ਬੇਪਰਤੀਤੀ ਤੋਂ ਖ਼ਬਰਦਾਰ ਰਹੋ
“ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ।”—ਇਬਰਾਨੀਆਂ 3:12.
1. ਇਬਰਾਨੀ ਮਸੀਹੀਆਂ ਨੂੰ ਲਿਖੇ ਗਏ ਪੌਲੁਸ ਦੇ ਸ਼ਬਦ ਕਿਹੜੀ ਹੈਰਾਨਕੁਨ ਅਸਲੀਅਤ ਵੱਲ ਸਾਡਾ ਧਿਆਨ ਖਿੱਚਦੇ ਹਨ?
ਕਿੰਨਾ ਡਰਾਉਣਾ ਵਿਚਾਰ—ਕਿ ਜਿਨ੍ਹਾਂ ਵਿਅਕਤੀਆਂ ਨੇ ਕਦੇ ਯਹੋਵਾਹ ਦੇ ਨਾਲ ਇਕ ਨਿੱਜੀ ਰਿਸ਼ਤੇ ਦਾ ਆਨੰਦ ਮਾਣਿਆ ਸੀ, ਉਹ ਇਕ “ਬੁਰਾ ਦਿਲ” ਵਿਕਸਿਤ ਕਰ ਕੇ ‘ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋ’ ਸਕਦੇ ਹਨ! ਇਹ ਕਿੰਨੀ ਵੱਡੀ ਚੇਤਾਵਨੀ ਹੈ! ਪੌਲੁਸ ਰਸੂਲ ਦੇ ਇਹ ਸ਼ਬਦ ਅਵਿਸ਼ਵਾਸੀਆਂ ਨੂੰ ਨਹੀਂ, ਪਰ ਉਨ੍ਹਾਂ ਲੋਕਾਂ ਨੂੰ ਸੰਬੋਧਿਤ ਕੀਤੇ ਗਏ ਸਨ ਜਿਨ੍ਹਾਂ ਨੇ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਦੇ ਆਧਾਰ ਤੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕੀਤੀਆਂ ਸਨ।
2. ਸਾਨੂੰ ਕਿਨ੍ਹਾਂ ਸਵਾਲਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ?
2 ਅਜਿਹੀ ਪਵਿੱਤਰ ਅਧਿਆਤਮਿਕ ਸਥਿਤੀ ਵਿਚ ਇਕ ਵਿਅਕਤੀ “ਬੇਪਰਤੀਤਾ ਬੁਰਾ ਦਿਲ” ਕਿਵੇਂ ਵਿਕਸਿਤ ਕਰ ਸਕਦਾ ਸੀ? ਸੱਚ-ਮੁੱਚ, ਜਿਸ ਵਿਅਕਤੀ ਨੇ ਪਰਮੇਸ਼ੁਰ ਦੇ ਪ੍ਰੇਮ ਅਤੇ ਅਯੋਗ ਦਿਆਲਗੀ ਨੂੰ ਅਨੁਭਵ ਕੀਤਾ ਸੀ, ਉਹ ਕਿਵੇਂ ਉਸ ਤੋਂ ਜਾਣ-ਬੁੱਝ ਕੇ ਬੇਮੁਖ ਹੋ ਸਕਦਾ ਸੀ? ਅਤੇ ਕੀ ਇਹ ਸਾਡੇ ਵਿੱਚੋਂ ਵੀ ਕਿਸੇ ਨਾਲ ਹੋ ਸਕਦਾ ਹੈ? ਇਹ ਗੰਭੀਰ ਵਿਚਾਰ ਹਨ, ਅਤੇ ਇਸ ਵੱਲ ਦੇਖਣਾ ਸਾਡੇ ਲਈ ਉਚਿਤ ਹੋਵੇਗਾ ਕਿ ਇਹ ਚੇਤਾਵਨੀ ਕਿਸ ਕਾਰਨ ਦਿੱਤੀ ਗਈ ਸੀ।—1 ਕੁਰਿੰਥੀਆਂ 10:11.
ਅਜਿਹੀ ਸਖ਼ਤ ਸਲਾਹ ਕਿਉਂ?
3. ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜੋ ਯਰੂਸ਼ਲਮ ਵਿਚ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿਚ ਪਹਿਲੀ ਸਦੀ ਦੇ ਮਸੀਹੀਆਂ ਉੱਤੇ ਪ੍ਰਭਾਵ ਪਾ ਰਹੀਆਂ ਸਨ।
3 ਇੰਜ ਜਾਪਦਾ ਹੈ ਕਿ ਪੌਲੁਸ ਨੇ ਯਹੂਦਿਯਾ ਦੇ ਇਬਰਾਨੀ ਮਸੀਹੀਆਂ ਨੂੰ ਆਪਣੀ ਪੱਤਰੀ 61 ਸਾ.ਯੁ. ਵਿਚ ਲਿਖੀ ਸੀ। ਇਕ ਇਤਿਹਾਸਕਾਰ ਨੇ ਟਿੱਪਣੀ ਕੀਤੀ ਕਿ ਇਹ ਅਜਿਹਾ ਸਮਾਂ ਸੀ ਜਦੋਂ “ਯਰੂਸ਼ਲਮ ਸ਼ਹਿਰ ਵਿਚ ਜਾਂ ਦੇਸ਼ ਵਿਚ ਕਿਤੇ ਵੀ, ਸੰਜੀਦਾ ਅਤੇ ਭਲੇ ਆਦਮੀਆਂ ਲਈ ਕੋਈ ਸ਼ਾਂਤੀ ਜਾਂ ਸੁਰੱਖਿਆ ਨਹੀਂ ਸੀ।” ਇਹ ਕੁਧਰਮ ਅਤੇ ਹਿੰਸਾ ਦਾ ਸਮਾਂ ਸੀ, ਜੋ ਦਮਨਕਾਰੀ ਰੋਮੀ ਸੈਨਾ ਦੀ ਮੌਜੂਦਗੀ, ਰੋਮ-ਵਿਰੋਧੀ ਯਹੂਦੀ ਹਠਧਰਮੀਆਂ ਦੇ ਬਹਾਦਰੀ ਦੇ ਦਿਖਾਵੇ, ਅਤੇ ਇਸ ਗੜਬੜੀ ਦੇ ਸਮੇਂ ਦਾ ਫ਼ਾਇਦਾ ਉਠਾਉਣ ਵਾਲੇ ਚੋਰਾਂ ਦੇ ਗ਼ੈਰ-ਕਾਨੂੰਨੀ ਕੰਮਾਂ ਦੇ ਕਾਰਨ ਭੜਕਿਆ ਸੀ। ਇਨ੍ਹਾਂ ਸਾਰੀਆਂ ਗੱਲਾਂ ਨੇ ਮਸੀਹੀਆਂ ਲਈ ਸਥਿਤੀ ਬਹੁਤ ਮੁਸ਼ਕਲ ਬਣਾਈ, ਜੋ ਕਿ ਅਜਿਹੇ ਮਾਮਲਿਆਂ ਵਿਚ ਨਾ ਫਸਣ ਦੀ ਸਖ਼ਤ ਕੋਸ਼ਿਸ਼ ਕਰਦੇ ਸਨ। (1 ਤਿਮੋਥਿਉਸ 2:1, 2) ਦਰਅਸਲ, ਉਨ੍ਹਾਂ ਦੀ ਨਿਰਪੱਖਤਾ ਕਾਰਨ ਕਈ ਵਿਚਾਰਦੇ ਸਨ ਕਿ ਸਮਾਜ ਵਿਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਸੀ, ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਰਾਜਧਰੋਹੀ ਵੀ ਵਿਚਾਰਿਆ ਜਾਂਦਾ ਸੀ। ਮਸੀਹੀਆਂ ਨਾਲ ਅਕਸਰ ਭੈੜਾ ਸਲੂਕ ਕੀਤਾ ਜਾਂਦਾ ਸੀ, ਅਤੇ ਉਨ੍ਹਾਂ ਨੇ ਨਿੱਜੀ ਨੁਕਸਾਨ ਵੀ ਸਹਿਣ ਕੀਤਾ।—ਇਬਰਾਨੀਆਂ 10:32-34.
