ਅਸਮਾਨਤਾ ਦੀ ਮਹਾਂਮਾਰੀ ਨੂੰ ਰੋਕਣਾ
ਜਲਦੀ ਹੀ ਸ੍ਰਿਸ਼ਟੀਕਰਤਾ ਸਾਰੇ ਇਨਸਾਨਾਂ ਨੂੰ ਸਮਾਨ-ਅਧਿਕਾਰ ਦਿਲਾਵੇਗਾ, ਜਿਸ ਦੇ ਲਈ ਉਹ ਤਰਸਦੇ ਹਨ। ਪਰ ਜਦ ਤਕ ਉਹ ਸਮਾਂ ਨਹੀਂ ਆਉਂਦਾ, ਅਸੀਂ ਆਪਣੇ ਪਰਿਵਾਰ ਨੂੰ ਅਤੇ ਸਾਨੂੰ ਪ੍ਰਭਾਵਿਤ ਕਰਨ ਵਾਲੀ ਇਸ ਅਸਮਾਨਤਾ ਦੀ ਮਹਾਂਮਾਰੀ ਨੂੰ ਕੁਝ ਹੱਦ ਤਕ ਰੋਕਣ ਲਈ ਕਦਮ ਚੁੱਕ ਸਕਦੇ ਹਾਂ। ਜਿਵੇਂ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਕਿਹਾ ਸੀ, “ਸਾਡੇ ਕੋਲ ਜੋ ਕੁਝ ਹੈ, ਉਸ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ, ਇਹ ਇਕ ਵਿਅਕਤੀ ਨੂੰ ਦੂਸਰੇ ਵਿਅਕਤੀ ਤੋਂ ਅਲੱਗ ਕਰਦਾ ਹੈ, ਨਾ ਕਿ ਜੋ ਕੁਝ ਸਾਨੂੰ ਦਿੱਤਾ ਜਾਂਦਾ ਹੈ।”
ਇਤਿਹਾਸ ਉਸ ਦੇ ਸ਼ਬਦਾਂ ਨੂੰ ਸਹੀ ਸਾਬਤ ਕਰਦਾ ਹੈ। ਕਈ ਆਦਮੀ ਅਤੇ ਔਰਤਾਂ ਨੂੰ ਆਪਣੇ ਮਾਪਿਆਂ ਤੋਂ ਘੱਟ ਹੀ ਕੁਝ ਮਿਲਿਆ, ਪਰ ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਸ ਦਾ ਉਨ੍ਹਾਂ ਨੇ ਚੰਗਾ ਇਸਤੇਮਾਲ ਕਰ ਕੇ ਅਜਿਹੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਜਿਨ੍ਹਾਂ ਕਰਕੇ ਉਹ ਆਪਣੇ ਹਾਣੀਆਂ ਤੋਂ ਵੀ ਅੱਗੇ ਨਿਕਲ ਗਏ, ਜਿਨ੍ਹਾਂ ਕੋਲ ਸ਼ਾਇਦ ਜ਼ਿਆਦਾ ਸਾਧਨ ਸਨ। ਇਸ ਦੇ ਉਲਟ, ਦੂਸਰੇ ਵਿਅਕਤੀਆਂ ਨੂੰ ਜਨਮ ਤੋਂ ਹੀ ਬਹੁਤ ਕੁਝ ਮਿਲਿਆ, ਪਰ ਉਨ੍ਹਾਂ ਨੇ ਫ਼ਜ਼ੂਲ-ਖ਼ਰਚੀ ਕਰ ਕੇ ਸਭ ਕੁਝ ਗੁਆ ਦਿੱਤਾ ਅਤੇ ਆਪਣੇ ਸਾਧਨਾਂ ਦਾ ਚੰਗਾ ਇਸਤੇਮਾਲ ਨਾ ਕੀਤਾ।
ਜੋ ਕੁਝ ਤੁਹਾਡੇ ਕੋਲ ਹੈ, ਉਸ ਦਾ ਪੂਰਾ ਲਾਭ ਉਠਾਓ!
