ਯਹੋਵਾਹ ਨੇਮਾਂ ਦਾ ਪਰਮੇਸ਼ੁਰ ਹੈ
“ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।”—ਯਿਰਮਿਯਾਹ 31:31.
1, 2. (ੳ) ਯਿਸੂ ਨੇ ਨੀਸਾਨ 14, 33 ਸਾ.ਯੁ., ਦੀ ਰਾਤ ਨੂੰ ਕਿਹੜਾ ਸਮਾਰੋਹ ਸ਼ੁਰੂ ਕੀਤਾ? (ਅ) ਯਿਸੂ ਨੇ ਆਪਣੀ ਮੌਤ ਦੇ ਸੰਬੰਧ ਵਿਚ ਕਿਹੜੇ ਨੇਮ ਦਾ ਜ਼ਿਕਰ ਕੀਤਾ?
ਨੀਸਾਨ 14, 33 ਸਾ.ਯੁ., ਦੀ ਰਾਤ ਨੂੰ ਯਿਸੂ ਨੇ ਆਪਣੇ 12 ਰਸੂਲਾਂ ਨਾਲ ਪਸਾਹ ਮਨਾਇਆ। ਕਿਉਂ ਜੋ ਉਹ ਜਾਣਦਾ ਸੀ ਕਿ ਉਨ੍ਹਾਂ ਨਾਲ ਇਹ ਉਸ ਦਾ ਆਖ਼ਰੀ ਭੋਜਨ ਹੋਵੇਗਾ ਅਤੇ ਕਿ ਉਹ ਛੇਤੀ ਆਪਣੇ ਵੈਰੀਆਂ ਦੇ ਹੱਥੋਂ ਮਾਰਿਆ ਜਾਵੇਗਾ, ਯਿਸੂ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਆਪਣੇ ਸਭ ਤੋਂ ਨਜ਼ਦੀਕੀ ਚੇਲਿਆਂ ਨੂੰ ਕਈ ਮਹੱਤਵਪੂਰਣ ਗੱਲਾਂ ਸਮਝਾਈਆਂ।—ਯੂਹੰਨਾ 13:1–17:26.
2 ਉਸ ਸਮੇਂ ਤੇ ਯਿਸੂ ਨੇ, ਯਹੂਦਾ ਇਸਕਰਿਯੋਤੀ ਨੂੰ ਬਾਹਰ ਭੇਜਣ ਮਗਰੋਂ, ਮਸੀਹੀਆਂ ਲਈ ਠਹਿਰਾਏ ਗਏ ਇੱਕੋ-ਇਕ ਸਾਲਾਨਾ ਧਾਰਮਿਕ ਸਮਾਰੋਹ ਨੂੰ ਸਥਾਪਿਤ ਕੀਤਾ ਸੀ—ਉਸ ਦੀ ਮੌਤ ਦਾ ਸਮਾਰਕ। ਰਿਕਾਰਡ ਦੱਸਦਾ ਹੈ: “ਜਦ ਓਹ ਖਾ ਰਹੇ ਸਨ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। ਫੇਰ ਉਹ ਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।” (ਮੱਤੀ 26:26-28) ਯਿਸੂ ਦੇ ਪੈਰੋਕਾਰਾਂ ਨੇ ਉਸ ਦੀ ਮੌਤ ਦਾ ਸਮਾਰਕ ਇਕ ਸਾਦੇ ਅਤੇ ਆਦਰ ਭਰੇ ਢੰਗ ਨਾਲ ਮਨਾਉਣਾ ਸੀ। ਅਤੇ ਯਿਸੂ ਨੇ ਆਪਣੀ ਮੌਤ ਦੇ ਸੰਬੰਧ ਵਿਚ ਇਕ ਨੇਮ ਦਾ ਜ਼ਿਕਰ ਕੀਤਾ। ਲੂਕਾ ਦੇ ਬਿਰਤਾਂਤ ਵਿਚ, ਇਸ ਨੂੰ “ਨਵਾਂ ਨੇਮ” ਕਿਹਾ ਗਿਆ ਹੈ।—ਲੂਕਾ 22:20.
3. ਨਵੇਂ ਨੇਮ ਬਾਰੇ ਕਿਹੜੇ ਸਵਾਲ ਪੁੱਛੇ ਜਾਂਦੇ ਹਨ?
3 ਇਹ ਨਵਾਂ ਨੇਮ ਕੀ ਹੈ? ਜੇ ਇਹ ਨਵਾਂ ਨੇਮ ਹੈ, ਤਾਂ ਕੀ ਇਕ ਪੁਰਾਣਾ ਨੇਮ ਵੀ ਹੈ? ਕੀ ਕੁਝ ਹੋਰ ਨੇਮ ਵੀ ਇਸ ਨਾਲ ਸੰਬੰਧਿਤ ਹਨ? ਇਹ ਮਹੱਤਵਪੂਰਣ ਸਵਾਲ ਹਨ ਕਿਉਂਕਿ ਯਿਸੂ ਨੇ ਕਿਹਾ ਸੀ ਕਿ ਨੇਮ ਦਾ ਲਹੂ “ਪਾਪਾਂ ਦੀ ਮਾਫ਼ੀ ਲਈ” ਵਹਾਇਆ ਜਾਵੇਗਾ। ਸਾਨੂੰ ਸਾਰਿਆਂ ਨੂੰ ਅਜਿਹੀ ਮਾਫ਼ੀ ਦੀ ਸਖ਼ਤ ਲੋੜ ਹੈ।—ਰੋਮੀਆਂ 3:23.
ਅਬਰਾਹਾਮ ਨਾਲ ਇਕ ਨੇਮ
4. ਨਵੇਂ ਨੇਮ ਨੂੰ ਸਮਝਣ ਲਈ ਕਿਹੜਾ ਪੁਰਾਣਾ ਵਾਅਦਾ ਸਾਡੀ ਮਦਦ ਕਰਦਾ ਹੈ?