4. ਇਬਰਾਨੀ ਮਸੀਹੀਆਂ ਉੱਤੇ ਧਾਰਮਿਕ ਕਿਸਮ ਦਾ ਕਿਹੜਾ ਦਬਾਉ ਪਾਇਆ ਗਿਆ ਸੀ?
4 ਇਬਰਾਨੀ ਮਸੀਹੀ ਧਾਰਮਿਕ ਕਿਸਮ ਦੇ ਜ਼ਬਰਦਸਤ ਦਬਾਉ ਹੇਠ ਵੀ ਸਨ। ਯਿਸੂ ਦੇ ਵਫ਼ਾਦਾਰ ਚੇਲਿਆਂ ਦੇ ਜੋਸ਼ ਅਤੇ ਇਸ ਦੇ ਨਤੀਜੇ ਵਜੋਂ ਮਸੀਹੀ ਕਲੀਸਿਯਾ ਵਿਚ ਤੇਜ਼ ਵਾਧੇ ਨੇ ਯਹੂਦੀਆਂ ਦੀ—ਖ਼ਾਸ ਕਰਕੇ ਉਨ੍ਹਾਂ ਦੇ ਧਾਰਮਿਕ ਆਗੂਆਂ ਦੀ—ਈਰਖਾ ਅਤੇ ਕ੍ਰੋਧ ਨੂੰ ਭੜਕਾਇਆ। ਯਿਸੂ ਮਸੀਹ ਦੇ ਪੈਰੋਕਾਰਾਂ ਨੂੰ ਤੰਗ ਕਰਨ ਅਤੇ ਸਤਾਉਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਸਨ।a (ਰਸੂਲਾਂ ਦੇ ਕਰਤੱਬ 6:8-14; 21:27-30; 23:12, 13; 24:1-9) ਜੇਕਰ ਕੁਝ ਮਸੀਹੀ ਸਿੱਧੇ ਤੌਰ ਤੇ ਸਤਾਏ ਜਾਣ ਤੋਂ ਬਚ ਵੀ ਜਾਂਦੇ ਸਨ, ਫਿਰ ਵੀ ਉਹ ਯਹੂਦੀਆਂ ਵੱਲੋਂ ਤੁੱਛ ਸਮਝੇ ਜਾਂਦੇ ਸਨ ਅਤੇ ਉਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਸੀ। ਇਕ ਨਵੇਂ ਬਣੇ ਧਰਮ ਵਜੋਂ ਮਸੀਹੀਅਤ ਨਾਲ ਘਿਰਣਾ ਕੀਤੀ ਜਾਂਦੀ ਸੀ, ਜਿਸ ਵਿਚ ਯਹੂਦੀ ਧਰਮ ਵਰਗੀ ਸ਼ਾਨ ਨਹੀਂ ਸੀ, ਨਾ ਹੈਕਲ ਸੀ, ਨਾ ਜਾਜਕਾਈ, ਨਾ ਤਿਉਹਾਰ, ਨਾ ਰਸਮੀ ਚੜ੍ਹਾਵੇ, ਆਦਿ। ਉਨ੍ਹਾਂ ਦੇ ਆਗੂ, ਯਿਸੂ, ਨੂੰ ਵੀ ਇਕ ਅਪਰਾਧੀ ਵਜੋਂ ਮਰਵਾਇਆ ਗਿਆ ਸੀ। ਆਪਣੇ ਧਰਮ ਦੇ ਅਨੁਸਾਰ ਚੱਲਣ ਲਈ, ਮਸੀਹੀਆਂ ਨੂੰ ਨਿਹਚਾ, ਹਿੰਮਤ ਅਤੇ ਧੀਰਜ ਦੀ ਲੋੜ ਸੀ।
5. ਯਹੂਦਿਯਾ ਦੇ ਮਸੀਹੀਆਂ ਲਈ ਅਧਿਆਤਮਿਕ ਤੌਰ ਤੇ ਚੌਕਸ ਰਹਿਣਾ ਜ਼ਰੂਰੀ ਕਿਉਂ ਸੀ?
5 ਸਭ ਤੋਂ ਵੱਧ, ਯਹੂਦਿਯਾ ਦੇ ਇਬਰਾਨੀ ਮਸੀਹੀ ਉਸ ਕੌਮ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਣ ਸਮੇਂ ਵਿਚ ਜੀ ਰਹੇ ਸਨ। ਅਨੇਕ ਘਟਨਾਵਾਂ ਵਾਪਰ ਚੁੱਕੀਆਂ ਸਨ ਜੋ ਉਨ੍ਹਾਂ ਦੇ ਪ੍ਰਭੂ, ਯਿਸੂ ਮਸੀਹ, ਦੇ ਅਨੁਸਾਰ ਯਹੂਦੀ ਵਿਵਸਥਾ ਦੇ ਅੰਤ ਨੂੰ ਚਿੰਨ੍ਹਿਤ ਕਰਦੀਆਂ। ਅੰਤ ਨਜ਼ਦੀਕ ਸੀ। ਬਚਣ ਲਈ, ਮਸੀਹੀਆਂ ਨੂੰ ਅਧਿਆਤਮਿਕ ਤੌਰ ਤੇ ਚੌਕਸ ਰਹਿਣ ਅਤੇ “ਪਹਾੜਾਂ ਉੱਤੇ ਭੱਜ ਜਾਣ” ਲਈ ਤਿਆਰ ਰਹਿਣ ਦੀ ਲੋੜ ਸੀ। (ਮੱਤੀ 24:6, 15, 16) ਕੀ ਉਨ੍ਹਾਂ ਕੋਲ ਯਿਸੂ ਦੇ ਨਿਰਦੇਸ਼ਨ ਅਨੁਸਾਰ ਫ਼ੌਰਨ ਕਦਮ ਚੁੱਕਣ ਲਈ ਲੋੜੀਂਦੀ ਨਿਹਚਾ ਅਤੇ ਅਧਿਆਤਮਿਕ ਦਮ ਹੋਵੇਗਾ? ਇਸ ਬਾਰੇ ਕੁਝ ਸ਼ੱਕ ਪ੍ਰਗਟ ਹੋ ਰਿਹਾ ਸੀ।
6. ਯਹੂਦਿਯਾ ਦੇ ਮਸੀਹੀਆਂ ਨੂੰ ਕਿਸ ਚੀਜ਼ ਦੀ ਸਖ਼ਤ ਜ਼ਰੂਰਤ ਸੀ?
6 ਇਸ ਬਾਰੇ ਕੋਈ ਸ਼ੱਕ ਨਹੀਂ ਕਿ ਪੂਰੀ ਯਹੂਦੀ ਰੀਤੀ-ਵਿਵਸਥਾ ਦੇ ਖ਼ਾਤਮੇ ਤੋਂ ਪਹਿਲਾਂ ਦੇ ਆਖ਼ਰੀ ਦਹਾਕੇ ਦੇ ਦੌਰਾਨ, ਇਬਰਾਨੀ ਮਸੀਹੀਆਂ ਉੱਤੇ ਕਲੀਸਿਯਾ ਦੇ ਅੰਦਰੋਂ ਅਤੇ ਬਾਹਰੋਂ ਸਖ਼ਤ ਦਬਾਉ ਪਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਉਤਸ਼ਾਹ ਦੀ ਜ਼ਰੂਰਤ ਸੀ। ਲੇਕਿਨ ਉਨ੍ਹਾਂ ਨੂੰ ਸਲਾਹ ਅਤੇ ਨਿਰਦੇਸ਼ਨ ਦੀ ਵੀ ਜ਼ਰੂਰਤ ਸੀ ਤਾਂਕਿ ਉਹ ਦੇਖ ਸਕਦੇ ਕਿ ਉਨ੍ਹਾਂ ਦਾ ਚੁਣਿਆ ਰਾਹ ਸਹੀ ਸੀ ਅਤੇ ਕਿ ਉਨ੍ਹਾਂ ਨੇ ਕਸ਼ਟ ਵਿਅਰਥ ਨਹੀਂ ਸਹੇ ਸਨ। ਖ਼ੁਸ਼ੀ ਦੀ ਗੱਲ ਹੈ ਕਿ ਪੌਲੁਸ ਇਸ ਮੌਕੇ ਤੇ ਪੂਰਾ ਉੱਤਰਿਆ ਅਤੇ ਉਸ ਨੇ ਉਨ੍ਹਾਂ ਦੀ ਮਦਦ ਕੀਤੀ।
7. ਪੌਲੁਸ ਨੇ ਜੋ ਇਬਰਾਨੀ ਮਸੀਹੀਆਂ ਨੂੰ ਲਿਖਿਆ ਸੀ, ਉਸ ਵਿਚ ਸਾਨੂੰ ਕਿਉਂ ਦਿਲਚਸਪੀ ਰੱਖਣੀ ਚਾਹੀਦੀ ਹੈ?