ਯਹੋਵਾਹ ਦੇ ਗਵਾਹ ਬਾਈਬਲ ਦਾ ਅਧਿਐਨ ਕਰਾਉਣ ਦੁਆਰਾ ਪਰਮੇਸ਼ੁਰ ਦੇ ਉਦੇਸ਼ਾਂ ਦਾ ਗਿਆਨ ਹਾਸਲ ਕਰਨ ਵਿਚ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਨ। ਫਿਰ ਵੀ, ਉਹ ਮੰਨਦੇ ਹਨ ਕਿ ਬਾਈਬਲ ਦੀ ਜਾਣਕਾਰੀ ਤੋਂ ਪੂਰਾ ਫ਼ਾਇਦਾ ਉਠਾਉਣ ਲਈ ਲੋਕਾਂ ਨੂੰ ਪੜ੍ਹਨਾ-ਲਿਖਣਾ ਆਉਣਾ ਚਾਹੀਦਾ ਹੈ। ਇਸ ਕਰਕੇ, ਯਹੋਵਾਹ ਦੇ ਗਵਾਹਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ, ਇੱਥੋਂ ਤਕ ਕਿ ਪੱਛਮੀ ਅਫ਼ਰੀਕਾ ਦੇ ਇਕ ਦੇਸ਼ ਵਿਚ ਹੀ (ਸਾਲ 1995 ਤਕ) 23,000 ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ। ਯਹੋਵਾਹ ਦੇ ਗਵਾਹਾਂ ਦੀ ਇਸ ਸ਼ਲਾਘਾਯੋਗ ਸਮਾਜ ਸੇਵਾ ਬਾਰੇ ਗੱਲ ਕਰਦਿਆਂ, ਸਾਨ ਫ਼ਰਾਂਸਿਸਕੋ ਐਕਜ਼ੈਮੀਨਰ ਨੇ ਕਿਹਾ: “ਤੁਸੀਂ ਉਨ੍ਹਾਂ ਨੂੰ ਆਦਰਸ਼ ਨਾਗਰਿਕ ਕਹਿ ਸਕਦੇ ਹੋ। ਉਹ ਈਮਾਨਦਾਰੀ ਨਾਲ ਟੈਕਸ ਦਿੰਦੇ ਹਨ, ਬੀਮਾਰਾਂ ਦੀ ਮਦਦ ਕਰਦੇ ਹਨ ਅਤੇ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਉਂਦੇ ਹਨ।”
ਇਸ ਤੋਂ ਇਲਾਵਾ, ਯਹੋਵਾਹ ਦੇ ਗਵਾਹਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ ਗੱਲ-ਬਾਤ ਕਰਨ ਦੀ ਕਲਾ ਵਿਚ ਲਗਾਤਾਰ ਸਿਖਲਾਈ ਦੇਣ ਦੁਆਰਾ ਉਨ੍ਹਾਂ ਨੂੰ ਯੋਗ ਭਾਸ਼ਣਕਾਰ ਬਣਾਇਆ ਹੈ, ਜਿਹੜੇ ਹੁਣ ਬੜੇ ਸੋਹਣੇ ਤਰੀਕੇ ਨਾਲ ਭਾਸ਼ਣ ਦੇ ਸਕਦੇ ਹਨ। ਇਨ੍ਹਾਂ ਹਜ਼ਾਰਾਂ ਵਿਚ ਕੁਝ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਪਹਿਲਾਂ ਬੋਲਣ ਵਿਚ ਬਹੁਤ ਮੁਸ਼ਕਲ ਆਉਂਦੀ ਸੀ। ਦੱਖਣੀ ਅਫ਼ਰੀਕਾ ਦੇ ਇਕ ਆਦਮੀ ਵੱਲ ਗੌਰ ਕਰੋ ਜੋ ਲਿਖਦਾ ਹੈ: “ਮੈਂ ਇੰਨੀ ਬੁਰੀ ਤਰ੍ਹਾਂ ਥਥਲਾਉਂਦਾ ਸੀ ਕਿ ਮੈਂ ਲੋਕਾਂ ਤੋਂ ਦੂਰ-ਦੂਰ ਰਹਿਣ ਲੱਗ ਪਿਆ ਅਤੇ ਆਮ ਤੌਰ ਤੇ ਜਦੋਂ ਮੈਂ ਕੋਈ ਗੱਲ ਕਰਨੀ ਹੁੰਦੀ ਤਾਂ ਮੈਂ ਦੂਜਿਆਂ ਨੂੰ ਮੇਰੇ ਵੱਲੋਂ ਗੱਲ ਕਰਨ ਲਈ ਕਹਿੰਦਾ। . . . ਜਦੋਂ ਮੈਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਾਖ਼ਲ ਹੋਇਆ ਅਤੇ ਮੈਨੂੰ ਥੋੜ੍ਹੇ ਜਿਹੇ ਲੋਕਾਂ ਅੱਗੇ ਬਾਈਬਲ ਪਠਨ ਕਰਨਾ ਸੀ . . . , ਤਾਂ ਮੈਂ ਇੰਨੀ ਬੁਰੀ ਤਰ੍ਹਾਂ ਥਥਲਾਇਆ ਕਿ ਮਿੱਥੇ ਗਏ ਸਮੇਂ ਵਿਚ ਮੈਂ ਆਪਣਾ ਪਠਨ ਪੂਰਾ ਨਹੀਂ ਕਰ ਸਕਿਆ। ਸਭਾ ਤੋਂ ਬਾਅਦ [ਸਲਾਹਕਾਰ] ਨੇ ਮੈਨੂੰ ਨਿਮਰਤਾ ਨਾਲ ਵਿਵਹਾਰਕ ਸਲਾਹ ਦਿੱਤੀ। ਉਸ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਉੱਚੀ-ਉੱਚੀ ਪੜ੍ਹ ਕੇ ਅਭਿਆਸ ਕਰਾਂ। ਮੈਂ ਇਸੇ ਤਰ੍ਹਾਂ ਕੀਤਾ ਅਤੇ ਹਰ ਰੋਜ਼ ਮੈਂ ਸਮਾਂ ਕੱਢ ਕੇ ਬਾਈਬਲ ਅਤੇ ਪਹਿਰਾਬੁਰਜ ਰਸਾਲੇ ਵਿੱਚੋਂ ਉੱਚੀ-ਉੱਚੀ ਪੜ੍ਹਦਾ ਹੁੰਦਾ ਸੀ।” ਇਸ ਆਦਮੀ ਨੇ ਇੰਨੀ ਵਧੀਆ ਤਰੱਕੀ ਕੀਤੀ ਕਿ ਹੁਣ ਉਹ ਸੈਂਕੜੇ, ਇੱਥੋਂ ਤਕ ਕਿ ਹਜ਼ਾਰਾਂ ਲੋਕਾਂ ਦੇ ਸਾਮ੍ਹਣੇ ਜਨਤਕ ਭਾਸ਼ਣ ਦਿੰਦਾ ਹੈ।
ਭਰਾਵਾਂ ਵਿਚਕਾਰ ਸਮਾਨਤਾ ਦਾ ਆਨੰਦ ਮਾਣਨਾ
ਸਿੱਖਿਆ, ਸਿਹਤ-ਸੰਭਾਲ, ਆਰਥਿਕ ਅਤੇ ਸਮਾਜਕ ਸਥਿਤੀ ਦੇ ਸੰਬੰਧ ਵਿਚ ਕਈ ਯਹੋਵਾਹ ਦੇ ਗਵਾਹਾਂ ਦੇ ਹਾਲਾਤ ਕਾਫ਼ੀ ਵੱਖਰੇ ਹਨ। ਇਹ ਭਿੰਨਤਾਵਾਂ ਸਿਰਫ਼ ਇਹੀ ਦਿਖਾਉਂਦੀਆਂ ਹਨ ਕਿ ਅਸੀਂ ਬੁਰੇ ਸੰਸਾਰਕ ਹਾਲਾਤਾਂ ਵਿਚ ਰਹਿੰਦੇ ਹਾਂ। ਪਰ ਦੂਸਰੇ ਧਾਰਮਿਕ ਸਮੂਹਾਂ ਦੇ ਉਲਟ, ਯਹੋਵਾਹ ਦੇ ਗਵਾਹਾਂ ਨੇ ਆਪਣੇ ਵਿੱਚੋਂ ਨਸਲੀ, ਸਮਾਜਕ ਅਤੇ ਆਰਥਿਕ ਪੱਖਪਾਤਾਂ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ।
