ਪ੍ਰਾਰਥਨਾ ਵਿਚ ਪਵਿੱਤਰ ਹੱਥ ਅੱਡੋ
“ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨੀਂ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ।”—1 ਤਿਮੋਥਿਉਸ 2:8.
1, 2. (ੳ) ਯਹੋਵਾਹ ਦਿਆਂ ਲੋਕਾਂ ਦੇ ਸੰਬੰਧ ਵਿਚ 1 ਤਿਮੋਥਿਉਸ 2:8, ਪ੍ਰਾਰਥਨਾ ਉੱਤੇ ਕਿਸ ਤਰ੍ਹਾਂ ਲਾਗੂ ਹੁੰਦਾ ਹੈ? (ਅ) ਅਸੀਂ ਹੁਣ ਕਿਸ ਗੱਲ ਉੱਤੇ ਵਿਚਾਰ ਕਰਾਂਗੇ?
ਯਹੋਵਾਹ ਆਪਣੇ ਲੋਕਾਂ ਤੋਂ ਉਸ ਪ੍ਰਤੀ ਅਤੇ ਇਕ ਦੂਸਰੇ ਪ੍ਰਤੀ ਵਫ਼ਾਦਾਰ ਰਹਿਣ ਦੀ ਉਮੀਦ ਰੱਖਦਾ ਹੈ। ਪੌਲੁਸ ਰਸੂਲ ਨੇ ਵਫ਼ਾਦਾਰੀ ਦਾ ਸੰਬੰਧ ਪ੍ਰਾਰਥਨਾ ਨਾਲ ਜੋੜਿਆ ਜਦੋਂ ਉਸ ਨੇ ਲਿਖਿਆ: “ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨੀਂ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ।” (1 ਤਿਮੋਥਿਉਸ 2:8) ਜ਼ਾਹਰਾ ਤੌਰ ਤੇ, ਪੌਲੁਸ “ਸਭਨੀਂ ਥਾਈਂ,” ਜਿੱਥੇ ਮਸੀਹੀ ਇਕੱਠੇ ਹੁੰਦੇ ਹਨ, ਇਕੱਠ ਵਿਚ ਕੀਤੀ ਗਈ ਪ੍ਰਾਰਥਨਾ ਬਾਰੇ ਗੱਲ ਕਰ ਰਿਹਾ ਸੀ। ਮਸੀਹੀ ਸਭਾਵਾਂ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਕਿਨ੍ਹਾਂ ਨੇ ਪ੍ਰਾਰਥਨਾ ਕਰਨੀ ਸੀ? ਸਿਰਫ਼ ਪਵਿੱਤਰ, ਧਰਮੀ, ਸ਼ਰਧਾਮਈ ਮਨੁੱਖਾਂ ਨੇ, ਜਿਨ੍ਹਾਂ ਨੇ ਪਰਮੇਸ਼ੁਰ ਪ੍ਰਤੀ ਆਪਣੇ ਸ਼ਾਸਤਰ-ਸੰਬੰਧੀ ਫ਼ਰਜ਼ਾਂ ਨੂੰ ਧਿਆਨ ਨਾਲ ਨਿਭਾਇਆ ਹੈ। (ਉਪਦੇਸ਼ਕ ਦੀ ਪੋਥੀ 12:13, 14) ਉਨ੍ਹਾਂ ਨੂੰ ਅਧਿਆਤਮਿਕ ਅਤੇ ਨੈਤਿਕ ਤੌਰ ਤੇ ਸਾਫ਼ ਹੋਣ ਦੀ ਲੋੜ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਸੀ ਕਿ ਉਹ ਯਹੋਵਾਹ ਪਰਮੇਸ਼ੁਰ ਨੂੰ ਅਰਪਿਤ ਸਨ।
2 ਕਲੀਸਿਯਾ ਦਿਆਂ ਬਜ਼ੁਰਗਾਂ ਨੂੰ ਖ਼ਾਸ ਕਰਕੇ ‘ਪ੍ਰਾਰਥਨਾ ਵਿਚ ਪਵਿੱਤਰ ਹੱਥ ਅੱਡਣੇ’ ਚਾਹੀਦੇ ਹਨ। ਯਿਸੂ ਮਸੀਹ ਦੇ ਰਾਹੀਂ ਉਨ੍ਹਾਂ ਦੀਆਂ ਦਿਲੋਂ ਪ੍ਰਾਰਥਨਾਵਾਂ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਪ੍ਰਗਟ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਬਹਿਸ ਕਰਨ ਅਤੇ ਕ੍ਰੋਧ ਵਿਚ ਭੜਕਣ ਤੋਂ ਪਰਹੇਜ਼ ਕਰਨ ਦੀ ਮਦਦ ਕਰਦੀਆਂ ਹਨ। ਦਰਅਸਲ, ਕਿਸੇ ਵੀ ਮਨੁੱਖ ਨੂੰ, ਜਿਸ ਨੂੰ ਮਸੀਹੀ ਕਲੀਸਿਯਾ ਲਈ ਪ੍ਰਾਰਥਨਾ ਕਰਨ ਦਾ ਵਿਸ਼ੇਸ਼-ਸਨਮਾਨ ਦਿੱਤਾ ਜਾਂਦਾ ਹੈ, ਕ੍ਰੋਧ, ਖੁਣਸ ਅਤੇ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਬੇਵਫ਼ਾਈ ਤੋਂ ਮੁਕਤ ਹੋਣਾ ਚਾਹੀਦਾ ਹੈ। (ਯਾਕੂਬ 1:19, 20) ਜਿਨ੍ਹਾਂ ਕੋਲ ਪਬਲਿਕ ਪ੍ਰਾਰਥਨਾ ਕਰਨ ਦਾ ਵਿਸ਼ੇਸ਼-ਸਨਮਾਨ ਹੈ ਉਨ੍ਹਾਂ ਵਾਸਤੇ ਹੋਰ ਕਿਹੜੀ ਬਾਈਬਲੀ ਅਗਵਾਈ ਹੈ? ਸਾਡੀਆਂ ਨਿੱਜੀ ਅਤੇ ਪਰਿਵਾਰਕ ਪ੍ਰਾਰਥਨਾਵਾਂ ਉੱਤੇ ਸਾਨੂੰ ਕਿਹੜੇ ਸ਼ਾਸਤਰ-ਸੰਬੰਧੀ ਸਿਧਾਂਤ ਲਾਗੂ ਕਰਨ ਦੀ ਲੋੜ ਹੈ?
ਪ੍ਰਾਰਥਨਾ ਉੱਤੇ ਅਗਾਊਂ ਸੋਚ-ਵਿਚਾਰ ਕਰੋ
3, 4. (ੳ) ਇਕੱਠ ਵਿਚ ਕੀਤੀ ਜਾਂਦੀ ਪ੍ਰਾਰਥਨਾ ਉੱਤੇ ਅਗਾਊਂ ਸੋਚ-ਵਿਚਾਰ ਕਰਨਾ ਕਿਉਂ ਲਾਭਦਾਇਕ ਹੈ? (ਅ) ਬਾਈਬਲ, ਪ੍ਰਾਰਥਨਾਵਾਂ ਦੀ ਲੰਬਾਈ ਬਾਰੇ ਕੀ ਸੰਕੇਤ ਕਰਦੀ ਹੈ?
