ਪਰਮੇਸ਼ੁਰ ਵੱਲੋਂ ਇਕ ਪੁਸਤਕ
“ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।”—2 ਪਤਰਸ 1:21.
1, 2. (ੳ) ਕੁਝ ਲੋਕ ਇਸ ਬਾਰੇ ਕਿਉਂ ਸਵਾਲ ਚੁੱਕਦੇ ਹਨ ਕਿ ਬਾਈਬਲ ਆਧੁਨਿਕ ਜੀਵਨ ਲਈ ਢੁਕਵੀਂ ਹੈ ਜਾਂ ਨਹੀਂ? (ਅ) ਅਸੀਂ ਕਿਹੜੇ ਤਿੰਨ ਸਬੂਤ ਇਹ ਦਰਸਾਉਣ ਲਈ ਪ੍ਰਯੋਗ ਕਰ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ?
ਕੀ ਬਾਈਬਲ 21ਵੀਂ ਸਦੀ ਦੇ ਦਰਵਾਜ਼ੇ ਤੇ ਖੜ੍ਹੇ ਲੋਕਾਂ ਲਈ ਢੁਕਵੀਂ ਹੈ? ਕੁਝ ਲੋਕ ਸੋਚਦੇ ਹਨ ਕਿ ਨਹੀਂ। ਇਹ ਵਿਆਖਿਆ ਕਰਦੇ ਹੋਏ ਕਿ ਉਹ ਬਾਈਬਲ ਨੂੰ ਕਿਉਂ ਪੁਰਾਣੀ ਸਮਝਦਾ ਹੈ, ਡਾ. ਈਲਾਈ ਐੱਸ. ਚੇਸਨ ਨੇ ਲਿਖਿਆ: “ਕੋਈ ਵੀ ਵਿਅਕਤੀ ਇਕ ਆਧੁਨਿਕ ਰਸਾਇਣ-ਵਿਗਿਆਨ ਕਲਾਸ ਵਿਚ ਇਕ 1924 ਸੰਸਕਰਣ ਦੀ ਰਸਾਇਣ-ਵਿਗਿਆਨ ਪਾਠ[ਪੁਸਤਕ] ਦੇ ਪ੍ਰਯੋਗ ਦੀ ਹਿਮਾਇਤ ਨਹੀਂ ਕਰੇਗਾ—ਉਸ ਸਮੇਂ ਤੋਂ ਰਸਾਇਣ-ਵਿਗਿਆਨ ਬਾਰੇ ਬਹੁਤ ਕੁਝ ਸਿੱਖਿਆ ਗਿਆ ਹੈ।” ਸਰਸਰੀ ਤੌਰ ਤੇ, ਇਸ ਦਲੀਲ ਵਿਚ ਦਮ ਜਾਪਦਾ ਹੈ। ਆਖ਼ਰਕਾਰ ਬਾਈਬਲ ਸਮਿਆਂ ਤੋਂ ਲੈ ਕੇ ਹੁਣ ਤਕ ਮਨੁੱਖ ਨੇ ਵਿਗਿਆਨ, ਮਾਨਸਿਕ ਸਿਹਤ ਅਤੇ ਮਾਨਵੀ ਵਤੀਰੇ ਬਾਰੇ ਕਾਫ਼ੀ ਕੁਝ ਸਿੱਖਿਆ ਹੈ। ਇਸ ਲਈ, ਕੁਝ ਲੋਕ ਸੋਚਦੇ ਹਨ: ‘ਇੰਨੀ ਪ੍ਰਾਚੀਨ ਪੁਸਤਕ ਵਿਗਿਆਨਕ ਗ਼ਲਤੀਆਂ ਤੋਂ ਕਿਵੇਂ ਮੁਕਤ ਹੋ ਸਕਦੀ ਹੈ? ਇਸ ਵਿਚ ਅਜਿਹੀ ਸਲਾਹ ਕਿਵੇਂ ਹੋ ਸਕਦੀ ਹੈ ਜੋ ਆਧੁਨਿਕ ਜੀਵਨ ਲਈ ਵਿਵਹਾਰਕ ਹੈ?’
2 ਬਾਈਬਲ ਆਪ ਜਵਾਬ ਦਿੰਦੀ ਹੈ। 2 ਪਤਰਸ 1:21 ਵਿਚ, ਸਾਨੂੰ ਦੱਸਿਆ ਗਿਆ ਹੈ ਕਿ ਬਾਈਬਲ ਦੇ ਨਬੀ “ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” ਇਸ ਤਰ੍ਹਾਂ ਬਾਈਬਲ ਸੰਕੇਤ ਕਰਦੀ ਹੈ ਕਿ ਇਹ ਪਰਮੇਸ਼ੁਰ ਵੱਲੋਂ ਇਕ ਪੁਸਤਕ ਹੈ। ਫਿਰ ਵੀ, ਅਸੀਂ ਦੂਸਰਿਆਂ ਨੂੰ ਕਿਵੇਂ ਕਾਇਲ ਕਰ ਸਕਦੇ ਹਾਂ ਕਿ ਇਹ ਪਰਮੇਸ਼ੁਰ ਵੱਲੋਂ ਹੈ? ਆਓ ਅਸੀਂ ਤਿੰਨ ਸਬੂਤਾਂ ਉੱਤੇ ਗੌਰ ਕਰੀਏ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ: (1) ਇਹ ਵਿਗਿਆਨਕ ਤੌਰ ਤੇ ਸਹੀ ਹੈ, (2) ਇਸ ਵਿਚ ਸਦੀਵੀ ਸਿਧਾਂਤ ਪਾਏ ਜਾਂਦੇ ਹਨ ਜੋ ਆਧੁਨਿਕ ਜੀਵਨ ਲਈ ਵਿਵਹਾਰਕ ਹਨ, ਅਤੇ (3) ਇਸ ਵਿਚ ਵਿਸ਼ਿਸ਼ਟ ਭਵਿੱਖਬਾਣੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਪੂਰਤੀ ਹੋ ਚੁੱਕੀ ਹੈ, ਜਿਵੇਂ ਇਤਿਹਾਸਕ ਤੱਥਾਂ ਨੇ ਸਾਬਤ ਕੀਤਾ।
ਪੁਸਤਕ ਜੋ ਵਿਗਿਆਨ ਨਾਲ ਸਹਿਮਤ ਹੈ
3. ਬਾਈਬਲ ਨੂੰ ਵਿਗਿਆਨਕ ਲੱਭਤਾਂ ਤੋਂ ਕੋਈ ਖ਼ਤਰਾ ਕਿਉਂ ਨਹੀਂ ਰਿਹਾ ਹੈ?
3 ਬਾਈਬਲ ਇਕ ਵਿਗਿਆਨਕ ਪਾਠ-ਪੁਸਤਕ ਨਹੀਂ ਹੈ। ਲੇਕਿਨ, ਇਹ ਇਕ ਸੱਚਾਈ ਦੀ ਪੁਸਤਕ ਹੈ, ਅਤੇ ਸੱਚਾਈ ਸਮੇਂ ਦੀ ਕਸੌਟੀ ਤੇ ਪੂਰਾ ਉਤਰ ਸਕਦੀ ਹੈ। (ਯੂਹੰਨਾ 17:17) ਬਾਈਬਲ ਨੂੰ ਵਿਗਿਆਨਕ ਲੱਭਤਾਂ ਤੋਂ ਕੋਈ ਖ਼ਤਰਾ ਨਹੀਂ ਰਿਹਾ ਹੈ। ਜਦੋਂ ਇਹ ਵਿਗਿਆਨ ਨਾਲ ਸੰਬੰਧਿਤ ਮਾਮਲਿਆਂ ਦਾ ਜ਼ਿਕਰ ਕਰਦੀ ਹੈ, ਤਾਂ ਇਹ ਉਨ੍ਹਾਂ ਪ੍ਰਾਚੀਨ “ਵਿਗਿਆਨਕ” ਸਿਧਾਂਤਾਂ ਤੋਂ ਬਿਲਕੁਲ ਮੁਕਤ ਹੈ ਜੋ ਅੰਤ ਵਿਚ ਕੇਵਲ ਮਿਥ ਹੀ ਸਾਬਤ ਹੋਏ। ਦਰਅਸਲ, ਬਾਈਬਲ ਵਿਚ ਉਹ ਕਥਨ ਪਾਏ ਜਾਂਦੇ ਹਨ ਜੋ ਨਾ ਸਿਰਫ਼ ਵਿਗਿਆਨਕ ਤੌਰ ਤੇ ਸਹੀ ਹਨ ਪਰੰਤੂ ਜੋ ਉਸ ਸਮੇਂ ਦੇ ਪ੍ਰਵਾਨਿਤ ਵਿਚਾਰਾਂ ਦਾ ਵੀ ਸਾਫ਼-ਸਾਫ਼ ਵਿਰੋਧ ਕਰਦੇ ਹਨ। ਉਦਾਹਰਣ ਲਈ, ਬਾਈਬਲ ਅਤੇ ਡਾਕਟਰੀ ਵਿਗਿਆਨ ਵਿਚ ਸਹਿਮਤੀ ਉੱਤੇ ਵਿਚਾਰ ਕਰੋ।
4, 5. (ੳ) ਪ੍ਰਾਚੀਨ ਡਾਕਟਰ ਬੀਮਾਰੀ ਬਾਰੇ ਕੀ ਨਹੀਂ ਸਮਝਦੇ ਸਨ? (ਅ) ਮੂਸਾ ਨਿਰਸੰਦੇਹ ਮਿਸਰੀ ਵੈਦਾਂ ਦੇ ਡਾਕਟਰੀ ਅਭਿਆਸਾਂ ਬਾਰੇ ਕਿਉਂ ਜਾਣਦਾ ਸੀ?
