ਯਹੋਵਾਹ ਦਾ ਭਵਨ ‘ਮਨਭਾਉਂਦੀਆਂ ਵਸਤਾਂ’ ਨਾਲ ਭਰ ਰਿਹਾ ਹੈ
‘ਮੈਂ ਯਹੋਵਾਹ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ ਆਉਣਗੀਆਂ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ।’—ਹੱਜਈ 2:7, ਨਿ ਵ.
1. ਸੰਕਟ ਦੇ ਸਮੇਂ ਵਿਚ ਅਸੀਂ ਪਹਿਲਾਂ ਉਨ੍ਹਾਂ ਬਾਰੇ ਕਿਉਂ ਸੋਚਦੇ ਹਾਂ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ?
ਤੁਹਾਡੇ ਘਰ ਵਿਚ ਕਿਹੜੀਆਂ-ਕਿਹੜੀਆਂ ਮਨਭਾਉਂਦੀਆਂ ਵਸਤਾਂ ਜਾਂ ਚੀਜ਼ਾਂ ਹਨ? ਕੀ ਤੁਹਾਡੇ ਕੋਲ ਬਹੁਤ ਹੀ ਮਹਿੰਗਾ ਫਰਨੀਚਰ, ਨਵਾਂ ਕੰਪਿਊਟਰ, ਅਤੇ ਨਵੀਂ ਕਾਰ ਹੈ? ਜੇਕਰ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਹੋਣ ਤਾਂ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਤੁਹਾਡੇ ਘਰ ਵਿਚ ਸਭ ਤੋਂ ਕੀਮਤੀ ਚੀਜ਼ਾਂ ਉਸ ਵਿਚ ਰਹਿਣ ਵਾਲੇ ਲੋਕ ਹਨ, ਯਾਨੀ ਤੁਹਾਡੇ ਪਰਿਵਾਰ ਦੇ ਜੀਅ? ਕਲਪਨਾ ਕਰੋ ਕਿ ਇਕ ਰਾਤ ਤੁਹਾਨੂੰ ਜਾਗ ਆਉਣ ਤੇ ਧੂੰਏ ਦਾ ਮੁਸ਼ਕ ਆਉਂਦਾ ਹੈ। ਤੁਹਾਡੇ ਘਰ ਨੂੰ ਅੱਗ ਲੱਗੀ ਹੋਈ ਹੈ ਅਤੇ ਬੱਚ ਨਿਕਲਣ ਲਈ ਤੁਹਾਡੇ ਕੋਲ ਸਿਰਫ਼ ਕੁਝ ਹੀ ਮਿੰਟ ਹਨ! ਤੁਹਾਡੇ ਮਨ ਵਿਚ ਪਹਿਲੀ ਗੱਲ ਕਿਹੜੀ ਆਉਂਦੀ ਹੈ? ਕੀ ਤੁਸੀਂ ਆਪਣੇ ਫਰਨੀਚਰ, ਕੰਪਿਊਟਰ, ਜਾਂ ਕਾਰ ਬਾਰੇ ਸੋਚੋਗੇ? ਜਾਂ ਇਨ੍ਹਾਂ ਦੀ ਬਜਾਇ ਕੀ ਤੁਸੀਂ ਆਪਣੇ ਪਰਿਵਾਰ ਬਾਰੇ ਸੋਚੋਗੇ? ਜੀ ਹਾਂ ਤੁਸੀਂ ਆਪਣੇ ਪਰਿਵਾਰ ਬਾਰੇ ਹੀ ਸੋਚੋਗੇ, ਕਿਉਂਕਿ ਚੀਜ਼ਾਂ ਨਾਲੋਂ ਲੋਕ ਜ਼ਿਆਦਾ ਕੀਮਤੀ ਹਨ।
2. ਯਹੋਵਾਹ ਨੇ ਕੀ-ਕੀ ਬਣਾਇਆ ਸੀ, ਅਤੇ ਇਸ ਵਿੱਚੋਂ ਯਿਸੂ ਨੂੰ ਸਭ ਤੋਂ ਪਸੰਦ ਕੀ ਸੀ?
2 ਹੁਣ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ, ਯਿਸੂ ਮਸੀਹ, ਬਾਰੇ ਸੋਚੋ। ਯਹੋਵਾਹ ਨੇ “ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ।” (ਰਸੂਲਾਂ ਦੇ ਕਰਤੱਬ 4:24) ਉਸ ਦਾ ਪੁੱਤਰ, ਯਾਨੀ “ਰਾਜ ਮਿਸਤਰੀ,” ਉਹ ਜ਼ਰੀਆ ਸੀ ਜਿਸ ਰਾਹੀਂ ਉਸ ਨੇ ਬਾਕੀ ਸਭ ਕੁਝ ਉਤਪੰਨ ਕੀਤਾ। (ਕਹਾਉਤਾਂ 8:30, 31; ਯੂਹੰਨਾ 1:3; ਕੁਲੁੱਸੀਆਂ 1:15-17) ਬਿਨਾਂ ਸ਼ੱਕ ਯਹੋਵਾਹ ਅਤੇ ਯਿਸੂ ਬਣਾਈਆਂ ਗਈਆਂ ਸਾਰੀਆਂ ਚੀਜ਼ਾਂ ਨੂੰ ਕੀਮਤੀ ਸਮਝਦੇ ਹਨ। (ਉਤਪਤ 1:31 ਦੀ ਤੁਲਨਾ ਕਰੋ।) ਪਰ, ਤੁਹਾਡੇ ਖ਼ਿਆਲ ਵਿਚ ਸ੍ਰਿਸ਼ਟੀ ਵਿੱਚੋਂ ਉਨ੍ਹਾਂ ਨੂੰ ਸਭ ਤੋਂ ਪਿਆਰਾ ਕੀ ਲੱਗਦਾ ਹੈ—ਚੀਜ਼ਾਂ ਜਾਂ ਇਨਸਾਨ? ਬੁੱਧ ਨੂੰ ਦਰਸਾਉਂਦੇ ਹੋਏ, ਯਿਸੂ ਕਹਿੰਦਾ ਹੈ: ‘ਮੈਂ ਆਦਮ ਵੰਸੀਆਂ ਨਾਲ ਪਰਸੰਨ ਹੁੰਦਾ ਸਾਂ,’ ਜਾਂ ਜਿਵੇਂ ਵਿਲੀਅਮ ਐੱਫ. ਬੇਕਸ ਦਾ ਅਨੁਵਾਦ ਕਹਿੰਦਾ ਹੈ, ਯਿਸੂ “ਮਨੁੱਖਜਾਤੀ ਨਾਲ ਆਨੰਦਿਤ ਸੀ।”
3. ਹੱਜਈ ਰਾਹੀਂ ਯਹੋਵਾਹ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ?
3 ਸੱਚ-ਮੁੱਚ ਯਹੋਵਾਹ ਇਨਸਾਨਾਂ ਦੀ ਬਹੁਤ ਕਦਰ ਕਰਦਾ ਹੈ। ਇਸ ਦਾ ਇਕ ਸੰਕੇਤ ਉਸ ਭਵਿੱਖਬਾਣੀ ਦੇ ਸ਼ਬਦਾਂ ਵਿਚ ਪਾਇਆ ਜਾਂਦਾ ਹੈ ਜੋ ਉਸ ਨੇ 520 ਸਾ.ਯੁ.ਪੂ. ਵਿਚ ਆਪਣੇ ਨਬੀ ਹੱਜਈ ਰਾਹੀਂ ਕਹੇ ਸਨ। ਯਹੋਵਾਹ ਨੇ ਕਿਹਾ: ‘ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ ਆਉਣਗੀਆਂ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ ਅਤੇ ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ।’—ਹੱਜਈ 2:7, 9.
4, 5. (ੳ) ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ‘ਮਨਭਾਉਂਦੀਆਂ ਵਸਤਾਂ’ ਮਹਿੰਗੀਆਂ ਅਤੇ ਸ਼ਾਨਦਾਰ ਚੀਜ਼ਾਂ ਨਹੀਂ ਹਨ? (ਅ) ‘ਮਨਭਾਉਂਦੀਆਂ ਵਸਤਾਂ’ ਕੀ ਹਨ ਅਤੇ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?
