ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ
“ਹਰੇਕ ਪਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਨੂੰ ਥਾਪਿਆ ਜਾਂਦਾ ਹੈ।”—ਇਬਰਾਨੀਆਂ 8:3.
1. ਲੋਕ ਪਰਮੇਸ਼ੁਰ ਵੱਲ ਕਿਉਂ ਮੁੜਦੇ ਹਨ?
ਬਾਈਬਲ ਦੇ ਇਕ ਇਤਿਹਾਸਕਾਰ ਨੇ ਲਿਖਿਆ ਕਿ “ਇਨਸਾਨਾਂ ਲਈ ਬਲੀਦਾਨ ਚੜ੍ਹਾਉਣੇ ਪ੍ਰਾਰਥਨਾ ਕਰਨ ਜਿੰਨੇ ‘ਕੁਦਰਤੀ’ ਹਨ। ਬਲੀਦਾਨ ਚੜ੍ਹਾ ਕੇ ਇਨਸਾਨ ਦਿਖਾਉਂਦੇ ਹਨ ਕਿ ਉਹ ਆਪਣੇ ਆਪ ਬਾਰੇ ਕੀ ਸੋਚਦੇ ਹਨ ਅਤੇ ਪ੍ਰਾਰਥਨਾ ਕਰ ਕੇ ਉਹ ਦਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਬਾਰੇ ਕੀ ਸੋਚਦੇ ਹਨ।” ਜਦ ਤੋਂ ਧਰਤੀ ਉੱਤੇ ਪਾਪ ਆਇਆ ਹੈ ਉਦੋਂ ਤੋਂ ਇਨਸਾਨ ਦੋਸ਼ੀ ਭਾਵਨਾ, ਪਰਮੇਸ਼ੁਰ ਤੋਂ ਜੁਦਾਈ, ਅਤੇ ਬੇਬੱਸੀ ਮਹਿਸੂਸ ਕਰਦੇ ਆਏ ਹਨ। ਸਾਨੂੰ ਅਜਿਹੀਆਂ ਭਾਵਨਾਵਾਂ ਤੋਂ ਰਾਹਤ ਦੀ ਲੋੜ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਲੋਕ ਆਪਣੇ ਆਪ ਨੂੰ ਅਜਿਹੇ ਨਿਰਾਸ਼ ਹਾਲਾਤਾਂ ਵਿਚ ਪਾਉਂਦੇ ਹਨ, ਤਾਂ ਉਹ ਪਰਮੇਸ਼ੁਰ ਵੱਲ ਕਿਉਂ ਮੁੜਦੇ ਹਨ।—ਰੋਮੀਆਂ 5:12.
2. ਬਾਈਬਲ ਵਿਚ ਪਰਮੇਸ਼ੁਰ ਨੂੰ ਚੜ੍ਹਾਏ ਗਏ ਮੁਢਲੇ ਬਲੀਦਾਨਾਂ ਦੇ ਕਿਹੜੇ ਬਿਰਤਾਂਤ ਹਨ?
2 ਬਾਈਬਲ ਵਿਚ ਪਰਮੇਸ਼ੁਰ ਨੂੰ ਬਲੀ ਚੜ੍ਹਾਉਣ ਦਾ ਪਹਿਲਾ ਜ਼ਿਕਰ ਕਇਨ ਅਤੇ ਹਾਬਲ ਦੇ ਸੰਬੰਧ ਵਿਚ ਕੀਤਾ ਗਿਆ ਸੀ। ਅਸੀਂ ਪੜ੍ਹਦੇ ਹਾਂ ਕਿ “ਕੁਝ ਦਿਨਾਂ ਦੇ ਮਗਰੋਂ ਐਉਂ ਹੋਇਆ ਕਿ ਕਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਦੀ ਭੇਟ ਲਈ ਕੁਝ ਲੈ ਆਇਆ। ਹਾਬਲ ਵੀ ਇੱਜੜ ਦੇ ਪਲੌਠਿਆਂ ਅਰ ਉਨ੍ਹਾਂ ਦੀ ਚਰਬੀ ਤੋਂ ਕੁਝ ਲੈ ਆਇਆ।” (ਉਤਪਤ 4:3, 4) ਫਿਰ ਸਾਨੂੰ ਦੱਸਿਆ ਜਾਂਦਾ ਹੈ ਕਿ ਜਦ ਜਲ-ਪਰਲੋ ਆਈ ਸੀ ਤਾਂ ਨੂਹ ਦੇ ਜ਼ਮਾਨੇ ਦੇ ਦੁਸ਼ਟ ਲੋਕਾਂ ਦਾ ਨਾਸ ਕੀਤਾ ਗਿਆ ਸੀ। ਇਸ ਵਿੱਚੋਂ ਬਚ ਨਿਕਲਣ ਤੋਂ ਬਾਅਦ ਨੂਹ ਯਹੋਵਾਹ ਨੂੰ ‘ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਉਣ’ ਲਈ ਪ੍ਰੇਰਿਤ ਹੋਇਆ। (ਉਤਪਤ 8:20) ਅਬਰਾਹਾਮ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਅਤੇ ਮਿੱਤਰ ਸੀ। ਉਹ ਪਰਮੇਸ਼ੁਰ ਦਿਆਂ ਵਾਅਦਿਆਂ ਅਤੇ ਬਰਕਤਾਂ ਦਾ ਸ਼ੁਕਰ ਕਰਨ ਲਈ ਕਈ ਵਾਰ ‘ਯਹੋਵਾਹ ਲਈ ਇੱਕ ਜਗਵੇਦੀ ਬਣਾ ਕੇ ਉਸ ਦਾ ਨਾਮ ਲੈਂਦਾ ਹੁੰਦਾ ਸੀ।’ (ਉਤਪਤ 12:8; 13:3, 4, 18) ਬਾਅਦ ਵਿਚ, ਅਬਰਾਹਾਮ ਨੇ ਆਪਣੀ ਨਿਹਚਾ ਦੀ ਸਭ ਤੋਂ ਵੱਡੀ ਪਰੀਖਿਆ ਦਾ ਸਾਮ੍ਹਣਾ ਕੀਤਾ, ਜਦੋਂ ਯਹੋਵਾਹ ਨੇ ਉਸ ਨੂੰ ਆਪਣੇ ਪੁੱਤਰ ਇਸਹਾਕ ਨੂੰ ਹੋਮ ਦੀ ਬਲੀ ਵਜੋਂ ਚੜ੍ਹਾਉਣ ਲਈ ਕਿਹਾ ਸੀ। (ਉਤਪਤ 22:1-14) ਇਸ ਲੇਖ ਵਿਚ ਅਸੀਂ ਅੱਗੇ ਦੇਖਾਂਗੇ ਕਿ ਬਲੀਦਾਨ ਦੇ ਵਿਸ਼ੇ ਨੂੰ ਸਮਝਣ ਵਿਚ ਇਹ ਛੋਟੇ ਬਿਰਤਾਂਤ ਸਾਡੀ ਕਾਫ਼ੀ ਮਦਦ ਕਰਦੇ ਹਨ।
3. ਭਗਤੀ ਵਿਚ ਬਲੀਦਾਨ ਕਿਉਂ ਚੜ੍ਹਾਏ ਜਾਂਦੇ ਸਨ?
