‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਓ’
“ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। . . . ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।”—1 ਤਿਮੋਥਿਉਸ 4:16.
1, 2. ਸੱਚੇ ਮਸੀਹੀਆਂ ਨੂੰ ਜ਼ਿੰਦਗੀ ਬਚਾਉਣ ਦੇ ਕੰਮ ਕਰਦੇ ਰਹਿਣ ਲਈ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ?
ਇਕ ਪਤੀ-ਪਤਨੀ, ਜੋ ਯਹੋਵਾਹ ਦੇ ਗਵਾਹ ਹਨ, ਨੇ ਇਕ ਨਵੀਂ ਭਾਸ਼ਾ ਸਿੱਖੀ ਹੈ ਤੇ ਉਹ ਉੱਤਰੀ ਥਾਈਲੈਂਡ ਦੇ ਇਕ ਪਹਾੜੀ ਕਬੀਲੇ ਦੇ ਲੋਕਾਂ ਨਾਲ ਇਸ ਭਾਸ਼ਾ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਪੇਂਡੂਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਇਸ ਜੋੜੇ ਨੇ ਲਾਹੂ ਭਾਸ਼ਾ ਸਿੱਖੀ ਹੈ।
2 ਪਤੀ ਕਹਿੰਦਾ ਹੈ ਕਿ “ਇਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਨਾਲ ਸਾਨੂੰ ਜੋ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੀ ਹੈ, ਉਸ ਨੂੰ ਮੈਂ ਦੱਸ ਨਹੀਂ ਸਕਦਾ। ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਸੱਚ-ਮੁੱਚ ਪਰਕਾਸ਼ ਦੀ ਪੋਥੀ 14:6, 7 ਦੇ ਸ਼ਬਦਾਂ ਦੀ ਪੂਰਤੀ ਵਿਚ ਹਿੱਸਾ ਲੈਂਦੇ ਹਾਂ ਤੇ ‘ਹਰੇਕ ਕੌਮ ਅਤੇ ਗੋਤ ਅਤੇ ਭਾਖਿਆ’ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। (ਟੇਢੇ ਟਾਈਪ ਸਾਡੇ।) ਅਜਿਹੀਆਂ ਬਹੁਤ ਥੋੜ੍ਹੀਆਂ ਥਾਵਾਂ ਹਨ ਜਿੱਥੇ ਖ਼ੁਸ਼ ਖ਼ਬਰੀ ਅਜੇ ਨਹੀਂ ਸੁਣਾਈ ਗਈ ਅਤੇ ਇਹ ਖੇਤਰ ਉਨ੍ਹਾਂ ਵਿੱਚੋਂ ਇਕ ਹੈ। ਸਾਡੇ ਕੋਲ ਇੰਨੀਆਂ ਬਾਈਬਲ ਸਟੱਡੀਆਂ ਹਨ ਕਿ ਸਾਡੇ ਲਈ ਸਾਰੀਆਂ ਸਟੱਡੀਆਂ ਕਰਾਉਣੀਆਂ ਬਹੁਤ ਮੁਸ਼ਕਲ ਹਨ।” ਇਸ ਤੋਂ ਪਤਾ ਚੱਲਦਾ ਹੈ ਕਿ ਇਹ ਜੋੜਾ ਸਿਰਫ਼ ਆਪਣੇ ਆਪ ਨੂੰ ਹੀ ਬਚਾਉਣ ਦੀ ਆਸ ਨਹੀਂ ਰੱਖਦਾ, ਸਗੋਂ ਉਨ੍ਹਾਂ ਨੂੰ ਵੀ ਬਚਾਉਣ ਦੀ ਆਸ ਰੱਖਦਾ ਹੈ ਜਿਹੜੇ ਇਨ੍ਹਾਂ ਦੀ ਗੱਲ ਸੁਣਦੇ ਹਨ। ਮਸੀਹੀ ਹੋਣ ਦੇ ਨਾਤੇ, ਅਸੀਂ ਵੀ ਸਾਰੇ ਇਹੀ ਆਸ਼ਾ ਰੱਖਦੇ ਹਾਂ!
‘ਆਪਣੇ ਆਪ ਦੀ ਰਾਖੀ ਕਰੋ’
3. ਦੂਸਰਿਆਂ ਨੂੰ ਬਚਾਉਣ ਲਈ, ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
3 ਪੌਲੁਸ ਨੇ ਤਿਮੋਥਿਉਸ ਨੂੰ ਇਹ ਸਲਾਹ ਦਿੱਤੀ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ।” (1 ਤਿਮੋਥਿਉਸ 4:16) ਉਸ ਦੀ ਇਹ ਸਲਾਹ ਸਾਰੇ ਮਸੀਹੀਆਂ ਤੇ ਲਾਗੂ ਹੁੰਦੀ ਹੈ। ਅਸਲ ਵਿਚ, ਮੁਕਤੀ ਪ੍ਰਾਪਤ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਸਾਨੂੰ ਪਹਿਲਾਂ ਆਪਣੀ ਰਾਖੀ ਕਰਨੀ ਚਾਹੀਦੀ ਹੈ ਜਾਂ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਸਾਨੂੰ ਉਸ ਸਮੇਂ ਪ੍ਰਤੀ ਖ਼ਬਰਦਾਰ ਰਹਿਣਾ ਚਾਹੀਦਾ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ। ਇਸ ਸਮੇਂ ਬਾਰੇ ਯਿਸੂ ਨੇ ਲੱਛਣ ਦਿੱਤਾ ਸੀ ਤਾਂਕਿ ਉਸ ਦੇ ਪੈਰੋਕਾਰ ਜਾਣ ਸਕਣ ਕਿ ਇਸ ‘ਜੁਗ ਦਾ ਅੰਤ’ ਹੋਣ ਵਾਲਾ ਹੈ। ਪਰ ਯਿਸੂ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਅੰਤ ਦੇ ਆਉਣ ਦਾ ਸਹੀ ਸਮਾਂ ਪਤਾ ਨਹੀਂ ਹੋਵੇਗਾ। (ਮੱਤੀ 24:3, 36) ਇਸ ਬਾਰੇ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
4. (ੳ) ਇਸ ਰੀਤੀ-ਵਿਵਸਥਾ ਦੇ ਬਾਕੀ ਰਹਿੰਦੇ ਸਮੇਂ ਬਾਰੇ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ? (ਅ) ਸਾਨੂੰ ਕੀ ਨਹੀਂ ਸੋਚਣਾ ਚਾਹੀਦਾ?
4 ਅਸੀਂ ਸਾਰੇ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਆਪਣੇ ਆਪ ਨੂੰ ਅਤੇ ਮੇਰੀ ਗੱਲ ਸੁਣਨ ਵਾਲਿਆਂ ਨੂੰ ਬਚਾਉਣ ਲਈ ਇਸ ਰੀਤੀ-ਵਿਵਸਥਾ ਦੇ ਬਾਕੀ ਰਹਿੰਦੇ ਸਮੇਂ ਨੂੰ ਇਸਤੇਮਾਲ ਕਰ ਰਿਹਾ ਹਾਂ? ਜਾਂ ਕੀ ਮੈਂ ਇਹ ਸੋਚਦਾ ਹਾਂ, “ਕਿਉਂਕਿ ਅਸੀਂ ਨਹੀਂ ਜਾਣਦੇ ਕਿ ਅੰਤ ਕਿਸ ਦਿਨ ਆਵੇਗਾ, ਇਸ ਲਈ ਮੈਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ”?’ ਇਸ ਤਰ੍ਹਾਂ ਦਾ ਰਵੱਈਆ ਖ਼ਤਰਨਾਕ ਹੈ। ਇਹ ਯਿਸੂ ਦੀ ਸਲਾਹ ਦੇ ਬਿਲਕੁਲ ਉਲਟ ਹੈ, ਜਿਸ ਨੇ ਕਿਹਾ ਸੀ ਕਿ “ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਮੱਤੀ 24:44) ਇਸ ਲਈ ਹੁਣ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਜੋਸ਼ ਨੂੰ ਠੰਢਾ ਕਰਨ ਦਾ ਸਮਾਂ ਨਹੀਂ ਹੈ ਜਾਂ ਸੰਸਾਰ ਤੋਂ ਸੁਰੱਖਿਆ ਤੇ ਖ਼ੁਸ਼ੀ ਦੀ ਆਸ ਰੱਖਣ ਦਾ ਸਮਾਂ ਨਹੀਂ ਹੈ।—ਲੂਕਾ 21:34-36.