7 ਪੌਲੁਸ ਨੇ ਜੋ ਇਬਰਾਨੀ ਮਸੀਹੀਆਂ ਨੂੰ ਲਿਖਿਆ ਸੀ, ਉਹ ਸਾਡੇ ਲਈ ਬਹੁਤ ਦਿਲਚਸਪੀ ਦੀ ਗੱਲ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜੋ ਉਨ੍ਹਾਂ ਦੇ ਸਮੇਂ ਸਮਾਨ ਹੈ। ਅਸੀਂ ਹਰ ਰੋਜ਼ ਸ਼ਤਾਨ ਦੇ ਵੱਸ ਵਿਚ ਪਏ ਸੰਸਾਰ ਤੋਂ ਦਬਾਉ ਅਨੁਭਵ ਕਰਦੇ ਹਾਂ। (1 ਯੂਹੰਨਾ 5:19) ਅੰਤ ਦਿਆਂ ਦਿਨਾਂ ਅਤੇ “ਰੀਤੀ-ਵਿਵਸਥਾ ਦੀ ਸਮਾਪਤੀ” ਬਾਰੇ ਯਿਸੂ ਅਤੇ ਰਸੂਲਾਂ ਦੀਆਂ ਭਵਿੱਖਬਾਣੀਆਂ ਸਾਡੀਆਂ ਅੱਖਾਂ ਦੇ ਸਾਮ੍ਹਣੇ ਪੂਰੀਆਂ ਹੋ ਰਹੀਆਂ ਹਨ। (ਮੱਤੀ 24:3-14, ਨਿ ਵ; 2 ਤਿਮੋਥਿਉਸ 3:1-5; 2 ਪਤਰਸ 3:3, 4; ਪਰਕਾਸ਼ ਦੀ ਪੋਥੀ 6:1-8) ਸਭ ਤੋਂ ਵੱਧ, ਸਾਨੂੰ ਅਧਿਆਤਮਿਕ ਤੌਰ ਤੇ ਚੌਕਸ ਰਹਿਣ ਦੀ ਜ਼ਰੂਰਤ ਹੈ ਤਾਂਕਿ ਅਸੀਂ ‘ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੀਏ।’—ਲੂਕਾ 21:36.
ਉਹ ਵਿਅਕਤੀ ਜੋ ਮੂਸਾ ਨਾਲੋਂ ਵੱਡਾ ਹੈ
8. ਇਬਰਾਨੀਆਂ 3:1 ਵਿਚ ਦਰਜ ਸ਼ਬਦ ਕਹਿਣ ਦੁਆਰਾ ਪੌਲੁਸ ਆਪਣੇ ਸੰਗੀ ਮਸੀਹੀਆਂ ਨੂੰ ਕੀ ਕਰਨ ਦੀ ਤਾਕੀਦ ਕਰ ਰਿਹਾ ਸੀ?
8 ਇਕ ਆਵੱਸ਼ਕ ਗੱਲ ਦਾ ਜ਼ਿਕਰ ਕਰਦੇ ਹੋਏ, ਪੌਲੁਸ ਨੇ ਲਿਖਿਆ: “ਸਾਡੇ ਇਕਰਾਰ ਦੇ ਰਸੂਲ ਅਤੇ ਪਰਧਾਨ ਜਾਜਕ ਯਿਸੂ ਵੱਲ ਧਿਆਨ ਕਰੋ।” (ਇਬਰਾਨੀਆਂ 3:1) ‘ਧਿਆਨ ਕਰਨ’ ਦਾ ਅਰਥ ਹੈ “ਸਾਫ਼-ਸਾਫ਼ ਜਾਣਨਾ . . . , ਪੂਰੀ ਤਰ੍ਹਾਂ ਸਮਝਣਾ, ਗਹੁ ਨਾਲ ਧਿਆਨ ਦੇਣਾ।” (ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼) ਇਸ ਤਰ੍ਹਾਂ, ਪੌਲੁਸ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਤਾਕੀਦ ਕਰ ਰਿਹਾ ਸੀ ਕਿ ਉਹ ਆਪਣੀ ਨਿਹਚਾ ਅਤੇ ਮੁਕਤੀ ਵਿਚ ਯਿਸੂ ਦੀ ਭੂਮਿਕਾ ਦੀ ਸੱਚੀ ਕਦਰ ਪਾਉਣ ਲਈ ਸਖ਼ਤ ਜਤਨ ਕਰਨ। ਇਸ ਤਰ੍ਹਾਂ ਕਰਨ ਨਾਲ ਉਹ ਨਿਹਚਾ ਵਿਚ ਦ੍ਰਿੜ੍ਹ ਰਹਿਣ ਦੇ ਆਪਣੇ ਇਰਾਦੇ ਨੂੰ ਮਜ਼ਬੂਤ ਬਣਾਉਣਗੇ। ਤਾਂ ਫਿਰ, ਯਿਸੂ ਦੀ ਕੀ ਭੂਮਿਕਾ ਸੀ ਅਤੇ ਸਾਨੂੰ ਉਸ ਵੱਲ ‘ਧਿਆਨ ਕਰਨ’ ਦੀ ਕਿਉਂ ਲੋੜ ਹੈ?
9. ਪੌਲੁਸ ਨੇ ਯਿਸੂ ਨੂੰ “ਰਸੂਲ” ਅਤੇ “ਪਰਧਾਨ ਜਾਜਕ” ਕਿਉਂ ਸੱਦਿਆ ਸੀ?
9 ਪੌਲੁਸ ਨੇ ਸ਼ਬਦ “ਰਸੂਲ” ਅਤੇ “ਪਰਧਾਨ ਜਾਜਕ” ਯਿਸੂ ਉੱਤੇ ਲਾਗੂ ਕੀਤੇ। “ਰਸੂਲ” ਉਹ ਵਿਅਕਤੀ ਹੁੰਦਾ ਹੈ ਜੋ ਭੇਜਿਆ ਜਾਂਦਾ ਹੈ ਅਤੇ ਇੱਥੇ ਇਹ ਸ਼ਬਦ ਮਨੁੱਖਜਾਤੀ ਨਾਲ ਪਰਮੇਸ਼ੁਰ ਦੇ ਸੰਚਾਰ ਦੇ ਜ਼ਰੀਏ ਨੂੰ ਸੂਚਿਤ ਕਰਦਾ ਹੈ। “ਪਰਧਾਨ ਜਾਜਕ” ਉਹ ਹੈ ਜਿਸ ਦੇ ਰਾਹੀਂ ਮਾਨਵ ਪਰਮੇਸ਼ੁਰ ਤਕ ਪਹੁੰਚ ਸਕਦੇ ਹਨ। ਸੱਚੀ ਉਪਾਸਨਾ ਲਈ ਇਹ ਦੋਵੇਂ ਪ੍ਰਬੰਧ ਆਵੱਸ਼ਕ ਹਨ ਅਤੇ ਯਿਸੂ ਦੋਹਾਂ ਦਾ ਸਾਕਾਰ ਰੂਪ ਹੈ। ਉਹ ਹੀ ਸਵਰਗ ਤੋਂ ਮਨੁੱਖਜਾਤੀ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਲਈ ਭੇਜਿਆ ਗਿਆ ਸੀ। (ਯੂਹੰਨਾ 1:18; 3:16; 14:6) ਪਾਪਾਂ ਦੀ ਮਾਫ਼ੀ ਲਈ ਯਹੋਵਾਹ ਦੇ ਅਧਿਆਤਮਿਕ ਹੈਕਲ ਪ੍ਰਬੰਧ ਵਿਚ ਯਿਸੂ ਹੀ ਪ੍ਰਤਿਰੂਪੀ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਗਿਆ ਹੈ। (ਇਬਰਾਨੀਆਂ 4:14, 15; 1 ਯੂਹੰਨਾ 2:1, 2) ਜੇਕਰ ਅਸੀਂ ਸੱਚ-ਮੁੱਚ ਉਨ੍ਹਾਂ ਬਰਕਤਾਂ ਦੀ ਕਦਰ ਕਰਦੇ ਹਾਂ ਜੋ ਯਿਸੂ ਦੁਆਰਾ ਪ੍ਰਾਪਤ ਹੋ ਸਕਦੀਆਂ ਹਨ, ਤਾਂ ਸਾਡੇ ਵਿਚ ਨਿਹਚਾ ਵਿਚ ਦ੍ਰਿੜ੍ਹ ਰਹਿਣ ਦੀ ਹਿੰਮਤ ਅਤੇ ਪੱਕਾ ਇਰਾਦਾ ਹੋਵੇਗਾ।
10. (ੳ) ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਇਸ ਗੱਲ ਦੀ ਕਦਰ ਕਰਨ ਵਿਚ ਕਿਵੇਂ ਮਦਦ ਦਿੱਤੀ ਕਿ ਮਸੀਹੀਅਤ ਯਹੂਦੀ ਧਰਮ ਨਾਲੋਂ ਉੱਤਮ ਸੀ? (ਅ) ਇਸ ਗੱਲ ਨੂੰ ਹੋਰ ਪੱਕਾ ਕਰਨ ਲਈ, ਪੌਲੁਸ ਨੇ ਕਿਸ ਆਮ ਸੱਚਾਈ ਦਾ ਹਵਾਲਾ ਦਿੱਤਾ?