4 ਇਸ ਨਵੇਂ ਨੇਮ ਨੂੰ ਸਮਝਣ ਲਈ, ਸਾਨੂੰ ਯਿਸੂ ਦੀ ਪਾਰਥਿਵ ਸੇਵਕਾਈ ਤੋਂ ਲਗਭਗ 2,000 ਸਾਲ ਪਿੱਛੇ ਉਸ ਸਮੇਂ ਵੱਲ ਜਾਣਾ ਪਵੇਗਾ ਜਦੋਂ ਤਾਰਹ ਅਤੇ ਉਸ ਦਾ ਪਰਿਵਾਰ—ਜਿਸ ਵਿਚ ਅਬਰਾਮ (ਬਾਅਦ ਵਿਚ, ਅਬਰਾਹਾਮ) ਅਤੇ ਅਬਰਾਮ ਦੀ ਪਤਨੀ, ਸਾਰਈ (ਬਾਅਦ ਵਿਚ, ਸਾਰਾਹ) ਵੀ ਸਨ—ਕਸਦੀਮ ਦੇ ਊਰ ਨਾਮਕ ਖ਼ੁਸ਼ਹਾਲ ਸ਼ਹਿਰ ਤੋਂ ਕੂਚ ਕਰ ਕੇ ਉੱਤਰੀ ਮਸੋਪੋਤਾਮਿਯਾ ਵਿਚ ਹਾਰਾਨ ਨੂੰ ਗਏ ਸਨ। ਉਹ ਤਾਰਹ ਦੀ ਮੌਤ ਤਕ ਉੱਥੇ ਰਹੇ। ਫਿਰ ਯਹੋਵਾਹ ਦੇ ਹੁਕਮ ਤੇ, 75-ਸਾਲਾ ਅਬਰਾਹਾਮ ਨੇ ਫਰਾਤ ਦਰਿਆ ਪਾਰ ਕੀਤਾ ਅਤੇ ਦੱਖਣ-ਪੱਛਮ ਵੱਲ ਕਨਾਨ ਦੇਸ਼ ਨੂੰ ਚਲਿਆ ਗਿਆ ਅਤੇ ਉੱਥੇ ਤੰਬੂਆਂ ਵਿਚ ਟੱਪਰੀਵਾਸਾਂ ਦੀ ਜ਼ਿੰਦਗੀ ਬਿਤਾਈ। (ਉਤਪਤ 11:31–12:1, 4, 5; ਰਸੂਲਾਂ ਦੇ ਕਰਤੱਬ 7:2-5) ਇਹ 1943 ਸਾ.ਯੁ.ਪੂ. ਦੀ ਗੱਲ ਹੈ। ਜਦੋਂ ਅਬਰਾਹਾਮ ਅਜੇ ਹਾਰਾਨ ਵਿਚ ਹੀ ਸੀ, ਯਹੋਵਾਹ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ। ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।” ਬਾਅਦ ਵਿਚ, ਜਦੋਂ ਅਬਰਾਹਾਮ ਕਨਾਨ ਨੂੰ ਚਲਾ ਗਿਆ, ਤਾਂ ਯਹੋਵਾਹ ਨੇ ਅੱਗੇ ਕਿਹਾ: “ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ।”—ਉਤਪਤ 12:2, 3, 7.
5. ਯਹੋਵਾਹ ਦਾ ਅਬਰਾਹਾਮ ਨਾਲ ਕੀਤਾ ਵਾਅਦਾ ਕਿਹੜੀ ਇਤਿਹਾਸਕ ਭਵਿੱਖਬਾਣੀ ਨਾਲ ਜੁੜਿਆ ਹੋਇਆ ਹੈ?
5 ਅਬਰਾਹਾਮ ਨਾਲ ਕੀਤਾ ਵਾਅਦਾ ਯਹੋਵਾਹ ਦੇ ਇਕ ਹੋਰ ਵਾਅਦੇ ਨਾਲ ਸੰਬੰਧਿਤ ਸੀ। ਅਸਲ ਵਿਚ, ਇਸ ਨੇ ਅਬਰਾਹਾਮ ਨੂੰ ਮਾਨਵ ਇਤਿਹਾਸ ਵਿਚ ਇਕ ਮਹੱਤਵਪੂਰਣ ਹਸਤੀ ਬਣਾਇਆ ਅਤੇ ਉਸ ਨੂੰ ਪਹਿਲੀ ਦਰਜ ਭਵਿੱਖਬਾਣੀ ਦੀ ਪੂਰਤੀ ਵਿਚ ਇਕ ਕੜੀ ਬਣਾਇਆ। ਅਦਨ ਦੇ ਬਾਗ਼ ਵਿਚ ਆਦਮ ਅਤੇ ਹੱਵਾਹ ਦੇ ਪਾਪ ਕਰਨ ਦੇ ਉਪਰੰਤ, ਯਹੋਵਾਹ ਨੇ ਉਨ੍ਹਾਂ ਦੋਨਾਂ ਵਿਰੁੱਧ ਆਪਣਾ ਫ਼ੈਸਲਾ ਸੁਣਾਇਆ, ਅਤੇ ਉਸੇ ਮੌਕੇ ਤੇ ਉਸ ਨੇ ਸ਼ਤਾਨ ਨੂੰ, ਜਿਸ ਨੇ ਹੱਵਾਹ ਨੂੰ ਗੁਮਰਾਹ ਕੀਤਾ ਸੀ, ਸੰਬੋਧਿਤ ਕਰਦੇ ਹੋਏ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਅਬਰਾਹਾਮ ਨਾਲ ਬੰਨ੍ਹੇ ਯਹੋਵਾਹ ਦੇ ਨੇਮ ਨੇ ਸੰਕੇਤ ਕੀਤਾ ਕਿ ਜਿਸ ਸੰਤਾਨ, ਜਾਂ ਅੰਸ ਦੁਆਰਾ ਸ਼ਤਾਨ ਦੇ ਕੰਮ ਨਸ਼ਟ ਕੀਤੇ ਜਾਣਗੇ, ਉਹ ਇਸੇ ਕੁਲ-ਪਿਤਾ ਦੇ ਘਰਾਣੇ ਵਿੱਚੋਂ ਪ੍ਰਗਟ ਹੋਵੇਗੀ।
6. (ੳ) ਯਹੋਵਾਹ ਦਾ ਅਬਰਾਹਾਮ ਨਾਲ ਕੀਤਾ ਵਾਅਦਾ ਕਿਸ ਦੁਆਰਾ ਪੂਰਾ ਹੋਵੇਗਾ? (ਅ) ਅਬਰਾਹਾਮ ਦਾ ਨੇਮ ਕੀ ਹੈ?
6 ਕਿਉਂ ਜੋ ਯਹੋਵਾਹ ਦਾ ਵਾਅਦਾ ਇਕ ਅੰਸ ਨਾਲ ਸੰਬੰਧਿਤ ਸੀ, ਅਬਰਾਹਾਮ ਨੂੰ ਪੁੱਤਰ ਦੀ ਲੋੜ ਸੀ ਜਿਸ ਦੁਆਰਾ ਉਹ ਅੰਸ ਆ ਸਕਦੀ ਸੀ। ਪਰ ਉਹ ਅਤੇ ਸਾਰਾਹ ਬੁੱਢੇ ਸਨ ਅਤੇ ਬੇਔਲਾਦ ਸਨ। ਪਰ ਆਖ਼ਰਕਾਰ, ਯਹੋਵਾਹ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਦੀਆਂ ਪ੍ਰਜਨਕ ਸ਼ਕਤੀਆਂ ਨੂੰ ਚਮਤਕਾਰੀ ਢੰਗ ਨਾਲ ਮੁੜ ਬਹਾਲ ਕੀਤਾ, ਜਿਸ ਮਗਰੋਂ ਸਾਰਾਹ ਨੇ ਅਬਰਾਹਾਮ ਲਈ ਇਕ ਪੁੱਤਰ, ਇਸਹਾਕ, ਨੂੰ ਜਨਮ ਦਿੱਤਾ ਅਤੇ ਇਸ ਤਰ੍ਹਾਂ ਅੰਸ ਸੰਬੰਧੀ ਵਾਅਦੇ ਨੂੰ ਕਾਇਮ ਰੱਖਿਆ। (ਉਤਪਤ 17:15-17; 21:1-7) ਬਹੁਤ ਸਾਲਾਂ ਬਾਅਦ, ਅਬਰਾਹਾਮ ਦੀ ਨਿਹਚਾ ਆਪਣੇ ਲਾਡਲੇ ਪੁੱਤਰ, ਇਸਹਾਕ ਦੀ ਬਲੀ ਚੜ੍ਹਾਉਣ ਲਈ ਤਿਆਰ ਹੋਣ ਤਕ ਪਰਖੀ ਗਈ। ਫਿਰ ਯਹੋਵਾਹ ਨੇ ਅਬਰਾਹਾਮ ਨਾਲ ਆਪਣੇ ਵਾਅਦੇ ਨੂੰ ਦੁਹਰਾਇਆ: “ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।” (ਉਤਪਤ 22:15-18) ਇਹ ਵਿਸਤ੍ਰਿਤ ਵਾਅਦਾ ਅਕਸਰ ਅਬਰਾਹਾਮ ਦਾ ਨੇਮ ਕਹਾਉਂਦਾ ਹੈ, ਅਤੇ ਬਾਅਦ ਵਿਚ ਨਵਾਂ ਨੇਮ ਇਸ ਨਾਲ ਨਜ਼ਦੀਕੀ ਤੌਰ ਤੇ ਜੁੜਿਆ ਹੋਵੇਗਾ।
7. ਅਬਰਾਹਾਮ ਦੀ ਅੰਸ ਕਿਵੇਂ ਵਧਣ ਲੱਗੀ, ਅਤੇ ਉਹ ਕਿਹੜੇ ਹਾਲਾਤ ਕਾਰਨ ਮਿਸਰ ਵਿਚ ਵੱਸਣ ਲੱਗੀ?
