ਯਰੂਸ਼ਲਮ—ਕੀ ਇਹ ‘ਤੁਹਾਡੇ ਉੱਤਮ ਅਨੰਦ ਤੋਂ ਉੱਚਾ’ ਹੈ?
“ਮੇਰੀ ਜੀਭ ਤਾਲੂ ਨਾਲ ਜਾ ਲੱਗੇ! . . . ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾਂ!”—ਜ਼ਬੂਰ 137:6.
1. ਪਰਮੇਸ਼ੁਰ ਦੇ ਚੁਣੇ ਹੋਏ ਸ਼ਹਿਰ ਪ੍ਰਤੀ ਅਨੇਕ ਜਲਾਵਤਨੀ ਯਹੂਦੀਆਂ ਦਾ ਕੀ ਰਵੱਈਆ ਸੀ?
ਪਹਿਲੇ ਜਲਾਵਤਨੀ ਯਹੂਦੀਆਂ ਦੇ 537 ਸਾ.ਯੁ.ਪੂ. ਵਿਚ ਯਰੂਸ਼ਲਮ ਵਾਪਸ ਆਉਣ ਮਗਰੋਂ ਤਕਰੀਬਨ ਸੱਤਰ ਸਾਲ ਬੀਤ ਚੁੱਕੇ ਸਨ। ਪਰਮੇਸ਼ੁਰ ਦੀ ਹੈਕਲ ਮੁੜ ਉਸਾਰੀ ਜਾ ਚੁੱਕੀ ਸੀ, ਲੇਕਿਨ ਸ਼ਹਿਰ ਹਾਲੇ ਵੀ ਖੰਡਰ ਸੀ। ਇਸ ਸਮੇਂ ਦੇ ਦੌਰਾਨ, ਇਕ ਨਵੀਂ ਪੀੜ੍ਹੀ ਬਾਬਲ ਵਿਚ ਵੱਡੀ ਹੋ ਚੁੱਕੀ ਸੀ। ਕੋਈ ਸ਼ੱਕ ਨਹੀਂ ਕਿ ਉਨ੍ਹਾਂ ਵਿੱਚੋਂ ਕਈਆਂ ਨੇ ਇਸ ਜ਼ਬੂਰ ਦੇ ਲਿਖਾਰੀ ਵਾਂਗ ਮਹਿਸੂਸ ਕੀਤਾ ਹੋਵੇਗਾ, ਜਿਸ ਨੇ ਗਾਇਆ: “ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਵਾਂ, ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ।” (ਜ਼ਬੂਰ 137:5) ਕੁਝ ਲੋਕਾਂ ਨੇ ਕੇਵਲ ਯਰੂਸ਼ਲਮ ਨੂੰ ਯਾਦ ਹੀ ਨਹੀਂ ਰੱਖਿਆ; ਉਨ੍ਹਾਂ ਨੇ ਆਪਣੇ ਕੰਮਾਂ ਦੁਆਰਾ ਦਿਖਾਇਆ ਕਿ ਇਹ “[ਉਨ੍ਹਾਂ ਦੇ] ਉੱਤਮ ਅਨੰਦ ਤੋਂ ਉੱਚਾ” ਰੱਖਿਆ ਗਿਆ ਸੀ।—ਜ਼ਬੂਰ 137:6.
2. ਅਜ਼ਰਾ ਕੌਣ ਸੀ, ਅਤੇ ਉਸ ਨੂੰ ਕਿਹੜੀ ਬਰਕਤ ਮਿਲੀ?
2 ਉਦਾਹਰਣ ਲਈ, ਜਾਜਕ ਅਜ਼ਰਾ ਵੱਲ ਧਿਆਨ ਦਿਓ। ਆਪਣੇ ਦੇਸ਼ ਨੂੰ ਵਾਪਸ ਜਾਣ ਤੋਂ ਪਹਿਲਾਂ ਹੀ, ਉਸ ਨੇ ਯਰੂਸ਼ਲਮ ਵਿਚ ਸ਼ੁੱਧ ਉਪਾਸਨਾ ਨੂੰ ਅੱਗੇ ਵਧਾਉਣ ਲਈ ਜੋਸ਼ ਨਾਲ ਕੰਮ ਕੀਤਾ ਸੀ। (ਅਜ਼ਰਾ 7:6, 10) ਇਸ ਤਰ੍ਹਾਂ ਕਰਨ ਲਈ ਅਜ਼ਰਾ ਨੂੰ ਬਹੁਤ ਬਰਕਤ ਮਿਲੀ। ਯਹੋਵਾਹ ਪਰਮੇਸ਼ੁਰ ਨੇ ਫ਼ਾਰਸ ਦੇ ਪਾਤਸ਼ਾਹ ਦੇ ਮਨ ਨੂੰ ਪ੍ਰੇਰਿਤ ਕੀਤਾ ਕਿ ਉਹ ਅਜ਼ਰਾ ਨੂੰ ਜਲਾਵਤਨੀਆਂ ਦੇ ਦੂਜੇ ਸਮੂਹ ਨੂੰ ਯਰੂਸ਼ਲਮ ਨੂੰ ਵਾਪਸ ਲੈ ਜਾਣ ਦਾ ਵਿਸ਼ੇਸ਼-ਸਨਮਾਨ ਦੇਵੇ। ਇਸ ਦੇ ਨਾਲ-ਨਾਲ, ਪਾਤਸ਼ਾਹ ਨੇ ‘ਯਹੋਵਾਹ ਦੇ ਭਵਨ ਨੂੰ ਸਵਾਰਨ ਲਈ’ ਉਨ੍ਹਾਂ ਨੂੰ ਢੇਰ ਸਾਰਾ ਸੋਨਾ ਅਤੇ ਚਾਂਦੀ ਦਾਨ ਦਿੱਤਾ।—ਅਜ਼ਰਾ 7:21-27.
3. ਨਹਮਯਾਹ ਨੇ ਕਿਸ ਤਰ੍ਹਾਂ ਦਿਖਾਇਆ ਕਿ ਯਰੂਸ਼ਲਮ ਉਸ ਦੀ ਮੁੱਖ ਚਿੰਤਾ ਸੀ?
3 ਕੁਝ 12 ਸਾਲ ਬਾਅਦ, ਇਕ ਹੋਰ ਯਹੂਦੀ ਨੇ ਦ੍ਰਿੜ੍ਹ ਕਦਮ ਚੁੱਕਿਆ। ਉਹ ਸੀ ਨਹਮਯਾਹ। ਉਹ ਸ਼ੂਸ਼ਨ ਦੇ ਫ਼ਾਰਸੀ ਮਹਿਲ ਵਿਚ ਸੇਵਾ ਕਰਦਾ ਸੀ। ਅਰਤਹਸ਼ਸ਼ਤਾ ਪਾਤਸ਼ਾਹ ਦੇ ਸਾਕੀ ਵਜੋਂ, ਉਸ ਦੀ ਇਕ ਇੱਜ਼ਤਦਾਰ ਪਦਵੀ ਸੀ, ਲੇਕਿਨ ਇਹ ਨਹਮਯਾਹ ਦਾ “ਉੱਤਮ ਅਨੰਦ” ਨਹੀਂ ਸੀ। ਇਸ ਦੀ ਬਜਾਇ, ਉਹ ਯਰੂਸ਼ਲਮ ਨੂੰ ਜਾ ਕੇ ਉਸ ਨੂੰ ਮੁੜ ਉਸਾਰਨ ਲਈ ਤਾਂਘਦਾ ਸੀ। ਨਹਮਯਾਹ ਨੇ ਇਸ ਬਾਰੇ ਕਈ ਮਹੀਨਿਆਂ ਤਕ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਪਰਮੇਸ਼ੁਰ ਨੇ ਇਸ ਤਰ੍ਹਾਂ ਕਰਨ ਲਈ ਉਸ ਨੂੰ ਬਰਕਤ ਦਿੱਤੀ। ਨਹਮਯਾਹ ਦੀ ਚਿੰਤਾ ਬਾਰੇ ਜਾਣਨ ਤੋਂ ਬਾਅਦ, ਫ਼ਾਰਸ ਦੇ ਪਾਤਸ਼ਾਹ ਨੇ ਉਸ ਲਈ ਇਕ ਫ਼ੌਜ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਕਾਨੂੰਨੀ ਦਸਤਾਵੇਜ਼ ਦੇ ਕੇ ਯਰੂਸ਼ਲਮ ਨੂੰ ਮੁੜ ਉਸਾਰਨ ਦਾ ਅਧਿਕਾਰ ਦਿੱਤਾ।—ਨਹਮਯਾਹ 1:1–2:9.
4. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਯਹੋਵਾਹ ਦੀ ਉਪਾਸਨਾ ਕਰਨੀ ਕਿਸੇ ਵੀ ਉੱਤਮ ਆਨੰਦ ਤੋਂ ਉੱਚੀ ਹੈ?
4 ਬਿਨਾਂ ਸ਼ੱਕ, ਅਜ਼ਰਾ, ਨਹਮਯਾਹ, ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਵਾਲੇ ਅਨੇਕ ਯਹੂਦੀਆਂ ਨੇ ਸਾਬਤ ਕੀਤਾ ਕਿ ਯਰੂਸ਼ਲਮ ਵਿਚ ਕੇਂਦ੍ਰਿਤ, ਯਹੋਵਾਹ ਦੀ ਉਪਾਸਨਾ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਮਹੱਤਵਪੂਰਣ ਸੀ—ਇਹ ‘ਉਨ੍ਹਾਂ ਦੇ ਉੱਤਮ ਅਨੰਦ ਤੋਂ ਉੱਚੀ’ ਸੀ, ਯਾਨੀ ਕਿ ਉਸ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਉੱਤਮ ਸੀ, ਜਿਸ ਵਿਚ ਉਹ ਸ਼ਾਇਦ ਆਨੰਦ ਕਰਦੇ। ਅਜਿਹੇ ਵਿਅਕਤੀ ਅੱਜ ਉਨ੍ਹਾਂ ਸਾਰਿਆਂ ਨੂੰ ਕਿੰਨਾ ਉਤਸ਼ਾਹਿਤ ਕਰਦੇ ਹਨ ਜੋ ਯਹੋਵਾਹ ਨੂੰ, ਉਸ ਦੀ ਉਪਾਸਨਾ ਨੂੰ, ਅਤੇ ਉਸ ਦੇ ਆਤਮਾ-ਨਿਰਦੇਸ਼ਿਤ ਸੰਗਠਨ ਨੂੰ ਇਸੇ ਤਰ੍ਹਾਂ ਵਿਚਾਰਦੇ ਹਨ! ਕੀ ਇਹ ਤੁਹਾਡੇ ਬਾਰੇ ਸੱਚ ਹੈ? ਕੀ ਤੁਸੀਂ ਈਸ਼ਵਰੀ ਕੰਮਾਂ ਵਿਚ ਆਪਣੇ ਧੀਰਜ ਦੁਆਰਾ ਦਿਖਾਉਂਦੇ ਹੋ ਕਿ ਆਨੰਦ ਕਰਨ ਦਾ ਤੁਹਾਡਾ ਸਭ ਤੋਂ ਵੱਡਾ ਕਾਰਨ ਯਹੋਵਾਹ ਦੇ ਸਮਰਪਿਤ ਲੋਕਾਂ ਨਾਲ ਉਸ ਦੀ ਉਪਾਸਨਾ ਕਰਨ ਦਾ ਵਿਸ਼ੇਸ਼-ਸਨਮਾਨ ਹੈ? (2 ਪਤਰਸ 3:11) ਇਸ ਸੰਬੰਧ ਵਿਚ ਹੋਰ ਉਤਸ਼ਾਹ ਲਈ, ਆਓ ਅਸੀਂ ਉਨ੍ਹਾਂ ਵਧੀਆ ਨਤੀਜਿਆਂ ਉੱਤੇ ਗੌਰ ਕਰੀਏ ਜੋ ਅਜ਼ਰਾ ਦੇ ਯਰੂਸ਼ਲਮ ਨੂੰ ਜਾਣ ਤੇ ਨਿਕਲੇ।
ਬਰਕਤਾਂ ਅਤੇ ਜ਼ਿੰਮੇਵਾਰੀਆਂ
5. ਅਜ਼ਰਾ ਦੇ ਦਿਨਾਂ ਵਿਚ ਯਹੂਦਾਹ ਦੇ ਨਿਵਾਸੀਆਂ ਨੂੰ ਕਿਹੜੀਆਂ ਭਰਪੂਰ ਬਰਕਤਾਂ ਮਿਲੀਆਂ?
5 ਅਜ਼ਰਾ ਨਾਲ ਵਾਪਸ ਆ ਰਹੇ ਲਗਭਗ 6,000 ਜਲਾਵਤਨੀਆਂ ਦੇ ਸਮੂਹ ਨੇ ਯਹੋਵਾਹ ਦੀ ਹੈਕਲ ਲਈ ਦਾਨ ਕੀਤਾ ਗਿਆ ਸੋਨਾ ਅਤੇ ਚਾਂਦੀ ਲਿਆਂਦਾ। ਅੱਜ ਦੇ ਭਾ ਅਨੁਸਾਰ ਇਸ ਦੀ ਕੀਮਤ ਲਗਭਗ 140 ਕਰੋੜ ਰੁਪਏ ਹੁੰਦੀ। ਪਹਿਲੇ ਜਲਾਵਤਨੀਆਂ ਨੇ ਜੋ ਸੋਨਾ ਅਤੇ ਚਾਂਦੀ ਲਿਆਂਦਾ ਸੀ, ਇਹ ਉਸ ਨਾਲੋਂ ਤਕਰੀਬਨ ਸੱਤ ਗੁਣਾ ਜ਼ਿਆਦਾ ਸੀ। ਯਰੂਸ਼ਲਮ ਅਤੇ ਯਹੂਦਾਹ ਦੇ ਨਿਵਾਸੀ ਇੰਨੀ ਸਾਰੀ ਮਨੁੱਖੀ ਅਤੇ ਭੌਤਿਕ ਮਦਦ ਕਾਰਨ ਯਹੋਵਾਹ ਦੇ ਕਿੰਨੇ ਧੰਨਵਾਦੀ ਹੋਏ ਹੋਣੇ! ਲੇਕਿਨ ਪਰਮੇਸ਼ੁਰ ਵੱਲੋਂ ਭਰਪੂਰ ਬਰਕਤਾਂ ਜ਼ਿੰਮੇਵਾਰੀ ਵੀ ਲਿਆਉਂਦੀਆਂ ਹਨ।—ਲੂਕਾ 12:48.
6. ਅਜ਼ਰਾ ਨੇ ਆਪਣੇ ਦੇਸ਼ ਵਿਚ ਕਿਹੜੀ ਹਾਲਤ ਪਾਈ, ਅਤੇ ਇਸ ਨੂੰ ਦੇਖ ਕੇ ਉਸ ਨੇ ਕੀ ਕੀਤਾ?
6 ਅਜ਼ਰਾ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਅਨੇਕ ਯਹੂਦੀਆਂ ਨੇ, ਜਿਨ੍ਹਾਂ ਵਿਚ ਜਾਜਕ ਅਤੇ ਬਜ਼ੁਰਗ ਵੀ ਸ਼ਾਮਲ ਸਨ, ਗ਼ੈਰ-ਯਹੂਦੀ ਤੀਵੀਆਂ ਨਾਲ ਵਿਆਹ ਕਰਵਾ ਕੇ ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ ਕੀਤੀ ਸੀ। (ਬਿਵਸਥਾ ਸਾਰ 7:3, 4) ਪਰਮੇਸ਼ੁਰ ਦੇ ਬਿਵਸਥਾ ਨੇਮ ਦੀ ਇਸ ਉਲੰਘਣਾ ਕਾਰਨ ਅਜ਼ਰਾ ਦਾ ਬਹੁਤ ਦੁਖੀ ਹੋਣਾ ਜਾਇਜ਼ ਸੀ। “ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤ੍ਰ ਅਤੇ ਆਪਣੀ ਚਾਦਰ ਪਾੜ ਛੱਡੀ . . . ਅਰ ਨਿਮੂਝਾਣਾ ਹੋ ਕੇ ਬੈਠ ਗਿਆ।” (ਅਜ਼ਰਾ 9:3) ਫਿਰ, ਚਿੰਤਾਤੁਰ ਇਸਰਾਏਲੀਆਂ ਦੀ ਮੌਜੂਦਗੀ ਵਿਚ, ਅਜ਼ਰਾ ਨੇ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਸਾਰਿਆਂ ਦੇ ਸਾਮ੍ਹਣੇ, ਅਜ਼ਰਾ ਨੇ ਇਸਰਾਏਲ ਦੀ ਪਿਛਲੀ ਅਵੱਗਿਆ ਅਤੇ ਪਰਮੇਸ਼ੁਰ ਦੀ ਉਸ ਚੇਤਾਵਨੀ ਬਾਰੇ ਗੱਲ ਕੀਤੀ ਕਿ ਜੇਕਰ ਉਨ੍ਹਾਂ ਨੇ ਦੇਸ਼ ਦੇ ਗ਼ੈਰ-ਯਹੂਦੀ ਨਿਵਾਸੀਆਂ ਨਾਲ ਵਿਆਹ ਕਰਵਾਇਆ, ਤਾਂ ਕੀ ਹੋਵੇਗਾ। ਉਸ ਨੇ ਸਮਾਪਤੀ ਵਿਚ ਕਿਹਾ: “ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੂੰ ਧਰਮਾਤਮਾ ਹੈਂ ਤਾਂ ਅਸੀਂ ਅੱਜ ਤੀਕ ਛੁਡਾਏ ਹੋਏ ਰਹਿੰਦੇ ਹਾਂ। ਵੇਖ, ਅਸੀਂ ਆਪਣੇ ਦੋਸ਼ਾਂ ਵਿੱਚ ਤੇਰੇ ਸਨਮੁਖ ਹਾਂ ਕਿਉਂਕਿ ਕੌਣ ਹੈ ਜੋ ਇਨ੍ਹਾਂ ਦੇ ਕਾਰਨ ਤੇਰੇ ਹਜ਼ੂਰ ਖੜਾ ਰਹਿ ਸੱਕੇ?”—ਅਜ਼ਰਾ 9:14, 15.
7. (ੳ) ਅਜ਼ਰਾ ਨੇ ਗ਼ਲਤ ਕੰਮਾਂ ਨਾਲ ਨਜਿੱਠਣ ਵਿਚ ਕਿਹੜੀ ਵਧੀਆ ਉਦਾਹਰਣ ਕਾਇਮ ਕੀਤੀ? (ਅ) ਅਜ਼ਰਾ ਦੇ ਦਿਨਾਂ ਵਿਚ ਦੋਸ਼ੀਆਂ ਨੇ ਕਿਵੇਂ ਪ੍ਰਤਿਕ੍ਰਿਆ ਦਿਖਾਈ ਸੀ?
7 ਅਜ਼ਰਾ ਨੇ ਸ਼ਬਦ “ਅਸੀਂ” ਇਸਤੇਮਾਲ ਕੀਤਾ। ਹਾਂ, ਉਸ ਨੇ ਆਪਣੇ ਆਪ ਨੂੰ ਵੀ ਸ਼ਾਮਲ ਕੀਤਾ ਭਾਵੇਂ ਕਿ ਉਹ ਖ਼ੁਦ ਨਿਰਦੋਸ਼ ਸੀ। ਅਜ਼ਰਾ ਦੇ ਗਹਿਰੇ ਦੁੱਖ ਦੇ ਨਾਲ-ਨਾਲ ਉਸ ਦੀ ਨਿਮਰ ਪ੍ਰਾਰਥਨਾ ਨੇ ਲੋਕਾਂ ਦੇ ਦਿਲਾਂ ਨੂੰ ਛੋਹਿਆ ਅਤੇ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਪ੍ਰੇਰਿਤ ਕੀਤਾ ਜੋ ਤੋਬਾ ਦੇ ਯੋਗ ਸਨ। ਉਨ੍ਹਾਂ ਨੇ ਖ਼ੁਦ ਇਕ ਦੁਖਦਾਈ ਹੱਲ ਪੇਸ਼ ਕੀਤਾ—ਜਿਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ ਕੀਤੀ ਸੀ ਉਹ ਸਾਰੇ ਆਪਣੀਆਂ ਗ਼ੈਰ-ਯਹੂਦੀ ਪਤਨੀਆਂ ਨੂੰ, ਉਨ੍ਹਾਂ ਦੇ ਬੱਚਿਆਂ ਸਹਿਤ, ਉਨ੍ਹਾਂ ਦੇ ਦੇਸ਼ਾਂ ਨੂੰ ਵਾਪਸ ਭੇਜ ਦੇਣਗੇ। ਅਜ਼ਰਾ ਨੇ ਇਸ ਹੱਲ ਨੂੰ ਸਵੀਕਾਰ ਕੀਤਾ ਅਤੇ ਦੋਸ਼ੀ ਲੋਕਾਂ ਨੂੰ ਇਸ ਅਨੁਸਾਰ ਚੱਲਣ ਲਈ ਉਤਸ਼ਾਹਿਤ ਕੀਤਾ। ਫ਼ਾਰਸ ਦੇ ਪਾਤਸ਼ਾਹ ਦੁਆਰਾ ਉਸ ਨੂੰ ਦਿੱਤੇ ਗਏ ਅਧਿਕਾਰ ਨਾਲ, ਅਜ਼ਰਾ ਕੋਲ ਕਾਨੂੰਨ ਤੋੜਨ ਵਾਲੇ ਸਾਰੇ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਜਾਂ ਯਰੂਸ਼ਲਮ ਅਤੇ ਯਹੂਦਾਹ ਵਿੱਚੋਂ ਕੱਢਣ ਦਾ ਹੱਕ ਸੀ। (ਅਜ਼ਰਾ 7:12, 26) ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਨੂੰ ਅਜਿਹਾ ਕਦਮ ਨਹੀਂ ਚੁੱਕਣਾ ਪਿਆ। “ਸਾਰੀ ਸਭਾ” ਨੇ ਕਿਹਾ: “ਏਵੇਂ ਹੀ ਸਹੀ! ਜਿਵੇਂ ਤੁਸਾਂ ਸਾਡੇ ਕਰਨ ਲਈ ਠਹਿਰਾਇਆ ਅਸੀਂ ਏਹ ਗੱਲ ਕਰਾਂਗੇ!” ਇਸ ਤੋਂ ਇਲਾਵਾ, ਉਨ੍ਹਾਂ ਨੇ ਕਬੂਲ ਕੀਤਾ: “ਅਸਾਂ ਏਸ ਗੱਲ ਵਿੱਚ ਡਾਢਾ ਅਪਰਾਧ ਕੀਤਾ ਹੈ!” (ਅਜ਼ਰਾ 10:11-13) ਅਜ਼ਰਾ ਦੇ 10ਵੇਂ ਅਧਿਆਇ ਵਿਚ 111 ਆਦਮੀਆਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੇ ਇਸ ਫ਼ੈਸਲੇ ਨੂੰ ਮੰਨ ਕੇ ਆਪਣੀਆਂ ਗ਼ੈਰ-ਯਹੂਦੀ ਪਤਨੀਆਂ ਅਤੇ ਉਨ੍ਹਾਂ ਤੋਂ ਜੰਮੇ ਬੱਚਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਸੀ।
8. ਗ਼ੈਰ-ਯਹੂਦੀ ਪਤਨੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਔਖਾ ਕੰਮ ਕਿਉਂ ਸਾਰੀ ਮਨੁੱਖਜਾਤੀ ਦੇ ਭਲੇ ਵਾਸਤੇ ਸੀ?
8 ਇਹ ਕਾਰਜ ਸਿਰਫ਼ ਇਸਰਾਏਲ ਦੇ ਫ਼ਾਇਦੇ ਲਈ ਹੀ ਨਹੀਂ, ਲੇਕਿਨ ਸਾਰੀ ਮਨੁੱਖਜਾਤੀ ਦੇ ਫ਼ਾਇਦੇ ਲਈ ਵੀ ਸੀ। ਜੇਕਰ ਇਸ ਮਾਮਲੇ ਨੂੰ ਸੁਧਾਰਨ ਲਈ ਕੁਝ ਨਾ ਕੀਤਾ ਜਾਂਦਾ, ਤਾਂ ਇਸਰਾਏਲੀ ਆਲੇ-ਦੁਆਲੇ ਦੀਆਂ ਕੌਮਾਂ ਵਿਚ ਰਲ ਸਕਦੇ ਸਨ। ਇਸ ਤਰ੍ਹਾਂ ਹੋਣ ਨਾਲ, ਸਾਰੀ ਮਨੁੱਖਜਾਤੀ ਲਈ ਬਰਕਤ ਲਿਆਉਣ ਵਾਲੀ ਵਾਅਦਾ ਕੀਤੀ ਹੋਈ ਸੰਤਾਨ ਦੀ ਵੰਸ਼ਾਵਲੀ ਅਸ਼ੁੱਧ ਹੋ ਸਕਦੀ ਸੀ। (ਉਤਪਤ 3:15; 22:18) ਇਹ ਸਿੱਧ ਕਰਨਾ ਮੁਸ਼ਕਲ ਹੋ ਜਾਣਾ ਸੀ ਕਿ ਵਾਅਦਾ ਕੀਤੀ ਹੋਈ ਸੰਤਾਨ ਅਸਲ ਵਿਚ ਯਹੂਦਾਹ ਦੇ ਗੋਤ ਵਿੱਚੋਂ ਰਾਜਾ ਦਾਊਦ ਦੇ ਵੰਸ਼ ਵਿੱਚੋਂ ਸੀ। ਕੁਝ 12 ਸਾਲ ਬਾਅਦ, ਇਸ ਮਹੱਤਵਪੂਰਣ ਮਾਮਲੇ ਉੱਤੇ ਫਿਰ ਤੋਂ ਧਿਆਨ ਦਿੱਤਾ ਗਿਆ ਜਦੋਂ “ਇਸਰਾਏਲ ਦੀ ਨਸਲ ਨੇ ਸਾਰੇ ਓਪਰੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅੱਡ ਕੀਤਾ।”—ਨਹਮਯਾਹ 9:1, 2; 10:29, 30.
