤੋਂ 2,800 ਮੀਟਰ ਤੋਂ ਵੱਧ ਉੱਚੀ ਸੀ, ਇਹ ਲਗਭਗ ਪੂਰੇ ਸਾਲ ਹੀ ਬਰਫ਼ ਨਾਲ ਢਕੀ ਹੁੰਦੀ ਹੈ। ਹਰਮੋਨ ਦੀ ਬਰਫ਼ਾਨੀ ਚੋਟੀ ਦੇ ਕਾਰਨ ਰਾਤ ਦੇ ਵਾਸ਼ਪ ਦਾ ਸੰਘਣਨ ਹੁੰਦਾ ਹੈ ਅਤੇ ਇਸ ਤਰ੍ਹਾਂ ਭਰਪੂਰ ਤ੍ਰੇਲ ਉਤਪੰਨ ਹੁੰਦੀ ਹੈ ਜੋ ਚਿਰਕਾਲੀ ਖ਼ੁਸ਼ਕ ਰੁੱਤ ਦੇ ਦੌਰਾਨ ਬਨਸਪਤੀ ਨੂੰ ਬਰਕਰਾਰ ਰੱਖਦੀ ਹੈ। ਹਰਮੋਨ ਪਹਾੜ ਦੀ ਲੜੀ ਤੋਂ ਆਈ ਠੰਢੀ ਹਵਾ ਦਾ ਵਹਾਉ ਅਜਿਹੇ ਵਾਸ਼ਪ ਨੂੰ ਦੂਰ ਦੱਖਣ ਵੱਲ ਯਰੂਸ਼ਲਮ ਦੇ ਖੇਤਰ ਤਕ ਪਹੁੰਚਾ ਸਕਦਾ ਹੈ, ਜਿੱਥੇ ਇਹ ਤ੍ਰੇਲ ਦੇ ਤੌਰ ਤੇ ਸੰਘਣਾ ਹੁੰਦਾ ਹੈ। ਇਸ ਲਈ ਜ਼ਬੂਰ ਦੇ ਲਿਖਾਰੀ ਨੇ ਸਹੀ ਤੌਰ ਤੇ ‘ਹਰਮੋਨ ਦੀ ਤ੍ਰੇਲ ਜੋ ਸੀਯੋਨ ਪਹਾੜ ਉੱਤੇ ਚੋਂਦੀ ਹੈ,’ ਦੇ ਬਾਰੇ ਗੱਲ ਕੀਤੀ। ਉਸ ਤਾਜ਼ਗੀ ਲਿਆਉਣ ਵਾਲੇ ਪ੍ਰਭਾਵ ਦੇ ਬਾਰੇ ਕਿੰਨੀ ਹੀ ਚੰਗੀ ਯਾਦ-ਦਹਾਨੀ ਜੋ ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਦੀ ਏਕਤਾ ਨੂੰ ਵਧਾਉਂਦਾ ਹੈ!
7 ਮਸੀਹੀ ਕਲੀਸਿਯਾ ਦੇ ਸਥਾਪਿਤ ਹੋਣ ਤੋਂ ਪਹਿਲਾਂ, ਸੀਯੋਨ, ਜਾਂ ਯਰੂਸ਼ਲਮ ਸੱਚੀ ਉਪਾਸਨਾ ਦਾ ਕੇਂਦਰ ਸੀ। ਇਸ ਲਈ, ਪਰਮੇਸ਼ੁਰ ਨੇ ਉੱਥੇ ਹੀ ਬਰਕਤਾਂ ਹੋਣ ਦਾ ਹੁਕਮ ਦਿੱਤਾ। ਜਦ ਕਿ ਸਾਰੀਆਂ ਬਰਕਤਾਂ ਦਾ ਸ੍ਰੋਤ ਪ੍ਰਤੀਕ ਰੂਪ ਵਿਚ ਯਰੂਸ਼ਲਮ ਵਿਖੇ ਹੈਕਲ ਵਿਚ ਵਸਦਾ ਸੀ, ਤਾਂ ਬਰਕਤਾਂ ਉੱਥੋਂ ਹੀ ਨਿਕਲਦੀਆਂ। ਕਿਉਂ ਜੋ ਹੁਣ ਸੱਚੀ ਉਪਾਸਨਾ ਕਿਸੇ ਇਕ ਸਥਾਨ ਉੱਤੇ ਨਿਰਭਰ ਨਹੀਂ ਹੈ, ਇਸ ਲਈ ਪਰਮੇਸ਼ੁਰ ਦੇ ਸੇਵਕਾਂ ਦੀ ਬਰਕਤ, ਪ੍ਰੇਮ, ਅਤੇ ਏਕਤਾ ਅੱਜ ਪੂਰੀ ਧਰਤੀ ਵਿਚ ਪਾਈ ਜਾ ਸਕਦੀ ਹੈ। (ਯੂਹੰਨਾ 13:34, 35) ਇਸ ਏਕਤਾ ਨੂੰ ਵਧਾਉਣ ਵਾਲੇ ਕੁਝ ਕਾਰਕ ਕਿਹੜੇ ਹਨ?
ਏਕਤਾ ਨੂੰ ਵਧਾਉਣ ਵਾਲੇ ਕਾਰਕ
8. ਯੂਹੰਨਾ 17:20, 21 ਵਿਚ ਅਸੀਂ ਏਕਤਾ ਬਾਰੇ ਕੀ ਸਿੱਖਦੇ ਹਾਂ?