4 ਯਹੋਵਾਹ ਦੇ ਭਵਨ ਨੂੰ ਕਿਹੜੀਆਂ ‘ਮਨਭਾਉਂਦੀਆਂ ਵਸਤਾਂ’ ਭਰਨਗੀਆਂ ਅਤੇ ਉਸ ਵਿਚ ਬੇਮਿਸਾਲ ਰੌਣਕ ਲਿਆਉਣਗੀਆਂ? ਮਹਿੰਗੀਆਂ ਅਤੇ ਸਜਾਵਟੀ ਚੀਜ਼ਾਂ? ਸੋਨਾ, ਚਾਂਦੀ, ਹੀਰੇ-ਮੋਤੀ? ਇਹ ਜਾਇਜ਼ ਨਹੀਂ ਲੱਗਦਾ। ਯਾਦ ਕਰੋ ਕਿ ਪਹਿਲੀ ਹੈਕਲ, ਜਿਸ ਦਾ ਉਦਘਾਟਨ ਕੁਝ ਪੰਜ ਸਦੀਆਂ ਪਹਿਲਾਂ ਕੀਤਾ ਗਿਆ ਸੀ, ਉੱਤੇ ਕਰੋੜਾਂ ਦੇ ਕਰੋੜ ਰੁਪਏ ਲਗਾਏ ਗਏ ਸਨ!a ਨਿਸ਼ਚੇ ਹੀ, ਯਹੋਵਾਹ ਨੇ ਇਹ ਆਸ ਨਹੀਂ ਰੱਖੀ ਸੀ ਕਿ ਆਪਣੇ ਦੇਸ਼ ਨੂੰ ਵਾਪਸ ਮੁੜਨ ਵਾਲੇ ਇਨ੍ਹਾਂ ਯਹੂਦੀਆਂ ਦੇ ਛੋਟੇ ਸਮੂਹ ਦੁਆਰਾ ਬਣਾਈ ਗਈ ਹੈਕਲ ਸੁਲੇਮਾਨ ਦੀ ਹੈਕਲ ਨਾਲੋਂ ਜ਼ਿਆਦਾ ਮਹਿੰਗੀ ਅਤੇ ਸ਼ਾਨਦਾਰ ਹੋਵੇਗੀ!
5 ਤਾਂ ਫਿਰ, ਯਹੋਵਾਹ ਦੇ ਭਵਨ ਨੂੰ ਭਰਨ ਵਾਲੀਆਂ ‘ਮਨਭਾਉਂਦੀਆਂ ਵਸਤਾਂ’ ਕੀ ਹਨ? ਸਪੱਸ਼ਟ ਹੈ ਕਿ ਇਹ ਇਨਸਾਨ ਹਨ। ਆਖ਼ਰਕਾਰ, ਯਹੋਵਾਹ ਦੇ ਦਿਲ ਨੂੰ ਸੋਨਾ-ਚਾਂਦੀ ਨਹੀਂ ਖ਼ੁਸ਼ ਕਰਦਾ ਪਰ ਪਿਆਰ ਨਾਲ ਉਸ ਦੀ ਸੇਵਾ ਕਰਨ ਵਾਲੇ ਇਨਸਾਨ ਖ਼ੁਸ਼ ਕਰਦੇ ਹਨ। (ਕਹਾਉਤਾਂ 27:11; 1 ਕੁਰਿੰਥੀਆਂ 10:26) ਜੀ ਹਾਂ, ਯਹੋਵਾਹ ਉਨ੍ਹਾਂ ਸਾਰਿਆਂ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਪਿਆਰ ਕਰਦਾ ਹੈ ਜੋ ਉਸ ਦੀ ਸੇਵਾ ਸਹੀ ਤਰੀਕੇ ਵਿਚ ਕਰਦੇ ਹਨ। (ਯੂਹੰਨਾ 4:23, 24) ਇਹ ‘ਮਨਭਾਉਂਦੀਆਂ ਵਸਤਾਂ’ ਹਨ, ਅਤੇ ਯਹੋਵਾਹ ਦੀ ਨਜ਼ਰ ਵਿਚ ਇਹ ਸੁਲੇਮਾਨ ਦੀ ਹੈਕਲ ਨੂੰ ਸਜਾਉਣ ਵਾਲੀਆਂ ਸਾਰੀਆਂ ਚੀਜ਼ਾਂ ਨਾਲੋਂ ਕਿਤੇ ਕੀਮਤੀ ਹਨ।
6. ਪਰਮੇਸ਼ੁਰ ਦੀ ਪ੍ਰਾਚੀਨ ਹੈਕਲ ਕਿਸ ਚੀਜ਼ ਦਾ ਕੇਂਦਰ ਸੀ?
6 ਸਖ਼ਤ ਵਿਰੋਧਤਾ ਦੇ ਬਾਵਜੂਦ ਹੈਕਲ ਦੀ ਉਸਾਰੀ 515 ਸਾ.ਯੁ.ਪੂ. ਵਿਚ ਖ਼ਤਮ ਕੀਤੀ ਗਈ ਸੀ। ਯਿਸੂ ਦੇ ਬਲੀਦਾਨ ਤਕ, ਯਰੂਸ਼ਲਮ ਵਿਚ ਇਹ ਹੈਕਲ ਕਈ ‘ਮਨਭਾਉਂਦੀਆਂ ਵਸਤਾਂ’ ਲਈ ਸ਼ੁੱਧ ਉਪਾਸਨਾ ਦਾ ਕੇਂਦਰ ਬਣੀ ਰਹੀ। ਇਨ੍ਹਾਂ ਵਸਤਾਂ ਵਿਚ ਪੈਦਾਇਸ਼ੀ ਯਹੂਦੀ ਅਤੇ ਇਸ ਮੱਤ ਵਿਚ ਨਵੇਂ ਦਾਖ਼ਲ ਹੋਣ ਵਾਲੇ ਗ਼ੈਰ-ਯਹੂਦੀ ਸ਼ਾਮਲ ਸਨ। ਪਰ ਜਿਵੇਂ ਅਸੀਂ ਦੇਖਾਂਗੇ, ਹੈਕਲ ਅਜਿਹੀ ਚੀਜ਼ ਨੂੰ ਦਰਸਾ ਰਹੀ ਸੀ ਜੋ ਕਿਤੇ ਉੱਤਮ ਸੀ।
ਪਹਿਲੀ ਸਦੀ ਦੀ ਪੂਰਤੀ
7. (ੳ) ਯਰੂਸ਼ਲਮ ਵਿਚ ਪਰਮੇਸ਼ੁਰ ਦੀ ਪ੍ਰਾਚੀਨ ਹੈਕਲ ਕਿਸ ਚੀਜ਼ ਦਾ ਪਰਛਾਵਾਂ ਸੀ? (ਅ) ਵਰਤ ਦੇ ਦਿਨ ਤੇ ਪ੍ਰਧਾਨ ਜਾਜਕ ਕੀ ਕਰਦਾ ਹੁੰਦਾ ਸੀ?
7 ਯਰੂਸ਼ਲਮ ਦੀ ਹੈਕਲ ਉਪਾਸਨਾ ਦੇ ਵੱਡੇ ਇੰਤਜ਼ਾਮ ਦਾ ਇਕ ਪਰਛਾਵਾਂ ਸੀ, ਯਾਨੀ ਭਵਿੱਖ ਵਿਚ ਪਰਮੇਸ਼ੁਰ ਦੀ ਰੂਹਾਨੀ ਹੈਕਲ ਉਪਾਸਨਾ ਦਾ ਵੱਡਾ ਇੰਤਜ਼ਾਮ ਹੋਣਾ ਸੀ। ਯਹੋਵਾਹ ਨੇ ਆਪਣੀ ਰੂਹਾਨੀ ਹੈਕਲ ਨੂੰ 29 ਸਾ.ਯੁ. ਵਿਚ ਸਥਾਪਿਤ ਕੀਤਾ ਸੀ ਜਦੋਂ ਯਿਸੂ ਪ੍ਰਧਾਨ ਜਾਜਕ ਬਣਾਇਆ ਗਿਆ। (ਇਬਰਾਨੀਆਂ 5:4-10; 9:11, 12) ਇਸਰਾਏਲ ਦੇ ਪ੍ਰਧਾਨ ਜਾਜਕ ਦੇ ਕੰਮਾਂ ਅਤੇ ਯਿਸੂ ਦੇ ਕੰਮਾਂ ਵਿਚਕਾਰ ਸਮਾਨਤਾ ਵੱਲ ਧਿਆਨ ਦਿਓ। ਹਰੇਕ ਸਾਲ ਵਰਤ ਦੇ ਦਿਨ ਤੇ, ਪ੍ਰਧਾਨ ਜਾਜਕ ਹੈਕਲ ਦੇ ਹਾਤੇ ਵਿਚ ਜਗਵੇਦੀ ਉੱਤੇ ਜਾਜਕਾਂ ਦਿਆਂ ਪਾਪਾਂ ਦੇ ਪ੍ਰਾਸਚਿਤ ਲਈ ਇਕ ਬਲਦ ਦੀ ਭੇਟ ਚੜ੍ਹਾਉਂਦਾ ਸੀ। ਬਾਅਦ ਵਿਚ, ਉਹ ਬਲਦ ਦਾ ਲਹੂ ਲੈ ਕੇ ਹੈਕਲ ਵਿਚ ਦਾਖ਼ਲ ਹੁੰਦਾ ਸੀ, ਅਤੇ ਉਨ੍ਹਾਂ ਬੂਹਿਆਂ ਵਿੱਚੋਂ ਲੰਘਦਾ ਸੀ ਜੋ ਪਵਿੱਤਰ ਜਗ੍ਹਾ ਨੂੰ ਹਾਤੇ ਤੋਂ ਅਲੱਗ ਕਰਦੇ ਸਨ ਅਤੇ ਫਿਰ ਉਸ ਪਰਦੇ ਦੇ ਅੰਦਰ ਜਾਂਦਾ ਸੀ ਜੋ ਅੱਤ ਪਵਿੱਤਰ ਜਗ੍ਹਾ ਨੂੰ ਪਵਿੱਤਰ ਜਗ੍ਹਾ ਤੋਂ ਅਲੱਗ ਕਰਦਾ ਸੀ। ਅੱਤ ਪਵਿੱਤਰ ਜਗ੍ਹਾ ਵਿਚ, ਪ੍ਰਧਾਨ ਜਾਜਕ ਨੇਮ ਦੇ ਸੰਦੂਕ ਸਾਮ੍ਹਣੇ ਲਹੂ ਛਿੜਕਦਾ ਸੀ। ਫਿਰ, ਇਸੇ ਤਰ੍ਹਾਂ ਉਹ ਇਸਰਾਏਲ ਦੀਆਂ 12 ਗ਼ੈਰ-ਜਾਜਕੀ ਗੋਤਾਂ ਦੇ ਪ੍ਰਾਸਚਿਤ ਲਈ ਇਕ ਬੱਕਰੀ ਦੀ ਭੇਟ ਚੜ੍ਹਾਉਂਦਾ ਸੀ। (ਲੇਵੀਆਂ 16:5-15) ਇਸ ਰੀਤ ਦਾ ਯਹੋਵਾਹ ਦੀ ਰੂਹਾਨੀ ਹੈਕਲ ਨਾਲ ਕੀ ਸੰਬੰਧ ਹੈ?