ਉਹ ਇੰਜ ਇਸ ਲਈ ਕਰ ਸਕੇ ਹਨ ਕਿਉਂਕਿ ਉਨ੍ਹਾਂ ਨੇ ਜੋ ਕੁਝ ਬਾਈਬਲ ਤੋਂ ਸਿੱਖਿਆ ਹੈ, ਉਸ ਨੂੰ ਅਮਲ ਵਿਚ ਲਿਆਉਣ ਦੀ ਉਹ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਅਜਿਹੇ ਬਾਈਬਲ ਸਿਧਾਂਤਾਂ ਨੂੰ ਪੂਰੇ ਦਿਲ ਨਾਲ ਸਵੀਕਾਰ ਕਰਦੇ ਹਨ, ਜਿਵੇਂ ਕਿ: “ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:7) “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ। ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”—ਰੋਮੀਆਂ 12:17, 18; 1 ਤਿਮੋਥਿਉਸ 6:17-19; ਯਾਕੂਬ 2:5, 9 ਵੀ ਦੇਖੋ।
ਏਕਤਾ ਨੂੰ ਵਧਾਉਣ ਵਾਲੇ ਇਨ੍ਹਾਂ ਬਾਈਬਲ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ, ਯਹੋਵਾਹ ਦੇ ਗਵਾਹ ਆਪਣੇ ਵਿਚਕਾਰ ਨਸਲੀ, ਸਮਾਜਕ ਜਾਂ ਆਰਥਿਕ ਭਿੰਨਤਾਵਾਂ ਕਰਕੇ ਕਿਸੇ ਵੀ ਅਸਮਾਨਤਾ ਨੂੰ ਬਰਦਾਸ਼ਤ ਨਹੀਂ ਕਰਦੇ ਹਨ। ਉਦਾਹਰਣ ਲਈ, ਇਨ੍ਹਾਂ ਗੱਲਾਂ ਦਾ ਇਸ ਫ਼ੈਸਲੇ ਉੱਤੇ ਕੋਈ ਅਸਰ ਨਹੀਂ ਪੈਂਦਾ ਹੈ ਕਿ ਮਸੀਹੀ ਕਲੀਸਿਯਾ ਵਿਚ ਕਿਨ੍ਹਾਂ ਨੂੰ ਸੇਵਾ ਦੇ ਵਿਸ਼ੇਸ਼-ਸਨਮਾਨ ਦਿੱਤੇ ਜਾਣਗੇ। ਜ਼ਿੰਮੇਵਾਰੀ ਦੀਆਂ ਪਦਵੀਆਂ, ਜਿਵੇਂ ਕਿ ਸਿਖਾਉਣ ਅਤੇ ਨਿਗਰਾਨੀ ਕਰਨ ਦੀਆਂ ਪਦਵੀਆਂ ਸਿਰਫ਼ ਅਧਿਆਤਮਿਕ ਯੋਗਤਾਵਾਂ ਦੇ ਆਧਾਰ ਉੱਤੇ ਹੀ ਦਿੱਤੀਆਂ ਜਾਂਦੀਆਂ ਹਨ।—1 ਤਿਮੋਥਿਉਸ 3:1-13; ਤੀਤੁਸ 1:5-9.