8 ਯਹੋਵਾਹ ਦੇ ਉਪਾਸਕਾਂ ਦੀ ਏਕਤਾ ਸਹੀ ਤੌਰ ਤੇ ਸਮਝੇ ਗਏ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਉੱਤੇ ਆਧਾਰਿਤ ਹੈ, ਜਿਸ ਵਿਚ ਯਿਸੂ ਮਸੀਹ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ। ਯਹੋਵਾਹ ਵੱਲੋਂ ਆਪਣੇ ਪੁੱਤਰ ਨੂੰ ਸੱਚਾਈ ਦੇ ਪ੍ਰਤੀ ਗਵਾਹੀ ਦੇਣ ਦੇ ਲਈ ਅਤੇ ਇਕ ਬਲੀਦਾਨ-ਰੂਪੀ ਮੌਤ ਮਰਨ ਦੇ ਲਈ ਇਸ ਸੰਸਾਰ ਵਿਚ ਭੇਜਣ ਦੁਆਰਾ, ਸੰਯੁਕਤ ਮਸੀਹੀ ਕਲੀਸਿਯਾ ਦੀ ਸਥਾਪਨਾ ਦੇ ਲਈ ਰਾਹ ਖੋਲ੍ਹਿਆ ਗਿਆ। (ਯੂਹੰਨਾ 3:16; 18:37) ਇਹ ਗੱਲ ਕਿ ਇਸ ਦੇ ਸਦੱਸਾਂ ਦੇ ਵਿਚ ਅਸਲੀ ਏਕਤਾ ਹੋਣੀ ਸੀ, ਉਦੋਂ ਸਪੱਸ਼ਟ ਕੀਤੀ ਗਈ ਜਦੋਂ ਯਿਸੂ ਨੇ ਪ੍ਰਾਰਥਨਾ ਕੀਤੀ: “ਮੈਂ ਨਿਰਾ ਏਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਓਹਨਾਂ ਲਈ ਵੀ ਜਿਹੜੇ ਏਹਨਾਂ ਦੇ ਬਚਨ ਨਾਲ ਮੇਰੇ ਉੱਤੇ ਨਿਹਚਾ ਕਰਨਗੇ। ਜੋ ਓਹ ਸਭ ਇੱਕ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਓਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈਂ ਮੈਨੂੰ ਘੱਲਿਆ।” (ਯੂਹੰਨਾ 17:20, 21) ਯਿਸੂ ਦੇ ਅਨੁਯਾਈਆਂ ਨੇ ਸੱਚ-ਮੁੱਚ ਹੀ ਅਜਿਹੀ ਏਕਤਾ ਪ੍ਰਾਪਤ ਕੀਤੀ ਜੋ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੇ ਵਿਚਕਾਰ ਸੀ। ਇਹ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀਆਂ ਸਿੱਖਿਆਵਾਂ ਦੀ ਆਗਿਆਪਾਲਣਾ ਕੀਤੀ। ਇਹੋ ਹੀ ਰਵੱਈਆ ਅੱਜ ਯਹੋਵਾਹ ਦੇ ਵਿਸ਼ਵ-ਵਿਆਪੀ ਪਰਿਵਾਰ ਦੀ ਏਕਤਾ ਦਾ ਇਕ ਮੁੱਖ ਕਾਰਕ ਹੈ।
9. ਯਹੋਵਾਹ ਦੇ ਲੋਕਾਂ ਦੀ ਏਕਤਾ ਵਿਚ ਪਵਿੱਤਰ ਆਤਮਾ ਕਿਹੜੀ ਭੂਮਿਕਾ ਅਦਾ ਕਰਦੀ ਹੈ?
9 ਇਕ ਹੋਰ ਕਾਰਕ ਜੋ ਯਹੋਵਾਹ ਦੇ ਲੋਕਾਂ ਨੂੰ ਇਕਮੁੱਠ ਕਰਦਾ ਹੈ, ਉਹ ਹੈ ਕਿ ਸਾਡੇ ਕੋਲ ਪਰਮੇਸ਼ੁਰ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਹੈ। ਇਹ ਸਾਨੂੰ ਯਹੋਵਾਹ ਦੇ ਬਚਨ ਦੀ ਪ੍ਰਗਟ ਸੱਚਾਈ ਨੂੰ ਸਮਝਣ ਅਤੇ ਇਸ ਤਰ੍ਹਾਂ ਇਕਮੁੱਠ ਹੋ ਕੇ ਉਸ ਦੀ ਸੇਵਾ ਕਰਨ ਦੇ ਯੋਗ ਬਣਾਉਂਦੀ ਹੈ। (ਯੂਹੰਨਾ 16:12, 13) ਆਤਮਾ ਸਾਨੂੰ ਅਜਿਹੇ ਫੁੱਟ ਪਾਉਣ ਵਾਲੇ ਸਰੀਰਕ ਕਾਰਜਾਂ ਤੋਂ ਦੂਰ ਰਹਿਣ ਵਿਚ ਮਦਦ ਕਰਦੀ ਹੈ ਜਿਵੇਂ ਕਿ ਝਗੜੇ, ਹਸਦ, ਕ੍ਰੋਧ, ਅਤੇ ਧੜੇਬਾਜ਼ੀਆਂ। ਇਸ ਦੀ ਬਜਾਇ, ਪਰਮੇਸ਼ੁਰ ਦੀ ਆਤਮਾ ਸਾਡੇ ਵਿਚ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ ਦੇ ਇਕਮੁੱਠ ਕਰਨ ਵਾਲੇ ਫਲ ਪੈਦਾ ਕਰਦੀ ਹੈ।—ਗਲਾਤੀਆਂ 5:19-23.
10. (ੳ) ਇਕ ਸੰਯੁਕਤ ਮਾਨਵ ਪਰਿਵਾਰ ਵਿਚ ਮੌਜੂਦ ਪ੍ਰੇਮ, ਅਤੇ ਯਹੋਵਾਹ ਨੂੰ ਸਮਰਪਿਤ ਲੋਕਾਂ ਦੇ ਵਿਚ ਜ਼ਾਹਰ ਪ੍ਰੇਮ ਦੇ ਵਿਚਕਾਰ, ਕੀ ਸਮਾਨਾਂਤਰ ਕੀਤਾ ਜਾ ਸਕਦਾ ਹੈ? (ਅ) ਪ੍ਰਬੰਧਕ ਸਭਾ ਦੇ ਇਕ ਸਦੱਸ ਨੇ ਆਪਣੇ ਅਧਿਆਤਮਿਕ ਭਰਾਵਾਂ ਨਾਲ ਮਿਲਣ ਦੇ ਬਾਰੇ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਅਭਿਵਿਅਕਤ ਕੀਤਾ?