3 ਜੇਕਰ ਸਾਨੂੰ ਇਕੱਠ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਵੇ, ਤਾਂ ਸੰਭਵ ਹੈ ਕਿ ਅਸੀਂ ਆਪਣੀ ਪ੍ਰਾਰਥਨਾ ਉੱਤੇ ਕੁਝ ਅਗਾਊਂ ਸੋਚ-ਵਿਚਾਰ ਕਰ ਸਕਾਂਗੇ। ਇਸ ਤਰ੍ਹਾਂ ਕਰਨ ਨਾਲ ਸ਼ਾਇਦ ਅਸੀਂ ਇਕ ਲੰਬੀ, ਇਧਰ-ਉਧਰ ਦੀਆਂ ਗੱਲਾਂ ਮਾਰਨ ਵਾਲੀ ਪ੍ਰਾਰਥਨਾ ਕਰਨ ਦੀ ਬਜਾਇ, ਉਚਿਤ ਮਹੱਤਵਪੂਰਣ ਮਾਮਲਿਆਂ ਬਾਰੇ ਗੱਲ ਕਰਾਂਗੇ। ਨਿਰਸੰਦੇਹ, ਸਾਡੀਆਂ ਨਿੱਜੀ ਪ੍ਰਾਰਥਨਾਵਾਂ ਵੀ ਉੱਚੀ ਆਵਾਜ਼ ਵਿਚ ਕੀਤੀਆਂ ਜਾ ਸਕਦੀਆਂ ਹਨ। ਉਹ ਜਿੰਨੀਆਂ ਵੀ ਮਰਜ਼ੀ ਲੰਬੀਆਂ ਹੋ ਸਕਦੀਆਂ ਹਨ। ਆਪਣੇ 12 ਰਸੂਲ ਚੁਣਨ ਤੋਂ ਪਹਿਲਾਂ ਯਿਸੂ ਨੇ ਸਾਰੀ ਰਾਤ ਪ੍ਰਾਰਥਨਾ ਕਰਨ ਵਿਚ ਗੁਜ਼ਾਰੀ। ਲੇਕਿਨ, ਜਦੋਂ ਉਸ ਨੇ ਆਪਣੀ ਮੌਤ ਦਾ ਸਮਾਰਕ ਸਥਾਪਿਤ ਕੀਤਾ, ਤਾਂ ਸਪੱਸ਼ਟ ਹੈ ਕਿ ਰੋਟੀ ਅਤੇ ਦਾਖ-ਰਸ ਉੱਤੇ ਉਸ ਦੀਆਂ ਪ੍ਰਾਰਥਨਾਵਾਂ ਛੋਟੀਆਂ ਸਨ। (ਮਰਕੁਸ 14:22-24; ਲੂਕਾ 6:12-16) ਅਤੇ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਯਿਸੂ ਦੀਆਂ ਛੋਟੀਆਂ ਪ੍ਰਾਰਥਨਾਵਾਂ ਵੀ ਸਵੀਕਾਰ ਕੀਤੀਆਂ।
4 ਫ਼ਰਜ਼ ਕਰੋ ਕਿ ਖਾਣੇ ਤੋਂ ਪਹਿਲਾਂ ਸਾਨੂੰ ਕਿਸੇ ਪਰਿਵਾਰ ਲਈ ਪ੍ਰਾਰਥਨਾ ਕਰਨ ਦਾ ਵਿਸ਼ੇਸ਼-ਸਨਮਾਨ ਦਿੱਤਾ ਜਾਂਦਾ ਹੈ। ਅਜਿਹੀ ਪ੍ਰਾਰਥਨਾ ਛੋਟੀ ਹੋ ਸਕਦੀ ਹੈ—ਲੇਕਿਨ ਜੋ ਵੀ ਕਿਹਾ ਜਾਂਦਾ ਹੈ ਉਸ ਵਿਚ ਖਾਣੇ ਲਈ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਸੀਂ ਮਸੀਹੀ ਸਭਾ ਤੋਂ ਪਹਿਲਾਂ ਜਾਂ ਬਾਅਦ ਇਕੱਠ ਵਿਚ ਪ੍ਰਾਰਥਨਾ ਕਰ ਰਹੇ ਹਾਂ, ਤਾਂ ਸਾਨੂੰ ਕਈ ਨੁਕਤਿਆਂ ਵਾਲੀ ਲੰਬੀ ਪ੍ਰਾਰਥਨਾ ਕਰਨ ਦੀ ਲੋੜ ਨਹੀਂ। ਯਿਸੂ ਨੇ ਗ੍ਰੰਥੀਆਂ ਉੱਤੇ ਦੋਸ਼ ਲਾਇਆ ਜੋ ‘ਵਿਖਾਲਣ ਲਈ ਲੰਮੀਆਂ ਪ੍ਰਾਰਥਨਾਂ ਕਰਦੇ ਸਨ।’ (ਲੂਕਾ 20:46, 47) ਇਕ ਧਰਮੀ ਇਨਸਾਨ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ। ਫਿਰ ਵੀ, ਕਦੀ-ਕਦੀ, ਇਕੱਠ ਵਿਚ ਥੋੜ੍ਹੀ ਕੁ ਲੰਬੀ ਪ੍ਰਾਰਥਨਾ ਸ਼ਾਇਦ ਉਚਿਤ ਹੋਵੇ। ਮਿਸਾਲ ਲਈ, ਸੰਮੇਲਨ ਤੇ ਅਖ਼ੀਰਲੀ ਪ੍ਰਾਰਥਨਾ ਕਰਨ ਲਈ ਚੁਣੇ ਗਏ ਇਕ ਬਜ਼ੁਰਗ ਨੂੰ ਇਸ ਉੱਤੇ ਅਗਾਊਂ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਉਹ ਸ਼ਾਇਦ ਕਈ ਨੁਕਤਿਆਂ ਦਾ ਜ਼ਿਕਰ ਕਰਨਾ ਚਾਹੇ। ਫਿਰ ਵੀ, ਅਜਿਹੀ ਪ੍ਰਾਰਥਨਾ ਵੀ ਬੇਹੱਦ ਲੰਬੀ ਨਹੀਂ ਹੋਣੀ ਚਾਹੀਦੀ।
ਸ਼ਰਧਾ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰੋ
5. (ੳ) ਇਕੱਠ ਵਿਚ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਕੀ ਯਾਦ ਰੱਖਣ ਦੀ ਲੋੜ ਹੈ? (ਅ) ਮਾਣ ਅਤੇ ਸ਼ਰਧਾ ਨਾਲ ਪ੍ਰਾਰਥਨਾ ਕਰਨ ਦੀ ਕਿਉਂ ਜ਼ਰੂਰਤ ਹੈ?
5 ਜਦੋਂ ਅਸੀਂ ਇਕੱਠ ਵਿਚ ਪ੍ਰਾਰਥਨਾ ਕਰਦੇ ਹਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਮਨੁੱਖਾਂ ਨਾਲ ਗੱਲ ਨਹੀਂ ਕਰ ਰਹੇ। ਇਸ ਦੀ ਬਜਾਇ, ਅਸੀਂ ਸਰਬਸੱਤਾਵਾਨ ਪ੍ਰਭੂ ਯਹੋਵਾਹ ਨੂੰ ਬੇਨਤੀ ਕਰ ਰਹੇ ਪਾਪੀ ਬੰਦੇ ਹਾਂ। (ਜ਼ਬੂਰ 8:3-5, 9; 73:28) ਇਸ ਲਈ, ਜੋ ਅਸੀਂ ਕਹਿੰਦੇ ਹਾਂ ਅਤੇ ਉਸ ਨੂੰ ਕਿਸ ਤਰ੍ਹਾਂ ਕਹਿੰਦੇ ਹਾਂ, ਉਸ ਵਿਚ ਸਾਨੂੰ ਯਹੋਵਾਹ ਨੂੰ ਨਾਖ਼ੁਸ਼ ਕਰਨ ਦਾ ਸ਼ਰਧਾਮਈ ਭੈ ਪ੍ਰਗਟ ਕਰਨਾ ਚਾਹੀਦਾ ਹੈ। (ਕਹਾਉਤਾਂ 1:7) ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਗਾਇਆ: “ਮੈਂ ਤੇਰੀ ਘਨੇਰੀ ਦਯਾ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ, ਮੈਂ ਤੇਰੇ ਭੈ ਨਾਲ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ।” (ਜ਼ਬੂਰ 5:7) ਜੇਕਰ ਸਾਡਾ ਰਵੱਈਆ ਇਸ ਤਰ੍ਹਾਂ ਦਾ ਹੈ, ਤਾਂ ਜਦੋਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਸਾਨੂੰ ਇਕੱਠ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਵੇ ਤਾਂ ਅਸੀਂ ਗੱਲ ਕਿਸ ਤਰ੍ਹਾਂ ਕਰਾਂਗੇ? ਜੇਕਰ ਅਸੀਂ ਮਨੁੱਖੀ ਰਾਜੇ ਨਾਲ ਗੱਲ ਕਰ ਰਹੇ ਹੁੰਦੇ ਤਾਂ ਅਸੀਂ ਆਦਰ ਅਤੇ ਮਾਣ ਨਾਲ ਗੱਲ ਕਰਦੇ। ਤਾਂ ਫਿਰ, ਕਿਉਂਕਿ ਅਸੀਂ ਯਹੋਵਾਹ, ਯਾਨੀ ‘ਜੁੱਗਾਂ ਦੇ ਮਹਾਰਾਜ,’ ਨੂੰ ਪ੍ਰਾਰਥਨਾ ਕਰ ਰਹੇ ਹਾਂ ਕੀ ਸਾਡੀਆਂ ਪ੍ਰਾਰਥਨਾਵਾਂ ਜ਼ਿਆਦਾ ਮਾਣ ਵਾਲੀਆਂ ਅਤੇ ਸ਼ਰਧਾ ਭਰੀਆਂ ਨਹੀਂ ਹੋਣੀਆਂ ਚਾਹੀਦੀਆਂ? (ਪਰਕਾਸ਼ ਦੀ ਪੋਥੀ 15:3, ਨਿ ਵ) ਇਸ ਲਈ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਅਜਿਹੇ ਬਿਆਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਵੇਂ ਕਿ, “ਨਮਸਤੇ, ਯਹੋਵਾਹ,” “ਅਸੀਂ ਤੁਹਾਨੂੰ ਆਪਣਾ ਪ੍ਰੇਮ ਭੇਜਦੇ ਹਾਂ,” ਜਾਂ, “ਚੰਗਾ ਫੇਰ।” ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਇਕਲੌਤੇ ਪੁੱਤਰ, ਯਿਸੂ ਮਸੀਹ, ਨੇ ਇਸ ਤਰੀਕੇ ਨਾਲ ਯਹੋਵਾਹ ਨਾਲ ਕਦੀ ਵੀ ਨਹੀਂ ਗੱਲ ਕੀਤੀ ਸੀ।
6. ਜਦੋਂ ਅਸੀਂ ‘ਕਿਰਪਾ ਦੇ ਸਿੰਘਾਸਣ ਦੇ ਅੱਗੇ ਚੱਲਦੇ’ ਹਾਂ ਤਾਂ ਸਾਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ?
