ਤੁਹਾਡਾ ਭਰੱਪਣ ਦਾ ਪ੍ਰੇਮ ਬਣਿਆ ਰਹੇ!
“ਭਰੱਪਣ ਦਾ ਪ੍ਰੇਮ ਬਣਿਆ ਰਹੇ।”—ਇਬਰਾਨੀਆਂ 13:1.
1. ਇਕ ਠੰਢੀ ਰਾਤ ਨੂੰ ਅੱਗ ਨੂੰ ਬੱਲਦੀ ਰੱਖਣ ਲਈ ਤੁਸੀਂ ਕੀ ਕਰੋਗੇ, ਅਤੇ ਸਾਡੇ ਸਾਰਿਆਂ ਉੱਪਰ ਕਿਹੜੀ ਸਮਾਨ ਜ਼ਿੰਮੇਵਾਰੀ ਹੈ?
ਬਾਹਰ ਬਹੁਤ ਜ਼ਿਆਦਾ ਠੰਢ ਹੈ, ਅਤੇ ਤਾਪਮਾਨ ਤੇਜ਼ੀ ਨਾਲ ਘੱਟ ਰਿਹਾ ਹੈ। ਤੁਹਾਡੇ ਘਰ ਵਿਚ ਗਰਮਾਇਸ਼ ਦਾ ਇੱਕੋ-ਇਕ ਸੋਮਾ ਚੁੱਲ੍ਹੇ ਵਿਚ ਬੱਲ ਰਹੀ ਅੱਗ ਹੈ। ਜੀਵਨ ਇਸ ਉੱਤੇ ਨਿਰਭਰ ਕਰਦੇ ਹਨ ਕਿ ਤੁਸੀਂ ਇਸ ਨੂੰ ਬੱਲਦੀ ਰੱਖੋ। ਕੀ ਤੁਸੀਂ ਚੁੱਪ ਕਰਕੇ ਬਹਿ ਜਾਓਗੇ ਅਤੇ ਲਪਟਾਂ ਨੂੰ ਠੰਢੀਆਂ ਪੈਂਦੇ ਹੋਏ ਅਤੇ ਭੱਖਦੇ ਕੋਲਿਆਂ ਨੂੰ ਬੁੱਝ ਚੁੱਕੀ ਸੁਆਹ ਵਿਚ ਬਦਲਦੇ ਹੋਏ ਦੇਖਦੇ ਰਹੋਗੇ? ਨਿਰਸੰਦੇਹ ਨਹੀਂ। ਤੁਸੀਂ ਇਸ ਨੂੰ ਬੱਲਦੀ ਰੱਖਣ ਲਈ ਬਿਨਾਂ ਥੱਕੇ ਬਾਲਣ ਪਾਉਂਦੇ ਰਹੋਗੇ। ਇਕ ਤਰ੍ਹਾਂ ਨਾਲ, ਸਾਡੇ ਸਾਰਿਆਂ ਕੋਲ ਇਹੋ ਜਿਹਾ ਇਕ ਕੰਮ ਹੈ, ਜਦੋਂ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ “ਅੱਗ” ਬਾਰੇ ਗੱਲ ਆਉਂਦੀ ਹੈ, ਜੋ ਹਮੇਸ਼ਾ ਸਾਡੇ ਦਿਲਾਂ ਵਿਚ ਬਲਣੀ ਚਾਹੀਦੀ ਹੈ, ਅਰਥਾਤ ਪ੍ਰੇਮ।
2. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪ੍ਰੇਮ ਠੰਢਾ ਪੈ ਗਿਆ ਹੈ? (ਅ) ਸੱਚੇ ਮਸੀਹੀਆਂ ਲਈ ਪ੍ਰੇਮ ਕਿੰਨਾ ਜ਼ਰੂਰੀ ਹੈ?
2 ਅਸੀਂ ਉਸ ਸਮੇਂ ਵਿਚ ਰਹਿੰਦੇ ਹਾਂ ਜਦੋਂ, ਜਿਵੇਂ ਯਿਸੂ ਨੇ ਬਹੁਤ ਸਮਾਂ ਪਹਿਲਾਂ ਹੀ ਦੱਸਿਆ ਸੀ, ਪੂਰੇ ਸੰਸਾਰ ਵਿਚ ਅਖਾਉਤੀ ਮਸੀਹੀਆਂ ਵਿਚ ਪ੍ਰੇਮ ਠੰਢਾ ਪੈ ਰਿਹਾ ਹੈ। (ਮੱਤੀ 24:12) ਯਿਸੂ ਸਭ ਤੋਂ ਮਹੱਤਵਪੂਰਣ ਪ੍ਰੇਮ ਦਾ ਜ਼ਿਕਰ ਕਰ ਰਿਹਾ ਸੀ, ਅਰਥਾਤ ਯਹੋਵਾਹ ਪਰਮੇਸ਼ੁਰ ਲਈ ਅਤੇ ਉਸ ਦੇ ਬਚਨ, ਬਾਈਬਲ ਲਈ ਪ੍ਰੇਮ। ਦੂਸਰੀ ਕਿਸਮ ਦੇ ਪ੍ਰੇਮ ਵੀ ਘੱਟ ਰਹੇ ਹਨ। ਬਾਈਬਲ ਨੇ ਪਹਿਲਾਂ ਹੀ ਦੱਸਿਆ ਸੀ ਕਿ “ਅੰਤ ਦਿਆਂ ਦਿਨਾਂ” ਵਿਚ ਬਹੁਤ ਸਾਰੇ ਲੋਕ “ਨਿਰਮੋਹ” ਹੋਣਗੇ। (2 ਤਿਮੋਥਿਉਸ 3:1-5) ਇਹ ਕਿੰਨਾ ਸੱਚ ਹੈ! ਇਕ ਪਰਿਵਾਰ ਨੂੰ ਮੋਹ ਦੀ ਪਨਾਹ ਹੋਣਾ ਚਾਹੀਦਾ ਹੈ, ਪਰੰਤੂ ਇੱਥੇ ਵੀ, ਹਿੰਸਾ ਅਤੇ ਬਦਸਲੂਕੀ—ਕਦੇ-ਕਦੇ ਬਹੁਤ ਭਿਆਨਕ ਢੰਗ ਨਾਲ ਵਹਿਸ਼ੀ—ਆਮ ਗੱਲ ਹੋ ਗਈ ਹੈ। ਫਿਰ ਵੀ, ਇਸ ਸੰਸਾਰ ਦੇ ਰੁੱਖੇ ਮਾਹੌਲ ਵਿਚ, ਮਸੀਹੀਆਂ ਨੂੰ ਸਿਰਫ਼ ਇਕ ਦੂਸਰੇ ਲਈ ਪ੍ਰੇਮ ਦਿਖਾਉਣ ਦਾ ਹੀ ਆਦੇਸ਼ ਨਹੀਂ ਦਿੱਤਾ ਗਿਆ ਹੈ ਬਲਕਿ ਆਤਮ-ਬਲੀਦਾਨੀ ਪ੍ਰੇਮ ਰੱਖਣ ਲਈ, ਦੂਸਰਿਆਂ ਨੂੰ ਪਹਿਲ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਅਸੀਂ ਇਹ ਪ੍ਰੇਮ ਇੰਨੇ ਸਪੱਸ਼ਟ ਤਰੀਕੇ ਨਾਲ ਦਿਖਾਉਣਾ ਹੈ ਕਿ ਇਹ ਸਾਰਿਆਂ ਨੂੰ ਨਜ਼ਰ ਆਵੇ, ਅਤੇ ਸੱਚੀ ਮਸੀਹੀ ਕਲੀਸਿਯਾ ਦਾ ਪਛਾਣ ਚਿੰਨ੍ਹ ਬਣ ਜਾਵੇ।—ਯੂਹੰਨਾ 13:34, 35.
3. ਭਰਾਤਰੀ ਪ੍ਰੇਮ ਕੀ ਹੈ, ਅਤੇ ਇਸ ਨੂੰ ਬਣਾਈ ਰੱਖਣ ਦਾ ਕੀ ਅਰਥ ਹੈ?
3 ਪੌਲੁਸ ਰਸੂਲ ਇਹ ਆਦੇਸ਼ ਦੇਣ ਲਈ ਪ੍ਰੇਰਿਤ ਹੋਇਆ ਸੀ: “ਭਰੱਪਣ ਦਾ ਪ੍ਰੇਮ ਬਣਿਆ ਰਹੇ।” (ਇਬਰਾਨੀਆਂ 13:1) ਇਕ ਵਿਦਵਤਾਪੂਰਣ ਪ੍ਰਕਾਸ਼ਨ ਅਨੁਸਾਰ, ਇੱਥੇ “ਭਰੱਪਣ ਦਾ ਪ੍ਰੇਮ” (ਫ਼ਿਲਾਡੈਲਫ਼ੀਆ) ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ “ਸਨੇਹਪੂਰਣ ਪ੍ਰੇਮ, ਦਿਆਲਗੀ, ਹਮਦਰਦੀ ਦਿਖਾਉਣ, ਅਤੇ ਮਦਦ ਪੇਸ਼ ਕਰਨ ਨੂੰ ਸੂਚਿਤ ਕਰਦਾ ਹੈ।” ਅਤੇ ਪੌਲੁਸ ਦਾ ਕੀ ਅਰਥ ਸੀ ਜਦੋਂ ਉਸ ਨੇ ਕਿਹਾ ਕਿ ਸਾਨੂੰ ਅਜਿਹਾ ਪ੍ਰੇਮ ਬਣਾਈ ਰੱਖਣਾ ਚਾਹੀਦਾ ਹੈ? “ਇਸ ਨੂੰ ਕਦੀ ਵੀ ਠੰਢਾ ਨਹੀਂ ਪੈਣਾ ਚਾਹੀਦਾ ਹੈ,” ਉਹੀ ਪ੍ਰਕਾਸ਼ਨ ਟਿੱਪਣੀ ਕਰਦਾ ਹੈ। ਇਸ ਲਈ ਆਪਣੇ ਭਰਾਵਾਂ ਲਈ ਸਿਰਫ਼ ਸਨੇਹ ਰੱਖਣਾ ਹੀ ਕਾਫ਼ੀ ਨਹੀਂ ਹੈ; ਸਾਨੂੰ ਇਹ ਦਿਖਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਨੂੰ ਇਹ ਪ੍ਰੇਮ ਕਾਇਮ ਰੱਖਣਾ ਚਾਹੀਦਾ ਹੈ, ਇਸ ਨੂੰ ਕਦੇ ਵੀ ਠੰਢਾ ਨਹੀਂ ਪੈਣ ਦੇਣਾ ਚਾਹੀਦਾ ਹੈ। ਚੁਣੌਤੀ ਭਰਿਆ? ਜੀ ਹਾਂ, ਪਰੰਤੂ ਯਹੋਵਾਹ ਦੀ ਆਤਮਾ ਭਰਾਤਰੀ ਸਨੇਹ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਕਾਇਮ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ। ਆਓ ਅਸੀਂ ਆਪਣੇ ਦਿਲਾਂ ਵਿਚ ਇਸ ਪ੍ਰੇਮ ਦੀ ਅੱਗ ਨੂੰ ਤੇਜ਼ ਕਰਨ ਦੇ ਤਿੰਨ ਤਰੀਕਿਆਂ ਉੱਤੇ ਵਿਚਾਰ ਕਰੀਏ।
ਹਮਦਰਦੀ ਦਿਖਾਉਣੀ
4. ਹਮਦਰਦੀ ਕੀ ਹੈ?