4 ਪ੍ਰਾਚੀਨ ਡਾਕਟਰ ਇਹ ਪੂਰੀ ਤਰ੍ਹਾਂ ਨਹੀਂ ਸਮਝਦੇ ਸਨ ਕਿ ਬੀਮਾਰੀ ਕਿਵੇਂ ਫੈਲਦੀ ਸੀ, ਅਤੇ ਨਾ ਹੀ ਉਨ੍ਹਾਂ ਨੂੰ ਰੋਗਾਂ ਨੂੰ ਰੋਕਣ ਵਿਚ ਸਫ਼ਾਈ ਦੀ ਮਹੱਤਤਾ ਦਾ ਅਹਿਸਾਸ ਸੀ। ਬਹੁਤ ਸਾਰੇ ਪ੍ਰਾਚੀਨ ਡਾਕਟਰੀ ਅਭਿਆਸ ਆਧੁਨਿਕ ਮਿਆਰਾਂ ਦੀ ਤੁਲਨਾ ਵਿਚ ਬੇਹੁਦਾ ਜਾਪਦੇ। ਸਭ ਤੋਂ ਪੁਰਾਣੇ ਉਪਲਬਧ ਡਾਕਟਰੀ ਮੂਲ-ਪਾਠਾਂ ਵਿੱਚੋਂ ਇਕ ਹੈ ਏਬਰਸ ਪਪਾਇਰਸ, ਅਰਥਾਤ, ਮਿਸਰੀ ਡਾਕਟਰੀ ਗਿਆਨ ਦਾ ਇਕ ਸੰਕਲਨ ਜੋ ਲਗਭਗ 1550 ਸਾ.ਯੁ.ਪੂ. ਦਾ ਹੈ। ਇਸ ਵਿਚ “ਮਗਰਮੱਛ ਦੇ ਚੱਕ ਤੋਂ ਲੈ ਕੇ ਪੈਰ ਦੇ ਨਹੁੰ ਦੇ ਦਰਦ ਤਕ” ਵਿਭਿੰਨ ਦੁੱਖਾਂ ਦੇ ਲਈ 700 ਇਲਾਜ ਸ਼ਾਮਲ ਹਨ। ਜ਼ਿਆਦਾਤਰ ਇਲਾਜ ਬੇਅਸਰ ਹੀ ਸਨ, ਪਰੰਤੂ ਉਨ੍ਹਾਂ ਵਿੱਚੋਂ ਕੁਝ ਅਤਿਅੰਤ ਖ਼ਤਰਨਾਕ ਸਨ। ਇਕ ਜ਼ਖ਼ਮ ਦੇ ਇਲਾਜ ਲਈ, ਇਕ ਨੁਸਖ਼ਾ ਮਨੁੱਖੀ ਵਿਸ਼ਟੇ ਅਤੇ ਦੂਸਰੀਆਂ ਚੀਜ਼ਾਂ ਤੋਂ ਬਣੇ ਲੇਪ ਨੂੰ ਜ਼ਖ਼ਮ ਉੱਤੇ ਲਾਉਣ ਦੀ ਸਲਾਹ ਦਿੰਦਾ ਸੀ।
5 ਮਿਸਰੀ ਡਾਕਟਰੀ ਇਲਾਜਾਂ ਦਾ ਇਹ ਮੂਲ-ਪਾਠ ਲਗਭਗ ਉਸੇ ਸਮੇਂ ਲਿਖਿਆ ਗਿਆ ਸੀ ਜਦੋਂ ਬਾਈਬਲ ਦੀਆਂ ਪਹਿਲੀਆਂ ਪੁਸਤਕਾਂ ਲਿਖੀਆਂ ਗਈਆਂ ਸਨ, ਜਿਨ੍ਹਾਂ ਵਿਚ ਮੂਸਾ ਦੀ ਬਿਵਸਥਾ ਵੀ ਸ਼ਾਮਲ ਸੀ। ਮੂਸਾ, ਜਿਸ ਦਾ ਜਨਮ 1593 ਸਾ.ਯੁ.ਪੂ. ਵਿਚ ਹੋਇਆ, ਮਿਸਰ ਵਿਚ ਵੱਡਾ ਹੋਇਆ ਸੀ। (ਕੂਚ 2:1-10) ਮੂਸਾ ਦਾ ਪਾਲਣ-ਪੋਸਣ ਫ਼ਿਰਊਨ ਦੇ ਘਰਾਣੇ ਵਿਚ ਹੋਣ ਕਰਕੇ, ਉਸ ਨੇ “ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ।” (ਰਸੂਲਾਂ ਦੇ ਕਰਤੱਬ 7:22) ਉਹ ਮਿਸਰ ਦੇ “ਵੈਦਾਂ” ਬਾਰੇ ਜਾਣਦਾ ਸੀ। (ਉਤਪਤ 50:1-3) ਕੀ ਉਨ੍ਹਾਂ ਦੇ ਬੇਅਸਰ ਜਾਂ ਖ਼ਤਰਨਾਕ ਡਾਕਟਰੀ ਅਭਿਆਸਾਂ ਨੇ ਉਸ ਦੀਆਂ ਲਿਖਤਾਂ ਉੱਤੇ ਅਸਰ ਪਾਇਆ?
6. ਮੂਸਾ ਦੀ ਬਿਵਸਥਾ ਵਿਚ ਸਫ਼ਾਈ ਦਾ ਕਿਹੜਾ ਵਿਨਿਯਮ ਆਧੁਨਿਕ ਡਾਕਟਰੀ ਵਿਗਿਆਨ ਦੀਆਂ ਨਜ਼ਰਾਂ ਵਿਚ ਉਚਿਤ ਸਮਝਿਆ ਜਾਵੇਗਾ?
6 ਇਸ ਦੇ ਉਲਟ, ਮੂਸਾ ਦੀ ਬਿਵਸਥਾ ਵਿਚ ਸਫ਼ਾਈ ਦੇ ਅਜਿਹੇ ਵਿਨਿਯਮ ਸਨ ਜੋ ਆਧੁਨਿਕ ਡਾਕਟਰੀ ਵਿਗਿਆਨ ਦੀਆਂ ਨਜ਼ਰਾਂ ਵਿਚ ਉਚਿਤ ਸਮਝੇ ਜਾਣਗੇ। ਮਿਸਾਲ ਦੇ ਤੌਰ ਤੇ, ਸੈਨਿਕ ਛਾਉਣੀਆਂ ਨਾਲ ਸੰਬੰਧਿਤ ਇਕ ਨਿਯਮ ਇਹ ਮੰਗ ਕਰਦਾ ਸੀ ਕਿ ਮਲ ਨੂੰ ਡੇਰੇ ਤੋਂ ਬਾਹਰ ਦੱਬਿਆ ਜਾਵੇ। (ਬਿਵਸਥਾ ਸਾਰ 23:13) ਇਹ ਇਕ ਬਹੁਤ ਹੀ ਉੱਚ ਪੱਧਰ ਦਾ ਨਿਰੋਧਕ ਉਪਾਅ ਸੀ। ਇਸ ਨੇ ਪਾਣੀ ਦੇ ਸੋਮਿਆਂ ਨੂੰ ਮਲੀਨਤਾ ਤੋਂ ਬਚਾਉਣ ਵਿਚ ਮਦਦ ਕੀਤੀ ਅਤੇ ਮੱਖੀ ਰਾਹੀਂ ਫੈਲਣ ਵਾਲੀ ਸ਼ਿਗੇਲੋਸਿਸ ਅਤੇ ਦੂਜੀਆਂ ਪੇਚਸ਼ੀ ਬੀਮਾਰੀਆਂ ਤੋਂ ਸੁਰੱਖਿਆ ਦਿੱਤੀ ਜੋ ਹਾਲੇ ਵੀ ਹਰ ਸਾਲ ਲੱਖਾਂ ਹੀ ਜਾਨਾਂ ਲੈਂਦੀਆਂ ਹਨ, ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿਚ।
7. ਮੂਸਾ ਦੀ ਬਿਵਸਥਾ ਵਿਚ ਸਫ਼ਾਈ ਦੇ ਕਿਹੜੇ ਵਿਨਿਯਮਾਂ ਨੇ ਛੂਤ ਦੀਆਂ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਦਿੱਤੀ?