10 ਮਸੀਹੀ ਨਿਹਚਾ ਦੀ ਮਹੱਤਤਾ ਉੱਤੇ ਜ਼ੋਰ ਪਾਉਣ ਲਈ, ਪੌਲੁਸ ਯਿਸੂ ਦੀ ਤੁਲਨਾ ਮੂਸਾ ਨਾਲ ਕਰਦਾ ਹੈ, ਜਿਸ ਨੂੰ ਯਹੂਦੀ ਆਪਣੇ ਪੂਰਵਜਾਂ ਵਿੱਚੋਂ ਸਭ ਤੋਂ ਵੱਡਾ ਨਬੀ ਵਿਚਾਰਦੇ ਸਨ। ਜੇਕਰ ਇਬਰਾਨੀ ਮਸੀਹੀ ਪੂਰੇ ਦਿਲ ਨਾਲ ਇਸ ਅਸਲੀਅਤ ਨੂੰ ਸਮਝ ਸਕਦੇ ਕਿ ਯਿਸੂ ਮੂਸਾ ਨਾਲੋਂ ਵੱਡਾ ਹੈ, ਤਾਂ ਉਨ੍ਹਾਂ ਕੋਲ ਸ਼ੱਕ ਕਰਨ ਦਾ ਕੋਈ ਕਾਰਨ ਨਾ ਹੁੰਦਾ ਕਿ ਮਸੀਹੀਅਤ ਯਹੂਦੀ ਧਰਮ ਨਾਲੋਂ ਉੱਤਮ ਸੀ। ਪੌਲੁਸ ਨੇ ਸਪੱਸ਼ਟ ਕੀਤਾ ਕਿ ਜਦ ਕਿ ਮੂਸਾ ਨੂੰ ਪਰਮੇਸ਼ੁਰ ਦਾ “ਘਰ”—ਇਸਰਾਏਲ ਦੀ ਕੌਮ, ਜਾਂ ਕਲੀਸਿਯਾ—ਸੌਂਪੇ ਜਾਣ ਦੇ ਯੋਗ ਸਮਝਿਆ ਗਿਆ, ਉਹ ਸਿਰਫ਼ ਇਕ ਵਫ਼ਾਦਾਰ ਸੇਵਾਦਾਰ, ਜਾਂ ਦਾਸ ਹੀ ਸੀ। (ਗਿਣਤੀ 12:7) ਦੂਜੇ ਪਾਸੇ, ਯਿਸੂ ਪੁੱਤਰ ਸੀ, ਘਰ ਦਾ ਮਾਲਕ। (1 ਕੁਰਿੰਥੀਆਂ 11:3; ਇਬਰਾਨੀਆਂ 3:2, 3, 5) ਇਸ ਗੱਲ ਨੂੰ ਹੋਰ ਪੱਕਾ ਕਰਨ ਲਈ, ਪੌਲੁਸ ਨੇ ਇਸ ਆਮ ਸੱਚਾਈ ਦਾ ਹਵਾਲਾ ਦਿੱਤਾ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਕੋਈ ਵੀ ਇਸ ਗੱਲ ਦਾ ਇਨਕਾਰ ਨਹੀਂ ਕਰੇਗਾ ਕਿ ਪਰਮੇਸ਼ੁਰ ਸਾਰਿਆਂ ਤੋਂ ਵੱਡਾ ਹੈ, ਕਿਉਂ ਜੋ ਉਹ ਸਾਰੀਆਂ ਚੀਜ਼ਾਂ ਦਾ ਬਣਾਉਣ ਵਾਲਾ, ਜਾਂ ਸ੍ਰਿਸ਼ਟੀਕਰਤਾ ਹੈ। ਤਾਂ ਫਿਰ, ਤਰਕਸੰਗਤ ਢੰਗ ਨਾਲ, ਕਿਉਂਕਿ ਯਿਸੂ ਪਰਮੇਸ਼ੁਰ ਦਾ ਸਹਿਕਰਮੀ ਸੀ, ਉਹ ਬਾਕੀ ਸਾਰੀ ਸ੍ਰਿਸ਼ਟੀ, ਜਿਸ ਵਿਚ ਮੂਸਾ ਵੀ ਸ਼ਾਮਲ ਹੈ, ਤੋਂ ਵੱਡਾ ਹੋਣਾ ਹੈ।—ਕਹਾਉਤਾਂ 8:30; ਕੁਲੁੱਸੀਆਂ 1:15-17.
11, 12. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਕਿਸ ਚੀਜ਼ ਨੂੰ “ਅੰਤ ਤੋੜੀ” ਫੜੀ ਰੱਖਣ ਦੀ ਤਾਕੀਦ ਕੀਤੀ ਸੀ, ਅਤੇ ਅਸੀਂ ਉਸ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
11 ਵਾਕਈ, ਇਬਰਾਨੀ ਮਸੀਹੀਆਂ ਨੂੰ ਵੱਡੀ ਕਿਰਪਾ ਪ੍ਰਾਪਤ ਸੀ। ਪੌਲੁਸ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਉਹ ‘ਸੁਰਗੀ ਸੱਦੇ ਦੇ ਭਾਈਵਾਲ’ ਸਨ, ਇਕ ਅਜਿਹਾ ਵਿਸ਼ੇਸ਼-ਸਨਮਾਨ ਜੋ ਯਹੂਦੀ ਵਿਵਸਥਾ ਵੱਲੋਂ ਪੇਸ਼ ਕੀਤੀ ਗਈ ਕੋਈ ਵੀ ਚੀਜ਼ ਨਾਲੋਂ ਜ਼ਿਆਦਾ ਕੀਮਤੀ ਸੀ। (ਇਬਰਾਨੀਆਂ 3:1) ਪੌਲੁਸ ਦੇ ਸ਼ਬਦਾਂ ਨੇ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ, ਯਹੂਦੀ ਵਿਰਾਸਤ ਨਾਲ ਸੰਬੰਧਿਤ ਚੀਜ਼ਾਂ ਨੂੰ ਤਿਆਗਣ ਉੱਤੇ ਅਫ਼ਸੋਸ ਕਰਨ ਦੀ ਬਜਾਇ, ਧੰਨਵਾਦੀ ਮਹਿਸੂਸ ਕਰਵਾਇਆ ਹੋਵੇਗਾ ਕਿ ਉਹ ਇਕ ਨਵੀਂ ਵਿਰਾਸਤ ਪ੍ਰਾਪਤ ਕਰਨਗੇ। (ਫ਼ਿਲਿੱਪੀਆਂ 3:8) ਉਨ੍ਹਾਂ ਨੂੰ ਆਪਣੇ ਵਿਸ਼ੇਸ਼-ਸਨਮਾਨ ਨੂੰ ਫੜੀ ਰੱਖਣ ਅਤੇ ਉਸ ਨੂੰ ਤੁੱਛ ਨਾ ਸਮਝਣ ਦੀ ਤਾਕੀਦ ਕਰਦੇ ਹੋਏ, ਪੌਲੁਸ ਨੇ ਕਿਹਾ: “ਮਸੀਹ ਪੁੱਤ੍ਰ ਦੀ ਨਿਆਈਂ [ਪਰਮੇਸ਼ੁਰ] ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਿਲੇਰੀ ਅਰ ਅਭਮਾਨ ਅੰਤ ਤੋੜੀ ਫੜੀ ਰੱਖੀਏ।”—ਇਬਰਾਨੀਆਂ 3:6.