7 ਸਮਾਂ ਬੀਤਣ ਤੇ, ਇਸਹਾਕ ਦੇ ਜੌੜੇ ਪੁੱਤਰ ਹੋਏ, ਏਸਾਓ ਅਤੇ ਯਾਕੂਬ। ਯਹੋਵਾਹ ਨੇ ਵਾਅਦਾ ਕੀਤੀ ਹੋਈ ਅੰਸ ਦੇ ਪਿਤਰ ਵਜੋਂ ਯਾਕੂਬ ਨੂੰ ਚੁਣਿਆ। (ਉਤਪਤ 28:10-15; ਰੋਮੀਆਂ 9:10-13) ਯਾਕੂਬ ਦੇ 12 ਪੁੱਤਰ ਹੋਏ। ਸਪੱਸ਼ਟ ਤੌਰ ਤੇ, ਇਹ ਹੁਣ ਅਬਰਾਹਾਮ ਦੀ ਅੰਸ ਦੇ ਵਧਣ ਦਾ ਸਮਾਂ ਸੀ। ਜਦੋਂ ਯਾਕੂਬ ਦੇ ਪੁੱਤਰ ਬਾਲਗ ਸਨ, ਅਤੇ ਕਈਆਂ ਦੇ ਆਪਣੇ-ਆਪਣੇ ਪਰਿਵਾਰ ਸਨ, ਤਾਂ ਕਾਲ ਦੇ ਪੈਣ ਕਾਰਨ ਉਨ੍ਹਾਂ ਸਾਰਿਆਂ ਨੂੰ ਮਜਬੂਰਨ ਮਿਸਰ ਵਿਚ ਜਾ ਕੇ ਵੱਸਣਾ ਪਿਆ, ਜਿੱਥੇ ਈਸ਼ਵਰੀ ਨਿਰਦੇਸ਼ਨ ਅਧੀਨ ਯਾਕੂਬ ਦੇ ਪੁੱਤਰ ਯੂਸੁਫ਼ ਨੇ ਰਾਹ ਤਿਆਰ ਕੀਤਾ ਹੋਇਆ ਸੀ। (ਉਤਪਤ 45:5-13; 46:26, 27) ਕੁਝ ਸਾਲਾਂ ਮਗਰੋਂ, ਕਨਾਨ ਵਿਚ ਕਾਲ ਘੱਟ ਗਿਆ। ਪਰ ਯਾਕੂਬ ਦਾ ਪਰਿਵਾਰ ਮਿਸਰ ਵਿਚ ਰਿਹਾ—ਪਹਿਲਾਂ ਮਹਿਮਾਨਾਂ ਵਜੋਂ, ਪਰ ਬਾਅਦ ਵਿਚ ਗ਼ੁਲਾਮਾਂ ਵਜੋਂ। ਕੇਵਲ 1513 ਸਾ.ਯੁ.ਪੂ. ਵਿਚ, ਅਰਥਾਤ ਅਬਰਾਹਾਮ ਦੇ ਫਰਾਤ ਦਰਿਆ ਪਾਰ ਕਰਨ ਤੋਂ 430 ਸਾਲ ਬਾਅਦ ਮੂਸਾ ਦੀ ਅਗਵਾਈ ਅਧੀਨ ਯਾਕੂਬ ਦੀ ਸੰਤਾਨ ਮਿਸਰ ਤੋਂ ਆਜ਼ਾਦ ਹੋਈ। (ਕੂਚ 1:8-14; 12:40, 41; ਗਲਾਤੀਆਂ 3:16, 17) ਯਹੋਵਾਹ ਹੁਣ ਅਬਰਾਹਾਮ ਨਾਲ ਬੰਨ੍ਹੇ ਆਪਣੇ ਨੇਮ ਵੱਲ ਖ਼ਾਸ ਧਿਆਨ ਦੇਵੇਗਾ।—ਕੂਚ 2:24; 6:2-5.
‘ਪੁਰਾਣਾ ਨੇਮ’
8. ਯਹੋਵਾਹ ਨੇ ਸੀਨਈ ਪਹਾੜ ਤੇ ਯਾਕੂਬ ਦੀ ਸੰਤਾਨ ਨਾਲ ਕੀ ਬੰਨ੍ਹਿਆ, ਅਤੇ ਇਸ ਦਾ ਅਬਰਾਹਾਮ ਦੇ ਨੇਮ ਨਾਲ ਕੀ ਸੰਬੰਧ ਸੀ?
8 ਜਦੋਂ ਯਾਕੂਬ ਅਤੇ ਉਸ ਦੇ ਪੁੱਤਰ ਮਿਸਰ ਵਿਚ ਗਏ ਸਨ, ਤਾਂ ਉਹ ਇਕ ਸਾਂਝਾ ਪਰਿਵਾਰ ਸਨ, ਪਰ ਜਦੋਂ ਉਨ੍ਹਾਂ ਦੀ ਸੰਤਾਨ ਨੇ ਮਿਸਰ ਤੋਂ ਕੂਚ ਕੀਤਾ, ਤਾਂ ਉਹ ਘਣੀ ਆਬਾਦੀ ਵਾਲੇ ਗੋਤਾਂ ਦਾ ਇਕ ਵੱਡਾ ਸਮੂਹ ਬਣ ਚੁੱਕੀ ਸੀ। (ਕੂਚ 1:5-7; 12:37, 38) ਯਹੋਵਾਹ ਉਨ੍ਹਾਂ ਨੂੰ ਕਨਾਨ ਵਿਚ ਲੈ ਜਾਣ ਤੋਂ ਪਹਿਲਾਂ, ਦੱਖਣ ਵੱਲ ਅਰਬ ਦੇਸ਼ ਵਿਚ ਹੋਰੇਬ (ਜਾਂ, ਸੀਨਈ) ਨਾਮਕ ਪਹਾੜ ਥੱਲੇ ਲੈ ਗਿਆ। ਉੱਥੇ ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ। ਇਹ ਬਾਅਦ ਵਿਚ ‘ਨਵੇਂ ਨੇਮ’ ਦੇ ਸੰਬੰਧ ਵਿਚ ‘ਪੁਰਾਣਾ ਨੇਮ’ ਕਹਾਇਆ ਗਿਆ। (2 ਕੁਰਿੰਥੀਆਂ 3:14) ਪੁਰਾਣੇ ਨੇਮ ਦੁਆਰਾ, ਯਹੋਵਾਹ ਨੇ ਅਬਰਾਹਾਮ ਨਾਲ ਬੰਨ੍ਹੇ ਆਪਣੇ ਨੇਮ ਦੀ ਦ੍ਰਿਸ਼ਟਾਂਤਕ ਰੂਪ ਵਿਚ ਪੂਰਤੀ ਕੀਤੀ।
9. (ੳ) ਯਹੋਵਾਹ ਨੇ ਅਬਰਾਹਾਮ ਦੇ ਨੇਮ ਦੁਆਰਾ ਕਿਹੜੀਆਂ ਚਾਰ ਚੀਜ਼ਾਂ ਦਾ ਵਾਅਦਾ ਕੀਤਾ? (ਅ) ਇਸਰਾਏਲ ਨਾਲ ਯਹੋਵਾਹ ਦੇ ਨੇਮ ਨੇ ਕਿਹੜੀਆਂ ਹੋਰ ਸੰਭਾਵਨਾਵਾਂ ਪੇਸ਼ ਕੀਤੀਆਂ, ਅਤੇ ਕਿਸ ਸ਼ਰਤ ਤੇ?