5. ਮਸੀਹੀਆਂ ਤੋਂ ਪਹਿਲਾਂ ਦੇ ਯਹੋਵਾਹ ਦੇ ਗਵਾਹਾਂ ਨੇ ਕਿਸ ਤਰ੍ਹਾਂ ਦੀਆਂ ਉਦਾਹਰਣਾਂ ਕਾਇਮ ਕੀਤੀਆਂ?
5 ਮਸੀਹੀ ਹੋਣ ਦੇ ਨਾਤੇ ਜੇਕਰ ਅਸੀਂ ਵਫ਼ਾਦਾਰੀ ਨਾਲ ਧੀਰਜ ਰੱਖੀਏ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਵੱਲ ਧਿਆਨ ਦੇ ਰਹੇ ਹਾਂ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕ ਧੀਰਜ ਰੱਖਦੇ ਰਹੇ, ਭਾਵੇਂ ਉਨ੍ਹਾਂ ਨੂੰ ਉਸੇ ਵੇਲੇ ਮੁਕਤੀ ਮਿਲਣੀ ਸੀ ਜਾਂ ਨਹੀਂ। ਮਸੀਹੀਆਂ ਤੋਂ ਪਹਿਲਾਂ ਦੇ ਗਵਾਹਾਂ ਦੀਆਂ ਉਦਾਹਰਣਾਂ ਦਿੰਦੇ ਹੋਏ ਪੌਲੁਸ ਨੇ ਹਾਬਲ, ਹਨੋਕ, ਨੂਹ, ਅਬਰਾਹਾਮ ਅਤੇ ਸਾਰਾਹ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਬਾਰੇ ਪੌਲੁਸ ਨੇ ਇਹ ਲਿਖਿਆ: “ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।” ਉਨ੍ਹਾਂ ਨੇ ਆਰਾਮ ਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਉਹ ਅਨੈਤਿਕ ਕੰਮ ਕਰਨ ਦੇ ਦਬਾਅ ਹੇਠ ਆਏ, ਪਰ ਉਨ੍ਹਾਂ ਨੇ “ਬਚਨ” ਦੇ ਪੂਰਾ ਹੋਣ ਦੀ ਉਤਸ਼ਾਹ ਨਾਲ ਉਡੀਕ ਕੀਤੀ।—ਇਬਰਾਨੀਆਂ 11:13; 12:1.
6. ਮੁਕਤੀ ਦੀ ਆਸ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਾਇਆ?
6 ਪਹਿਲੀ ਸਦੀ ਦੇ ਮਸੀਹੀ ਵੀ ਆਪਣੇ ਆਪ ਨੂੰ ਇਸ ਸੰਸਾਰ ਵਿਚ “ਪਰਦੇਸੀ” ਮੰਨਦੇ ਸਨ। (1 ਪਤਰਸ 2:11) ਸੱਤਰ ਸਾ.ਯੁ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਬਚਣ ਤੋਂ ਬਾਅਦ ਵੀ ਸੱਚੇ ਮਸੀਹੀਆਂ ਨੇ ਪ੍ਰਚਾਰ ਕਰਨਾ ਨਹੀਂ ਛੱਡਿਆ ਜਾਂ ਦੁਨੀਆਂ ਦੇ ਲੋਕਾਂ ਵਾਂਗ ਆਮ ਜ਼ਿੰਦਗੀ ਨਹੀਂ ਬਿਤਾਈ। ਉਹ ਜਾਣਦੇ ਸਨ ਕਿ ਜਿਹੜੇ ਵਫ਼ਾਦਾਰ ਰਹਿਣਗੇ, ਉਨ੍ਹਾਂ ਨੂੰ ਇਕ ਵੱਡੀ ਮੁਕਤੀ ਮਿਲੇਗੀ। ਅਸਲ ਵਿਚ, 98 ਸਾ.ਯੁ. ਵਿਚ ਯੂਹੰਨਾ ਰਸੂਲ ਨੇ ਲਿਖਿਆ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17, 28.
7. ਅੱਜ ਯਹੋਵਾਹ ਦੇ ਗਵਾਹਾਂ ਨੇ ਕਿਵੇਂ ਧੀਰਜ ਦਿਖਾਇਆ ਹੈ?
7 ਅੱਜ ਵੀ ਯਹੋਵਾਹ ਦੇ ਗਵਾਹ ਮਸੀਹੀ ਕੰਮ ਲਗਨ ਨਾਲ ਕਰ ਰਹੇ ਹਨ, ਭਾਵੇਂ ਉਨ੍ਹਾਂ ਨੂੰ ਹਿੰਸਕ ਸਤਾਹਟ ਦਾ ਸਾਮ੍ਹਣਾ ਕਰਨਾ ਪਿਆ ਹੈ। ਕੀ ਉਨ੍ਹਾਂ ਦੀ ਸਹਿਣਸ਼ੀਲਤਾ ਵਿਅਰਥ ਸਾਬਤ ਹੋਈ ਹੈ? ਬਿਲਕੁਲ ਨਹੀਂ, ਕਿਉਂਕਿ ਯਿਸੂ ਨੇ ਸਾਨੂੰ ਭਰੋਸਾ ਦਿਵਾਇਆ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” ਇਹ ਅੰਤ ਸਾਡੀ ਜ਼ਿੰਦਗੀ ਦਾ ਅੰਤ ਹੋ ਸਕਦਾ ਹੈ ਜਾਂ ਇਸ ਰੀਤੀ-ਵਿਵਸਥਾ ਦਾ ਅੰਤ ਹੋ ਸਕਦਾ ਹੈ। ਮੁਰਦਿਆਂ ਨੂੰ ਜੀ ਉਠਾਉਣ ਦੇ ਵੇਲੇ ਯਹੋਵਾਹ ਮਰੇ ਹੋਏ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਯਾਦ ਕਰੇਗਾ।—ਮੱਤੀ 24:13; ਇਬਰਾਨੀਆਂ 6:10.
8. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪੁਰਾਣੇ ਸਮੇਂ ਦੇ ਮਸੀਹੀਆਂ ਦੇ ਕੰਮ ਦੀ ਕਦਰ ਕਰਦੇ ਹਾਂ?