9. ਬਾਈਬਲ ਉਨ੍ਹਾਂ ਮਸੀਹੀਆਂ ਨੂੰ ਕਿਹੜੀ ਵਧੀਆ ਸਲਾਹ ਦਿੰਦੀ ਹੈ ਜੋ ਅਵਿਸ਼ਵਾਸੀਆਂ ਨਾਲ ਵਿਆਹੇ ਹੋਏ ਹਨ?
9 ਯਹੋਵਾਹ ਦੇ ਵਰਤਮਾਨ-ਦਿਨ ਦੇ ਸੇਵਕ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਨ? ਮਸੀਹੀ, ਬਿਵਸਥਾ ਨੇਮ ਦੇ ਅਧੀਨ ਨਹੀਂ ਹਨ। (2 ਕੁਰਿੰਥੀਆਂ 3:14) ਇਸ ਦੀ ਬਜਾਇ, ਉਹ “ਮਸੀਹ ਦੀ ਸ਼ਰਾ” ਦੇ ਆਗਿਆਕਾਰ ਹਨ। (ਗਲਾਤੀਆਂ 6:2) ਇਸ ਲਈ, ਇਕ ਅਵਿਸ਼ਵਾਸੀ ਨਾਲ ਵਿਆਹਿਆ ਹੋਇਆ ਮਸੀਹੀ ਪੌਲੁਸ ਦੀ ਇਸ ਸਲਾਹ ਨੂੰ ਲਾਗੂ ਕਰਦਾ ਹੈ: “ਜੇ ਕਿਸੇ ਭਰਾ ਦੀ ਬੇਪਰਤੀਤ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ।” (1 ਕੁਰਿੰਥੀਆਂ 7:12) ਇਸ ਤੋਂ ਇਲਾਵਾ, ਅਵਿਸ਼ਵਾਸੀਆਂ ਨਾਲ ਵਿਆਹੇ ਹੋਏ ਮਸੀਹੀਆਂ ਦੀ ਸ਼ਾਸਤਰਾਂ ਅਨੁਸਾਰ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਲਈ ਜਤਨ ਕਰਨ। (1 ਪਤਰਸ 3:1, 2) ਇਸ ਵਧੀਆ ਸਲਾਹ ਨੂੰ ਲਾਗੂ ਕਰਨ ਨਾਲ ਅਕਸਰ ਇਹ ਬਰਕਤ ਮਿਲੀ ਹੈ ਕਿ ਅਵਿਸ਼ਵਾਸੀ ਸਾਥੀ ਦਾ ਦਿਲ ਸੱਚੀ ਉਪਾਸਨਾ ਪ੍ਰਤੀ ਬਦਲ ਗਿਆ ਹੈ। ਕੁਝ ਤਾਂ ਵਫ਼ਾਦਾਰ ਬਪਤਿਸਮਾ-ਪ੍ਰਾਪਤ ਮਸੀਹੀ ਵੀ ਬਣੇ ਹਨ।—1 ਕੁਰਿੰਥੀਆਂ 7:16.
10. ਮਸੀਹੀ, ਉਨ੍ਹਾਂ 111 ਇਸਰਾਏਲੀ ਆਦਮੀਆਂ ਤੋਂ ਕਿਹੜਾ ਸਬਕ ਸਿੱਖ ਸਕਦੇ ਹਨ, ਜਿਨ੍ਹਾਂ ਨੇ ਆਪਣੀਆਂ ਗ਼ੈਰ-ਯਹੂਦੀ ਪਤਨੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਸੀ?
10 ਲੇਕਿਨ, ਜਿਨ੍ਹਾਂ ਇਸਰਾਏਲੀਆਂ ਨੇ ਆਪਣੀਆਂ ਗ਼ੈਰ-ਯਹੂਦੀ ਪਤਨੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਸੀ, ਉਨ੍ਹਾਂ ਦੀ ਮਿਸਾਲ ਅਣਵਿਆਹੇ ਮਸੀਹੀਆਂ ਲਈ ਇਕ ਵਧੀਆ ਸਬਕ ਹੈ। ਇਨ੍ਹਾਂ ਨੂੰ ਵਿਆਹ ਦੇ ਇਰਾਦੇ ਨਾਲ ਕਿਸੇ ਅਵਿਸ਼ਵਾਸੀ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਹੈ। ਅਜਿਹੇ ਰਿਸ਼ਤੇ ਤੋਂ ਬਚਣਾ ਸ਼ਾਇਦ ਔਖਾ, ਜਾਂ ਦੁਖਦਾਈ ਵੀ ਹੋਵੇ, ਲੇਕਿਨ ਪਰਮੇਸ਼ੁਰ ਦੀ ਲਗਾਤਾਰ ਬਰਕਤ ਹਾਸਲ ਕਰਨ ਲਈ ਇਹ ਸਭ ਤੋਂ ਵਧੀਆ ਰਾਹ ਹੈ। ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ।” (2 ਕੁਰਿੰਥੀਆਂ 6:14) ਜਿਹੜਾ ਵੀ ਅਣਵਿਆਹਿਆ ਮਸੀਹੀ ਵਿਆਹ ਕਰਵਾਉਣਾ ਚਾਹੁੰਦਾ ਹੈ, ਉਸ ਨੂੰ ਕਿਸੇ ਸੁਹਿਰਦ ਸੰਗੀ ਵਿਸ਼ਵਾਸੀ ਨਾਲ ਵਿਆਹ ਕਰਵਾਉਣ ਦਾ ਇਰਾਦਾ ਰੱਖਣਾ ਚਾਹੀਦਾ ਹੈ।—1 ਕੁਰਿੰਥੀਆਂ 7:39.
11. ਇਸਰਾਏਲੀ ਆਦਮੀਆਂ ਵਾਂਗ, ਅਸੀਂ ਆਨੰਦ ਕਰਨ ਦੇ ਕਾਰਨ ਦੇ ਸੰਬੰਧ ਵਿਚ ਕਿਸ ਤਰ੍ਹਾਂ ਪਰਖੇ ਜਾ ਸਕਦੇ ਹਾਂ?