ਜਿਨ੍ਹਾਂ ਨੇ ਪੱਖਪਾਤੀ ਸੰਸਾਰ ਦੇ ਭੇਦ-ਭਾਵ ਨੂੰ ਸਹਿਣ ਕੀਤਾ ਹੈ, ਉਨ੍ਹਾਂ ਵਿਅਕਤੀਆਂ ਲਈ ਇਹ ਕਿੰਨਾ ਤਾਜ਼ਗੀਦਾਇਕ ਹੈ ਕਿ ਦੂਸਰੇ ਲੋਕ ਆਪਣੇ ਸ੍ਰਿਸ਼ਟੀਕਰਤਾ ਦੀ ਨਜ਼ਰ ਵਿਚ ਉਨ੍ਹਾਂ ਨੂੰ ਇਕ-ਸਮਾਨ ਸਮਝਦੇ ਹੋਏ ਉਨ੍ਹਾਂ ਨਾਲ ਭੈਣ-ਭਰਾਵਾਂ ਵਾਂਗ ਵਰਤਾਉ ਕਰਦੇ ਹਨ! ਮਾਰਟੀਨਾ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ। ਉਸ ਦੇ ਪਿਤਾ ਦੇ ਘਰ ਛੱਡਣ ਤੋਂ ਬਾਅਦ, ਉਸ ਦੀ ਇਕੱਲੀ ਗ਼ਰੀਬ ਮਾਂ ਨੇ ਉਸ ਨੂੰ ਪਾਲਿਆ। ਦੂਸਰੇ ਲੋਕਾਂ ਨੇ ਉਸ ਨਾਲ ਅਕਸਰ ਇਸ ਤਰ੍ਹਾਂ ਦਾ ਵਰਤਾਉ ਕੀਤਾ ਜਿਵੇਂ ਕਿ ਉਹ ਇਕ ਅਛੂਤ ਹੋਵੇ, ਇਸ ਕਰਕੇ ਉਸ ਵਿਚ ਆਤਮ-ਵਿਸ਼ਵਾਸ ਦੀ ਕਮੀ ਸੀ ਅਤੇ ਉਸ ਦੀ ਦੂਜਿਆਂ ਨਾਲ ਬਣਦੀ ਨਹੀਂ ਸੀ। ਸਿੱਟੇ ਵਜੋਂ, ਉਸ ਨੇ ਮੈਨੂੰ-ਕੋਈ-ਪਰਵਾਹ-ਨਹੀਂ ਵਾਲਾ ਰਵੱਈਆ ਅਪਣਾ ਲਿਆ। ਪਰ ਜਦੋਂ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤੇ ਉਹ ਇਕ ਯਹੋਵਾਹ ਦੀ ਗਵਾਹ ਬਣ ਗਈ, ਤਾਂ ਉਸ ਵਿਚ ਬਹੁਤ ਤਬਦੀਲੀ ਆ ਗਈ। ਉਹ ਕਹਿੰਦੀ ਹੈ: “ਮੈਨੂੰ ਅਜੇ ਵੀ ਨਕਾਰਾਤਮਕ ਸੋਚ ਨਾਲ ਜੂਝਣਾ ਪੈਂਦਾ ਹੈ, ਪਰ ਹੁਣ ਮੈਂ ਇਸ ਸਮੱਸਿਆ ਨਾਲ ਨਜਿੱਠ ਸਕਦੀ ਹਾਂ। ਮੇਰੇ ਵਿਚ ਹੁਣ ਕਾਫ਼ੀ ਹੱਦ ਤਕ ਆਤਮ-ਸਨਮਾਨ ਪੈਦਾ ਹੋ ਗਿਆ ਹੈ ਅਤੇ ਮੈਂ ਆਤਮ-ਵਿਸ਼ਵਾਸ ਨਾਲ ਗੱਲ ਕਰਦੀ ਹਾਂ। ਸੱਚਾਈ ਨੇ ਮੈਨੂੰ ਜ਼ਿੰਮੇਵਾਰੀ ਸੰਭਾਲਣੀ ਸਿਖਾਈ। ਹੁਣ ਮੈਂ ਜਾਣ ਗਈ ਹਾਂ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਜ਼ਿੰਦਗੀ ਦਾ ਇਕ ਮਕਸਦ ਹੈ।”
ਮਸੀਹੀਆਂ ਦਾ ਇਕ ਅੰਤਰਰਾਸ਼ਟਰੀ ਸਮੂਹ ਹੋਣ ਦੇ ਨਾਤੇ, ਯਹੋਵਾਹ ਦੇ ਗਵਾਹ 230 ਤੋਂ ਜ਼ਿਆਦਾ ਦੇਸ਼ਾਂ ਵਿਚ ਅਜਿਹੀ ਸਮਾਨਤਾ ਦਾ ਆਨੰਦ ਮਾਣਦੇ ਹਨ ਜੋ ਕਿ ਅੱਜ ਦੇ ਸੰਸਾਰ ਵਿਚ ਇਕ ਅਨੋਖੀ ਗੱਲ ਹੈ। ਕੀ ਕੋਈ ਦੂਸਰਾ ਧਾਰਮਿਕ ਸੰਗਠਨ ਅਜਿਹਾ ਦਾਅਵਾ ਕਰ ਸਕਦਾ ਹੈ ਅਤੇ ਇਸ ਦਾ ਕੋਈ ਸਬੂਤ ਦੇ ਸਕਦਾ ਹੈ?