9 ਯਹੋਵਾਹ ਨੇ ਇਸਰਾਏਲ ਨੂੰ ਇਸ ਨੇਮ ਦੀਆਂ ਸ਼ਰਤਾਂ ਸਮਝਾਈਆਂ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।” (ਕੂਚ 19:5, 6) ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਅਬਰਾਹਾਮ ਦੀ ਅੰਸ (1) ਇਕ ਵੱਡੀ ਕੌਮ ਬਣੇਗੀ, (2) ਆਪਣੇ ਵੈਰੀਆਂ ਉੱਤੇ ਜਿੱਤ ਹਾਸਲ ਕਰੇਗੀ, (3) ਕਨਾਨ ਦੇਸ਼ ਦੀ ਵਾਰਸ ਹੋਵੇਗੀ, ਅਤੇ (4) ਕੌਮਾਂ ਲਈ ਬਰਕਤਾਂ ਹਾਸਲ ਕਰਨ ਦਾ ਜ਼ਰੀਆ ਹੋਵੇਗੀ। ਹੁਣ ਉਸ ਨੇ ਪ੍ਰਗਟ ਕੀਤਾ ਕਿ ਉਸ ਦੀ ਖ਼ਾਸ ਪਰਜਾ, ਇਸਰਾਏਲ, ਅਤੇ “ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਵਜੋਂ ਉਹ ਖ਼ੁਦ ਇਨ੍ਹਾਂ ਬਰਕਤਾਂ ਨੂੰ ਹਾਸਲ ਕਰ ਸਕਦੇ ਸਨ, ਜੇ ਉਹ ਉਸ ਦੇ ਹੁਕਮਾਂ ਨੂੰ ਮੰਨਣ। ਕੀ ਇਸਰਾਏਲੀ ਇਸ ਨੇਮ ਵਿਚ ਬੱਝਣ ਲਈ ਰਾਜ਼ੀ ਸਨ? ਉਨ੍ਹਾਂ ਨੇ ਇਕ ਆਵਾਜ਼ ਵਿਚ ਜਵਾਬ ਦਿੱਤਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।”—ਕੂਚ 19:8.
10. ਯਹੋਵਾਹ ਨੇ ਇਸਰਾਏਲੀਆਂ ਨੂੰ ਇਕ ਕੌਮ ਵਜੋਂ ਕਿਵੇਂ ਗਠਿਤ ਕੀਤਾ, ਅਤੇ ਉਸ ਨੇ ਉਨ੍ਹਾਂ ਤੋਂ ਕੀ ਆਸ ਰੱਖੀ?
10 ਇਸ ਤਰ੍ਹਾਂ, ਯਹੋਵਾਹ ਨੇ ਇਸਰਾਏਲੀਆਂ ਨੂੰ ਇਕ ਕੌਮ ਵਜੋਂ ਗਠਿਤ ਕੀਤਾ। ਉਸ ਨੇ ਉਨ੍ਹਾਂ ਨੂੰ ਉਪਾਸਨਾ ਅਤੇ ਸਮਾਜਕ ਜੀਵਨ ਸੰਬੰਧੀ ਨਿਯਮ ਦਿੱਤੇ। ਉਸ ਨੇ ਉਨ੍ਹਾਂ ਨੂੰ ਇਕ ਡੇਹਰਾ (ਬਾਅਦ ਵਿਚ, ਯਰੂਸ਼ਲਮ ਵਿਚ ਹੈਕਲ) ਵੀ ਮੁਹੱਈਆ ਕੀਤਾ ਅਤੇ ਡੇਹਰੇ ਵਿਚ ਪਵਿੱਤਰ ਸੇਵਾ ਕਰਨ ਲਈ ਜਾਜਕਾਈ ਵੀ ਦਿੱਤੀ। ਇਸ ਨੇਮ ਦੀ ਪਾਲਣਾ ਕਰਨ ਦਾ ਅਰਥ ਸੀ ਯਹੋਵਾਹ ਦੇ ਨਿਯਮਾਂ ਨੂੰ ਮੰਨਣਾ ਅਤੇ, ਖ਼ਾਸ ਕਰਕੇ, ਕੇਵਲ ਉਸ ਦੀ ਹੀ ਉਪਾਸਨਾ ਕਰਨੀ। ਉਨ੍ਹਾਂ ਨਿਯਮਾਂ ਦਾ ਕੇਂਦਰਕ ਦਸ ਹੁਕਮ ਸਨ, ਜਿਨ੍ਹਾਂ ਵਿੱਚੋਂ ਪਹਿਲਾ ਸੀ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ। ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।”—ਕੂਚ 20:2, 3.
ਬਿਵਸਥਾ ਨੇਮ ਦੁਆਰਾ ਬਰਕਤਾਂ
11, 12. ਪੁਰਾਣੇ ਨੇਮ ਦੇ ਵਾਅਦੇ ਇਸਰਾਏਲ ਪ੍ਰਤੀ ਕਿਨ੍ਹਾਂ ਤਰੀਕਿਆਂ ਨਾਲ ਪੂਰੇ ਹੋਏ?