11 ਹੋਰ ਕਈ ਤਰੀਕਿਆਂ ਨਾਲ ਵੀ, ਮਸੀਹੀਆਂ ਨੇ ਤਬਦੀਲੀਆਂ ਲਿਆਂਦੀਆਂ ਹਨ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਸ਼ਾਸਤਰ ਵਿਰੋਧੀ ਰਾਹ ਉੱਤੇ ਚੱਲ ਰਹੇ ਹਨ। (ਗਲਾਤੀਆਂ 6:1) ਸਮੇਂ-ਸਮੇਂ ਤੇ, ਇਸ ਰਸਾਲੇ ਨੇ ਅਜਿਹੇ ਸ਼ਾਸਤਰ ਵਿਰੋਧੀ ਚਾਲ-ਚਲਣ ਬਾਰੇ ਦੱਸਿਆ ਹੈ ਜੋ ਕਿਸੇ ਵਿਅਕਤੀ ਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਰਹਿਣ ਦੇ ਅਯੋਗ ਬਣਾਵੇਗਾ। ਉਦਾਹਰਣ ਵਜੋਂ, 1973 ਵਿਚ, ਯਹੋਵਾਹ ਦੇ ਲੋਕਾਂ ਨੂੰ ਇਸ ਗੱਲ ਦੀ ਪੂਰੀ ਸਮਝ ਪ੍ਰਾਪਤ ਹੋਈ ਕਿ ਨਸ਼ੀਲੀਆਂ-ਦਵਾਈਆਂ ਦੀ ਕੁਵਰਤੋਂ ਅਤੇ ਤਮਾਖੂ ਦੀ ਵਰਤੋਂ ਗੰਭੀਰ ਪਾਪ ਹਨ। ਇਕ ਈਸ਼ਵਰੀ ਰਾਹ ਉੱਤੇ ਚੱਲਣ ਲਈ, ਸਾਨੂੰ ‘ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰਨ’ ਦੀ ਲੋੜ ਹੈ। (2 ਕੁਰਿੰਥੀਆਂ 7:1) ਕਈਆਂ ਨੇ ਬਾਈਬਲ ਦੀ ਅਜਿਹੀ ਸਲਾਹ ਨੂੰ ਦਿਲ ਵਿਚ ਬਿਠਾ ਲਿਆ; ਉਹ ਪਰਮੇਸ਼ੁਰ ਦੇ ਸ਼ੁੱਧ ਲੋਕਾਂ ਵਿਚ ਰਹਿਣ ਲਈ ਨਸ਼ਾ ਛੱਡਣ ਤੇ ਪਹਿਲਾਂ-ਪਹਿਲਾਂ ਪੈਣ ਵਾਲੇ ਅਸਰਾਂ ਨੂੰ ਸਹਿਣ ਲਈ ਰਾਜ਼ੀ ਸਨ। ਲਿੰਗੀ ਮਾਮਲਿਆਂ, ਪਹਿਰਾਵੇ, ਅਤੇ ਸ਼ਿੰਗਾਰ ਬਾਰੇ, ਅਤੇ ਕੰਮ-ਧੰਦੇ, ਮਨੋਰੰਜਨ, ਤੇ ਸੰਗੀਤ ਦੇ ਸੰਬੰਧ ਵਿਚ ਬੁੱਧੀਮਾਨੀ ਨਾਲ ਚੋਣ ਕਰਨ ਬਾਰੇ ਵੀ ਸਪੱਸ਼ਟ ਸ਼ਾਸਤਰ-ਸੰਬੰਧੀ ਹਿਦਾਇਤ ਦਿੱਤੀ ਗਈ ਹੈ। ਜੋ ਵੀ ਸ਼ਾਸਤਰ-ਸੰਬੰਧੀ ਸਿਧਾਂਤ ਸਾਡੇ ਧਿਆਨ ਵਿਚ ਲਿਆਏ ਜਾਣ, ਆਓ ਅਸੀਂ ਉਨ੍ਹਾਂ 111 ਇਸਰਾਏਲੀ ਆਦਮੀਆਂ ਵਾਂਗ ‘ਸਿੱਧ ਹੋਣ’ ਲਈ ਹਮੇਸ਼ਾ ਤਿਆਰ ਰਹੀਏ। (2 ਕੁਰਿੰਥੀਆਂ 13:11) ਇਹ ਦਿਖਾਵੇਗਾ ਕਿ ਉਸ ਦੇ ਪਵਿੱਤਰ ਲੋਕਾਂ ਨਾਲ ਮਿਲ ਕੇ ਯਹੋਵਾਹ ਦੀ ਉਪਾਸਨਾ ਕਰਨ ਦਾ ਵਿਸ਼ੇਸ਼-ਸਨਮਾਨ ‘ਸਾਡੇ ਉੱਤਮ ਅਨੰਦ ਤੋਂ ਉੱਚਾ ਹੈ।’
12. ਸੰਨ 455 ਸਾ.ਯੁ.ਪੂ. ਵਿਚ ਕੀ ਹੋਇਆ ਸੀ?
12 ਗ਼ੈਰ-ਯਹੂਦੀ ਪਤਨੀਆਂ ਦੀ ਘਟਨਾ ਬਾਰੇ ਦੱਸਣ ਤੋਂ ਬਾਅਦ, ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਰੂਸ਼ਲਮ ਵਿਚ ਅਗਲੇ 12 ਸਾਲਾਂ ਦੌਰਾਨ ਕੀ ਹੋਇਆ ਸੀ। ਕੋਈ ਸ਼ੱਕ ਨਹੀਂ ਕਿ ਅਨੇਕ ਵਿਆਹ-ਸੰਬੰਧਾਂ ਨੂੰ ਤੋੜਣ ਕਰਕੇ ਇਸਰਾਏਲ ਦੇ ਗੁਆਂਢੀ ਉਨ੍ਹਾਂ ਦਾ ਜ਼ਿਆਦਾ ਵਿਰੋਧ ਕਰਨ ਲੱਗ ਪਏ। ਸੰਨ 455 ਸਾ.ਯੁ.ਪੂ. ਵਿਚ, ਨਹਮਯਾਹ ਇਕ ਫ਼ੌਜੀ ਦਸਤੇ ਨਾਲ ਯਰੂਸ਼ਲਮ ਵਿਚ ਪਹੁੰਚਿਆ। ਉਸ ਨੂੰ ਯਹੂਦਾਹ ਦੇ ਹਾਕਮ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਫ਼ਾਰਸ ਦੇ ਪਾਤਸ਼ਾਹ ਤੋਂ ਸ਼ਹਿਰ ਨੂੰ ਮੁੜ ਉਸਾਰਨ ਲਈ ਕਾਨੂੰਨੀ ਚਿੱਠੀਆਂ ਲਿਆਂਦੀਆਂ ਸਨ।—ਨਹਮਯਾਹ 2:9, 10; 5:14.
ਈਰਖਾਲੂ ਗੁਆਂਢੀਆਂ ਵੱਲੋਂ ਵਿਰੋਧਤਾ
13. ਯਹੂਦੀਆਂ ਦੇ ਝੂਠੇ ਧਾਰਮਿਕ ਗੁਆਂਢੀਆਂ ਨੇ ਕਿਹੜਾ ਰਵੱਈਆ ਦਿਖਾਇਆ ਸੀ, ਅਤੇ ਨਹਮਯਾਹ ਨੇ ਇਸ ਬਾਰੇ ਕੀ ਕੀਤਾ ਸੀ?
13 ਝੂਠੇ ਧਾਰਮਿਕ ਗੁਆਂਢੀਆਂ ਨੇ ਨਹਮਯਾਹ ਦੇ ਆਉਣ ਦੇ ਮਕਸਦ ਦਾ ਵਿਰੋਧ ਕੀਤਾ। ਉਨ੍ਹਾਂ ਦੇ ਆਗੂਆਂ ਨੇ ਉਸ ਨੂੰ ਧਮਕਾਉਂਦੇ ਹੋਏ ਪੁੱਛਿਆ: “ਕੀ ਤੁਸੀਂ ਪਾਤਸ਼ਾਹ ਤੋਂ ਆਕੀ ਹੋ ਜਾਓਗੇ?” ਯਹੋਵਾਹ ਵਿਚ ਨਿਹਚਾ ਦਿਖਾਉਂਦੇ ਹੋਏ ਨਹਮਯਾਹ ਨੇ ਉੱਤਰ ਦਿੱਤਾ: “ਅਕਾਸ਼ ਦਾ ਪਰਮੇਸ਼ੁਰ ਓਹੀ ਸਾਨੂੰ ਸੁਫਲ ਕਰੇਗਾ ਏਸ ਲਈ ਅਸੀਂ ਓਹ ਦੇ ਦਾਸ ਉੱਠਾਂਗੇ ਤੇ ਬਣਾਵਾਂਗੇ ਪਰ ਨਾ ਤੁਹਾਡਾ ਹਿੱਸਾ ਨਾ ਹੱਕ ਨਾ ਯਾਦਗਾਰ ਯਰੂਸ਼ਲਮ ਵਿੱਚ ਹੈ!” (ਨਹਮਯਾਹ 2:19, 20) ਜਦੋਂ ਕੰਧਾਂ ਦੀ ਮੁਰੰਮਤ ਸ਼ੁਰੂ ਹੋਈ, ਤਾਂ ਉਨ੍ਹਾਂ ਹੀ ਵਿਰੋਧੀਆਂ ਨੇ ਮਖੌਲ ਉਡਾਇਆ: ‘ਏਹ ਹੁਟੇ ਹੋਏ ਯਹੂਦੀ ਕੀ ਕਰਦੇ ਹਨ? ਕੀ ਓਹ ਪੱਥਰਾਂ ਨੂੰ ਕੂੜੇ ਦੇ ਢੇਰਾਂ ਵਿੱਚੋਂ ਚੁਗ ਕੇ ਫੇਰ ਨਵੇਂ ਬਣਾ ਲੈਣਗੇ? ਜੇ ਇੱਕ ਲੂਮੜੀ ਏਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਏਸ ਕੰਧ ਨੂੰ ਢਾਹ ਦੇਵੇਗੀ!’ ਇਨ੍ਹਾਂ ਗੱਲਾਂ ਦਾ ਉੱਤਰ ਦੇਣ ਦੀ ਬਜਾਇ, ਨਹਮਯਾਹ ਨੇ ਪ੍ਰਾਰਥਨਾ ਕੀਤੀ: “ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡੀ ਬੇਪਤੀ ਹੁੰਦੀ ਹੈ। ਏਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਪਾ।” (ਨਹਮਯਾਹ 4:2-4) ਨਹਮਯਾਹ ਨੇ ਲਗਾਤਾਰ ਯਹੋਵਾਹ ਉੱਤੇ ਭਰੋਸਾ ਰੱਖਣ ਦੁਆਰਾ ਇਕ ਵਧੀਆ ਮਿਸਾਲ ਕਾਇਮ ਕੀਤੀ!—ਨਹਮਯਾਹ 6:14; 13:14.
