ਮੌਤ ਤੋਂ ਬਾਅਦ ਜੀਵਨ—ਬਾਈਬਲ ਕੀ ਕਹਿੰਦੀ ਹੈ?
“ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।”—ਉਤਪਤ 3:19.
1, 2. (ੳ) ਮੌਤ ਤੋਂ ਬਾਅਦ ਦੇ ਜੀਵਨ ਬਾਰੇ ਕਿਹੜੇ ਵੱਖਰੇ-ਵੱਖਰੇ ਵਿਚਾਰ ਪਾਏ ਜਾਂਦੇ ਹਨ? (ਅ) ਬਾਈਬਲ ਦੀ ਸਿੱਖਿਆ ਨੂੰ ਜਾਣਨ ਲਈ ਕਿ ਮਨੁੱਖ ਅਸਲ ਵਿਚ ਕੀ ਹੈ, ਸਾਨੂੰ ਕਿਸ ਚੀਜ਼ ਦੀ ਜਾਂਚ ਕਰਨ ਦੀ ਲੋੜ ਹੈ?
“ਸਦੀਵੀ ਤਸੀਹੇ ਦੀ ਸਿੱਖਿਆ ਇਸ ਗੱਲ ਵਿਚ ਵਿਸ਼ਵਾਸ ਨਾਲ ਮੇਲ ਨਹੀਂ ਖਾਂਦੀ ਕਿ ਪਰਮੇਸ਼ੁਰ ਆਪਣੀਆਂ ਰਚੀਆਂ ਚੀਜ਼ਾਂ ਨਾਲ ਪਿਆਰ ਕਰਦਾ ਹੈ। . . . ਸੁਧਰਨ ਦਾ ਮੌਕਾ ਦਿੱਤੇ ਬਿਨਾਂ ਕੁਝ ਸਾਲਾਂ ਦੀਆਂ ਗ਼ਲਤੀਆਂ ਲਈ ਆਤਮਾ ਨੂੰ ਸਦੀਪਕ ਕਾਲ ਤਕ ਸਜ਼ਾ ਦੇਣ ਦੀ ਸਿੱਖਿਆ ਵਿਚ ਵਿਸ਼ਵਾਸ ਰੱਖਣਾ, ਤਰਕਸ਼ੀਲਤਾ ਦੇ ਹਰ ਸਿਧਾਂਤ ਦੇ ਉਲਟ ਹੈ,” ਹਿੰਦੂ ਫ਼ਿਲਾਸਫ਼ਰ ਨਿਖਿਲਾਨੰਦ ਨੇ ਕਿਹਾ।
2 ਨਿਖਿਲਾਨੰਦ ਵਾਂਗ, ਅੱਜ ਬਹੁਤ ਸਾਰੇ ਲੋਕਾਂ ਨੂੰ ਸਦੀਵੀ ਤਸੀਹੇ ਦੀ ਸਿੱਖਿਆ ਪਰੇਸ਼ਾਨ ਕਰਦੀ ਹੈ। ਇਸੇ ਤਰ੍ਹਾਂ, ਦੂਸਰਿਆਂ ਲਈ ਨਿਰਵਾਣ ਦੀ ਪ੍ਰਾਪਤੀ ਅਤੇ ਕੁਦਰਤ ਵਿਚ ਸਮਾ ਜਾਣ ਵਰਗੀਆਂ ਧਾਰਣਾਵਾਂ ਸਮਝਣੀਆਂ ਮੁਸ਼ਕਲ ਹਨ। ਬਾਈਬਲ ਵਿਚ ਵਿਸ਼ਵਾਸ ਕਰਨ ਦਾ ਦਾਅਵਾ ਕਰਨ ਵਾਲਿਆਂ ਵਿਚ ਵੀ, ਇਸ ਬਾਰੇ ਵੱਖਰੇ-ਵੱਖਰੇ ਵਿਚਾਰ ਪਾਏ ਜਾਂਦੇ ਹਨ ਕਿ ਇਨਸਾਨ ਕੀ ਹੈ ਅਤੇ ਮਰਨ ਤੋਂ ਬਾਅਦ ਉਸ ਨੂੰ ਕੀ ਹੁੰਦਾ ਹੈ। ਪਰ ਬਾਈਬਲ ਇਸ ਬਾਰੇ ਅਸਲ ਵਿਚ ਕੀ ਸਿਖਾਉਂਦੀ ਹੈ ਕਿ ਇਨਸਾਨ ਕਿਵੇਂ ਬਣਾਇਆ ਗਿਆ ਸੀ? ਇਸ ਬਾਰੇ ਜਾਣਨ ਲਈ, ਸਾਨੂੰ ਬਾਈਬਲ ਵਿਚ “ਪ੍ਰਾਣ,” “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤੇ ਗਏ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦੇ ਅਰਥਾਂ ਨੂੰ ਜਾਂਚਣ ਦੀ ਲੋੜ ਹੈ।
ਬਾਈਬਲ ਅਨੁਸਾਰ “ਪ੍ਰਾਣ,” “ਜਾਨ” ਜਾਂ “ਪ੍ਰਾਣੀ”
3. (ੳ) ਇਬਰਾਨੀ ਸ਼ਾਸਤਰ ਵਿਚ ਕਿਹੜੇ ਸ਼ਬਦ ਨੂੰ ਅਕਸਰ “ਪ੍ਰਾਣ”, “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤਾ ਗਿਆ ਹੈ ਅਤੇ ਇਸ ਦਾ ਮੂਲ ਅਰਥ ਕੀ ਹੈ? (ਅ) ਉਤਪਤ 2:7 ਕਿਵੇਂ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸ਼ਬਦ “ਪ੍ਰਾਣੀ” ਪੂਰੇ ਵਿਅਕਤੀ ਨੂੰ ਚਿਤ੍ਰਿਤ ਕਰ ਸਕਦਾ ਹੈ?
3 “ਪ੍ਰਾਣ,” “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਨੀਫ਼ੇਸ਼ ਹੈ ਅਤੇ ਇਹ ਇਬਰਾਨੀ ਸ਼ਾਸਤਰ ਵਿਚ 754 ਵਾਰ ਪਾਇਆ ਜਾਂਦਾ ਹੈ। ਨੀਫ਼ੇਸ਼ ਦਾ ਕੀ ਮਤਲਬ ਹੈ? ਬਾਈਬਲ ਅਤੇ ਧਰਮ ਕੋਸ਼ (ਅੰਗ੍ਰੇਜ਼ੀ) ਦੇ ਅਨੁਸਾਰ, ਇਹ “ਅਕਸਰ ਪੂਰੇ ਜੀਉਂਦੇ ਪ੍ਰਾਣੀ, ਪੂਰੇ ਵਿਅਕਤੀ ਨੂੰ ਸੰਕੇਤ ਕਰਦਾ ਹੈ।” ਇਸ ਦੀ ਪੁਸ਼ਟੀ ਬਾਈਬਲ ਦੇ ਇਸ ਸਰਲ ਵਰਣਨ ਦੁਆਰਾ ਕੀਤੀ ਗਈ ਹੈ ਕਿ ਇਨਸਾਨ ਨੂੰ ਕਿਵੇਂ ਬਣਾਇਆ ਗਿਆ ਸੀ। ਉਤਪਤ 2:7, ਜੋ ਬਾਈਬਲ ਦੀ ਪਹਿਲੀ ਪੋਥੀ ਹੈ, ਵਿਚ ਲਿਖਿਆ ਹੈ: “ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿਚ ਜੀਵਨ ਦਾ ਸਾਹ ਫੂਕ ਦਿੱਤਾ, ਜਿਸ ਨਾਲ ਆਦਮੀ ਜੀਉਂਦਾ ਪ੍ਰਾਣੀ ਬਣ ਗਿਆ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਧਿਆਨ ਦਿਓ ਕਿ ਪਹਿਲਾ ਆਦਮੀ ਪ੍ਰਾਣੀ “ਬਣ ਗਿਆ।” ਇਸ ਲਈ, ਸ਼ਬਦ “ਪ੍ਰਾਣੀ” ਪੂਰੇ ਵਿਅਕਤੀ ਨੂੰ ਚਿਤ੍ਰਿਤ ਕਰਦਾ ਹੈ।
4. ਮਸੀਹੀ ਯੂਨਾਨੀ ਸ਼ਾਸਤਰ ਵਿਚ ਕਿਹੜੇ ਸ਼ਬਦ ਨੂੰ “ਪ੍ਰਾਣ,” “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤਾ ਗਿਆ ਹੈ, ਅਤੇ ਇਸ ਸ਼ਬਦ ਦਾ ਮੂਲ ਅਰਥ ਕੀ ਹੈ?