8 ਇਸ ਤੋਂ ਇਲਾਵਾ, ਅਸੀਂ ਖ਼ੁਸ਼ ਹਾਂ ਕਿ ਪੁਰਾਣੇ ਸਮੇਂ ਦੇ ਵਫ਼ਾਦਾਰ ਮਸੀਹੀਆਂ ਨੇ ਸਿਰਫ਼ ਆਪਣੀ ਮੁਕਤੀ ਬਾਰੇ ਹੀ ਨਹੀਂ ਸੋਚਿਆ। ਅਸੀਂ ਉਨ੍ਹਾਂ ਦੇ ਜਤਨਾਂ ਨਾਲ ਹੀ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਹੈ। ਇਸ ਲਈ ਅਸੀਂ ਯਕੀਨਨ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਯਿਸੂ ਦੇ ਹੁਕਮ ਨੂੰ ਮੰਨਿਆ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਜਿੰਨਾ ਚਿਰ ਸਾਡੇ ਕੋਲ ਮੌਕਾ ਹੈ, ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਕੇ ਜਿਨ੍ਹਾਂ ਨੇ ਅਜੇ ਖ਼ੁਸ਼ ਖ਼ਬਰੀ ਨਹੀਂ ਸੁਣੀ ਹੈ, ਆਪਣੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਪਰ ਪ੍ਰਚਾਰ ਕਰਨਾ, ਚੇਲੇ ਬਣਾਉਣ ਲਈ ਸਿਰਫ਼ ਪਹਿਲਾ ਕਦਮ ਹੈ।
‘ਆਪਣੀ ਸਿੱਖਿਆ ਦੀ ਰਾਖੀ ਕਰੋ’
9. ਸਹੀ ਨਜ਼ਰੀਆ ਬਾਈਬਲ ਸਟੱਡੀ ਸ਼ੁਰੂ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
9 ਸਾਡਾ ਕੰਮ ਸਿਰਫ਼ ਪ੍ਰਚਾਰ ਕਰਨਾ ਹੀ ਨਹੀਂ ਹੈ, ਬਲਕਿ ਸਿਖਾਉਣਾ ਵੀ ਹੈ। ਯਿਸੂ ਮਸੀਹ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਈਏ ਜਿਹੜੀਆਂ ਉਸ ਨੇ ਦੱਸੀਆਂ ਸਨ। ਇਹ ਸੱਚ ਹੈ ਕਿ ਕੁਝ ਖੇਤਰਾਂ ਵਿਚ ਥੋੜ੍ਹੇ ਲੋਕ ਹੀ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਹਨ। ਪਰ ਜੇ ਅਸੀਂ ਆਪਣੇ ਖੇਤਰ ਬਾਰੇ ਪਹਿਲਾਂ ਹੀ ਇਹ ਸੋਚ ਲਵਾਂਗੇ ਕਿ ਇੱਥੇ ਪ੍ਰਚਾਰ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ, ਤਾਂ ਅਸੀਂ ਕਿਸੇ ਨਾਲ ਵੀ ਬਾਈਬਲ ਸਟੱਡੀ ਸ਼ੁਰੂ ਨਹੀਂ ਕਰ ਸਕਾਂਗੇ। ਈਵੇਟ ਇਕ ਅਜਿਹੇ ਖੇਤਰ ਵਿਚ ਪਾਇਨੀਅਰੀ ਕਰਦੀ ਹੈ ਜਿਸ ਬਾਰੇ ਕੁਝ ਭੈਣ-ਭਰਾ ਕਹਿੰਦੇ ਸਨ ਕਿ ਉੱਥੇ ਪ੍ਰਚਾਰ ਕਰਨ ਦਾ ਕੋਈ ਫ਼ਾਇਦਾ ਨਹੀਂ। ਪਰ ਉਸ ਨੇ ਦੇਖਿਆ ਕਿ ਜਿਨ੍ਹਾਂ ਭੈਣ-ਭਰਾਵਾਂ ਦਾ ਖੇਤਰ ਬਾਰੇ ਚੰਗਾ ਨਜ਼ਰੀਆ ਸੀ, ਉਨ੍ਹਾਂ ਨੇ ਉੱਥੇ ਬਾਈਬਲ ਸਟੱਡੀਆਂ ਕਰਾਉਣੀਆਂ ਸ਼ੁਰੂ ਕੀਤੀਆਂ। ਸਹੀ ਨਜ਼ਰੀਆ ਰੱਖਣ ਤੋਂ ਬਾਅਦ, ਈਵੇਟ ਨੂੰ ਵੀ ਕਈ ਲੋਕ ਮਿਲੇ ਜਿਹੜੇ ਬਾਈਬਲ ਸਟੱਡੀ ਕਰਨੀ ਚਾਹੁੰਦੇ ਸਨ।
10. ਬਾਈਬਲ ਦੇ ਸਿੱਖਿਅਕ ਹੋਣ ਦੇ ਨਾਤੇ ਸਾਡਾ ਕੰਮ ਕੀ ਹੈ?
10 ਕੁਝ ਮਸੀਹੀ ਮਹਿਸੂਸ ਕਰਦੇ ਹਨ ਕਿ ਉਹ ਬਾਈਬਲ ਸਟੱਡੀ ਨਹੀਂ ਕਰਾ ਸਕਦੇ। ਇਸ ਲਈ ਉਹ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਨੂੰ ਬਾਈਬਲ ਸਟੱਡੀ ਪੇਸ਼ ਕਰਨ ਤੋਂ ਹਿਚਕਿਚਾਉਂਦੇ ਹਨ। ਇਹ ਸੱਚ ਹੈ ਕਿ ਸਾਡੇ ਸਾਰਿਆਂ ਦੀਆਂ ਯੋਗਤਾਵਾਂ ਵੱਖਰੀਆਂ-ਵੱਖਰੀਆਂ ਹਨ। ਪਰ ਪਰਮੇਸ਼ੁਰ ਦੇ ਬਚਨ ਦੇ ਚੰਗੇ ਸਿੱਖਿਅਕ ਬਣਨ ਲਈ ਸਾਨੂੰ ਬਹੁਤ ਜ਼ਿਆਦਾ ਮਾਹਰ ਹੋਣ ਦੀ ਜ਼ਰੂਰਤ ਨਹੀਂ ਹੈ। ਬਾਈਬਲ ਦਾ ਸਪੱਸ਼ਟ ਸੰਦੇਸ਼ ਬਹੁਤ ਸ਼ਕਤੀਸ਼ਾਲੀ ਹੈ ਅਤੇ ਯਿਸੂ ਨੇ ਕਿਹਾ ਸੀ ਕਿ ਭੇਡਾਂ ਵਰਗੇ ਲੋਕ ਅਸਲੀ ਚਰਵਾਹੇ ਦੀ ਆਵਾਜ਼ ਪਛਾਣ ਸਕਦੇ ਹਨ। ਇਸ ਲਈ ਸਾਡਾ ਕੰਮ ਸਿਰਫ਼ ਇਹ ਹੈ ਕਿ ਅਸੀਂ ਚੰਗੇ ਚਰਵਾਹੇ, ਯਿਸੂ ਦਾ ਸੰਦੇਸ਼ ਚੰਗੇ ਤਰੀਕੇ ਨਾਲ ਸੁਣਾਈਏ।—ਯੂਹੰਨਾ 10:4, 14.
11. ਤੁਸੀਂ ਬਾਈਬਲ ਸਟੱਡੀ ਕਰਨ ਵਾਲੇ ਦੀ ਹੋਰ ਚੰਗੇ ਤਰੀਕੇ ਨਾਲ ਕਿਵੇਂ ਮਦਦ ਕਰ ਸਕਦੇ ਹੋ?