6 ਪੌਲੁਸ ਨੇ ਕਿਹਾ: “ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ [“ਬੋਲਣ ਦੀ ਆਜ਼ਾਦੀ,” ਨਿ ਵ] ਨਾਲ ਚੱਲੀਏ।” (ਇਬਰਾਨੀਆਂ 4:16) ਅਸੀਂ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਆਪਣੀ ਨਿਹਚਾ ਕਾਰਨ ਆਪਣੀ ਪਾਪੀ ਸਥਿਤੀ ਦੇ ਬਾਵਜੂਦ ਯਹੋਵਾਹ ਦੇ ਅੱਗੇ “ਬੋਲਣ ਦੀ ਆਜ਼ਾਦੀ ਨਾਲ” ਜਾ ਸਕਦੇ ਹਾਂ। (ਰਸੂਲਾਂ ਦੇ ਕਰਤੱਬ 10:42, 43; 20:20, 21) ਲੇਕਿਨ, ਅਜਿਹੀ “ਬੋਲਣ ਜੀ ਆਜ਼ਾਦੀ” ਦਾ ਮਤਲਬ ਇਹ ਨਹੀਂ ਕਿ ਅਸੀਂ ਪਰਮੇਸ਼ੁਰ ਨਾਲ ਗੱਪਸ਼ੱਪ ਮਾਰ ਰਹੇ ਹਾਂ; ਨਾ ਹੀ ਸਾਨੂੰ ਉਸ ਨੂੰ ਨਿਰਾਦਰ ਭਰੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਹਨ। ਜੇਕਰ ਇਕੱਠ ਵਿਚ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਨੇ ਯਹੋਵਾਹ ਨੂੰ ਖ਼ੁਸ਼ ਕਰਨਾ ਹੈ, ਤਾਂ ਉਨ੍ਹਾਂ ਨੂੰ ਉਚਿਤ ਆਦਰ ਅਤੇ ਮਾਣ ਨਾਲ ਪੇਸ਼ ਕਰਨ ਦੀ ਲੋੜ ਹੈ, ਅਤੇ ਇਨ੍ਹਾਂ ਨੂੰ ਸੂਚਨਾਵਾਂ ਦੇਣ ਲਈ, ਵਿਅਕਤੀਆਂ ਨੂੰ ਸਲਾਹ ਦੇਣ ਲਈ, ਜਾਂ ਹਾਜ਼ਰੀਨ ਨੂੰ ਤਾੜਣਾ ਦੇਣ ਲਈ ਵਰਤਣਾ ਗ਼ਲਤ ਹੋਵੇਗਾ।
ਨਿਮਰ ਆਤਮਾ ਨਾਲ ਪ੍ਰਾਰਥਨਾ ਕਰੋ
7. ਯਹੋਵਾਹ ਦੀ ਹੈਕਲ ਦੇ ਉਦਘਾਟਨ ਤੇ ਪ੍ਰਾਰਥਨਾ ਕਰਦੇ ਸਮੇਂ ਸੁਲੇਮਾਨ ਨੇ ਕਿਵੇਂ ਨਿਮਰਤਾ ਦਿਖਾਈ?
7 ਭਾਵੇਂ ਅਸੀਂ ਇਕੱਠੇ ਪ੍ਰਾਰਥਨਾ ਕਰ ਰਹੇ ਹੋ ਜਾਂ ਇਕੱਲੇ, ਧਿਆਨ ਵਿਚ ਰੱਖਣ ਵਾਲਾ ਇਕ ਮਹੱਤਵਪੂਰਣ ਸ਼ਾਸਤਰ-ਸੰਬੰਧੀ ਸਿਧਾਂਤ ਇਹ ਹੈ ਕਿ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਇਕ ਨਿਮਰ ਰਵੱਈਆ ਦਿਖਾਉਣਾ ਚਾਹੀਦਾ ਹੈ। (2 ਇਤਹਾਸ 7:13, 14) ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦੇ ਉਦਘਾਟਨ ਤੇ ਰਾਜਾ ਸੁਲੇਮਾਨ ਨੇ ਇਕੱਠ ਵਿਚ ਕੀਤੀ ਆਪਣੀ ਪ੍ਰਾਰਥਨਾ ਵਿਚ ਨਿਮਰਤਾ ਦਿਖਾਈ। ਧਰਤੀ ਉੱਤੇ ਉਸਾਰੀਆਂ ਗਈਆਂ ਇਮਾਰਤਾਂ ਵਿੱਚੋਂ ਸੁਲੇਮਾਨ ਨੇ ਹੁਣੇ ਹੀ ਸਭ ਤੋਂ ਸ਼ਾਨਦਾਰ ਇਮਾਰਤ ਨੂੰ ਪੂਰਾ ਕੀਤਾ ਸੀ। ਫਿਰ ਵੀ, ਉਸ ਨੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ: “ਭਲਾ, ਪਰਮੇਸ਼ੁਰ ਸੱਚ ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ, ਸੁਰਗ ਸਗੋਂ ਸੁਰਗਾਂ ਦੇ ਸੁਰਗ ਤੈਨੂੰ ਨਹੀਂ ਸੰਭਾਲ ਸੱਕੇ, ਫਿਰ ਕਿਵੇਂ ਏਹ ਭਵਨ ਜੋ ਮੈਂ ਬਣਾਇਆ?”—1 ਰਾਜਿਆਂ 8:27.
8. ਇਕੱਠ ਵਿਚ ਕੀਤੀ ਜਾਂਦੀ ਪ੍ਰਾਰਥਨਾ ਵਿਚ ਕਿਹੜੇ ਕੁਝ ਤਰੀਕਿਆਂ ਨਾਲ ਨਿਮਰਤਾ ਦਿਖਾਈ ਜਾਂਦੀ ਹੈ?