10 ਇਕ ਸੰਯੁਕਤ ਪਰਿਵਾਰ ਦੇ ਸਦੱਸ ਇਕ ਦੂਜੇ ਦੇ ਨਾਲ ਪ੍ਰੇਮ ਕਰਦੇ ਹਨ ਅਤੇ ਇਕੱਠੇ ਰਹਿਣ ਵਿਚ ਖ਼ੁਸ਼ ਹਨ। ਇਸੇ ਤਰ੍ਹਾਂ, ਯਹੋਵਾਹ ਦੇ ਉਪਾਸਕਾਂ ਦੇ ਸੰਯੁਕਤ ਪਰਿਵਾਰ ਵਿਚ ਦੇ ਲੋਕ ਉਸ ਨੂੰ, ਉਸ ਦੇ ਪੁੱਤਰ ਨੂੰ, ਅਤੇ ਸੰਗੀ ਵਿਸ਼ਵਾਸੀਆਂ ਨੂੰ ਪ੍ਰੇਮ ਕਰਦੇ ਹਨ। (ਮਰਕੁਸ 12:30; ਯੂਹੰਨਾ 21:15-17; 1 ਯੂਹੰਨਾ 4:21) ਠੀਕ ਜਿਵੇਂ ਕਿ ਇਕ ਪ੍ਰੇਮਮਈ ਕੁਦਰਤੀ ਪਰਿਵਾਰ ਇਕੱਠੇ ਮਿਲ ਕੇ ਭੋਜਨ ਲੈਣ ਦਾ ਆਨੰਦ ਮਾਣਦੇ ਹਨ, ਉਸੇ ਤਰ੍ਹਾਂ ਜੋ ਪਰਮੇਸ਼ੁਰ ਨੂੰ ਸਮਰਪਿਤ ਹਨ, ਉਹ ਚੰਗੀ ਸੰਗਤ ਅਤੇ ਉੱਤਮ ਅਧਿਆਤਮਿਕ ਭੋਜਨ ਤੋਂ ਲਾਭ ਉਠਾਉਣ ਦੇ ਲਈ ਮਸੀਹੀ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਣ ਵਿਚ ਆਨੰਦਿਤ ਹੁੰਦੇ ਹਨ। (ਮੱਤੀ 24:45-47; ਇਬਰਾਨੀਆਂ 10:24, 25) ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਇਕ ਸਦੱਸ ਨੇ ਇਕ ਵਾਰੀ ਇਸ ਤਰ੍ਹਾਂ ਕਿਹਾ: “ਮੇਰੇ ਲਈ, ਭਰਾਵਾਂ ਦੇ ਨਾਲ ਮਿਲਣਾ ਜ਼ਿੰਦਗੀ ਦੀ ਇਕ ਸਭ ਤੋਂ ਵੱਡੀ ਖ਼ੁਸ਼ੀ ਹੈ ਅਤੇ ਉਤਸ਼ਾਹ ਦਾ ਇਕ ਸ੍ਰੋਤ ਹੈ। ਮੈਨੂੰ ਰਾਜ ਗ੍ਰਹਿ ਵਿਚ, ਜੇ ਮੁਮਕਿਨ ਹੋਵੇ ਤਾਂ, ਸਭ ਤੋਂ ਪਹਿਲਾਂ ਪਹੁੰਚਣ ਵਾਲੇ ਲੋਕਾਂ ਦੇ ਵਿਚ, ਅਤੇ ਸਭ ਤੋਂ ਅੰਤਲੇ ਜਾਣ ਵਾਲੇ ਲੋਕਾਂ ਦੇ ਵਿਚ ਹੋਣਾ ਪਸੰਦ ਹੈ। ਮੈਨੂੰ ਪਰਮੇਸ਼ੁਰ ਦੇ ਲੋਕਾਂ ਦੇ ਨਾਲ ਗੱਲਾਂ ਕਰ ਕੇ ਇਕ ਅੰਦਰੂਨੀ ਖ਼ੁਸ਼ੀ ਮਹਿਸੂਸ ਹੁੰਦੀ ਹੈ। ਜਦੋਂ ਮੈਂ ਉਨ੍ਹਾਂ ਦੇ ਵਿਚ ਹੁੰਦਾ ਹਾਂ ਤਾਂ ਮੈਂ ਆਪਣੇ ਪਰਿਵਾਰ ਦੇ ਨਾਲ ਆਰਾਮ ਮਹਿਸੂਸ ਕਰਦਾ ਹਾਂ।” ਕੀ ਤੁਸੀਂ ਵੀ ਅਜਿਹਾ ਮਹਿਸੂਸ ਕਰਦੇ ਹੋ?—ਜ਼ਬੂਰ 27:4.
11. ਯਹੋਵਾਹ ਦੇ ਗਵਾਹ ਕਿਹੜੇ ਕੰਮ ਵਿਚ ਖ਼ਾਸ ਤੌਰ ਤੇ ਖ਼ੁਸ਼ੀ ਪਾਉਂਦੇ ਹਨ, ਅਤੇ ਆਪਣੇ ਜੀਵਨਾਂ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਮੁੱਖ ਕੇਂਦਰ ਬਣਾਉਣ ਤੋਂ ਕੀ ਪਰਿਣਿਤ ਹੁੰਦਾ ਹੈ?
11 ਇਕ ਸੰਯੁਕਤ ਪਰਿਵਾਰ ਇਕੱਠਾ ਮਿਲ ਕੇ ਕੰਮ ਕਰਨ ਵਿਚ ਖ਼ੁਸ਼ੀ ਪਾਉਂਦਾ ਹੈ। ਇਸੇ ਤਰ੍ਹਾਂ, ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਵਿਚ ਦੇ ਲੋਕ ਇਕੱਠੇ ਮਿਲ ਕੇ ਆਪਣੇ ਰਾਜ-ਪ੍ਰਚਾਰ ਅਤੇ ਚੇਲੇ-ਬਣਾਉਣ ਦੇ ਕੰਮ ਨੂੰ ਕਰਨ ਵਿਚ ਆਨੰਦ ਪਾਉਂਦੇ ਹਨ। (ਮੱਤੀ 24:14; 28:19, 20) ਇਸ ਵਿਚ ਨਿਯਮਿਤ ਤੌਰ ਤੇ ਭਾਗ ਲੈਣਾ ਸਾਨੂੰ ਯਹੋਵਾਹ ਦੇ ਦੂਜੇ ਗਵਾਹਾਂ ਦੇ ਜ਼ਿਆਦਾ ਨਿਕਟ ਲਿਆਉਂਦਾ ਹੈ। ਆਪਣੇ ਜੀਵਨਾਂ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਮੁੱਖ ਕੇਂਦਰ ਬਣਾਉਣਾ ਅਤੇ ਉਸ ਦੇ ਲੋਕਾਂ ਦੀਆਂ ਹਰੇਕ ਸਰਗਰਮੀਆਂ ਨੂੰ ਸਮਰਥਨ ਦੇਣਾ ਵੀ ਸਾਡੇ ਦਰਮਿਆਨ ਪਰਿਵਾਰ ਦੀ ਆਤਮਾ ਨੂੰ ਵਧਾਉਂਦਾ ਹੈ।
ਦੈਵ-ਸ਼ਾਸਕੀ ਵਿਵਸਥਾ ਅਤਿ-ਆਵੱਸ਼ਕ ਹੈ
12. ਇਕ ਖ਼ੁਸ਼ ਅਤੇ ਸੰਯੁਕਤ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਅਤੇ ਪਹਿਲੀ-ਸਦੀ ਮਸੀਹੀ ਕਲੀਸਿਯਾਵਾਂ ਵਿਚ ਕਿਹੜਾ ਪ੍ਰਬੰਧ ਏਕਤਾ ਨੂੰ ਵਧਾਉਂਦਾ ਸੀ?