11 ਕੀ ਇਸਰਾਏਲ ਲਈ ਬਿਵਸਥਾ ਨੇਮ ਦੇ ਵਾਅਦੇ ਪੂਰੇ ਹੋਏ? ਕੀ ਇਸਰਾਏਲ ਇਕ “ਪਵਿੱਤ੍ਰ ਕੌਮ” ਬਣਿਆ? ਆਦਮ ਦੀ ਸੰਤਾਨ ਹੋਣ ਕਰਕੇ, ਇਸਰਾਏਲੀ ਪਾਪੀ ਸਨ। (ਰੋਮੀਆਂ 5:12) ਫਿਰ ਵੀ, ਬਿਵਸਥਾ ਦੇ ਅਧੀਨ, ਉਨ੍ਹਾਂ ਦੇ ਪਾਪਾਂ ਦੇ ਪ੍ਰਾਸਚਿਤ ਲਈ ਬਲੀਆਂ ਚੜ੍ਹਾਈਆਂ ਗਈਆਂ। ਸਾਲਾਨਾ ਪ੍ਰਾਸਚਿਤ ਦੇ ਦਿਨ ਤੇ ਚੜ੍ਹਾਈਆਂ ਗਈਆਂ ਬਲੀਆਂ ਦੇ ਬਾਰੇ ਯਹੋਵਾਹ ਨੇ ਕਿਹਾ: “ਓਸੇ ਦਿਨ ਜਾਜਕ ਤੁਹਾਨੂੰ ਸ਼ੁੱਧ ਕਰਨ ਨੂੰ ਤੁਹਾਡੇ ਲਈ ਪ੍ਰਾਸਚਿਤ ਕਰੇ ਜੋ ਤੁਸੀਂ ਆਪਣਿਆਂ ਸਾਰਿਆਂ ਪਾਪਾਂ ਤੋਂ ਯਹੋਵਾਹ ਦੇ ਅੱਗੇ ਸ਼ੁੱਧ ਹੋਵੋ।” (ਲੇਵੀਆਂ 16:30) ਇਸ ਲਈ, ਜਦੋਂ ਇਸਰਾਏਲ ਵਫ਼ਾਦਾਰ ਸੀ, ਉਦੋਂ ਉਹ ਯਹੋਵਾਹ ਦੀ ਸੇਵਾ ਲਈ ਸ਼ੁੱਧ ਕੀਤੀ ਗਈ ਪਵਿੱਤਰ ਕੌਮ ਸੀ। ਪਰ ਇਹ ਸ਼ੁੱਧ ਸਥਿਤੀ ਇਸ ਉੱਤੇ ਨਿਰਭਰ ਸੀ ਕਿ ਉਹ ਬਿਵਸਥਾ ਦੀ ਪਾਲਣਾ ਕਰਨ ਅਤੇ ਬਾਕਾਇਦਾ ਬਲੀਆਂ ਚੜ੍ਹਾਉਣ।
12 ਕੀ ਇਸਰਾਏਲ “ਜਾਜਕਾਂ ਦੀ ਬਾਦਸ਼ਾਹੀ” ਬਣਿਆ? ਇਹ ਮੁੱਢ ਤੋਂ ਹੀ ਇਕ ਬਾਦਸ਼ਾਹੀ ਸੀ, ਜਿਸ ਦਾ ਸਵਰਗੀ ਪਾਤਸ਼ਾਹ ਯਹੋਵਾਹ ਸੀ। (ਯਸਾਯਾਹ 33:22) ਇਸ ਤੋਂ ਇਲਾਵਾ, ਬਿਵਸਥਾ ਨੇਮ ਵਿਚ ਮਨੁੱਖੀ ਬਾਦਸ਼ਾਹੀ ਲਈ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਬਾਅਦ ਵਿਚ ਯਹੋਵਾਹ ਦੇ ਪ੍ਰਤਿਨਿਧਾਂ ਵਜੋਂ ਯਰੂਸ਼ਲਮ ਵਿਚ ਰਾਜਿਆਂ ਨੇ ਸ਼ਾਸਨ ਕੀਤਾ। (ਬਿਵਸਥਾ ਸਾਰ 17:14-18) ਪਰ ਕੀ ਇਸਰਾਏਲ ਜਾਜਕਾਂ ਦੀ ਬਾਦਸ਼ਾਹੀ ਸੀ? ਵੈਸੇ, ਇਸਰਾਏਲ ਵਿਚ ਜਾਜਕਾਈ ਸੀ ਜੋ ਡੇਹਰੇ ਵਿਖੇ ਪਵਿੱਤਰ ਸੇਵਾ ਕਰਦੀ ਸੀ। ਉਹ ਡੇਹਰਾ (ਬਾਅਦ ਵਿਚ, ਹੈਕਲ) ਇਸਰਾਏਲੀਆਂ ਲਈ ਅਤੇ ਗ਼ੈਰ-ਇਸਰਾਏਲੀਆਂ ਲਈ ਵੀ ਸ਼ੁੱਧ ਉਪਾਸਨਾ ਦਾ ਕੇਂਦਰ ਸੀ। ਅਤੇ ਪ੍ਰਗਟ ਕੀਤੀ ਗਈ ਸੱਚਾਈ ਨੂੰ ਮਨੁੱਖਜਾਤੀ ਤਕ ਪਹੁੰਚਾਉਣ ਦਾ ਇੱਕੋ-ਇਕ ਜ਼ਰੀਆ ਇਹ ਕੌਮ ਸੀ। (2 ਇਤਹਾਸ 6:32, 33; ਰੋਮੀਆਂ 3:1, 2) ਨਾ ਕੇਵਲ ਲੇਵੀ ਜਾਜਕ, ਬਲਕਿ ਸਾਰੇ ਵਫ਼ਾਦਾਰ ਇਸਰਾਏਲੀ, ਯਹੋਵਾਹ ਦੇ “ਗਵਾਹ” ਸਨ। ਇਸਰਾਏਲ ਯਹੋਵਾਹ ਦਾ “ਦਾਸ” ਸੀ, ਜੋ ‘ਉਸ ਦੀ ਉਸਤਤ ਦਾ ਵਰਨਣ ਕਰਨ’ ਲਈ ਸਾਜਿਆ ਗਿਆ ਸੀ। (ਯਸਾਯਾਹ 43:10, 21) ਬਹੁਤ ਸਾਰੇ ਨਿਮਰ ਪਰਦੇਸੀਆਂ ਨੇ ਯਹੋਵਾਹ ਵੱਲੋਂ ਆਪਣੇ ਲੋਕਾਂ ਨਿਮਿੱਤ ਦਿਖਾਈ ਗਈ ਤਾਕਤ ਨੂੰ ਦੇਖਿਆ ਅਤੇ ਸ਼ੁੱਧ ਉਪਾਸਨਾ ਵੱਲ ਖਿੱਚੇ ਗਏ। ਉਹ ਨਵਧਰਮੀ ਬਣ ਗਏ। (ਯਹੋਸ਼ੁਆ 2:9-13) ਪਰ ਇੱਕੋ ਗੋਤ ਨੇ ਵਾਸਤਵ ਵਿਚ ਮਸਹ ਕੀਤੇ ਹੋਏ ਜਾਜਕਾਂ ਵਜੋਂ ਸੇਵਾ ਕੀਤੀ।
ਇਸਰਾਏਲ ਵਿਚ ਨਵਧਰਮੀ
13, 14. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਨਵਧਰਮੀ ਬਿਵਸਥਾ ਨੇਮ ਦੇ ਸਾਂਝੀਦਾਰ ਨਹੀਂ ਸਨ? (ਅ) ਨਵਧਰਮੀ ਕਿਵੇਂ ਬਿਵਸਥਾ ਨੇਮ ਦੇ ਅਧੀਨ ਸਨ?