11 ਤੁਸੀਂ ਯਿਸੂ ਦਾ ਸੰਦੇਸ਼ ਚੰਗੇ ਤਰੀਕੇ ਨਾਲ ਕਿਵੇਂ ਸੁਣਾ ਸਕਦੇ ਹੋ? ਸਭ ਤੋਂ ਪਹਿਲਾਂ, ਇਹ ਚੰਗੀ ਤਰ੍ਹਾਂ ਜਾਣੋ ਕਿ ਜਿਸ ਵਿਸ਼ੇ ਉੱਤੇ ਤੁਸੀਂ ਚਰਚਾ ਕਰੋਗੇ, ਉਸ ਬਾਰੇ ਬਾਈਬਲ ਕੀ ਕਹਿੰਦੀ ਹੈ। ਦੂਸਰਿਆਂ ਨੂੰ ਸਿਖਾਉਣ ਤੋਂ ਪਹਿਲਾਂ ਤੁਹਾਨੂੰ ਆਪ ਗੱਲ ਸਮਝਣੀ ਚਾਹੀਦੀ ਹੈ। ਅਤੇ ਸਟੱਡੀ ਕਰਾਉਂਦੇ ਵੇਲੇ ਚੰਗਾ ਤੇ ਦੋਸਤਾਨਾ ਮਾਹੌਲ ਬਣਾ ਕੇ ਰੱਖੋ। ਜਦੋਂ ਸਿੱਖਿਅਕ ਬਾਈਬਲ ਸਟੱਡੀ ਕਰਨ ਵਾਲੇ ਦਾ ਆਦਰ ਕਰਦਾ ਹੈ ਅਤੇ ਪਿਆਰ ਦਿਖਾਉਂਦਾ ਹੈ, ਤਾਂ ਉਸ ਦੇ ਮਨ ਵਿੱਚੋਂ ਡਰ ਨਿਕਲ ਜਾਂਦਾ ਹੈ। ਇਸ ਨਾਲ ਛੋਟੇ-ਵੱਡੇ ਸਾਰੇ ਚੰਗੀ ਤਰ੍ਹਾਂ ਸਿੱਖਦੇ ਹਨ।—ਕਹਾਉਤਾਂ 16:21.
12. ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਜੋ ਕੁਝ ਤੁਸੀਂ ਸਿਖਾਉਂਦੇ ਹੋ, ਉਸ ਨੂੰ ਤੁਹਾਡਾ ਵਿਦਿਆਰਥੀ ਸਮਝਦਾ ਹੈ?
12 ਸਿੱਖਿਅਕ ਹੋਣ ਦੇ ਨਾਤੇ ਤੁਸੀਂ ਆਪਣੇ ਵਿਦਿਆਰਥੀ ਨੂੰ ਸਿਰਫ਼ ਇਸ ਲਈ ਹੀ ਗੱਲਾਂ ਨਹੀਂ ਦੱਸਦੇ ਕਿ ਉਹ ਮੂੰਹ-ਜ਼ਬਾਨੀ ਉਨ੍ਹਾਂ ਨੂੰ ਰਟ ਲਵੇ। ਜੋ ਕੁਝ ਉਹ ਸਿੱਖ ਰਿਹਾ ਹੈ, ਉਸ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਉਸ ਦੀ ਮਦਦ ਕਰੋ। ਉਹ ਤੁਹਾਡੀ ਗੱਲ ਨੂੰ ਕਿਸ ਹੱਦ ਤਕ ਸਮਝਦਾ ਹੈ, ਇਹ ਉਸ ਦੀ ਪੜ੍ਹਾਈ-ਲਿਖਾਈ, ਜ਼ਿੰਦਗੀ ਦੇ ਤਜਰਬੇ ਅਤੇ ਬਾਈਬਲ ਸੰਬੰਧੀ ਜਾਣਕਾਰੀ ਤੇ ਨਿਰਭਰ ਕਰਦਾ ਹੈ। ਇਸ ਲਈ, ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ, ‘ਕੀ ਉਹ ਅਧਿਆਇ ਵਿਚ ਦਿੱਤੇ ਬਾਈਬਲ ਦੇ ਹਵਾਲਿਆਂ ਦੀ ਮਹੱਤਤਾ ਨੂੰ ਸਮਝਦਾ ਹੈ?’ ਉਸ ਨੂੰ ਅਜਿਹੇ ਸਵਾਲ ਨਾ ਪੁੱਛੋ ਜਿਨ੍ਹਾਂ ਦਾ ਜਵਾਬ ਹਾਂ-ਨਾ ਵਿਚ ਦਿੱਤਾ ਜਾ ਸਕਦਾ ਹੈ, ਬਲਕਿ ਉਹ ਸਵਾਲ ਪੁੱਛੋ ਜਿਨ੍ਹਾਂ ਦਾ ਜਵਾਬ ਦੇਣ ਲਈ ਜ਼ਿਆਦਾ ਜਾਣਕਾਰੀ ਦੇਣ ਦੀ ਲੋੜ ਪੈਂਦੀ ਹੈ। (ਲੂਕਾ 9:18-20) ਦੂਸਰੇ ਪਾਸੇ, ਕਈ ਵਿਦਿਆਰਥੀ ਆਪਣੇ ਸਿੱਖਿਅਕ ਤੋਂ ਸਵਾਲ ਪੁੱਛਣ ਤੋਂ ਝਿਜਕਦੇ ਹਨ। ਇਸ ਲਈ ਉਹ ਸ਼ਾਇਦ ਚੰਗੀ ਤਰ੍ਹਾਂ ਸਮਝੇ ਬਿਨਾਂ ਅਧਿਐਨ ਕਰਦੇ ਰਹਿਣ। ਵਿਦਿਆਰਥੀ ਨੂੰ ਉਤਸ਼ਾਹਿਤ ਕਰੋ ਕਿ ਉਹ ਸਵਾਲ ਪੁੱਛੇ ਤੇ ਜੇ ਉਸ ਨੂੰ ਕੋਈ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਆਈ ਹੈ, ਤਾਂ ਉਹ ਤੁਹਾਨੂੰ ਦੱਸੇ।—ਮਰਕੁਸ 4:10; 9:32, 33.
13. ਸਿੱਖਿਅਕ ਬਣਨ ਵਿਚ ਤੁਸੀਂ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ?
13 ਬਾਈਬਲ ਸਟੱਡੀ ਕਰਾਉਣ ਦਾ ਇਕ ਜ਼ਰੂਰੀ ਉਦੇਸ਼ ਵਿਦਿਆਰਥੀ ਦੀ ਸਿੱਖਿਅਕ ਬਣਨ ਵਿਚ ਮਦਦ ਕਰਨਾ ਹੈ। (ਗਲਾਤੀਆਂ 6:6) ਇਸ ਲਈ, ਜਦੋਂ ਤੁਸੀਂ ਪੁਨਰ-ਵਿਚਾਰ ਕਰਦੇ ਹੋ, ਤਾਂ ਤੁਸੀਂ ਉਸ ਨੂੰ ਕਹੋ ਕਿ ਉਹ ਸਿੱਖੀਆਂ ਗੱਲਾਂ ਨੂੰ ਸੌਖੇ ਸ਼ਬਦਾਂ ਵਿਚ ਸਮਝਾਵੇ। ਉਹ ਤੁਹਾਨੂੰ ਇਸ ਤਰ੍ਹਾਂ ਸਮਝਾਵੇ ਜਿਵੇਂ ਉਹ ਅਜਿਹੇ ਵਿਅਕਤੀ ਨੂੰ ਇਹ ਗੱਲਾਂ ਦੱਸ ਰਿਹਾ ਹੈ ਜਿਸ ਨੇ ਇਹ ਪਹਿਲੀ ਵਾਰ ਸੁਣੀਆਂ ਹੋਣ। ਬਾਅਦ ਵਿਚ, ਜਦੋਂ ਉਹ ਪ੍ਰਚਾਰ ਵਿਚ ਹਿੱਸਾ ਲੈਣ ਦੇ ਯੋਗ ਹੋ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਆਪਣੇ ਨਾਲ ਪ੍ਰਚਾਰ ਵਿਚ ਲਿਜਾ ਸਕਦੇ ਹੋ। ਪਹਿਲਾਂ-ਪਹਿਲ ਉਸ ਲਈ ਤੁਹਾਡੇ ਨਾਲ ਕੰਮ ਕਰਨਾ ਸੌਖਾ ਹੋਵੇਗਾ। ਜਦੋਂ ਉਸ ਨੂੰ ਤਜਰਬਾ ਹੋ ਜਾਵੇਗਾ, ਤਾਂ ਉਸ ਦਾ ਹੌਸਲਾ ਵਧੇਗਾ ਤੇ ਉਹ ਆਪਣੇ ਆਪ ਪ੍ਰਚਾਰ ਵਿਚ ਜਾ ਸਕੇਗਾ।