4 ਜੇਕਰ ਤੁਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਜ਼ਿਆਦਾ ਪ੍ਰੇਮ ਕਰਨਾ ਚਾਹੁੰਦੇ ਹੋ, ਤਾਂ ਸ਼ਾਇਦ ਤੁਹਾਨੂੰ ਪਹਿਲਾਂ ਉਨ੍ਹਾਂ ਲਈ ਹਮਦਰਦੀ ਮਹਿਸੂਸ ਕਰਨ, ਉਨ੍ਹਾਂ ਦੇ ਪਰਤਾਵਿਆਂ ਅਤੇ ਚੁਣੌਤੀਆਂ ਵਿਚ, ਜਿਨ੍ਹਾਂ ਦਾ ਉਹ ਜੀਵਨ ਵਿਚ ਸਾਮ੍ਹਣਾ ਕਰਦੇ ਹਨ, ਉਨ੍ਹਾਂ ਨੂੰ ਸਮਾਨ-ਅਨੁਭੂਤੀ ਦਿਖਾਉਣ ਦੀ ਲੋੜ ਹੈ। ਪਤਰਸ ਰਸੂਲ ਨੇ ਇਹ ਸੁਝਾਉ ਦਿੱਤਾ ਸੀ ਜਦੋਂ ਉਸ ਨੇ ਲਿਖਿਆ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ [“ਹਮਦਰਦੀ ਦਿਖਾਓ,” ਨਿ ਵ], ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।” (1 ਪਤਰਸ 3:8) “ਹਮਦਰਦੀ” ਦਿਖਾਉਣ ਲਈ ਇੱਥੇ ਵਰਤਿਆ ਗਿਆ ਯੂਨਾਨੀ ਸ਼ਬਦ “ਨਾਲ ਦੁੱਖ ਝੱਲਣ” ਨੂੰ ਸੰਕੇਤ ਕਰਦਾ ਹੈ। ਬਾਈਬਲੀ ਯੂਨਾਨੀ ਭਾਸ਼ਾ ਦਾ ਇਕ ਵਿਦਵਾਨ ਇਸ ਸ਼ਬਦ ਬਾਰੇ ਕਹਿੰਦਾ ਹੈ: “ਇਹ ਮਨ ਦੀ ਉਸ ਹਾਲਤ ਦਾ ਵਰਣਨ ਕਰਦਾ ਹੈ ਜੋ ਉਦੋਂ ਮੌਜੂਦ ਹੁੰਦੀ ਹੈ ਜਦੋਂ ਅਸੀਂ ਦੂਸਰਿਆਂ ਦੀਆਂ ਭਾਵਨਾਵਾਂ ਵਿਚ ਸ਼ਾਮਲ ਹੁੰਦੇ ਹਾਂ ਜਿਵੇਂ ਕਿ ਉਹ ਸਾਡੀਆਂ ਆਪਣੀਆਂ ਭਾਵਨਾਵਾਂ ਹੋਣ।” ਇਸ ਲਈ ਸਮਾਨ-ਅਨੁਭੂਤੀ ਜ਼ਰੂਰੀ ਹੈ। ਯਹੋਵਾਹ ਦੇ ਇਕ ਵਫ਼ਾਦਾਰ, ਬਜ਼ੁਰਗ ਸੇਵਕ ਨੇ ਇਕ ਵਾਰ ਕਿਹਾ ਸੀ: “ਤੁਹਾਡੇ ਦਰਦ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਨਾ ਸਮਾਨ-ਅਨੁਭੂਤੀ ਹੈ।”
5. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਹਮਦਰਦੀ ਰੱਖਦਾ ਹੈ?
5 ਕੀ ਯਹੋਵਾਹ ਅਜਿਹੀ ਹਮਦਰਦੀ ਰੱਖਦਾ ਹੈ? ਬਿਲਕੁਲ ਰੱਖਦਾ ਹੈ। ਮਿਸਾਲ ਲਈ, ਅਸੀਂ ਉਸ ਦੇ ਲੋਕ ਇਸਰਾਏਲ ਦੇ ਦੁੱਖਾਂ ਬਾਰੇ ਪੜ੍ਹਦੇ ਹਾਂ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:9) ਯਹੋਵਾਹ ਨੇ ਸਿਰਫ਼ ਉਨ੍ਹਾਂ ਦੀਆਂ ਮੁਸੀਬਤਾਂ ਹੀ ਨਹੀਂ ਦੇਖੀਆਂ; ਉਸ ਨੇ ਲੋਕਾਂ ਲਈ ਹਮਦਰਦੀ ਮਹਿਸੂਸ ਕੀਤੀ। ਯਹੋਵਾਹ ਕਿੰਨੀ ਗਹਿਰਾਈ ਨਾਲ ਹਮਦਰਦੀ ਮਹਿਸੂਸ ਕਰਦਾ ਹੈ, ਇਹ ਉਸ ਵੱਲੋਂ ਆਪਣੇ ਲੋਕਾਂ ਨੂੰ ਕਹੇ ਗਏ ਸ਼ਬਦਾਂ ਤੋਂ ਸਚਿੱਤਰ ਹੁੰਦਾ ਹੈ, ਜੋ ਜ਼ਕਰਯਾਹ 2:8 ਵਿਚ ਦਰਜ ਹਨ: ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’a ਇਕ ਟੀਕਾਕਾਰ ਇਸ ਆਇਤ ਉੱਤੇ ਟਿੱਪਣੀ ਕਰਦਾ ਹੈ: “ਅੱਖ ਮਨੁੱਖੀ ਸਰੀਰ ਵਿਚ ਇਕ ਸਭ ਤੋਂ ਜ਼ਿਆਦਾ ਗੁੰਝਲਦਾਰ ਅਤੇ ਨਾਜ਼ੁਕ ਰਚਨਾ ਹੈ; ਅਤੇ ਅੱਖ ਦੀ ਕਾਕੀ—ਜਿਸ ਵਿੱਚੋਂ ਦੇਖਣ ਦੇ ਮਕਸਦ ਲਈ ਰੌਸ਼ਨੀ ਦਾਖ਼ਲ ਹੁੰਦੀ ਹੈ—ਇਸ ਰਚਨਾ ਦਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ, ਅਤੇ ਮਹੱਤਵਪੂਰਣ ਹਿੱਸਾ ਹੈ। ਹੋਰ ਕੋਈ ਵੀ ਚੀਜ਼ ਇੰਨੇ ਵਧੀਆ ਤਰੀਕੇ ਨਾਲ ਯਹੋਵਾਹ ਦੇ ਪ੍ਰੇਮ ਦੇ ਪਾਤਰਾਂ ਲਈ ਉਸ ਦੀ ਅਤਿ ਕੋਮਲ ਪਰਵਾਹ ਦੀ ਭਾਵਨਾ ਨੂੰ ਪ੍ਰਗਟ ਨਹੀਂ ਕਰ ਸਕਦੀ ਹੈ।”
6. ਯਿਸੂ ਮਸੀਹ ਨੇ ਕਿਸ ਤਰ੍ਹਾਂ ਹਮਦਰਦੀ ਦਿਖਾਈ ਹੈ?
6 ਯਿਸੂ ਨੇ ਵੀ ਹਮੇਸ਼ਾ ਅਥਾਹ ਹਮਦਰਦੀ ਦਿਖਾਈ ਹੈ। ਉਸ ਨੇ ਵਾਰ-ਵਾਰ ਆਪਣੇ ਸੰਗੀ ਮਾਨਵਾਂ ਦੀ ਦੁਰਦਸ਼ਾ ਉੱਤੇ ‘ਤਰਸ ਖਾਧਾ’ ਜਿਹੜੇ ਬੀਮਾਰ ਜਾਂ ਮੁਸੀਬਤ ਵਿਚ ਸਨ। (ਮਰਕੁਸ 1:41; 6:34) ਉਸ ਨੇ ਸੰਕੇਤ ਕੀਤਾ ਕਿ ਜਦੋਂ ਕੋਈ ਉਸ ਦੇ ਮਸਹ ਕੀਤੇ ਹੋਏ ਪੈਰੋਕਾਰਾਂ ਨਾਲ ਦਿਆਲਤਾ ਨਾਲ ਵਿਵਹਾਰ ਨਹੀਂ ਕਰਦਾ ਹੈ, ਤਾਂ ਉਹ ਇਵੇਂ ਮਹਿਸੂਸ ਕਰਦਾ ਹੈ ਜਿਵੇਂ ਇਹ ਵਿਵਹਾਰ ਉਸ ਨਾਲ ਕੀਤਾ ਜਾ ਰਿਹਾ ਸੀ। (ਮੱਤੀ 25:41-46) ਅਤੇ ਅੱਜ ਸਾਡੇ ਸਵਰਗੀ “ਪਰਧਾਨ ਜਾਜਕ” ਵਜੋਂ, ਉਹ “ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ” ਹੋ ਸਕਦਾ ਹੈ।—ਇਬਰਾਨੀਆਂ 4:15.
7. ਹਮਦਰਦੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਜਦੋਂ ਇਕ ਭਰਾ ਜਾਂ ਭੈਣ ਸਾਨੂੰ ਖਿਝਾਵੇ?
7 “ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ”—ਕੀ ਇਹ ਇਕ ਤਸੱਲੀ ਦੇਣ ਵਾਲਾ ਵਿਚਾਰ ਨਹੀਂ ਹੈ? ਤਾਂ ਫਿਰ, ਯਕੀਨਨ ਅਸੀਂ ਵੀ ਇਕ ਦੂਸਰੇ ਨਾਲ ਅਜਿਹਾ ਹੀ ਕਰਨਾ ਚਾਹੁੰਦੇ ਹਾਂ। ਨਿਰਸੰਦੇਹ, ਦੂਸਰਿਆਂ ਦੀਆਂ ਦੁਰਬਲਤਾਈਆਂ ਦੇਖਣੀਆਂ ਜ਼ਿਆਦਾ ਆਸਾਨ ਹੈ। (ਮੱਤੀ 7:3-5) ਪਰੰਤੂ ਅਗਲੀ ਵਾਰ ਜਦੋਂ ਇਕ ਭਰਾ ਜਾਂ ਭੈਣ ਤੁਹਾਨੂੰ ਖਿਝਾਵੇ, ਤਾਂ ਕਿਉਂ ਨਾ ਇਹ ਅਜ਼ਮਾ ਕੇ ਦੇਖੋ? ਕਲਪਨਾ ਕਰੋ ਕਿ ਤੁਹਾਡੇ ਹਾਲਾਤ, ਪਿਛੋਕੜ, ਵਿਅਕਤਿੱਤਵ, ਅਤੇ ਨਿੱਜੀ ਕਮਜ਼ੋਰੀਆਂ ਜਿਸ ਨਾਲ ਤੁਸੀਂ ਸੰਘਰਸ਼ ਕਰਦੇ ਹੋ ਉਸ ਵਿਅਕਤੀ ਵਰਗੇ ਹਨ। ਕੀ ਤੁਸੀਂ ਯਕੀਨੀ ਹੋ ਸਕਦੇ ਹੋ ਕਿ ਤੁਸੀਂ ਸਮਾਨ ਗ਼ਲਤੀਆਂ—ਜਾਂ ਸ਼ਾਇਦ ਇਸ ਤੋਂ ਵੀ ਭੈੜੀਆਂ ਗ਼ਲਤੀਆਂ—ਨਹੀਂ ਕਰੋਗੇ? ਦੂਸਰਿਆਂ ਤੋਂ ਹੱਦੋਂ ਵੱਧ ਆਸ ਕਰਨ ਦੀ ਬਜਾਇ, ਸਾਨੂੰ ਹਮਦਰਦੀ ਦਿਖਾਉਣੀ ਚਾਹੀਦੀ ਹੈ, ਜੋ ਸਾਨੂੰ ਯਹੋਵਾਹ ਦੀ ਤਰ੍ਹਾਂ ਤਰਕਸੰਗਤ ਬਣਨ ਵਿਚ ਮਦਦ ਕਰੇਗੀ, ਜਿਸ ਨੂੰ “ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ।” (ਜ਼ਬੂਰ 103:14; ਯਾਕੂਬ 3:17) ਉਹ ਸਾਡੀਆਂ ਸੀਮਾਵਾਂ ਜਾਣਦਾ ਹੈ। ਜਿੰਨਾ ਅਸੀਂ ਜਾਇਜ਼ ਤੌਰ ਤੇ ਕਰ ਸਕਦੇ ਹਾਂ ਉਸ ਤੋਂ ਵੱਧ ਉਹ ਸਾਡੇ ਤੋਂ ਆਸ ਨਹੀਂ ਰੱਖਦਾ ਹੈ। (ਤੁਲਨਾ ਕਰੋ 1 ਰਾਜਿਆਂ 19:5-7.) ਆਓ ਅਸੀਂ ਸਾਰੇ ਦੂਸਰਿਆਂ ਨੂੰ ਅਜਿਹੀ ਹਮਦਰਦੀ ਦਿਖਾਈਏ।
8. ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਇਕ ਭਰਾ ਜਾਂ ਭੈਣ ਕੁਝ ਕਠਿਨਾਈਆਂ ਵਿੱਚੋਂ ਲੰਘ ਰਹੇ ਹੋਣ?
8 ਪੌਲੁਸ ਨੇ ਲਿਖਿਆ ਕਿ ਕਲੀਸਿਯਾ ਇਕ ਸਰੀਰ ਦੀ ਤਰ੍ਹਾਂ ਹੈ ਜਿਸ ਦੇ ਭਿੰਨ-ਭਿੰਨ ਅੰਗ ਹਨ ਜਿਨ੍ਹਾਂ ਨੂੰ ਏਕਤਾ ਵਿਚ ਕੰਮ ਕਰਨਾ ਚਾਹੀਦਾ ਹੈ। ਉਸ ਨੇ ਅੱਗੇ ਲਿਖਿਆ: “ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ।” (1 ਕੁਰਿੰਥੀਆਂ 12:12-26) ਸਾਨੂੰ ਉਨ੍ਹਾਂ ਨਾਲ ਦੁੱਖੀ ਹੋਣ, ਜਾਂ ਉਨ੍ਹਾਂ ਨੂੰ ਸਮਾਨ-ਅਨੁਭੂਤੀ ਦਿਖਾਉਣ ਦੀ ਲੋੜ ਹੈ ਜੋ ਕੁਝ ਕਰੜੀਆਂ ਅਜ਼ਮਾਇਸ਼ਾਂ ਵਿੱਚੋਂ ਲੰਘ ਰਹੇ ਹਨ। ਬਜ਼ੁਰਗ ਅਜਿਹਾ ਕਰਨ ਵਿਚ ਅਗਵਾਈ ਲੈਂਦੇ ਹਨ। ਪੌਲੁਸ ਨੇ ਇਹ ਵੀ ਲਿਖਿਆ: “ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ? ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ?” (2 ਕੁਰਿੰਥੀਆਂ 11:29) ਬਜ਼ੁਰਗ ਅਤੇ ਸਫ਼ਰੀ ਨਿਗਾਹਬਾਨ ਇਸ ਸੰਬੰਧ ਵਿਚ ਪੌਲੁਸ ਦੀ ਨਕਲ ਕਰਦੇ ਹਨ। ਆਪਣੇ ਭਾਸ਼ਣਾਂ ਵਿਚ, ਆਪਣੇ ਰਹਿਨੁਮਾਈ ਕੰਮ ਵਿਚ, ਅਤੇ ਨਿਆਇਕ ਮਾਮਲਿਆਂ ਨੂੰ ਸੰਭਾਲਣ ਵਿਚ ਵੀ, ਉਹ ਹਮਦਰਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪੌਲੁਸ ਨੇ ਸਲਾਹ ਦਿੱਤੀ: “ਰੋਣ ਵਾਲਿਆਂ ਨਾਲ ਰੋਵੋ।” (ਰੋਮੀਆਂ 12:15) ਜਦੋਂ ਭੇਡਾਂ ਮਹਿਸੂਸ ਕਰਦੀਆਂ ਹਨ ਕਿ ਚਰਵਾਹੇ ਸੱਚ-ਮੁੱਚ ਉਨ੍ਹਾਂ ਲਈ ਸਮਾਨ-ਅਨੁਭੂਤੀ ਰੱਖਦੇ ਹਨ, ਉਨ੍ਹਾਂ ਦੀਆਂ ਸੀਮਾਵਾਂ ਨੂੰ ਸਮਝਦੇ ਹਨ, ਅਤੇ ਜਿਹੜੀਆਂ ਕਠਿਨਾਈਆਂ ਦਾ ਉਹ ਸਾਮ੍ਹਣਾ ਕਰਦੇ ਹਨ ਉਨ੍ਹਾਂ ਲਈ ਹਮਦਰਦੀ ਰੱਖਦੇ ਹਨ, ਤਾਂ ਉਹ ਅਕਸਰ ਸਲਾਹ, ਨਿਰਦੇਸ਼ਨ, ਅਤੇ ਅਨੁਸ਼ਾਸਨ ਨੂੰ ਜ਼ਿਆਦਾ ਖ਼ੁਸ਼ੀ ਨਾਲ ਪ੍ਰਵਾਨ ਕਰਦੀਆਂ ਹਨ। ਉਹ ਉਤਸ਼ਾਹਪੂਰਵਕ ਸਭਾਵਾਂ ਵਿਚ ਹਾਜ਼ਰ ਹੁੰਦੀਆਂ ਹਨ, ਇਹ ਭਰੋਸਾ ਰੱਖਦੇ ਹੋਏ ਕਿ ਉੱਥੇ ਉਹ ‘ਆਪਣਿਆਂ ਜੀਆਂ ਵਿੱਚ ਅਰਾਮ ਪਾਉਣਗੀਆਂ।’—ਮੱਤੀ 11:29.
ਕਦਰਦਾਨੀ ਦਿਖਾਉਣੀ
9. ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਸਾਡੇ ਚੰਗੇ ਗੁਣਾਂ ਦੀ ਕਦਰ ਕਰਦਾ ਹੈ?