13 ਅਜਿਹੇ ਨਵਧਰਮੀਆਂ ਦਾ ਕੀ ਦਰਜਾ ਸੀ? ਯਹੋਵਾਹ ਨੇ ਕੇਵਲ ਇਸਰਾਏਲ ਨਾਲ ਨੇਮ ਬੰਨ੍ਹਿਆ ਸੀ; “ਮਿਲੀ ਜੁਲੀ ਭੀੜ” ਦੇ ਲੋਕ ਇਸ ਦੇ ਸਾਂਝੀਦਾਰ ਨਹੀਂ ਸਨ, ਹਾਲਾਂਕਿ ਉਹ ਉੱਥੇ ਮੌਜੂਦ ਸਨ। (ਕੂਚ 12:38; 19:3, 7, 8) ਜਦੋਂ ਇਸਰਾਏਲ ਦੇ ਜੇਠੇ ਪੁੱਤਰਾਂ ਲਈ ਛੁਟਕਾਰੇ ਦੀ ਕੀਮਤ ਮਿੱਥੀ ਗਈ, ਉਦੋਂ ਨਵਧਰਮੀਆਂ ਦੇ ਜੇਠੇ ਪੁੱਤਰਾਂ ਨੂੰ ਨਹੀਂ ਗਿਣਿਆ ਗਿਆ ਸੀ। (ਗਿਣਤੀ 3:44-51) ਕਈ ਦਹਾਕਿਆਂ ਮਗਰੋਂ ਜਦੋਂ ਕਨਾਨ ਦੇਸ਼ ਨੂੰ ਇਸਰਾਏਲੀ ਗੋਤਾਂ ਵਿਚਕਾਰ ਵੰਡਿਆ ਗਿਆ, ਤਾਂ ਗ਼ੈਰ-ਇਸਰਾਏਲੀ ਨਿਹਚਾਵਾਨਾਂ ਦਾ ਇਸ ਵਿਚ ਕੋਈ ਹਿੱਸਾ ਨਹੀਂ ਸੀ। (ਉਤਪਤ 12:7; ਯਹੋਸ਼ੁਆ 13:1-14) ਕਿਉਂ? ਕਿਉਂਕਿ ਬਿਵਸਥਾ ਨੇਮ ਨਵਧਰਮੀਆਂ ਨਾਲ ਨਹੀਂ ਬੰਨ੍ਹਿਆ ਗਿਆ ਸੀ। ਪਰ ਬਿਵਸਥਾ ਅਨੁਸਾਰ ਨਵਧਰਮੀ ਪੁਰਸ਼ਾਂ ਦੀ ਸੁੰਨਤ ਕੀਤੀ ਗਈ ਸੀ। ਉਹ ਇਸ ਦੇ ਵਿਨਿਯਮਾਂ ਦੀ ਪਾਲਣਾ ਕਰਦੇ ਸਨ, ਅਤੇ ਇਸ ਦੇ ਪ੍ਰਬੰਧਾਂ ਤੋਂ ਲਾਭ ਹਾਸਲ ਕਰਦੇ ਸਨ। ਇਸਰਾਏਲੀਆਂ ਦੇ ਨਾਲ-ਨਾਲ ਨਵਧਰਮੀ ਵੀ ਬਿਵਸਥਾ ਨੇਮ ਦੇ ਅਧੀਨ ਸਨ।—ਕੂਚ 12:48, 49; ਗਿਣਤੀ 15:14-16; ਰੋਮੀਆਂ 3:19.
14 ਮਿਸਾਲ ਵਜੋਂ, ਜੇਕਰ ਇਕ ਨਵਧਰਮੀ ਦੇ ਹੱਥੋਂ ਅਚਨਚੇਤ ਕਿਸੇ ਦਾ ਖ਼ੂਨ ਹੋ ਜਾਂਦਾ, ਤਾਂ ਉਹ, ਇਕ ਇਸਰਾਏਲੀ ਦੇ ਵਾਂਗ, ਪਨਾਹ ਦੇ ਕਿਸੇ ਨਗਰ ਨੂੰ ਨੱਠ ਸਕਦਾ ਸੀ। (ਗਿਣਤੀ 35:15, 22-25; ਯਹੋਸ਼ੁਆ 20:9) ਪ੍ਰਾਸਚਿਤ ਦੇ ਦਿਨ ਤੇ “ਇਸਰਾਏਲ ਦੀ ਸਾਰੀ ਮੰਡਲੀ ਦੇ ਲਈ” ਇਕ ਬਲੀ ਚੜ੍ਹਾਈ ਜਾਂਦੀ ਸੀ। ਮੰਡਲੀ ਦਾ ਭਾਗ ਹੋਣ ਕਰਕੇ, ਨਵਧਰਮੀ ਇਨ੍ਹਾਂ ਕਾਰਵਾਈਆਂ ਵਿਚ ਭਾਗ ਲੈਂਦੇ ਸਨ ਅਤੇ ਬਲੀਦਾਨ ਨਾਲ ਉਨ੍ਹਾਂ ਦੇ ਪਾਪਾਂ ਦਾ ਪ੍ਰਾਸਚਿਤ ਹੋ ਜਾਂਦਾ ਸੀ। (ਲੇਵੀਆਂ 16:7-10, 15, 17, 29; ਬਿਵਸਥਾ ਸਾਰ 23:7, 8) ਬਿਵਸਥਾ ਦੇ ਅਧੀਨ ਨਵਧਰਮੀਆਂ ਦੀ ਇਸਰਾਏਲ ਨਾਲ ਇੰਨੀ ਗਹਿਰੀ ਸੰਗਤ ਸੀ ਕਿ 33 ਸਾ.ਯੁ. ਦੇ ਪੰਤੇਕੁਸਤ ਸਮੇਂ, ਜਦੋਂ ਪਹਿਲੀ ‘ਰਾਜ ਦੀ ਕੁੰਜੀ’ ਯਹੂਦੀਆਂ ਲਈ ਵਰਤੀ ਗਈ, ਤਾਂ ਨਵਧਰਮੀਆਂ ਨੂੰ ਵੀ ਲਾਭ ਪਹੁੰਚਿਆ। ਸਿੱਟੇ ਵਜੋਂ, ‘ਨਿਕਲਾਉਸ ਜੋ ਅੰਤਾਕਿਯਾ ਦਾ ਇੱਕ ਯਹੂਦੀ-ਮੁਰੀਦ,’ ਅਰਥਾਤ ਨਵਧਰਮੀ ਸੀ, ਮਸੀਹੀ ਬਣਿਆ ਅਤੇ ਉਹ ਉਨ੍ਹਾਂ “ਸੱਤ ਨੇਕ ਨਾਮ ਆਦਮੀਆਂ” ਵਿੱਚੋਂ ਇਕ ਸੀ ਜੋ ਯਰੂਸ਼ਲਮ ਦੀ ਕਲੀਸਿਯਾ ਦੀਆਂ ਲੋੜਾਂ ਦੀ ਦੇਖ-ਭਾਲ ਕਰਨ ਲਈ ਨਿਯੁਕਤ ਕੀਤੇ ਗਏ ਸਨ।—ਮੱਤੀ 16:19; ਰਸੂਲਾਂ ਦੇ ਕਰਤੱਬ 2:5-10; 6:3-6; 8:26-39.
ਯਹੋਵਾਹ ਅਬਰਾਹਾਮ ਦੀ ਅੰਸ ਨੂੰ ਬਰਕਤ ਦਿੰਦਾ ਹੈ
15, 16. ਬਿਵਸਥਾ ਨੇਮ ਦੇ ਅਧੀਨ, ਅਬਰਾਹਾਮ ਨਾਲ ਬੰਨ੍ਹਿਆ ਯਹੋਵਾਹ ਦਾ ਨੇਮ ਕਿਵੇਂ ਪੂਰਾ ਹੋਇਆ?