8. (ੳ) ਸਾਲ 29 ਸਾ.ਯੁ. ਦੇ ਸ਼ੁਰੂ ਤੋਂ ਯਿਸੂ ਕਿਸ ਅਰਥ ਵਿਚ ਚੜ੍ਹਾਇਆ ਗਿਆ ਸੀ? (ਅ) ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਯਹੋਵਾਹ ਨਾਲ ਕਿਸ ਖ਼ਾਸ ਰਿਸ਼ਤੇ ਦਾ ਆਨੰਦ ਮਾਣਿਆ ਸੀ?
8 ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਯਿਸੂ ਜਗਵੇਦੀ ਤੇ ਭੇਟ ਵਜੋਂ ਚੜ੍ਹਾਇਆ ਗਿਆ ਸੀ। ਇਹ 29 ਸਾ.ਯੁ. ਵਿਚ ਹੋਇਆ ਜਦੋਂ ਉਸ ਨੇ ਬਪਤਿਸਮਾ ਲਿਆ ਅਤੇ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਮਸਹ ਕੀਤਾ ਗਿਆ ਸੀ। (ਲੂਕਾ 3:21, 22) ਸੱਚ-ਮੁੱਚ, ਇਸ ਘਟਨਾ ਤੋਂ ਯਿਸੂ ਦਾ ਬਲੀਦਾਨ-ਰੂਪੀ ਜੀਵਨ ਸ਼ੁਰੂ ਹੋਇਆ ਸੀ, ਜੋ ਸਾਢੇ ਤਿੰਨ ਸਾਲਾਂ ਲਈ ਜਾਰੀ ਰਿਹਾ। (ਇਬਰਾਨੀਆਂ 10:5-10) ਉਸ ਸਮੇਂ ਦੌਰਾਨ, ਯਿਸੂ ਨੇ ‘ਪਰਮੇਸ਼ੁਰ ਦੇ ਪੁੱਤਰ’ ਵਜੋਂ ਇਕ ਰਿਸ਼ਤੇ ਦਾ ਆਨੰਦ ਮਾਣਿਆ। ਦੂਸਰੇ ਇਨਸਾਨ ਯਹੋਵਾਹ ਨਾਲ ਯਿਸੂ ਦੇ ਇਸ ਅਨੋਖੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੇ। ਇਸ ਤਰ੍ਹਾਂ ਸੀ ਜਿਵੇਂ ਉਨ੍ਹਾਂ ਦੀ ਸਮਝ ਉੱਤੇ ਕੋਈ ਪਰਦਾ ਸੀ, ਠੀਕ ਉਸੇ ਪਰਦੇ ਵਰਗਾ ਜੋ ਹੈਕਲ ਦੀ ਪਵਿੱਤਰ ਜਗ੍ਹਾ ਨੂੰ ਡੇਹਰੇ ਦੇ ਹਾਤੇ ਤੋਂ ਅਲੱਗ ਕਰਦਾ ਸੀ ਤਾਂਕਿ ਲੋਕ ਅੰਦਰ ਨਾ ਦੇਖ ਸਕਣ।—ਕੂਚ 40:28.
9. ਯਿਸੂ ਮਨੁੱਖ ਵਜੋਂ ਸਵਰਗ ਵਿਚ ਦਾਖ਼ਲ ਕਿਉਂ ਨਹੀਂ ਹੋ ਸਕਦਾ ਸੀ, ਅਤੇ ਇਹ ਮਾਮਲਾ ਕਿਸ ਤਰ੍ਹਾਂ ਸੁਲਝਾਇਆ ਗਿਆ ਸੀ?
9 ‘ਪਰਮੇਸ਼ੁਰ ਦਾ ਪੁੱਤਰ’ ਹੋਣ ਦੇ ਬਾਵਜੂਦ ਯਿਸੂ ਇਕ ਮਨੁੱਖ ਵਜੋਂ ਸਵਰਗ ਵਿਚ ਜੀਵਨ ਨਹੀਂ ਹਾਸਲ ਕਰ ਸਕਦਾ ਸੀ। ਕਿਉਂ ਨਹੀਂ? ਕਿਉਂਕਿ ਮਾਸ ਅਤੇ ਲਹੂ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। (1 ਕੁਰਿੰਥੀਆਂ 15:44, 50) ਕਿਉਂਕਿ ਯਿਸੂ ਦਾ ਮਾਸ ਇਕ ਰੁਕਾਵਟ ਸੀ, ਇਹ ਉਸ ਪਰਦੇ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੀ ਪ੍ਰਾਚੀਨ ਹੈਕਲ ਵਿਚ ਅੱਤ ਪਵਿੱਤਰ ਜਗ੍ਹਾ ਨੂੰ ਪਵਿੱਤਰ ਜਗ੍ਹਾ ਤੋਂ ਅਲੱਗ ਕਰਦਾ ਸੀ। (ਇਬਰਾਨੀਆਂ 10:20) ਲੇਕਿਨ ਉਸ ਦੀ ਮੌਤ ਤੋਂ ਤਿੰਨ ਦਿਨ ਬਾਅਦ ਯਿਸੂ ਪਰਮੇਸ਼ੁਰ ਦੁਆਰਾ ਆਤਮਾ ਵਜੋਂ ਜਿਵਾਲਿਆ ਗਿਆ ਸੀ। (1 ਪਤਰਸ 3:18) ਫਿਰ ਉਹ ਪਰਮੇਸ਼ੁਰ ਦੀ ਰੂਹਾਨੀ ਹੈਕਲ ਦੀ ਅੱਤ ਪਵਿੱਤਰ ਜਗ੍ਹਾ ਵਿਚ ਦਾਖ਼ਲ ਹੋ ਸਕਦਾ ਸੀ, ਯਾਨੀ ਸਵਰਗ ਵਿਚ। ਅਤੇ ਬਿਲਕੁਲ ਇਸੇ ਤਰ੍ਹਾਂ ਹੋਇਆ ਸੀ। ਪੌਲੁਸ ਲਿਖਦਾ ਹੈ: “ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਅਸਥਾਨ [ਜ਼ਾਹਰ ਹੈ ਕਿ ਇਹ ਅੱਤ ਪਵਿੱਤਰ ਜਗ੍ਹਾ ਨੂੰ ਸੰਕੇਤ ਕਰਦਾ ਹੈ] ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।”—ਇਬਰਾਨੀਆਂ 9:24.
10. ਸਵਰਗ ਵਾਪਸ ਜਾਣ ਤੇ ਯਿਸੂ ਨੇ ਕੀ ਕੀਤਾ ਸੀ?