7 ਮੂਸਾ ਦੀ ਬਿਵਸਥਾ ਵਿਚ ਸਫ਼ਾਈ ਦੇ ਹੋਰ ਵਿਨਿਯਮ ਵੀ ਸਨ ਜੋ ਛੂਤ ਦੀਆਂ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਦਿੰਦੇ ਸਨ। ਇਕ ਵਿਅਕਤੀ ਜਿਸ ਨੂੰ ਛੂਤ ਦੀ ਬੀਮਾਰੀ ਸੀ ਜਾਂ ਹੋਣ ਦਾ ਸ਼ੱਕ ਸੀ, ਉਸ ਨੂੰ ਬਾਕੀਆਂ ਤੋਂ ਵੱਖਰਾ ਰੱਖਿਆ ਜਾਂਦਾ ਸੀ। (ਲੇਵੀਆਂ 13:1-5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਆਪੇ ਹੀ (ਸ਼ਾਇਦ ਬੀਮਾਰੀ ਦੇ ਕਾਰਨ) ਮਰੇ ਪਸ਼ੂ ਦੇ ਕਾਰਨ ਅਸ਼ੁੱਧ ਹੋਏ ਕੱਪੜਿਆਂ ਜਾਂ ਭਾਂਡਿਆਂ ਨੂੰ ਜਾਂ ਤਾਂ ਦੁਬਾਰਾ ਵਰਤਣ ਤੋਂ ਪਹਿਲਾਂ ਧੋਤਾ ਜਾਣਾ ਸੀ ਜਾਂ ਉਨ੍ਹਾਂ ਨੂੰ ਨਸ਼ਟ ਕੀਤਾ ਜਾਣਾ ਸੀ। (ਲੇਵੀਆਂ 11:27, 28, 32, 33) ਲੋਥ ਨੂੰ ਛੋਹਣ ਵਾਲਾ ਕੋਈ ਵੀ ਵਿਅਕਤੀ ਅਸ਼ੁੱਧ ਵਿਚਾਰਿਆ ਜਾਂਦਾ ਸੀ ਅਤੇ ਉਸ ਨੂੰ ਸ਼ੁੱਧੀ ਕਰਨ ਦੀ ਵਿਧੀ ਦੀ ਪਾਲਣਾ ਕਰਨੀ ਪੈਂਦੀ ਸੀ, ਜਿਸ ਵਿਚ ਆਪਣੇ ਕੱਪੜੇ ਧੋਣੇ ਅਤੇ ਨਹਾਉਣਾ ਸ਼ਾਮਲ ਸੀ। ਸੱਤ ਦਿਨਾਂ ਦੀ ਅਸ਼ੁੱਧਤਾ ਦੇ ਸਮੇਂ ਦੌਰਾਨ, ਉਸ ਨੂੰ ਦੂਜਿਆਂ ਨਾਲ ਸਰੀਰਕ ਸੰਪਰਕ ਤੋਂ ਪਰਹੇਜ਼ ਕਰਨਾ ਸੀ।—ਗਿਣਤੀ 19:1-13.
8, 9. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮੂਸਾ ਦੀ ਬਿਵਸਥਾ ਵਿਚ ਸਫ਼ਾਈ ਦੀ ਨਿਯਮਾਵਲੀ ਆਪਣੇ ਸਮੇਂ ਤੋਂ ਕਿਤੇ ਅੱਗੇ ਸੀ?
8 ਸਫ਼ਾਈ ਦੀ ਇਹ ਨਿਯਮਾਵਲੀ ਉਸ ਬੁੱਧੀ ਨੂੰ ਪ੍ਰਗਟ ਕਰਦੀ ਹੈ ਜੋ ਆਪਣੇ ਸਮੇਂ ਤੋਂ ਕਿਤੇ ਅੱਗੇ ਸੀ। ਆਧੁਨਿਕ ਡਾਕਟਰੀ ਵਿਗਿਆਨ ਨੇ ਬੀਮਾਰੀ ਦੇ ਫੈਲਾਅ ਅਤੇ ਰੋਕ ਬਾਰੇ ਕਾਫ਼ੀ ਕੁਝ ਸਿੱਖਿਆ ਹੈ। ਉਦਾਹਰਣ ਲਈ, 19ਵੀਂ ਸਦੀ ਦੀਆਂ ਡਾਕਟਰੀ ਤਰੱਕੀਆਂ ਦੇ ਕਾਰਨ ਐਂਟੀਸੈਪਸਿਸ—ਸਫ਼ਾਈ ਦੁਆਰਾ ਇਨਫ਼ੇਕਸ਼ਨ ਘਟਾਉਣਾ—ਦਾ ਇਸਤੇਮਾਲ ਕੀਤਾ ਜਾਣ ਲੱਗਾ। ਇਸ ਦਾ ਸਿੱਟਾ ਸੀ ਇਨਫ਼ੇਕਸ਼ਨ ਅਤੇ ਅਗੇਤਰੇ ਮੌਤਾਂ ਦੀ ਗਿਣਤੀ ਵਿਚ ਧਿਆਨਯੋਗ ਘਾਟਾ। ਸਾਲ 1900 ਵਿਚ, ਅਨੇਕ ਯੂਰਪੀ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਜਨਮ ਦੇ ਸਮੇਂ ਜੀਵਨ ਸੰਭਾਵਨਾ 50 ਸਾਲ ਨਾਲੋਂ ਘੱਟ ਸੀ। ਉਸ ਸਮੇਂ ਤੋਂ ਇਹ ਬਹੁਤ ਵੱਧ ਗਈ ਹੈ, ਨਾ ਸਿਰਫ਼ ਬੀਮਾਰੀ ਨੂੰ ਕਾਬੂ ਕਰਨ ਵਿਚ ਡਾਕਟਰੀ ਤਰੱਕੀ ਦੇ ਕਾਰਨ ਪਰੰਤੂ ਬਿਹਤਰ ਸਫ਼ਾਈ ਪ੍ਰਬੰਧ ਅਤੇ ਜੀਉਣ ਦੇ ਹਾਲਾਤ ਦੇ ਕਾਰਨ ਵੀ।
9 ਫਿਰ ਵੀ, ਡਾਕਟਰੀ ਵਿਗਿਆਨ ਨੂੰ ਇਹ ਗਿਆਨ ਹਾਸਲ ਹੋਣ ਤੋਂ ਹਜ਼ਾਰਾਂ ਸਾਲ ਪਹਿਲਾਂ ਕਿ ਬੀਮਾਰੀ ਕਿਵੇਂ ਫੈਲਦੀ ਹੈ, ਬਾਈਬਲ ਨੇ ਬੀਮਾਰੀ ਦੇ ਵਿਰੁੱਧ ਬਚਾਅ ਵਜੋਂ ਸੰਤੁਲਿਤ ਨਿਰੋਧਕ ਉਪਾਅ ਨਿਯਤ ਕੀਤੇ ਸਨ। ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਮੂਸਾ ਆਪਣੇ ਸਮੇਂ ਦੇ ਆਮ ਇਸਰਾਏਲੀਆਂ ਬਾਰੇ ਕਹਿ ਸਕਿਆ ਕਿ ਉਹ 70 ਜਾਂ 80 ਸਾਲਾਂ ਦੀ ਉਮਰ ਤਕ ਜੀਉਂਦੇ ਰਹਿੰਦੇ ਸਨ। (ਜ਼ਬੂਰ 90:10) ਮੂਸਾ ਸਫ਼ਾਈ ਦੇ ਅਜਿਹੇ ਵਿਨਿਯਮਾਂ ਬਾਰੇ ਕਿਵੇਂ ਜਾਣ ਸਕਦਾ ਸੀ? ਬਾਈਬਲ ਆਪ ਵਿਆਖਿਆ ਕਰਦੀ ਹੈ: ਨਿਯਮਾਵਲੀ “ਦੂਤਾਂ ਦੇ ਰਾਹੀਂ . . . ਠਹਿਰਾਈ ਗਈ” ਸੀ। (ਗਲਾਤੀਆਂ 3:19) ਜੀ ਹਾਂ, ਬਾਈਬਲ ਮਨੁੱਖੀ ਬੁੱਧ ਦੀ ਪੁਸਤਕ ਨਹੀਂ ਹੈ; ਇਹ ਪਰਮੇਸ਼ੁਰ ਵੱਲੋਂ ਇਕ ਪੁਸਤਕ ਹੈ।
ਆਧੁਨਿਕ ਜੀਵਨ ਲਈ ਇਕ ਵਿਵਹਾਰਕ ਪੁਸਤਕ
10. ਭਾਵੇਂ ਕਿ ਬਾਈਬਲ ਲਗਭਗ 2,000 ਸਾਲ ਪਹਿਲਾਂ ਪੂਰੀ ਕੀਤੀ ਗਈ ਸੀ, ਇਸ ਦੀ ਸਲਾਹ ਬਾਰੇ ਕਿਹੜੀ ਗੱਲ ਸੱਚ ਹੈ?
10 ਸਲਾਹ ਪੇਸ਼ ਕਰਨ ਵਾਲੀਆਂ ਪੁਸਤਕਾਂ ਅਕਸਰ ਪੁਰਾਣੀਆਂ ਹੋ ਜਾਂਦੀਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਸੋਧਿਆ ਜਾਂਦਾ ਹੈ ਅਤੇ ਦੂਜੀਆਂ ਪੁਸਤਕਾਂ ਨਾਲ ਬਦਲਿਆ ਜਾਂਦਾ ਹੈ। ਪਰੰਤੂ ਬਾਈਬਲ ਸੱਚ-ਮੁੱਚ ਵਿਲੱਖਣ ਹੈ। “ਤੇਰੀਆਂ ਸਾਖੀਆਂ ਅੱਤ ਸੱਚੀਆਂ ਹਨ,” ਜ਼ਬੂਰ 93:5 ਕਹਿੰਦਾ ਹੈ। ਭਾਵੇਂ ਕਿ ਬਾਈਬਲ ਲਗਭਗ 2,000 ਸਾਲ ਪਹਿਲਾਂ ਪੂਰੀ ਕੀਤੀ ਗਈ ਸੀ, ਫਿਰ ਵੀ ਇਸ ਦੇ ਸ਼ਬਦ ਹਾਲੇ ਵੀ ਲਾਗੂ ਹੁੰਦੇ ਹਨ। ਅਤੇ ਭਾਵੇਂ ਸਾਡੀ ਚਮੜੀ ਦਾ ਰੰਗ ਜੋ ਵੀ ਹੋਵੇ ਜਾਂ ਅਸੀਂ ਭਾਵੇਂ ਜੋ ਵੀ ਦੇਸ਼ ਵਿਚ ਰਹਿੰਦੇ ਹਾਂ, ਇਹ ਸ਼ਬਦ ਉੱਨੇ ਹੀ ਪ੍ਰਭਾਵਕਾਰੀ ਢੰਗ ਨਾਲ ਲਾਗੂ ਹੁੰਦੇ ਹਨ। ਬਾਈਬਲ ਦੀ ਸਦੀਵੀ, ‘ਅੱਤ ਸੱਚੀ’ ਸਲਾਹ ਦੀਆਂ ਕੁਝ ਉਦਾਹਰਣਾਂ ਉੱਤੇ ਵਿਚਾਰ ਕਰੋ।
11. ਕਈ ਦਹਾਕੇ ਪਹਿਲਾਂ, ਬੱਚਿਆਂ ਨੂੰ ਅਨੁਸ਼ਾਸਨ ਦੇਣ ਬਾਰੇ ਬਹੁਤ ਸਾਰੇ ਮਾਪਿਆਂ ਨੂੰ ਕੀ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ?