4 ਮਸੀਹੀ ਯੂਨਾਨੀ ਸ਼ਾਸਤਰ ਵਿਚ ਬਹੁਤ ਵਾਰ “ਪ੍ਰਾਣ,” “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤਾ ਗਿਆ ਸ਼ਬਦ ਪਸੀਹੇ ਹੈ। ਨੀਫ਼ੇਸ਼ ਵਾਂਗ ਇਹ ਸ਼ਬਦ ਵੀ ਅਕਸਰ ਪੂਰੇ ਵਿਅਕਤੀ ਨੂੰ ਸੰਕੇਤ ਕਰਦਾ ਹੈ। ਇਸ ਦੇ ਮਤਲਬ ਨੂੰ ਸਮਝਣ ਲਈ ਕਿਰਪਾ ਕਰ ਕੇ ਅੱਗੇ ਦਿੱਤੀਆਂ ਗਈਆਂ ਆਇਤਾਂ ਉੱਤੇ ਵਿਚਾਰ ਕਰੋ: “ਹਰ ਇੱਕ ਜਾਨ ਨੂੰ ਡਰ ਲੱਗਾ।” (ਰਸੂਲਾਂ ਦੇ ਕਰਤੱਬ 2:43) “ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ ਜੋ ਪੰਝੱਤਰ ਪ੍ਰਾਣੀ ਸਨ ਮੰਗਾ ਲਿਆ।” (ਰਸੂਲਾਂ ਦੇ ਕਰਤੱਬ 7:14) “ਅਸੀਂ ਸਰਬੱਤ ਦੋ ਸੌ ਛਿਹੱਤਰ ਪ੍ਰਾਣੀ ਉਸ ਜਹਾਜ਼ ਉੱਤੇ ਸਾਂ।” (ਰਸੂਲਾਂ ਦੇ ਕਰਤੱਬ 27:37) “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ।” (ਰੋਮੀਆਂ 13:1) “ਅੰਤ ਵਿਚ ਕੁਝ ਹੀ ਜਨੇ ਸਭ ਮਿਲਾ ਕੇ ਅੱਠ ਪ੍ਰਾਣੀ ਪਾਣੀ ਤੋਂ ਬਚਾਏ ਜਾ ਸਕੇ ਸਨ।” (1 ਪਤਰਸ 3:20, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਪੱਸ਼ਟ ਤੌਰ ਤੇ, ਨੀਫ਼ੇਸ਼ ਵਾਂਗ ਪਸੀਹੇ ਵੀ ਪੂਰੇ ਵਿਅਕਤੀ ਨੂੰ ਸੰਕੇਤ ਕਰਦਾ ਹੈ। ਵਿਦਵਾਨ ਨਾਈਜਲ ਟਰਨਰ ਦੇ ਅਨੁਸਾਰ ਇਹ ਸ਼ਬਦ “ਉਸ ਚੀਜ਼ ਨੂੰ ਸੰਕੇਤ ਕਰਦਾ ਹੈ ਜੋ ਕਿ ਮੂਲ ਤੌਰ ਤੇ ਮਨੁੱਖੀ ਹੈ, ਵਿਅਕਤੀ ਹੈ, ਅਰਥਾਤ ਭੌਤਿਕ ਸਰੀਰ ਹੈ ਜਿਸ ਵਿਚ ਪਰਮੇਸ਼ੁਰ ਦੀ ਰੂਆਹ [ਕ੍ਰਿਆਸ਼ੀਲ ਸ਼ਕਤੀ] ਫੂਕੀ ਗਈ ਸੀ। . . . ਇਹ ਸ਼ਬਦ ਪੂਰੇ ਵਿਅਕਤੀ ਨੂੰ ਸੂਚਿਤ ਕਰਦਾ ਹੈ।”
5. “ਪ੍ਰਾਣ”, “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤੇ ਗਏ ਇਬਰਾਨੀ ਅਤੇ ਯੂਨਾਨੀ ਸ਼ਬਦ ਹੋਰ ਕਿਹ ਨੂੰ ਸੂਚਿਤ ਕਰ ਸਕਦੇ ਹਨ?
5 ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ “ਪ੍ਰਾਣ,” “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤੇ ਗਏ ਇਬਰਾਨੀ ਅਤੇ ਯੂਨਾਨੀ ਸ਼ਬਦ ਸਿਰਫ਼ ਇਨਸਾਨਾਂ ਲਈ ਹੀ ਨਹੀਂ, ਬਲਕਿ ਜਾਨਵਰਾਂ ਲਈ ਵੀ ਵਰਤੇ ਜਾਂਦੇ ਹਨ। ਉਦਾਹਰਣ ਲਈ, ਸਮੁੰਦਰੀ ਜੀਵਾਂ ਦੀ ਸ੍ਰਿਸ਼ਟੀ ਦਾ ਵਰਣਨ ਕਰਦੇ ਹੋਏ, ਉਤਪਤ 1:20 ਕਹਿੰਦਾ ਹੈ ਕਿ ਪਰਮੇਸ਼ੁਰ ਨੇ ਹੁਕਮ ਦਿੱਤਾ: “ਪਾਣੀ ਢੇਰ ਸਾਰੇ ਜੀਉਂਦੇ ਪ੍ਰਾਣੀਆਂ [ਇਬਰਾਨੀ, ਨੀਫੇਸ਼] ਨਾਲ ਭਰ ਜਾਣ।” ਅਤੇ ਸ੍ਰਿਸ਼ਟੀ ਦੇ ਅਗਲੇ ਦਿਨ, ਪਰਮੇਸ਼ੁਰ ਨੇ ਕਿਹਾ: “ਧਰਤੀ ਜੀਉਂਦੇ ਪ੍ਰਾਣੀਆਂ [ਇਬਰਾਨੀ, ਨੀਫ਼ੇਸ਼] ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਤੇ ਡੰਗਰਾਂ ਨੂੰ ਅਰ ਘਿੱਸਰਨ ਵਾਲਿਆਂ ਨੂੰ ਅਰ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਉਪਜਾਵੇ।”—ਉਤਪਤ 1:24. ਗਿਣਤੀ 31:28 ਦੀ ਤੁਲਨਾ ਕਰੋ।
6. ਜਿਸ ਸ਼ਬਦ ਨੂੰ ਅਕਸਰ “ਪ੍ਰਾਣੀ” ਅਨੁਵਾਦ ਕੀਤਾ ਜਾਂਦਾ ਹੈ, ਬਾਈਬਲ ਵਿਚ ਉਸ ਦੇ ਪ੍ਰਯੋਗ ਬਾਰੇ ਕੀ ਕਿਹਾ ਜਾ ਸਕਦਾ ਹੈ?
6 ਇਸ ਤਰ੍ਹਾਂ, ਬਾਈਬਲ ਇਨਸਾਨ ਦਾ ਵਰਣਨ “ਪ੍ਰਾਣੀ” ਵਜੋਂ ਕਰਦੀ ਹੈ ਅਤੇ ਮੁਢਲੀਆਂ ਭਾਸ਼ਾਵਾਂ ਵਿਚ ਵੀ ਉਹੀ ਸ਼ਬਦ ਇਨਸਾਨ ਜਾਂ ਜਾਨਵਰ ਲਈ ਵਰਤਿਆ ਗਿਆ ਹੈ। ਇਹ ਸ਼ਬਦ ਇਨਸਾਨ ਜਾਂ ਜਾਨਵਰ ਦੇ ਜੀਵਨ ਲਈ ਵੀ ਵਰਤਿਆ ਜਾਂਦਾ ਹੈ। (ਉੱਪਰ ਦਿੱਤੀ ਗਈ ਡੱਬੀ ਦੇਖੋ।) ਇਨਸਾਨ ਕੀ ਹੈ, ਇਸ ਬਾਰੇ ਬਾਈਬਲ ਦਾ ਵਰਣਨ ਸਰਲ, ਅਣਬਦਲਵਾਂ ਅਤੇ ਮਨੁੱਖ ਦੇ ਗੁੰਝਲਦਾਰ ਫ਼ਲਸਫ਼ਿਆਂ ਅਤੇ ਅੰਧਵਿਸ਼ਵਾਸਾਂ ਤੋਂ ਮੁਕਤ ਹੈ। ਤਾਂ ਫਿਰ, ਇਕ ਜ਼ਰੂਰੀ ਸਵਾਲ ਜੋ ਪੁੱਛਿਆ ਜਾਣਾ ਚਾਹੀਦਾ ਹੈ ਉਹ ਇਹ ਹੈ ਕਿ ਬਾਈਬਲ ਅਨੁਸਾਰ ਮਰਨ ਤੋਂ ਬਾਅਦ ਆਦਮੀ ਨੂੰ ਕੀ ਹੁੰਦਾ ਹੈ?
ਮਰੇ ਹੋਏ ਲੋਕ ਅਚੇਤ ਹਨ
7, 8. (ੳ) ਸ਼ਾਸਤਰਵਚਨ ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਕੀ ਦੱਸਦੇ ਹਨ? (ਅ) ਕੀ ਬਾਈਬਲ ਇਹ ਸੰਕੇਤ ਕਰਦੀ ਹੈ ਕਿ ਵਿਅਕਤੀ ਜਾਂ ਪ੍ਰਾਣੀ ਦਾ ਕੋਈ ਹਿੱਸਾ ਮੌਤ ਹੋਣ ਤੋਂ ਬਾਅਦ ਜੀਉਂਦਾ ਰਹਿੰਦਾ ਹੈ?