10 ਸਵਰਗ ਵਿਚ, ਯਿਸੂ ਨੇ ਆਪਣੇ ਖ਼ੂਨ ਦੀ ਰਿਹਾਈ-ਕੀਮਤ ਯਹੋਵਾਹ ਨੂੰ ਪੇਸ਼ ਕਰਨ ਦੁਆਰਾ ਆਪਣੇ ਬਲੀਦਾਨ ਦੇ ‘ਖ਼ੂਨ ਨੂੰ ਛਿੜਕਿਆ।’ ਲੇਕਿਨ, ਯਿਸੂ ਨੇ ਇਸ ਤੋਂ ਵੀ ਜ਼ਿਆਦਾ ਕੀਤਾ। ਆਪਣੀ ਮੌਤ ਤੋਂ ਕੁਝ ਦੇਰ ਪਹਿਲਾਂ, ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਅਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।” (ਯੂਹੰਨਾ 14:2, 3) ਤਾਂ ਫਿਰ ਅੱਤ ਪਵਿੱਤਰ, ਜਾਂ ਸਵਰਗ, ਵਿਚ ਦਾਖ਼ਲ ਹੋ ਕੇ ਯਿਸੂ ਨੇ ਦੂਸਰਿਆਂ ਲਈ ਵੀ ਰਾਹ ਤਿਆਰ ਕੀਤਾ, ਤਾਂਕਿ ਉਹ ਵੀ ਉਸ ਦੇ ਮਗਰ ਜਾ ਸਕਣ। (ਇਬਰਾਨੀਆਂ 6:19, 20) ਇਹ ਵਿਅਕਤੀ, ਜਿਨ੍ਹਾਂ ਦੀ ਗਿਣਤੀ 1,44,000 ਹੈ, ਪਰਮੇਸ਼ੁਰ ਦੀ ਰੂਹਾਨੀ ਹੈਕਲ ਦੇ ਪ੍ਰਬੰਧ ਵਿਚ ਉਪ-ਜਾਜਕਾਂ ਵਜੋਂ ਸੇਵਾ ਕਰਨਗੇ। (ਪਰਕਾਸ਼ ਦੀ ਪੋਥੀ 7:4; 14:1; 20:6) ਜਿਸ ਤਰ੍ਹਾਂ ਇਸਰਾਏਲ ਦਾ ਪ੍ਰਧਾਨ ਜਾਜਕ ਪਹਿਲਾਂ ਜਾਜਕਾਂ ਦਿਆਂ ਪਾਪਾਂ ਦਾ ਪ੍ਰਾਸਚਿਤ ਕਰਨ ਲਈ ਬਲਦ ਦਾ ਲਹੂ ਅੱਤ ਪਵਿੱਤਰ ਜਗ੍ਹਾ ਵਿਚ ਲੈ ਕੇ ਜਾਂਦਾ ਸੀ, ਇਸੇ ਤਰ੍ਹਾਂ ਯਿਸੂ ਦੇ ਵਹਾਏ ਲਹੂ ਦਾ ਲਾਭ ਪਹਿਲਾਂ ਇਨ੍ਹਾਂ 1,44,000 ਉਪ-ਜਾਜਕਾਂ ਨੂੰ ਮਿਲਿਆ।b
ਅੱਜ-ਕੱਲ੍ਹ ਦੀਆਂ ‘ਮਨਭਾਉਂਦੀਆਂ ਵਸਤਾਂ’
11. ਇਸਰਾਏਲ ਦੇ ਜਾਜਕ ਨੇ ਕਿਨ੍ਹਾਂ ਦੇ ਲਈ ਬੱਕਰੀ ਚੜ੍ਹਾਈ ਸੀ, ਅਤੇ ਇਹ ਕਿਸ ਚੀਜ਼ ਦਾ ਪਰਛਾਵਾਂ ਸੀ?
11 ਇਸ ਤਰ੍ਹਾਂ ਲੱਗਦਾ ਹੈ ਕਿ 1935 ਤਕ ਮਸਹ ਕੀਤੇ ਹੋਏ ਜ਼ਿਆਦਾਤਰ ਲੋਕ ਇਕੱਠੇ ਕੀਤੇ ਜਾ ਚੁੱਕੇ ਸਨ।c ਪਰ ਆਪਣੇ ਭਵਨ ਦੀ ਰੌਣਕ ਵਧਾਉਣ ਦਾ ਯਹੋਵਾਹ ਦਾ ਕੰਮ ਹਾਲੇ ਪੂਰਾ ਨਹੀਂ ਹੋਇਆ ਸੀ। ਨਹੀਂ, ‘ਮਨਭਾਉਂਦੀਆਂ ਵਸਤਾਂ’ ਹਾਲੇ ਆਉਣੀਆਂ ਸਨ। ਯਾਦ ਰੱਖੋ ਕਿ ਇਸਰਾਏਲ ਵਿਚ ਪ੍ਰਧਾਨ ਜਾਜਕ ਨੇ ਦੋ ਪਸ਼ੂਆਂ ਦੀ ਭੇਟ ਚੜ੍ਹਾਈ ਸੀ—ਜਾਜਕਾਂ ਦਿਆਂ ਪਾਪਾਂ ਲਈ ਬਲਦ ਅਤੇ ਗ਼ੈਰ-ਜਾਜਕੀ ਗੋਤਾਂ ਦਿਆਂ ਪਾਪਾਂ ਲਈ ਬੱਕਰੀ। ਜਦ ਕਿ ਜਾਜਕ ਮਸਹ ਕੀਤੇ ਹੋਇਆਂ ਨੂੰ ਦਰਸਾਉਂਦੇ ਹਨ ਜੋ ਯਿਸੂ ਨਾਲ ਸਵਰਗੀ ਰਾਜ ਵਿਚ ਹੋਣਗੇ, ਤਾਂ ਗ਼ੈਰ-ਜਾਜਕੀ ਗੋਤ ਕਿਸ ਨੂੰ ਦਰਸਾਉਂਦੇ ਹਨ? ਇਸ ਦਾ ਜਵਾਬ ਯੂਹੰਨਾ 10:16 ਵਿਚ ਯਿਸੂ ਦਿਆਂ ਸ਼ਬਦਾਂ ਤੋਂ ਮਿਲਦਾ ਹੈ: “ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।” ਇਸ ਲਈ, ਯਿਸੂ ਦੇ ਵਹਾਏ ਗਏ ਲਹੂ ਤੋਂ ਦੋ ਸਮੂਹਾਂ ਨੂੰ ਲਾਭ ਪਹੁੰਚਦਾ ਹੈ—ਪਹਿਲਾ, ਉਹ ਮਸੀਹੀ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਹਨ ਅਤੇ ਦੂਸਰਾ, ਉਹ ਜੋ ਬਾਗ਼ ਵਰਗੀ ਸੁੰਦਰ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਦੇ ਹਨ। ਸਪੱਸ਼ਟ ਹੈ ਕਿ ਹੱਜਈ ਦੀ ਭਵਿੱਖਬਾਣੀ ਦੀਆਂ ‘ਮਨਭਾਉਂਦੀਆਂ ਵਸਤਾਂ’ ਇਸ ਦੂਸਰੇ ਸਮੂਹ ਨੂੰ ਦਰਸਾਉਂਦੀਆਂ ਹਨ।—ਮੀਕਾਹ 4:1, 2; 1 ਯੂਹੰਨਾ 2:1, 2.
12. ਯਹੋਵਾਹ ਦੇ ਭਵਨ ਵੱਲ ਅੱਜ ਕਈ ‘ਮਨਭਾਉਂਦੀਆਂ ਵਸਤਾਂ’ ਕਿਸ ਤਰ੍ਹਾਂ ਖਿੱਚੀਆਂ ਜਾ ਰਹੀਆਂ ਹਨ?