11 ਕਈ ਦਹਾਕੇ ਪਹਿਲਾਂ ਮਾਪੇ—ਬਾਲ ਪਰਵਰਿਸ਼ ਦੇ “ਨਵੇਂ ਖ਼ਿਆਲਾਂ” ਦੁਆਰਾ ਪ੍ਰੇਰਿਤ ਹੋ ਕੇ—ਸੋਚਦੇ ਸਨ ਕਿ “ਮਨ੍ਹਾ ਕਰਨਾ ਮਨ੍ਹਾ” ਸੀ। ਉਹ ਡਰਦੇ ਸਨ ਕਿ ਬੱਚਿਆਂ ਲਈ ਸੀਮਾਵਾਂ ਸਥਾਪਿਤ ਕਰਨੀਆਂ, ਸਦਮੇ ਤੇ ਮਾਯੂਸੀ ਦਾ ਕਾਰਨ ਬਣ ਜਾਣਗੀਆਂ। ਸ਼ੁਭ-ਭਾਵੀ ਸਲਾਹਕਾਰ ਜ਼ੋਰ ਦੇ ਰਹੇ ਸਨ ਕਿ ਮਾਪੇ ਆਪਣੇ ਬੱਚਿਆਂ ਨੂੰ ਨਰਮੀ ਨਾਲ ਝਿੜਕਣ ਤੋਂ ਇਲਾਵਾ ਹੋਰ ਕੁਝ ਨਾ ਕਰਨ। ਹੁਣ ਅਜਿਹੇ ਅਨੇਕ ਵਿਸ਼ੇਸ਼ੱਗ “ਮਾਪਿਆਂ ਨੂੰ ਤਾਕੀਦ ਕਰ ਰਹੇ ਹਨ ਕਿ ਉਹ ਥੋੜ੍ਹਾ ਜ਼ਿਆਦਾ ਸਖ਼ਤ ਹੋਣ, ਅਤੇ ਆਪਣੇ ਬੱਚਿਆਂ ਉੱਤੇ ਦੁਬਾਰਾ ਕੰਟ੍ਰੋਲ ਰੱਖਣ,” ਦ ਨਿਊਯਾਰਕ ਟਾਈਮਜ਼ ਰਿਪੋਰਟ ਕਰਦਾ ਹੈ।
12. “ਅਨੁਸ਼ਾਸਨ” ਅਨੁਵਾਦ ਕੀਤੇ ਗਏ ਯੂਨਾਨੀ ਨਾਂਵ ਦਾ ਕੀ ਅਰਥ ਹੈ, ਅਤੇ ਬੱਚਿਆਂ ਨੂੰ ਅਜਿਹੇ ਅਨੁਸ਼ਾਸਨ ਦੀ ਕਿਉਂ ਲੋੜ ਹੈ?
12 ਪਰੰਤੂ, ਸ਼ੁਰੂ ਤੋਂ ਹੀ ਬਾਈਬਲ ਨੇ ਬਾਲ ਸਿਖਲਾਈ ਦੇ ਵਿਸ਼ੇ ਉੱਤੇ ਵਿਸ਼ਿਸ਼ਟ, ਅਤੇ ਸੰਤੁਲਿਤ ਸਲਾਹ ਦਿੱਤੀ ਹੈ। ਇਹ ਸਲਾਹ ਦਿੰਦੀ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ [“ਅਨੁਸ਼ਾਸਨ,” ਨਿ ਵ] ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) “ਅਨੁਸ਼ਾਸਨ” ਅਨੁਵਾਦ ਕੀਤੇ ਗਏ ਯੂਨਾਨੀ ਨਾਂਵ ਦਾ ਅਰਥ ਹੈ “ਪਾਲਣ-ਪੋਸਣ, ਸਿਖਲਾਈ, ਹਿਦਾਇਤ।” ਬਾਈਬਲ ਕਹਿੰਦੀ ਹੈ ਕਿ ਅਨੁਸ਼ਾਸਨ, ਜਾਂ ਹਿਦਾਇਤ, ਮਾਪਿਆਂ ਦੇ ਪ੍ਰੇਮ ਦਾ ਸਬੂਤ ਹੈ। (ਕਹਾਉਤਾਂ 13:24) ਸਪੱਸ਼ਟ ਨੈਤਿਕ ਮਾਰਗ-ਦਰਸ਼ਨ ਅਧੀਨ ਬੱਚੇ ਵਧਦੇ-ਫੁੱਲਦੇ ਹਨ ਜੋ ਉਨ੍ਹਾਂ ਨੂੰ ਸਹੀ ਅਤੇ ਗ਼ਲਤ ਦੀ ਸਮਝ ਵਿਕਸਿਤ ਕਰਨ ਵਿਚ ਮਦਦ ਦਿੰਦਾ ਹੈ। ਸਹੀ ਤਰੀਕੇ ਨਾਲ ਦਿੱਤਾ ਗਿਆ ਅਨੁਸ਼ਾਸਨ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਨ ਵਿਚ ਮਦਦ ਦਿੰਦਾ ਹੈ; ਇਹ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਬਾਰੇ ਚਿੰਤਾ ਕਰਦੇ ਹਨ ਅਤੇ ਇਸ ਬਾਰੇ ਵੀ ਕਿ ਉਹ ਕਿਹੋ ਜਿਹੇ ਵਿਅਕਤੀ ਬਣ ਰਹੇ ਹਨ।—ਤੁਲਨਾ ਕਰੋ ਕਹਾਉਤਾਂ 4:10-13.
13. (ੳ) ਅਨੁਸ਼ਾਸਨ ਦੇ ਸੰਬੰਧ ਵਿਚ, ਬਾਈਬਲ ਮਾਪਿਆਂ ਨੂੰ ਕਿਹੜੀ ਗੱਲ ਤੋਂ ਖ਼ਬਰਦਾਰ ਕਰਦੀ ਹੈ? (ਅ) ਬਾਈਬਲ ਕਿਸ ਕਿਸਮ ਦੇ ਅਨੁਸ਼ਾਸਨ ਦਾ ਮਸ਼ਵਰਾ ਦਿੰਦੀ ਹੈ?
13 ਪਰੰਤੂ ਬਾਈਬਲ ਅਨੁਸ਼ਾਸਨ ਦੇ ਸੰਬੰਧ ਵਿਚ ਮਾਪਿਆਂ ਨੂੰ ਖ਼ਬਰਦਾਰ ਕਰਦੀ ਹੈ। ਮਾਪਿਆਂ ਦੇ ਅਧਿਕਾਰ ਨੂੰ ਕਦੇ ਵੀ ਦੁਰਉਪਯੋਗੀ ਨਹੀਂ ਹੋਣਾ ਚਾਹੀਦਾ ਹੈ। (ਕਹਾਉਤਾਂ 22:15) ਕਿਸੇ ਵੀ ਬੱਚੇ ਨੂੰ ਕਦੀ ਵੀ ਕਠੋਰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਬਾਈਬਲ ਅਨੁਸਾਰ ਜ਼ਿੰਦਗੀ ਬਸਰ ਕਰਨ ਵਾਲੇ ਪਰਿਵਾਰ ਵਿਚ ਸਰੀਰਕ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ। (ਜ਼ਬੂਰ 11:5) ਨਾ ਹੀ ਭਾਵਾਤਮਕ ਹਿੰਸਾ—ਕੌੜੇ ਸ਼ਬਦ, ਲਗਾਤਾਰ ਆਲੋਚਨਾ, ਅਤੇ ਚੁਭਵੇਂ ਤਾਅਨੇ, ਜੋ ਬੱਚੇ ਦੇ ਉਤਸ਼ਾਹ ਨੂੰ ਕੁਚਲ ਸਕਦੇ ਹਨ—ਦੀ ਕੋਈ ਜਗ੍ਹਾ ਹੈ। (ਤੁਲਨਾ ਕਰੋ ਕਹਾਉਤਾਂ 12:18.) ਬੁੱਧੀਮਤਾ ਨਾਲ, ਬਾਈਬਲ ਮਾਪਿਆਂ ਨੂੰ ਚੇਤਾਵਨੀ ਦਿੰਦੀ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ [ਜਾਂ, “ਤੁਸੀਂ ਉਨ੍ਹਾਂ ਦੇ ਦਿਲਾਂ ਨੂੰ ਪੂਰੀ ਤਰ੍ਹਾਂ ਢਾਹ ਦਿਓਗੇ,” ਫ਼ਿਲਿਪਸ]।” (ਕੁਲੁੱਸੀਆਂ 3:21) ਬਾਈਬਲ ਨਿਰੋਧਕ ਉਪਾਵਾਂ ਦਾ ਮਸ਼ਵਰਾ ਦਿੰਦੀ ਹੈ। ਬਿਵਸਥਾ ਸਾਰ 11:19 ਵਿਚ, ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮਨਾਂ ਵਿਚ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਬਿਠਾਉਣ ਲਈ ਗ਼ੈਰ-ਰਸਮੀ ਅਵਸਰਾਂ ਦਾ ਫ਼ਾਇਦਾ ਉਠਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਬਾਲ ਪਰਵਰਿਸ਼ ਬਾਰੇ ਅਜਿਹੀ ਸਪੱਸ਼ਟ, ਤਰਕਸੰਗਤ ਸਲਾਹ ਅੱਜ ਉੱਨੀ ਹੀ ਵਿਵਹਾਰਕ ਹੈ ਜਿੰਨੀ ਬਾਈਬਲ ਸਮਿਆਂ ਵਿਚ ਸੀ।
14, 15. (ੳ) ਬਾਈਬਲ ਕਿਸ ਤਰੀਕੇ ਨਾਲ ਮਹਿਜ਼ ਬੁੱਧੀਮਾਨ ਸਲਾਹ ਹੀ ਨਹੀਂ ਦਿੰਦੀ ਹੈ? (ਅ) ਬਾਈਬਲ ਦੀਆਂ ਕਿਹੜੀਆਂ ਸਿੱਖਿਆਵਾਂ ਵੱਖਰੀਆਂ-ਵੱਖਰੀਆਂ ਜਾਤੀਆਂ ਅਤੇ ਕੌਮਾਂ ਦੇ ਆਦਮੀਆਂ ਅਤੇ ਔਰਤਾਂ ਨੂੰ ਇਕ ਦੂਜੇ ਨੂੰ ਬਰਾਬਰ ਸਮਝਣ ਵਿਚ ਮਦਦ ਦੇ ਸਕਦੀਆਂ ਹਨ?