ਪਰ ਯਹੋਵਾਹ ਦੇ ਗਵਾਹ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਭੈੜੇ ਮਾਹੌਲ ਵਿਚ ਪਲਣ ਕਰਕੇ ਉਹ ਆਪਣੇ ਜਤਨਾਂ ਨਾਲ ਇਨਸਾਨੀ ਅਸਮਾਨਤਾ ਨੂੰ ਖ਼ਤਮ ਨਹੀਂ ਕਰ ਸਕਦੇ ਹਨ, ਠੀਕ ਜਿਵੇਂ ਦੂਸਰੇ ਲੋਕ ਸਦੀਆਂ ਤੋਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਫ਼ਲ ਨਹੀਂ ਹੋਏ ਹਨ। ਪਰ ਫਿਰ ਵੀ, ਉਹ ਬਹੁਤ ਖ਼ੁਸ਼ ਹਨ ਕਿ ਉਹ ਆਪਣੇ ਵਿਚਕਾਰ ਅਸਮਾਨਤਾ ਦੀ ਇਸ ਘਾਤਕ ਮਹਾਂਮਾਰੀ ਨੂੰ ਰੋਕਣ ਵਿਚ ਕਾਫ਼ੀ ਹੱਦ ਤਕ ਸਫ਼ਲ ਰਹੇ ਹਨ। ਪਰਮੇਸ਼ੁਰ ਦੇ ਵਾਅਦੇ ਵਿਚ ਮਜ਼ਬੂਤ ਵਿਸ਼ਵਾਸ ਰੱਖਦੇ ਹੋਏ, ਉਹ ਧਾਰਮਿਕਤਾ ਦੀ ਨਵੀਂ ਦੁਨੀਆਂ ਦੀ ਉਡੀਕ ਕਰਦੇ ਹਨ ਜਿਸ ਵਿਚ ਅਸਮਾਨਤਾ ਹਮੇਸ਼ਾ-ਹਮੇਸ਼ਾ ਲਈ ਇਕ ਬੀਤੀ ਹੋਈ ਗੱਲ ਹੋ ਜਾਵੇਗੀ।
ਜੀ ਹਾਂ, ਜਲਦੀ ਹੀ ਸਾਰੇ ਆਗਿਆਕਾਰੀ ਇਨਸਾਨਾਂ ਨੂੰ ਫਿਰ ਤੋਂ “ਬਰਾਬਰ ਸਨਮਾਨ ਅਤੇ ਅਧਿਕਾਰ” ਦਿੱਤੇ ਜਾਣਗੇ ਜੋ ਉਨ੍ਹਾਂ ਦੇ ਸ੍ਰਿਸ਼ਟੀਕਰਤਾ ਦਾ ਸ਼ੁਰੂ ਤੋਂ ਹੀ ਉਦੇਸ਼ ਸੀ। ਕਿੰਨਾ ਵਧੀਆ ਵਿਚਾਰ! ਅਤੇ ਇਸ ਵਾਰ ਇਹ ਹਕੀਕਤ ਹੋਵੇਗੀ!
[ਸਫ਼ੇ 7 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਹਜ਼ਾਰਾਂ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਦੁਆਰਾ ਅਨਪੜ੍ਹਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
[ਸਫ਼ੇ 8 ਉੱਤੇ ਤਸਵੀਰ]
ਬਾਈਬਲ ਵਿਚ ਪਾਈ ਜਾਂਦੀ ਸੱਚਾਈ ਨਸਲੀ, ਸਮਾਜਕ ਅਤੇ ਆਰਥਿਕ ਭੇਦ-ਭਾਵ ਨੂੰ ਖ਼ਤਮ ਕਰਨ ਵਿਚ ਮਦਦ ਕਰਦੀ ਹੈ