3 ਬਾਈਬਲ ਦੇ ਇਨ੍ਹਾਂ ਅਤੇ ਹੋਰ ਬਿਰਤਾਂਤਾਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਭਾਵੇਂ ਕਿ ਯਹੋਵਾਹ ਨੇ ਬਲੀਦਾਨ ਚੜ੍ਹਾਉਣ ਲਈ ਹਾਲੇ ਨਿਯਮ ਨਹੀਂ ਦਿੱਤੇ ਸਨ, ਇਹ ਭਗਤੀ ਦਾ ਪ੍ਰਮੁੱਖ ਹਿੱਸਾ ਹੁੰਦੇ ਸਨ। ਇਸ ਦੇ ਬਾਰੇ ਇਕ ਪੁਸਤਕ ਕਹਿੰਦੀ ਹੈ ਕਿ “ਬਲੀਦਾਨ” ਦਾ ਅਰਥ ਹੈ: “ਇਕ ਧਾਰਮਿਕ ਰੀਤ ਜਿਸ ਵਿਚ ਕੋਈ ਚੀਜ਼ ਕਿਸੇ ਦੇਵਤੇ ਨੂੰ ਭੇਟ ਵਜੋਂ ਚੜ੍ਹਾਈ ਜਾਂਦੀ ਹੈ ਤਾਂਕਿ ਉਸ ਦੇਵਤੇ ਨਾਲ ਚੰਗਾ ਰਿਸ਼ਤਾ ਸਥਾਪਿਤ ਜਾਂ ਕਾਇਮ ਕੀਤਾ ਜਾ ਸਕੇ ਜਾਂ ਮੁੜ ਕੇ ਜੋੜਿਆ ਜਾ ਸਕੇ।” ਪਰ ਇਹ ਗੱਲ ਹੋਰ ਜ਼ਰੂਰੀ ਸਵਾਲ ਪੈਦਾ ਕਰਦੀ ਹੈ ਅਤੇ ਸਾਨੂੰ ਇਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ: ਭਗਤੀ ਵਿਚ ਬਲੀਦਾਨ ਦੀ ਲੋੜ ਕਿਉਂ ਹੈ? ਪਰਮੇਸ਼ੁਰ ਨੂੰ ਕਿਹੋ ਜਿਹੇ ਬਲੀਦਾਨ ਮਨਜ਼ੂਰ ਹਨ? ਪਿਛਲੇ ਜ਼ਮਾਨਿਆਂ ਦੇ ਬਲੀਦਾਨਾਂ ਦਾ ਅੱਜ ਸਾਡੇ ਲਈ ਕੀ ਅਰਥ ਹੈ?
ਬਲੀਦਾਨ ਦੀ ਲੋੜ ਕਿਉਂ ਹੈ?
4. ਆਦਮ ਅਤੇ ਹੱਵਾਹ ਨੂੰ ਕੀ ਹੋਇਆ ਸੀ ਜਦੋਂ ਉਨ੍ਹਾਂ ਨੇ ਪਾਪ ਕੀਤਾ?
4 ਆਦਮ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ। ਭਲੇ ਬੁਰੇ ਦੀ ਸਿਆਣ ਦੇ ਦਰਖ਼ਤ ਤੋਂ ਫਲ ਖਾ ਕੇ ਉਸ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ ਸੀ ਜਿਸ ਦੀ ਸਜ਼ਾ ਮੌਤ ਸੀ। ਪਰਮੇਸ਼ੁਰ ਨੇ ਸਾਫ਼-ਸਾਫ਼ ਦੱਸਿਆ ਸੀ ਕਿ ‘ਜਿਸ ਦਿਨ ਉਹ ਉਸ ਤੋਂ ਖਾਵੇਂ ਉਹ ਜ਼ਰੂਰ ਮਰੇਗਾ।’ (ਉਤਪਤ 2:17) ਆਦਮ ਅਤੇ ਹੱਵਾਹ ਨੂੰ ਆਖ਼ਰਕਾਰ ਆਪਣੇ ਪਾਪ ਦੀ ਸਜ਼ਾ ਮਿਲੀ ਅਤੇ ਉਹ ਮਰ ਗਏ।—ਉਤਪਤ 3:19; 5:3-5.