14 ਬਾਈਬਲ ਮਹਿਜ਼ ਬੁੱਧੀਮਾਨ ਸਲਾਹ ਹੀ ਨਹੀਂ ਦਿੰਦੀ ਹੈ। ਇਸ ਦਾ ਸੰਦੇਸ਼ ਦਿਲ ਨੂੰ ਭਾਉਂਦਾ ਹੈ। ਇਬਰਾਨੀਆਂ 4:12 ਕਹਿੰਦਾ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” ਬਾਈਬਲ ਦੀ ਪ੍ਰੇਰਣਾਦਾਇਕ ਸ਼ਕਤੀ ਦੀ ਇਕ ਉਦਾਹਰਣ ਉੱਤੇ ਗੌਰ ਕਰੋ।
15 ਅੱਜ ਲੋਕ ਜਾਤੀਗਤ, ਕੌਮੀ, ਅਤੇ ਨਸਲੀ ਦੀਵਾਰਾਂ ਦੁਆਰਾ ਵਿਭਾਜਿਤ ਹਨ। ਅਜਿਹੀਆਂ ਨਕਲੀ ਦੀਵਾਰਾਂ ਨੇ ਪੂਰੇ ਸੰਸਾਰ ਦੇ ਯੁੱਧਾਂ ਵਿਚ ਨਿਰਦੋਸ਼ ਮਾਨਵ ਦੇ ਵੱਡੇ ਕਤਲਾਮ ਨੂੰ ਯੋਗਦਾਨ ਦਿੱਤਾ ਹੈ। ਦੂਸਰੇ ਪਾਸੇ, ਬਾਈਬਲ ਵਿਚ ਅਜਿਹੀਆਂ ਸਿੱਖਿਆਵਾਂ ਪਾਈਆਂ ਜਾਂਦੀਆਂ ਹਨ ਜੋ ਵੱਖਰੀਆਂ-ਵੱਖਰੀਆਂ ਜਾਤੀਆਂ ਅਤੇ ਕੌਮਾਂ ਦੇ ਆਦਮੀਆਂ ਅਤੇ ਔਰਤਾਂ ਨੂੰ ਇਕ ਦੂਜੇ ਨੂੰ ਬਰਾਬਰ ਸਮਝਣ ਵਿਚ ਮਦਦ ਦਿੰਦੀਆਂ ਹਨ। ਉਦਾਹਰਣ ਲਈ, ਰਸੂਲਾਂ ਦੇ ਕਰਤੱਬ 17:26 ਕਹਿੰਦਾ ਹੈ ਕਿ ਪਰਮੇਸ਼ੁਰ ਨੇ “ਮਨੁੱਖਾਂ ਦੀ ਹਰੇਕ ਕੌਮ ਨੂੰ . . . ਇੱਕ ਤੋਂ ਰਚਿਆ।” ਇਹ ਦਿਖਾਉਂਦਾ ਹੈ ਕਿ ਸੱਚ-ਮੁੱਚ ਇਕ ਹੀ ਜਾਤ ਹੈ—ਮਨੁੱਖ ਜਾਤ! ਇਸ ਤੋਂ ਇਲਾਵਾ ਬਾਈਬਲ ਸਾਨੂੰ ‘ਪਰਮੇਸ਼ੁਰ ਦੀ ਰੀਸ ਕਰਨ’ ਲਈ ਉਤਸ਼ਾਹਿਤ ਕਰਦੀ ਹੈ, ਜਿਸ ਬਾਰੇ ਇਹ ਕਹਿੰਦੀ ਹੈ: “[ਉਹ] ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਅਫ਼ਸੀਆਂ 5:1; ਰਸੂਲਾਂ ਦੇ ਕਰਤੱਬ 10:34, 35) ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਜੀਉਣ ਦੀ ਸੱਚ-ਮੁੱਚ ਕੋਸ਼ਿਸ਼ ਕਰਨ ਵਾਲਿਆਂ ਨੂੰ ਇਹ ਗਿਆਨ ਇਕਮੁੱਠ ਕਰਦਾ ਹੈ। ਇਹ ਸਭ ਤੋਂ ਗਹਿਰੇ ਪੱਧਰ ਤੇ ਕੰਮ ਕਰਦਾ ਹੈ—ਦਿਲ ਵਿਚ—ਅਤੇ ਮਨੁੱਖਾਂ ਦੀਆਂ ਬਣਾਈਆਂ ਉਨ੍ਹਾਂ ਦੀਵਾਰਾਂ ਨੂੰ ਢਾਹ ਦਿੰਦਾ ਹੈ ਜੋ ਲੋਕਾਂ ਨੂੰ ਵਿਭਾਜਿਤ ਕਰਦੀਆਂ ਹਨ। ਕੀ ਇਹ ਅੱਜ ਦੇ ਸੰਸਾਰ ਵਿਚ ਵੀ ਸੱਚ-ਮੁੱਚ ਕੰਮ ਕਰਦਾ ਹੈ?
16. ਇਕ ਅਨੁਭਵ ਦੱਸੋ ਜੋ ਦਿਖਾਵੇ ਕਿ ਯਹੋਵਾਹ ਦੇ ਗਵਾਹਾਂ ਦਾ ਇਕ ਸੱਚਾ ਅੰਤਰ-ਰਾਸ਼ਟਰੀ ਭਾਈਚਾਰਾ ਹੈ।
16 ਯਕੀਨਨ, ਇਹ ਕਰਦਾ ਹੈ! ਯਹੋਵਾਹ ਦੇ ਗਵਾਹ ਆਪਣੇ ਅੰਤਰ-ਰਾਸ਼ਟਰੀ ਭਾਈਚਾਰੇ ਲਈ ਪ੍ਰਸਿੱਧ ਹਨ, ਜੋ ਉਨ੍ਹਾਂ ਵੱਖਰੇ-ਵੱਖਰੇ ਪਿਛੋਕੜ ਦੇ ਲੋਕਾਂ ਨੂੰ ਇਕਮੁੱਠ ਕਰਦਾ ਹੈ ਜੋ ਆਮ ਤੌਰ ਤੇ ਇਕ ਦੂਜੇ ਨਾਲ ਸ਼ਾਂਤੀ ਵਿਚ ਨਹੀਂ ਰਹਿੰਦੇ ਹਨ। ਉਦਾਹਰਣ ਲਈ, ਰਵਾਂਡਾ ਵਿਚ ਨਸਲੀ ਮੁੱਠਭੇੜਾਂ ਦੌਰਾਨ, ਹਰੇਕ ਕਬੀਲੇ ਦੇ ਯਹੋਵਾਹ ਦੇ ਗਵਾਹਾਂ ਨੇ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾ ਕੇ ਦੂਸਰੇ ਕਬੀਲੇ ਦੇ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਬਚਾਇਆ। ਇਕ ਮਾਮਲੇ ਵਿਚ, ਇਕ ਹੁਟੂ ਗਵਾਹ ਨੇ ਆਪਣੀ ਕਲੀਸਿਯਾ ਦੇ ਛੇ ਮੈਂਬਰਾਂ ਵਾਲੇ ਟੂਟਸੀ ਪਰਿਵਾਰ ਨੂੰ ਆਪਣੇ ਘਰ ਵਿਚ ਲੁਕਾ ਕੇ ਰੱਖਿਆ। ਦੁੱਖ ਦੀ ਗੱਲ ਹੈ ਕਿ ਅੰਤ ਵਿਚ ਇਸ ਟੂਟਸੀ ਪਰਿਵਾਰ ਨੂੰ ਲੱਭ ਕੇ ਮਾਰ ਦਿੱਤਾ ਗਿਆ। ਹੁਣ ਇਹ ਹੁਟੂ ਭਰਾ ਅਤੇ ਉਸ ਦਾ ਪਰਿਵਾਰ ਕਾਤਲਾਂ ਦੇ ਕ੍ਰੋਧ ਦਾ ਨਿਸ਼ਾਨਾ ਬਣ ਗਏ, ਅਤੇ ਉਨ੍ਹਾਂ ਨੂੰ ਤਨਜ਼ਾਨੀਆ ਨੂੰ ਭੱਜਣਾ ਪਿਆ। ਬਹੁਤ ਸਾਰੀਆਂ ਸਮਾਨ ਉਦਾਹਰਣਾਂ ਰਿਪੋਰਟ ਕੀਤੀਆਂ ਗਈਆਂ। ਯਹੋਵਾਹ ਦੇ ਗਵਾਹ ਬਿਨਾਂ ਝਿਜਕ ਸਵੀਕਾਰ ਕਰਦੇ ਹਨ ਕਿ ਅਜਿਹੀ ਏਕਤਾ ਮੁਮਕਿਨ ਹੈ ਕਿਉਂਕਿ ਉਨ੍ਹਾਂ ਦੇ ਦਿਲ ਬਾਈਬਲ ਦੇ ਸੰਦੇਸ਼ ਦੀ ਪ੍ਰੇਰਣਾਦਾਇਕ ਸ਼ਕਤੀ ਤੋਂ ਡੂੰਘੀ ਤਰ੍ਹਾਂ ਨਾਲ ਛੋਹੇ ਗਏ ਹਨ। ਇਹ ਹਕੀਕਤ ਕਿ ਬਾਈਬਲ ਇਸ ਨਫ਼ਰਤ ਭਰੇ ਸੰਸਾਰ ਵਿਚ ਲੋਕਾਂ ਨੂੰ ਇਕਮੁੱਠ ਕਰ ਸਕਦੀ ਹੈ ਇਸ ਗੱਲ ਦਾ ਸ਼ਕਤੀਸ਼ਾਲੀ ਸਬੂਤ ਹੈ ਕਿ ਇਹ ਪਰਮੇਸ਼ੁਰ ਤੋਂ ਹੀ ਹੈ।
ਸੱਚੀ ਭਵਿੱਖਬਾਣੀ ਦੀ ਪੁਸਤਕ
17. ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਮਨੁੱਖਾਂ ਦੁਆਰਾ ਕੀਤੀਆਂ ਗਈਆਂ ਪੇਸ਼ੀਨਗੋਈਆਂ ਤੋਂ ਭਿੰਨ ਹਨ?