12 ਜੀ ਹਾਂ, ਜੇਕਰ ਇਬਰਾਨੀ ਮਸੀਹੀਆਂ ਨੇ ਯਹੂਦੀ ਰੀਤੀ-ਵਿਵਸਥਾ ਦੇ ਆਉਣ ਵਾਲੇ ਅੰਤ ਤੋਂ ਬਚਣਾ ਸੀ, ਤਾਂ ਉਨ੍ਹਾਂ ਨੂੰ ਆਪਣੀ ਪਰਮੇਸ਼ੁਰ-ਦਿੱਤ ਉਮੀਦ ਨੂੰ “ਅੰਤ ਤੋੜੀ” ਫੜੀ ਰੱਖਣ ਦੀ ਲੋੜ ਸੀ। ਅੱਜ ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ ਜੇਕਰ ਅਸੀਂ ਇਸ ਵਿਵਸਥਾ ਦੇ ਅੰਤ ਤੋਂ ਬਚਣਾ ਚਾਹੁੰਦੇ ਹਾਂ। (ਮੱਤੀ 24:13) ਸਾਨੂੰ ਜੀਵਨ ਦੀਆਂ ਚਿੰਤਾਵਾਂ ਨੂੰ, ਲੋਕਾਂ ਦੀ ਉਦਾਸੀਨਤਾ ਨੂੰ, ਜਾਂ ਸਾਡੇ ਆਪਣੇ ਅਪੂਰਣ ਝੁਕਾਵਾਂ ਨੂੰ, ਪਰਮੇਸ਼ੁਰ ਦੇ ਵਾਅਦਿਆਂ ਵਿਚ ਆਪਣੀ ਨਿਹਚਾ ਨੂੰ ਡਗਮਗਾਉਣ ਨਹੀਂ ਦੇਣਾ ਚਾਹੀਦਾ ਹੈ। (ਲੂਕਾ 21:16-19) ਇਹ ਦੇਖਣ ਲਈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ, ਆਓ ਅਸੀਂ ਪੌਲੁਸ ਦੇ ਅਗਲੇ ਸ਼ਬਦਾਂ ਵੱਲ ਧਿਆਨ ਦੇਈਏ।
“ਆਪਣੇ ਦਿਲਾਂ ਨੂੰ ਕਠੋਰ ਨਾ ਕਰੋ”
13. ਪੌਲੁਸ ਨੇ ਕਿਹੜੀ ਚੇਤਾਵਨੀ ਦਿੱਤੀ, ਅਤੇ ਉਸ ਨੇ ਜ਼ਬੂਰ 95 ਨੂੰ ਕਿਵੇਂ ਲਾਗੂ ਕੀਤਾ?
13 ਇਬਰਾਨੀ ਮਸੀਹੀਆਂ ਦੀ ਕਿਰਪਾ-ਪ੍ਰਾਪਤ ਸਥਿਤੀ ਉੱਤੇ ਚਰਚਾ ਕਰਨ ਤੋਂ ਬਾਅਦ, ਪੌਲੁਸ ਨੇ ਇਹ ਚੇਤਾਵਨੀ ਦਿੱਤੀ: “ਜਿਵੇਂ ਪਵਿੱਤਰ ਆਤਮਾ ਆਖਦਾ ਹੈ,—ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ ਉਜਾੜ ਵਿੱਚ।” (ਇਬਰਾਨੀਆਂ 3:7, 8) ਪੌਲੁਸ 95ਵੇਂ ਜ਼ਬੂਰ ਦਾ ਹਵਾਲਾ ਦੇ ਰਿਹਾ ਸੀ, ਅਤੇ ਇਸ ਲਈ ਕਹਿ ਸਕਿਆ “ਪਵਿੱਤਰ ਆਤਮਾ ਆਖਦਾ ਹੈ।”b (ਜ਼ਬੂਰ 95:7, 8; ਕੂਚ 17:1-7) ਪਰਮੇਸ਼ੁਰ ਨੇ ਪਵਿੱਤਰ ਆਤਮਾ ਦੁਆਰਾ ਸ਼ਾਸਤਰ ਨੂੰ ਪ੍ਰੇਰਿਤ ਕੀਤਾ।—2 ਤਿਮੋਥਿਉਸ 3:16.
14. ਯਹੋਵਾਹ ਨੇ ਇਸਰਾਏਲੀਆਂ ਲਈ ਜੋ ਕੀਤਾ ਸੀ ਉਸ ਪ੍ਰਤੀ ਉਨ੍ਹਾਂ ਦਾ ਕੀ ਰਵੱਈਆ ਸੀ, ਅਤੇ ਕਿਉਂ?
14 ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕੀਤੇ ਜਾਣ ਤੋਂ ਬਾਅਦ, ਇਸਰਾਏਲੀਆਂ ਨੂੰ ਯਹੋਵਾਹ ਨਾਲ ਇਕ ਨੇਮ-ਬੱਧ ਸੰਬੰਧ ਕਾਇਮ ਕਰਨ ਦਾ ਵੱਡਾ ਸਨਮਾਨ ਦਿੱਤਾ ਗਿਆ ਸੀ। (ਕੂਚ 19:4, 5; 24:7, 8) ਲੇਕਿਨ, ਯਹੋਵਾਹ ਨੇ ਉਨ੍ਹਾਂ ਲਈ ਜੋ ਕੀਤਾ ਸੀ ਉਸ ਲਈ ਕਦਰ ਦਿਖਾਉਣ ਦੀ ਬਜਾਇ, ਉਹ ਜਲਦੀ ਹੀ ਬਗਾਵਤ ਕਰਨ ਲੱਗ ਪਏ। (ਗਿਣਤੀ 13:25–14:10) ਇਹ ਕਿਵੇਂ ਹੋ ਸਕਦਾ ਸੀ? ਪੌਲੁਸ ਨੇ ਕਾਰਨ ਦੱਸਿਆ: ਉਨ੍ਹਾਂ ਦੇ ਦਿਲ ਕਠੋਰ ਹੋ ਗਏ ਸਨ। ਪਰ ਪਰਮੇਸ਼ੁਰ ਦੇ ਬਚਨ ਨੂੰ ਕਬੂਲ ਕਰਨ ਵਾਲੇ ਅਤੇ ਸੰਵੇਦਨਸ਼ੀਲ ਦਿਲ ਕਠੋਰ ਕਿਵੇਂ ਹੋ ਜਾਂਦੇ ਹਨ? ਅਤੇ ਇਸ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
15. (ੳ) ਬੀਤੇ ਅਤੇ ਵਰਤਮਾਨ ਸਮੇਂ ਵਿਚ ‘ਪਰਮੇਸ਼ੁਰ ਦੀ ਅਵਾਜ਼’ ਕਿਵੇਂ ਸੁਣਾਈ ਦਿੱਤੀ ਹੈ? (ਅ) ‘ਪਰਮੇਸ਼ੁਰ ਦੀ ਅਵਾਜ਼’ ਬਾਰੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
15 ਪੌਲੁਸ ਆਪਣੀ ਚੇਤਾਵਨੀ ਨੂੰ ਇਸ ਸ਼ਰਤ ਨਾਲ ਸ਼ੁਰੂ ਕਰਦਾ ਹੈ, “ਜੇ ਤੁਸੀਂ ਉਹ ਦੀ ਅਵਾਜ਼ ਸੁਣੋ।” ਪਰਮੇਸ਼ੁਰ ਨੇ ਮੂਸਾ ਅਤੇ ਹੋਰ ਨਬੀਆਂ ਰਾਹੀਂ ਆਪਣੇ ਲੋਕਾਂ ਨਾਲ ਗੱਲ ਕੀਤੀ ਸੀ। ਫਿਰ, ਯਹੋਵਾਹ ਨੇ ਆਪਣੇ ਪੁੱਤਰ, ਯਿਸੂ ਮਸੀਹ ਰਾਹੀਂ ਉਨ੍ਹਾਂ ਨਾਲ ਗੱਲ ਕੀਤੀ। (ਇਬਰਾਨੀਆਂ 1:1, 2) ਅੱਜ, ਸਾਡੇ ਕੋਲ ਪਰਮੇਸ਼ੁਰ ਦਾ ਪੂਰਾ ਪ੍ਰੇਰਿਤ ਬਚਨ, ਪਵਿੱਤਰ ਬਾਈਬਲ ਹੈ। ਸਾਡੇ ਕੋਲ “ਮਾਤਬਰ ਅਤੇ ਬੁੱਧਵਾਨ ਨੌਕਰ” ਵੀ ਹੈ ਜੋ ਯਿਸੂ ਦੁਆਰਾ “ਵੇਲੇ ਸਿਰ” ਅਧਿਆਤਮਿਕ “ਰਸਤ” ਦੇਣ ਲਈ ਨਿਯੁਕਤ ਕੀਤਾ ਗਿਆ ਹੈ। (ਮੱਤੀ 24:45-47) ਇਸ ਤਰ੍ਹਾਂ, ਪਰਮੇਸ਼ੁਰ ਅਜੇ ਵੀ ਗੱਲ ਕਰ ਰਿਹਾ ਹੈ। ਪਰ ਕੀ ਅਸੀਂ ਸੁਣ ਰਹੇ ਹਾਂ? ਉਦਾਹਰਣ ਲਈ, ਅਸੀਂ ਪਹਿਰਾਵੇ ਅਤੇ ਸ਼ਿੰਗਾਰ ਬਾਰੇ ਜਾਂ ਮਨੋਰੰਜਨ ਅਤੇ ਸੰਗੀਤ ਦੀ ਚੋਣ ਬਾਰੇ ਦਿੱਤੀ ਗਈ ਸਲਾਹ ਨੂੰ ਸੁਣ ਕੇ ਕੀ ਕਰਦੇ ਹਾਂ? ਕੀ ਅਸੀਂ ਸੱਚ-ਮੁੱਚ ‘ਸੁਣਦੇ’ ਹਾਂ, ਯਾਨੀ ਕਿ, ਸੁਣੀਆਂ ਗੱਲਾਂ ਵੱਲ ਧਿਆਨ ਦਿੰਦੇ ਹਾਂ ਅਤੇ ਉਸ ਅਨੁਸਾਰ ਚੱਲਦੇ ਹਾਂ? ਜੇਕਰ ਸਾਨੂੰ ਬਹਾਨੇ ਬਣਾਉਣ ਦੀ ਜਾਂ ਸਲਾਹ ਉੱਤੇ ਇਤਰਾਜ਼ ਕਰਨ ਦੀ ਆਦਤ ਹੈ, ਤਾਂ ਅਸੀਂ ਆਪਣੇ ਦਿਲ ਨੂੰ ਕਠੋਰ ਕਰਨ ਦੇ ਲੁਕੇ ਖ਼ਤਰੇ ਵਿਚ ਪਾ ਰਹੇ ਹਾਂ।
16. ਇਕ ਤਰੀਕਾ ਕਿਹੜਾ ਹੈ ਜਿਸ ਦੁਆਰਾ ਸਾਡਾ ਦਿਲ ਕਠੋਰ ਬਣ ਸਕਦਾ ਹੈ?
16 ਸਾਡੇ ਦਿਲ ਉਦੋਂ ਵੀ ਕਠੋਰ ਬਣ ਸਕਦੇ ਹਨ ਜਦੋਂ ਅਸੀਂ ਉਹ ਕੰਮ ਨਹੀਂ ਕਰਦੇ, ਜੋ ਅਸੀਂ ਕਰ ਸਕਦੇ ਹਾਂ ਅਤੇ ਜੋ ਸਾਨੂੰ ਕਰਨਾ ਚਾਹੀਦਾ ਹੈ। (ਯਾਕੂਬ 4:17) ਯਹੋਵਾਹ ਨੇ ਇਸਰਾਏਲੀਆਂ ਲਈ ਜੋ ਕੁਝ ਕੀਤਾ ਸੀ, ਉਸ ਸਭ ਦੇ ਬਾਵਜੂਦ ਉਨ੍ਹਾਂ ਨੇ ਨਿਹਚਾ ਨਹੀਂ ਦਿਖਾਈ, ਮੂਸਾ ਵਿਰੁੱਧ ਬਗਾਵਤ ਕੀਤੀ, ਕਨਾਨ ਬਾਰੇ ਬੁਰੀ ਖ਼ਬਰ ਵਿਚ ਵਿਸ਼ਵਾਸ ਕਰਨ ਦੀ ਚੋਣ ਕੀਤੀ, ਅਤੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਇਨਕਾਰ ਕੀਤਾ। (ਗਿਣਤੀ 14:1-4) ਇਸ ਲਈ ਯਹੋਵਾਹ ਨੇ ਫ਼ਰਮਾਨ ਦਿੱਤਾ ਕਿ ਉਹ 40 ਸਾਲ ਉਜਾੜ ਵਿਚ ਗੁਜ਼ਾਰਨਗੇ, ਜੋ ਉਸ ਪੀੜ੍ਹੀ ਦੇ ਅਵਿਸ਼ਵਾਸੀ ਮੈਂਬਰਾਂ ਦੇ ਮਰਨ ਲਈ ਕਾਫ਼ੀ ਸਮਾਂ ਸੀ। ਉਨ੍ਹਾਂ ਤੋਂ ਅੱਕ ਕੇ, ਪਰਮੇਸ਼ੁਰ ਨੇ ਕਿਹਾ: “ਓਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਓਹਨਾਂ ਮੇਰੇ ਰਾਹਾਂ ਨੂੰ ਨਾ ਜਾਤਾ, ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂਹ ਖਾਧੀ, ਕਿ ਏਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ।” (ਇਬਰਾਨੀਆਂ 3:9-11) ਕੀ ਇਸ ਵਿਚ ਅੱਜ ਸਾਡੇ ਲਈ ਕੋਈ ਸਬਕ ਹੈ?
ਸਾਡੇ ਲਈ ਇਕ ਸਬਕ
17. ਭਾਵੇਂ ਕਿ ਇਸਰਾਏਲੀਆਂ ਨੇ ਯਹੋਵਾਹ ਦੇ ਸ਼ਕਤੀਸ਼ਾਲੀ ਕੰਮ ਦੇਖੇ ਅਤੇ ਉਸ ਦੇ ਐਲਾਨ ਸੁਣੇ ਸਨ, ਉਹ ਬੇਪਰਤੀਤੇ ਕਿਉਂ ਹੋ ਗਏ?
17 ਮਿਸਰ ਵਿੱਚੋਂ ਨਿਕਲੀ ਇਸਰਾਏਲੀ ਪੀੜ੍ਹੀ ਨੇ ਯਹੋਵਾਹ ਦੇ ਸ਼ਕਤੀਸ਼ਾਲੀ ਕੰਮ ਆਪਣੀਆਂ ਅੱਖਾਂ ਨਾਲ ਦੇਖੇ ਅਤੇ ਉਸ ਦੇ ਐਲਾਨ ਆਪਣੇ ਕੰਨਾਂ ਨਾਲ ਸੁਣੇ। ਫਿਰ ਵੀ, ਉਨ੍ਹਾਂ ਨੇ ਨਿਹਚਾ ਨਹੀਂ ਕੀਤੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਸਹੀ-ਸਲਾਮਤ ਲੈ ਜਾ ਸਕਦਾ ਸੀ। ਕਿਉਂ? ਯਹੋਵਾਹ ਨੇ ਕਿਹਾ ਕਿ “ਓਹਨਾਂ ਮੇਰੇ ਰਾਹਾਂ ਨੂੰ ਨਾ ਜਾਤਾ।” ਉਹ ਜਾਣਦੇ ਸਨ ਕਿ ਯਹੋਵਾਹ ਨੇ ਕੀ ਕਿਹਾ ਅਤੇ ਕੀ ਕੀਤਾ ਸੀ, ਲੇਕਿਨ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਉਸ ਦੀ ਯੋਗਤਾ ਵਿਚ ਉਨ੍ਹਾਂ ਨੇ ਭਰੋਸਾ ਅਤੇ ਵਿਸ਼ਵਾਸ ਵਿਕਸਿਤ ਨਹੀਂ ਕੀਤਾ ਸੀ। ਉਹ ਆਪਣੀਆਂ ਨਿੱਜੀ ਲੋੜਾਂ ਅਤੇ ਮੰਗਾਂ ਉੱਤੇ ਇੰਨਾ ਧਿਆਨ ਲਾਉਂਦੇ ਸਨ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਹਾਂ ਅਤੇ ਮਕਸਦ ਵੱਲ ਘੱਟ ਹੀ ਧਿਆਨ ਦਿੱਤਾ। ਜੀ ਹਾਂ, ਉਹ ਉਸ ਦੇ ਵਾਅਦੇ ਪ੍ਰਤੀ ਬੇਪਰਤੀਤੇ ਸਨ।
18. ਪੌਲੁਸ ਦੇ ਅਨੁਸਾਰ, ਕਿਹੜੇ ਕੰਮ ਦਾ ਨਤੀਜਾ ਇਕ “ਬੇਪਰਤੀਤਾ ਬੁਰਾ ਦਿਲ” ਹੋਵੇਗਾ?