8 ਸੁਲੇਮਾਨ ਵਾਂਗ, ਸਾਨੂੰ ਵੀ ਦੂਸਰਿਆਂ ਲਈ ਇਕੱਠ ਵਿਚ ਪ੍ਰਾਰਥਨਾ ਕਰਦੇ ਸਮੇਂ ਨਿਮਰ ਹੋਣ ਦੀ ਲੋੜ ਹੈ। ਸਾਨੂੰ ਧਰਮੀ ਹੋਣ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ, ਪਰ ਨਿਮਰਤਾ ਸਾਡੀ ਆਵਾਜ਼ ਦੇ ਲਹਿਜੇ ਵਿਚ ਦਿਖਾਈ ਜਾ ਸਕਦੀ ਹੈ। ਨਿਮਰ ਪ੍ਰਾਰਥਨਾਵਾਂ ਦਿਖਾਵੇ ਵਾਲੀਆਂ ਜਾਂ ਜ਼ਿਆਦਾ ਜਜ਼ਬਾਤੀ ਨਹੀਂ ਹੁੰਦੀਆਂ। ਉਹ ਪ੍ਰਾਰਥਨਾ ਕਰਨ ਵਾਲੇ ਵੱਲ ਨਹੀਂ, ਬਲਕਿ ਉਸ ਵੱਲ ਧਿਆਨ ਖਿੱਚਦੀਆਂ ਹਨ ਜਿਸ ਨੂੰ ਉਹ ਕੀਤੀਆਂ ਜਾਂਦੀਆਂ ਹਨ। (ਮੱਤੀ 6:5) ਜੋ ਅਸੀਂ ਪ੍ਰਾਰਥਨਾ ਵਿਚ ਕਹਿੰਦੇ ਹਾਂ ਉਸ ਦੁਆਰਾ ਵੀ ਨਿਮਰਤਾ ਦਿਖਾਈ ਜਾਂਦੀ ਹੈ। ਜੇਕਰ ਅਸੀਂ ਨਿਮਰਤਾ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਇਸ ਤਰ੍ਹਾਂ ਨਹੀਂ ਲੱਗੇਗਾ ਕਿ ਅਸੀਂ ਕੁਝ ਗੱਲਾਂ ਵਿਚ ਪਰਮੇਸ਼ੁਰ ਕੋਲੋਂ ਆਪਣੀ ਮਰਜ਼ੀ ਮਨਵਾਉਣੀ ਚਾਹੁੰਦੇ ਹਾਂ। ਇਸ ਦੀ ਬਜਾਇ, ਅਸੀਂ ਯਹੋਵਾਹ ਨੂੰ ਬੇਨਤੀ ਕਰਾਂਗੇ ਕਿ ਉਹ ਉਸ ਹੀ ਤਰੀਕੇ ਵਿਚ ਕੰਮ ਕਰੇ ਜੋ ਉਸ ਦੀ ਪਵਿੱਤਰ ਇੱਛਾ ਦੀ ਇਕਸੁਰਤਾ ਵਿਚ ਹੈ। ਜ਼ਬੂਰਾਂ ਦੇ ਲਿਖਾਰੀ ਨੇ ਸਹੀ ਰਵੱਈਏ ਦੀ ਮਿਸਾਲ ਦਿੱਤੀ ਜਦੋਂ ਉਸ ਨੇ ਬੇਨਤੀ ਕੀਤੀ: “ਹੇ ਯਹੋਵਾਹ, ਬਿਨਤੀ ਹੈ, ਬਚਾ ਲੈ, ਹੇ ਯਹੋਵਾਹ, ਬਿਨਤੀ ਹੈ, ਨਿਹਾਲ ਕਰ!”—ਜ਼ਬੂਰ 118:25; ਲੂਕਾ 18:9-14.
ਦਿਲੋਂ ਪ੍ਰਾਰਥਨਾ ਕਰੋ
9. ਮੱਤੀ 6:7 ਵਿਚ ਯਿਸੂ ਦੀ ਦਿੱਤੀ ਗਈ ਕਿਹੜੀ ਵਧੀਆ ਸਲਾਹ ਪਾਈ ਜਾਂਦੀ ਹੈ, ਅਤੇ ਇਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ?
9 ਜੇਕਰ ਸਾਡੀਆਂ ਪਬਲਿਕ ਜਾਂ ਨਿੱਜੀ ਪ੍ਰਾਰਥਨਾਵਾਂ ਨੇ ਯਹੋਵਾਹ ਨੂੰ ਖ਼ੁਸ਼ ਕਰਨਾ ਹੈ, ਤਾਂ ਉਹ ਦਿਲੋਂ ਹੋਣੀਆਂ ਚਾਹੀਦੀਆਂ ਹਨ। ਇਸ ਲਈ, ਅਸੀਂ ਇਕ ਮੰਤਰ ਵਾਂਗ ਪ੍ਰਾਰਥਨਾ ਵਾਰ-ਵਾਰ ਨਹੀਂ ਦੁਹਰਾਵਾਂਗੇ ਜਿਸ ਵਿਚ ਬਿਨਾਂ ਸੋਚੇ-ਸਮਝੇ ਇੱਕੋ ਗੱਲ ਕਹੀ ਜਾਂਦੀ ਹੈ। ਆਪਣੇ ਪਹਾੜੀ ਉਪਦੇਸ਼ ਵਿਚ, ਯਿਸੂ ਨੇ ਸਲਾਹ ਦਿੱਤੀ: “ਪ੍ਰਾਰਥਨਾ ਕਰਦੇ ਵੇਲੇ ਆਪਣੀ ਪ੍ਰਾਰਥਨਾ ਵਿਚ ਅੰਧ-ਵਿਸ਼ਵਾਸੀਆਂ ਦੀ ਤਰ੍ਹਾਂ ਬਾਰ ਬਾਰ ਇਕ ਹੀ ਗੱਲ ਨਾ ਕਰੋ, ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਨ ਨਾਲ ਪਰਮੇਸ਼ੁਰ ਉਹਨਾਂ ਦੀ ਸੁਣ ਲਵੇਗਾ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਕ ਹੋਰ ਤਰਜਮਾ ਕਹਿੰਦਾ ਹੈ ਕਿ ਯਿਸੂ ਨੇ ਕਿਹਾ: “ਬਕ ਬਕ ਨਾ ਕਰੋ; ਮੂੰਹ-ਜ਼ਬਾਨੀ ਚੇਤੇ ਕੀਤੇ ਗਏ ਖੋਖਲੇ ਸ਼ਬਦ ਨਾ ਬੋਲੋ।”—ਮੱਤੀ 6:7, ਨਿ ਵ, ਫੁਟਨੋਟ।
10. ਇੱਕੋ ਮਾਮਲੇ ਬਾਰੇ ਇਕ ਤੋਂ ਜ਼ਿਆਦਾ ਵਾਰ ਪ੍ਰਾਰਥਨਾ ਕਰਨੀ ਕਿਉਂ ਉਚਿਤ ਹੋਵੇਗਾ?
10 ਨਿਰਸੰਦੇਹ, ਸਾਨੂੰ ਸ਼ਾਇਦ ਕਿਸੇ ਮਾਮਲੇ ਬਾਰੇ ਵਾਰ-ਵਾਰ ਪ੍ਰਾਰਥਨਾ ਕਰਨ ਦੀ ਲੋੜ ਪਵੇ। ਇਹ ਗ਼ਲਤ ਨਹੀਂ ਹੋਵੇਗਾ ਕਿਉਂਕਿ ਯਿਸੂ ਨੇ ਉਤੇਜਿਤ ਕੀਤਾ: ‘ਮੰਗਦੇ ਰਹੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢਦੇ ਰਹੋ ਤਾਂ ਤੁਹਾਨੂੰ ਲੱਭੇਗਾ। ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।’ (ਮੱਤੀ 7:7) ਮਿਸਾਲ ਦੇ ਤੌਰ ਤੇ, ਸ਼ਾਇਦ ਇਕ ਨਵੇਂ ਰਾਜ ਗ੍ਰਹਿ ਦੀ ਜ਼ਰੂਰਤ ਹੋਵੇ ਕਿਉਂਕਿ ਯਹੋਵਾਹ ਸਥਾਨਕ ਪ੍ਰਚਾਰ ਕੰਮ ਨੂੰ ਸਫ਼ਲ ਕਰ ਰਿਹਾ ਹੈ। (ਯਸਾਯਾਹ 60:22) ਇਸ ਜ਼ਰੂਰਤ ਬਾਰੇ ਜ਼ਿਕਰ ਕਰਦੇ ਰਹਿਣਾ ਉਚਿਤ ਹੋਵੇਗਾ ਜਦੋਂ ਅਸੀਂ ਇਕੱਲੇ ਜਾਂ ਯਹੋਵਾਹ ਦਿਆਂ ਲੋਕਾਂ ਦੀਆਂ ਸਭਾਵਾਂ ਤੇ ਇਕੱਠੇ ਪ੍ਰਾਰਥਨਾ ਕਰਦੇ ਹੋਈਏ। ਇਸ ਤਰ੍ਹਾਂ ਕਰਨ ਦਾ ਇਹ ਮਤਲਬ ਨਹੀਂ ਕਿ ਅਸੀਂ ‘ਮੂੰਹ-ਜ਼ਬਾਨੀ ਚੇਤੇ ਕੀਤੇ ਗਏ ਖੋਖਲੇ ਸ਼ਬਦ ਬੋਲ’ ਰਹੇ ਹਾਂ।
ਧੰਨਵਾਦ ਅਤੇ ਉਸਤਤ ਨੂੰ ਯਾਦ ਰੱਖੋ
11. ਫ਼ਿਲਿੱਪੀਆਂ 4:6, 7 ਨਿੱਜੀ ਅਤੇ ਇਕੱਠ ਵਿਚ ਕੀਤੀ ਗਈ ਪ੍ਰਾਰਥਨਾ ਤੇ ਕਿਸ ਤਰ੍ਹਾਂ ਲਾਗੂ ਹੁੰਦਾ ਹੈ?