14, 15. (ੳ) ਨਹਮਯਾਹ ਨੇ ਵੈਰੀਆਂ ਵੱਲੋਂ ਹਿੰਸਕ ਹਮਲਿਆਂ ਦੀ ਧਮਕੀ ਦਾ ਕਿਸ ਤਰ੍ਹਾਂ ਸਾਮ੍ਹਣਾ ਕੀਤਾ? (ਅ) ਯਹੋਵਾਹ ਦੇ ਗਵਾਹ ਸਖ਼ਤ ਵਿਰੋਧਤਾ ਦੇ ਬਾਵਜੂਦ ਆਪਣੀ ਅਧਿਆਤਮਿਕ ਉਸਾਰੀ ਦੇ ਕੰਮ ਨੂੰ ਕਿਵੇਂ ਜਾਰੀ ਰੱਖ ਸਕੇ ਹਨ?
14 ਆਪਣੇ ਮਹੱਤਵਪੂਰਣ ਪ੍ਰਚਾਰ ਕੰਮ ਨੂੰ ਪੂਰਾ ਕਰਨ ਲਈ, ਯਹੋਵਾਹ ਦੇ ਗਵਾਹ ਅੱਜ ਵੀ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਨ। ਵਿਰੋਧੀ ਮਖੌਲ ਉਡਾਉਣ ਦੁਆਰਾ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਕਦੀ-ਕਦੀ, ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਹਾਰ ਮੰਨ ਲੈਂਦੇ ਹਨ ਕਿਉਂਕਿ ਉਹ ਮਖੌਲ ਨੂੰ ਨਹੀਂ ਸਹਿ ਸਕਦੇ ਹਨ। ਜੇਕਰ ਮਖੌਲ ਉਡਾਉਣ ਨਾਲ ਵੀ ਕੰਮ ਨਾ ਬਣੇ, ਤਾਂ ਵਿਰੋਧੀ ਸ਼ਾਇਦ ਗੁੱਸੇ ਹੋ ਜਾਣ ਅਤੇ ਹਿੰਸਕ ਹਮਲਿਆਂ ਦੀਆਂ ਧਮਕੀਆਂ ਦੇਣ। ਯਰੂਸ਼ਲਮ ਦੀਆਂ ਕੰਧਾਂ ਨੂੰ ਉਸਾਰਨ ਵਾਲਿਆਂ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਲੇਕਿਨ ਨਹਮਯਾਹ ਵਿਰੋਧੀਆਂ ਤੋਂ ਡਰਨ ਵਾਲਾ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਰਾਜਗੀਰਾਂ ਨੂੰ ਵਿਰੋਧੀਆਂ ਦੇ ਹਮਲਿਆਂ ਵਿਰੁੱਧ ਹਥਿਆਰਬੰਦ ਕੀਤਾ ਅਤੇ ਇਹ ਕਹਿ ਕੇ ਉਨ੍ਹਾਂ ਦੀ ਨਿਹਚਾ ਵਧਾਈ ਕਿ “ਉਨ੍ਹਾਂ ਕੋਲੋਂ ਨਾ ਡਰੋ, ਪ੍ਰਭੁ ਨੂੰ ਜਿਹੜਾ ਵੱਡਾ ਤੇ ਭੈ ਦਾਇਕ ਹੈ ਯਾਦ ਰੱਖੋ ਅਤੇ ਆਪਣੇ ਭਰਾਵਾਂ ਲਈ ਅਤੇ ਆਪਣਿਆਂ ਪੁੱਤ੍ਰਾਂ ਲਈ, ਆਪਣੀਆਂ ਧੀਆਂ ਲਈ, ਆਪਣੀਆਂ ਤੀਵੀਆਂ ਲਈ ਅਤੇ ਆਪਣਿਆਂ ਘਰਾਂ ਲਈ ਲੜੋ!”—ਨਹਮਯਾਹ 4:13, 14.
15 ਨਹਮਯਾਹ ਦੇ ਦਿਨਾਂ ਵਾਂਗ, ਯਹੋਵਾਹ ਦੇ ਗਵਾਹ ਵੀ ਸਖ਼ਤ ਵਿਰੋਧਤਾ ਦੇ ਬਾਵਜੂਦ ਆਪਣੀ ਅਧਿਆਤਮਿਕ ਉਸਾਰੀ ਦੇ ਕੰਮ ਨੂੰ ਜਾਰੀ ਰੱਖਣ ਲਈ ਚੰਗੀ ਤਰ੍ਹਾਂ ਲੈਸ ਕੀਤੇ ਗਏ ਹਨ। “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਨਿਹਚਾ ਵਧਾਉਣ ਵਾਲਾ ਅਧਿਆਤਮਿਕ ਭੋਜਨ ਦਿੱਤਾ ਹੈ, ਜੋ ਪਰਮੇਸ਼ੁਰ ਦੇ ਲੋਕਾਂ ਨੂੰ ਉੱਥੇ ਵੀ ਫਲ ਪੈਦਾ ਕਰਨ ਦੇ ਯੋਗ ਬਣਾਉਂਦਾ ਹੈ, ਜਿੱਥੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਹੈ। (ਮੱਤੀ 24:45) ਨਤੀਜੇ ਵਜੋਂ, ਪੂਰੀ ਧਰਤੀ ਉੱਤੇ ਯਹੋਵਾਹ ਆਪਣੇ ਲੋਕਾਂ ਨੂੰ ਵਾਧੇ ਦੀ ਬਰਕਤ ਦਿੰਦਾ ਰਿਹਾ ਹੈ।—ਯਸਾਯਾਹ 60:22.
ਅੰਦਰੂਨੀ ਮੁਸ਼ਕਲਾਂ
16. ਕਿਹੜੀਆਂ ਅੰਦਰੂਨੀ ਮੁਸ਼ਕਲਾਂ ਯਰੂਸ਼ਲਮ ਦੀ ਕੰਧ ਦੇ ਉਸਾਰਨ ਵਾਲਿਆਂ ਦੀ ਮਨੋਬਿਰਤੀ ਲਈ ਖ਼ਤਰਾ ਸੀ?
16 ਜਿਉਂ-ਜਿਉਂ ਯਰੂਸ਼ਲਮ ਦੀ ਕੰਧ ਦੀ ਮੁੜ ਉਸਾਰੀ ਦਾ ਕੰਮ ਅੱਗੇ ਵਧਦਾ ਗਿਆ ਅਤੇ ਕੰਧ ਉੱਚੀ ਹੁੰਦੀ ਗਈ, ਕੰਮ ਜ਼ਿਆਦਾ ਔਖਾ ਹੁੰਦਾ ਗਿਆ। ਉਦੋਂ ਇਕ ਸਮੱਸਿਆ ਜ਼ਾਹਰ ਹੋਈ ਜੋ ਸਖ਼ਤ ਮਿਹਨਤ ਕਰ ਰਹੇ ਰਾਜਗੀਰਾਂ ਦੀ ਮਨੋਬਿਰਤੀ ਲਈ ਖ਼ਤਰਾ ਸੀ। ਅਨਾਜ ਦੀ ਕਮੀ ਕਰਕੇ, ਕੁਝ ਯਹੂਦੀਆਂ ਨੂੰ ਆਪਣੇ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕਰਨਾ ਅਤੇ ਫ਼ਾਰਸ ਦੀ ਸਰਕਾਰ ਨੂੰ ਕਰ ਦੇਣਾ ਮੁਸ਼ਕਲ ਪੈ ਰਿਹਾ ਸੀ। ਅਮੀਰ ਯਹੂਦੀਆਂ ਨੇ ਉਨ੍ਹਾਂ ਨੂੰ ਖਾਣਾ ਅਤੇ ਪੈਸੇ ਉਧਾਰ ਦਿੱਤੇ। ਲੇਕਿਨ, ਪਰਮੇਸ਼ੁਰ ਦੀ ਬਿਵਸਥਾ ਦੇ ਉਲਟ, ਗ਼ਰੀਬ ਇਸਰਾਏਲੀਆਂ ਨੂੰ ਆਪਣੀਆਂ ਜ਼ਮੀਨਾਂ ਅਤੇ ਆਪਣੇ ਬੱਚਿਆਂ ਨੂੰ ਗਿਰਵੀ ਰੱਖਣਾ ਪਿਆ ਜੋ ਇਸ ਗੱਲ ਦੀ ਜ਼ਮਾਨਤ ਸੀ ਕਿ ਉਹ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਵਾਪਸ ਦੇਣਗੇ। (ਕੂਚ 22:25; ਲੇਵੀਆਂ 25:35-37; ਨਹਮਯਾਹ 4:6, 10; 5:1-5) ਹੁਣ ਲੈਣਦਾਰ ਉਨ੍ਹਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕਰਨ ਦੀ ਧਮਕੀ ਦੇ ਰਹੇ ਸਨ ਅਤੇ ਉਨ੍ਹਾਂ ਨੂੰ ਆਪਣੇ ਬੱਚੇ ਗ਼ੁਲਾਮਾਂ ਵਜੋਂ ਵੇਚਣ ਲਈ ਮਜਬੂਰ ਕਰ ਰਹੇ ਸਨ। ਨਹਮਯਾਹ ਇਸ ਨਿਰਮੋਹੀ ਅਤੇ ਭੌਤਿਕਵਾਦੀ ਰਵੱਈਏ ਕਾਰਨ ਬਹੁਤ ਗੁੱਸੇ ਹੋਇਆ। ਇਹ ਨਿਸ਼ਚਿਤ ਕਰਨ ਲਈ ਕਿ ਯਹੋਵਾਹ ਦੀ ਬਰਕਤ ਯਰੂਸ਼ਲਮ ਦੀ ਕੰਧ ਦੀ ਮੁੜ ਉਸਾਰੀ ਉੱਤੇ ਬਣੀ ਰਹੇ, ਉਸ ਨੇ ਫ਼ੌਰਨ ਕਦਮ ਚੁੱਕੇ।
17. ਇਹ ਨਿਸ਼ਚਿਤ ਕਰਨ ਲਈ ਕਿ ਯਹੋਵਾਹ ਦੀ ਬਰਕਤ ਉਸਾਰੀ ਦੇ ਕੰਮ ਉੱਤੇ ਬਣੀ ਰਹੇ, ਨਹਮਯਾਹ ਨੇ ਕੀ ਕੀਤਾ, ਅਤੇ ਇਸ ਦਾ ਕੀ ਨਤੀਜਾ ਨਿਕਲਿਆ?