18 ਇਬਰਾਨੀਆਂ ਨੂੰ ਲਿਖੇ ਗਏ ਇਹ ਅਗਲੇ ਸ਼ਬਦ ਸਾਡੇ ਉੱਤੇ ਵੀ ਉੱਨੇ ਹੀ ਲਾਗੂ ਹੁੰਦੇ ਹਨ: “ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ।” (ਇਬਰਾਨੀਆਂ 3:12) ਪੌਲੁਸ ਇਹ ਕਹਿਣ ਦੁਆਰਾ ਕਿ “ਬੇਪਰਤੀਤਾ ਬੁਰਾ ਦਿਲ” “ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ” ਦਾ ਨਤੀਜਾ ਹੈ, ਮਾਮਲਿਆਂ ਦੀ ਜੜ੍ਹ ਤਕ ਪਹੁੰਚਿਆ। ਇਸ ਪੱਤਰੀ ਵਿਚ, ਉਸ ਨੇ ਨਾ ਧਿਆਨ ਦੇਣ ਦੇ ਕਾਰਨ ‘ਵਹਿ ਕੇ ਦੂਰ ਹੋ ਜਾਣ’ ਬਾਰੇ ਪਹਿਲਾਂ ਵੀ ਗੱਲ ਕੀਤੀ ਸੀ। (ਇਬਰਾਨੀਆਂ 2:1) ਲੇਕਿਨ, ‘ਬੇਮੁਖ ਹੋਣਾ’ ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਦਾ ਮਤਲਬ “ਦੂਰ ਰਹਿਣਾ” ਹੈ ਅਤੇ ਇਹ ਸ਼ਬਦ “ਧਰਮ-ਤਿਆਗ” ਨਾਲ ਸੰਬੰਧਿਤ ਹੈ। ਇਹ ਜਾਣ-ਬੁੱਝ ਕੇ ਅਤੇ ਸਚੇਤ ਹੋ ਕੇ ਵਿਰੋਧ ਕਰਨ, ਪਿੱਛੇ ਹਟਣ, ਅਤੇ ਛੱਡ ਜਾਣ ਦੇ ਨਾਲ-ਨਾਲ, ਅਵੱਗਿਆ ਦਾ ਅਰਥ ਵੀ ਰੱਖਦਾ ਹੈ।
19. ਸਲਾਹ ਨੂੰ ਨਾ ਸੁਣਨਾ ਗੰਭੀਰ ਨਤੀਜਿਆਂ ਵੱਲ ਕਿਵੇਂ ਲੈ ਜਾ ਸਕਦਾ ਹੈ? ਉਦਾਹਰਣ ਦਿਓ।
19 ਇਸ ਲਈ, ਸਬਕ ਇਹ ਹੈ ਕਿ ਜੇਕਰ ਅਸੀਂ “ਉਹ ਦੀ ਅਵਾਜ਼” ਨਾ ‘ਸੁਣਨ’ ਦੀ ਆਦਤ ਵਿਚ ਪੈ ਜਾਂਦੇ ਹਾਂ, ਅਤੇ ਯਹੋਵਾਹ ਦੇ ਬਚਨ ਅਤੇ ਮਾਤਬਰ ਨੌਕਰ ਵਰਗ ਰਾਹੀਂ ਮਿਲਣ ਵਾਲੀ ਯਹੋਵਾਹ ਦੀ ਸਲਾਹ ਨੂੰ ਰੱਦ ਕਰਦੇ ਹਾਂ, ਤਾਂ ਸਾਡੇ ਦਿਲਾਂ ਨੂੰ ਪੱਥਰ, ਜਾਂ ਕਠੋਰ ਬਣਨ ਵਿਚ ਦੇਰ ਨਹੀਂ ਲੱਗੇਗੀ। ਉਦਾਹਰਣ ਲਈ, ਇਕ ਅਣਵਿਆਹਿਆ ਜੋੜਾ ਸ਼ਾਇਦ ਪ੍ਰੇਮ ਦੇ ਪ੍ਰਗਟਾਵਿਆਂ ਦੀ ਉਚਿਤ ਹੱਦ ਪਾਰ ਕਰ ਜਾਵੇ। ਪਰ ਉਦੋਂ ਕੀ ਜੇ ਉਹ ਇਸ ਮਾਮਲੇ ਨੂੰ ਅਣਡਿੱਠ ਹੀ ਕਰ ਦਿੰਦੇ ਹਨ? ਕੀ ਇਹ ਉਨ੍ਹਾਂ ਨੂੰ ਉਸ ਕੰਮ ਨੂੰ ਦੁਬਾਰਾ ਕਰਨ ਤੋਂ ਬਚਾਵੇਗਾ, ਜਾਂ ਕੀ ਇਹ ਉਨ੍ਹਾਂ ਲਈ ਉਹੀ ਕੰਮ ਦੁਬਾਰਾ ਕਰਨਾ ਸੌਖਾ ਬਣਾਵੇਗਾ? ਇਸੇ ਤਰ੍ਹਾਂ, ਜਦੋਂ ਨੌਕਰ ਵਰਗ ਸਾਨੂੰ ਸੰਗੀਤ ਅਤੇ ਮਨੋਰੰਜਨ, ਅਤੇ ਹੋਰ ਚੀਜ਼ਾਂ ਦੀ ਧਿਆਨ ਨਾਲ ਚੋਣ ਕਰਨ ਦੀ ਜ਼ਰੂਰਤ ਬਾਰੇ ਸਲਾਹ ਦਿੰਦਾ ਹੈ, ਤਾਂ ਕੀ ਅਸੀਂ ਸ਼ੁਕਰਗੁਜ਼ਾਰੀ ਨਾਲ ਇਸ ਨੂੰ ਸਵੀਕਾਰ ਕਰਦੇ ਹਾਂ ਅਤੇ ਲੋੜੀਂਦੇ ਸੁਧਾਰ ਕਰਦੇ ਹਾਂ? ਪੌਲੁਸ ਨੇ ਸਾਨੂੰ ‘ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡਣ’ ਦੀ ਤਾਕੀਦ ਕੀਤੀ ਸੀ। (ਇਬਰਾਨੀਆਂ 10:24, 25) ਇਸ ਸਲਾਹ ਦੇ ਬਾਵਜੂਦ, ਕੁਝ ਲੋਕ ਮਸੀਹੀ ਸਭਾਵਾਂ ਨੂੰ ਇੰਨਾ ਜ਼ਰੂਰੀ ਨਹੀਂ ਸਮਝਦੇ ਹਨ। ਉਹ ਸ਼ਾਇਦ ਮਹਿਸੂਸ ਕਰਨ ਕਿ ਕੁਝ ਸਭਾਵਾਂ ਵਿਚ ਹਾਜ਼ਰ ਨਾ ਹੋਣਾ ਜਾਂ ਕਿਸੇ ਸਭਾ ਵਿਚ ਬਿਲਕੁਲ ਨਾ ਜਾਣਾ ਕੋਈ ਵੱਡੀ ਗੱਲ ਨਹੀਂ ਹੈ।
20. ਸ਼ਾਸਤਰ-ਸੰਬੰਧੀ ਸਲਾਹ ਦੇ ਅਨੁਸਾਰ ਕੰਮ ਕਰਨਾ ਕਿਉਂ ਆਵੱਸ਼ਕ ਹੈ?