7 ਮਰੇ ਹੋਏ ਲੋਕਾਂ ਦੀ ਹਾਲਤ ਉਪਦੇਸ਼ਕ ਦੀ ਪੋਥੀ 9:5, 10 ਵਿਚ ਸਪੱਸ਼ਟ ਕੀਤੀ ਗਈ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਮੋਏ ਕੁਝ ਵੀ ਨਹੀਂ ਜਾਣਦੇ . . . ਪਤਾਲ ਵਿੱਚ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” ਇਸ ਲਈ ਮੌਤ ਅਣਹੋਂਦ ਦੀ ਹਾਲਤ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਕਿ ਜਦੋਂ ਇਨਸਾਨ ਮਰਦਾ ਹੈ, ਤਾਂ ‘ਉਹ ਆਪਣੀ ਮਿੱਟੀ ਵਿੱਚ ਮੁੜ ਜਾਂਦਾ ਹੈ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ।’ (ਜ਼ਬੂਰ 146:4) ਮਰੇ ਹੋਏ ਲੋਕ ਅਚੇਤ ਹਨ ਅਤੇ ਕੋਈ ਕੰਮ ਨਹੀਂ ਕਰ ਸਕਦੇ।
8 ਆਦਮ ਨੂੰ ਸਜ਼ਾ ਸੁਣਾਉਂਦੇ ਸਮੇਂ ਪਰਮੇਸ਼ੁਰ ਨੇ ਕਿਹਾ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਪਰਮੇਸ਼ੁਰ ਦੁਆਰਾ ਆਦਮ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਉਣ ਅਤੇ ਉਸ ਵਿਚ ਜਾਨ ਪਾਉਣ ਤੋਂ ਪਹਿਲਾਂ, ਉਹ ਹੋਂਦ ਵਿਚ ਨਹੀਂ ਸੀ। ਜਦੋਂ ਉਹ ਮਰਿਆ, ਤਾਂ ਉਹ ਉਸੇ ਹਾਲਤ ਵਿਚ ਫਿਰ ਮੁੜ ਗਿਆ। ਉਸ ਦੀ ਸਜ਼ਾ ਮੌਤ ਸੀ—ਨਾ ਕਿ ਕਿਸੇ ਦੂਸਰੀ ਦੁਨੀਆਂ ਵਿਚ ਜੀਵਨ। ਕੀ ਉਸ ਵਿੱਚੋਂ ਕੋਈ ਚੀਜ਼ ਜੀਉਂਦੀ ਰਹੀ? ਨਹੀਂ, ਬਾਈਬਲ ਕਹਿੰਦੀ ਹੈ ਕਿ ਜਦੋਂ ਇਨਸਾਨ ਮਰਦਾ ਹੈ ਤਾਂ ਉਹ ਪੂਰੀ ਤਰ੍ਹਾਂ ਮਰ ਜਾਂਦਾ ਹੈ। ਉਹ ਇਹ ਨਹੀਂ ਸਿਖਾਉਂਦੀ ਕਿ ਹਰ ਪ੍ਰਾਣੀ ਵਿਚ ਕੋਈ ਚੀਜ਼ ਹੈ ਜੋ ਜੀਉਂਦੀ ਰਹਿੰਦੀ ਹੈ। ਇਹ ਸ਼ਾਇਦ ਉਨ੍ਹਾਂ ਲੋਕਾਂ ਨੂੰ ਅਜੀਬ ਲੱਗੇ ਜਿਹੜੇ ਅਮਰ ਆਤਮਾ ਵਿਚ ਵਿਸ਼ਵਾਸ ਕਰਦੇ ਹਨ, ਪਰ ਮੌਤ ਹੋਣ ਤੇ ਪੂਰਾ ਪ੍ਰਾਣੀ ਜਾਂ ਵਿਅਕਤੀ ਮਰ ਜਾਂਦਾ ਹੈ ਤੇ ਬਾਈਬਲ ਅਨੁਸਾਰ ਉਸ ਦਾ ਕੋਈ ਵੀ ਹਿੱਸਾ ਜੀਉਂਦਾ ਨਹੀਂ ਰਹਿੰਦਾ ਹੈ।
9. ਬਾਈਬਲ ਦੇ ਇਹ ਕਹਿਣ ਦਾ ਕੀ ਅਰਥ ਹੈ ਕਿ ਰਾਖੇਲ “ਦੇ ਪ੍ਰਾਣ ਨਿੱਕਲਨ ਨੂੰ ਸਨ”?
9 ਆਪਣੇ ਦੂਸਰੇ ਪੁੱਤਰ ਦੇ ਜਨਮ ਵੇਲੇ ਰਾਖੇਲ ਦੀ ਦਰਦਨਾਕ ਮੌਤ ਸੰਬੰਧੀ ਉਤਪਤ 35:18 ਵਿਚ ਪਾਏ ਜਾਂਦੇ ਬਿਆਨ ਬਾਰੇ ਕੀ? ਇਸ ਵਿਚ ਅਸੀਂ ਪੜ੍ਹਦੇ ਹਾਂ: “ਜਾਂ ਉਹ ਦੇ ਪ੍ਰਾਣ ਨਿੱਕਲਨ ਨੂੰ ਸਨ ਅਰ ਉਹ ਮਰਨ ਨੂੰ ਸੀ ਤਾਂ ਉਸ ਨੇ ਉਹ ਦਾ ਨਾਉਂ ਬਨ-ਓਨੀ ਰੱਖਿਆ ਪਰ ਉਸ ਦੇ ਪਿਤਾ ਨੇ ਉਹ ਦਾ ਨਾਉਂ ਬਿਨਯਾਮੀਨ ਰੱਖਿਆ।” ਕੀ ਇਸ ਆਇਤ ਦਾ ਇਹ ਮਤਲਬ ਹੈ ਕਿ ਰਾਖੇਲ ਦੇ ਅੰਦਰ ਕੋਈ ਚੀਜ਼ ਸੀ ਜੋ ਉਸ ਦੀ ਮੌਤ ਤੋਂ ਬਾਅਦ ਨਿਕਲ ਗਈ ਸੀ? ਬਿਲਕੁਲ ਨਹੀਂ। ਯਾਦ ਰੱਖੋ, ਸ਼ਬਦ “ਪ੍ਰਾਣ” ਇਕ ਵਿਅਕਤੀ ਦੇ ਜੀਵਨ ਨੂੰ ਵੀ ਸੰਕੇਤ ਕਰ ਸਕਦਾ ਹੈ। ਇਸ ਲਈ ਇਸ ਮਾਮਲੇ ਵਿਚ, ਰਾਖੇਲ ਦੇ “ਪ੍ਰਾਣ” ਦਾ ਅਰਥ ਸਿਰਫ਼ ਉਸ ਦਾ “ਜੀਵਨ” ਸੀ। ਇਸੇ ਲਈ ਦੂਸਰੇ ਬਾਈਬਲ ਅਨੁਵਾਦ ਇਸ ਵਾਕਾਂਸ਼ “ਉਹ ਦੇ ਪ੍ਰਾਣ ਨਿੱਕਲਨ ਨੂੰ ਸਨ” ਦਾ ਇਸ ਤਰ੍ਹਾਂ ਅਨੁਵਾਦ ਕਰਦੇ ਹਨ, “ਉਸ ਦਾ ਜੀਵਨ ਖ਼ਤਮ ਹੋ ਰਿਹਾ ਸੀ” (ਨੋਕਸ), “ਉਸ ਨੇ ਆਖ਼ਰੀ ਸਾਹ ਲਿਆ,” (ਦ ਜਰੂਸਲਮ ਬਾਈਬਲ), ਅਤੇ “ਉਸ ਦਾ ਜੀਵਨ ਨਿਕਲ ਗਿਆ” (ਸਾਧਾਰਣ ਅੰਗ੍ਰੇਜ਼ੀ ਵਿਚ ਬਾਈਬਲ)। ਇੱਥੇ ਕੋਈ ਸੰਕੇਤ ਨਹੀਂ ਮਿਲਦਾ ਹੈ ਕਿ ਰਾਖੇਲ ਦਾ ਕੋਈ ਰਹੱਸਮਈ ਹਿੱਸਾ ਉਸ ਦੀ ਮੌਤ ਤੋਂ ਬਾਅਦ ਜੀਉਂਦਾ ਰਿਹਾ ਸੀ।
10. ਵਿਧਵਾ ਦੇ ਪੁਨਰ-ਉਥਿਤ ਮੁੰਡੇ ਦੇ ਪ੍ਰਾਣ ਕਿਵੇਂ “ਉਹ ਦੇ ਵਿੱਚ ਫੇਰ ਆ ਗਏ”?