17 “ਇੱਕ ਵੱਡੀ ਸਭਾ” ਦਾ ਇੰਤਜ਼ਾਮ ਕੀਤਾ ਗਿਆ, ਅਤੇ ਨਹਮਯਾਹ ਨੇ ਅਮੀਰ ਇਸਰਾਏਲੀਆਂ ਨੂੰ ਸਪੱਸ਼ਟ ਤੌਰ ਤੇ ਦਿਖਾਇਆ ਕਿ ਜੋ ਉਨ੍ਹਾਂ ਨੇ ਕੀਤਾ ਸੀ ਉਸ ਤੋਂ ਉਨ੍ਹਾਂ ਨੇ ਯਹੋਵਾਹ ਨੂੰ ਨਾਰਾਜ਼ ਕੀਤਾ ਸੀ। ਫਿਰ ਉਸ ਨੇ ਦੋਸ਼ੀ ਲੋਕਾਂ ਨੂੰ, ਜਿਨ੍ਹਾਂ ਵਿਚ ਕੁਝ ਜਾਜਕ ਵੀ ਸ਼ਾਮਲ ਸਨ, ਬੇਨਤੀ ਕੀਤੀ ਕਿ ਉਹ ਗ਼ਰੀਬ ਇਸਰਾਏਲੀਆਂ ਤੋਂ ਲਏ ਸਾਰੇ ਵਿਆਜ ਨੂੰ ਵਾਪਸ ਕਰ ਦੇਣ, ਅਤੇ ਉਨ੍ਹਾਂ ਜ਼ਮੀਨਾਂ ਨੂੰ ਵੀ ਵਾਪਸ ਕਰ ਦੇਣ ਜੋ ਗ਼ੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਲੋਕਾਂ ਤੋਂ ਲਈਆਂ ਗਈਆਂ ਸਨ ਜੋ ਵਿਆਜ ਨਹੀਂ ਦੇ ਸਕਦੇ ਸਨ। ਸ਼ਲਾਘਾਯੋਗ ਢੰਗ ਨਾਲ, ਦੋਸ਼ੀ ਲੋਕਾਂ ਨੇ ਕਿਹਾ: “ਅਸੀਂ ਮੋੜ ਦਿਆਂਗੇ ਅਤੇ ਉਨ੍ਹਾਂ ਕੋਲੋਂ ਕੁਛ ਨਹੀਂ ਲਵਾਂਗੇ, ਅਸੀਂ ਓਦਾਂ ਹੀ ਕਰਾਂਗੇ ਜਿਵੇਂ ਤੁਸਾਂ ਆਖਿਆ ਹੈ।” ਇਹ ਖੋਖਲੇ ਸ਼ਬਦ ਨਹੀਂ ਸਨ, ਕਿਉਂਕਿ ਬਾਈਬਲ ਬਿਆਨ ਕਰਦੀ ਹੈ ਕਿ “ਲੋਕਾਂ ਨੇ [ਨਹਮਯਾਹ ਦੇ] ਵਾਇਦੇ ਦੇ ਅਨੁਸਾਰ ਕੰਮ ਕੀਤਾ।” ਅਤੇ ਸਾਰੀ ਸਭਾ ਨੇ ਯਹੋਵਾਹ ਦੀ ਉਸਤਤ ਕੀਤੀ।—ਨਹਮਯਾਹ 5:7-13.
18. ਯਹੋਵਾਹ ਦੇ ਗਵਾਹ ਕਿਸ ਰਵੱਈਏ ਲਈ ਜਾਣੇ ਜਾਂਦੇ ਹਨ?
18 ਸਾਡੇ ਦਿਨਾਂ ਬਾਰੇ ਕੀ? ਲੁੱਟ-ਖਸੁੱਟ ਕਰਨ ਦੀ ਬਜਾਇ, ਯਹੋਵਾਹ ਦੇ ਗਵਾਹ ਮੁਸੀਬਤ ਵਿਚ ਪੈਣ ਵਾਲੇ ਸੰਗੀ ਵਿਸ਼ਵਾਸੀਆਂ ਅਤੇ ਦੂਜੇ ਲੋਕਾਂ ਪ੍ਰਤੀ ਆਪਣੇ ਖੁੱਲ੍ਹ-ਦਿਲੇ ਰਵੱਈਏ ਕਰਕੇ ਦੂਰ-ਦੂਰ ਤਕ ਜਾਣੇ ਜਾਂਦੇ ਹਨ। ਨਹਮਯਾਹ ਦੇ ਦਿਨਾਂ ਵਾਂਗ, ਇਸ ਦੇ ਕਾਰਨ ਲੋਕਾਂ ਨੇ ਯਹੋਵਾਹ ਦੀ ਉਸਤਤ ਵਿਚ ਧੰਨਵਾਦ ਦਾ ਕਈ ਵਾਰ ਪ੍ਰਗਟਾਵਾ ਕੀਤਾ ਹੈ। ਫਿਰ ਵੀ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਕਾਰੋਬਾਰੀ ਮਾਮਲਿਆਂ ਬਾਰੇ ਅਤੇ ਲਾਲਚ ਕਰਕੇ ਦੂਜਿਆਂ ਨੂੰ ਲੁੱਟਣ ਤੋਂ ਬਚਣ ਦੀ ਲੋੜ ਉੱਤੇ ਸ਼ਾਸਤਰ-ਸੰਬੰਧੀ ਸਲਾਹ ਦੇਣ ਦੀ ਜ਼ਰੂਰਤ ਦੇਖੀ ਹੈ। ਕੁਝ ਦੇਸ਼ਾਂ ਵਿਚ ਬਹੁਤ ਜ਼ਿਆਦਾ ਵਹੁਟੀ-ਮੁੱਲ ਮੰਗਣਾ ਆਮ ਗੱਲ ਹੈ, ਲੇਕਿਨ ਬਾਈਬਲ ਸਾਫ਼-ਸਾਫ਼ ਚੇਤਾਵਨੀ ਦਿੰਦੀ ਹੈ ਕਿ ਲੋਭੀ ਅਤੇ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। (1 ਕੁਰਿੰਥੀਆਂ 6:9, 10) ਜ਼ਿਆਦਾਤਰ ਮਸੀਹੀਆਂ ਦਾ ਇਸ ਸਲਾਹ ਨੂੰ ਸਵੀਕਾਰ ਕਰਨਾ ਇਸ ਗੱਲ ਨੂੰ ਯਾਦ ਦਿਲਾਉਂਦਾ ਹੈ ਕਿ ਉਨ੍ਹਾਂ ਯਹੂਦੀਆਂ ਨੇ ਆਪਣੇ ਗ਼ਰੀਬ ਭਰਾਵਾਂ ਦੀ ਲੁੱਟ-ਖਸੁੱਟ ਕਰਨ ਦੇ ਪਾਪ ਨੂੰ ਕਿਸ ਤਰ੍ਹਾਂ ਕਬੂਲ ਕੀਤਾ।
ਯਰੂਸ਼ਲਮ ਦੀ ਕੰਧ ਦੀ ਉਸਾਰੀ ਪੂਰੀ ਹੋਈ
19, 20. (ੳ) ਯਰੂਸ਼ਲਮ ਦੀ ਕੰਧ ਦੀ ਉਸਾਰੀ ਦੇ ਪੂਰਾ ਹੋਣ ਨਾਲ ਧਾਰਮਿਕ ਵਿਰੋਧੀਆਂ ਉੱਤੇ ਕੀ ਪ੍ਰਭਾਵ ਪਿਆ? (ਅ) ਅਨੇਕ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਕਿਹੜੀ ਜਿੱਤ ਹਾਸਲ ਕੀਤੀ ਹੈ?