9 ਭਰਾਤਰੀ ਪ੍ਰੇਮ ਨੂੰ ਮਜ਼ਬੂਤ ਕਰਨ ਦਾ ਦੂਸਰਾ ਤਰੀਕਾ ਹੈ ਕਦਰਦਾਨੀ ਦਿਖਾਉਣੀ। ਦੂਸਰਿਆਂ ਪ੍ਰਤੀ ਕਦਰਦਾਨੀ ਦਿਖਾਉਣ ਲਈ, ਸਾਨੂੰ ਉਨ੍ਹਾਂ ਦੇ ਚੰਗੇ ਗੁਣਾਂ ਅਤੇ ਜਤਨਾਂ ਉੱਤੇ ਧਿਆਨ ਦੇਣਾ ਅਤੇ ਇਨ੍ਹਾਂ ਨੂੰ ਕੀਮਤੀ ਸਮਝਣਾ ਚਾਹੀਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ। (ਅਫ਼ਸੀਆਂ 5:1) ਰੋਜ਼ਾਨਾ ਉਹ ਸਾਡੇ ਬਹੁਤ ਸਾਰੇ ਛੋਟੇ-ਮੋਟੇ ਪਾਪਾਂ ਨੂੰ ਮਾਫ਼ ਕਰਦਾ ਹੈ। ਉਹ ਗੰਭੀਰ ਪਾਪਾਂ ਨੂੰ ਵੀ ਮਾਫ਼ ਕਰਦਾ ਹੈ ਜਦੋਂ ਤਕ ਅਸਲੀ ਤੋਬਾ ਦਿਖਾਈ ਜਾਂਦੀ ਹੈ। ਫਿਰ ਜਦੋਂ ਉਹ ਇਕ ਵਾਰੀ ਸਾਡੇ ਪਾਪਾਂ ਨੂੰ ਮਾਫ਼ ਕਰ ਦਿੰਦਾ ਹੈ, ਉਹ ਇਨ੍ਹਾਂ ਨੂੰ ਯਾਦ ਨਹੀਂ ਰੱਖਦਾ ਹੈ। (ਹਿਜ਼ਕੀਏਲ 33:14-16) ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰ 130:3) ਯਹੋਵਾਹ ਉਨ੍ਹਾਂ ਚੰਗੀਆਂ ਚੀਜ਼ਾਂ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਜੋ ਅਸੀਂ ਉਸ ਦੀ ਸੇਵਾ ਵਿਚ ਕਰਦੇ ਹਾਂ।—ਇਬਰਾਨੀਆਂ 6:10.
10. (ੳ) ਵਿਆਹੁਤਾ ਸਾਥੀਆਂ ਲਈ ਇਕ ਦੂਸਰੇ ਪ੍ਰਤੀ ਕਦਰਦਾਨੀ ਗੁਆਉਣੀ ਖ਼ਤਰਨਾਕ ਕਿਉਂ ਹੈ? (ਅ) ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ ਜੇ ਉਸ ਦੀ ਆਪਣੇ ਵਿਆਹੁਤਾ ਸਾਥੀ ਪ੍ਰਤੀ ਕਦਰ ਘੱਟ ਰਹੀ ਹੈ?
10 ਪਰਿਵਾਰ ਵਿਚ ਇਸ ਮਿਸਾਲ ਦੀ ਪੈਰਵੀ ਕਰਨੀ ਖ਼ਾਸ ਤੌਰ ਤੇ ਮਹੱਤਵਪੂਰਣ ਹੈ। ਜਦੋਂ ਮਾਪੇ ਦਿਖਾਉਂਦੇ ਹਨ ਕਿ ਉਹ ਇਕ ਦੂਸਰੇ ਦੀ ਕਦਰ ਕਰਦੇ ਹਨ, ਤਾਂ ਉਹ ਪਰਿਵਾਰ ਲਈ ਇਕ ਨਮੂਨਾ ਕਾਇਮ ਕਰਦੇ ਹਨ। ਇਸ ਯੁਗ ਵਿਚ, ਜਿਸ ਵਿਚ ਵਿਆਹ ਨੂੰ ਮਰਜ਼ੀ ਅਨੁਸਾਰ ਤਿਆਗਿਆ ਜਾਂਦਾ ਹੈ, ਵਿਆਹੁਤਾ ਸਾਥੀ ਨੂੰ ਤੁੱਛ ਜਾਣਨਾ ਅਤੇ ਔਗੁਣਾਂ ਨੂੰ ਵਧਾ-ਚੜ੍ਹਾ ਕੇ ਦੱਸਣਾ ਅਤੇ ਚੰਗੇ ਗੁਣਾਂ ਉੱਤੇ ਜ਼ੋਰ ਨਾ ਦੇਣਾ ਬਹੁਤ ਹੀ ਆਸਾਨ ਹੈ। ਅਜਿਹੀ ਨਕਾਰਾਤਮਕ ਸੋਚ ਵਿਆਹ ਨੂੰ ਖੋਰ ਦਿੰਦੀ ਹੈ, ਅਤੇ ਇਸ ਨੂੰ ਆਨੰਦਰਹਿਤ ਬੋਝ ਬਣਾ ਦਿੰਦੀ ਹੈ। ਜੇਕਰ ਆਪਣੇ ਵਿਆਹੁਤਾ ਸਾਥੀ ਪ੍ਰਤੀ ਤੁਹਾਡੀ ਕਦਰਦਾਨੀ ਘੱਟ ਰਹੀ ਹੈ, ਤਾਂ ਆਪਣੇ ਆਪ ਤੋਂ ਪੁੱਛੋ, ‘ਕੀ ਮੇਰੇ ਸਾਥੀ ਵਿਚ ਸੱਚ-ਮੁੱਚ ਚੰਗੇ ਗੁਣ ਨਹੀਂ ਹਨ?’ ਉਨ੍ਹਾਂ ਕਾਰਨਾਂ ਬਾਰੇ ਦੁਬਾਰਾ ਸੋਚੋ ਜਿਨ੍ਹਾਂ ਕਰਕੇ ਤੁਸੀਂ ਉਸ ਨਾਲ ਪ੍ਰੇਮ ਕੀਤਾ ਸੀ ਅਤੇ ਵਿਆਹ ਕੀਤਾ ਸੀ। ਕੀ ਇਸ ਲਾਜਵਾਬ ਵਿਅਕਤੀ ਨਾਲ ਪ੍ਰੇਮ ਕਰਨ ਦੇ ਉਹ ਸਾਰੇ ਕਾਰਨ ਸੱਚ-ਮੁੱਚ ਖ਼ਤਮ ਹੋ ਗਏ ਹਨ? ਯਕੀਨਨ ਨਹੀਂ; ਇਸ ਲਈ ਆਪਣੇ ਸਾਥੀ ਦੇ ਚੰਗੇ ਗੁਣਾਂ ਦੀ ਕਦਰ ਕਰਨ ਲਈ ਸਖ਼ਤ ਮਿਹਨਤ ਕਰੋ, ਅਤੇ ਆਪਣੀ ਕਦਰਦਾਨੀ ਨੂੰ ਸ਼ਬਦਾਂ ਵਿਚ ਪ੍ਰਗਟ ਕਰੋ।—ਕਹਾਉਤਾਂ 31:28.
11. ਜੇਕਰ ਵਿਵਾਹਕ ਪ੍ਰੇਮ ਨੂੰ ਨਿਸ਼ਕਪਟ ਹੋਣਾ ਹੈ, ਤਾਂ ਕਿਹੜੇ ਅਭਿਆਸਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ?
11 ਕਦਰਦਾਨੀ ਵਿਆਹੁਤਾ ਸਾਥੀਆਂ ਨੂੰ ਆਪਣੇ ਪ੍ਰੇਮ ਨੂੰ ਨਿਸ਼ਕਪਟ ਰੱਖਣ ਲਈ ਵੀ ਮਦਦ ਦਿੰਦੀ ਹੈ। (ਤੁਲਨਾ ਕਰੋ 2 ਕੁਰਿੰਥੀਆਂ 6:6; 1 ਪਤਰਸ 1:22.) ਦਿਲੀ ਕਦਰਦਾਨੀ ਨਾਲ ਮਜ਼ਬੂਤ ਕੀਤੇ ਗਏ ਅਜਿਹੇ ਪ੍ਰੇਮ ਵਿਚ, ਬੰਦ ਦਰਵਾਜ਼ਿਆਂ ਪਿੱਛੇ ਕਠੋਰਤਾ ਦੀ, ਠੇਸ ਪਹੁੰਚਾਉਣ ਵਾਲੇ ਅਤੇ ਅਪਮਾਨਜਨਕ ਸ਼ਬਦਾਂ ਦੀ, ਅਤੇ ਬੇਰੁਖ਼ੇ ਵਰਤਾਉ ਦੀ ਵੀ ਕੋਈ ਗੁੰਜਾਇਸ਼ ਨਹੀਂ ਹੋਵੇਗੀ, ਜਿਸ ਵਿਚ ਬਿਨਾਂ ਕਿਸੇ ਦਿਆਲੂ ਜਾਂ ਨਿਮਰਤਾ ਭਰੇ ਸ਼ਬਦ ਬੋਲੇ ਕਈ ਦਿਨ ਲੰਘ ਜਾਂਦੇ ਹਨ, ਅਤੇ ਯਕੀਨਨ ਇਸ ਵਿਚ ਸਰੀਰਕ ਹਿੰਸਾ ਦੀ ਵੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। (ਅਫ਼ਸੀਆਂ 5:28, 29) ਜਿਹੜੇ ਪਤੀ ਅਤੇ ਪਤਨੀ ਇਕ ਦੂਸਰੇ ਦੀ ਸੱਚ-ਮੁੱਚ ਕਦਰ ਕਰਦੇ ਹਨ, ਉਹ ਇਕ ਦੂਸਰੇ ਦਾ ਆਦਰ ਕਰਦੇ ਹਨ। ਉਹ ਇਸ ਤਰ੍ਹਾਂ ਸਿਰਫ਼ ਲੋਕਾਂ ਦੇ ਸਾਮ੍ਹਣੇ ਹੀ ਨਹੀਂ ਕਰਦੇ ਹਨ ਪਰੰਤੂ ਜਦੋਂ ਵੀ ਉਹ ਯਹੋਵਾਹ ਦੀ ਨਿਗਾਹ ਵਿਚ ਹੁੰਦੇ ਹਨ—ਦੂਸਰੇ ਸ਼ਬਦਾਂ ਵਿਚ, ਉਹ ਹਰ ਸਮੇਂ ਇਸ ਤਰ੍ਹਾਂ ਕਰਦੇ ਹਨ।—ਕਹਾਉਤਾਂ 5:21.