17 “ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ,” 2 ਪਤਰਸ 1:20 ਕਹਿੰਦਾ ਹੈ। ਬਾਈਬਲ ਨਬੀਆਂ ਨੇ ਉਸ ਸਮੇਂ ਦੇ ਸੰਸਾਰਕ ਮਾਮਲਿਆਂ ਦੇ ਰੁਝਾਨਾਂ ਦੀ ਪਰਖ ਕਰ ਕੇ, ਅਤੇ ਫਿਰ ਇਨ੍ਹਾਂ ਘਟਨਾਵਾਂ ਬਾਰੇ ਆਪਣੇ ਨਿੱਜੀ ਅਰਥ-ਨਿਰੂਪਣ ਦੇ ਆਧਾਰ ਤੇ ਸਿੱਖਿਅਤ ਅਨੁਮਾਨ ਨਹੀਂ ਲਗਾਇਆ ਸੀ। ਨਾ ਹੀ ਉਨ੍ਹਾਂ ਨੇ ਅਸਪੱਸ਼ਟ ਪੇਸ਼ੀਨਗੋਈਆਂ ਕੀਤੀਆਂ ਸਨ ਜੋ ਕਿਸੇ ਵੀ ਭਵਿੱਖਤ ਘਟਨਾ ਉੱਤੇ ਲਾਗੂ ਕੀਤੀਆਂ ਜਾ ਸਕਦੀਆਂ ਸਨ। ਉਦਾਹਰਣ ਵਜੋਂ, ਆਓ ਅਸੀਂ ਬਾਈਬਲ ਦੀ ਇਕ ਭਵਿੱਖਬਾਣੀ ਉੱਤੇ ਗੌਰ ਕਰੀਏ ਜੋ ਅਸਾਧਾਰਣ ਰੂਪ ਵਿਚ ਵਿਸ਼ਿਸ਼ਟ ਸੀ ਅਤੇ ਜੋ ਉਸ ਸਮੇਂ ਜੀਉਂਦੇ ਲੋਕਾਂ ਦੀਆਂ ਆਸਾਂ ਤੋਂ ਬਿਲਕੁਲ ਉਲਟ ਦੱਸਦੀ ਸੀ।
18. ਨਿਰਸੰਦੇਹ ਪ੍ਰਾਚੀਨ ਬਾਬਲ ਦੇ ਵਾਸੀ ਕਿਉਂ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਸਨ, ਫਿਰ ਵੀ, ਯਸਾਯਾਹ ਨੇ ਬਾਬਲ ਦੇ ਬਾਰੇ ਕੀ ਪੂਰਵ-ਸੂਚਿਤ ਕੀਤਾ ਸੀ?
18 ਸੱਤਵੀਂ ਸਦੀ ਸਾ.ਯੁ.ਪੂ. ਤਕ ਬਾਬਲ, ਬਾਬਲੀ ਸਾਮਰਾਜ ਦੀ ਜ਼ਾਹਰਾ ਤੌਰ ਤੇ ਅਜਿੱਤ ਰਾਜਧਾਨੀ ਸੀ। ਸ਼ਹਿਰ ਫਰਾਤ ਦਰਿਆ ਉੱਤੇ ਪਸਰਿਆ ਹੋਇਆ ਸੀ, ਅਤੇ ਦਰਿਆ ਦਾ ਪਾਣੀ ਇਕ ਚੌੜੀ, ਡੂੰਘੀ ਖਾਈ ਅਤੇ ਨਹਿਰਾਂ ਦਾ ਜਾਲ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਸ਼ਹਿਰ ਦੂਹਰੀਆਂ ਕੰਧਾਂ ਦੀ ਇਕ ਵਿਸ਼ਾਲ ਵਿਵਸਥਾ ਦੁਆਰਾ ਵੀ ਸੁਰੱਖਿਅਤ ਰੱਖਿਆ ਗਿਆ ਸੀ, ਅਤੇ ਕੰਧਾਂ ਅਨੇਕ ਬਚਾਅ ਬੁਰਜਾਂ ਨਾਲ ਮਜ਼ਬੂਤ ਕੀਤੀਆਂ ਗਈਆਂ ਸਨ। ਨਿਰਸੰਦੇਹ ਬਾਬਲ ਦੇ ਵਾਸੀ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਸਨ। ਫਿਰ ਵੀ, ਅੱਠਵੀਂ ਸਦੀ ਸਾ.ਯੁ.ਪੂ. ਵਿਚ, ਬਾਬਲ ਦੇ ਆਪਣੀ ਚੜ੍ਹਦੀ ਕਲਾ ਵਿਚ ਪਹੁੰਚਣ ਤੋਂ ਵੀ ਪਹਿਲਾਂ, ਯਸਾਯਾਹ ਨਬੀ ਨੇ ਪੂਰਵ-ਸੂਚਿਤ ਕੀਤਾ: “ਬਾਬਲ . . . ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ। ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ।” (ਯਸਾਯਾਹ 13:19, 20) ਧਿਆਨ ਦਿਓ ਕਿ ਭਵਿੱਖਬਾਣੀ ਵਿਚ ਸਿਰਫ਼ ਇਹੀ ਨਹੀਂ ਦੱਸਿਆ ਗਿਆ ਸੀ ਕਿ ਬਾਬਲ ਨੂੰ ਨਾਸ਼ ਕੀਤਾ ਜਾਵੇਗਾ ਬਲਕਿ ਇਹ ਵੀ ਕਿ ਉਹ ਹਮੇਸ਼ਾ ਲਈ ਬੇਆਬਾਦ ਹੋ ਜਾਵੇਗਾ। ਕਿੰਨੀ ਨਿਧੜਕ ਪੇਸ਼ੀਨਗੋਈ! ਕੀ ਇਹ ਹੋ ਸਕਦਾ ਹੈ ਕਿ ਯਸਾਯਾਹ ਨੇ ਆਪਣੀ ਭਵਿੱਖਬਾਣੀ ਵਿਰਾਨ ਹੋਏ ਬਾਬਲ ਨੂੰ ਦੇਖਣ ਤੋਂ ਬਾਅਦ ਲਿਖੀ? ਇਤਿਹਾਸ ਜਵਾਬ ਦਿੰਦਾ ਹੈ ਕਿ ਨਹੀਂ!
19. ਯਸਾਯਾਹ ਦੀ ਭਵਿੱਖਬਾਣੀ ਅਕਤੂਬਰ 5, 539 ਸਾ.ਯੁ.ਪੂ. ਨੂੰ ਮੁਕੰਮਲ ਤੌਰ ਤੇ ਪੂਰੀ ਕਿਉਂ ਨਹੀਂ ਹੋਈ ਸੀ?