12 ਇਕ ਪਰਿਵਾਰ ਜਿਸ ਨੂੰ ਮਜ਼ਬੂਤ ਲੇਕਨ ਪ੍ਰੇਮਮਈ ਅਗਵਾਈ ਪ੍ਰਾਪਤ ਹੈ ਅਤੇ ਜੋ ਵਿਵਸਥਿਤ ਹੈ, ਸੰਭਵ ਤੌਰ ਤੇ ਸੰਯੁਕਤ ਅਤੇ ਖ਼ੁਸ਼ ਹੋਵੇਗਾ। (ਅਫ਼ਸੀਆਂ 5:22, 33; 6:1) ਯਹੋਵਾਹ ਇਕ ਸ਼ਾਂਤਮਈ ਵਿਵਸਥਾ ਦਾ ਪਰਮੇਸ਼ੁਰ ਹੈ, ਅਤੇ ਉਸ ਦੇ ਪਰਿਵਾਰ ਵਿਚ ਸਾਰੇ ਵਿਅਕਤੀ ਉਸ ਨੂੰ “ਅੱਤ ਮਹਾਨ” ਦੇ ਤੌਰ ਤੇ ਮੰਨਦੇ ਹਨ। (ਦਾਨੀਏਲ 7:18, 22, 25, 27; 1 ਕੁਰਿੰਥੀਆਂ 14:33) ਉਹ ਇਹ ਵੀ ਪਛਾਣਦੇ ਹਨ ਕਿ ਉਸ ਨੇ ਆਪਣੇ ਪੁੱਤਰ, ਯਿਸੂ ਮਸੀਹ ਨੂੰ ਸਾਰੀਆਂ ਵਸਤਾਂ ਦਾ ਵਾਰਸ ਨਿਯੁਕਤ ਕੀਤਾ ਹੈ ਅਤੇ ਉਸ ਨੂੰ ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਇਖ਼ਤਿਆਰ ਦਿੱਤਾ ਹੈ। (ਮੱਤੀ 28:18; ਇਬਰਾਨੀਆਂ 1:1, 2) ਮਸੀਹ ਉਸ ਦਾ ਸਿਰ ਹੋਣ ਦੇ ਕਾਰਨ, ਮਸੀਹੀ ਕਲੀਸਿਯਾ ਇਕ ਵਿਵਸਥਿਤ, ਸੰਯੁਕਤ ਸੰਗਠਨ ਹੈ। (ਅਫ਼ਸੀਆਂ 5:23) ਪਹਿਲੀ-ਸਦੀ ਕਲੀਸਿਯਾਵਾਂ ਦੀਆਂ ਸਰਗਰਮੀਆਂ ਉੱਤੇ ਨਿਗਰਾਨੀ ਰੱਖਣ ਦੇ ਲਈ, ਰਸੂਲਾਂ ਅਤੇ ਦੂਜੇ ਅਧਿਆਤਮਿਕ ਤੌਰ ਤੇ ਪ੍ਰੌੜ੍ਹ ‘ਬਜ਼ੁਰਗਾਂ’ ਨਾਲ ਬਣੀ ਇਕ ਪ੍ਰਬੰਧਕ ਸਭਾ ਹੁੰਦੀ ਸੀ। ਵਿਅਕਤੀਗਤ ਕਲੀਸਿਯਾਵਾਂ ਦੇ ਨਿਯੁਕਤ ਨਿਗਾਹਬਾਨ, ਜਾਂ ਬਜ਼ੁਰਗ, ਅਤੇ ਸੇਵਕਾਈ ਸੇਵਕ ਹੁੰਦੇ ਸਨ। (ਰਸੂਲਾਂ ਦੇ ਕਰਤੱਬ 15:6; ਫ਼ਿਲਿੱਪੀਆਂ 1:1) ਅਗਵਾਈ ਕਰਨ ਵਾਲਿਆਂ ਦੀ ਆਗਿਆਪਾਲਣਾ ਕਰਨੀ ਏਕਤਾ ਵਧਾਉਂਦੀ ਸੀ।—ਇਬਰਾਨੀਆਂ 13:17.
13. ਯਹੋਵਾਹ ਲੋਕਾਂ ਨੂੰ ਕਿਵੇਂ ਆਕਰਸ਼ਿਤ ਕਰਦਾ ਹੈ, ਅਤੇ ਇਸ ਤੋਂ ਕੀ ਪਰਿਣਿਤ ਹੁੰਦਾ ਹੈ?
13 ਪਰੰਤੂ ਕੀ ਇਹ ਸਾਰੀ ਵਿਵਸਥਾ ਸੰਕੇਤ ਕਰਦੀ ਹੈ ਕਿ ਯਹੋਵਾਹ ਦੇ ਉਪਾਸਕਾਂ ਦੀ ਏਕਤਾ ਦਾ ਸਹਿਰਾ ਕਿਸੇ ਜ਼ਬਰਦਸਤ, ਅਨਿੱਜੀ ਅਗਵਾਈ ਦੇ ਸਿਰ ਦਿੱਤਾ ਜਾ ਸਕਦਾ ਹੈ? ਬਿਲਕੁਲ ਨਹੀਂ! ਪਰਮੇਸ਼ੁਰ ਅਤੇ ਉਸ ਦੇ ਸੰਗਠਨ ਦੇ ਬਾਰੇ ਕੋਈ ਵੀ ਚੀਜ਼ ਨਿਰਮੋਹੀ ਨਹੀਂ ਹੈ। ਯਹੋਵਾਹ ਲੋਕਾਂ ਨੂੰ ਪ੍ਰੇਮ ਦਿਖਾਉਣ ਦੇ ਦੁਆਰਾ ਆਕਰਸ਼ਿਤ ਕਰਦਾ ਹੈ, ਅਤੇ ਹਰ ਸਾਲ ਲੱਖਾਂ ਹੀ ਲੋਕ ਪੂਰੇ ਦਿਲ ਨਾਲ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈਣ ਦੇ ਦੁਆਰਾ ਸਵੈ-ਇੱਛਾ ਪੂਰਵਕ ਅਤੇ ਆਨੰਦ ਦੇ ਨਾਲ ਯਹੋਵਾਹ ਦੇ ਸੰਗਠਨ ਦਾ ਭਾਗ ਬਣਦੇ ਹਨ। ਉਨ੍ਹਾਂ ਦੀ ਯਹੋਸ਼ੁਆ ਵਰਗੀ ਮਨੋਬਿਰਤੀ ਹੈ, ਜਿਸ ਨੇ ਸੰਗੀ ਇਸਰਾਏਲੀਆਂ ਨੂੰ ਉਤੇਜਿਤ ਕੀਤਾ: “ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ . . . ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋਸ਼ੁਆ 24:15.