5. ਯਹੋਵਾਹ ਨੇ ਆਦਮ ਦੀ ਸੰਤਾਨ ਦੀ ਖ਼ਾਤਰ ਪਹਿਲਾ ਕਦਮ ਕਿਉਂ ਚੁੱਕਿਆ ਸੀ, ਅਤੇ ਉਸ ਨੇ ਉਨ੍ਹਾਂ ਲਈ ਕੀ ਕੀਤਾ ਹੈ?
5 ਪਰ, ਆਦਮ ਦੀ ਸੰਤਾਨ ਬਾਰੇ ਕੀ? ਉਸ ਨੇ ਆਦਮ ਤੋਂ ਪਾਪ ਅਤੇ ਅਪੂਰਣਤਾ ਵਿਰਸੇ ਵਿਚ ਪ੍ਰਾਪਤ ਕੀਤੀ, ਇਸ ਲਈ ਉਹ ਵੀ ਪਹਿਲੇ ਜੋੜੇ ਵਾਂਗ ਪਰਮੇਸ਼ੁਰ ਤੋਂ ਜੁਦਾਈ, ਨਿਰਾਸ਼ਾ, ਅਤੇ ਮੌਤ ਅਨੁਭਵ ਕਰਦੇ ਹਨ। (ਰੋਮੀਆਂ 5:14) ਯਹੋਵਾਹ ਸਿਰਫ਼ ਇਨਸਾਫ਼ ਅਤੇ ਸ਼ਕਤੀ ਵਾਲਾ ਪਰਮੇਸ਼ੁਰ ਹੀ ਨਹੀਂ ਹੈ, ਉਸ ਦਾ ਸਭ ਤੋਂ ਮੁੱਖ ਗੁਣ ਪ੍ਰੇਮ ਹੈ। (1 ਯੂਹੰਨਾ 4:8, 16) ਇਸ ਲਈ ਉਸ ਨੇ ਇਨਸਾਨਾਂ ਨਾਲ ਸੁਲ੍ਹਾ ਕਰਨ ਲਈ ਪਹਿਲਾ ਕਦਮ ਚੁੱਕਿਆ। ਇਹ ਕਹਿਣ ਤੋਂ ਬਾਅਦ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ” ਬਾਈਬਲ ਅੱਗੇ ਕਹਿੰਦੀ ਹੈ ਕਿ “ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।”—ਰੋਮੀਆਂ 6:23.
6. ਯਹੋਵਾਹ ਨੇ ਆਦਮ ਦੇ ਪਾਪ ਤੋਂ ਹੋਏ ਨੁਕਸਾਨ ਬਾਰੇ ਕੀ ਕੀਤਾ ਹੈ?
6 ਯਹੋਵਾਹ ਨੇ ਉਸ ਬਖ਼ਸ਼ੀਸ਼ ਨੂੰ ਮੁਮਕਿਨ ਬਣਾਉਣ ਲਈ ਆਖ਼ਰਕਾਰ ਅਜਿਹੀ ਚੀਜ਼ ਦਾ ਪ੍ਰਬੰਧ ਕੀਤਾ ਜੋ ਆਦਮ ਦੀ ਗ਼ਲਤੀ ਤੋਂ ਹੋਏ ਨੁਕਸਾਨ ਨੂੰ ਖ਼ਤਮ ਕਰ ਸਕੇ। ਇਬਰਾਨੀ ਵਿਚ ਖਾਫ਼ਰ ਸ਼ਬਦ ਦਾ ਮਤਲਬ ਸ਼ਾਇਦ “ਕੀਮਤ ਚੁਕਾਉਣੀ,” ਜਾਂ “ਮਿਟਾਉਣੀ” ਸੀ। ਇਸ ਦਾ ਅਨੁਵਾਦ “ਪ੍ਰਾਸ਼ਚਿਤ” ਵੀ ਕੀਤਾ ਜਾਂਦਾ ਹੈ।a ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਉਸ ਪਾਪ ਦੀ ਕੀਮਤ ਚੁਕਾਈ ਜੋ ਆਦਮ ਤੋਂ ਪ੍ਰਾਪਤ ਕੀਤਾ ਗਿਆ ਸੀ ਅਤੇ ਇਸ ਆਧਾਰ ਤੇ ਨੁਕਸਾਨ ਮਿਟਾਉਣ ਦਾ ਸਹੀ ਪ੍ਰਬੰਧ ਬਣਾਇਆ ਗਿਆ ਸੀ। ਇਸ ਕਾਰਨ ਸਾਰੇ ਜੋ ਉਹ ਬਖ਼ਸ਼ੀਸ਼ ਹਾਸਲ ਕਰਨ ਦੇ ਲਾਇਕ ਹਨ, ਪਾਪ ਅਤੇ ਮੌਤ ਦੀ ਸਜ਼ਾ ਤੋਂ ਰਿਹਾ ਹੋ ਸਕਦੇ ਹਨ।—ਰੋਮੀਆਂ 8:21.
7. (ੳ) ਸ਼ਤਾਨ ਨੂੰ ਸਜ਼ਾ ਸੁਣਾਉਣ ਦੁਆਰਾ ਕਿਹੜੀ ਉਮੀਦ ਪੈਦਾ ਹੋਈ ਸੀ? (ਅ) ਪਾਪ ਅਤੇ ਮੌਤ ਤੋਂ ਮਨੁੱਖਜਾਤੀ ਦੀ ਰਿਹਾਈ ਵਾਸਤੇ ਕਿਹੜੀ ਕੀਮਤ ਚੁਕਾਉਣੀ ਪਈ ਸੀ?