10 ਪਹਿਲਾ ਰਾਜਿਆਂ ਦੇ ਅਧਿਆਇ 17 ਵਿਚ ਦਰਜ ਕੀਤੇ ਗਏ ਵਿਧਵਾ ਦੇ ਪੁੱਤਰ ਦੇ ਪੁਨਰ-ਉਥਾਨ ਦੇ ਮਾਮਲੇ ਵਿਚ ਵੀ ਇਹੋ ਗੱਲ ਸਿੱਧ ਹੁੰਦੀ ਹੈ। ਆਇਤ 22 ਵਿਚ, ਅਸੀਂ ਪੜ੍ਹਦੇ ਹਾਂ ਕਿ ਜਦੋਂ ਏਲੀਯਾਹ ਨੇ ਉਸ ਜਵਾਨ ਮੁੰਡੇ ਲਈ ਪ੍ਰਾਰਥਨਾ ਕੀਤੀ, ਤਾਂ “ਯਹੋਵਾਹ ਨੇ ਏਲੀਯਾਹ ਦੀ ਆਵਾਜ਼ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਹ ਦੇ ਵਿੱਚ ਫੇਰ ਆ ਗਏ ਅਤੇ ਉਹ ਜੀ ਉੱਠਿਆ।” ਇਕ ਵਾਰ ਫਿਰ, “ਪ੍ਰਾਣ” ਸ਼ਬਦ ਦਾ ਅਰਥ “ਜੀਵਨ” ਹੈ। ਇਸ ਲਈ ਨਿਊ ਅਮੈਰੀਕਨ ਸਟੈਂਡਡ ਬਾਈਬਲ ਕਹਿੰਦੀ ਹੈ: “ਬੱਚੇ ਦਾ ਜੀਵਨ ਉਸ ਨੂੰ ਦੁਬਾਰਾ ਮਿਲ ਗਿਆ ਅਤੇ ਉਹ ਜੀਉਂਦਾ ਹੋ ਗਿਆ।” ਜੀ ਹਾਂ, ਇਹ ਜੀਵਨ ਹੀ ਸੀ, ਕੋਈ ਪਰਛਾਵੇਂ ਰੂਪੀ ਚੀਜ਼ ਨਹੀਂ ਜੋ ਮੁੰਡੇ ਵਿਚ ਦੁਬਾਰਾ ਵਾਪਸ ਆ ਗਈ ਸੀ। ਇਹ ਮੁੰਡੇ ਦੀ ਮਾਂ ਨੂੰ ਏਲੀਯਾਹ ਦੁਆਰਾ ਕਹੇ ਗਏ ਸ਼ਬਦਾਂ ਦੀ ਇਕਸੁਰਤਾ ਵਿਚ ਹੈ: “ਵੇਖ ਤੇਰਾ ਪੁੱਤ੍ਰ [ਪੂਰਾ ਵਿਅਕਤੀ] ਜੀਉਂਦਾ ਹੈ।”—1 ਰਾਜਿਆਂ 17:23.
ਆਤਮਾ ਬਾਰੇ ਕੀ?
11. ਬਾਈਬਲ ਵਿਚ “ਆਤਮਾ” ਸ਼ਬਦ ਇਨਸਾਨ ਦੀ ਮੌਤ ਤੋਂ ਬਾਅਦ ਜੀਉਂਦੇ ਰਹਿਣ ਵਾਲੇ ਕਿਸੇ ਸਰੀਰਹੀਣ ਹਿੱਸੇ ਨੂੰ ਕਿਉਂ ਨਹੀਂ ਸੰਕੇਤ ਕਰ ਸਕਦਾ ਹੈ?
11 ਬਾਈਬਲ ਵਿਚ “ਆਤਮਾ” ਅਨੁਵਾਦ ਕੀਤੇ ਗਏ ਸ਼ਬਦਾਂ (ਇਬਰਾਨੀ, ਰੂਆਖ; ਯੂਨਾਨੀ, ਪਨੈਵਮਾ) ਦਾ ਅਰਥ ਹੈ “ਸਾਹ,” ਅਤੇ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਵਿਚ ਇਸ ਨੂੰ ਇਸੇ ਤਰ੍ਹਾਂ, ਅਰਥਾਤ “ਸਾਹ” ਅਨੁਵਾਦ ਕੀਤਾ ਗਿਆ ਹੈ। ਇਸ ਤਰ੍ਹਾਂ ਜ਼ਬੂਰ 146:4 ਵਿਚ ਕਈ ਅਨੁਵਾਦ “ਆਤਮਾ” ਕਹਿਣ ਦੀ ਬਜਾਇ ਕਹਿੰਦੇ ਹਨ ਕਿ ਜਦੋਂ ਇਕ ਇਨਸਾਨ ਮਰਦਾ ਹੈ, ਤਾਂ ‘ਉਹ ਦਾ ਸਾਹ ਨਿੱਕਲ ਜਾਂਦਾ ਹੈ, ਉਹ ਆਪਣੀ ਮਿੱਟੀ ਵਿੱਚ ਮੁੜ ਜਾਂਦਾ ਹੈ।’ ਇਸ ਤੋਂ ਉਹ ਇਹ ਨਹੀਂ ਕਹਿਣਾ ਚਾਹੁੰਦੇ ਕਿ “ਆਤਮਾ” ਕਿਸੇ ਅਮਰ ਸਚੇਤ ਚੀਜ਼ ਦੇ ਰੂਪ ਵਿਚ ਕਿਸੇ ਦੂਸਰੀ ਅਦ੍ਰਿਸ਼ਟ ਦੁਨੀਆਂ ਵਿਚ ਜਾਣ ਲਈ ਸਰੀਰ ਵਿੱਚੋਂ ‘ਨਿਕਲ ਜਾਂਦੀ ਹੈ।’ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ: “ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ” (“ਉਸ ਦੀ ਸੋਚ ਖ਼ਤਮ ਹੋ ਜਾਂਦੀ ਹੈ,” ਦ ਨਿਊ ਇੰਗਲਿਸ਼ ਬਾਈਬਲ)।
12. ਬਾਈਬਲ ਵਿਚ “ਸਾਹ” ਜਾਂ “ਆਤਮਾ” ਅਨੁਵਾਦ ਕੀਤੇ ਗਏ ਇਬਰਾਨੀ ਅਤੇ ਯੂਨਾਨੀ ਸ਼ਬਦ ਕਿਸ ਚੀਜ਼ ਨੂੰ ਸੰਕੇਤ ਕਰਦੇ ਹਨ?
12 ਪਰ ਇਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਨੂੰ ਹਮੇਸ਼ਾ “ਸਾਹ” ਅਨੁਵਾਦ ਨਹੀਂ ਕੀਤਾ ਗਿਆ ਹੈ, ਕਿਉਂਕਿ ਇਸ ਵਿਚ ਸਾਹ ਲੈਣ ਦੀ ਕਿਰਿਆ ਨਾਲੋਂ ਕੁਝ ਜ਼ਿਆਦਾ ਸ਼ਾਮਲ ਹੈ। ਉਦਾਹਰਣ ਲਈ, ਪੂਰੀ ਧਰਤੀ ਉੱਤੇ ਆਈ ਜਲ-ਪਰਲੋ ਦੇ ਸਮੇਂ ਮਨੁੱਖੀ ਜੀਵਨ ਅਤੇ ਜਾਨਵਰਾਂ ਦੇ ਜੀਵਨ ਦੇ ਵਿਨਾਸ਼ ਦਾ ਵਰਣਨ ਕਰਦੇ ਹੋਏ, ਉਤਪਤ 7:22 ਕਹਿੰਦਾ ਹੈ: “ਜਿਨ੍ਹਾਂ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ [ਜਾਂ, ਆਤਮਾ; ਇਬਰਾਨੀ, ਰੂਆਖ] ਸੀ ਜਿਹੜੇ ਖੁਸ਼ਕੀ ਉੱਤੇ ਸਨ ਓਹ ਸਾਰੇ ਮਰ ਗਏ।” ਇਸ ਲਈ ਇਬਰਾਨੀ ਸ਼ਬਦ ਰੂਆਖ ਨੂੰ ਕਦੀ-ਕਦੀ “ਆਤਮਾ” ਅਨੁਵਾਦ ਕੀਤਾ ਗਿਆ ਹੈ ਅਤੇ ਬਾਈਬਲ ਵਿਚ ਇਹ ਜੀਵਨ-ਸ਼ਕਤੀ ਨੂੰ ਸੰਕੇਤ ਕਰਦਾ ਹੈ, ਜੋ ਕਿ ਸਾਰੇ ਜੀਵਾਂ, ਯਾਨੀ ਕਿ ਇਨਸਾਨਾਂ ਅਤੇ ਜਾਨਵਰਾਂ ਵਿਚ ਸਰਗਰਮ ਹੈ, ਅਤੇ ਜਿਸ ਨੂੰ ਸਾਹ ਲੈਣ ਦੁਆਰਾ ਚਾਲੂ ਰੱਖਿਆ ਜਾਂਦਾ ਹੈ।
13. ਬਾਈਬਲ ਵਿਚ ਜਿਸ ਚੀਜ਼ ਨੂੰ ਆਤਮਾ ਕਿਹਾ ਗਿਆ ਹੈ, ਉਹ ਇਕ ਵਿਅਕਤੀ ਦੇ ਮਰਨ ਤੇ ਕਿਸ ਤਰ੍ਹਾਂ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ?