12 ਇਹ ‘ਮਨਭਾਉਂਦੀਆਂ ਵਸਤਾਂ’ ਹਾਲੇ ਵੀ ਯਹੋਵਾਹ ਦੇ ਭਵਨ ਨੂੰ ਭਰ ਰਹੀਆਂ ਹਨ। ਹਾਲ ਹੀ ਦਿਆਂ ਸਾਲਾਂ ਵਿਚ, ਪੂਰਬੀ ਯੂਰਪ ਵਿਚ, ਅਫ਼ਰੀਕਾ ਦਿਆਂ ਕੁਝ ਥਾਵਾਂ ਵਿਚ, ਅਤੇ ਹੋਰ ਦੇਸ਼ਾਂ ਵਿਚ ਪਾਬੰਦੀਆਂ ਹਟਾਈਆਂ ਗਈਆਂ ਹਨ ਤਾਂਕਿ ਪਰਮੇਸ਼ੁਰ ਦੇ ਸਥਾਪਿਤ ਰਾਜ ਦੀ ਖ਼ੁਸ਼ ਖ਼ਬਰੀ ਉਨ੍ਹਾਂ ਖੇਤਰਾਂ ਵਿਚ ਫੈਲਾਈ ਜਾ ਸਕੇ ਜਿਨ੍ਹਾਂ ਵਿਚ ਅੱਜ ਤਕ ਪ੍ਰਚਾਰ ਨਹੀਂ ਕੀਤਾ ਗਿਆ। ਜਿਉਂ-ਜਿਉਂ ਮਨਭਾਉਂਦੇ ਲੋਕ ਪਰਮੇਸ਼ੁਰ ਦੀ ਹੈਕਲ ਦੇ ਪ੍ਰਬੰਧ ਵਿਚ ਆਉਂਦੇ ਹਨ, ਉਹ ਵੀ ਯਿਸੂ ਦੇ ਹੁਕਮ ਦੀ ਪਾਲਣਾ ਵਿਚ ਚੇਲੇ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। (ਮੱਤੀ 28:19, 20) ਜਿਉਂ-ਜਿਉਂ ਉਹ ਇਸ ਤਰ੍ਹਾਂ ਕਰਦੇ ਹਨ, ਉਹ ਅਜਿਹੇ ਨਿਆਣਿਆਂ-ਸਿਆਣਿਆਂ ਨੂੰ ਮਿਲਦੇ ਹਨ, ਜੋ ਯਹੋਵਾਹ ਦੇ ਭਵਨ ਦੀ ਰੌਣਕ ਵਧਾਉਣ ਵਾਲੀਆਂ ‘ਮਨਭਾਉਂਦੀਆਂ ਵਸਤਾਂ’ ਵਿੱਚੋਂ ਹੋਣ ਦੀ ਸੰਭਾਵਨਾ ਰੱਖਦੇ ਹਨ। ਕੁਝ ਮਿਸਾਲਾਂ ਉੱਤੇ ਧਿਆਨ ਦਿਓ ਜੋ ਦਿਖਾਉਂਦੀਆਂ ਹਨ ਕੀ ਇਹ ਕਿਸ ਤਰ੍ਹਾਂ ਹੋ ਰਿਹਾ ਹੈ।
13. ਬੋਲੀਵੀਆ ਵਿਚ ਇਕ ਛੋਟੀ ਕੁੜੀ ਨੇ ਰਾਜ ਦੇ ਸੰਦੇਸ਼ ਫੈਲਾਉਣ ਦਾ ਆਪਣਾ ਜੋਸ਼ ਕਿਸ ਤਰ੍ਹਾਂ ਦਿਖਾਇਆ?
13 ਬੋਲੀਵੀਆ ਵਿਚ, ਗਵਾਹ ਮਾਪਿਆਂ ਦੀ ਪੰਜ ਸਾਲਾਂ ਦੀ ਇਕ ਕੁੜੀ ਨੇ ਆਪਣੀ ਅਧਿਆਪਕ ਤੋਂ ਇਕ ਹਫ਼ਤੇ ਦੀ ਛੁੱਟੀ ਮੰਗੀ ਕਿਉਂਕਿ ਉਸ ਦੀ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਆ ਰਿਹਾ ਸੀ। ਪਰ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ? ਉਹ ਇਸ ਖ਼ਾਸ ਹਫ਼ਤੇ ਦੌਰਾਨ ਸੇਵਕਾਈ ਵਿਚ ਪੂਰਾ ਹਿੱਸਾ ਲੈਣਾ ਚਾਹੁੰਦੀ ਸੀ। ਇਸ ਗੱਲ ਨੇ ਉਸ ਦੇ ਮਾਪਿਆਂ ਨੂੰ ਹੈਰਾਨ ਕੀਤਾ ਪਰ ਉਹ ਬਹੁਤ ਖ਼ੁਸ਼ ਸਨ ਕਿ ਉਸ ਨੇ ਅਜਿਹਾ ਵਧੀਆ ਰਵੱਈਆ ਦਿਖਾਇਆ। ਇਹ ਛੋਟੀ ਕੁੜੀ ਹੁਣ ਪੰਜ ਬਾਈਬਲ ਸਟੱਡੀਆਂ ਕਰਵਾਉਂਦੀ ਹੈ ਅਤੇ ਉਸ ਦੇ ਕੁਝ ਸਿੱਖਿਆਰਥੀ ਮਸੀਹੀ ਸਭਾਵਾਂ ਤੇ ਵੀ ਆਉਂਦੇ ਹਨ। ਉਸ ਨੇ ਆਪਣੀ ਸਕੂਲ ਦੀ ਅਧਿਆਪਕ ਨੂੰ ਵੀ ਕਿੰਗਡਮ ਹਾਲ ਨੂੰ ਲਿਆਂਦਾ ਹੈ। ਸ਼ਾਇਦ ਸਮੇਂ ਦੇ ਬੀਤਣ ਨਾਲ ਉਸ ਦੇ ਕੁਝ ਬਾਈਬਲ ਸਿੱਖਿਆਰਥੀ ਆਪਣੇ ਆਪ ਨੂੰ ‘ਮਨਭਾਉਂਦੀਆਂ ਵਸਤਾਂ’ ਸਾਬਤ ਕਰਨਗੇ ਜੋ ਯਹੋਵਾਹ ਦੇ ਭਵਨ ਵਿਚ ਰੌਣਕ ਲਾਉਣਗੇ।
14. ਕੋਰੀਆ ਵਿਚ ਇਕ ਭੈਣ ਦੇ ਹੌਸਲੇ ਦਾ ਕੀ ਚੰਗਾ ਨਤੀਜਾ ਨਿਕਲਿਆ ਜਦੋਂ ਉਸ ਨੇ ਅਜਿਹੇ ਵਿਅਕਤੀ ਨਾਲ ਗੱਲਬਾਤ ਕੀਤੀ ਜੋ ਸੱਚਾਈ ਵਿਚ ਦਿਲਚਸਪੀ ਨਹੀਂ ਰੱਖਦਾ ਸੀ?
14 ਕੋਰੀਆ ਵਿਚ ਸਟੇਸ਼ਨ ਤੇ ਰੇਲ-ਗੱਡੀ ਦਾ ਇੰਤਜ਼ਾਰ ਕਰਦੀ-ਕਰਦੀ ਇਕ ਮਸੀਹੀ ਭੈਣ ਨੇ ਇਕ ਸਟੂਡੈਂਟ ਨਾਲ ਗੱਲਬਾਤ ਸ਼ੁਰੂ ਕੀਤੀ ਜੋ ਹੈੱਡ-ਫੋਨਜ਼ ਤੇ ਗਾਣੇ ਸੁਣ ਰਿਹਾ ਸੀ। ਭੈਣ ਨੇ ਪੁੱਛਿਆ “ਕੀ ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ?” ਸਟੂਡੈਂਟ ਨੇ ਜਵਾਬ ਦਿੱਤਾ ਕਿ “ਮੈਂ ਕਿਸੇ ਵੀ ਧਰਮ ਵਿਚ ਦਿਲਚਸਪੀ ਨਹੀਂ ਰੱਖਦਾ।” ਭੈਣ ਨੇ ਹੌਸਲਾ ਨਹੀਂ ਹਾਰਿਆ। ਉਸ ਨੇ ਅੱਗੇ ਕਿਹਾ “ਹੋ ਸਕਦਾ ਹੈ ਕਿ ਸਮੇਂ ਦੇ ਬੀਤਣ ਨਾਲ ਵਿਅਕਤੀ ਕਿਸੇ ਧਰਮ ਨੂੰ ਚੁਣਨ ਦੀ ਇੱਛਾ ਰੱਖੇ। ਪਰ ਜੇ ਉਸ ਕੋਲ ਧਰਮ ਬਾਰੇ ਕੋਈ ਜਾਣਕਾਰੀ ਨਾ ਹੋਵੇ ਤਾਂ ਉਹ ਸ਼ਾਇਦ ਗ਼ਲਤ ਧਰਮ ਚੁਣ ਸਕਦਾ ਹੈ।” ਸਟੂਡੈਂਟ ਦਾ ਚਿਹਰਾ ਬਦਲ ਗਿਆ ਅਤੇ ਉਹ ਦਿਲਚਸਪੀ ਨਾਲ ਭੈਣ ਦੀ ਗੱਲ ਸੁਣਨ ਲੱਗ ਪਿਆ। ਭੈਣ ਨੇ ਉਸ ਨੂੰ ਅੰਗ੍ਰੇਜ਼ੀ ਵਿਚ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਨਾਂ ਦੀ ਪੁਸਤਕ ਪੇਸ਼ ਕੀਤੀ ਅਤੇ ਕਿਹਾ ਕਿ ਇਹ ਪੁਸਤਕ ਉਸ ਦੀ ਬਹੁਤ ਮਦਦ ਕਰੇਗੀ ਜਦੋਂ ਉਹ ਧਰਮ ਚੁਣਨ ਦਾ ਫ਼ੈਸਲਾ ਕਰੇਗਾ। ਉਸ ਨੇ ਪੁਸਤਕ ਸਵੀਕਾਰ ਕੀਤੀ ਅਤੇ ਅਗਲੇ ਹੀ ਹਫ਼ਤੇ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕਰ ਲਿਆ। ਹੁਣ ਉਹ ਸਾਰੀਆਂ ਕਲੀਸਿਯਾਈ ਸਭਾਵਾਂ ਵਿਚ ਹਾਜ਼ਰ ਹੁੰਦਾ ਹੈ।
15. ਜਪਾਨ ਵਿਚ ਇਕ ਛੋਟੀ ਕੁੜੀ ਬਾਈਬਲ ਸਟੱਡੀਆਂ ਕਿਸ ਤਰ੍ਹਾਂ ਸ਼ੁਰੂ ਕਰਦੀ ਹੈ, ਅਤੇ ਉਸ ਦੇ ਜਤਨਾਂ ਦਾ ਫਲ ਕੀ ਨਿਕਲਿਆ ਹੈ?