12. ਮਾਪਿਆਂ ਨੂੰ ਆਪਣੇ ਬੱਚਿਆਂ ਦੇ ਚੰਗੇ ਗੁਣਾਂ ਪ੍ਰਤੀ ਕਦਰਦਾਨੀ ਕਿਉਂ ਪ੍ਰਗਟ ਕਰਨੀ ਚਾਹੀਦੀ ਹੈ?
12 ਬੱਚਿਆਂ ਨੂੰ ਵੀ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ। ਇਹ ਨਹੀਂ ਕਿ ਮਾਪਿਆਂ ਨੂੰ ਉਨ੍ਹਾਂ ਦੀ ਝੂਠੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ, ਬਲਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸ਼ਲਾਘਾਯੋਗ ਗੁਣਾਂ ਅਤੇ ਸੱਚ-ਮੁੱਚ ਚੰਗਾ ਕੰਮ ਜੋ ਉਹ ਕਰਦੇ ਹਨ ਉਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਯਿਸੂ ਪ੍ਰਤੀ ਆਪਣੀ ਪ੍ਰਵਾਨਗੀ ਪ੍ਰਗਟ ਕਰਨ ਦੀ ਯਹੋਵਾਹ ਦੀ ਮਿਸਾਲ ਨੂੰ ਯਾਦ ਰੱਖੋ। (ਮਰਕੁਸ 1:11) ਇਕ ਦ੍ਰਿਸ਼ਟਾਂਤ ਵਿਚ “ਮਾਲਕ” ਵਜੋਂ ਯਿਸੂ ਦੀ ਮਿਸਾਲ ਨੂੰ ਵੀ ਯਾਦ ਰੱਖੋ। ਉਸ ਨੇ ਦੋ ‘ਚੰਗੇ ਅਤੇ ਮਾਤਬਰ ਚਾਕਰਾਂ’ ਦੀ ਸਮਾਨ ਪ੍ਰਸ਼ੰਸਾ ਕੀਤੀ, ਭਾਵੇਂ ਕਿ ਉਨ੍ਹਾਂ ਦੋਹਾਂ ਨੂੰ ਜੋ ਦਿੱਤਾ ਗਿਆ ਸੀ ਉਸ ਵਿਚ, ਅਤੇ ਜੋ ਉਨ੍ਹਾਂ ਨੇ ਕਮਾਇਆ ਸੀ ਉਸ ਵਿਚ, ਅੰਤਰ ਸੀ। (ਮੱਤੀ 25:20-23; ਤੁਲਨਾ ਕਰੋ ਮੱਤੀ 13:23.) ਇਸੇ ਤਰ੍ਹਾਂ ਬੁੱਧੀਮਾਨ ਮਾਪੇ ਹਰੇਕ ਬੱਚੇ ਦੇ ਅਨੋਖੇ ਗੁਣਾਂ, ਯੋਗਤਾਵਾਂ, ਅਤੇ ਪ੍ਰਾਪਤੀਆਂ ਪ੍ਰਤੀ ਕਦਰਦਾਨੀ ਦਿਖਾਉਣ ਲਈ ਤਰੀਕੇ ਲੱਭਦੇ ਹਨ। ਨਾਲ ਹੀ, ਉਹ ਕੋਸ਼ਿਸ਼ ਕਰਦੇ ਹਨ ਕਿ ਪ੍ਰਾਪਤੀਆਂ ਉੱਤੇ ਇੰਨਾ ਜ਼ੋਰ ਨਾ ਦੇਣ ਕਿ ਉਨ੍ਹਾਂ ਦੇ ਬੱਚੇ ਲਗਾਤਾਰ ਕੁਝ ਕਰ ਦਿਖਾਉਣ ਲਈ ਮਜਬੂਰ ਮਹਿਸੂਸ ਕਰਨ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਖਿਝਦੇ ਹੋਏ ਜਾਂ ਮਨ ਦੇ ਹਾਰੇ ਹੋਏ ਵੱਡੇ ਹੋਣ।—ਅਫ਼ਸੀਆਂ 6:4; ਕੁਲੁੱਸੀਆਂ 3:21.
13. ਕਲੀਸਿਯਾ ਦੇ ਹਰੇਕ ਮੈਂਬਰ ਪ੍ਰਤੀ ਕਦਰਦਾਨੀ ਦਿਖਾਉਣ ਵਿਚ ਕੌਣ ਅਗਵਾਈ ਲੈਂਦੇ ਹਨ?
13 ਮਸੀਹੀ ਕਲੀਸਿਯਾ ਵਿਚ, ਬਜ਼ੁਰਗ ਅਤੇ ਸਫ਼ਰੀ ਨਿਗਾਹਬਾਨ ਪਰਮੇਸ਼ੁਰ ਦੇ ਝੁੰਡ ਦੇ ਹਰੇਕ ਵਿਅਕਤੀਗਤ ਮੈਂਬਰ ਪ੍ਰਤੀ ਕਦਰਦਾਨੀ ਦਿਖਾਉਣ ਵਿਚ ਅਗਵਾਈ ਕਰਦੇ ਹਨ। ਉਨ੍ਹਾਂ ਦੀ ਇਕ ਔਖੀ ਪਦਵੀ ਹੈ, ਕਿਉਂਕਿ ਉਨ੍ਹਾਂ ਉੱਤੇ ਧਾਰਮਿਕਤਾ ਵਿਚ ਅਨੁਸ਼ਾਸਨ ਦੇਣ ਦੀ, ਗ਼ਲਤੀ ਕਰਨ ਵਾਲਿਆਂ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰਨ ਦੀ, ਅਤੇ ਜਿਨ੍ਹਾਂ ਨੂੰ ਸਲਾਹ ਦੀ ਲੋੜ ਹੈ ਉਨ੍ਹਾਂ ਨੂੰ ਸਲਾਹ ਦੇਣ ਦੀ ਭਾਰੀ ਜ਼ਿੰਮੇਵਾਰੀ ਹੈ। ਉਹ ਇਨ੍ਹਾਂ ਭਿੰਨ-ਭਿੰਨ ਜ਼ਿੰਮੇਵਾਰੀਆਂ ਨੂੰ ਕਿਵੇਂ ਸੰਤੁਲਿਤ ਕਰਦੇ ਹਨ?—ਗਲਾਤੀਆਂ 6:1; 2 ਤਿਮੋਥਿਉਸ 3:16.
14, 15. (ੳ) ਸਖ਼ਤ ਸਲਾਹ ਦੇਣ ਦੇ ਮਾਮਲੇ ਵਿਚ ਪੌਲੁਸ ਨੇ ਕਿਸ ਤਰ੍ਹਾਂ ਸੰਤੁਲਨ ਦਿਖਾਇਆ? (ਅ) ਮਸੀਹੀ ਨਿਗਾਹਬਾਨ ਗ਼ਲਤੀਆਂ ਨੂੰ ਠੀਕ ਕਰਨ ਦੀ ਲੋੜ ਅਤੇ ਸ਼ਲਾਘਾ ਦੇਣ ਦੀ ਲੋੜ ਵਿਚ ਕਿਵੇਂ ਸੰਤੁਲਨ ਕਾਇਮ ਰੱਖ ਸਕਦੇ ਹਨ? ਉਦਾਹਰਣ ਦਿਓ।
14 ਪੌਲੁਸ ਦੀ ਮਿਸਾਲ ਬਹੁਤ ਵੱਡੀ ਮਦਦ ਹੈ। ਉਹ ਇਕ ਸਿਰਕੱਢਵਾਂ ਸਿੱਖਿਅਕ, ਬਜ਼ੁਰਗ, ਅਤੇ ਚਰਵਾਹਾ ਸੀ। ਉਸ ਨੂੰ ਉਨ੍ਹਾਂ ਕਲੀਸਿਯਾਵਾਂ ਨਾਲ ਨਜਿੱਠਣਾ ਪੈਂਦਾ ਸੀ ਜਿਨ੍ਹਾਂ ਨੂੰ ਗੰਭੀਰ ਸਮੱਸਿਆਵਾਂ ਸਨ, ਅਤੇ ਡਰ ਦੇ ਮਾਰੇ ਉਹ ਲੋੜ ਪੈਣ ਤੇ ਸਖ਼ਤ ਸਲਾਹ ਦੇਣ ਤੋਂ ਪਿੱਛੇ ਨਹੀਂ ਹੱਟਿਆ। (2 ਕੁਰਿੰਥੀਆਂ 7:8-11) ਪੌਲੁਸ ਦੀ ਸੇਵਕਾਈ ਉੱਤੇ ਇਕ ਨਜ਼ਰ ਸੰਕੇਤ ਕਰਦੀ ਹੈ ਕਿ ਉਸ ਨੇ ਝਿੜਕਾਂ ਦਾ ਬਹੁਤ ਘੱਟ ਪ੍ਰਯੋਗ ਕੀਤਾ—ਸਿਰਫ਼ ਉਦੋਂ ਜਦੋਂ ਹਾਲਾਤ ਕਾਰਨ ਇਹ ਜ਼ਰੂਰੀ ਸੀ ਜਾਂ ਉਚਿਤ ਸੀ। ਇਸ ਵਿਚ ਉਸ ਨੇ ਈਸ਼ਵਰੀ ਬੁੱਧ ਦਿਖਾਈ।