ਯਹੋਵਾਹ ਦਾ ਮਿੱਤਰ ਬਣਨ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰੋ
14. ਸਿੱਖਿਅਕ ਹੋਣ ਦੇ ਨਾਤੇ ਤੁਹਾਡਾ ਪਹਿਲਾ ਟੀਚਾ ਕੀ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
14 ਹਰ ਮਸੀਹੀ ਸਿੱਖਿਅਕ ਦਾ ਮੁੱਖ ਟੀਚਾ, ਵਿਦਿਆਰਥੀ ਨੂੰ ਯਹੋਵਾਹ ਦਾ ਮਿੱਤਰ ਬਣਨ ਵਿਚ ਮਦਦ ਦੇਣਾ ਹੈ। ਤੁਸੀਂ ਇਸ ਤਰ੍ਹਾਂ ਸਿਰਫ਼ ਆਪਣੀਆਂ ਗੱਲਾਂ ਨਾਲ ਹੀ ਨਹੀਂ, ਬਲਕਿ ਆਪਣੀ ਮਿਸਾਲ ਦੁਆਰਾ ਵੀ ਕਰ ਸਕਦੇ ਹੋ। ਆਪਣੀ ਮਿਸਾਲ ਦੁਆਰਾ ਸਿਖਾਉਣ ਨਾਲ ਵਿਦਿਆਰਥੀ ਦੇ ਮਨ ਤੇ ਗਹਿਰਾ ਅਸਰ ਪੈਂਦਾ ਹੈ। ਗੱਲਾਂ ਨਾਲੋਂ ਕੰਮਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ, ਖ਼ਾਸ ਕਰਕੇ ਜਦੋਂ ਵਿਦਿਆਰਥੀ ਦੇ ਮਨ ਵਿਚ ਚੰਗੇ ਗੁਣ ਜਾਂ ਜੋਸ਼ ਪੈਦਾ ਕਰਨਾ ਹੋਵੇ। ਜਦੋਂ ਉਹ ਦੇਖਦਾ ਹੈ ਕਿ ਤੁਹਾਡਾ ਯਹੋਵਾਹ ਦੇ ਨਾਲ ਚੰਗਾ ਰਿਸ਼ਤਾ ਹੈ ਤੇ ਤੁਸੀਂ ਉਸ ਦੇ ਅਨੁਸਾਰ ਚੱਲਦੇ ਹੋ, ਤਾਂ ਉਹ ਵੀ ਯਹੋਵਾਹ ਦੇ ਨਾਲ ਮਿੱਤਰਤਾ ਕਾਇਮ ਕਰਨ ਲਈ ਜ਼ਿਆਦਾ ਪ੍ਰੇਰਿਤ ਹੋ ਸਕਦਾ ਹੈ।
15. (ੳ) ਇਹ ਕਿਉਂ ਜ਼ਰੂਰੀ ਹੈ ਕਿ ਵਿਦਿਆਰਥੀ ਯਹੋਵਾਹ ਦੀ ਸੇਵਾ ਸਹੀ ਇਰਾਦੇ ਨਾਲ ਕਰੇ? (ਅ) ਅਧਿਆਤਮਿਕ ਤਰੱਕੀ ਕਰਦੇ ਰਹਿਣ ਵਿਚ ਤੁਸੀਂ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ?
15 ਤੁਸੀਂ ਇਹ ਨਹੀਂ ਚਾਹੁੰਦੇ ਹੋ ਕਿ ਵਿਦਿਆਰਥੀ ਇਸ ਕਰਕੇ ਯਹੋਵਾਹ ਦੀ ਸੇਵਾ ਕਰੇ ਕਿਉਂਕਿ ਉਹ ਆਰਮਾਗੇਡਨ ਤੋਂ ਬਚਣਾ ਚਾਹੁੰਦਾ ਹੈ, ਬਲਕਿ ਤੁਸੀਂ ਇਹ ਚਾਹੁੰਦੇ ਹੋ ਕਿ ਉਹ ਯਹੋਵਾਹ ਲਈ ਪਿਆਰ ਦੇ ਕਰਕੇ ਉਸ ਦੀ ਸੇਵਾ ਕਰੇ। ਅਜਿਹਾ ਸਹੀ ਇਰਾਦਾ ਰੱਖਣ ਵਿਚ ਮਦਦ ਕਰਨ ਦੁਆਰਾ ਤੁਸੀਂ ਅੱਗ-ਰੋਕੂ ਸਾਮੱਗਰੀ ਨਾਲ ਉਸ ਦੀ ਉਸਾਰੀ ਕਰੋਗੇ ਜੋ ਅਜ਼ਮਾਇਸ਼ਾਂ ਦੌਰਾਨ ਆਪਣੀ ਨਿਹਚਾ ਬਣਾਈ ਰੱਖਣ ਵਿਚ ਉਸ ਦੀ ਮਦਦ ਕਰੇਗੀ। (1 ਕੁਰਿੰਥੀਆਂ 3:10-15) ਜੇ ਵਿਦਿਆਰਥੀ ਪਰਮੇਸ਼ੁਰ ਦੇ ਪਿੱਛੇ ਚੱਲਣ ਦੀ ਬਜਾਇ ਤੁਹਾਡੇ ਪਿੱਛੇ ਚੱਲਦਾ ਹੈ ਜਾਂ ਦੂਸਰੇ ਕਿਸੇ ਵਿਅਕਤੀ ਦੇ ਪਿੱਛੇ ਚੱਲਦਾ ਹੈ, ਤਾਂ ਉਸ ਨੂੰ ਨਾ ਤਾਂ ਗ਼ੈਰ-ਮਸੀਹੀ ਪ੍ਰਭਾਵਾਂ ਦਾ ਵਿਰੋਧ ਕਰਨ ਦੀ ਤਾਕਤ ਮਿਲੇਗੀ ਅਤੇ ਨਾ ਹੀ ਸਹੀ ਕੰਮ ਕਰਨ ਦਾ ਹੌਸਲਾ ਮਿਲੇਗਾ। ਇਹ ਗੱਲ ਯਾਦ ਰੱਖੋ ਕਿ ਤੁਸੀਂ ਹਮੇਸ਼ਾ ਉਸ ਦੇ ਸਿੱਖਿਅਕ ਨਹੀਂ ਰਹੋਗੇ। ਪਰ ਸਿੱਖਿਆ ਦੇਣ ਦੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਤੁਸੀਂ ਉਸ ਨੂੰ ਉਤਸ਼ਾਹਿਤ ਕਰ ਸਕਦੇ ਹੋ ਕਿ ਉਹ ਹਰ ਰੋਜ਼ ਬਾਈਬਲ ਪੜ੍ਹ ਕੇ ਅਤੇ ਉਸ ਤੇ ਮਨਨ ਕਰ ਕੇ ਯਹੋਵਾਹ ਦੇ ਨੇੜੇ ਆਵੇ। ਇਸ ਤਰ੍ਹਾਂ ਤੁਹਾਡੇ ਨਾਲ ਅਧਿਐਨ ਖ਼ਤਮ ਕਰਨ ਤੋਂ ਬਾਅਦ ਵੀ ਉਹ ਬਾਈਬਲ ਅਤੇ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਵਿੱਚੋਂ “ਖਰੀਆਂ ਗੱਲਾਂ” ਨੂੰ ਸਿੱਖਦਾ ਰਹੇਗਾ।—2 ਤਿਮੋਥਿਉਸ 1:13.
16. ਤੁਸੀਂ ਆਪਣੇ ਵਿਦਿਆਰਥੀ ਨੂੰ ਦਿਲੋਂ ਪ੍ਰਾਰਥਨਾ ਕਰਨੀ ਕਿਵੇਂ ਸਿਖਾ ਸਕਦੇ ਹੋ?
16 ਵਿਦਿਆਰਥੀ ਨੂੰ ਦਿਲੋਂ ਪ੍ਰਾਰਥਨਾ ਕਰਨੀ ਸਿਖਾਓ। ਇਸ ਤਰ੍ਹਾਂ ਵੀ ਤੁਸੀਂ ਯਹੋਵਾਹ ਦੇ ਨੇੜੇ ਜਾਣ ਵਿਚ ਉਸ ਦੀ ਮਦਦ ਕਰ ਸਕਦੇ ਹੋ। ਤੁਸੀਂ ਉਸ ਨੂੰ ਇਹ ਕਿਵੇਂ ਸਿਖਾ ਸਕਦੇ ਹੋ? ਤੁਸੀਂ ਉਸ ਨੂੰ ਯਿਸੂ ਦੀ ਆਦਰਸ਼ ਪ੍ਰਾਰਥਨਾ ਬਾਰੇ ਦੱਸ ਸਕਦੇ ਹੋ ਤੇ ਬਾਈਬਲ ਵਿਚ ਰਿਕਾਰਡ ਕੀਤੀਆਂ ਹੋਰ ਬਹੁਤ ਸਾਰੀਆਂ ਪ੍ਰਾਰਥਨਾਵਾਂ ਬਾਰੇ ਵੀ ਦੱਸ ਸਕਦੇ ਹੋ, ਜਿਵੇਂ ਕਿ ਜ਼ਬੂਰਾਂ ਦੀ ਪੋਥੀ ਵਿਚ ਰਿਕਾਰਡ ਕੀਤੀਆਂ ਗਈਆਂ ਹਨ। (ਜ਼ਬੂਰ 17, 86, 143; ਮੱਤੀ 6:9, 10) ਇਸ ਤੋਂ ਇਲਾਵਾ, ਜਦੋਂ ਤੁਸੀਂ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਪ੍ਰਾਰਥਨਾ ਕਰਦੇ ਹੋ, ਤਾਂ ਤੁਹਾਡਾ ਵਿਦਿਆਰਥੀ ਤੁਹਾਡੀ ਪ੍ਰਾਰਥਨਾ ਸੁਣਦਾ ਹੈ। ਤੁਹਾਡੀ ਪ੍ਰਾਰਥਨਾ ਤੋਂ ਉਹ ਯਹੋਵਾਹ ਨਾਲ ਤੁਹਾਡੇ ਰਿਸ਼ਤੇ ਬਾਰੇ ਜਾਣੇਗਾ। ਇਸ ਤਰ੍ਹਾਂ ਤੁਹਾਡੀ ਪ੍ਰਾਰਥਨਾ ਹਮੇਸ਼ਾ ਗੰਭੀਰਤਾ ਨਾਲ ਅਤੇ ਦਿਲੋਂ ਕੀਤੀ ਜਾਣੀ ਚਾਹੀਦੀ ਹੈ। ਅਤੇ ਇਸ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਇਕ ਅਧਿਆਤਮਿਕ ਇਨਸਾਨ ਹੋ ਤੇ ਜਜ਼ਬਾਤਾਂ ਵਿਚ ਵਹਿ ਕੇ ਪ੍ਰਾਰਥਨਾ ਨਹੀਂ ਕਰਦੇ।
ਆਪਣੇ ਬੱਚਿਆਂ ਨੂੰ ਬਚਾਉਣ ਲਈ ਜਤਨ ਕਰਨਾ
17. ਮੁਕਤੀ ਦੇ ਰਾਹ ਉੱਤੇ ਚੱਲਦੇ ਰਹਿਣ ਵਿਚ ਮਾਪੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?
17 ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬਚਾਉਣਾ ਚਾਹੁੰਦੇ ਹਾਂ। ਬਹੁਤ ਸਾਰੇ ਮਸੀਹੀ ਮਾਪਿਆਂ ਦੇ ਬੱਚੇ ਬਹੁਤ ਹੀ ਈਮਾਨਦਾਰ ਅਤੇ “ਨਿਹਚਾ ਵਿੱਚ ਤਕੜੇ” ਹਨ। ਪਰ ਕਈਆਂ ਨੇ ਸੱਚਾਈ ਨੂੰ ਆਪਣੇ ਮਨ ਵਿਚ ਚੰਗੀ ਤਰ੍ਹਾਂ ਨਹੀਂ ਬਿਠਾਇਆ। (1 ਪਤਰਸ 5:9; ਅਫ਼ਸੀਆਂ 3:17; ਕੁਲੁੱਸੀਆਂ 2:7) ਬਹੁਤ ਸਾਰੇ ਬੱਚੇ ਵੱਡੇ ਹੋਣ ਤੇ ਸੱਚਾਈ ਨੂੰ ਛੱਡ ਦਿੰਦੇ ਹਨ। ਜੇ ਤੁਹਾਡੇ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਕਿਵੇਂ ਬਚਾ ਸਕਦੇ ਹੋ? ਸਭ ਤੋਂ ਪਹਿਲਾਂ ਘਰ ਵਿਚ ਚੰਗਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਜੇ ਪਰਿਵਾਰ ਵਿਚ ਮਾਹੌਲ ਚੰਗਾ ਹੈ, ਤਾਂ ਬੱਚੇ ਅਧਿਕਾਰ ਪ੍ਰਤੀ ਚੰਗਾ ਨਜ਼ਰੀਆ ਰੱਖਣਗੇ, ਚੰਗੀਆਂ ਕਦਰਾਂ-ਕੀਮਤਾਂ ਦੀ ਕਦਰ ਕਰਨਗੇ ਅਤੇ ਦੂਸਰਿਆਂ ਨਾਲ ਚੰਗੇ ਸੰਬੰਧ ਰੱਖਣਗੇ। (ਇਬਰਾਨੀਆਂ 12:9) ਇਸ ਤਰ੍ਹਾਂ ਪਰਿਵਾਰ ਵਿਚ ਮਜ਼ਬੂਤ ਬੰਧਨ ਹੋਣ ਨਾਲ ਬੱਚਾ ਯਹੋਵਾਹ ਦੇ ਨਾਲ ਦੋਸਤੀ ਕਰ ਸਕਦਾ ਹੈ। (ਜ਼ਬੂਰ 22:10) ਮਜ਼ਬੂਤ ਪਰਿਵਾਰ ਮਿਲ ਕੇ ਕੰਮ ਕਰਦਾ ਹੈ, ਚਾਹੇ ਇਸ ਦੇ ਲਈ ਮਾਪਿਆਂ ਨੂੰ ਉਹ ਸਮਾਂ ਤਿਆਗਣਾ ਪਵੇ ਜਿਸ ਨੂੰ ਉਹ ਜ਼ਿਆਦਾ ਰੁਪਿਆ-ਪੈਸਾ ਕਮਾਉਣ ਜਾਂ ਦੂਸਰੇ ਨਿੱਜੀ ਕੰਮਾਂ ਵਿਚ ਲਗਾ ਸਕਦੇ ਹਨ। ਇਸ ਤਰ੍ਹਾਂ ਆਪਣੀ ਮਿਸਾਲ ਦੁਆਰਾ ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨ ਵਿਚ ਮਦਦ ਦੇ ਸਕਦੇ ਹੋ। ਮਾਪਿਓ, ਤੁਹਾਡੇ ਬੱਚੇ ਤੁਹਾਡੇ ਤੋਂ ਭੌਤਿਕ ਚੀਜ਼ਾਂ ਨਹੀਂ ਚਾਹੁੰਦੇ, ਪਰ ਉਹ ਤੁਹਾਨੂੰ ਚਾਹੁੰਦੇ ਹਨ—ਤੁਹਾਡਾ ਸਮਾਂ, ਤੁਹਾਡੀ ਸ਼ਕਤੀ ਅਤੇ ਤੁਹਾਡਾ ਪਿਆਰ। ਕੀ ਤੁਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦੇ ਰਹੇ ਹੋ?
18. ਕਿਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਲੱਭਣ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ?
18 ਮਸੀਹੀ ਮਾਪਿਆਂ ਨੂੰ ਇਹ ਕਦੀ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਬੱਚੇ ਵੀ ਆਪਣੇ ਆਪ ਮਸੀਹੀ ਬਣ ਜਾਣਗੇ। ਇਕ ਬਜ਼ੁਰਗ ਤੇ ਪੰਜ ਬੱਚਿਆਂ ਦਾ ਪਿਤਾ, ਡੇਨੀਏਲ ਕਹਿੰਦਾ ਹੈ: “ਸਕੂਲ ਵਿਚ ਅਤੇ ਦੂਸਰੀਆਂ ਥਾਵਾਂ ਤੇ ਕਈ ਗੱਲਾਂ ਕਾਰਨ ਬੱਚਿਆਂ ਦੇ ਮਨਾਂ ਵਿਚ ਸ਼ੱਕ ਪੈਦਾ ਹੋ ਜਾਂਦੇ ਹਨ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੱਲ ਕਰ ਕੇ ਉਨ੍ਹਾਂ ਦੇ ਮਨਾਂ ਵਿੱਚੋਂ ਇਹ ਸ਼ੱਕ ਕੱਢਣੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਧੀਰਜ ਨਾਲ ਮਦਦ ਕਰਨੀ ਚਾਹੀਦੀ ਹੈ, ਤਾਂਕਿ ਉਹ ਅਜਿਹੇ ਸਵਾਲਾਂ ਦੇ ਜਵਾਬ ਲੱਭਣ: ‘ਕੀ ਅਸੀਂ ਸੱਚ-ਮੁੱਚ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ? ਕੀ ਸੱਚ-ਮੁੱਚ ਇੱਕੋ ਹੀ ਧਰਮ ਸੱਚਾ ਹੈ? ਸਕੂਲ ਵਿਚ ਚੰਗੇ ਦਿੱਸਣ ਵਾਲੇ ਬੱਚਿਆਂ ਨਾਲ ਦੋਸਤੀ ਕਿਉਂ ਨਹੀਂ ਕਰਨੀ ਚਾਹੀਦੀ? ਵਿਆਹ ਤੋਂ ਪਹਿਲਾਂ ਸੰਭੋਗ ਕਰਨਾ ਹਮੇਸ਼ਾ ਗ਼ਲਤ ਕਿਉਂ ਹੁੰਦਾ ਹੈ?’” ਮਾਪਿਓ, ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਜਤਨਾਂ ਨੂੰ ਅਸੀਸ ਦੇਵੇਗਾ, ਕਿਉਂਕਿ ਉਹ ਵੀ ਤੁਹਾਡੇ ਬੱਚਿਆਂ ਦਾ ਭਲਾ ਚਾਹੁੰਦਾ ਹੈ।
19. ਇਹ ਕਿਉਂ ਜ਼ਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਸਟੱਡੀ ਕਰਨ?
19 ਕਈ ਮਾਪੇ ਆਪਣੇ ਬੱਚਿਆਂ ਨੂੰ ਅਧਿਐਨ ਕਰਾਉਣ ਵਿਚ ਨਾਕਾਬਲ ਮਹਿਸੂਸ ਕਰਦੇ ਹਨ। ਪਰ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਿਰਫ਼ ਤੁਸੀਂ ਹੀ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕਦੇ ਹੋ। (ਅਫ਼ਸੀਆਂ 6:4) ਆਪਣੇ ਬੱਚਿਆਂ ਨਾਲ ਅਧਿਐਨ ਕਰਨ ਦੁਆਰਾ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਹੈ। ਉਹ ਜੋ ਵੀ ਕਹਿੰਦੇ ਹਨ, ਕੀ ਉਹ ਦਿਲੋਂ ਕਹਿੰਦੇ ਹਨ ਜਾਂ ਉੱਪਰੋਂ-ਉੱਪਰੋਂ ਕਹਿੰਦੇ ਹਨ? ਕੀ ਉਹ ਸਿੱਖੀਆਂ ਗੱਲਾਂ ਉੱਤੇ ਸੱਚ-ਮੁੱਚ ਵਿਸ਼ਵਾਸ ਕਰਦੇ ਹਨ? ਕੀ ਉਹ ਮੰਨਦੇ ਹਨ ਕਿ ਯਹੋਵਾਹ ਨਾਂ ਦਾ ਕੋਈ ਪਰਮੇਸ਼ੁਰ ਸੱਚ-ਮੁੱਚ ਹੈ? ਜੇ ਤੁਸੀਂ ਆਪਣੇ ਬੱਚਿਆਂ ਨਾਲ ਆਪ ਸਟੱਡੀ ਕਰੋਗੇ, ਤਾਂ ਹੀ ਤੁਸੀਂ ਉਨ੍ਹਾਂ ਤੋਂ ਇਨ੍ਹਾਂ ਸਵਾਲਾਂ ਦਾ ਅਤੇ ਹੋਰ ਕਈ ਸਵਾਲਾਂ ਦਾ ਜਵਾਬ ਜਾਣ ਸਕੋਗੇ।—2 ਤਿਮੋਥਿਉਸ 1:5.
20. ਮਾਤਾ-ਪਿਤਾ ਪਰਿਵਾਰਕ ਅਧਿਐਨ ਨੂੰ ਮਜ਼ੇਦਾਰ ਤੇ ਲਾਭਦਾਇਕ ਕਿਵੇਂ ਬਣਾ ਸਕਦੇ ਹਨ?
20 ਜਦੋਂ ਤੁਸੀਂ ਪਰਿਵਾਰਕ ਅਧਿਐਨ ਸ਼ੁਰੂ ਕਰਦੇ ਹੋ, ਤਾਂ ਤੁਸੀਂ ਇਸ ਨੂੰ ਨਿਯਮਿਤ ਤੌਰ ਤੇ ਕਿਵੇਂ ਕਰ ਸਕਦੇ ਹੋ? ਜ਼ੌਸਫ ਕਲੀਸਿਯਾ ਦਾ ਇਕ ਬਜ਼ੁਰਗ ਹੈ ਅਤੇ ਉਸ ਦਾ ਇਕ ਪੁੱਤਰ ਤੇ ਇਕ ਧੀ ਹੈ ਜਿਹੜੇ ਅਜੇ ਛੋਟੇ ਹਨ। ਉਹ ਕਹਿੰਦਾ ਹੈ: “ਸਾਰੀਆਂ ਬਾਈਬਲ ਸਟੱਡੀਆਂ ਵਾਂਗ ਪਰਿਵਾਰਕ ਅਧਿਐਨ ਵੀ ਮਜ਼ੇਦਾਰ ਹੋਣਾ ਚਾਹੀਦਾ ਹੈ ਜਿਸ ਦੀ ਪਰਿਵਾਰ ਦੇ ਸਾਰੇ ਮੈਂਬਰ ਬੇਸਬਰੀ ਨਾਲ ਉਡੀਕ ਕਰਨ। ਆਪਣੇ ਪਰਿਵਾਰਕ ਅਧਿਐਨ ਨੂੰ ਮਜ਼ੇਦਾਰ ਬਣਾਉਣ ਲਈ ਸਾਨੂੰ ਸਮੇਂ ਦੇ ਮਾਮਲੇ ਵਿਚ ਬਹੁਤ ਹੀ ਜ਼ਿਆਦਾ ਸਖ਼ਤ ਨਹੀਂ ਹੋਣਾ ਚਾਹੀਦਾ। ਅਸੀਂ ਤਕਰੀਬਨ ਇਕ ਘੰਟਾ ਸਟੱਡੀ ਕਰਦੇ ਹਾਂ, ਪਰ ਜੇਕਰ ਸਾਡੇ ਕੋਲ ਸਿਰਫ਼ ਦਸ ਮਿੰਟ ਹੀ ਹੋਣ, ਫਿਰ ਵੀ ਅਸੀਂ ਸਟੱਡੀ ਕਰਦੇ ਹਾਂ। ਹਰ ਹਫ਼ਤੇ ਬੱਚੇ ਬੇਸਬਰੀ ਨਾਲ ਆਪਣੀ ਸਟੱਡੀ ਦੀ ਉਡੀਕ ਕਰਦੇ ਹਨ ਕਿਉਂਕਿ ਅਸੀਂ ਬੱਚਿਆਂ ਨਾਲ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਕਹਾਣੀਆਂ ਉੱਤੇ ਡਰਾਮਾ ਕਰਦੇ ਹਾਂ।a ਬਹੁਤ ਸਾਰੇ ਪੈਰੇ ਪੜ੍ਹਨ ਦੀ ਬਜਾਇ ਇਸ ਤਰੀਕੇ ਨਾਲ ਅਧਿਐਨ ਕਰਨ ਦੁਆਰਾ ਬੱਚਿਆਂ ਨੂੰ ਗੱਲਾਂ ਯਾਦ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਮਨਾਂ ਤੇ ਡੂੰਘਾ ਅਸਰ ਪੈਂਦਾ ਹੈ।”
21. ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਦੋਂ ਸਿਖਾ ਸਕਦੇ ਹਨ?