13 ਤਾਂ ਫਿਰ, ਉਪਦੇਸ਼ਕ ਦੀ ਪੋਥੀ 12:7 ਦੇ ਇਹ ਕਹਿਣ ਦਾ ਕੀ ਅਰਥ ਹੈ ਕਿ ਜਦੋਂ ਇਨਸਾਨ ਮਰਦਾ ਹੈ ਤਾਂ ‘ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ, ਜਿਸ ਨੇ ਉਸ ਨੂੰ ਬਖਸ਼ਿਆ ਸੀ’? ਕੀ ਇਸ ਦਾ ਇਹ ਮਤਲਬ ਹੈ ਕਿ ਆਤਮਾ ਸੱਚ-ਮੁੱਚ ਆਸਮਾਨ ਵਿੱਚੋਂ ਸਫ਼ਰ ਕਰਦੀ ਹੋਈ ਪਰਮੇਸ਼ੁਰ ਦੀ ਹਜ਼ੂਰੀ ਵਿਚ ਚਲੀ ਜਾਂਦੀ ਹੈ? ਇਸ ਦਾ ਬਿਲਕੁਲ ਇਹ ਮਤਲਬ ਨਹੀਂ ਹੈ। ਬਾਈਬਲ ਵਿਚ “ਆਤਮਾ” ਦਾ ਅਰਥ ਜੀਵਨ-ਸ਼ਕਤੀ ਹੈ, ਅਤੇ ਇਹ ਇਸ ਭਾਵ ਵਿਚ ‘ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ’ ਕਿ ਭਵਿੱਖ ਵਿਚ ਵਿਅਕਤੀ ਦੇ ਜੀਵਨ ਦੀ ਆਸ ਹੁਣ ਪੂਰੀ ਤਰ੍ਹਾਂ ਪਰਮੇਸ਼ੁਰ ਉੱਤੇ ਨਿਰਭਰ ਕਰਦੀ ਹੈ। ਸਿਰਫ਼ ਪਰਮੇਸ਼ੁਰ ਹੀ ਦੁਬਾਰਾ ਆਤਮਾ ਜਾਂ ਜੀਵਨ-ਸ਼ਕਤੀ ਦੇ ਸਕਦਾ ਹੈ, ਜਿਸ ਨਾਲ ਇਕ ਵਿਅਕਤੀ ਦੁਬਾਰਾ ਜੀਉਂਦਾ ਹੋ ਜਾਵੇਗਾ। (ਜ਼ਬੂਰ 104:30) ਪਰ ਕੀ ਪਰਮੇਸ਼ੁਰ ਇਸ ਤਰ੍ਹਾਂ ਕਰਨ ਦਾ ਇਰਾਦਾ ਰੱਖਦਾ ਹੈ?
‘ਉਹ ਜੀ ਉੱਠੇਗਾ’
14. ਲਾਜ਼ਰ ਦੀ ਮੌਤ ਤੋਂ ਬਾਅਦ ਉਸ ਦੀਆਂ ਭੈਣਾਂ ਨੂੰ ਦਿਲਾਸਾ ਅਤੇ ਧਰਵਾਸ ਦੇਣ ਲਈ ਯਿਸੂ ਨੇ ਕੀ ਕਿਹਾ ਅਤੇ ਕੀ ਕੀਤਾ?
14 ਯਰੂਸ਼ਲਮ ਤੋਂ ਕੁਝ ਤਿੰਨ ਕਿਲੋਮੀਟਰ ਪੂਰਬ ਵਿਚ ਬੈਤਅਨਿਯਾ ਨਾਂ ਦੇ ਇਕ ਛੋਟੇ ਕਸਬੇ ਵਿਚ, ਮਰਿਯਮ ਅਤੇ ਮਾਰਥਾ ਆਪਣੇ ਭਰਾ ਲਾਜ਼ਰ ਦੀ ਅਣਿਆਈ ਮੌਤ ਉੱਤੇ ਸੋਗ ਮਨਾ ਰਹੀਆਂ ਸਨ। ਯਿਸੂ ਨੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ ਕਿਉਂਕਿ ਉਹ ਲਾਜ਼ਰ ਅਤੇ ਉਸ ਦੀਆਂ ਭੈਣਾਂ ਨਾਲ ਬਹੁਤ ਪਿਆਰ ਕਰਦਾ ਸੀ। ਯਿਸੂ ਉਸ ਦੀਆਂ ਭੈਣਾਂ ਨੂੰ ਕਿਵੇਂ ਦਿਲਾਸਾ ਦੇ ਸਕਦਾ ਸੀ? ਕੋਈ ਗੁੰਝਲਦਾਰ ਕਹਾਣੀ ਸੁਣਾ ਕੇ ਨਹੀਂ, ਬਲਕਿ ਉਨ੍ਹਾਂ ਨੂੰ ਸੱਚਾਈ ਦੱਸ ਕੇ। ਯਿਸੂ ਨੇ ਸਿਰਫ਼ ਇੰਨਾ ਹੀ ਕਿਹਾ: “ਤੇਰਾ ਭਰਾ ਜੀ ਉੱਠੇਗਾ।” ਫਿਰ ਯਿਸੂ ਕਬਰ ਕੋਲ ਗਿਆ ਅਤੇ ਉਸ ਨੇ ਲਾਜ਼ਰ ਨੂੰ ਜੀ ਉਠਾਇਆ, ਅਰਥਾਤ ਉਸ ਮਨੁੱਖ ਨੂੰ ਮੁੜ ਜੀਵਨ ਦਿੱਤਾ ਜਿਸ ਨੂੰ ਮਰੇ ਚਾਰ ਦਿਨ ਹੋ ਗਏ ਸਨ!—ਯੂਹੰਨਾ 11:18-23, 38-44.
15. ਜੋ ਯਿਸੂ ਨੇ ਕਿਹਾ ਅਤੇ ਕੀਤਾ, ਉਸ ਪ੍ਰਤੀ ਮਾਰਥਾ ਦੀ ਕੀ ਪ੍ਰਤਿਕ੍ਰਿਆ ਸੀ?
15 ਕੀ ਮਾਰਥਾ ਯਿਸੂ ਦੇ ਇਹ ਕਹਿਣ ਤੋਂ ਹੈਰਾਨ ਹੋਈ ਕਿ ਲਾਜ਼ਰ “ਜੀ ਉੱਠੇਗਾ”? ਨਹੀਂ, ਕਿਉਂਕਿ ਉਸ ਨੇ ਜਵਾਬ ਦਿੱਤਾ: “ਮੈਂ ਜਾਣਦੀ ਹਾਂ ਜੋ ਕਿਆਮਤ [“ਪੁਨਰ ਉੱਥਾਨ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਨੂੰ ਅੰਤ ਦੇ ਦਿਨ ਉਹ ਜੀ ਉੱਠੂ।” ਉਸ ਨੂੰ ਪੁਨਰ-ਉਥਾਨ ਦੇ ਵਾਅਦੇ ਵਿਚ ਪਹਿਲਾਂ ਹੀ ਵਿਸ਼ਵਾਸ ਸੀ। ਯਿਸੂ ਨੇ ਫਿਰ ਉਸ ਨੂੰ ਦੱਸਿਆ: “[ਪੁਨਰ-ਉਥਾਨ] ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।” (ਯੂਹੰਨਾ 11:23-25) ਲਾਜ਼ਰ ਦੇ ਦੁਬਾਰਾ ਜੀਉਂਦਾ ਹੋਣ ਦੇ ਚਮਤਕਾਰ ਨੇ ਮਾਰਥਾ ਦੀ ਨਿਹਚਾ ਨੂੰ ਹੋਰ ਵੀ ਮਜ਼ਬੂਤ ਕੀਤਾ ਅਤੇ ਦੂਸਰੇ ਲੋਕਾਂ ਵਿਚ ਨਿਹਚਾ ਪੈਦਾ ਕੀਤੀ। (ਯੂਹੰਨਾ 11:45) ਪਰ ਸ਼ਬਦ “ਪੁਨਰ-ਉਥਾਨ” ਦਾ ਕੀ ਅਰਥ ਹੈ?
16. ਸ਼ਬਦ “ਪੁਨਰ-ਉਥਾਨ” ਦਾ ਕੀ ਅਰਥ ਹੈ?