19 ਸਾਰੀ ਵਿਰੋਧਤਾ ਦੇ ਬਾਵਜੂਦ, ਯਰੂਸ਼ਲਮ ਦੀ ਕੰਧ ਦੀ ਉਸਾਰੀ 52 ਦਿਨਾਂ ਵਿਚ ਪੂਰੀ ਹੋ ਗਈ ਸੀ। ਵਿਰੋਧੀਆਂ ਉੱਤੇ ਇਸ ਦਾ ਕੀ ਪ੍ਰਭਾਵ ਪਿਆ? ਨਹਮਯਾਹ ਨੇ ਕਿਹਾ: “ਜਦ ਸਾਡੇ ਸਾਰੇ ਵੈਰੀਆਂ ਨੇ ਸੁਣਿਆ ਅਤੇ ਸਾਰੀਆਂ ਕੌਮਾਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਸਨ ਵੇਖਿਆ, ਓਹ ਆਪਣੀ ਹੀ ਨਿਗਾਹ ਵਿੱਚ ਆਪ ਹੀ ਡਿੱਗ ਪਏ, ਕਿਉਂਕਿ ਉਨ੍ਹਾਂ ਨੇ ਜਾਣ ਲਿਆ ਕਿ ਏਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਕੀਤਾ ਜਾ ਰਿਹਾ ਹੈ।”—ਨਹਮਯਾਹ 6:16.
20 ਅੱਜ, ਪਰਮੇਸ਼ੁਰ ਦੇ ਕੰਮ ਉੱਤੇ ਦੁਸ਼ਮਣਾਂ ਦੀ ਵਿਰੋਧਤਾ ਵਿਭਿੰਨ ਤਰੀਕਿਆਂ ਨਾਲ ਅਤੇ ਕਈ ਦੇਸ਼ਾਂ ਵਿਚ ਜਾਰੀ ਹੈ। ਲੇਕਿਨ, ਲੱਖਾਂ ਹੀ ਲੋਕਾਂ ਨੇ ਦੇਖਿਆ ਹੈ ਕਿ ਯਹੋਵਾਹ ਦੇ ਗਵਾਹਾਂ ਦੀ ਵਿਰੋਧਤਾ ਕਰਨੀ ਵਿਅਰਥ ਹੈ। ਉਦਾਹਰਣ ਲਈ, ਨਾਜ਼ੀ ਜਰਮਨੀ, ਪੂਰਬੀ ਯੂਰਪ, ਅਤੇ ਅਨੇਕ ਅਫ਼ਰੀਕੀ ਦੇਸ਼ਾਂ ਵਿਚ ਪ੍ਰਚਾਰ ਕੰਮ ਨੂੰ ਖ਼ਤਮ ਕਰਨ ਦੀਆਂ ਪਿਛਲੀਆਂ ਕੋਸ਼ਿਸ਼ਾਂ ਉੱਤੇ ਧਿਆਨ ਦਿਓ। ਅਜਿਹੇ ਸਾਰੇ ਜਤਨ ਅਸਫ਼ਲ ਹੋਏ ਹਨ, ਅਤੇ ਅਨੇਕ ਲੋਕ ਹੁਣ ਸਵੀਕਾਰ ਕਰਦੇ ਹਨ ਕਿ ‘ਸਾਡਾ ਕੰਮ ਪਰਮੇਸ਼ੁਰ ਵੱਲੋਂ ਕੀਤਾ ਜਾ ਰਿਹਾ ਹੈ।’ ਇਹ ਬਹੁਤ ਸਾਲਾਂ ਤੋਂ ਵਫ਼ਾਦਾਰ ਰਹੇ ਉਨ੍ਹਾਂ ਵਿਅਕਤੀਆਂ ਲਈ ਕਿੰਨਾ ਵੱਡਾ ਇਨਾਮ ਸਿੱਧ ਹੋਇਆ ਹੈ ਜਿਨ੍ਹਾਂ ਨੇ ਇਨ੍ਹਾਂ ਦੇਸ਼ਾਂ ਵਿਚ ਯਹੋਵਾਹ ਦੀ ਉਪਾਸਨਾ ਨੂੰ “ਆਪਣੇ ਉੱਤਮ ਅਨੰਦ ਤੋਂ ਉੱਚਾ” ਰੱਖਿਆ ਹੈ!
21. ਅਗਲੇ ਲੇਖ ਵਿਚ ਕਿਹੜੀਆਂ ਮਹੱਤਵਪੂਰਣ ਘਟਨਾਵਾਂ ਉੱਤੇ ਵਿਚਾਰ ਕੀਤਾ ਜਾਵੇਗਾ?
21 ਅਗਲੇ ਲੇਖ ਵਿਚ, ਅਸੀਂ ਉਨ੍ਹਾਂ ਮਹੱਤਵਪੂਰਣ ਘਟਨਾਵਾਂ ਬਾਰੇ ਚਰਚਾ ਕਰਾਂਗੇ ਜੋ ਯਰੂਸ਼ਲਮ ਦੀ ਮੁੜ ਉਸਾਰੀ ਗਈ ਕੰਧ ਦੇ ਖ਼ੁਸ਼ੀ-ਭਰੇ ਉਦਘਾਟਨ ਤੋਂ ਪਹਿਲਾਂ ਵਾਪਰੀਆਂ ਸਨ। ਅਸੀਂ ਇਸ ਉੱਤੇ ਵੀ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਸਾਰੀ ਮਨੁੱਖਜਾਤੀ ਦੇ ਲਾਭ ਲਈ ਇਕ ਜ਼ਿਆਦਾ ਉੱਤਮ ਸ਼ਹਿਰ ਦੀ ਉਸਾਰੀ ਪੂਰੀ ਹੋਣ ਵਾਲੀ ਹੈ।
ਕੀ ਤੁਹਾਨੂੰ ਯਾਦ ਹੈ?
◻ ਅਜ਼ਰਾ ਅਤੇ ਦੂਜੇ ਲੋਕਾਂ ਨੇ ਕਿਸ ਤਰ੍ਹਾਂ ਯਰੂਸ਼ਲਮ ਉੱਤੇ ਆਨੰਦ ਕੀਤਾ?
◻ ਅਜ਼ਰਾ ਅਤੇ ਨਹਮਯਾਹ ਨੇ ਯਹੂਦੀਆਂ ਦੀਆਂ ਕਿਹੜੀਆਂ ਗ਼ਲਤੀਆਂ ਸੁਧਾਰਨ ਵਿਚ ਮਦਦ ਕੀਤੀ?
◻ ਤੁਸੀਂ ਅਜ਼ਰਾ ਅਤੇ ਨਹਮਯਾਹ ਦੇ ਇਨ੍ਹਾਂ ਬਿਰਤਾਂਤਾਂ ਤੋਂ ਕਿਹੜੇ ਸਬਕ ਸਿੱਖ ਸਕਦੇ ਹੋ?
[ਸਫ਼ੇ 21 ਉੱਤੇ ਤਸਵੀਰ]
ਨਹਮਯਾਹ ਦੀ ਮੁੱਖ ਚਿੰਤਾ ਯਰੂਸ਼ਲਮ ਸੀ, ਨਾ ਕਿ ਸ਼ੂਸ਼ਨ ਵਿਚ ਉਸ ਦੀ ਇੱਜ਼ਤਦਾਰ ਨੌਕਰੀ
[ਸਫ਼ੇ 22, 23 ਉੱਤੇ ਤਸਵੀਰਾਂ]
ਨਹਮਯਾਹ ਵਾਂਗ, ਸਾਨੂੰ ਵੀ ਆਪਣੇ ਮਹੱਤਵਪੂਰਣ ਪ੍ਰਚਾਰ ਕੰਮ ਵਿਚ ਲੱਗੇ ਰਹਿਣ ਲਈ ਯਹੋਵਾਹ ਨੂੰ ਅਗਵਾਈ ਅਤੇ ਤਾਕਤ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