15 ਅਬਰਾਹਾਮ ਦੀ ਸੰਤਾਨ ਨੂੰ ਬਿਵਸਥਾ ਅਧੀਨ ਇਕ ਕੌਮ ਵਜੋਂ ਗਠਿਤ ਕਰਨ ਮਗਰੋਂ, ਯਹੋਵਾਹ ਨੇ ਉਸ ਕੁਲ-ਪਿਤਾ ਨਾਲ ਕੀਤੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਬਰਕਤ ਦਿੱਤੀ। 1473 ਸਾ.ਯੁ.ਪੂ. ਵਿਚ, ਮੂਸਾ ਦੇ ਉਤਰਾਧਿਕਾਰੀ, ਯਹੋਸ਼ੁਆ ਦੀ ਅਗਵਾਈ ਹੇਠ ਇਸਰਾਏਲ ਕਨਾਨ ਵਿਚ ਗਿਆ। ਇਸ ਮਗਰੋਂ ਹੋਈ ਭੂਮੀ ਦੀ ਵੰਡ ਨੇ ਯਹੋਵਾਹ ਦਾ ਇਹ ਵਾਅਦਾ ਪੂਰਾ ਕੀਤਾ ਕਿ ਉਹ ਇਹ ਦੇਸ਼ ਅਬਰਾਹਾਮ ਦੀ ਅੰਸ ਨੂੰ ਦੇਵੇਗਾ। ਜਦੋਂ ਇਸਰਾਏਲ ਵਫ਼ਾਦਾਰ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਵੈਰੀਆਂ ਉੱਤੇ ਜਿੱਤ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ। ਇਹ ਖ਼ਾਸ ਕਰਕੇ ਰਾਜਾ ਦਾਊਦ ਦੇ ਸ਼ਾਸਨ ਦੌਰਾਨ ਸੱਚ ਸੀ। ਦਾਊਦ ਦੇ ਪੁੱਤਰ, ਸੁਲੇਮਾਨ ਦੇ ਸਮੇਂ ਤਕ, ਅਬਰਾਹਾਮ ਦੇ ਨੇਮ ਦੇ ਤੀਜੇ ਪਹਿਲੂ ਦੀ ਪੂਰਤੀ ਹੋਈ। “ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ।”—1 ਰਾਜਿਆਂ 4:20.
16 ਪਰੰਤੂ, ਕੌਮਾਂ ਅਬਰਾਹਾਮ ਦੀ ਅੰਸ, ਇਸਰਾਏਲ, ਵਿਚ ਕਿਵੇਂ ਬਰਕਤਾਂ ਹਾਸਲ ਕਰਨਗੀਆਂ? ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਇਸਰਾਏਲ ਯਹੋਵਾਹ ਦੀ ਖ਼ਾਸ ਪਰਜਾ, ਅਰਥਾਤ ਕੌਮਾਂ ਵਿਚਕਾਰ ਉਸ ਦਾ ਪ੍ਰਤਿਨਿਧ ਸੀ। ਇਸਰਾਏਲ ਦੇ ਕਨਾਨ ਵਿਚ ਜਾਣ ਤੋਂ ਕੁਝ ਹੀ ਸਮਾਂ ਪਹਿਲਾਂ, ਮੂਸਾ ਨੇ ਕਿਹਾ: “ਹੇ ਕੌਮੋਂ, ਉਸ ਦੀ ਪਰਜਾ ਦੇ ਨਾਲ ਜੈ ਕਾਰਾ ਗਜਾਓ।” (ਬਿਵਸਥਾ ਸਾਰ 32:43) ਬਹੁਤ ਸਾਰੇ ਪਰਦੇਸੀਆਂ ਨੇ ਸੱਦਾ ਸਵੀਕਾਰਿਆ। ਮਿਸਰ ਵਿੱਚੋਂ ਪਹਿਲਾਂ ਹੀ ਇਕ “ਮਿਲੀ ਜੁਲੀ ਭੀੜ” ਇਸਰਾਏਲ ਦੇ ਨਾਲ ਨਿਕਲੀ ਸੀ, ਅਤੇ ਇਸ ਨੇ ਉਜਾੜ ਵਿਚ ਯਹੋਵਾਹ ਦੀ ਤਾਕਤ ਦੇਖੀ ਸੀ, ਅਤੇ ਖ਼ੁਸ਼ੀਆਂ ਮਨਾਉਣ ਲਈ ਮੂਸਾ ਦੇ ਸੱਦੇ ਨੂੰ ਸੁਣਿਆ ਸੀ। (ਕੂਚ 12:37, 38) ਬਾਅਦ ਵਿਚ, ਮੋਆਬੀ ਰੂਥ ਦਾ ਇਸਰਾਏਲੀ ਬੋਅਜ਼ ਨਾਲ ਵਿਆਹ ਹੋਇਆ ਅਤੇ ਉਹ ਮਸੀਹਾ ਦੀ ਇਕ ਵੱਡੀ-ਵਡੇਰੀ ਬਣੀ। (ਰੂਥ 4:13-22) ਯਹੋਨਾਦਾਬ ਕੇਨੀ ਅਤੇ ਉਸ ਦੀ ਸੰਤਾਨ ਅਤੇ ਅਬਦ-ਮਲਕ ਕੂਸ਼ੀ ਨੇ ਸਹੀ ਸਿਧਾਂਤਾਂ ਦੀ ਪਾਲਣਾ ਕਰਨ ਦੁਆਰਾ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰਾ ਦਿਖਾਇਆ ਜਦੋਂ ਬਹੁਤ ਸਾਰੇ ਪੈਦਾਇਸ਼ੀ ਇਸਰਾਏਲੀ ਬੇਵਫ਼ਾ ਸਨ। (2 ਰਾਜਿਆਂ 10:15-17; ਯਿਰਮਿਯਾਹ 35:1-19; 38:7-13) ਫਾਰਸੀ ਸਾਮਰਾਜ ਅਧੀਨ, ਬਹੁਤ ਸਾਰੇ ਪਰਦੇਸੀ ਨਵਧਰਮੀ ਬਣੇ ਅਤੇ ਇਸਰਾਏਲ ਦੇ ਵੈਰੀਆਂ ਵਿਰੁੱਧ ਲੜਨ ਵਿਚ ਉਨ੍ਹਾਂ ਦਾ ਸਾਥ ਦਿੱਤਾ।—ਅਸਤਰ 8:17, ਨਿ ਵ, ਫੁਟਨੋਟ।
ਇਕ ਨਵੇਂ ਨੇਮ ਦੀ ਲੋੜ
17. (ੳ) ਯਹੋਵਾਹ ਨੇ ਉੱਤਰੀ ਰਾਜ ਅਤੇ ਦੱਖਣੀ ਰਾਜ ਨੂੰ ਕਿਉਂ ਰੱਦ ਕਰ ਦਿੱਤਾ? (ਅ) ਆਖ਼ਰ ਵਿਚ ਕਿਸ ਗੱਲ ਕਾਰਨ ਯਹੂਦੀਆਂ ਨੂੰ ਰੱਦ ਕੀਤਾ ਗਿਆ?
17 ਫਿਰ ਵੀ, ਪਰਮੇਸ਼ੁਰ ਦੇ ਵਾਅਦੇ ਦੀ ਪੂਰਣ ਪੂਰਤੀ ਦਾ ਅਨੁਭਵ ਕਰਨ ਲਈ, ਪਰਮੇਸ਼ੁਰ ਦੀ ਖ਼ਾਸ ਕੌਮ ਨੂੰ ਵਫ਼ਾਦਾਰ ਰਹਿਣਾ ਸੀ। ਉਹ ਵਫ਼ਾਦਾਰ ਨਹੀਂ ਰਹੀ। ਇਹ ਸੱਚ ਹੈ ਕਿ ਕੁਝ ਇਸਰਾਏਲੀਆਂ ਨੇ ਮਾਅਰਕੇ ਦੀ ਨਿਹਚਾ ਦਿਖਾਈ। (ਇਬਰਾਨੀਆਂ 11:32–12:1) ਤਾਂ ਵੀ, ਬਹੁਤ ਵਾਰ ਇਹ ਕੌਮ ਭੌਤਿਕ ਫ਼ਾਇਦਿਆਂ ਦੀ ਆਸ ਵਿਚ, ਝੂਠੇ ਦੇਵਤਿਆਂ ਵੱਲ ਮੁੜੀ। (ਯਿਰਮਿਯਾਹ 34:8-16; 44:15-18) ਕਈ ਵਿਅਕਤੀਆਂ ਨੇ ਬਿਵਸਥਾ ਦੀ ਤੋੜ-ਮਰੋੜ ਕੀਤੀ ਜਾਂ ਇਸ ਨੂੰ ਬਿਲਕੁਲ ਹੀ ਅਣਡਿੱਠ ਕਰ ਦਿੱਤਾ। (ਨਹਮਯਾਹ 5:1-5; ਯਸਾਯਾਹ 59:2-8; ਮਲਾਕੀ 1:12-14) ਸੁਲੇਮਾਨ ਦੀ ਮੌਤ ਮਗਰੋਂ, ਇਸਰਾਏਲ ਉੱਤਰੀ ਤੇ ਦੱਖਣੀ ਰਾਜਾਂ ਵਿਚ ਵੰਡਿਆ ਗਿਆ। ਜਦੋਂ ਉੱਤਰੀ ਰਾਜ ਬਿਲਕੁਲ ਬਾਗ਼ੀ ਸਿੱਧ ਹੋਇਆ, ਤਾਂ ਯਹੋਵਾਹ ਨੇ ਐਲਾਨ ਕੀਤਾ: “ਕਿਉਂ ਜੋ ਤੈਂ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ।” (ਹੋਸ਼ੇਆ 4:6) ਦੱਖਣੀ ਰਾਜ ਨੂੰ ਵੀ ਨੇਮ ਦੇ ਪ੍ਰਤੀ ਬੇਵਫ਼ਾਈ ਕਰਨ ਦੇ ਕਾਰਨ ਸਖ਼ਤ ਸਜ਼ਾ ਮਿਲੀ। (ਯਿਰਮਿਯਾਹ 5:29-31) ਜਦੋਂ ਯਹੂਦੀਆਂ ਨੇ ਯਿਸੂ ਨੂੰ ਮਸੀਹਾ ਵਜੋਂ ਰੱਦ ਕੀਤਾ, ਤਾਂ ਯਹੋਵਾਹ ਨੇ ਵੀ ਉਨ੍ਹਾਂ ਨੂੰ ਰੱਦ ਕਰ ਦਿੱਤਾ। (ਰਸੂਲਾਂ ਦੇ ਕਰਤੱਬ 3:13-15; ਰੋਮੀਆਂ 9:31–10:4) ਆਖ਼ਰਕਾਰ, ਯਹੋਵਾਹ ਨੇ ਅਬਰਾਹਾਮ ਦੇ ਨੇਮ ਦੀ ਪੂਰਣ ਪੂਰਤੀ ਕਰਨ ਲਈ ਇਕ ਨਵਾਂ ਪ੍ਰਬੰਧ ਕੀਤਾ।—ਰੋਮੀਆਂ 3:20.
18, 19. ਯਹੋਵਾਹ ਨੇ ਕਿਹੜਾ ਨਵਾਂ ਪ੍ਰਬੰਧ ਕੀਤਾ ਤਾਂਕਿ ਅਬਰਾਹਾਮ ਦੇ ਨੇਮ ਦੀ ਪੂਰਣ ਰੂਪ ਵਿਚ ਪੂਰਤੀ ਹੋ ਸਕੇ?
18 ਉਹ ਨਵਾਂ ਪ੍ਰਬੰਧ ਸੀ ਨਵਾਂ ਨੇਮ। ਯਹੋਵਾਹ ਨੇ ਇਸ ਬਾਰੇ ਪਹਿਲਾਂ ਦੱਸਿਆ ਸੀ ਜਦੋਂ ਉਸ ਨੇ ਕਿਹਾ: “ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ। . . . ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।”—ਯਿਰਮਿਯਾਹ 31:31-33.
19 ਇਹ ਉਹੋ ਨਵਾਂ ਨੇਮ ਹੈ ਜਿਸ ਦਾ ਯਿਸੂ ਨੇ ਨੀਸਾਨ 14, 33 ਸਾ.ਯੁ., ਦੀ ਰਾਤ ਨੂੰ ਜ਼ਿਕਰ ਕੀਤਾ ਸੀ। ਉਸ ਮੌਕੇ ਤੇ, ਉਸ ਨੇ ਪ੍ਰਗਟ ਕੀਤਾ ਕਿ ਉਹ ਹੁਣ ਆਪਣੇ ਚੇਲਿਆਂ ਅਤੇ ਯਹੋਵਾਹ ਦਰਮਿਆਨ ਉਹ ਵਾਅਦਾ ਕੀਤਾ ਹੋਇਆ ਨੇਮ ਬੰਨ੍ਹਣ ਵਾਲਾ ਸੀ, ਜਿਸ ਦਾ ਵਿਚੋਲਾ ਉਹ ਹੀ ਹੋਵੇਗਾ। (1 ਕੁਰਿੰਥੀਆਂ 11:25; 1 ਤਿਮੋਥਿਉਸ 2:5; ਇਬਰਾਨੀਆਂ 12:24) ਇਸ ਨਵੇਂ ਨੇਮ ਦੁਆਰਾ, ਅਬਰਾਹਾਮ ਨਾਲ ਕੀਤੇ ਯਹੋਵਾਹ ਦੇ ਵਾਅਦੇ ਦੀ ਇਕ ਹੋਰ ਵੀ ਜ਼ਿਆਦਾ ਸ਼ਾਨਦਾਰ ਅਤੇ ਸਥਾਈ ਪੂਰਤੀ ਹੋਣੀ ਸੀ, ਜਿਵੇਂ ਕਿ ਅਸੀਂ ਅਗਲੇ ਲੇਖ ਵਿਚ ਦੇਖਾਂਗੇ।
ਕੀ ਤੁਸੀਂ ਸਮਝਾ ਸਕਦੇ ਹੋ?
◻ ਯਹੋਵਾਹ ਨੇ ਅਬਰਾਹਾਮ ਦੇ ਨੇਮ ਵਿਚ ਕੀ ਵਾਅਦਾ ਕੀਤਾ?
◻ ਯਹੋਵਾਹ ਨੇ ਪੈਦਾਇਸ਼ੀ ਇਸਰਾਏਲ ਪ੍ਰਤੀ ਅਬਰਾਹਾਮ ਦੇ ਨੇਮ ਦੀ ਕਿਵੇਂ ਪੂਰਤੀ ਕੀਤੀ?
◻ ਨਵਧਰਮੀਆਂ ਨੇ ਪੁਰਾਣੇ ਨੇਮ ਤੋਂ ਕਿਵੇਂ ਲਾਭ ਹਾਸਲ ਕੀਤਾ?
◻ ਇਕ ਨਵੇਂ ਨੇਮ ਦੀ ਕਿਉਂ ਲੋੜ ਪਈ?
[ਸਫ਼ੇ 8 ਉੱਤੇ ਤਸਵੀਰ]
ਬਿਵਸਥਾ ਨੇਮ ਦੁਆਰਾ, ਯਹੋਵਾਹ ਨੇ ਅਬਰਾਹਾਮ ਦੇ ਨੇਮ ਦੀ ਇਕ ਦ੍ਰਿਸ਼ਟਾਂਤਕ ਪੂਰਤੀ ਕੀਤੀ