20 ਜੇਕਰ ਅਸੀਂ ਯਹੋਵਾਹ ਦੀ “ਅਵਾਜ਼,” ਜੋ ਸ਼ਾਸਤਰ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਸਾਫ਼-ਸਾਫ਼ ਪ੍ਰਗਟ ਕੀਤੀ ਗਈ ਹੈ, ਦੇ ਅਨੁਸਾਰ ਕੰਮ ਨਹੀਂ ਕਰਦੇ ਹਾਂ, ਤਾਂ ਅਸੀਂ ਜਲਦੀ ਹੀ ਆਪਣੇ ਆਪ ਨੂੰ ‘ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੁੰਦੇ’ ਹੋਏ ਦੇਖਾਂਗੇ। ਸਲਾਹ ਨੂੰ ਨਜ਼ਰਅੰਦਾਜ਼ ਕਰਨਾ ਆਸਾਨੀ ਨਾਲ ਬਾਅਦ ਵਿਚ ਇਸ ਦੀ ਨਿੰਦਾ ਕਰਨ, ਇਸ ਵਿਚ ਨੁਕਸ ਕੱਢਣ, ਅਤੇ ਇਸ ਦਾ ਵਿਰੋਧ ਕਰਨ ਵਿਚ ਬਦਲ ਸਕਦਾ ਹੈ। ਜੇਕਰ ਇਹ ਸਥਿਤੀ ਸੁਧਾਰੀ ਨਾ ਜਾਵੇ, ਤਾਂ ਨਤੀਜਾ “ਬੇਪਰਤੀਤਾ ਬੁਰਾ ਦਿਲ” ਹੁੰਦਾ ਹੈ ਅਤੇ ਅਜਿਹੇ ਰਾਹ ਤੋਂ ਵਾਪਸ ਆਉਣਾ ਅਕਸਰ ਬਹੁਤ ਔਖਾ ਹੁੰਦਾ ਹੈ। (ਤੁਲਨਾ ਕਰੋ ਅਫ਼ਸੀਆਂ 4:19.) ਯਿਰਮਿਯਾਹ ਨੇ ਸਹੀ ਲਿਖਿਆ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਇਸ ਕਾਰਨ, ਪੌਲੁਸ ਨੇ ਆਪਣੇ ਸੰਗੀ ਇਬਰਾਨੀ ਵਿਸ਼ਵਾਸੀਆਂ ਨੂੰ ਤਾਕੀਦ ਕੀਤਾ: “ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ ਤੁਸੀਂ ਨਿੱਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।”—ਇਬਰਾਨੀਆਂ 3:13.
21. ਸਾਨੂੰ ਸਾਰਿਆਂ ਨੂੰ ਕੀ ਕਰਨ ਲਈ ਉਪਦੇਸ਼ ਦਿੱਤਾ ਗਿਆ ਹੈ, ਅਤੇ ਸਾਡੇ ਕੋਲ ਕਿਹੜੀਆਂ ਸੰਭਾਵਨਾਵਾਂ ਹਨ?
21 ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਆਪਣੇ ਬਚਨ ਅਤੇ ਆਪਣੇ ਸੰਗਠਨ ਰਾਹੀਂ ਅੱਜ ਵੀ ਸਾਡੇ ਨਾਲ ਗੱਲ ਕਰਦਾ ਹੈ! ਅਸੀਂ ਸ਼ੁਕਰਗੁਜ਼ਾਰ ਹਾਂ ਕਿ ‘ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖਣ’ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਸਾਡੀ ਮਦਦ ਕਰਨੀ ਜਾਰੀ ਰੱਖਦਾ ਹੈ। (ਇਬਰਾਨੀਆਂ 3:14) ਸਾਡੇ ਲਈ ਪਰਮੇਸ਼ੁਰ ਦੇ ਪ੍ਰੇਮ ਅਤੇ ਨਿਰਦੇਸ਼ਨ ਨੂੰ ਸਵੀਕਾਰ ਕਰਨ ਦਾ ਸਮਾਂ ਹੁਣ ਹੈ। ਜਿਉਂ-ਜਿਉਂ ਅਸੀਂ ਇਹ ਕਰਦੇ ਹਾਂ, ਅਸੀਂ ਯਹੋਵਾਹ ਦੇ ਅਦਭੁਤ ਵਾਅਦਿਆਂ ਵਿੱਚੋਂ ਇਕ ਹੋਰ ਦਾ ਆਨੰਦ ਮਾਣ ਸਕਦੇ ਹਾਂ—ਉਹ ਹੈ ਉਸ ਦੇ ਆਰਾਮ ‘ਵਿਚ ਵੜਨਾ।’ (ਇਬਰਾਨੀਆਂ 4:3, 10) ਇਸੇ ਵਿਸ਼ੇ ਬਾਰੇ ਪੌਲੁਸ ਅੱਗੇ ਇਬਰਾਨੀ ਮਸੀਹੀਆਂ ਨਾਲ ਚਰਚਾ ਕਰਦਾ ਹੈ, ਅਤੇ ਇਸੇ ਬਾਰੇ ਅਸੀਂ ਅਗਲੇ ਲੇਖ ਵਿਚ ਚਰਚਾ ਕਰਾਂਗੇ।
[ਫੁਟਨੋਟ]
a ਜੋਸੀਫ਼ਸ ਬਿਆਨ ਕਰਦਾ ਹੈ ਕਿ ਫ਼ੇਸਤੁਸ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ, ਆਨਾਨਸ (ਹਨਾਨਿਯਾਹ) ਜੋ ਸਦੂਕੀ ਮੱਤ ਦਾ ਸੀ, ਪ੍ਰਧਾਨ ਜਾਜਕ ਬਣਿਆ। ਉਸ ਨੇ ਯਿਸੂ ਦੇ ਭਰਾ ਯਾਕੂਬ, ਅਤੇ ਦੂਜੇ ਚੇਲਿਆਂ ਨੂੰ ਮਹਾ ਸਭਾ ਦੇ ਸਾਮ੍ਹਣੇ ਲਿਆਂਦਾ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਕੇ ਪੱਥਰਾਂ ਨਾਲ ਮਰਵਾ ਦਿੱਤਾ।
b ਸਪੱਸ਼ਟ ਤੌਰ ਤੇ ਪੌਲੁਸ ਯੂਨਾਨੀ ਸੈਪਟੁਜਿੰਟ ਦਾ ਹਵਾਲਾ ਦੇ ਰਿਹਾ ਸੀ, ਜੋ “ਮਰੀਬਾਹ” ਅਤੇ “ਮੱਸਾਹ” ਲਈ ਇਬਰਾਨੀ ਸ਼ਬਦਾਂ ਨੂੰ “ਝਗੜਨਾ” ਅਤੇ “ਅਜ਼ਮਾਇਸ਼ ਲੈਣਾ” ਤਰਜਮਾ ਕਰਦਾ ਹੈ। ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2 ਵਿਚ ਸਫ਼ੇ 350 ਅਤੇ 379 ਦੇਖੋ।
ਕੀ ਤੁਸੀਂ ਸਮਝਾ ਸਕਦੇ ਹੋ?
◻ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਇੰਨੀ ਸਖ਼ਤ ਸਲਾਹ ਕਿਉਂ ਲਿਖੀ?
◻ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਇਸ ਗੱਲ ਦੀ ਕਦਰ ਪਾਉਣ ਵਿਚ ਕਿਵੇਂ ਮਦਦ ਦਿੱਤੀ ਕਿ ਉਨ੍ਹਾਂ ਕੋਲ ਯਹੂਦੀ ਧਰਮ ਦੇ ਅਧੀਨ ਜੀਵਨ ਤੋਂ ਕੁਝ ਬਿਹਤਰ ਸੀ?
◻ ਇਕ ਵਿਅਕਤੀ ਦਾ ਦਿਲ ਕਿਵੇਂ ਕਠੋਰ ਬਣ ਜਾਂਦਾ ਹੈ?
◻ ਇਕ “ਬੇਪਰਤੀਤਾ ਬੁਰਾ ਦਿਲ” ਵਿਕਸਿਤ ਕਰਨ ਤੋਂ ਪਰਹੇਜ਼ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?