7 ਪਹਿਲੇ ਜੋੜੇ ਦੇ ਪਾਪ ਕਰਨ ਤੋਂ ਇਕਦਮ ਬਾਅਦ, ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਦੀ ਉਮੀਦ ਦਾ ਜ਼ਿਕਰ ਕੀਤਾ ਗਿਆ ਸੀ। ਸੱਪ, ਯਾਨੀ ਸ਼ਤਾਨ ਨੂੰ ਸਜ਼ਾ ਸੁਣਾਉਂਦੇ ਹੋਏ ਯਹੋਵਾਹ ਨੇ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਇਸ ਭਵਿੱਖਬਾਣੀ ਨੇ ਉਨ੍ਹਾਂ ਸਾਰਿਆਂ ਲਈ ਉਮੀਦ ਪੈਦਾ ਕੀਤੀ ਜੋ ਇਸ ਦੇ ਵਾਅਦੇ ਵਿਚ ਨਿਹਚਾ ਰੱਖਦੇ ਹਨ। ਲੇਕਿਨ ਇਸ ਰਿਹਾਈ ਲਈ ਕੋਈ-ਨ-ਕੋਈ ਕੀਮਤ ਚੁਕਾਉਣ ਦੀ ਜ਼ਰੂਰਤ ਸੀ। ਇਹ ਸੱਚ ਹੈ ਕਿ ਵਾਅਦਾ ਕੀਤੀ ਗਈ ‘ਸੰਤਾਨ’ ਨੇ ਆ ਕੇ ਸ਼ਤਾਨ ਨੂੰ ਖ਼ਤਮ ਕਰਨਾ ਸੀ, ਪਰ ‘ਸੰਤਾਨ’ ਦੀ ਅੱਡੀ ਨੂੰ ਵੀ ਡੰਗ ਮਾਰਿਆ ਜਾਣਾ ਸੀ, ਯਾਨੀ ਉਸ ਨੂੰ ਥੋੜ੍ਹੇ ਚਿਰ ਲਈ ਮਰਨਾ ਪੈਣਾ ਸੀ।
8. (ੳ) ਕਇਨ ਨਿਰਾਸ਼ਾ ਦਾ ਕਾਰਨ ਕਿਸ ਤਰ੍ਹਾਂ ਸਾਬਤ ਹੋਇਆ ਸੀ? (ਅ) ਹਾਬਲ ਦਾ ਬਲੀਦਾਨ ਪਰਮੇਸ਼ੁਰ ਨੂੰ ਕਿਉਂ ਮਨਜ਼ੂਰ ਸੀ?
8 ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਆਦਮ ਅਤੇ ਹੱਵਾਹ ਨੇ ਵਾਅਦਾ ਕੀਤੀ ਗਈ ‘ਸੰਤਾਨ’ ਬਾਰੇ ਕਾਫ਼ੀ ਸੋਚਿਆ ਹੋਣਾ। ਜਦੋਂ ਹੱਵਾਹ ਨੇ ਆਪਣੇ ਜੇਠੇ ਪੁੱਤਰ ਕਇਨ ਨੂੰ ਜਨਮ ਦਿੱਤਾ ਸੀ ਤਾਂ ਉਸ ਨੇ ਕਿਹਾ: “ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ।” (ਉਤਪਤ 4:1) ਕੀ ਉਸ ਦੇ ਭਾਣੇ ਉਸ ਦਾ ਪੁੱਤਰ ਉਹ ‘ਸੰਤਾਨ’ ਸੀ? ਉਸ ਨੇ ਜੋ ਮਰਜ਼ੀ ਸੋਚਿਆ ਹੋਵੇ, ਕਇਨ ਅਤੇ ਉਸ ਦੀ ਭੇਟ ਦੋਵੇਂ ਨਿਰਾਸ਼ਾ ਦਾ ਕਾਰਨ ਸਾਬਤ ਹੋਏ। ਦੂਸਰੇ ਪਾਸੇ, ਕਇਨ ਦੇ ਭਰਾ ਹਾਬਲ ਨੇ ਪਰਮੇਸ਼ੁਰ ਦੇ ਵਾਅਦੇ ਵਿਚ ਨਿਹਚਾ ਰੱਖੀ ਅਤੇ ਉਸ ਨੇ ਆਪਣੇ ਇੱਜੜ ਦੇ ਪਲੌਠਿਆਂ ਵਿੱਚੋਂ ਯਹੋਵਾਹ ਨੂੰ ਬਲੀਦਾਨ ਚੜ੍ਹਾਇਆ। ਅਸੀਂ ਪੜ੍ਹਦੇ ਹਾਂ ਕਿ “ਨਿਹਚਾ ਨਾਲ ਹਾਬਲ ਨੇ ਕਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ।”—ਇਬਰਾਨੀਆਂ 11:4.
9. (ੳ) ਹਾਬਲ ਨੇ ਕਿਸ ਗੱਲ ਵਿਚ ਨਿਹਚਾ ਰੱਖੀ ਸੀ, ਅਤੇ ਉਸ ਨੇ ਇਹ ਨਿਹਚਾ ਕਿਸ ਤਰ੍ਹਾਂ ਪ੍ਰਗਟ ਕੀਤੀ? (ਅ) ਹਾਬਲ ਦੀ ਭੇਟ ਨੇ ਕੀ ਦਿਖਾਇਆ ਸੀ?