11 ਅਨੇਕ ਲੋਕ ਸਿਰਫ਼ ਕੋਈ ਚੀਜ਼ ਮੰਗਣ ਲਈ ਪ੍ਰਾਰਥਨਾ ਕਰਦੇ ਹਨ, ਲੇਕਿਨ ਯਹੋਵਾਹ ਪਰਮੇਸ਼ੁਰ ਲਈ ਸਾਡੇ ਪ੍ਰੇਮ ਨੂੰ ਸਾਨੂੰ ਨਿੱਜੀ ਅਤੇ ਇਕੱਠ ਵਿਚ ਕੀਤੀ ਪ੍ਰਾਰਥਨਾ ਵਿਚ ਉਸ ਨੂੰ ਧੰਨਵਾਦ ਅਤੇ ਉਸਤਤ ਦੇਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। “ਕਿਸੇ ਗੱਲ ਦੀ ਚਿੰਤਾ ਨਾ ਕਰੋ,” ਪੌਲੁਸ ਨੇ ਲਿਖਿਆ, “ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਜੀ ਹਾਂ, ਅਰਦਾਸਾਂ ਅਤੇ ਬੇਨਤੀਆਂ ਦੇ ਨਾਲ-ਨਾਲ, ਸਾਨੂੰ ਅਧਿਆਤਮਿਕ ਅਤੇ ਭੌਤਿਕ ਬਰਕਤਾਂ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। (ਕਹਾਉਤਾਂ 10:22) ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਪਰਮੇਸ਼ੁਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜ੍ਹਾ, ਅਤੇ ਅੱਤ ਮਹਾਨ ਦੇ ਅੱਗੇ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰ।” (ਜ਼ਬੂਰ 50:14) ਅਤੇ ਦਾਊਦ ਦੇ ਇਕ ਸ਼ਰਧਾਪੂਰਣ ਸੰਗੀਤ ਵਿਚ ਇਹ ਪ੍ਰਭਾਵਕਾਰੀ ਸ਼ਬਦ ਸਨ: “ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ।” (ਜ਼ਬੂਰ 69:30) ਕੀ ਸਾਨੂੰ ਵੀ ਇਕੱਠ ਵਿਚ ਜਾਂ ਨਿੱਜੀ ਪ੍ਰਾਰਥਨਾ ਵਿਚ ਇਸੇ ਤਰ੍ਹਾਂ ਨਹੀਂ ਕਰਨਾ ਚਾਹੀਦਾ?
12. ਜ਼ਬੂਰ 100:4, 5 ਅੱਜ ਕਿਸ ਤਰ੍ਹਾਂ ਪੂਰਾ ਹੋ ਰਿਹਾ ਹੈ, ਅਤੇ ਇਸ ਕਾਰਨ, ਅਸੀਂ ਕਿਸ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਅਤੇ ਉਸ ਦੀ ਉਸਤਤ ਕਰ ਸਕਦੇ ਹਾਂ?
12 ਪਰਮੇਸ਼ੁਰ ਬਾਰੇ, ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਧੰਨਵਾਦ ਕਰਦੇ ਹੋਏ ਉਹ ਦੇ ਫਾਟਕਾਂ ਦੇ ਅੰਦਰ, ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ ਵਿੱਚ ਆਓ, ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ। ਯਹੋਵਾਹ ਤਾਂ ਭਲਾ ਹੈ, ਉਹ ਦੀ ਦਯਾ ਸਦੀਪਕ ਹੈ, ਅਤੇ ਉਹ ਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੀਕ ਹੈ।” (ਜ਼ਬੂਰ 100:4, 5) ਅੱਜ, ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੇ ਪਵਿੱਤਰ ਸਥਾਨ ਦੇ ਦਰਬਾਰ ਵਿਚ ਆ ਰਹੇ ਹਨ, ਅਤੇ ਇਸ ਦੇ ਲਈ ਅਸੀਂ ਉਸ ਦੀ ਉਸਤਤ ਅਤੇ ਉਸ ਦਾ ਧੰਨਵਾਦ ਕਰ ਸਕਦੇ ਹਾਂ। ਕੀ ਤੁਸੀਂ ਸਥਾਨਕ ਰਾਜ ਗ੍ਰਹਿ ਲਈ ਪਰਮੇਸ਼ੁਰ ਨੂੰ ਧੰਨਵਾਦ ਪ੍ਰਗਟ ਕਰਦੇ ਹੋ ਅਤੇ ਉਸ ਨੂੰ ਪ੍ਰੇਮ ਕਰਨ ਵਾਲਿਆਂ ਨਾਲ ਨਿਯਮਿਤ ਤੌਰ ਤੇ ਉੱਥੇ ਹਾਜ਼ਰ ਹੋਣ ਦੁਆਰਾ ਆਪਣੀ ਕਦਰਦਾਨੀ ਦਿਖਾਉਂਦੇ ਹੋ? ਜਦੋਂ ਤੁਸੀਂ ਉੱਥੇ ਹੁੰਦੇ ਹੋ, ਤਾਂ ਕੀ ਤੁਸੀਂ ਦਿਲੋਂ ਆਪਣੇ ਪ੍ਰੇਮਪੂਰਣ ਸਵਰਗੀ ਪਿਤਾ ਨੂੰ ਉਸਤਤ ਅਤੇ ਧੰਨਵਾਦ ਦੇ ਗੀਤ ਗਾਉਣ ਵਿਚ ਆਪਣੀ ਆਵਾਜ਼ ਉੱਚੀ ਕਰਦੇ ਹੋ?
ਪ੍ਰਾਰਥਨਾ ਕਰਨ ਤੋਂ ਕਦੀ ਸ਼ਰਮਿੰਦੇ ਨਾ ਹੋਵੋ
13. ਕਿਹੜੀ ਸ਼ਾਸਤਰ-ਸੰਬੰਧੀ ਮਿਸਾਲ ਦਿਖਾਉਂਦੀ ਹੈ ਕਿ ਸਾਨੂੰ ਦੋਸ਼ ਕਾਰਨ ਅਯੋਗ ਮਹਿਸੂਸ ਕਰਦੇ ਹੋਏ ਵੀ ਯਹੋਵਾਹ ਨੂੰ ਅਰਦਾਸ ਕਰਨੀ ਚਾਹੀਦੀ ਹੈ?