15 ਜੇਕਰ ਕਲੀਸਿਯਾ ਵਿਚ ਇਕ ਬਜ਼ੁਰਗ ਦੀ ਸੇਵਕਾਈ ਦੀ ਤੁਲਨਾ ਇਕ ਸੰਗੀਤ-ਰਚਨਾ ਨਾਲ ਕੀਤੀ ਜਾਵੇ, ਤਾਂ ਝਿੜਕ ਅਤੇ ਤਾੜਨਾ ਇਕ ਸੁਰ ਵਾਂਗ ਹੋਣਗੀਆਂ ਜੋ ਉਸ ਸੰਗੀਤ-ਰਚਨਾ ਵਿਚ ਠੀਕ ਬੈਠਦੀਆਂ ਹਨ। ਇਹ ਸੁਰ ਆਪਣੀ ਜਗ੍ਹਾ ਵਿਚ ਉਚਿਤ ਹੈ। (ਲੂਕਾ 17:3; 2 ਤਿਮੋਥਿਉਸ 4:2) ਕਲਪਨਾ ਕਰੋ ਕਿ ਇਕ ਗਾਣੇ ਵਿਚ ਇਹੋ ਇਕ ਸੁਰ ਹੈ, ਜੋ ਵਾਰ-ਵਾਰ ਦੁਹਰਾਈ ਜਾਂਦੀ ਹੈ। ਇਹ ਜਲਦੀ ਹੀ ਸਾਡੇ ਕੰਨਾਂ ਨੂੰ ਲੱਗਣ ਲੱਗ ਪਏਗੀ। ਇਸੇ ਤਰ੍ਹਾਂ, ਮਸੀਹੀ ਬਜ਼ੁਰਗ ਆਪਣੀ ਸਿਖਾਉਣ ਦੀ ਕਲਾ ਨੂੰ ਵਧਾਉਣ ਅਤੇ ਇਸ ਵਿਚ ਵੰਨਸੁਵੰਨਤਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕੇਵਲ ਸਮੱਸਿਆਵਾਂ ਨੂੰ ਹੀ ਨਹੀਂ ਸੁਲਝਾਉਂਦੇ ਹਨ। ਇਸ ਦੀ ਬਜਾਇ, ਉਨ੍ਹਾਂ ਦਾ ਸਿੱਖਿਆ ਦੇਣ ਦਾ ਤਰੀਕਾ ਆਮ ਤੌਰ ਤੇ ਸਕਾਰਾਤਮਕ ਹੁੰਦਾ ਹੈ। ਯਿਸੂ ਮਸੀਹ ਦੀ ਤਰ੍ਹਾਂ, ਪ੍ਰੇਮਮਈ ਬਜ਼ੁਰਗ ਪ੍ਰਸ਼ੰਸਾ ਕਰਨ ਲਈ ਪਹਿਲਾਂ ਚੰਗੀਆਂ ਚੀਜ਼ਾਂ ਦੀ ਭਾਲ ਕਰਦੇ ਹਨ, ਨਾ ਕਿ ਅਲੋਚਨਾ ਕਰਨ ਲਈ ਦੋਸ਼ ਭਾਲਦੇ ਹਨ। ਉਹ ਆਪਣੇ ਸੰਗੀ ਮਸੀਹੀਆਂ ਦੀ ਸਖ਼ਤ ਮਿਹਨਤ ਦੀ ਕਦਰ ਕਰਦੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਸਮੁੱਚੇ ਤੌਰ ਤੇ, ਹਰੇਕ ਵਿਅਕਤੀ ਯਹੋਵਾਹ ਦੀ ਸੇਵਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਬਜ਼ੁਰਗ ਖ਼ੁਸ਼ੀ-ਖ਼ੁਸ਼ੀ ਇਸ ਭਾਵਨਾ ਨੂੰ ਸ਼ਬਦਾਂ ਵਿਚ ਪ੍ਰਗਟ ਕਰਦੇ ਹਨ।—ਤੁਲਨਾ ਕਰੋ 2 ਥੱਸਲੁਨੀਕੀਆਂ 3:4.
16. ਪੌਲੁਸ ਦੇ ਕਦਰਦਾਨ ਅਤੇ ਹਮਦਰਦੀਪੂਰਵਕ ਰਵੱਈਏ ਦਾ ਉਸ ਦੇ ਸੰਗੀ ਮਸੀਹੀਆਂ ਉੱਤੇ ਕੀ ਪ੍ਰਭਾਵ ਪਿਆ?
16 ਬਿਨਾਂ ਸ਼ੱਕ, ਜਿਨ੍ਹਾਂ ਮਸੀਹੀਆਂ ਦੀ ਪੌਲੁਸ ਨੇ ਸੇਵਾ ਕੀਤੀ ਸੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਮਸੀਹੀ ਅਹਿਸਾਸ ਕਰਦੇ ਸਨ ਕਿ ਉਹ ਉਨ੍ਹਾਂ ਦੀ ਕਦਰ ਕਰਦਾ ਸੀ ਅਤੇ ਉਨ੍ਹਾਂ ਲਈ ਹਮਦਰਦੀ ਰੱਖਦਾ ਸੀ। ਅਸੀਂ ਇਹ ਕਿਵੇਂ ਜਾਣਦੇ ਹਾਂ? ਦੇਖੋ ਕਿ ਉਹ ਪੌਲੁਸ ਬਾਰੇ ਕਿਵੇਂ ਮਹਿਸੂਸ ਕਰਦੇ ਸਨ। ਉਹ ਉਸ ਤੋਂ ਡਰਦੇ ਨਹੀਂ ਸਨ, ਭਾਵੇਂ ਕਿ ਉਸ ਕੋਲ ਵੱਡਾ ਅਧਿਕਾਰ ਸੀ। ਨਹੀਂ, ਉਹ ਮਿਲਣਸਾਰ ਅਤੇ ਉਨ੍ਹਾਂ ਦੁਆਰਾ ਚਹੇਤਾ ਸੀ। ਕਿਉਂ, ਜਦੋਂ ਉਸ ਨੇ ਇਕ ਖੇਤਰ ਛੱਡਿਆ, ਤਾਂ ਬਜ਼ੁਰਗਾਂ ਨੇ ‘ਓਹ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ’! (ਰਸੂਲਾਂ ਦੇ ਕਰਤੱਬ 20:17, 37) ਬਜ਼ੁਰਗਾਂ ਨੂੰ—ਅਤੇ ਸਾਨੂੰ ਸਾਰਿਆਂ ਨੂੰ—ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਰੀਸ ਕਰਨ ਲਈ ਪੌਲੁਸ ਦੀ ਮਿਸਾਲ ਹੈ! ਜੀ ਹਾਂ, ਆਓ ਅਸੀਂ ਇਕ ਦੂਸਰੇ ਲਈ ਕਦਰਦਾਨੀ ਦਿਖਾਈਏ।
ਪ੍ਰੇਮਪੂਰਣ-ਦਿਆਲਗੀ ਦੇ ਕੰਮ
17. ਕਲੀਸਿਯਾ ਵਿਚ ਦਿਆਲਗੀ ਦੇ ਕੰਮਾਂ ਦੇ ਕਿਹੜੇ ਕੁਝ ਚੰਗੇ ਪ੍ਰਭਾਵ ਪੈਂਦੇ ਹਨ?
17 ਭਰਾਤਰੀ ਪ੍ਰੇਮ ਲਈ ਇਕ ਸਭ ਤੋਂ ਸ਼ਕਤੀਸ਼ਾਲੀ ਬਾਲਣ ਹੈ ਦਿਆਲਗੀ ਦੇ ਕੰਮ। ਜਿਵੇਂ ਯਿਸੂ ਨੇ ਕਿਹਾ ਸੀ, “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਭਾਵੇਂ ਅਸੀਂ ਅਧਿਆਤਮਿਕ ਤੌਰ ਤੇ, ਭੌਤਿਕ ਤੌਰ ਤੇ, ਜਾਂ ਆਪਣਾ ਸਮਾਂ ਅਤੇ ਸ਼ਕਤੀ ਦਿੰਦੇ ਹਾਂ, ਅਸੀਂ ਸਿਰਫ਼ ਦੂਸਰਿਆਂ ਨੂੰ ਹੀ ਖ਼ੁਸ਼ ਨਹੀਂ ਕਰਦੇ ਹਾਂ ਬਲਕਿ ਆਪਣੇ ਆਪ ਨੂੰ ਵੀ ਖ਼ੁਸ਼ ਕਰਦੇ ਹਾਂ। ਕਲੀਸਿਯਾ ਵਿਚ, ਦਿਆਲਗੀ ਦੂਸਰਿਆਂ ਉੱਤੇ ਅਸਰ ਪਾਉਂਦੀ ਹੈ। ਦਿਆਲਗੀ ਦਾ ਇਕ ਕੰਮ ਬਦਲੇ ਵਿਚ ਸਮਾਨ ਕੰਮ ਉਤਪੰਨ ਕਰਦਾ ਹੈ। ਥੋੜ੍ਹੀ ਦੇਰ ਵਿਚ ਹੀ, ਭਰਾਤਰੀ ਸਨੇਹ ਫਲਣ-ਫੁੱਲਣ ਲੱਗਦਾ ਹੈ!—ਲੂਕਾ 6:38.
18. ਮੀਕਾਹ 6:8 ਵਿਚ ਦੱਸੀ ਗਈ “ਦਿਆਲਗੀ” ਦਾ ਕੀ ਅਰਥ ਹੈ?