9 ਹਾਬਲ ਨੇ ਸਿਰਫ਼ ਇਹ ਵਿਸ਼ਵਾਸ ਨਹੀਂ ਸੀ ਕੀਤਾ ਕਿ ਰੱਬ ਹੈ, ਕਿਉਂ ਜੋ ਕਇਨ ਨੇ ਵੀ ਇਸ ਗੱਲ ਵਿਚ ਜ਼ਰੂਰ ਵਿਸ਼ਵਾਸ ਕੀਤਾ ਹੋਣਾ ਸੀ। ਹਾਬਲ ਨੇ ‘ਸੰਤਾਨ’ ਬਾਰੇ ਪਰਮੇਸ਼ੁਰ ਦੇ ਵਾਅਦੇ ਵਿਚ ਨਿਹਚਾ ਰੱਖੀ ਸੀ ਜਿਸ ਰਾਹੀਂ ਵਫ਼ਾਦਾਰ ਇਨਸਾਨਾਂ ਨੂੰ ਮੁਕਤੀ ਮਿਲਣੀ ਸੀ। ਉਸ ਨੂੰ ਇਹ ਨਹੀਂ ਸੀ ਦੱਸਿਆ ਗਿਆ ਕਿ ਇਹ ਕਿਸ ਤਰ੍ਹਾਂ ਕੀਤਾ ਜਾਵੇਗਾ, ਪਰ ਪਰਮੇਸ਼ੁਰ ਦੇ ਵਾਅਦੇ ਤੋਂ ਹਾਬਲ ਨੂੰ ਇਹ ਪਤਾ ਸੀ ਕਿ ਕਿਸੇ ਦੀ ਅੱਡੀ ਨੂੰ ਡੰਗ ਮਾਰਿਆ ਜਾਵੇਗਾ। ਜੀ ਹਾਂ, ਉਸ ਨੇ ਸਮਝ ਲਿਆ ਸੀ ਕਿ ਲਹੂ ਵਹਾਉਣ, ਯਾਨੀ ਬਲੀਦਾਨ ਚੜ੍ਹਾਉਣ ਦੀ ਲੋੜ ਸੀ। ਹਾਬਲ ਨੇ ਜੀਵਨ ਦੇ ਸੋਮੇ ਨੂੰ ਜਾਨ ਅਤੇ ਲਹੂ ਦੀ ਭੇਟ ਚੜ੍ਹਾਈ। ਸੰਭਵ ਹੈ ਕਿ ਉਸ ਨੇ ਯਹੋਵਾਹ ਦੇ ਵਾਅਦੇ ਦੀ ਪੂਰਤੀ ਵਿਚ ਆਪਣੀ ਉਮੀਦ ਦਿਖਾਉਣ ਲਈ ਇਹ ਕੀਤਾ ਸੀ। ਯਹੋਵਾਹ ਨੇ ਹਾਬਲ ਦਾ ਬਲੀਦਾਨ ਸਵੀਕਾਰ ਕੀਤਾ। ਨਿਹਚਾ ਦੇ ਇਸ ਪ੍ਰਗਟਾਵੇ ਨੇ ਕੁਝ ਹੱਦ ਤਕ ਉਸ ਬਲੀਦਾਨ ਦਾ ਅਸਲੀ ਅਰਥ ਦਿਖਾਇਆ ਜਿਸ ਰਾਹੀਂ ਪਾਪੀ ਇਨਸਾਨ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਕੇ ਉਸ ਦੀ ਕਿਰਪਾ ਪਾ ਸਕਦੇ ਹਨ।—ਉਤਪਤ 4:4; ਇਬਰਾਨੀਆਂ 11:1, 6.
10. ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਇਸਹਾਕ ਦੀ ਬਲੀ ਚੜ੍ਹਾਉਣ ਲਈ ਕਿਹਾ ਸੀ ਤਾਂ ਬਲੀਦਾਨ ਦਾ ਅਰਥ ਕਿਸ ਤਰ੍ਹਾਂ ਸਪੱਸ਼ਟ ਕੀਤਾ ਗਿਆ ਸੀ?
10 ਬਲੀਦਾਨ ਦਾ ਅਸਲੀ ਅਰਥ ਉਦੋਂ ਬਿਲਕੁਲ ਸਪੱਸ਼ਟ ਹੋਇਆ ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਨੂੰ ਹੋਮ ਬਲੀ ਵਜੋਂ ਚੜ੍ਹਾਉਣ ਲਈ ਕਿਹਾ। ਭਾਵੇਂ ਕਿ ਉਹ ਬਲੀਦਾਨ ਅਸਲ ਵਿਚ ਚੜ੍ਹਾਇਆ ਨਹੀਂ ਗਿਆ ਸੀ, ਇਸ ਨੇ ਦਿਖਾਇਆ ਸੀ ਕਿ ਯਹੋਵਾਹ ਨੇ ਖ਼ੁਦ ਅਖ਼ੀਰ ਵਿਚ ਕੀ ਕਰਨਾ ਸੀ। ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਭ ਤੋਂ ਵੱਡੇ ਬਲੀਦਾਨ ਵਜੋਂ ਦੇਣਾ ਸੀ ਤਾਂਕਿ ਮਨੁੱਖਜਾਤੀ ਲਈ ਉਸ ਦਾ ਮਕਸਦ ਪੂਰਾ ਹੋ ਸਕੇ। (ਯੂਹੰਨਾ 3:16) ਮੂਸਾ ਦੀ ਬਿਵਸਥਾ ਦੇ ਬਲੀਦਾਨਾਂ ਅਤੇ ਭੇਟਾਂ ਰਾਹੀਂ ਯਹੋਵਾਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਇਹ ਸਿਖਾਇਆ ਕਿ ਉਨ੍ਹਾਂ ਨੂੰ ਪਾਪਾਂ ਤੋਂ ਮਾਫ਼ੀ ਹਾਸਲ ਕਰਨ ਲਈ ਅਤੇ ਮੁਕਤੀ ਦੀ ਆਪਣੀ ਉਮੀਦ ਪੱਕੀ ਕਰਨ ਲਈ ਕੀ ਕਰਨ ਦੀ ਲੋੜ ਸੀ। ਅਸੀਂ ਇਨ੍ਹਾਂ ਬਲੀਦਾਨਾਂ ਤੋਂ ਕੀ ਸਿੱਖ ਸਕਦੇ ਹਾਂ?