15 ਜਪਾਨ ਵਿਚ, 12 ਸਾਲਾਂ ਦੀ ਮਿਗੁਮੀ ਪ੍ਰਚਾਰ ਦਾ ਕੰਮ ਕਰਨ ਲਈ ਆਪਣੇ ਸਕੂਲ ਨੂੰ ਇਕ ਚੰਗਾ ਖੇਤਰ ਸਮਝਦੀ ਹੈ। ਉਹ ਕਈ ਬਾਈਬਲ ਸਟੱਡੀਆਂ ਵੀ ਸ਼ੁਰੂ ਕਰਨ ਵਿਚ ਸਫ਼ਲ ਹੋਈ ਹੈ। ਮਿਗੁਮੀ ਇਹ ਕਿਸ ਤਰ੍ਹਾਂ ਕਰਦੀ ਹੈ? ਕਿਉਂਕਿ ਉਹ ਦੁਪਹਿਰ ਦੀ ਛੁੱਟੀ ਵੇਲੇ ਬਾਈਬਲ ਪੜ੍ਹਦੀ ਜਾਂ ਸਭਾਵਾਂ ਲਈ ਤਿਆਰੀ ਕਰਦੀ ਹੁੰਦੀ ਹੈ, ਉਸ ਦੀ ਕਲਾਸ ਦੇ ਸਾਥੀ ਅਕਸਰ ਪੁੱਛਦੇ ਹਨ ਕਿ ਉਹ ਕੀ ਕਰ ਰਹੀ ਹੈ। ਕੁਝ ਮਿਗੁਮੀ ਨੂੰ ਆ ਕੇ ਪੁੱਛਦੇ ਹਨ ਕਿ ਉਹ ਸਕੂਲ ਦੇ ਕੁਝ ਕੰਮਾਂ-ਕਾਰਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੀ। ਮਿਗੁਮੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਹੈ ਅਤੇ ਉਨ੍ਹਾਂ ਨੂੰ ਇਹ ਦੱਸਦੀ ਹੈ ਕਿ ਪਰਮੇਸ਼ੁਰ ਦਾ ਇਕ ਨਾਂ ਹੈ। ਇਹ ਅਕਸਰ ਸੁਣਨ ਵਾਲਿਆਂ ਦੀ ਦਿਲਚਸਪੀ ਵਧਾਉਂਦਾ ਹੈ। ਫਿਰ ਉਹ ਉਨ੍ਹਾਂ ਨੂੰ ਬਾਈਬਲ ਸਟੱਡੀ ਪੇਸ਼ ਕਰਦੀ ਹੈ। ਮਿਗੁਮੀ ਹੁਣ 20 ਸਟੱਡੀਆਂ ਕਰਵਾਉਂਦੀ ਹੈ, ਅਤੇ ਇਨ੍ਹਾਂ ਵਿੱਚੋਂ 18 ਉਸ ਦੀ ਕਲਾਸ ਦੇ ਸਾਥੀਆਂ ਨਾਲ ਹਨ।
16. ਕੈਮਰੂਨ ਵਿਚ ਇਕ ਭਰਾ ਨੇ ਉਸ ਦਾ ਮਜ਼ਾਕ ਉਡਾਉਣ ਵਾਲਿਆਂ ਵਿੱਚੋਂ ਕੁਝ ਵਿਅਕਤੀਆਂ ਨਾਲ ਬਾਈਬਲ ਸਟੱਡੀਆਂ ਕਿਸ ਤਰ੍ਹਾਂ ਸ਼ੁਰੂ ਕੀਤੀਆਂ?
16 ਕੈਮਰੂਨ ਵਿਚ, ਸੜਕ ਲਾਗੇ ਕੰਮ ਕਰ ਰਹੇ ਅੱਠ ਆਦਮੀਆਂ ਨੇ ਸਾਡੇ ਇਕ ਭਰਾ ਨੂੰ ਹਾਕ ਮਾਰੀ ਜੋ ਲੰਘਦੇ ਲੋਕਾਂ ਨੂੰ ਬਾਈਬਲ ਪ੍ਰਕਾਸ਼ਨ ਪੇਸ਼ ਕਰ ਰਿਹਾ ਸੀ। ਉਹ ਸਾਡੇ ਭਰਾ ਦਾ ਮਜ਼ਾਕ ਉਡਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਹ ਤ੍ਰਿਏਕ, ਨਰਕ, ਜਾਂ ਆਤਮਾ ਦੀ ਅਮਰਤਾ ਵਿਚ ਕਿਉਂ ਨਹੀਂ ਵਿਸ਼ਵਾਸ ਕਰਦਾ। ਸਾਡੇ ਭਰਾ ਨੇ ਬਾਈਬਲ ਇਸਤੇਮਾਲ ਕਰ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਨਤੀਜੇ ਵਜੋਂ, ਉਨ੍ਹਾਂ ਵਿੱਚੋਂ ਤਿੰਨ ਆਦਮੀ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋਏ। ਉਨ੍ਹਾਂ ਵਿੱਚੋਂ ਇਕ ਦਾ ਨਾਂ ਡੈਨੀਅਲ ਹੈ, ਉਸ ਨੇ ਸਭਾਵਾਂ ਤੇ ਹਾਜ਼ਰ ਹੋਣਾ ਸ਼ੁਰੂ ਕੀਤਾ ਅਤੇ ਜਾਦੂ-ਟੂਣੇ ਨਾਲ ਸੰਬੰਧਿਤ ਆਪਣੀਆਂ ਸਾਰੀਆਂ ਚੀਜ਼ਾਂ ਵੀ ਨਸ਼ਟ ਕਰ ਦਿੱਤੀਆਂ। (ਪਰਕਾਸ਼ ਦੀ ਪੋਥੀ 21:8) ਇਕ ਸਾਲ ਦੇ ਵਿਚ-ਵਿਚ ਉਸ ਨੇ ਬਪਤਿਸਮਾ ਲੈ ਲਿਆ।
17. ਐਲ ਸੈਲਵੇਡਾਰ ਵਿਚ ਕੁਝ ਭਰਾਵਾਂ ਨੇ ਚਤੁਰਾਈ ਨਾਲ ਇਕ ਆਦਮੀ ਨੂੰ ਕਿਸ ਤਰ੍ਹਾਂ ਗਵਾਹੀ ਦਿੱਤੀ ਜੋ ਪਹਿਲਾਂ ਰਾਜ ਦਾ ਸੰਦੇਸ਼ ਸੁਣਨਾ ਨਹੀਂ ਚਾਹੁੰਦਾ ਸੀ?