13 ਜੇਕਰ ਅਸੀਂ ਕਿਸੇ ਦੋਸ਼ ਕਾਰਨ ਅਯੋਗ ਵੀ ਮਹਿਸੂਸ ਕਰਦੇ ਹਾਂ, ਤਾਂ ਸਾਨੂੰ ਸੱਚੇ ਦਿਲੋਂ ਅਰਦਾਸਾਂ ਕਰਦੇ ਹੋਏ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ। ਜਦੋਂ ਯਹੂਦੀਆਂ ਨੇ ਵਿਦੇਸ਼ੀ ਪਤਨੀਆਂ ਨਾਲ ਵਿਆਹ ਕਰਨ ਦੁਆਰਾ ਪਾਪ ਕੀਤਾ ਸੀ, ਤਾਂ ਅਜ਼ਰਾ ਨੇ ਆਪਣੇ ਗੋਡੇ ਟੇਕੇ, ਪਰਮੇਸ਼ੁਰ ਦੇ ਅੱਗੇ ਆਪਣੇ ਵਫ਼ਾਦਾਰ ਹੱਥ ਅੱਡੇ, ਅਤੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ: “ਹੇ ਮੇਰੇ ਪਰਮੇਸ਼ੁਰ, ਮੈਂ ਸ਼ਰਮਿੰਦਾ ਹਾਂ ਅਤੇ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ, ਮੇਰੇ ਪਰਮੇਸ਼ੁਰਾ, ਮੈਂ ਲੱਜਿਆਵਾਨ ਹਾਂ ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਦੇ ਉੱਪਰ ਤੋਂ ਵੀ ਵੱਧ ਗਏ ਹਨ ਅਤੇ ਸਾਡੀਆਂ ਬਦਕਾਰੀਆਂ ਅਕਾਸ਼ ਤੀਕ ਪੁੱਜ ਗਈਆਂ ਹਨ! ਆਪਣੇ ਪਿਉ ਦਾਦਿਆਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਅਸੀਂ ਵੱਡੀ ਬਦਕਾਰੀ ਵਿੱਚ ਰਹੇ ਹਾਂ . . . ਅਤੇ ਇਨ੍ਹਾਂ ਆਫਤਾਂ ਦੇ ਪਿੱਛੋਂ ਜਿਹੜੀਆਂ ਸਾਡੇ ਬੁਰੇ ਕੰਮਾਂ ਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ੁਰ, ਤੈਂ ਸਾਡੇ ਪਾਪਾਂ ਨਾਲੋਂ ਸਾਨੂੰ ਥੋੜੀ ਸਜ਼ਾ ਦਿੱਤੀ ਸਗੋਂ ਇਜੇਹਾ ਛੁਟਕਾਰਾ ਸਾਨੂ ਦਿੱਤਾ,—ਕੀ ਅਸੀਂ ਤੇਰੇ ਹੁਕਮਾਂ ਨੂੰ ਫੇਰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਉੱਮਤਾਂ ਨਾਲ ਸਾਕ ਕਰੀਏ? ਕੀ ਤੇਰਾ ਕ੍ਰੋਧ ਏਥੇ ਤੀਕ ਸਾਡੇ ਉੱਤੇ ਨਾ ਭੜਕੇਗਾ ਕਿ ਸਾਡਾ ਕੱਖ ਵੀ ਨਾ ਰਹੇ, ਨਾ ਕੋਈ ਬਕੀਆ ਨਾ ਛੁਟਕਾਰਾ? ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੂੰ ਧਰਮਾਤਮਾ ਹੈਂ ਤਾਂ ਅਸੀਂ ਅੱਜ ਤੀਕ ਛੁਡਾਏ ਹੋਏ ਰਹਿੰਦੇ ਹਾਂ। ਵੇਖ, ਅਸੀਂ ਆਪਣੇ ਦੋਸ਼ਾਂ ਵਿੱਚ ਤੇਰੇ ਸਨਮੁਖ ਹਾਂ ਕਿਉਂਕਿ ਕੌਣ ਹੈ ਜੋ ਇਨ੍ਹਾਂ ਦੇ ਕਾਰਨ ਤੇਰੇ ਹਜ਼ੂਰ ਖੜਾ ਰਹਿ ਸੱਕੇ?”—ਅਜ਼ਰਾ 9:1-15; ਬਿਵਸਥਾ ਸਾਰ 7:3, 4.
14. ਜਿਵੇਂ ਅਜ਼ਰਾ ਦਿਆਂ ਦਿਨਾਂ ਵਿਚ ਪ੍ਰਗਟ ਕੀਤਾ ਗਿਆ ਸੀ, ਪਰਮੇਸ਼ੁਰ ਤੋਂ ਮਾਫ਼ੀ ਹਾਸਲ ਕਰਨ ਲਈ ਕੀ ਜ਼ਰੂਰੀ ਹੈ?
14 ਪਰਮੇਸ਼ੁਰ ਤੋਂ ਮਾਫ਼ੀ ਹਾਸਲ ਕਰਨ ਲਈ, ਉਸ ਸਾਮ੍ਹਣੇ ਗ਼ਲਤੀ ਕਬੂਲ ਕਰਨ ਦੇ ਨਾਲ-ਨਾਲ ਤੋਬਾ ਕਰਨੀ ਅਤੇ “ਤੋਬਾ ਦੇ ਲਾਇਕ ਫਲ” ਦੇਣੇ ਵੀ ਸ਼ਾਮਲ ਹਨ। (ਲੂਕਾ 3:8; ਅੱਯੂਬ 42:1-6; ਯਸਾਯਾਹ 66:2) ਅਜ਼ਰਾ ਦਿਆਂ ਦਿਨਾਂ ਵਿਚ, ਪਸ਼ਚਾਤਾਪੀ ਰਵੱਈਏ ਦੇ ਨਾਲ-ਨਾਲ ਵਿਦੇਸ਼ੀ ਪਤਨੀਆਂ ਨੂੰ ਦੂਰ ਭੇਜਣ ਦੁਆਰਾ ਗ਼ਲਤੀ ਨੂੰ ਸੁਧਾਰਨ ਦਾ ਜਤਨ ਵੀ ਸ਼ਾਮਲ ਸੀ। (ਅਜ਼ਰਾ 10:44. 2 ਕੁਰਿੰਥੀਆਂ 7:8-13 ਦੀ ਤੁਲਨਾ ਕਰੋ।) ਜੇਕਰ ਅਸੀਂ ਇਕ ਗੰਭੀਰ ਪਾਪ ਲਈ ਪਰਮੇਸ਼ੁਰ ਤੋਂ ਮਾਫ਼ੀ ਭਾਲ ਰਹੇ ਹਾਂ, ਆਓ ਅਸੀਂ ਨਿਮਰ ਪ੍ਰਾਰਥਨਾ ਵਿਚ ਇਸ ਨੂੰ ਕਬੂਲ ਕਰੀਏ ਅਤੇ ਤੋਬਾ ਦੇ ਲਾਇਕ ਫਲ ਉਤਪੰਨ ਕਰੀਏ। ਇਕ ਪਸ਼ਚਾਤਾਪੀ ਆਤਮਾ ਅਤੇ ਗ਼ਲਤੀ ਨੂੰ ਸੁਧਾਰਨ ਦੀ ਇੱਛਾ ਸਾਨੂੰ ਮਸੀਹੀ ਬਜ਼ੁਰਗਾਂ ਦੀ ਅਧਿਆਤਮਿਕ ਮਦਦ ਭਾਲਣ ਲਈ ਵੀ ਪ੍ਰੇਰਿਤ ਕਰਦੀਆਂ ਹਨ।—ਯਾਕੂਬ 5:13-15.
ਪ੍ਰਾਰਥਨਾ ਤੋਂ ਦਿਲਾਸਾ ਪਾਓ
15. ਹੰਨਾਹ ਦੀ ਮਿਸਾਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਅਸੀਂ ਪ੍ਰਾਰਥਨਾ ਵਿਚ ਦਿਲਾਸਾ ਪਾ ਸਕਦੇ ਹਾਂ?