ਬਲੀਦਾਨ ਜੋ ਯਹੋਵਾਹ ਨੂੰ ਮਨਜ਼ੂਰ ਹਨ
11. ਇਸਰਾਏਲ ਦੇ ਜਾਜਕਾਂ ਵੱਲੋਂ ਪੇਸ਼ ਕੀਤੇ ਗਏ ਚੜ੍ਹਾਵਿਆਂ ਨੂੰ ਕਿਨ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ, ਅਤੇ ਉਨ੍ਹਾਂ ਚੜ੍ਹਾਵਿਆਂ ਦਾ ਕੀ ਮਕਸਦ ਸੀ?
11 ਪੌਲੁਸ ਰਸੂਲ ਨੇ ਕਿਹਾ ਕਿ “ਹਰੇਕ ਪਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਨੂੰ ਥਾਪਿਆ ਜਾਂਦਾ ਹੈ।” (ਇਬਰਾਨੀਆਂ 8:3) ਧਿਆਨ ਦਿਓ ਕਿ ਪੌਲੁਸ ਨੇ ਪ੍ਰਾਚੀਨ ਇਸਰਾਏਲ ਦੇ ਪ੍ਰਧਾਨ ਜਾਜਕਾਂ ਦੇ ਚੜ੍ਹਾਵਿਆਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਸੀ, ਯਾਨੀ ਕਿ “ਭੇਟਾਂ” ਅਤੇ “ਬਲੀਦਾਨ” ਜਾਂ “ਪਾਪਾਂ ਦੇ ਲਈ ਬਲੀਦਾਨ।” (ਇਬਰਾਨੀਆਂ 5:1) ਲੋਕ ਆਮ ਤੌਰ ਤੇ ਭੇਟ ਪਿਆਰ ਅਤੇ ਕਦਰ ਦਿਖਾਉਣ ਲਈ ਦਿੰਦੇ ਹਨ, ਇਸ ਦੇ ਨਾਲ-ਨਾਲ ਕਈ ਦੋਸਤੀ ਕਰਨ ਲਈ ਅਤੇ ਕਿਰਪਾ ਜਾਂ ਮਨਜ਼ੂਰੀ ਪਾਉਣ ਵਾਸਤੇ ਤੋਹਫ਼ੇ ਦਿੰਦੇ ਹਨ। (ਉਤਪਤ 32:20; ਕਹਾਉਤਾਂ 18:16) ਇਸੇ ਤਰ੍ਹਾਂ, ਬਿਵਸਥਾ ਅਨੁਸਾਰ ਜੋ ਅਨੇਕ ਚੜ੍ਹਾਵੇ ਚੜ੍ਹਾਉਣੇ ਪੈਂਦੇ ਸਨ, ਉਨ੍ਹਾਂ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਅਤੇ ਕਿਰਪਾ ਪਾਉਣ ਦੀਆਂ “ਭੇਟਾਂ” ਵਜੋਂ ਸਮਝਿਆ ਜਾ ਸਕਦਾ ਹੈ।b ਜਦੋਂ ਬਿਵਸਥਾ ਦੀ ਉਲੰਘਣਾ ਕੀਤੀ ਜਾਂਦੀ ਸੀ ਤਾਂ ਆਪਣੀ ਗ਼ਲਤੀ ਤੋਂ ਮੁੜਨ ਦੀ ਜ਼ਰੂਰਤ ਪੈਂਦੀ ਸੀ, ਅਤੇ ਪਰਮੇਸ਼ੁਰ ਨਾਲ ਸੁਲਾਹ ਕਰਨ ਲਈ “ਪਾਪਾਂ ਦੇ ਲਈ ਬਲੀਦਾਨ” ਚੜ੍ਹਾਏ ਜਾਂਦੇ ਸਨ। ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਵਿਚ, ਖ਼ਾਸ ਕਰਕੇ ਕੂਚ, ਲੇਵੀਆਂ, ਅਤੇ ਗਿਣਤੀ ਵਿਚ, ਵੱਖਰਿਆਂ-ਵੱਖਰਿਆਂ ਬਲੀਦਾਨਾਂ ਅਤੇ ਚੜ੍ਹਾਵਿਆਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਭਾਵੇਂ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣਾ ਅਤੇ ਯਾਦ ਰੱਖਣਾ ਮੁਸ਼ਕਲ ਹੋ ਸਕਦਾ ਹੈ, ਕੁਝ ਵੱਖੋ-ਵੱਖਰਿਆਂ ਬਲੀਦਾਨਾਂ ਦੀਆਂ ਮੁੱਖ ਗੱਲਾਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ।
12. ਅਸੀਂ ਬਾਈਬਲ ਦੀਆਂ ਕਿਹੜੀਆਂ ਪੋਥੀਆਂ ਵਿਚ ਬਿਵਸਥਾ ਅਨੁਸਾਰ ਚੜ੍ਹਾਏ ਗਏ ਬਲੀਦਾਨਾਂ ਜਾਂ ਭੇਟਾਂ ਬਾਰੇ ਜਾਣਕਾਰੀ ਪਾ ਸਕਦੇ ਹਾਂ?