17 ਐਲ ਸੈਲਵੇਡਾਰ ਵਿਚ, ਇਕ ਆਦਮੀ ਜਦੋਂ ਵੀ ਯਹੋਵਾਹ ਦੇ ਗਵਾਹਾਂ ਨੂੰ ਆਉਂਦੇ ਦੇਖਦਾ ਸੀ ਆਪਣੇ ਜਾਂਗਲੀ ਕੁੱਤੇ ਨੂੰ ਦਰਵਾਜ਼ੇ ਲਾਗੇ ਬੰਨ੍ਹ ਦਿੰਦਾ ਸੀ। ਜਦੋਂ ਗਵਾਹ ਅੱਗੇ ਲੰਘ ਜਾਂਦੇ ਸਨ, ਤਾਂ ਉਹ ਕੁੱਤੇ ਨੂੰ ਅੰਦਰ ਲੈ ਜਾਂਦਾ ਸੀ। ਸਾਡੇ ਭਰਾ ਉਸ ਨਾਲ ਕਦੀ ਵੀ ਗੱਲ ਨਹੀਂ ਕਰ ਸਕਦੇ ਸਨ। ਇਸ ਕਰਕੇ ਇਕ ਦਿਨ ਉਨ੍ਹਾਂ ਨੇ ਇਕ ਨਵੇਂ ਤਰੀਕੇ ਬਾਰੇ ਸੋਚਿਆ। ਇਹ ਜਾਣਦੇ ਹੋਏ ਕਿ ਆਦਮੀ ਉਨ੍ਹਾਂ ਦੀਆਂ ਗੱਲਾਂ ਸੁਣ ਸਕਦਾ ਸੀ, ਉਨ੍ਹਾਂ ਭਰਾਵਾਂ ਨੇ ਕੁੱਤੇ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ। ਉਹ ਘਰ ਦੇ ਨੇੜੇ ਆਏ, ਕੁੱਤੇ ਨੂੰ ਨਮਸਕਾਰ ਕਰਨ ਤੋਂ ਬਾਅਦ ਕਹਿਣ ਲੱਗੇ ਕਿ ਉਹ ਉਸ ਨਾਲ ਗੱਲ ਕਰਨ ਦੇ ਮੌਕੇ ਲਈ ਬਹੁਤ ਖ਼ੁਸ਼ ਸਨ। ਉਨ੍ਹਾਂ ਨੇ ਉਸ ਵੇਲੇ ਬਾਰੇ ਗੱਲ ਕੀਤੀ ਜਦੋਂ ਧਰਤੀ ਫਿਰਦੌਸ ਵਰਗੀ ਹੋਵੇਗੀ ਅਤੇ ਜਦੋਂ ਕੋਈ ਵੀ ਗੁੱਸੇ ਨਹੀਂ ਹੋਵੇਗਾ, ਜੀ ਹਾਂ, ਜਾਨਵਰ ਵੀ ਸੁਖ ਸ਼ਾਂਤ ਹੋਣਗੇ। ਇਸ ਤੋਂ ਬਾਅਦ ਉਹ ਕੁੱਤੇ ਨੂੰ ਨਮਸਕਾਰ ਕਰ ਕੇ ਤੁਰ ਪਏ। ਉਹ ਕਿੰਨੇ ਹੈਰਾਨ ਹੋਏ ਜਦੋਂ ਘਰ ਦਾ ਮਾਲਕ ਬਾਹਰ ਆਇਆ ਅਤੇ ਮਾਫ਼ੀ ਮੰਗਣ ਲੱਗ ਪਿਆ ਕਿ ਉਸ ਨੇ ਗਵਾਹਾਂ ਨੂੰ ਪਹਿਲਾਂ ਕਦੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਸੀ। ਉਸ ਨੇ ਭਰਾਵਾਂ ਤੋਂ ਰਸਾਲੇ ਸਵੀਕਾਰ ਕਰ ਲਏ ਅਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਹੁਣ ਉਹ ਆਦਮੀ ਸਾਡਾ ਇਕ ਭਰਾ ਹੈ—ਇਕ ‘ਮਨਭਾਉਂਦੀ ਵਸਤ!’
“ਡਰੋ ਨਾ”
18. ਕਈ ਮਸੀਹੀ ਕਿਨ੍ਹਾਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਨ, ਪਰ ਯਹੋਵਾਹ ਆਪਣੇ ਉਪਾਸਕਾਂ ਬਾਰੇ ਕੀ ਸੋਚਦਾ ਹੈ?
18 ਕੀ ਤੁਸੀਂ ਰਾਜ ਦੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਇਸ ਮਹੱਤਵਪੂਰਣ ਕੰਮ ਵਿਚ ਹਿੱਸਾ ਲੈ ਰਹੇ ਹੋ? ਜੇਕਰ ਹੋ, ਤਾਂ ਇਹ ਤੁਹਾਡੇ ਲਈ ਸੱਚ-ਮੁੱਚ ਇਕ ਸਨਮਾਨ ਹੈ। ਇਸੇ ਕੰਮ ਰਾਹੀਂ ‘ਮਨਭਾਉਂਦੀਆਂ ਵਸਤਾਂ’ ਯਹੋਵਾਹ ਦੇ ਭਵਨ ਵਿਚ ਆ ਰਹੀਆਂ ਹਨ। (ਯੂਹੰਨਾ 6:44) ਇਹ ਸੱਚ ਹੈ ਕਿ ਕਦੀ-ਕਦੀ ਤੁਸੀਂ ਥੱਕੇ ਹੋਏ ਜਾਂ ਨਿਰਾਸ਼ ਮਹਿਸੂਸ ਕਰੋਗੇ। ਕਦੀ-ਕਦੀ ਕੁਝ ਵਿਅਕਤੀ, ਯਹੋਵਾਹ ਦੇ ਵਫ਼ਾਦਾਰ ਸੇਵਕ ਵੀ, ਆਪਣੇ ਆਪ ਨੂੰ ਨਿਕੰਮੇ ਸਮਝਦੇ ਹਨ। ਲੇਕਿਨ ਹੌਸਲਾ ਨਾ ਹਾਰੋ! ਯਹੋਵਾਹ ਆਪਣੇ ਉਪਾਸਕਾਂ ਵਿੱਚੋਂ ਹਰੇਕ ਨੂੰ ਮਨਭਾਉਂਦਾ ਸਮਝਦਾ ਹੈ, ਅਤੇ ਤੁਹਾਡੇ ਬਚਾਅ ਵਿਚ ਖ਼ਾਸ ਦਿਲਚਸਪੀ ਰੱਖਦਾ ਹੈ।—2 ਪਤਰਸ 3:9.
19. ਹੱਜਈ ਰਾਹੀਂ ਯਹੋਵਾਹ ਨੇ ਕਿਹੜਾ ਹੌਸਲਾ ਦਿੱਤਾ ਸੀ, ਅਤੇ ਇਹ ਸ਼ਬਦ ਸਾਨੂੰ ਕਿਸ ਤਰ੍ਹਾਂ ਤਕੜੇ ਕਰ ਸਕਦੇ ਹਨ?
19 ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਚਾਹੇ ਵਿਰੋਧਤਾ ਕਾਰਨ ਜਾਂ ਹੋਰ ਦੁਖਦਾਈ ਹਾਲਾਤਾਂ ਕਾਰਨ, ਤਾਂ ਦੇਸ਼ ਵਾਪਸ ਮੁੜਨ ਵਾਲੇ ਯਹੂਦੀਆਂ ਨੂੰ ਕਹੇ ਗਏ ਯਹੋਵਾਹ ਦੇ ਸ਼ਬਦ ਸਾਨੂੰ ਤਕੜੇ ਕਰ ਸਕਦੇ ਹਨ। ਹੱਜਈ 2:4-6 ਤੇ ਅਸੀਂ ਪੜ੍ਹਦੇ ਹਾਂ: “ਪਰ ਹੇ ਜ਼ਰੁੱਬਾਬਲ, ਤਕੜਾ ਹੋ! ਯਹੋਵਾਹ ਦਾ ਵਾਕ ਹੈ, ਅਤੇ ਹੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ, ਤਕੜਾ ਹੋ! ਅਤੇ ਹੇ ਦੇਸ ਦੇ ਸਾਰੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ, ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਸ ਬਚਨ ਅਨੁਸਾਰ ਜੋ ਮੈਂ ਤੁਹਾਡੇ ਨਾਲ ਬੰਨ੍ਹਿਆ ਜਦ ਤੁਸੀਂ ਮਿਸਰੋਂ ਨਿੱਕਲੇ, ਸੋ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਡਰੋ ਨਾ! ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ।” ਧਿਆਨ ਦਿਓ ਕਿ ਯਹੋਵਾਹ ਸਿਰਫ਼ ਤਕੜੇ ਹੋਣ ਉੱਤੇ ਜ਼ੋਰ ਨਹੀਂ ਦਿੰਦਾ ਪਰ ਇਹ ਵੀ ਦੱਸਦਾ ਹੈ ਕਿ ਅਸੀਂ ਤਾਕਤ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ। ਕਿਸ ਤਰ੍ਹਾਂ? ਇਨ੍ਹਾਂ ਭਰੋਸੇ-ਭਰੇ ਸ਼ਬਦਾਂ ਵੱਲ ਧਿਆਨ ਦਿਓ: “ਮੈਂ ਤੁਹਾਡੇ ਨਾਲ ਹਾਂ।” ਇਹ ਗੱਲ ਸਾਡੀ ਨਿਹਚਾ ਨੂੰ ਕਿੰਨਾ ਵਧਾਉਂਦੀ ਹੈ ਕਿ ਅਸੀਂ ਜਿਹੜੀਆਂ ਮਰਜ਼ੀ ਰੁਕਾਵਟਾਂ ਜਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਯਹੋਵਾਹ ਸਾਡੇ ਨਾਲ ਹੈ!—ਰੋਮੀਆਂ 8:31.
20. ਯਹੋਵਾਹ ਦਾ ਭਵਨ ਹੁਣ ਬੇਮਿਸਾਲ ਰੌਣਕ ਨਾਲ ਕਿਸ ਤਰ੍ਹਾਂ ਭਰ ਰਿਹਾ ਹੈ?