19 ਅਕਤੂਬਰ 5, 539 ਸਾ.ਯੁ.ਪੂ. ਦੀ ਰਾਤ ਨੂੰ, ਬਾਬਲ ਖੋਰੁਸ ਮਹਾਨ ਦੇ ਅਧੀਨ ਮਾਦੀ-ਫ਼ਾਰਸੀ ਫ਼ੌਜਾਂ ਦੇ ਕਬਜ਼ੇ ਵਿਚ ਆ ਗਿਆ। ਪਰੰਤੂ, ਯਸਾਯਾਹ ਦੀ ਭਵਿੱਖਬਾਣੀ ਉਸ ਸਮੇਂ ਮੁਕੰਮਲ ਤੌਰ ਤੇ ਪੂਰੀ ਨਹੀਂ ਹੋਈ ਸੀ। ਖੋਰੁਸ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ, ਇਕ ਵਸਿਆ ਹੋਇਆ ਬਾਬਲ—ਭਾਵੇਂ ਪਹਿਲਾਂ ਨਾਲੋਂ ਮਾਮੂਲੀ—ਸਦੀਆਂ ਤਕ ਰਿਹਾ। ਦੂਸਰੀ ਸਦੀ ਸਾ.ਯੁ.ਪੂ. ਵਿਚ, ਲਗਭਗ ਜਿਸ ਸਮੇਂ ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ਦੀ ਕਾਪੀ ਬਣਾਈ ਗਈ ਸੀ, ਪਾਰਥੀਆਂ ਨੇ ਬਾਬਲ ਉੱਤੇ ਕਬਜ਼ਾ ਕਰ ਲਿਆ ਸੀ। ਬਾਬਲ ਨੂੰ ਉਸ ਵੇਲੇ ਵਡਮੁੱਲੀ ਵਸਤੂ ਸਮਝਿਆ ਜਾਂਦਾ ਸੀ ਜਿਸ ਲਈ ਆਲੇ-ਦੁਆਲੇ ਦੀਆਂ ਕੌਮਾਂ ਲੜਦੀਆਂ ਸਨ। ਯਹੂਦੀ ਇਤਿਹਾਸਕਾਰ ਜੋਸੀਫ਼ਸ ਰਿਪੋਰਟ ਕਰਦਾ ਹੈ ਕਿ ਪਹਿਲੀ ਸਦੀ ਸਾ.ਯੁ.ਪੂ. ਵਿਚ ਯਹੂਦੀਆਂ ਦੀ “ਵੱਡੀ ਗਿਣਤੀ” ਉੱਥੇ ਰਹਿ ਰਹੀ ਸੀ। ਦ ਕੇਮਬ੍ਰਿਜ ਏਂਸ਼ੰਟ ਹਿਸਟਰੀ ਦੇ ਅਨੁਸਾਰ, ਪਾਲਮੀਰਾ ਦੇ ਵਪਾਰੀਆਂ ਨੇ 24 ਸਾ.ਯੁ. ਵਿਚ ਬਾਬਲ ਵਿਚ ਇਕ ਖ਼ੁਸ਼ਹਾਲ ਵਪਾਰਕ ਕਲੋਨੀ ਕਾਇਮ ਕਰ ਲਈ ਸੀ। ਇਸ ਲਈ, ਪਹਿਲੀ ਸਦੀ ਸਾ.ਯੁ. ਤਕ, ਬਾਬਲ ਹਾਲੇ ਵੀ ਪੂਰਣ ਰੂਪ ਵਿਚ ਵਿਰਾਨ ਨਹੀਂ ਹੋਇਆ ਸੀ; ਪਰੰਤੂ ਯਸਾਯਾਹ ਦੀ ਪੋਥੀ ਇਸ ਤੋਂ ਬਹੁਤ ਸਮਾਂ ਪਹਿਲਾਂ ਸਮਾਪਤ ਕੀਤੀ ਜਾ ਚੁੱਕੀ ਸੀ।—1 ਪਤਰਸ 5:13.
20. ਇਸ ਦਾ ਕੀ ਸਬੂਤ ਹੈ ਕਿ ਬਾਬਲ ਆਖ਼ਰਕਾਰ “ਥੇਹ” ਹੋ ਗਿਆ ਸੀ?
20 ਯਸਾਯਾਹ ਬਾਬਲ ਨੂੰ ਬੇਆਬਾਦ ਹੁੰਦਿਆਂ ਦੇਖਣ ਤਕ ਜੀਉਂਦਾ ਨਹੀਂ ਰਿਹਾ। ਪਰੰਤੂ ਭਵਿੱਖਬਾਣੀ ਦੇ ਅਨੁਸਾਰ, ਬਾਬਲ ਆਖ਼ਰਕਾਰ “ਥੇਹ” ਹੋ ਗਿਆ। (ਯਿਰਮਿਯਾਹ 51:37) ਇਬਰਾਨੀ ਵਿਦਵਾਨ ਜਰੋਮ (ਚੌਥੀ ਸਦੀ ਸਾ.ਯੁ. ਵਿਚ ਪੈਦਾ ਹੋਇਆ) ਦੇ ਅਨੁਸਾਰ, ਉਸ ਦੇ ਦਿਨਾਂ ਵਿਚ ਬਾਬਲ ਇਕ ਸ਼ਿਕਾਰ ਕਰਨ ਵਾਲਾ ਮੈਦਾਨ ਸੀ ਜਿੱਥੇ “ਹਰ ਪ੍ਰਕਾਰ ਦੇ ਪਸ਼ੂ” ਫਿਰਦੇ ਹੁੰਦੇ ਸਨ, ਅਤੇ ਇਹ ਅੱਜ ਤਕ ਵਿਰਾਨ ਪਿਆ ਹੈ। ਸੈਲਾਨੀ ਆਕਰਸ਼ਣ ਵਜੋਂ ਬਾਬਲ ਦੀ ਕੋਈ ਵੀ ਮੁੜ-ਬਹਾਲੀ ਸ਼ਾਇਦ ਸੈਲਾਨੀਆਂ ਨੂੰ ਲੁਭਾਵੇ, ਪਰੰਤੂ ਬਾਬਲ ਦੇ “ਪੁੱਤ੍ਰ ਪੋਤ੍ਰੇ” ਸਦਾ ਲਈ ਖ਼ਤਮ ਹੋ ਚੁੱਕੇ ਹਨ, ਜਿਵੇਂ ਕਿ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ।—ਯਸਾਯਾਹ 14:22.
21. ਵਫ਼ਾਦਾਰ ਨਬੀ ਭਵਿੱਖ ਨੂੰ ਪਹਿਲਾਂ ਤੋਂ ਸਹੀ-ਸਹੀ ਕਿਵੇਂ ਦੱਸ ਸਕੇ?
21 ਯਸਾਯਾਹ ਨਬੀ ਨੇ ਸਿੱਖਿਅਤ ਅਨੁਮਾਨ ਨਹੀਂ ਲਗਾਇਆ ਸੀ। ਨਾ ਹੀ ਉਸ ਨੇ ਇਤਿਹਾਸ ਨੂੰ ਭਵਿੱਖਬਾਣੀ ਦੇ ਤੌਰ ਤੇ ਪ੍ਰਗਟ ਕਰਨ ਲਈ ਇਸ ਨੂੰ ਮੁੜ ਲਿਖਿਆ ਸੀ। ਯਸਾਯਾਹ ਇਕ ਸੱਚਾ ਨਬੀ ਸੀ। ਇਸੇ ਤਰ੍ਹਾਂ ਬਾਈਬਲ ਦੇ ਦੂਸਰੇ ਸਾਰੇ ਵਫ਼ਾਦਾਰ ਨਬੀ ਵੀ ਸੱਚੇ ਨਬੀ ਸਨ। ਇਹ ਆਦਮੀ ਉਹ ਕੰਮ ਕਿਵੇਂ ਕਰ ਸਕੇ ਜੋ ਦੂਸਰਾ ਕੋਈ ਮਨੁੱਖ ਨਹੀਂ ਕਰ ਸਕਦਾ ਸੀ—ਭਵਿੱਖ ਨੂੰ ਪਹਿਲਾਂ ਤੋਂ ਹੀ ਸਹੀ-ਸਹੀ ਦੱਸਣਾ? ਜਵਾਬ ਸਪੱਸ਼ਟ ਹੈ। ਭਵਿੱਖਬਾਣੀਆਂ ਯਹੋਵਾਹ, ਅਰਥਾਤ ਭਵਿੱਖਬਾਣੀ ਦੇ ਪਰਮੇਸ਼ੁਰ ਤੋਂ ਆਉਂਦੀਆਂ ਹਨ, ਜੋ ‘ਆਦ ਤੋਂ ਅੰਤ ਨੂੰ . . . ਦੱਸਦਾ ਹੈ।’—ਯਸਾਯਾਹ 46:10.
22. ਸਾਨੂੰ ਨੇਕਦਿਲ ਇਨਸਾਨਾਂ ਨੂੰ ਉਤਸ਼ਾਹਿਤ ਕਰਨ ਦਾ ਪੂਰਾ ਜਤਨ ਕਿਉਂ ਕਰਨਾ ਚਾਹੀਦਾ ਹੈ ਕਿ ਉਹ ਖ਼ੁਦ ਲਈ ਬਾਈਬਲ ਦੀ ਜਾਂਚ ਕਰਨ?