12 ਸਾਨੂੰ ਲੇਵੀਆਂ ਦੀ ਪੋਥੀ ਦੇ ਪਹਿਲੇ ਸੱਤ ਅਧਿਆਵਾਂ ਵਿਚ ਪੰਜ ਮੁੱਖ ਕਿਸਮ ਦੀਆਂ ਭੇਟਾਂ ਬਾਰੇ ਇਕ-ਇਕ ਕਰ ਕੇ ਦੱਸਿਆ ਗਿਆ ਹੈ, ਭਾਵੇਂ ਕਿ ਇਨ੍ਹਾਂ ਵਿੱਚੋਂ ਕੁਝ ਇਕੱਠੀਆਂ ਚੜ੍ਹਾਈਆਂ ਜਾਂਦੀਆਂ ਸਨ। ਇਨ੍ਹਾਂ ਪੰਜ ਭੇਟਾਂ ਨੂੰ ਹੋਮ ਬਲੀ, ਮੈਦੇ ਦੀ ਭੇਟ, ਸੁਖ ਸਾਂਦ ਦੀ ਬਲੀ, ਪਾਪ ਦੀ ਭੇਟ, ਅਤੇ ਦੋਸ਼ ਦੀ ਭੇਟ ਸੱਦਿਆ ਜਾਂਦਾ ਸੀ। ਅਸੀਂ ਇਹ ਵੀ ਦੇਖਦੇ ਹਾਂ ਕਿ ਇਨ੍ਹਾਂ ਭੇਟਾਂ ਦਾ ਇਨ੍ਹਾਂ ਅਧਿਆਵਾਂ ਵਿਚ ਦੋ ਵਾਰ ਵਰਣਨ ਕੀਤਾ ਗਿਆ ਹੈ ਪਰ ਵੱਖਰਿਆਂ ਕਾਰਨਾਂ ਲਈ: ਇਕ ਵਾਰ ਲੇਵੀਆਂ 1:2 ਤੋਂ 6:7 ਵਿਚ, ਜਿੱਥੇ ਦੱਸਿਆ ਗਿਆ ਹੈ ਕਿ ਜਗਵੇਦੀ ਉੱਤੇ ਕੀ ਚੜ੍ਹਾਇਆ ਜਾਣਾ ਚਾਹੀਦਾ ਸੀ ਅਤੇ ਦੂਸਰੀ ਵਾਰ ਲੇਵੀਆਂ 6:8 ਤੋਂ 7:36 ਵਿਚ, ਜਿੱਥੇ ਦੱਸਿਆ ਗਿਆ ਹੈ ਕਿ ਭੇਟ ਦੇ ਕਿਹੜੇ ਹਿੱਸੇ ਜਾਜਕਾਂ ਲਈ ਰੱਖੇ ਜਾਂਦੇ ਸਨ ਅਤੇ ਕਿਹੜੇ ਭੇਟ ਚੜ੍ਹਾਉਣ ਵਾਲੇ ਲਈ ਰੱਖੇ ਜਾਂਦੇ ਸਨ। ਫਿਰ, ਗਿਣਤੀ ਦੇ 28ਵੇਂ ਅਤੇ 29ਵੇਂ ਅਧਿਆਵਾਂ ਵਿਚ ਦੱਸਿਆ ਗਿਆ ਹੈ ਕਿ ਰੋਜ਼ਾਨਾ, ਹਫ਼ਤੇਵਾਰ, ਮਹੀਨੇਵਾਰ, ਅਤੇ ਸਾਲਾਨਾ ਤਿਉਹਾਰਾਂ ਤੇ ਕੀ-ਕੀ ਚੜ੍ਹਾਇਆ ਜਾਣਾ ਚਾਹੀਦਾ ਸੀ।
13. ਉਨ੍ਹਾਂ ਭੇਟਾਂ ਬਾਰੇ ਦੱਸੋ ਜੋ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਨੂੰ ਚੜ੍ਹਾਈਆਂ ਜਾਂਦੀਆਂ ਸਨ।
13 ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਲਈ ਜਾਂ ਆਪਣੀ ਮਰਜ਼ੀ ਨਾਲ ਭੇਟਾਂ ਵਜੋਂ ਹੋਮ ਬਲੀਆਂ, ਮੈਦੇ ਦੀਆਂ ਭੇਟਾਂ, ਅਤੇ ਸੁਖ ਸਾਂਦ ਦੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। ਕੁਝ ਵਿਦਵਾਨ ਦਾਅਵਾ ਕਰਦੇ ਹਨ ਕਿ “ਹੋਮ ਬਲੀ” ਲਈ ਇਬਰਾਨੀ ਸ਼ਬਦ ਦਾ ਅਰਥ ਹੈ “ਉਪਰ ਨੂੰ ਚੜ੍ਹਨ ਵਾਲੀ ਭੇਟ।” ਇਹ ਅਰਥ ਸਹੀ ਹੈ ਕਿਉਂਕਿ ਹੋਮ ਬਲੀ ਵਿਚ, ਬਲੀਦਾਨ ਕੀਤਾ ਗਿਆ ਪਸ਼ੂ ਜਗਵੇਦੀ ਉੱਤੇ ਕੁਰਬਾਨ ਕੀਤਾ ਜਾਂਦਾ ਸੀ ਜਿਸ ਦੀ ਸੁਗੰਧ ਉੱਪਰ ਅਕਾਸ਼ ਵੱਲ ਪਰਮੇਸ਼ੁਰ ਨੂੰ ਜਾਂਦੀ ਸੀ। ਹੋਮ ਬਲੀ ਬਾਰੇ ਖ਼ਾਸ ਗੱਲ ਇਹ ਸੀ ਕਿ ਜਗਵੇਦੀ ਦੇ ਆਲੇ ਦੁਆਲੇ ਲਹੂ ਛਿੜਕਾਉਣ ਤੋਂ ਬਾਅਦ ਸਾਰਾ ਪਸ਼ੂ ਪਰਮੇਸ਼ੁਰ ਨੂੰ ਭੇਟ ਵਜੋਂ ਚੜ੍ਹਾਇਆ ਜਾਂਦਾ ਸੀ। ਜਾਜਕ ‘ਜਗਵੇਦੀ ਦੇ ਉੱਤੇ ਹੋਮ ਕਰਕੇ ਅਤੇ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਸਭ ਕੁਝ ਸਾੜਦੇ ਸਨ।’—ਲੇਵੀਆਂ 1:3, 4, 9; ਉਤਪਤ 8:21.