14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਸੰਗਠਨ ਦੈਵ-ਸ਼ਾਸਕੀ ਹੈ?
14 ਯਹੋਵਾਹ ਦੇ ਪਰਿਵਾਰ ਦਾ ਭਾਗ ਹੋਣ ਦੇ ਨਾਤੇ, ਅਸੀਂ ਕੇਵਲ ਆਨੰਦਿਤ ਹੀ ਨਹੀਂ, ਬਲਕਿ ਸੁਰੱਖਿਅਤ ਵੀ ਹਾਂ। ਇਹ ਇਸ ਕਾਰਨ ਹੈ ਕਿਉਂਕਿ ਉਸ ਦਾ ਸੰਗਠਨ ਦੈਵ-ਸ਼ਾਸਕੀ ਹੈ। ਪਰਮੇਸ਼ੁਰ ਦਾ ਰਾਜ ਇਕ ਦੈਵ-ਸ਼ਾਸਨ ਹੈ (ਯੂਨਾਨੀ ਥੀਓਸ, ਪਰਮੇਸ਼ੁਰ, ਅਤੇ ਕਰੇਟੌਸ, ਇਕ ਸ਼ਾਸਨ, ਤੋਂ ਲਿਆ ਗਿਆ)। ਇਹ ਪਰਮੇਸ਼ੁਰ ਦੁਆਰਾ ਇਕ ਸ਼ਾਸਨ ਹੈ, ਜਿਸ ਨੂੰ ਉਸ ਨੇ ਨਿਯੁਕਤ ਅਤੇ ਸਥਾਪਿਤ ਕੀਤਾ ਹੈ। ਯਹੋਵਾਹ ਦੀ ਮਸਹ ਕੀਤੀ ਹੋਈ “ਪਵਿੱਤਰ ਕੌਮ” ਉਸ ਦੇ ਸ਼ਾਸਨ ਦੇ ਅਧੀਨ ਹੈ ਅਤੇ ਇਸ ਕਰਕੇ ਇਹ ਵੀ ਦੈਵ-ਸ਼ਾਸਕੀ ਹੈ। (1 ਪਤਰਸ 2:9) ਕਿਉਂਕਿ ਮਹਾਨ ਦੈਵ-ਸ਼ਾਸਕ, ਯਹੋਵਾਹ ਸਾਡਾ ਨਿਆਈ, ਬਿਧੀਆਂ ਦੇਣ ਵਾਲਾ, ਅਤੇ ਰਾਜਾ ਹੈ, ਸਾਡੇ ਕੋਲ ਸੁਰੱਖਿਅਤ ਮਹਿਸੂਸ ਕਰਨ ਦਾ ਹਰ ਇਕ ਕਾਰਨ ਹੈ। (ਯਸਾਯਾਹ 33:22) ਫਿਰ ਵੀ, ਉਦੋਂ ਕੀ ਜੇਕਰ ਕੋਈ ਝਗੜਾ ਉਤਪੰਨ ਹੋ ਜਾਂਦਾ ਹੈ ਜੋ ਸਾਡੇ ਆਨੰਦ, ਸੁਰੱਖਿਆ, ਅਤੇ ਏਕਤਾ ਨੂੰ ਖ਼ਤਰਾ ਪੇਸ਼ ਕਰੇ?
ਪ੍ਰਬੰਧਕ ਸਭਾ ਕਾਰਵਾਈ ਕਰਦੀ ਹੈ
15, 16. ਪਹਿਲੀ ਸਦੀ ਵਿਚ ਕਿਹੜਾ ਝਗੜਾ ਉਤਪੰਨ ਹੋਇਆ, ਅਤੇ ਕਿਉਂ?
15 ਇਕ ਪਰਿਵਾਰ ਦੀ ਏਕਤਾ ਨੂੰ ਕਾਇਮ ਰੱਖਣ ਦੇ ਲਈ ਕਦੀ-ਕਦਾਈਂ ਇਕ ਝਗੜੇ ਨੂੰ ਸ਼ਾਇਦ ਨਿਪਟਾਉਣਾ ਪਵੇ। ਤਾਂ ਫਿਰ, ਕਲਪਨਾ ਕਰੋ ਕਿ ਪਹਿਲੀ ਸਦੀ ਸਾ.ਯੁ. ਵਿਚ ਪਰਮੇਸ਼ੁਰ ਦੇ ਉਪਾਸਕਾਂ ਦੇ ਪਰਿਵਾਰ ਦੀ ਏਕਤਾ ਨੂੰ ਕਾਇਮ ਰੱਖਣ ਦੇ ਲਈ ਇਕ ਅਧਿਆਤਮਿਕ ਸਮੱਸਿਆ ਨੂੰ ਸੁਲਝਾਉਣ ਦੀ ਜ਼ਰੂਰਤ ਸੀ। ਉਦੋਂ ਕੀ? ਮਾਮਲਿਆਂ ਦੇ ਸੰਬੰਧ ਵਿਚ ਫ਼ੈਸਲੇ ਕਰਦੀ ਹੋਈ, ਪ੍ਰਬੰਧਕ ਸਭਾ ਨੇ ਕਾਰਵਾਈ ਕੀਤੀ। ਸਾਡੇ ਕੋਲ ਅਜਿਹੀ ਕਾਰਵਾਈ ਦਾ ਸ਼ਾਸਤਰ ਸੰਬੰਧੀ ਰਿਕਾਰਡ ਹੈ।
16 ਲਗਭਗ 49 ਸਾ.ਯੁ. ਵਿਚ, ਇਕ ਗੰਭੀਰ ਸਮੱਸਿਆ ਨੂੰ ਸੁਲਝਾਉਣ ਅਤੇ ਇਸ ਤਰ੍ਹਾਂ “ਪਰਮੇਸ਼ੁਰ ਦੇ ਘਰਾਣੇ” ਦੀ ਏਕਤਾ ਨੂੰ ਕਾਇਮ ਰੱਖਣ ਦੇ ਲਈ ਪ੍ਰਬੰਧਕ ਸਭਾ ਯਰੂਸ਼ਲਮ ਵਿਚ ਇਕੱਠੀ ਹੋਈ। (ਅਫ਼ਸੀਆਂ 2:19) ਕੁਝ 13 ਸਾਲ ਪਹਿਲਾਂ, ਰਸੂਲ ਪਤਰਸ ਨੇ ਕੁਰਨੇਲਿਯੁਸ ਨੂੰ ਪ੍ਰਚਾਰ ਕੀਤਾ ਸੀ, ਅਤੇ ਪਹਿਲੇ ਗ਼ੈਰ-ਯਹੂਦੀ, ਜਾਂ ਕੌਮਾਂ ਦੇ ਲੋਕ, ਬਪਤਿਸਮਾ-ਪ੍ਰਾਪਤ ਵਿਸ਼ਵਾਸੀ ਬਣੇ। (ਰਸੂਲਾਂ ਦੇ ਕਰਤੱਬ, ਅਧਿਆਇ 10) ਪੌਲੁਸ ਦੇ ਪਹਿਲੇ ਮਿਸ਼ਨਰੀ ਦੌਰੇ ਦੇ ਦੌਰਾਨ, ਅਨੇਕ ਗ਼ੈਰ-ਯਹੂਦੀਆਂ ਨੇ ਮਸੀਹੀਅਤ ਨੂੰ ਅਪਣਾਇਆ। (ਰਸੂਲਾਂ ਦੇ ਕਰਤੱਬ 13:1–14:28) ਦਰਅਸਲ, ਅੰਤਾਕਿਯਾ, ਸੁਰਿਯਾ, ਵਿਚ ਗ਼ੈਰ-ਯਹੂਦੀ ਮਸੀਹੀਆਂ ਦੀ ਇਕ ਕਲੀਸਿਯਾ ਸਥਾਪਿਤ ਹੋ ਚੁੱਕੀ ਸੀ। ਕੁਝ ਮਸੀਹੀ ਯਹੂਦੀ ਵਿਸ਼ਵਾਸ ਕਰਦੇ ਸਨ ਕਿ ਗ਼ੈਰ-ਯਹੂਦੀ ਨਵਧਰਮੀਆਂ ਨੂੰ ਸੁੰਨਤ ਕਰ ਕੇ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨੀ ਚਾਹੀਦੀ ਹੈ, ਪਰੰਤੂ ਦੂਜੇ ਇਸ ਨਾਲ ਅਸਹਿਮਤ ਸਨ। (ਰਸੂਲਾਂ ਦੇ ਕਰਤੱਬ 15:1-5) ਇਸ ਝਗੜੇ ਦੇ ਕਾਰਨ ਪੂਰੀ ਫੁੱਟ ਪੈ ਸਕਦੀ ਸੀ, ਇੱਥੋਂ ਤਕ ਕਿ ਅਲੱਗ-ਅਲੱਗ ਯਹੂਦੀ ਅਤੇ ਗ਼ੈਰ-ਯਹੂਦੀ ਕਲੀਸਿਯਾਵਾਂ ਵੀ ਬਣ ਸਕਦੀਆਂ ਸਨ। ਇਸ ਲਈ ਪ੍ਰਬੰਧਕ ਸਭਾ ਨੇ ਮਸੀਹੀ ਏਕਤਾ ਨੂੰ ਕਾਇਮ ਰੱਖਣ ਦੇ ਲਈ ਤੁਰੰਤ ਕਾਰਵਾਈ ਕੀਤੀ।
17. ਰਸੂਲਾਂ ਦੇ ਕਰਤੱਬ ਅਧਿਆਇ 15 ਵਿਚ ਕਿਹੜੀ ਇਕਸੁਰ ਦੈਵ-ਸ਼ਾਸਕੀ ਕਾਰਜਵਿਧੀ ਦਾ ਵਰਣਨ ਕੀਤਾ ਗਿਆ ਹੈ?
17 ਰਸੂਲਾਂ ਦੇ ਕਰਤੱਬ 15:6-22 ਦੇ ਅਨੁਸਾਰ, “ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਭਈ ਏਸ ਗੱਲ ਨੂੰ ਸੋਚਣ।” ਉਨ੍ਹਾਂ ਦੇ ਨਾਲ ਦੂਜੇ ਲੋਕ ਵੀ ਮੌਜੂਦ ਸਨ, ਜਿਸ ਵਿਚ ਅੰਤਾਕਿਯਾ ਤੋਂ ਆਇਆ ਇਕ ਪ੍ਰਤਿਨਿਧੀ-ਮੰਡਲ ਵੀ ਸ਼ਾਮਲ ਸੀ। ਪਤਰਸ ਨੇ ਪਹਿਲਾਂ ਵਿਆਖਿਆ ਕੀਤੀ ਕਿ ‘ਪਰਾਈਆਂ ਕੌਮਾਂ ਨੇ ਉਸ ਦੀ ਜ਼ਬਾਨੀ ਖੁਸ਼ ਖਬਰੀ ਸੁਣੀ ਅਤੇ ਨਿਹਚਾ ਕੀਤੀ।’ ਫਿਰ “ਸਾਰੀ ਸਭਾ” ਨੇ ਸੁਣਿਆਂ ਜਿਉਂ ਹੀ ਬਰਨਬਾਸ ਅਰ ਪੌਲੁਸ ਨੇ ਬਿਆਨ ਕੀਤਾ ਕਿ “ਪਰਮੇਸ਼ੁਰ ਨੇ ਕਿਹੋ ਕਿਹੇ ਨਿਸ਼ਾਨ ਅਤੇ ਅਚੰਭੇ ਓਹਨਾਂ ਦੇ ਹੱਥੀਂ ਪਰਾਈਆਂ ਕੌਮਾਂ,” ਜਾਂ ਗ਼ੈਰ-ਯਹੂਦੀਆਂ, “ਵਿੱਚ ਵਿਖਾਲੇ।” ਇਸ ਤੋਂ ਬਾਅਦ ਯਾਕੂਬ ਨੇ ਸੁਝਾਉ ਦਿੱਤਾ ਕਿ ਕਿਵੇਂ ਇਸ ਸਵਾਲ ਨੂੰ ਸੁਲਝਾਇਆ ਜਾ ਸਕਦਾ ਹੈ। ਪ੍ਰਬੰਧਕ ਸਭਾ ਵੱਲੋਂ ਫ਼ੈਸਲਾ ਕੀਤੇ ਜਾਣ ਮਗਰੋਂ, ਸਾਨੂੰ ਦੱਸਿਆਂ ਜਾਂਦਾ ਹੈ: “ਰਸੂਲਾਂ ਅਤੇ ਬਜ਼ੁਰਗਾਂ ਨੇ ਸਾਰੀ ਕਲੀਸਿਯਾ ਸਣੇ ਚੰਗਾ ਜਾਣਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਘੱਲਣ।” ਉਹ ‘ਚੁਣੇ ਹੋਏ ਮਨੁੱਖ’—ਯਹੂਦਾ ਅਤੇ ਸੀਲਾਸ—ਸੰਗੀ ਵਿਸ਼ਵਾਸੀਆਂ ਦੇ ਲਈ ਆਪਣੇ ਨਾਲ ਇਕ ਉਤਸ਼ਾਹਜਨਕ ਪੱਤਰ ਲੈ ਗਏ।
18. ਮੂਸਾ ਦੀ ਬਿਵਸਥਾ ਦੇ ਸੰਬੰਧ ਵਿਚ ਪ੍ਰਬੰਧਕ ਸਭਾ ਨੇ ਕਿਹੜਾ ਫ਼ੈਸਲਾ ਕੀਤਾ, ਅਤੇ ਇਸ ਨੇ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ?