22 ਸੋ, ਕੀ ਬਾਈਬਲ ਜਾਂਚ ਕਰਨ ਦੇ ਯੋਗ ਹੈ? ਅਸੀਂ ਜਾਣਦੇ ਹਾਂ ਕਿ ਇਹ ਯੋਗ ਹੈ! ਪਰ ਬਹੁਤ ਸਾਰੇ ਲੋਕ ਨਹੀਂ ਮੰਨਦੇ ਹਨ। ਉਨ੍ਹਾਂ ਨੇ ਬਾਈਬਲ ਬਾਰੇ ਰਾਵਾਂ ਕਾਇਮ ਕੀਤੀਆਂ ਹੋਈਆਂ ਹਨ ਭਾਵੇਂ ਕਿ ਉਨ੍ਹਾਂ ਨੇ ਖ਼ੁਦ ਸ਼ਾਇਦ ਇਸ ਨੂੰ ਕਦੀ ਨਹੀਂ ਪੜ੍ਹਿਆ। ਇਸ ਤੋਂ ਪਹਿਲੇ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਪ੍ਰੋਫ਼ੈਸਰ ਨੂੰ ਯਾਦ ਕਰੋ। ਉਹ ਬਾਈਬਲ ਅਧਿਐਨ ਕਰਨ ਲਈ ਸਹਿਮਤ ਹੋਇਆ, ਅਤੇ ਧਿਆਨ ਨਾਲ ਬਾਈਬਲ ਦੀ ਜਾਂਚ ਕਰਨ ਤੋਂ ਬਾਅਦ, ਉਹ ਇਸ ਸਿੱਟੇ ਤੇ ਪਹੁੰਚਿਆ ਕਿ ਇਹ ਪਰਮੇਸ਼ੁਰ ਵੱਲੋਂ ਪੁਸਤਕ ਹੈ। ਆਖ਼ਰਕਾਰ ਉਸ ਨੇ ਯਹੋਵਾਹ ਦੇ ਇਕ ਗਵਾਹ ਦੇ ਤੌਰ ਤੇ ਬਪਤਿਸਮਾ ਲਿਆ, ਅਤੇ ਅੱਜ ਉਹ ਇਕ ਬਜ਼ੁਰਗ ਦੀ ਹੈਸੀਅਤ ਵਿਚ ਸੇਵਾ ਕਰਦਾ ਹੈ! ਆਓ ਅਸੀਂ ਨੇਕਦਿਲ ਇਨਸਾਨਾਂ ਨੂੰ ਉਤਸ਼ਾਹਿਤ ਕਰਨ ਦਾ ਪੂਰਾ ਜਤਨ ਕਰੀਏ ਕਿ ਉਹ ਖ਼ੁਦ ਲਈ ਬਾਈਬਲ ਦੀ ਜਾਂਚ ਕਰਨ ਅਤੇ ਫਿਰ ਇਸ ਬਾਰੇ ਰਾਇ ਕਾਇਮ ਕਰਨ। ਸਾਨੂੰ ਯਕੀਨ ਹੈ ਕਿ ਜੇ ਉਹ ਈਮਾਨਦਾਰੀ ਨਾਲ ਬਾਈਬਲ ਦੀ ਸਿੱਧੇ ਤੌਰ ਤੇ ਜਾਂਚ ਕਰਨ, ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਇਹ ਵਿਲੱਖਣ ਪੁਸਤਕ, ਬਾਈਬਲ, ਸੱਚ-ਮੁੱਚ ਹੀ ਤਮਾਮ ਲੋਕਾਂ ਲਈ ਇਕ ਪੁਸਤਕ ਹੈ!
ਕੀ ਤੁਸੀਂ ਸਮਝਾ ਸਕਦੇ ਹੋ?
◻ ਤੁਸੀਂ ਇਹ ਦਿਖਾਉਣ ਲਈ ਕਿ ਬਾਈਬਲ ਮਨੁੱਖੀ ਸੋਮੇ ਤੋਂ ਨਹੀਂ ਹੈ ਮੂਸਾ ਦੀ ਬਿਵਸਥਾ ਦਾ ਕਿਵੇਂ ਪ੍ਰਯੋਗ ਕਰ ਸਕਦੇ ਹੋ?
◻ ਬਾਈਬਲ ਦੇ ਕਿਹੜੇ ਸਦੀਵੀ ਸਿਧਾਂਤ ਆਧੁਨਿਕ ਜੀਵਨ ਲਈ ਵਿਵਹਾਰਕ ਹਨ?
◻ ਯਸਾਯਾਹ 13:19, 20 ਦੀ ਭਵਿੱਖਬਾਣੀ ਨੂੰ ਇਸ ਦੀ ਪੂਰਤੀ ਤੋਂ ਬਾਅਦ ਕਿਉਂ ਨਹੀਂ ਲਿਖਿਆ ਜਾ ਸਕਦਾ ਸੀ?
◻ ਸਾਨੂੰ ਨੇਕਦਿਲ ਇਨਸਾਨਾਂ ਨੂੰ ਕੀ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਅਤੇ ਕਿਉਂ?
[ਸਫ਼ੇ 19 ਉੱਤੇ ਡੱਬੀ]
ਅਪ੍ਰਮਾਣਯੋਗ ਬਾਰੇ ਕੀ?
ਬਾਈਬਲ ਵਿਚ ਬਹੁਤ ਸਾਰੇ ਕਥਨ ਪਾਏ ਜਾਂਦੇ ਹਨ ਜਿਨ੍ਹਾਂ ਲਈ ਹੋਰ ਕੋਈ ਭੌਤਿਕ ਸਬੂਤ ਨਹੀਂ ਹੈ। ਉਦਾਹਰਣ ਲਈ, ਇਹ ਆਤਮਿਕ ਪ੍ਰਾਣੀਆਂ ਦੇ ਇਕ ਅਦ੍ਰਿਸ਼ਟ ਲੋਕ ਬਾਰੇ ਜੋ ਕਹਿੰਦੀ ਹੈ, ਉਸ ਨੂੰ ਵਿਗਿਆਨਕ ਤੌਰ ਤੇ ਸੱਚ—ਜਾਂ ਗ਼ਲਤ—ਸਾਬਤ ਨਹੀਂ ਕੀਤਾ ਜਾ ਸਕਦਾ। ਕੀ ਅਜਿਹੇ ਅਪ੍ਰਮਾਣਯੋਗ ਹਵਾਲਿਆਂ ਦਾ ਇਹ ਅਰਥ ਹੈ ਕਿ ਬਾਈਬਲ ਵਿਗਿਆਨ ਦੇ ਵਿਰੁੱਧ ਹੈ?
ਇਕ ਗ੍ਰਹਿ ਸੰਬੰਧੀ ਭੂ-ਵਿਗਿਆਨੀ, ਜਿਸ ਨੇ ਕੁਝ ਸਾਲ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ ਸੀ, ਦੇ ਸਾਮ੍ਹਣੇ ਵੀ ਇਹੋ ਸਵਾਲ ਸੀ। “ਮੈਂ ਮੰਨਦਾ ਹਾਂ ਕਿ ਸ਼ੁਰੂ ਵਿਚ ਬਾਈਬਲ ਨੂੰ ਸਵੀਕਾਰ ਕਰਨਾ ਮੇਰੇ ਲਈ ਔਖਾ ਸੀ ਕਿਉਂਕਿ ਮੈਂ ਕੁਝ ਬਾਈਬਲ ਕਥਨਾਂ ਨੂੰ ਵਿਗਿਆਨਕ ਤੌਰ ਤੇ ਸਿੱਧ ਨਹੀਂ ਕਰ ਸਕਿਆ,” ਉਹ ਯਾਦ ਕਰਦਾ ਹੈ। ਇਸ ਸੁਹਿਰਦ ਆਦਮੀ ਨੇ ਬਾਈਬਲ ਦਾ ਅਧਿਐਨ ਕਰਨਾ ਜਾਰੀ ਰੱਖਿਆ ਅਤੇ ਆਖ਼ਰ ਵਿਚ ਕਾਇਲ ਹੋ ਗਿਆ ਕਿ ਉਪਲਬਧ ਸਬੂਤ ਦਿਖਾਉਂਦੇ ਹਨ ਕਿ ਇਹ ਜ਼ਰੂਰ ਪਰਮੇਸ਼ੁਰ ਦਾ ਬਚਨ ਹੈ। “ਇਸ ਨੇ ਬਾਈਬਲ ਦੇ ਸਾਰੇ ਤੱਥਾਂ ਨੂੰ ਅਲੱਗ-ਅਲੱਗ ਕਰ ਕੇ ਵਿਗਿਆਨਕ ਤੌਰ ਤੇ ਸਿੱਧ ਕਰਨ ਦੀ ਮੇਰੀ ਤਾਂਘ ਨੂੰ ਘੱਟ ਕਰ ਦਿੱਤਾ,” ਉਹ ਦੱਸਦਾ ਹੈ। “ਵਿਗਿਆਨਕ ਝੁਕਾਅ ਰੱਖਣ ਵਾਲੇ ਵਿਅਕਤੀ ਨੂੰ ਅਧਿਆਤਮਿਕ ਨਜ਼ਰੀਏ ਤੋਂ ਬਾਈਬਲ ਦੀ ਜਾਂਚ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ, ਨਹੀਂ ਤਾਂ ਉਹ ਕਦੀ ਵੀ ਸੱਚਾਈ ਨੂੰ ਸਵੀਕਾਰ ਨਹੀਂ ਕਰੇਗਾ। ਵਿਗਿਆਨ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਬਾਈਬਲ ਦੇ ਹਰ ਕਥਨ ਨੂੰ ਸਿੱਧ ਕਰੇਗਾ। ਪਰੰਤੂ ਸਿਰਫ਼ ਇਸ ਕਾਰਨ ਕਿ ਕੁਝ ਕਥਨ ਅਪ੍ਰਮਾਣਯੋਗ ਹਨ, ਇਸ ਦਾ ਇਹ ਮਤਲਬ ਨਹੀਂ ਕਿ ਉਹ ਗ਼ਲਤ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਜਿੱਥੇ ਵੀ ਬਾਈਬਲ ਪ੍ਰਮਾਣਯੋਗ ਹੈ ਉੱਥੇ ਉਸ ਦੀ ਦਰੁਸਤੀ ਪ੍ਰਮਾਣਿਤ ਕੀਤੀ ਗਈ ਹੈ।”
[ਸਫ਼ੇ 17 ਉੱਤੇ ਤਸਵੀਰ]
ਮੂਸਾ ਨੇ ਸਫ਼ਾਈ ਦੇ ਅਜਿਹੇ ਵਿਨਿਯਮ ਦਰਜ ਕੀਤੇ ਜੋ ਆਪਣੇ ਸਮੇਂ ਤੋਂ ਕਿਤੇ ਅੱਗੇ ਸਨ