16 ਸ਼ਬਦ “ਪੁਨਰ-ਉਥਾਨ” ਯੂਨਾਨੀ ਸ਼ਬਦ ਆਨਾਸਟਾਸੀਸ ਦਾ ਅਨੁਵਾਦ ਹੈ, ਜਿਸ ਦਾ ਸ਼ਾਬਦਿਕ ਅਰਥ ਹੈ, “ਦੁਬਾਰਾ ਖੜ੍ਹੇ ਹੋਣਾ।” ਯੂਨਾਨੀ ਭਾਸ਼ਾ ਦੇ ਇਬਰਾਨੀ ਅਨੁਵਾਦਕਾਂ ਨੇ ਆਨਾਸਟਾਸੀਸ ਨੂੰ ਅਨੁਵਾਦ ਕਰਦਿਆਂ ਉਹ ਅਭਿਵਿਅਕਤੀ ਪ੍ਰਯੋਗ ਕੀਤੀ ਜਿਸ ਦਾ ਅਰਥ ਹੈ, “ਮਰੇ ਹੋਇਆਂ ਦਾ ਜੀਉਂਦਾ ਹੋਣਾ” (ਇਬਰਾਨੀ, ਤਖੀਯਾਥ ਹਾਮੇਥੀਮ)।a ਇਸ ਲਈ ਪੁਨਰ-ਉਥਾਨ ਵਿਚ ਮੌਤ ਦੀ ਬੇਜਾਨ ਹਾਲਤ ਤੋਂ ਇਕ ਵਿਅਕਤੀ ਨੂੰ ਜੀ ਉਠਾਉਣਾ ਸ਼ਾਮਲ ਹੈ, ਅਰਥਾਤ ਵਿਅਕਤੀ ਦੇ ਜੀਵਨ ਦੇ ਹਰ ਪਹਿਲੂ ਨੂੰ ਮੁੜ ਬਹਾਲ ਕਰਨਾ ਅਤੇ ਦੁਬਾਰਾ ਸਰਗਰਮ ਕਰਨਾ।
17. (ੳ) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਲਈ ਵੱਖ-ਵੱਖ ਵਿਅਕਤੀਆਂ ਨੂੰ ਪੁਨਰ-ਉਥਿਤ ਕਰਨਾ ਕਿਉਂ ਨਹੀਂ ਮੁਸ਼ਕਲ ਹੋਵੇਗਾ? (ਅ) ਜਿਹੜੇ ਲੋਕ ਸਮਾਰਕ ਕਬਰਾਂ ਵਿਚ ਹਨ, ਉਨ੍ਹਾਂ ਬਾਰੇ ਯਿਸੂ ਨੇ ਕਿਹੜਾ ਵਾਅਦਾ ਕੀਤਾ ਸੀ?
17 ਅਸੀਮ ਬੁੱਧ ਅਤੇ ਪੂਰਣ ਯਾਦਾਸ਼ਤ ਦਾ ਮਾਲਕ ਹੋਣ ਕਰਕੇ, ਯਹੋਵਾਹ ਪਰਮੇਸ਼ੁਰ ਇਕ ਵਿਅਕਤੀ ਨੂੰ ਆਸਾਨੀ ਨਾਲ ਪੁਨਰ-ਉਥਿਤ ਕਰ ਸਕਦਾ ਹੈ। ਉਸ ਲਈ ਮਰੇ ਹੋਏ ਲੋਕਾਂ ਦੇ ਜੀਵਨ ਦੇ ਹਰ ਪਹਿਲੂ ਨੂੰ, ਅਰਥਾਤ ਉਨ੍ਹਾਂ ਦੇ ਗੁਣਾਂ-ਔਗੁਣਾਂ, ਉਨ੍ਹਾਂ ਦੇ ਨਿੱਜੀ ਇਤਿਹਾਸ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਮੁਸ਼ਕਲ ਨਹੀਂ ਹੈ। (ਅੱਯੂਬ 12:13. ਯਸਾਯਾਹ 40:26 ਦੀ ਤੁਲਨਾ ਕਰੋ।) ਇਸ ਤੋਂ ਇਲਾਵਾ, ਜਿਵੇਂ ਲਾਜ਼ਰ ਦਾ ਬਿਰਤਾਂਤ ਸੰਕੇਤ ਕਰਦਾ ਹੈ, ਯਿਸੂ ਮਸੀਹ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨਾ ਚਾਹੁੰਦਾ ਹੈ ਅਤੇ ਉਹ ਇਸ ਤਰ੍ਹਾਂ ਕਰਨ ਦੇ ਯੋਗ ਵੀ ਹੈ। (ਲੂਕਾ 7:11-17; 8:40-56 ਦੀ ਤੁਲਨਾ ਕਰੋ।) ਅਸਲ ਵਿਚ, ਯਿਸੂ ਮਸੀਹ ਨੇ ਕਿਹਾ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ [“ਸਮਾਰਕ ਕਬਰਾਂ,” ਨਿ ਵ] ਵਿੱਚ ਹਨ ਉਹ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਜੀ ਹਾਂ, ਯਿਸੂ ਮਸੀਹ ਨੇ ਵਾਅਦਾ ਕੀਤਾ ਸੀ ਕਿ ਕਬਰਾਂ ਵਿਚ ਜਿਹੜੇ ਵੀ ਯਹੋਵਾਹ ਦੀ ਯਾਦਾਸ਼ਤ ਵਿਚ ਹਨ ਉਨ੍ਹਾਂ ਨੂੰ ਪੁਨਰ-ਉਥਿਤ ਕੀਤਾ ਜਾਵੇਗਾ। ਸਪੱਸ਼ਟ ਤੌਰ ਤੇ, ਬਾਈਬਲ ਅਨੁਸਾਰ ਮੌਤ ਹੋਣ ਤੇ ਇਨਸਾਨ ਦਾ ਕੋਈ ਹਿੱਸਾ ਜੀਉਂਦਾ ਨਹੀਂ ਰਹਿੰਦਾ ਹੈ, ਪਰ ਇਸ ਦੀ ਬਜਾਇ ਮੌਤ ਦਾ ਇਲਾਜ ਪੁਨਰ-ਉਥਾਨ ਹੈ। ਪਰ ਅਰਬਾਂ ਲੋਕ ਮਰ ਚੁੱਕੇ ਹਨ। ਉਨ੍ਹਾਂ ਵਿੱਚੋਂ ਕੌਣ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਅਤੇ ਪੁਨਰ-ਉਥਾਨ ਦੀ ਉਡੀਕ ਕਰ ਰਹੇ ਹਨ?
18. ਕੌਣ ਪੁਨਰ-ਉਥਿਤ ਕੀਤੇ ਜਾਣਗੇ?
18 ਜਿਹੜੇ ਲੋਕ ਪਰਮੇਸ਼ੁਰ ਦੇ ਸੇਵਕਾਂ ਵਜੋਂ ਧਰਮੀ ਰਾਹ ਉੱਤੇ ਚੱਲੇ ਹਨ, ਉਨ੍ਹਾਂ ਨੂੰ ਪੁਨਰ-ਉਥਿਤ ਕੀਤਾ ਜਾਵੇਗਾ। ਪਰ ਕਰੋੜਾਂ ਲੋਕ ਇਹ ਦਿਖਾਏ ਬਿਨਾਂ ਹੀ ਮਰ ਗਏ ਹਨ ਕਿ ਉਹ ਪਰਮੇਸ਼ੁਰ ਦੇ ਧਰਮੀ ਮਿਆਰਾਂ ਉੱਤੇ ਪੂਰੇ ਉਤਰਨਗੇ ਜਾਂ ਨਹੀਂ। ਉਨ੍ਹਾਂ ਨੂੰ ਜਾਂ ਤਾਂ ਯਹੋਵਾਹ ਦੀਆਂ ਮੰਗਾਂ ਬਾਰੇ ਪਤਾ ਨਹੀਂ ਸੀ ਜਾਂ ਉਨ੍ਹਾਂ ਕੋਲ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਕਾਫ਼ੀ ਸਮਾਂ ਨਹੀਂ ਸੀ। ਉਹ ਵੀ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਅਤੇ ਇਸ ਲਈ ਪੁਨਰ-ਉਥਿਤ ਕੀਤੇ ਜਾਣਗੇ, ਕਿਉਂਕਿ ਬਾਈਬਲ ਵਾਅਦਾ ਕਰਦੀ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.
19. (ੳ) ਪੁਨਰ-ਉਥਾਨ ਬਾਰੇ ਯੂਹੰਨਾ ਰਸੂਲ ਨੇ ਕਿਹੜਾ ਦਰਸ਼ਣ ਦੇਖਿਆ? (ਅ) “ਅੱਗ ਦੀ ਝੀਲ” ਵਿਚ ਕੀ ਸੁੱਟਿਆ ਜਾਂਦਾ ਹੈ, ਅਤੇ “ਅੱਗ ਦੀ ਝੀਲ” ਦਾ ਅਰਥ ਕੀ ਹੈ?