18 ਪ੍ਰਬੰਧਕ ਸਭਾ ਦਾ ਫ਼ੈਸਲਾ ਘੋਸ਼ਿਤ ਕਰਨ ਵਾਲਾ ਪੱਤਰ ਇਨ੍ਹਾਂ ਸ਼ਬਦਾਂ ਦੇ ਨਾਲ ਸ਼ੁਰੂ ਹੋਇਆ: “ਉਨ੍ਹਾਂ ਭਾਈਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ ਅਤੇ ਸੁਰਿਯਾ ਅਤੇ ਕਿਲਿਕਿਯਾ ਵਿੱਚ ਰਹਿੰਦੇ ਹਨ ਰਸੂਲਾਂ ਅਤੇ ਬਜ਼ੁਰਗਾਂ ਭਾਈਆਂ ਦਾ ਪਰਨਾਮ।” ਦੂਜੇ ਵੀ ਇਸ ਇਤਿਹਾਸਕ ਸਭਾ ਵਿਚ ਹਾਜ਼ਰ ਹੋਏ, ਪਰੰਤੂ ਜ਼ਾਹਰਾ ਤੌਰ ਤੇ ਪ੍ਰਬੰਧਕ ਸਭਾ “ਰਸੂਲਾਂ ਅਤੇ ਬਜ਼ੁਰਗਾਂ” ਨਾਲ ਬਣੀ ਹੋਈ ਸੀ। ਪਰਮੇਸ਼ੁਰ ਦੀ ਆਤਮਾ ਨੇ ਉਨ੍ਹਾਂ ਨੂੰ ਮਾਰਗ-ਦਰਸ਼ਿਤ ਕੀਤਾ, ਕਿਉਂਕਿ ਪੱਤਰ ਬਿਆਨ ਕਰਦਾ ਹੈ: “ਪਵਿੱਤ੍ਰ ਆਤਮਾ ਨੇ ਅਤੇ ਅਸਾਂ ਚੰਗਾ ਜਾਣਿਆ ਜੋ ਇਨ੍ਹਾਂ ਜਰੂਰੀ ਗੱਲਾਂ ਤੋਂ ਬਿਨਾ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ। ਕਿ ਤੁਸੀਂ ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਗਲ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ।” (ਟੇਢੇ ਟਾਈਪ ਸਾਡੇ।) (ਰਸੂਲਾਂ ਦੇ ਕਰਤੱਬ 15:23-29) ਮਸੀਹੀਆਂ ਨੂੰ ਸੁੰਨਤ ਕਰਨ ਅਤੇ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਸੀ। ਇਸ ਫ਼ੈਸਲੇ ਨੇ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਨੂੰ ਏਕਤਾ ਵਿਚ ਕੰਮ ਕਰਨ ਅਤੇ ਗੱਲ ਕਰਨ ਲਈ ਮਦਦ ਦਿੱਤੀ। ਕਲੀਸਿਯਾਵਾਂ ਨੇ ਖ਼ੁਸ਼ੀਆਂ ਮਨਾਈਆਂ, ਅਤੇ ਬਹੁਮੁੱਲੀ ਏਕਤਾ ਜਾਰੀ ਰਹੀ, ਠੀਕ ਜਿਵੇਂ ਇਹ ਅੱਜ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਅਧਿਆਤਮਿਕ ਮਾਰਗ-ਦਰਸ਼ਨ ਅਧੀਨ ਪਰਮੇਸ਼ੁਰ ਦੇ ਵਿਸ਼ਵ-ਵਿਆਪੀ ਪਰਿਵਾਰ ਵਿਚ ਜਾਰੀ ਰਹਿੰਦੀ ਹੈ।—ਰਸੂਲਾਂ ਦੇ ਕਰਤੱਬ 15:30-35.
ਦੈਵ-ਸ਼ਾਸਕੀ ਏਕਤਾ ਵਿਚ ਸੇਵਾ ਕਰੋ
19. ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਵਿਚ ਏਕਤਾ ਕਿਉਂ ਵਧਦੀ-ਫੁੱਲਦੀ ਹੈ?
19 ਏਕਤਾ ਵਧਦੀ-ਫੁੱਲਦੀ ਹੈ ਜਦੋਂ ਇਕ ਪਰਿਵਾਰ ਦੇ ਸਦੱਸ ਇਕ ਦੂਜੇ ਨੂੰ ਸਹਿਯੋਗ ਦਿੰਦੇ ਹਨ। ਇਹੋ ਹੀ ਗੱਲ ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਵਿਚ ਵੀ ਸੱਚ ਹੈ। ਦੈਵ-ਸ਼ਾਸਕੀ ਹੋਣ ਦੇ ਕਾਰਨ, ਪਹਿਲੀ-ਸਦੀ ਕਲੀਸਿਯਾ ਦੇ ਵਿਚ ਬਜ਼ੁਰਗ ਅਤੇ ਦੂਜੇ ਲੋਕ ਪ੍ਰਬੰਧਕ ਸਭਾ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਅਤੇ ਇਸ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਦੇ ਹੋਏ, ਪਰਮੇਸ਼ੁਰ ਦੀ ਸੇਵਾ ਕਰਦੇ ਸਨ। ਪ੍ਰਬੰਧਕ ਸਭਾ ਦੀ ਮਦਦ ਨਾਲ, ਬਜ਼ੁਰਗਾਂ ਨੇ ‘ਬਚਨ ਦਾ ਪਰਚਾਰ ਕੀਤਾ’ ਅਤੇ ਕਲੀਸਿਯਾਵਾਂ ਦੇ ਸਦੱਸਾਂ ਨੇ ਆਮ ਤੌਰ ਤੇ ‘ਇੱਕੋ ਗੱਲ ਬੋਲੀ।’ (2 ਤਿਮੋਥਿਉਸ 4:1, 2; 1 ਕੁਰਿੰਥੀਆਂ 1:10) ਇਸ ਲਈ ਚਾਹੇ ਯਰੂਸ਼ਲਮ, ਅੰਤਾਕਿਯਾ, ਰੋਮ, ਕੁਰਿੰਥੁਸ, ਜਾਂ ਹੋਰ ਕਿਤੇ ਵੀ ਕਿਉਂ ਨਾ ਹੋਵੇ, ਉਹੋ ਸ਼ਾਸਤਰ ਸੰਬੰਧੀ ਸੱਚਾਈਆਂ ਸੇਵਕਾਈ ਵਿਚ ਅਤੇ ਮਸੀਹੀ ਸਭਾਵਾਂ ਵਿਚ ਪੇਸ਼ ਕੀਤੀਆਂ ਜਾਂਦੀਆਂ ਸਨ। ਅਜਿਹੀ ਦੈਵ-ਸ਼ਾਸਕੀ ਏਕਤਾ ਅੱਜ ਵੀ ਹੈ।
20. ਆਪਣੀ ਮਸੀਹੀ ਏਕਤਾ ਨੂੰ ਕਾਇਮ ਰੱਖਣ ਦੇ ਲਈ, ਸਾਨੂੰ ਕੀ ਕਰਨਾ ਚਾਹੀਦਾ ਹੈ?