20 ਯਹੋਵਾਹ ਨੇ ਸੱਚ-ਮੁੱਚ ਸਾਬਤ ਕੀਤਾ ਹੈ ਕਿ ਉਹ ਆਪਣਿਆਂ ਲੋਕਾਂ ਨਾਲ ਹੈ। ਜੀ ਹਾਂ, ਇਹ ਉਸ ਹੀ ਤਰ੍ਹਾਂ ਹੈ ਜਿਸ ਤਰ੍ਹਾਂ ਉਸ ਨੇ ਆਪਣੇ ਨਬੀ ਹੱਜਈ ਦੁਆਰਾ ਬਿਆਨ ਕੀਤਾ ਸੀ: “ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, . . . ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ।” (ਹੱਜਈ 2:9) ਸੱਚ-ਮੁੱਚ, ਵਧੀਕ ਰੌਣਕ ਅੱਜ ਯਹੋਵਾਹ ਦੀ ਰੂਹਾਨੀ ਹੈਕਲ ਵਿਚ ਪਾਈ ਜਾਂਦੀ ਹੈ। ਹਰੇਕ ਸਾਲ ਹਜ਼ਾਰਾਂ ਹੀ ਲੋਕ ਸੱਚੀ ਉਪਾਸਨਾ ਵੱਲ ਆਉਂਦੇ ਹਨ। ਇਨ੍ਹਾਂ ਨੂੰ ਬਹੁਤ ਰੂਹਾਨੀ ਸਿੱਖਿਆ ਮਿਲਦੀ ਹੈ, ਅਤੇ ਇਸ ਅਸ਼ਾਂਤ ਸੰਸਾਰ ਵਿਚ ਉਹ ਅਜਿਹੀ ਸ਼ਾਂਤੀ ਦਾ ਆਨੰਦ ਮਾਣਦੇ ਹਨ ਜਿਸ ਤੋਂ ਬਿਹਤਰ ਸਿਰਫ਼ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਅਨੁਭਵ ਕੀਤੀ ਜਾਵੇਗੀ।—ਯਸਾਯਾਹ 9:6, 7; ਲੂਕਾ 12:42.
21. ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
21 ਆਰਮਾਗੇਡਨ ਤੇ ਯਹੋਵਾਹ ਕੌਮਾਂ ਨੂੰ ਹਿਲਾਵੇਗਾ ਅਤੇ ਇਹ ਸਮਾਂ ਬਹੁਤ ਨੇੜੇ ਹੈ। (ਪਰਕਾਸ਼ ਦੀ ਪੋਥੀ 16:14, 16) ਤਾਂ ਫਿਰ ਆਓ ਆਪਾਂ ਇਸ ਬਾਕੀ ਰਹਿੰਦੇ ਸਮੇਂ ਵਿਚ ਹੋਰ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰੀਏ। ਆਓ ਆਪਾਂ ਤਕੜੇ ਰਹੀਏ ਅਤੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੀਏ। ਅਤੇ ਆਓ ਆਪਾਂ ਉਸ ਦੀ ਮਹਾਨ ਰੂਹਾਨੀ ਹੈਕਲ ਵਿਚ ਉਪਾਸਨਾ ਕਰਦੇ ਰਹਿਣ ਦਾ ਪੱਕਾ ਇਰਾਦਾ ਬਣਾਈਏ ਅਤੇ ਇਸ ਨੂੰ ਹੋਰ ‘ਮਨਭਾਉਂਦੀਆਂ ਵਸਤਾਂ’ ਨਾਲ ਭਰਦੇ ਜਾਈਏ, ਜਦ ਤਕ ਯਹੋਵਾਹ ਨਹੀਂ ਕਹਿੰਦਾ ਕਿ ਸਾਡਾ ਕੰਮ ਪੂਰਾ ਹੋ ਗਿਆ ਹੈ।
[ਫੁਟਨੋਟ]
a ਅੱਜ ਦੇ ਹਿਸਾਬ ਅਨੁਸਾਰ ਸੁਲੇਮਾਨ ਦੀ ਹੈਕਲ ਦੀ ਉਸਾਰੀ ਲਈ ਦਾਨ ਅਮਰੀਕਾ ਦੇ ਲਗਭਗ 40 ਅਰਬ ਡਾਲਰਾਂ ਦੇ ਬਰਾਬਰ ਹੈ। ਜੋ ਦਾਨ ਉਸਾਰੀ ਦੇ ਕੰਮ ਲਈ ਨਹੀਂ ਵਰਤਿਆ ਗਿਆ ਸੀ, ਉਹ ਹੈਕਲ ਦੇ ਖ਼ਜ਼ਾਨੇ ਵਿਚ ਰੱਖਿਆ ਗਿਆ ਸੀ।—1 ਰਾਜਿਆਂ 7:51.
b ਇਸਰਾਏਲ ਦੇ ਪ੍ਰਧਾਨ ਜਾਜਕ ਤੋਂ ਵੱਖ, ਯਿਸੂ ਵਿਚ ਕੋਈ ਪਾਪ ਨਹੀਂ ਸੀ ਜਿਸ ਲਈ ਉਸ ਨੂੰ ਪ੍ਰਾਸਚਿਤ ਕਰਨ ਦੀ ਲੋੜ ਸੀ। ਲੇਕਿਨ, ਉਸ ਦੇ ਸੰਗੀ ਜਾਜਕਾਂ ਵਿਚ ਪਾਪ ਸੀ ਕਿਉਂਕਿ ਉਨ੍ਹਾਂ ਨੂੰ ਪਾਪੀ ਮਨੁੱਖਜਾਤੀ ਤੋਂ ਮੁੱਲ ਲਿਆ ਗਿਆ ਸੀ।—ਪਰਕਾਸ਼ ਦੀ ਪੋਥੀ 5:9, 10.
ਕੀ ਤੁਹਾਨੂੰ ਯਾਦ ਹੈ?
• ਚੀਜ਼ਾਂ ਨਾਲੋਂ ਯਹੋਵਾਹ ਨੂੰ ਕੀ ਜ਼ਿਆਦਾ ਪਿਆਰਾ ਹੈ?
• ਯਿਸੂ ਦਾ ਵਹਾਇਆ ਗਿਆ ਲਹੂ ਕਿਨ੍ਹਾਂ ਦੋ ਸਮੂਹਾਂ ਨੂੰ ਲਾਭ ਪਹੁੰਚਾਉਂਦਾ ਹੈ?
• ਯਹੋਵਾਹ ਦੇ ਭਵਨ ਨੂੰ ਰੌਣਕ ਨਾਲ ਭਰਨ ਵਾਲੀਆਂ ‘ਮਨਭਾਉਂਦੀਆਂ ਵਸਤਾਂ’ ਕੀ ਹਨ?
• ਸਾਡੇ ਕੋਲ ਕਿਹੜਾ ਸਬੂਤ ਹੈ ਕਿ ਹੱਜਈ ਦੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ?
[ਸਫ਼ੇ 16 ਉੱਤੇ ਡਾਇਆਗ੍ਰਾਮ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਕੀ ਤੁਹਾਨੂੰ ਪਤਾ ਹੈ ਕਿ ਯਹੋਵਾਹ ਦੀ ਪ੍ਰਾਚੀਨ ਹੈਕਲ ਕਿਸ ਚੀਜ਼ ਨੂੰ ਦਰਸਾਉਂਦੀ ਸੀ?
ਅੱਤ ਪਵਿੱਤਰ ਜਗ੍ਹਾ
ਪਰਦਾ
ਪਵਿੱਤਰ ਜਗ੍ਹਾ
ਡੇਉੜ੍ਹੀ
ਜਗਵੇਦੀ
ਹਾਤਾ
[ਸਫ਼ੇ 17 ਉੱਤੇ ਤਸਵੀਰ]
ਪ੍ਰਧਾਨ ਜਾਜਕ ਨੇ ਜਾਜਕਾਂ ਦਿਆਂ ਪਾਪਾਂ ਲਈ ਬਲਦ ਦੀ ਭੇਟ ਚੜ੍ਹਾਈ, ਅਤੇ ਇਸਰਾਏਲ ਦੀਆਂ ਗ਼ੈਰ-ਜਾਜਕੀ ਗੋਤਾਂ ਦਿਆਂ ਪਾਪਾਂ ਲਈ ਬੱਕਰੀ ਦੀ ਭੇਟ ਚੜ੍ਹਾਈ
[ਸਫ਼ੇ 18 ਉੱਤੇ ਤਸਵੀਰ]
ਸੰਸਾਰ ਭਰ ਵਿਚ ਕੀਤਾ ਜਾ ਰਿਹਾ ਰਾਜ ਪ੍ਰਚਾਰ ਦਾ ਕੰਮ ਭੀੜਾਂ ਨੂੰ ਯਹੋਵਾਹ ਦੇ ਭਵਨ ਵਿਚ ਲਿਆ ਰਿਹਾ ਹੈ