15 ਜਦੋਂ ਸਾਡਾ ਦਿਲ ਕਿਸੇ ਕਾਰਨ ਦੁਖੀ ਹੁੰਦਾ ਹੈ, ਤਾਂ ਅਸੀਂ ਪ੍ਰਾਰਥਨਾ ਵਿਚ ਦਿਲਾਸਾ ਪਾ ਸਕਦੇ ਹਾਂ। (ਜ਼ਬੂਰ 51:17; ਕਹਾਉਤਾਂ 15:13) ਵਫ਼ਾਦਾਰ ਹੰਨਾਹ ਨੇ ਦਿਲਾਸਾ ਪਾਇਆ ਸੀ। ਉਹ ਉਸ ਸਮੇਂ ਰਹਿੰਦੀ ਸੀ ਜਦੋਂ ਇਸਰਾਏਲ ਵਿਚ ਵੱਡੇ ਪਰਿਵਾਰ ਆਮ ਸਨ, ਲੇਕਿਨ ਉਸ ਦਾ ਕੋਈ ਬੱਚਾ ਨਹੀਂ ਸੀ। ਉਸ ਦੇ ਪਤੀ, ਅਲਕਾਨਾਹ ਦੇ ਧੀ-ਪੁੱਤਰ ਉਸ ਦੀ ਦੂਸਰੀ ਪਤਨੀ ਪਨਿੰਨਾਹ ਤੋਂ ਸਨ, ਜੋ ਹੰਨਾਹ ਨੂੰ ਬਾਂਝ ਹੋਣ ਕਾਰਨ ਤਾਅਨੇ ਮਾਰਦੀ ਸੀ। ਹੰਨਾਹ ਨੇ ਸੱਚੇ ਦਿਲੋਂ ਪ੍ਰਾਰਥਨਾ ਕੀਤੀ ਅਤੇ ਵਾਅਦਾ ਕੀਤਾ ਕਿ ਜੇ ਉਸ ਨੂੰ ਇਕ ਪੁੱਤਰ ਦੀ ਬਰਕਤ ਮਿਲੇ ਤਾਂ ‘ਉਹ ਉਸ ਨੂੰ ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦੇਵੇਗੀ।’ ਆਪਣੀ ਪ੍ਰਾਰਥਨਾ ਤੋਂ ਅਤੇ ਪ੍ਰਧਾਨ ਜਾਜਕ ਏਲੀ ਦਿਆਂ ਸ਼ਬਦਾਂ ਦੁਆਰਾ ਦਿਲਾਸਾ ਪਾਉਣ ਕਾਰਨ, ਹੰਨਾਹ ਦਾ “ਮੂੰਹ ਉਦਾਸ ਨਾ ਰਿਹਾ।” ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸਮੂਏਲ ਰੱਖਿਆ। ਬਾਅਦ ਵਿਚ, ਉਸ ਨੇ ਆਪਣਾ ਪੁੱਤਰ ਯਹੋਵਾਹ ਦੇ ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਦੇ ਦਿੱਤਾ। (1 ਸਮੂਏਲ 1:9-28) ਉਸ ਪ੍ਰਤੀ ਪਰਮੇਸ਼ੁਰ ਦੀ ਦਿਆਲਗੀ ਦਾ ਸ਼ੁੱਕਰ ਕਰਨ ਲਈ, ਉਸ ਨੇ ਧੰਨਵਾਦ ਦੀ ਇਕ ਪ੍ਰਾਰਥਨਾ ਕੀਤੀ—ਅਜਿਹੀ ਪ੍ਰਾਰਥਨਾ ਜਿਸ ਨੇ ਯਹੋਵਾਹ ਦੀ ਇਕ ਅਜਿਹੇ ਰੱਬ ਵਜੋਂ ਵਡਿਆਈ ਕੀਤੀ ਜਿਸ ਦੇ ਬਰਾਬਰ ਕੋਈ ਨਹੀਂ। (1 ਸਮੂਏਲ 2:1-10) ਹੰਨਾਹ ਵਾਂਗ, ਅਸੀਂ ਵੀ ਪ੍ਰਾਰਥਨਾ ਤੋਂ ਦਿਲਾਸਾ ਪਾ ਸਕਦੇ ਹਾਂ, ਇਸ ਭਰੋਸੇ ਨਾਲ ਕਿ ਪਰਮੇਸ਼ੁਰ ਉਹ ਸਾਰੀਆਂ ਬੇਨਤੀਆਂ ਪੂਰੀਆਂ ਕਰਦਾ ਹੈ ਜੋ ਉਸ ਦੀ ਇੱਛਾ ਦੀ ਇਕਸੁਰਤਾ ਵਿਚ ਹਨ। ਜਦੋਂ ਅਸੀਂ ਉਸ ਦੇ ਸਾਮ੍ਹਣੇ ਆਪਣਾ ਦਿਲ ਖੋਲ੍ਹਦੇ ਹਾਂ, ਆਓ ਅਸੀਂ ‘ਉਦਾਸ ਨਾ ਰਹੀਏ,’ ਕਿਉਂਕਿ ਉਹ ਜਾਂ ਤਾਂ ਸਾਡਾ ਭਾਰ ਚੁੱਕ ਲਵੇਗਾ ਜਾਂ ਸਾਡੇ ਲਈ ਉਸ ਨੂੰ ਸਹਾਰਨਾ ਸੰਭਵ ਬਣਾਵੇਗਾ।—ਜ਼ਬੂਰ 55:22.
16. ਜਿਵੇਂ ਯਾਕੂਬ ਦੇ ਮਾਮਲੇ ਵਿਚ ਸਪੱਸ਼ਟ ਕੀਤਾ ਗਿਆ ਹੈ, ਸਾਨੂੰ ਉਦੋਂ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਅਸੀਂ ਡਰਦੇ ਜਾਂ ਚਿੰਤਾ ਕਰਦੇ ਹਾਂ?
16 ਜੇਕਰ ਕੋਈ ਸਥਿਤੀ ਡਰ, ਦੁਖੀ ਦਿਲ, ਜਾਂ ਚਿੰਤਾ ਦਾ ਕਾਰਨ ਬਣੇ, ਤਾਂ ਆਓ ਅਸੀਂ ਦਿਲਾਸੇ ਲਈ ਪ੍ਰਾਰਥਨਾ ਵਿਚ ਪਰਮੇਸ਼ੁਰ ਵੱਲ ਮੁੜਨਾ ਨਾ ਭੁੱਲੀਏ। (ਜ਼ਬੂਰ 55:1-4) ਜਦੋਂ ਯਾਕੂਬ ਆਪਣੇ ਅਲੱਗ ਹੋਏ ਭਰਾ, ਏਸਾਓ, ਨੂੰ ਮਿਲਣ ਚੱਲਾ ਸੀ ਤਾਂ ਉਹ ਡਰਦਾ ਸੀ। ਲੇਕਿਨ, ਯਾਕੂਬ ਨੇ ਪ੍ਰਾਰਥਨਾ ਕੀਤੀ: “ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਰ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ ਅਰ ਮੈਂ ਤੇਰੇ ਸੰਗ ਭਲਿਆਈ ਕਰਾਂਗਾ। ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ। ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆਕੇ ਮੈਨੂੰ ਅਰ ਮਾਵਾਂ ਨੂੰ ਪੁੱਤ੍ਰਾਂ ਸਣੇ ਨਾ ਮਾਰ ਸੁੱਟੇ। ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਿਆਈ ਹੀ ਭਲਿਆਈ ਕਰਾਂਗਾ ਅਰ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ ਜਿਹੜੀ ਬੁਹਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ਬਣਾਵਾਂਗਾ।” (ਉਤਪਤ 32:9-12) ਏਸਾਓ ਨੇ ਯਾਕੂਬ ਅਤੇ ਉਸ ਦੇ ਸਾਥੀਆਂ ਉੱਤੇ ਹਮਲਾ ਨਹੀਂ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਯਾਕੂਬ ਨਾਲ ਇਸ ਮੌਕੇ ਤੇ ‘ਭਲਿਆਈ ਹੀ ਭਲਿਆਈ ਕੀਤੀ।’
17. ਜ਼ਬੂਰਾਂ ਦੀ ਪੋਥੀ 119:52 ਦੇ ਅਨੁਸਾਰ, ਪ੍ਰਾਰਥਨਾ ਸਾਨੂੰ ਕਿਸ ਤਰ੍ਹਾਂ ਦਿਲਾਸਾ ਦੇ ਸਕਦੀ ਹੈ ਜਦੋਂ ਅਸੀਂ ਬੁਰੀ ਤਰ੍ਹਾਂ ਪਰਖੇ ਜਾਂਦੇ ਹਾਂ?