18 ਯਹੋਵਾਹ ਨੇ ਆਪਣੇ ਲੋਕਾਂ ਇਸਰਾਏਲ ਨੂੰ ਦਿਆਲਗੀ ਦਿਖਾਉਣ ਲਈ ਪ੍ਰੇਰਿਤ ਕੀਤਾ। ਮੀਕਾਹ 6:8 ਵਿਚ ਅਸੀਂ ਪੜ੍ਹਦੇ ਹਾਂ: “ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ [“ਦਿਆਲਗੀ,” ਨਿ ਵ] ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” ‘ਦਿਆਲਗੀ ਨਾਲ ਪ੍ਰੇਮ ਰੱਖਣ’ ਦਾ ਕੀ ਅਰਥ ਹੈ? “ਦਿਆਲਗੀ” (ਖੇਸੇਧ) ਲਈ ਇੱਥੇ ਵਰਤਿਆ ਗਿਆ ਇਬਰਾਨੀ ਸ਼ਬਦ ਨੂੰ ਅੰਗ੍ਰੇਜ਼ੀ ਵਿਚ “mercy” (ਦਇਆ) ਵੀ ਅਨੁਵਾਦ ਕੀਤਾ ਗਿਆ ਹੈ। ਦ ਸੋਨਕੀਨੋ ਬੁਕਸ ਆਫ਼ ਦ ਬਾਈਬਲ ਦੇ ਅਨੁਸਾਰ, ਇਹ ਸ਼ਬਦ “ਸਿਧਾਂਤਕ ਅੰਗ੍ਰੇਜ਼ੀ ਸ਼ਬਦ ਜਿਸ ਦਾ ਅਰਥ ਦਇਆ ਹੈ ਨਾਲੋਂ ਜ਼ਿਆਦਾ ਕ੍ਰਿਆਸ਼ੀਲ ਗੁਣ ਵੱਲ ਸੰਕੇਤ ਕਰਦਾ ਹੈ। ਇਸ ਦਾ ਮਤਲਬ ਹੈ ‘ਕੰਮਾਂ ਵਿਚ ਪਰਿਵਰਤਿਤ ਕੀਤੀ ਗਈ ਦਇਆ,’ ਪ੍ਰੇਮਪੂਰਣ-ਦਿਆਲਗੀ ਦੇ ਵਿਅਕਤੀਗਤ ਕੰਮ ਕਰਨੇ, ਸਿਰਫ਼ ਗ਼ਰੀਬ ਅਤੇ ਲੋੜਵੰਦਾਂ ਪ੍ਰਤੀ ਹੀ ਨਹੀਂ, ਬਲਕਿ ਆਪਣੇ ਸਾਰੇ ਸੰਗੀ-ਮਾਨਵਾਂ ਪ੍ਰਤੀ।” ਇਸ ਲਈ ਇਕ ਦੂਸਰਾ ਵਿਦਵਾਨ ਕਹਿੰਦਾ ਹੈ ਕਿ ਖੇਸੇਧ ਦਾ ਅਰਥ ਹੈ “ਕੰਮਾਂ ਵਿਚ ਪਰਿਵਰਤਿਤ ਕੀਤਾ ਗਿਆ ਪ੍ਰੇਮ।”
19. (ੳ) ਕਲੀਸਿਯਾ ਵਿਚ ਦੂਸਰਿਆਂ ਨੂੰ ਦਿਆਲਗੀ ਦਿਖਾਉਣ ਲਈ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਹਿਲ ਕਰ ਸਕਦੇ ਹਾਂ? (ਅ) ਇਕ ਮਿਸਾਲ ਦਿਓ ਕਿ ਕਿਸ ਤਰ੍ਹਾਂ ਤੁਹਾਡੇ ਪ੍ਰਤੀ ਭਰਾਤਰੀ ਪ੍ਰੇਮ ਦਿਖਾਇਆ ਗਿਆ ਹੈ।
19 ਸਾਡਾ ਭਰਾਤਰੀ ਪ੍ਰੇਮ ਖ਼ਿਆਲੀ ਨਹੀਂ ਹੈ। ਇਹ ਇਕ ਠੋਸ ਵਾਸਤਵਿਕਤਾ ਹੈ। ਇਸ ਲਈ, ਆਪਣੇ ਭੈਣਾਂ-ਭਰਾਵਾਂ ਲਈ ਦਿਆਲੂ ਕੰਮ ਕਰਨ ਦੇ ਤਰੀਕੇ ਭਾਲੋ। ਯਿਸੂ ਦੀ ਤਰ੍ਹਾਂ ਬਣੋ, ਜਿਸ ਨੇ ਹਮੇਸ਼ਾ ਮਹਿਜ਼ ਲੋਕਾਂ ਦੀ ਉਡੀਕ ਨਹੀਂ ਕੀਤੀ ਕਿ ਉਹ ਆ ਕੇ ਉਸ ਕੋਲੋਂ ਸਹਾਇਤਾ ਮੰਗਣ ਬਲਕਿ ਅਕਸਰ ਉਸ ਨੇ ਆਪ ਪਹਿਲ ਕੀਤੀ। (ਲੂਕਾ 7:12-16) ਖ਼ਾਸ ਤੌਰ ਤੇ ਉਨ੍ਹਾਂ ਬਾਰੇ ਸੋਚੋ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ। ਕੀ ਕਿਸੇ ਬਿਰਧ ਜਾਂ ਨਿਰਬਲ ਵਿਅਕਤੀ ਨੂੰ ਇਕ ਮੁਲਾਕਾਤ ਦੀ ਜਾਂ ਸ਼ਾਇਦ ਕੰਮਾਂ ਵਿਚ ਕੁਝ ਸਹਾਇਤਾ ਦੀ ਜ਼ਰੂਰਤ ਹੈ? ਕੀ ਕਿਸੇ “ਯਤੀਮ” ਨੂੰ ਕੁਝ ਸਮੇਂ ਅਤੇ ਧਿਆਨ ਦੀ ਜ਼ਰੂਰਤ ਹੈ? ਕੀ ਇਕ ਕਮਦਿਲੇ ਨੂੰ ਕਿਸੇ ਸੁਣਨ ਵਾਲੇ ਦੀ ਜਾਂ ਕੁਝ ਦਿਲਾਸਾ-ਭਰੇ ਸ਼ਬਦਾਂ ਦੀ ਜ਼ਰੂਰਤ ਹੈ? ਜਿੰਨਾ ਕੁ ਅਸੀਂ ਕਰ ਸਕਦੇ ਹਾਂ, ਆਓ ਅਸੀਂ ਦਿਆਲਗੀ ਦੇ ਅਜਿਹੇ ਕੰਮ ਕਰਨ ਲਈ ਸਮਾਂ ਕੱਢੀਏ। (ਅੱਯੂਬ 29:12; 1 ਥੱਸਲੁਨੀਕੀਆਂ 5:14; ਯਾਕੂਬ 1:27) ਕਦੀ ਨਾ ਭੁੱਲੋ ਕਿ ਅਪੂਰਣ ਮਨੁੱਖਾਂ ਨਾਲ ਭਰੀ ਹੋਈ ਕਲੀਸਿਯਾ ਵਿਚ, ਦਿਆਲਗੀ ਦਾ ਸਭ ਤੋਂ ਮਹੱਤਵਪੂਰਣ ਕੰਮ ਮਾਫ਼ੀ ਹੈ—ਖੁੱਲ੍ਹੇ ਦਿਲ ਨਾਲ ਰੋਸ ਨੂੰ ਛੱਡ ਦੇਣਾ, ਉਦੋਂ ਵੀ ਜਦੋਂ ਸ਼ਿਕਾਇਤ ਦਾ ਜਾਇਜ਼ ਕਾਰਨ ਹੁੰਦਾ ਹੈ। (ਕੁਲੁੱਸੀਆਂ 3:13) ਮਾਫ਼ ਕਰਨ ਵਿਚ ਤਤਪਰਤਾ ਕਲੀਸਿਯਾ ਨੂੰ ਵੰਡ, ਖਾਰ, ਅਤੇ ਵੈਰ ਤੋਂ ਦੂਰ ਰਹਿਣ ਵਿਚ ਮਦਦ ਕਰਦੀ ਹੈ, ਜੋ ਭਿੱਜੇ ਹੋਏ ਕੰਬਲਾਂ ਦੀ ਤਰ੍ਹਾਂ ਹਨ ਜੋ ਭਰਾਤਰੀ ਪ੍ਰੇਮ ਦੀ ਅੱਗ ਨੂੰ ਬੁਝਾ ਦਿੰਦੇ ਹਨ।
20. ਸਾਨੂੰ ਆਪਣੇ ਆਪ ਨੂੰ ਕਿਵੇਂ ਲਗਾਤਾਰ ਪਰਖਦੇ ਰਹਿਣਾ ਚਾਹੀਦਾ ਹੈ?
20 ਆਓ ਅਸੀਂ ਸਾਰੇ ਪ੍ਰੇਮ ਦੀ ਇਸ ਮਹੱਤਵਪੂਰਣ ਅੱਗ ਨੂੰ ਆਪਣੇ ਦਿਲਾਂ ਵਿਚ ਬੱਲਦੀ ਰੱਖਣ ਦਾ ਦ੍ਰਿੜ੍ਹ ਇਰਾਦਾ ਕਰੀਏ। ਆਓ ਅਸੀਂ ਆਪਣੇ ਆਪ ਨੂੰ ਪਰਖਦੇ ਰਹੀਏ। ਕੀ ਅਸੀਂ ਦੂਸਰਿਆਂ ਨੂੰ ਹਮਦਰਦੀ ਦਿਖਾਉਂਦੇ ਹਾਂ? ਕੀ ਅਸੀਂ ਦੂਸਰਿਆਂ ਨੂੰ ਕਦਰਦਾਨੀ ਦਿਖਾਉਂਦੇ ਹਾਂ? ਕੀ ਅਸੀਂ ਦੂਸਰਿਆਂ ਲਈ ਦਿਆਲਗੀ ਦੇ ਕੰਮ ਕਰਦੇ ਹਾਂ? ਜਿੰਨਾ ਚਿਰ ਅਸੀਂ ਇਹ ਕਰਦੇ ਹਾਂ, ਪ੍ਰੇਮ ਦੀ ਅੱਗ ਸਾਡੇ ਭਾਈਚਾਰੇ ਨੂੰ ਗਰਮ ਰੱਖੇਗੀ ਚਾਹੇ ਇਹ ਸੰਸਾਰ ਕਿੰਨਾ ਹੀ ਠੰਢਾ ਅਤੇ ਨਿਰਮੋਹ ਕਿਉਂ ਨਾ ਬਣ ਜਾਵੇ। ਤਾਂ ਫਿਰ, ਹਰ ਸੰਭਵ ਤਰੀਕੇ ਨਾਲ ਤੁਹਾਡਾ “ਭਰੱਪਣ ਦਾ ਪ੍ਰੇਮ ਬਣਿਆ ਰਹੇ”—ਹੁਣ ਅਤੇ ਸਦਾ ਦੇ ਲਈ!—ਇਬਰਾਨੀਆਂ 13:1.