19 ਯੂਹੰਨਾ ਰਸੂਲ ਨੇ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹੇ ਪੁਨਰ-ਉਥਿਤ ਲੋਕਾਂ ਦਾ ਰੋਮਾਂਚਕ ਦਰਸ਼ਣ ਦੇਖਿਆ। ਇਸ ਦਾ ਵਰਣਨ ਕਰਦੇ ਹੋਏ ਉਸ ਨੇ ਲਿਖਿਆ: ‘ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਕਰਨੀਆਂ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ।’ (ਪਰਕਾਸ਼ ਦੀ ਪੋਥੀ 20:12-14) ਜ਼ਰਾ ਸੋਚੋ ਕਿ ਇਸ ਦਾ ਕੀ ਮਤਲਬ ਹੈ! ਸਾਰੇ ਮਰੇ ਹੋਏ ਲੋਕ ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਉਨ੍ਹਾਂ ਨੂੰ ਪਤਾਲ, ਅਰਥਾਤ ਮਨੁੱਖਜਾਤੀ ਦੀ ਆਮ ਕਬਰ ਤੋਂ ਛੁਡਾਇਆ ਜਾਵੇਗਾ। (ਜ਼ਬੂਰ 16:10; ਰਸੂਲਾਂ ਦੇ ਕਰਤੱਬ 2:31) ਫਿਰ “ਕਾਲ ਅਤੇ ਪਤਾਲ” ਨੂੰ ਉਸ ਜਗ੍ਹਾ ਸੁੱਟਿਆ ਜਾਵੇਗਾ ਜਿਸ ਨੂੰ “ਅੱਗ ਦੀ ਝੀਲ” ਕਿਹਾ ਗਿਆ ਹੈ। “ਅੱਗ ਦੀ ਝੀਲ” ਪੂਰਣ ਵਿਨਾਸ਼ ਨੂੰ ਦਰਸਾਉਂਦੀ ਹੈ। ਫਿਰ ਮਨੁੱਖਜਾਤੀ ਦੀ ਆਮ ਕਬਰ ਨਹੀਂ ਰਹੇਗੀ।
ਇਕ ਅਨੋਖਾ ਭਵਿੱਖ!
20. ਜਿਹੜੇ ਕਰੋੜਾਂ ਲੋਕ ਮਰ ਚੁੱਕੇ ਹਨ, ਉਹ ਕਿਸ ਤਰ੍ਹਾਂ ਦੇ ਚੁਗਿਰਦੇ ਵਿਚ ਪੁਨਰ-ਉਥਿਤ ਕੀਤੇ ਜਾਣਗੇ?
20 ਜਦੋਂ ਕਰੋੜਾਂ ਲੋਕ ਪੁਨਰ-ਉਥਾਨ ਦੇ ਸਮੇਂ ਜੀ ਉਠਾਏ ਜਾਣਗੇ, ਤਾਂ ਉਹ ਖਾਲੀ ਧਰਤੀ ਉੱਤੇ ਜੀਉਂਦੇ ਨਹੀਂ ਕੀਤੇ ਜਾਣਗੇ। (ਯਸਾਯਾਹ 45:18) ਉਹ ਸੁੰਦਰ ਚੁਗਿਰਦੇ ਵਿਚ ਆਪਣੀਆਂ ਅੱਖਾਂ ਖੋਲ੍ਹਣਗੇ ਅਤੇ ਉਨ੍ਹਾਂ ਲਈ ਰੋਟੀ, ਕੱਪੜਾ ਅਤੇ ਮਕਾਨ ਭਰਪੂਰ ਮਾਤਰਾ ਵਿਚ ਤਿਆਰ ਕੀਤਾ ਹੋਇਆ ਹੋਵੇਗਾ। (ਜ਼ਬੂਰ 67:6; 72:16; ਯਸਾਯਾਹ 65:21, 22) ਇਹ ਸਾਰੀਆਂ ਚੀਜ਼ਾਂ ਕੌਣ ਤਿਆਰ ਕਰੇਗਾ? ਸਪੱਸ਼ਟ ਹੈ ਕਿ ਜ਼ਮੀਨੀ ਪੁਨਰ-ਉਥਾਨ ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਸੰਸਾਰ ਵਿਚ ਲੋਕ ਰਹਿ ਰਹੇ ਹੋਣਗੇ। ਪਰ ਕੌਣ?
21, 22. ਜਿਹੜੇ ਲੋਕ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਨ ਉਨ੍ਹਾਂ ਲਈ ਕਿਹੜਾ ਅਨੋਖਾ ਭਵਿੱਖ ਹੈ?
21 ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਦਿਖਾਉਂਦੀ ਹੈ ਕਿ ਅਸੀਂ ਇਸ ਜਗਤ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ।b (2 ਤਿਮੋਥਿਉਸ 3:1) ਹੁਣ ਜਲਦੀ ਹੀ, ਯਹੋਵਾਹ ਪਰਮੇਸ਼ੁਰ ਮਨੁੱਖੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰੇਗਾ ਅਤੇ ਧਰਤੀ ਉੱਤੋਂ ਦੁਸ਼ਟਤਾ ਨੂੰ ਮਿਟਾਵੇਗਾ। (ਜ਼ਬੂਰ 37:10, 11; ਕਹਾਉਤਾਂ 2:21, 22) ਉਸ ਸਮੇਂ ਉਨ੍ਹਾਂ ਦਾ ਕੀ ਹੋਵੇਗਾ ਜੋ ਪਰਮੇਸ਼ੁਰ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਹੇ ਹੋਣਗੇ?
22 ਯਹੋਵਾਹ ਕੁਧਰਮੀਆਂ ਦੇ ਨਾਲ ਧਰਮੀਆਂ ਨੂੰ ਨਾਸ਼ ਨਹੀਂ ਕਰੇਗਾ। (ਜ਼ਬੂਰ 145:20) ਉਸ ਨੇ ਇਸ ਤਰ੍ਹਾਂ ਪਹਿਲਾਂ ਕਦੀ ਨਹੀਂ ਕੀਤਾ ਅਤੇ ਉਦੋਂ ਵੀ ਨਹੀਂ ਕਰੇਗਾ ਜਦੋਂ ਉਹ ਧਰਤੀ ਨੂੰ ਸਾਰੀ ਬੁਰਾਈ ਤੋਂ ਮੁਕਤ ਕਰੇਗਾ। (ਉਤਪਤ 18:22, 23, 26 ਦੀ ਤੁਲਨਾ ਕਰੋ।) ਅਸਲ ਵਿਚ, ਬਾਈਬਲ ਦੀ ਆਖ਼ਰੀ ਪੋਥੀ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ” ਬਾਰੇ ਦੱਸਦੀ ਹੈ, ਜਿਹੜੀ ‘ਵੱਡੀ ਬਿਪਤਾ ਵਿੱਚੋਂ ਆਉਂਦੀ ਹੈ।’ (ਪਰਕਾਸ਼ ਦੀ ਪੋਥੀ 7:9-14) ਜੀ ਹਾਂ, ਵੱਡੀ ਬਿਪਤਾ ਵਿਚ ਮੌਜੂਦਾ ਦੁਸ਼ਟ ਸੰਸਾਰ ਖ਼ਤਮ ਹੋ ਜਾਵੇਗਾ, ਪਰ ਇਕ ਵੱਡੀ ਭੀੜ ਉਸ ਵਿੱਚੋਂ ਬਚ ਨਿਕਲੇਗੀ ਅਤੇ ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜਾਵੇਗੀ। ਉੱਥੇ ਆਗਿਆਕਾਰ ਮਨੁੱਖਜਾਤੀ, ਪਾਪ ਅਤੇ ਮੌਤ ਤੋਂ ਛੁਡਾਉਣ ਦੇ ਪਰਮੇਸ਼ੁਰ ਦੇ ਅਦਭੁਤ ਪ੍ਰਬੰਧ ਦਾ ਪੂਰੀ ਤਰ੍ਹਾਂ ਫ਼ਾਇਦਾ ਉਠਾ ਸਕੇਗੀ। (ਪਰਕਾਸ਼ ਦੀ ਪੋਥੀ 22:1, 2) ਇਸ ਤਰ੍ਹਾਂ, “ਵੱਡੀ ਭੀੜ” ਨੂੰ ਕਦੀ ਮਰਨ ਦੀ ਲੋੜ ਨਹੀਂ ਪਵੇਗੀ। ਕਿੰਨਾ ਅਨੋਖਾ ਭਵਿੱਖ!
ਮੌਤ-ਰਹਿਤ ਜੀਵਨ
23, 24. ਜੇ ਤੁਸੀਂ ਧਰਤੀ ਉੱਤੇ ਫਿਰਦੌਸ ਵਿਚ ਮੌਤ-ਰਹਿਤ ਜੀਵਨ ਦਾ ਆਨੰਦ ਮਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ?
23 ਕੀ ਅਸੀਂ ਇਸ ਹੈਰਾਨੀਜਨਕ ਆਸ਼ਾ ਵਿਚ ਭਰੋਸਾ ਕਰ ਸਕਦੇ ਹਾਂ? ਯਕੀਨਨ! ਯਿਸੂ ਮਸੀਹ ਨੇ ਆਪ ਇਹ ਸੰਕੇਤ ਕੀਤਾ ਸੀ ਕਿ ਉਹ ਸਮਾਂ ਆਵੇਗਾ ਜਦੋਂ ਲੋਕ ਬਿਨਾਂ ਮਰੇ ਹਮੇਸ਼ਾ ਲਈ ਜੀਉਣਗੇ। ਆਪਣੇ ਦੋਸਤ ਲਾਜ਼ਰ ਨੂੰ ਪੁਨਰ-ਉਥਿਤ ਕਰਨ ਤੋਂ ਪਹਿਲਾਂ, ਯਿਸੂ ਨੇ ਮਾਰਥਾ ਨੂੰ ਦੱਸਿਆ: “ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।”—ਯੂਹੰਨਾ 11:26.