17 ਆਪਣੀਆਂ ਅਰਦਾਸਾਂ ਦੌਰਾਨ, ਪਰਮੇਸ਼ੁਰ ਦੇ ਬਚਨ ਵਿਚ ਕਹੀਆਂ ਗੱਲਾਂ ਨੂੰ ਯਾਦ ਕਰ ਕੇ ਅਸੀਂ ਸ਼ਾਇਦ ਦਿਲਾਸਾ ਪਾ ਸਕਦੇ ਹਾਂ। ਹੋ ਸਕਦਾ ਹੈ ਕਿ ਸਭ ਤੋਂ ਲੰਬੇ ਜ਼ਬੂਰ ਵਿਚ—ਇਕ ਸੋਹਣੀ ਪ੍ਰਾਰਥਨਾ ਜਿਸ ਨਾਲ ਸੰਗੀਤ ਮਿਲਾਇਆ ਗਿਆ ਸੀ—ਰਾਜਕੁਮਾਰ ਹਿਜ਼ਕੀਯਾਹ ਨੇ ਹੀ ਗਾਇਆ: “ਹੇ ਯਹੋਵਾਹ, ਮੈਂ ਤੇਰੇ ਪਰਾਚੀਨ ਨਿਆਵਾਂ ਨੂੰ ਚੇਤੇ ਰੱਖਿਆ ਹੈ, ਅਤੇ ਮੈਨੂੰ ਦਿਲਾਸਾ ਮਿਲਿਆ।” (ਜ਼ਬੂਰ 119:52) ਬੁਰੀ ਤਰ੍ਹਾਂ ਪਰਖੇ ਜਾਣ ਦੇ ਸਮੇਂ ਨਿਮਰ ਪ੍ਰਾਰਥਨਾ ਵਿਚ, ਅਸੀਂ ਸ਼ਾਇਦ ਕਿਸੇ ਬਾਈਬਲ ਸਿਧਾਂਤ ਜਾਂ ਨਿਯਮ ਨੂੰ ਯਾਦ ਕਰੀਏ ਜੋ ਅਜਿਹੇ ਰਾਹ ਤੇ ਚੱਲਣ ਵਿਚ ਸਾਡੀ ਮਦਦ ਕਰ ਸਕੇ ਜਿਸ ਦਾ ਨਤੀਜਾ ਇਹ ਦਿਲਾਸੇ ਭਰਿਆ ਵਿਸ਼ਵਾਸ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰ ਰਹੇ ਹਾਂ।
ਵਫ਼ਾਦਾਰੋ ਪ੍ਰਾਰਥਨਾ ਲਗਾਤਾਰ ਕਰਦੇ ਰਹੋ
18. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ‘ਹਰ ਇੱਕ ਸੰਤ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੇਗਾ?’
18 ਜਿਹੜੇ ਵੀ ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਹਨ, ਉਹ “ਪ੍ਰਾਰਥਨਾ ਲਗਾਤਾਰ ਕਰਦੇ” ਰਹਿਣਗੇ। (ਰੋਮੀਆਂ 12:12) ਬੱਤੀਵੇਂ ਜ਼ਬੂਰ ਵਿਚ, ਜੋ ਸ਼ਾਇਦ ਬਥ-ਸ਼ਬਾ ਨਾਲ ਦਾਊਦ ਦੇ ਪਾਪ ਕਰਨ ਤੋਂ ਬਾਅਦ ਰਚਿਆ ਗਿਆ ਹੋਵੇ, ਦਾਊਦ ਨੇ ਮਾਫ਼ੀ ਨਾ ਮੰਗਣ ਦੀ ਆਪਣੀ ਭੁੱਲ ਦੇ ਦਰਦ ਦਾ ਵਰਣਨ ਕੀਤਾ। ਉਸ ਨੇ ਉਸ ਚੈਨ ਦਾ ਵੀ ਵਰਣਨ ਕੀਤਾ ਜੋ ਪਰਮੇਸ਼ੁਰ ਪ੍ਰਤੀ ਤੋਬਾ ਅਤੇ ਪਾਪ ਕਬੂਲ ਕਰਨ ਤੇ ਮਿਲਿਆ। ਫਿਰ ਦਾਊਦ ਨੇ ਗਾਇਆ: “ਇਸ ਕਰਕੇ [ਕਿ ਯਹੋਵਾਹ ਦੀ ਮਾਫ਼ੀ ਸੱਚੇ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਿਲ ਸਕਦੀ ਹੈ] ਹਰ ਇੱਕ ਸੰਤ ਤੇਰੇ ਲੱਭ ਪੈਣ ਦੇ ਵੇਲੇ ਤੇਰੇ ਅੱਗੇ ਪ੍ਰਾਰਥਨਾ ਕਰੇ।”—ਜ਼ਬੂਰ 32:6.
19. ਸਾਨੂੰ ਪ੍ਰਾਰਥਨਾ ਵਿਚ ਪਵਿੱਤਰ ਹੱਥ ਕਿਉਂ ਅੱਡਣੇ ਚਾਹੀਦੇ ਹਨ?
19 ਜੇਕਰ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਦੇ ਹਾਂ, ਤਾਂ ਅਸੀਂ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਉਸ ਦੀ ਦਇਆ ਲਈ ਪ੍ਰਾਰਥਨਾ ਕਰਾਂਗੇ। ਨਿਹਚਾ ਨਾਲ, ਕਿਰਪਾ ਪਾਉਣ ਲਈ ਅਤੇ ਵੇਲੇ ਸਿਰ ਸਹਾਇਤਾ ਹਾਸਲ ਕਰਨ ਲਈ ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਬੋਲਣ ਦੀ ਆਜ਼ਾਦੀ ਨਾਲ ਜਾ ਸਕਦੇ ਹਾਂ। (ਇਬਰਾਨੀਆਂ 4:16) ਲੇਕਿਨ ਪ੍ਰਾਰਥਨਾ ਕਰਨ ਲਈ ਕਿੰਨੇ ਸਾਰੇ ਕਾਰਨ ਹਨ! ਇਸ ਲਈ ਆਓ ਅਸੀਂ ਪਰਮੇਸ਼ੁਰ ਨੂੰ ‘ਨਿੱਤ ਪ੍ਰਾਰਥਨਾ ਕਰਦੇ ਰਹੀਏ’—ਅਕਸਰ ਦਿਲੋਂ ਉਸਤਤ ਅਤੇ ਧੰਨਵਾਦ ਦੇ ਸ਼ਬਦਾਂ ਨਾਲ। (1 ਥੱਸਲੁਨੀਕੀਆਂ 5:17) ਦਿਨ-ਰਾਤ, ਆਓ ਅਸੀਂ ਪ੍ਰਾਰਥਨਾ ਵਿਚ ਪਵਿੱਤਰ ਹੱਥ ਅੱਡੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਇਕੱਠ ਵਿਚ ਕੀਤੀ ਜਾਂਦੀ ਪ੍ਰਾਰਥਨਾ ਉੱਤੇ ਅਗਾਊਂ ਸੋਚ-ਵਿਚਾਰ ਕਰਨ ਦਾ ਕੀ ਲਾਭ ਹੈ?
◻ ਸਾਨੂੰ ਮਾਣ ਅਤੇ ਸ਼ਰਧਾ ਨਾਲ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ?
◻ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਕਿਹੜੀ ਆਤਮਾ ਦਿਖਾਉਣੀ ਚਾਹੀਦੀ ਹੈ?
◻ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਧੰਨਵਾਦ ਅਤੇ ਉਸਤਤ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ?
◻ ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਅਸੀਂ ਪ੍ਰਾਰਥਨਾ ਤੋਂ ਦਿਲਾਸਾ ਪਾ ਸਕਦੇ ਹਾਂ?
[ਸਫ਼ੇ 28 ਉੱਤੇ ਤਸਵੀਰ]
ਯਹੋਵਾਹ ਦੀ ਹੈਕਲ ਦੇ ਉਦਘਾਟਨ ਤੇ ਰਾਜਾ ਸੁਲੇਮਾਨ ਨੇ ਇਕੱਠ ਵਿਚ ਕੀਤੀ ਆਪਣੀ ਪ੍ਰਾਰਥਨਾ ਵਿਚ ਨਿਮਰਤਾ ਦਿਖਾਈ
[ਸਫ਼ੇ 31 ਉੱਤੇ ਤਸਵੀਰਾਂ]
ਹੰਨਾਹ ਵਾਂਗ, ਤੁਸੀਂ ਵੀ ਪ੍ਰਾਰਥਨਾ ਤੋਂ ਦਿਲਾਸਾ ਪਾ ਸਕਦੇ ਹੋ