[ਫੁਟਨੋਟ]
a ਕੁਝ ਅਨੁਵਾਦ ਇੱਥੇ ਸੰਕੇਤ ਕਰਦੇ ਹਨ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਛੋਹਣ ਵਾਲਾ ਵਿਅਕਤੀ, ਪਰਮੇਸ਼ੁਰ ਦੀ ਅੱਖ ਨੂੰ ਨਹੀਂ, ਪਰੰਤੂ ਇਸਰਾਏਲ ਦੀ ਅੱਖ ਨੂੰ ਜਾਂ ਆਪਣੀ ਖ਼ੁਦ ਦੀ ਅੱਖ ਨੂੰ ਛੋਹੰਦਾ ਹੈ। ਇਹ ਗ਼ਲਤੀ ਕੁਝ ਮੱਧਕਾਲੀ ਨਕਲਨਵੀਸਾਂ ਨੇ ਕੀਤੀ ਸੀ ਜਿਨ੍ਹਾਂ ਨੇ, ਉਨ੍ਹਾਂ ਆਇਤਾਂ ਨੂੰ ਜਿਨ੍ਹਾਂ ਨੂੰ ਉਹ ਸ਼ਰਧਾਹੀਣ ਸਮਝਦੇ ਸਨ, ਠੀਕ ਕਰਨ ਦੇ ਆਪਣੇ ਗੁਮਰਾਹ ਜਤਨਾਂ ਵਿਚ, ਇਸ ਆਇਤ ਨੂੰ ਬਦਲ ਦਿੱਤਾ। ਇਸ ਦੁਆਰਾ ਉਨ੍ਹਾਂ ਨੇ ਯਹੋਵਾਹ ਦੀ ਵਿਅਕਤੀਗਤ ਸਮਾਨ-ਅਨੁਭੂਤੀ ਦੀ ਤੀਬਰਤਾ ਨੂੰ ਅਸਪੱਸ਼ਟ ਕਰ ਦਿੱਤਾ।
ਤੁਹਾਡਾ ਕੀ ਵਿਚਾਰ ਹੈ?
◻ ਭਰਾਤਰੀ ਪ੍ਰੇਮ ਕੀ ਹੈ, ਅਤੇ ਸਾਨੂੰ ਇਸ ਨੂੰ ਕਿਉਂ ਬਣਾਈ ਰੱਖਣਾ ਚਾਹੀਦਾ ਹੈ?
◻ ਹਮਦਰਦੀ ਰੱਖਣੀ ਕਿਸ ਤਰ੍ਹਾਂ ਸਾਨੂੰ ਆਪਣੇ ਭਰਾਤਰੀ ਪ੍ਰੇਮ ਨੂੰ ਬਣਾਈ ਰੱਖਣ ਵਿਚ ਮਦਦ ਦੇ ਸਕਦੀ ਹੈ?
◻ ਭਰਾਤਰੀ ਪ੍ਰੇਮ ਵਿਚ ਕਦਰਦਾਨੀ ਕਿਹੜੀ ਭੂਮਿਕਾ ਅਦਾ ਕਰਦੀ ਹੈ?
◻ ਦਿਆਲਗੀ ਦੇ ਕੰਮਾਂ ਕਾਰਨ ਮਸੀਹੀ ਕਲੀਸਿਯਾ ਵਿਚ ਭਰਾਤਰੀ ਪ੍ਰੇਮ ਕਿਵੇਂ ਫਲਦਾ-ਫੁੱਲਦਾ ਹੈ?
[ਸਫ਼ੇ 16 ਉੱਤੇ ਡੱਬੀ]
ਕੰਮਾਂ ਦੁਆਰਾ ਪ੍ਰੇਮ
ਕੁਝ ਸਾਲ ਪਹਿਲਾਂ, ਇਕ ਆਦਮੀ ਜਿਸ ਨੇ ਯਹੋਵਾਹ ਦੇ ਗਵਾਹਾਂ ਨਾਲ ਕੁਝ ਸਮੇਂ ਲਈ ਬਾਈਬਲ ਦਾ ਅਧਿਐਨ ਕੀਤਾ ਸੀ, ਨੂੰ ਭਰਾਤਰੀ ਪ੍ਰੇਮ ਬਾਰੇ ਅਜੇ ਵੀ ਕੁਝ ਸ਼ੰਕਾ ਸੀ। ਉਹ ਜਾਣਦਾ ਸੀ ਕਿ ਯਿਸੂ ਨੇ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਪਰੰਤੂ ਉਸ ਨੂੰ ਇਹ ਵਿਸ਼ਵਾਸ ਕਰਨਾ ਮੁਸ਼ਕਲ ਲੱਗਿਆ। ਇਕ ਦਿਨ ਉਸ ਨੂੰ ਕੰਮਾਂ ਦੁਆਰਾ ਮਸੀਹੀ ਪ੍ਰੇਮ ਦੇਖਣ ਨੂੰ ਮਿਲਿਆ।
ਭਾਵੇਂ ਕਿ ਇਹ ਆਦਮੀ ਵ੍ਹੀਲ-ਚੇਅਰ ਨਾਲ ਬੱਝਾ ਹੋਇਆ ਸੀ, ਉਹ ਘਰ ਤੋਂ ਬਹੁਤ ਦੂਰ ਯਾਤਰਾ ਕਰ ਰਿਹਾ ਸੀ। ਬੈਤਲਹਮ, ਇਜ਼ਰਾਈਲ ਵਿਚ, ਉਹ ਇਕ ਕਲੀਸਿਯਾ ਸਭਾ ਵਿਚ ਹਾਜ਼ਰ ਹੋਇਆ। ਉੱਥੇ, ਇਕ ਅਰਬੀ ਭਰਾ ਨੇ ਇਕ ਦੂਸਰੇ ਗਵਾਹ ਸੈਲਾਨੀ ਉੱਤੇ ਉਸ ਦੇ ਪਰਿਵਾਰ ਨਾਲ ਇਕ ਰਾਤ ਰਹਿਣ ਲਈ ਜ਼ੋਰ ਪਾਇਆ, ਅਤੇ ਇਸ ਬਾਈਬਲ ਸਿੱਖਿਆਰਥੀ ਨੂੰ ਵੀ ਸੱਦਾ ਦਿੱਤਾ। ਸੌਣ ਤੋਂ ਪਹਿਲਾਂ, ਉਸ ਸਿੱਖਿਆਰਥੀ ਨੇ ਆਪਣੇ ਮੇਜ਼ਬਾਨ ਤੋਂ ਇਜਾਜ਼ਤ ਮੰਗੀ ਕਿ ਕੀ ਉਹ ਸਵੇਰ ਵੇਲੇ ਸੂਰਜ ਨੂੰ ਚੜ੍ਹਦੇ ਹੋਏ ਦੇਖਣ ਲਈ ਬਾਹਰ ਵਰਾਂਡੇ ਵਿਚ ਜਾ ਸਕਦਾ ਹੈ। ਉਸ ਦੇ ਮੇਜ਼ਬਾਨ ਨੇ ਉਸ ਨੂੰ ਸਖ਼ਤੀ ਨਾਲ ਚੇਤਾਵਨੀ ਦਿੱਤੀ ਕਿ ਉਹ ਇਸ ਤਰ੍ਹਾਂ ਨਾ ਕਰੇ। ਅਗਲੇ ਦਿਨ ਉਸ ਅਰਬ ਭਰਾ ਨੇ ਕਾਰਨ ਦੱਸਿਆ। ਇਕ ਦੁਭਾਸ਼ੀਏ ਰਾਹੀਂ, ਉਸ ਨੇ ਦੱਸਿਆ ਕਿ ਜੇਕਰ ਉਸ ਦੇ ਗੁਆਂਢੀ ਜਾਣ ਲੈਂਦੇ ਕਿ ਉਸ ਦੇ ਘਰ ਇਚ ਯਹੂਦੀ ਪਿਛੋਕੜ ਦੇ ਮਹਿਮਾਨ ਆਏ ਸਨ—ਜਿਵੇਂ ਕਿ ਇਹ ਬਾਈਬਲ ਸਿੱਖਿਆਰਥੀ—ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਸਮੇਤ ਘਰ ਨੂੰ ਪੂਰੀ ਤਰ੍ਹਾਂ ਸਾੜ ਦਿੰਦੇ। ਉਲਝਣ ਵਿਚ ਪਏ, ਬਾਈਬਲ ਸਿੱਖਿਆਰਥੀ ਨੇ ਉਸ ਤੋਂ ਪੁੱਛਿਆ, “ਤਾਂ ਫਿਰ, ਤੂੰ ਕਿਉਂ ਇਸ ਤਰ੍ਹਾਂ ਦਾ ਖ਼ਤਰਾ ਮੁੱਲ ਲਿਆ?” ਦੁਭਾਸ਼ੀਏ ਤੋਂ ਬਿਨਾਂ, ਅਰਬ ਭਰਾ ਨੇ ਉਸ ਦੀਆਂ ਅੱਖਾਂ ਵਿਚ ਦੇਖਿਆ ਅਤੇ ਸਿਰਫ਼ ਕਿਹਾ, “ਯੂਹੰਨਾ 13:35।”
ਬਾਈਬਲ ਸਿੱਖਿਆਰਥੀ ਉੱਤੇ ਭਰਾਤਰੀ ਪ੍ਰੇਮ ਦੀ ਅਸਲੀਅਤ ਦਾ ਗਹਿਰਾ ਅਸਰ ਪਿਆ। ਇਸ ਤੋਂ ਕੁਝ ਹੀ ਸਮੇਂ ਬਾਅਦ ਉਸ ਨੇ ਬਪਤਿਸਮਾ ਲੈ ਲਿਆ।
[ਸਫ਼ੇ 18 ਉੱਤੇ ਤਸਵੀਰ]
ਪੌਲੁਸ ਰਸੂਲ ਦੇ ਦੋਸਤਾਨਾ ਅਤੇ ਕਦਰਦਾਨ ਸੁਭਾਉ ਨੇ ਉਸ ਨੂੰ ਮਿਲਣਸਾਰ ਬਣਾਇਆ