20 ਆਪਣੀ ਏਕਤਾ ਨੂੰ ਕਾਇਮ ਰੱਖਣ ਦੇ ਲਈ, ਸਾਨੂੰ ਸਾਰਿਆਂ ਨੂੰ, ਜੋ ਯਹੋਵਾਹ ਦੇ ਵਿਸ਼ਵ-ਵਿਆਪੀ ਪਰਿਵਾਰ ਦਾ ਭਾਗ ਹਾਂ, ਦੈਵ-ਸ਼ਾਸਕੀ ਪ੍ਰੇਮ ਪ੍ਰਦਰਸ਼ਿਤ ਕਰਨ ਦਾ ਜਤਨ ਕਰਨਾ ਚਾਹੀਦਾ ਹੈ। (1 ਯੂਹੰਨਾ 4:16) ਸਾਨੂੰ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਹੋਣ ਅਤੇ ‘ਮਾਤਬਰ ਨੌਕਰ’ ਤੇ ਪ੍ਰਬੰਧਕ ਸਭਾ ਦੇ ਲਈ ਗਹਿਰਾ ਆਦਰ ਦਿਖਾਉਣ ਦੀ ਲੋੜ ਹੈ। ਪਰਮੇਸ਼ੁਰ ਦੇ ਪ੍ਰਤੀ ਸਾਡੇ ਸਮਰਪਣ ਦੀ ਤਰ੍ਹਾਂ, ਨਿਰਸੰਦੇਹ, ਸਾਡੀ ਆਗਿਆਕਾਰਤਾ ਵੀ ਸਵੈ-ਇੱਛੁਕ ਅਤੇ ਆਨੰਦਮਈ ਹੈ। (1 ਯੂਹੰਨਾ 5:3) ਜ਼ਬੂਰਾਂ ਦੇ ਲਿਖਾਰੀ ਨੇ ਕਿੰਨੀ ਚੰਗੀ ਤਰ੍ਹਾਂ ਨਾਲ ਆਨੰਦ ਅਤੇ ਆਗਿਆਕਾਰਤਾ ਦਾ ਸੰਬੰਧ ਜੋੜਿਆ ਹੈ। ਉਸ ਨੇ ਗਾਇਆ: “ਹਲਲੂਯਾਹ! ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ।”—ਜ਼ਬੂਰ 112:1.
21. ਅਸੀਂ ਆਪਣੇ ਆਪ ਨੂੰ ਦੈਵ-ਸ਼ਾਸਕੀ ਕਿਵੇਂ ਸਾਬਤ ਕਰ ਸਕਦੇ ਹਾਂ?
21 ਕਲੀਸਿਯਾ ਦਾ ਸਿਰ, ਯਿਸੂ ਪੂਰਣ ਤੌਰ ਤੇ ਦੈਵ-ਸ਼ਾਸਕੀ ਹੈ ਅਤੇ ਉਹ ਹਮੇਸ਼ਾ ਆਪਣੇ ਪਿਤਾ ਦੀ ਇੱਛਾ ਪੂਰੀ ਕਰਦਾ ਹੈ। (ਯੂਹੰਨਾ 5:30) ਇਸ ਲਈ, ਆਓ ਅਸੀਂ ਯਹੋਵਾਹ ਦੇ ਸੰਗਠਨ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਦੈਵ-ਸ਼ਾਸਕੀ ਤੌਰ ਤੇ ਅਤੇ ਏਕਤਾ ਵਿਚ ਉਸ ਦੀ ਇੱਛਾ ਪੂਰੀ ਕਰਨ ਦੇ ਦੁਆਰਾ ਆਪਣੇ ਆਦਰਸ਼ ਦਾ ਅਨੁਕਰਣ ਕਰੀਏ। ਤਦ ਹਾਰਦਿਕ ਆਨੰਦ ਅਤੇ ਧੰਨਵਾਦ ਦੇ ਨਾਲ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਗੀਤ ਨੂੰ ਹੂ-ਬਹੂ ਦੁਹਰਾ ਸਕਦੇ ਹਾਂ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” (w96 7/15)
ਤੁਸੀਂ ਕਿਵੇਂ ਜਵਾਬ ਦਿਓਗੇ?
◻ ਸਾਡੀ ਮਸੀਹੀ ਏਕਤਾ ਜ਼ਬੂਰ 133 ਦੇ ਨਾਲ ਕਿਵੇਂ ਸੰਬੰਧਿਤ ਹੋ ਸਕਦੀ ਹੈ?
◻ ਏਕਤਾ ਨੂੰ ਅੱਗੇ ਵਧਾਉਣ ਵਾਲੇ ਕੁਝ ਕਾਰਕ ਕਿਹੜੇ ਹਨ?
◻ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਲਈ ਦੈਵ-ਸ਼ਾਸਕੀ ਵਿਵਸਥਾ ਅਤਿ-ਆਵੱਸ਼ਕ ਕਿਉਂ ਹੈ?
◻ ਏਕਤਾ ਨੂੰ ਕਾਇਮ ਰੱਖਣ ਦੇ ਲਈ ਪਹਿਲੀ-ਸਦੀ ਦੀ ਪ੍ਰਬੰਧਕ ਸਭਾ ਨੇ ਕਿਵੇਂ ਕਾਰਵਾਈ ਕੀਤੀ?
◻ ਦੈਵ-ਸ਼ਾਸਕੀ ਏਕਤਾ ਵਿਚ ਸੇਵਾ ਕਰਨੀ ਤੁਹਾਡੇ ਲਈ ਕੀ ਅਰਥ ਰੱਖਦਾ ਹੈ?