21 ਪਰ, ਬੱਚਿਆਂ ਨਾਲ ਸਿਰਫ਼ ਸਟੱਡੀ ਕਰ ਕੇ ਹੀ ਉਨ੍ਹਾਂ ਨੂੰ ਨਾ ਸਿਖਾਓ। (ਬਿਵਸਥਾ ਸਾਰ 6:5-7) ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਮਿਸ਼ਨਰੀ ਭਰਾ ਕਹਿੰਦਾ ਹੈ: “ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਿਤਾ ਜੀ ਕਲੀਸਿਯਾ ਦੇ ਦੂਰ-ਦੁਰਾਡੇ ਖੇਤਰਾਂ ਵਿਚ ਪ੍ਰਚਾਰ ਕਰਨ ਲਈ ਮੈਨੂੰ ਨਾਲ ਲੈ ਕੇ ਜਾਂਦੇ ਹੁੰਦੇ ਸਨ। ਅਸੀਂ ਆਪਣੇ-ਆਪਣੇ ਸਾਈਕਲਾਂ ਉੱਤੇ ਜਾਂਦੇ ਹੁੰਦੇ ਸੀ। ਸਾਡੇ ਮਾਤਾ-ਪਿਤਾ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਤੇ ਹਰ ਵੇਲੇ ਸਾਨੂੰ ਸਿਖਾਇਆ। ਇਸੇ ਕਰਕੇ ਹੀ ਅਸੀਂ ਪੂਰੇ ਸਮੇਂ ਦੀ ਸੇਵਕਾਈ ਕਰਨ ਦਾ ਫ਼ੈਸਲਾ ਕਰ ਸਕੇ। ਉਨ੍ਹਾਂ ਦੀ ਸਿੱਖਿਆ ਦਾ ਸਾਡੇ ਉੱਤੇ ਬਹੁਤ ਹੀ ਅਸਰ ਪਿਆ। ਮੈਂ ਹੁਣ ਵੀ ਦੂਰ-ਦੁਰਾਡੇ ਖੇਤਰਾਂ ਵਿਚ ਪ੍ਰਚਾਰ ਕਰ ਰਿਹਾ ਹਾਂ!”
22. ‘ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਕੇ,’ ਤੁਹਾਨੂੰ ਕੀ ਲਾਭ ਹੋਵੇਗਾ?
22 ਜਲਦੀ ਹੀ ਇਕ ਦਿਨ ਸਹੀ ਸਮੇਂ ਤੇ ਯਿਸੂ ਇਸ ਰੀਤੀ-ਵਿਵਸਥਾ ਨੂੰ ਖ਼ਤਮ ਕਰ ਕੇ ਪਰਮੇਸ਼ੁਰ ਦੇ ਨਿਆਂ ਨੂੰ ਲਾਗੂ ਕਰਨ ਲਈ ਆਵੇਗਾ। ਉਹ ਵੱਡੀ ਘਟਨਾ ਛੇਤੀ ਹੀ ਇਤਿਹਾਸ ਬਣ ਜਾਵੇਗੀ, ਪਰ ਯਹੋਵਾਹ ਦੇ ਵਫ਼ਾਦਾਰ ਸੇਵਕ ਮੁਕਤੀ ਪ੍ਰਾਪਤ ਕਰ ਕੇ ਸਦਾ ਲਈ ਉਸ ਦੀ ਸੇਵਾ ਕਰਦੇ ਰਹਿਣਗੇ। ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ, ਤੁਹਾਡੇ ਬੱਚੇ ਤੇ ਤੁਹਾਡੇ ਬਾਈਬਲ ਵਿਦਿਆਰਥੀ ਉਨ੍ਹਾਂ ਵਿਚ ਹੋਣ? ਇਸ ਲਈ ਇਹ ਗੱਲ ਯਾਦ ਰੱਖੋ: ‘ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰੋ। ਇਨ੍ਹਾਂ ਗੱਲਾਂ ਉੱਤੇ ਪੱਕੇ ਰਹੋ ਕਿਉਂ ਜੋ ਤੁਸੀਂ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੋਗੇ।’—1 ਤਿਮੋਥਿਉਸ 4:16.
[ਫੁਟਨੋਟ]
a ਇਹ ਕਿਤਾਬ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਹੈ।
ਕੀ ਤੁਸੀਂ ਸਮਝਾ ਸਕਦੇ ਹੋ?
• ਜਦ ਕਿ ਅਸੀਂ ਪਰਮੇਸ਼ੁਰ ਦੁਆਰਾ ਆਪਣਾ ਨਿਆਂ ਲਾਗੂ ਕਰਨ ਦਾ ਸਹੀ-ਸਹੀ ਸਮਾਂ ਨਹੀਂ ਜਾਣਦੇ ਹਾਂ, ਫਿਰ ਵੀ ਇਸ ਮਾਮਲੇ ਵਿਚ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
• ਅਸੀਂ ਕਿਨ੍ਹਾਂ ਤਰੀਕਿਆਂ ਨਾਲ “ਆਪਣੀ ਸਿੱਖਿਆ ਦੀ ਰਾਖੀ ਕਰ” ਸਕਦੇ ਹਾਂ?
• ਯਹੋਵਾਹ ਦਾ ਦੋਸਤ ਬਣਨ ਵਿਚ ਤੁਸੀਂ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ?
• ਇਹ ਕਿਉਂ ਜ਼ਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿਖਾਉਣ ਲਈ ਸਮਾਂ ਕੱਢਣ?
[ਸਫ਼ੇ 15 ਉੱਤੇ ਤਸਵੀਰ]
ਅਸੀਂ ਚੰਗੇ ਤੇ ਦੋਸਤਾਨਾ ਮਾਹੌਲ ਵਿਚ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ
[ਸਫ਼ੇ 18 ਉੱਤੇ ਤਸਵੀਰ]
ਬਾਈਬਲ ਦੀਆਂ ਕਹਾਣੀਆਂ ਉੱਤੇ ਡਰਾਮਾ ਕਰੋ, ਜਿਵੇਂ ਕਿ ਸੁਲੇਮਾਨ ਦੁਆਰਾ ਦੋ ਵੇਸਵਾਵਾਂ ਦਾ ਨਿਆਂ ਕਰਨਾ। ਇਸ ਨਾਲ ਪਰਿਵਾਰਕ ਅਧਿਐਨ ਬਹੁਤ ਮਜ਼ੇਦਾਰ ਹੋਵੇਗਾ