24 ਕੀ ਤੁਸੀਂ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜੀਉਣਾ ਚਾਹੁੰਦੇ ਹੋ? ਕੀ ਤੁਸੀਂ ਆਪਣੇ ਪਿਆਰਿਆਂ ਨੂੰ ਦੁਬਾਰਾ ਮਿਲਣ ਲਈ ਤਰਸਦੇ ਹੋ? “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ,” ਯੂਹੰਨਾ ਰਸੂਲ ਕਹਿੰਦਾ ਹੈ। (1 ਯੂਹੰਨਾ 2:17) ਪਰਮੇਸ਼ੁਰ ਦੀ ਇੱਛਾ ਬਾਰੇ ਸਿੱਖਣ ਅਤੇ ਇਸ ਦੇ ਅਨੁਸਾਰ ਜੀਉਣ ਦਾ ਦ੍ਰਿੜ੍ਹ ਇਰਾਦਾ ਕਰਨ ਦਾ ਸਮਾਂ ਹੁਣ ਹੈ। ਫਿਰ ਤੁਸੀਂ ਉਨ੍ਹਾਂ ਲੱਖਾਂ ਲੋਕਾਂ ਨਾਲ ਜਿਹੜੇ ਪਰਮੇਸ਼ੁਰ ਦੀ ਇੱਛਾ ਪਹਿਲਾਂ ਹੀ ਪੂਰੀ ਕਰ ਰਹੇ ਹਨ, ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜੀ ਸਕਦੇ ਹੋ।
[ਫੁਟਨੋਟ]
a ਭਾਵੇਂ ਕਿ ਸ਼ਬਦ “ਪੁਨਰ-ਉਥਾਨ” ਇਬਰਾਨੀ ਸ਼ਾਸਤਰ ਵਿਚ ਨਹੀਂ ਪਾਇਆ ਜਾਂਦਾ ਹੈ, ਪਰ ਪੁਨਰ-ਉਥਾਨ ਦੀ ਆਸ਼ਾ ਅੱਯੂਬ 14:13, ਦਾਨੀਏਲ 12:13 ਅਤੇ ਹੋਸ਼ੇਆ 13:14 ਵਿਚ ਸਪੱਸ਼ਟ ਤੌਰ ਤੇ ਪ੍ਰਗਟ ਕੀਤੀ ਗਈ ਹੈ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਸਫ਼ੇ 98-107 ਦੇਖੋ।
ਕੀ ਤੁਹਾਨੂੰ ਯਾਦ ਹੈ?
◻ “ਪ੍ਰਾਣ,” “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤੇ ਗਏ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਕੀ ਅਰਥ ਹੈ?
◻ ਮੌਤ ਹੋਣ ਤੇ ਇਨਸਾਨ ਨੂੰ ਕੀ ਹੁੰਦਾ ਹੈ?
◻ ਬਾਈਬਲ ਅਨੁਸਾਰ ਮੌਤ ਦਾ ਇਲਾਜ ਕੀ ਹੈ?
◻ ਅੱਜ ਦੇ ਵਫ਼ਾਦਾਰ ਲੋਕਾਂ ਲਈ ਕਿਹੜਾ ਅਨੋਖਾ ਭਵਿੱਖ ਹੈ?
[ਸਫ਼ੇ 15 ਉੱਤੇ ਡੱਬੀ]
ਇਨਸਾਨ ਤੇ ਜਾਨਵਰ ਦੇ ਜੀਵਨ ਲਈ “ਪ੍ਰਾਣ” ਸ਼ਬਦ ਦਾ ਪ੍ਰਯੋਗ
ਬਹੁਤ ਵਾਰ, ਸ਼ਬਦ “ਪ੍ਰਾਣ” ਇਨਸਾਨ ਜਾਂ ਜਾਨਵਰ ਦੇ ਜੀਵਨ ਨੂੰ ਸੰਕੇਤ ਕਰਦਾ ਹੈ। ਇਹ ਬਾਈਬਲ ਦੇ ਲਿਖਾਰੀਆਂ ਦੁਆਰਾ ਵਰਤੇ ਗਏ ਉਸ ਸ਼ਬਦ ਦੇ ਅਰਥ ਨੂੰ ਨਹੀਂ ਬਦਲਦਾ ਹੈ, ਜਿਸ ਨੂੰ “ਪ੍ਰਾਣ,” “ਜਾਨ,” ਜਾਂ “ਪ੍ਰਾਣੀ” ਅਨੁਵਾਦ ਕੀਤਾ ਗਿਆ ਹੈ। ਜਦੋਂ ਬਾਈਬਲ ਦੇ ਲਿਖਾਰੀਆਂ ਨੇ ਪੂਰੇ ਜੀਉਂਦੇ ਵਿਅਕਤੀ ਲਈ ਸ਼ਬਦ ਨੀਫੇਸ਼ ਜਾਂ ਪਸੀਹੇ ਵਰਤਿਆ, ਤਾਂ ਇਸ ਦਾ ਅਨੁਵਾਦ “ਪ੍ਰਾਣੀ” ਵਜੋਂ ਕੀਤਾ ਗਿਆ ਹੈ ਅਤੇ ਉਹ ਉਸ ਵਿਅਕਤੀ ਨੂੰ ਪ੍ਰਾਣੀ ਕਹਿ ਸਕਦੇ ਸਨ। ਫਿਰ ਵੀ ਜਦੋਂ ਤਕ ਇਨਸਾਨ ਜੀਉਂਦਾ ਹੈ, ਇਹੀ ਸ਼ਬਦ ਨੀਫੇਸ਼ ਅਤੇ ਪਸੀਹੇ ਉਸ ਦੇ ਜੀਵਨ ਨੂੰ ਵੀ ਸੰਕੇਤ ਕਰ ਸਕਦੇ ਹਨ, ਅਤੇ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਅਕਸਰ “ਪ੍ਰਾਣ” ਅਨੁਵਾਦ ਕੀਤੇ ਜਾਂਦੇ ਹਨ।
ਉਦਾਹਰਣ ਲਈ, ਪਰਮੇਸ਼ੁਰ ਨੇ ਮੂਸਾ ਨੂੰ ਦੱਸਿਆ: “ਤੇਰੀ ਜਾਨ ਦੇ ਲਾਗੂ ਮਰ ਗਏ ਹਨ।” (ਟੇਡੇ ਟਾਈਪ ਸਾਡੇ) ਸਪੱਸ਼ਟ ਹੈ ਕਿ ਮੂਸਾ ਦੇ ਵੈਰੀ ਉਸ ਦੀ ਜਾਨ ਲੈਣੀ ਚਾਹੁੰਦੇ ਸਨ। (ਕੂਚ 4:19. ਯਹੋਸ਼ੁਆ 9:24; ਕਹਾਉਤਾਂ 12:10 ਦੀ ਤੁਲਨਾ ਕਰੋ।) ਯਿਸੂ ਨੇ ਵੀ ਇਸ ਸ਼ਬਦ ਨੂੰ ਇਸੇ ਤਰ੍ਹਾਂ ਪ੍ਰਯੋਗ ਕੀਤਾ ਜਦੋਂ ਉਸ ਨੇ ਕਿਹਾ: “ਮਨੁੱਖ ਦਾ ਪੁੱਤ੍ਰ . . . ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਟੇਡੇ ਟਾਈਪ ਸਾਡੇ) (ਮੱਤੀ 20:28) ਇਨ੍ਹਾਂ ਦੋਵੇਂ ਹਵਾਲਿਆਂ ਵਿਚ, “ਪ੍ਰਾਣ” ਸ਼ਬਦ ਦਾ ਅਰਥ ਹੈ “ਜਾਨ” ਜਾਂ “ਜੀਵਨ।”
[ਸਫ਼ੇ 15 ਉੱਤੇ ਤਸਵੀਰਾਂ]
ਇਹ ਸਾਰੇ ਪ੍ਰਾਣੀ ਹਨ
[ਕ੍ਰੈਡਿਟ ਲਾਈਨ]
Hummingbird: U.S. Fish and Wildlife Service, Washington, D.C./Dean Biggins
[ਸਫ਼ੇ 17 ਉੱਤੇ ਤਸਵੀਰ]
ਯਿਸੂ ਨੇ ਦਿਖਾਇਆ ਕਿ ਮੌਤ ਦਾ ਇਲਾਜ ਪੁਨਰ-ਉਥਾਨ ਹੈ
[ਸਫ਼ੇ 18 ਉੱਤੇ ਤਸਵੀਰ]
“ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।”—ਯੂਹੰਨਾ 11:26