14. ਮੈਦੇ ਦੀ ਭੇਟ ਕਿਸ ਤਰ੍ਹਾਂ ਪੇਸ਼ ਕੀਤੀ ਜਾਂਦੀ ਸੀ?
14 ਲੇਵੀਆਂ ਦੇ ਦੂਜੇ ਅਧਿਆਇ ਵਿਚ ਮੈਦੇ ਦੀ ਭੇਟ ਬਾਰੇ ਦੱਸਿਆ ਗਿਆ ਹੈ। ਇਹ ਭੇਟ ਆਪਣੀ ਮਰਜ਼ੀ ਨਾਲ ਚੜ੍ਹਾਈ ਜਾਂਦੀ ਸੀ ਅਤੇ ਇਹ ਮਹੀਨ ਆਟੇ ਦੀ ਹੁੰਦੀ ਸੀ ਜਿਸ ਵਿਚ ਤੇਲ ਅਤੇ ਲੁਬਾਨ ਮਿਲਾਇਆ ਜਾਂਦਾ ਸੀ। “[ਜਾਜਕ] ਉਸ ਵਿੱਚੋਂ ਉਸ ਦੇ ਮੈਦੇ ਵਿੱਚੋਂ ਅਤੇ ਉਸ ਦੇ ਤੇਲ ਵਿੱਚੋਂ ਉਸ ਸਾਰੇ ਲੁਬਾਨ ਵਿੱਚੋਂ ਇੱਕ ਮੁੱਠ ਭਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਦੇ ਉੱਤੇ ਉਸ ਦੇ ਸਿਮਰਨ ਲਈ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਭੇਟ ਕਰਕੇ ਸਾੜੇ।” (ਲੇਵੀਆਂ 2:2) ਡੇਹਰੇ ਅਤੇ ਹੈਕਲ ਵਿਚ ਧੂਪ ਦੀ ਜਗਵੇਦੀ ਹੁੰਦੀ ਸੀ, ਜਿੱਥੇ ਪਵਿੱਤਰ ਸੁਗੰਧ ਲਈ ਲੁਬਾਨ ਵਾਲੀ ਖ਼ੁਸ਼ਬੂਦਾਰ ਧੂਪ ਧੁਖਾਈ ਜਾਂਦੀ ਸੀ। (ਕੂਚ 30:34-36) ਰਾਜਾ ਦਾਊਦ ਦੇ ਮਨ ਵਿਚ ਇਹ ਹੀ ਗੱਲ ਸੀ ਜਦੋਂ ਉਸ ਨੇ ਕਿਹਾ: “ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸੰਝ ਦੀ ਭੇਟ ਵਰਗਾ ਹੋਵੇ।”—ਜ਼ਬੂਰ 141:2.
15. ਸੁਖ ਸਾਂਦ ਦੀ ਬਲੀ ਕਿਉਂ ਚੜ੍ਹਾਈ ਜਾਂਦੀ ਸੀ?
15 ਸੁਖ ਸਾਂਦ ਦੀ ਬਲੀ ਵੀ ਆਪਣੀ ਮਰਜ਼ੀ ਨਾਲ ਚੜ੍ਹਾਈ ਜਾਂਦੀ ਸੀ। ਇਸ ਬਾਰੇ ਸਾਨੂੰ ਲੇਵੀਆਂ ਦੀ ਪੋਥੀ ਦੇ ਤੀਜੇ ਅਧਿਆਇ ਵਿਚ ਦੱਸਿਆ ਗਿਆ ਹੈ। ਇਸ ਨੂੰ “ਸ਼ਾਂਤੀ ਲਈ ਇਕ ਬਲੀਦਾਨ” ਵੀ ਸੱਦਿਆ ਜਾ ਸਕਦਾ ਹੈ। ਇਬਰਾਨੀ ਭਾਸ਼ਾ ਵਿਚ ਸ਼ਬਦ “ਸ਼ਾਂਤੀ” ਦਾ ਅਰਥ ਸਿਰਫ਼ ਯੁੱਧਾਂ ਜਾਂ ਹੰਗਾਮਿਆਂ ਤੋਂ ਮੁਕਤ ਹੋਣਾ ਨਹੀਂ ਹੈ। ਅੰਗ੍ਰੇਜ਼ੀ ਵਿਚ ਮੂਸਾ ਦੇ ਜ਼ਮਾਨੇ ਦੀਆਂ ਰੀਤਾਂ ਦਾ ਅਧਿਐਨ ਨਾਂ ਦੀ ਕਿਤਾਬ ਕਹਿੰਦੀ ਹੈ ਕਿ ‘ਯੁੱਧਾਂ ਜਾਂ ਹੰਗਾਮਿਆਂ ਤੋਂ ਮੁਕਤ ਹੋਣਾ ਤੋਂ ਇਲਾਵਾ ਬਾਈਬਲ ਵਿਚ ਸ਼ਾਂਤੀ ਦਾ ਸੰਬੰਧ ਖ਼ੁਸ਼ਹਾਲੀ, ਆਨੰਦ, ਅਤੇ ਪਰਮੇਸ਼ੁਰ ਨਾਲ ਚੰਗੇ ਰਿਸ਼ਤੇ ਨਾਲ ਵੀ ਹੈ।’ ਇਸ ਲਈ, ਸੁਖ ਸਾਂਦ ਦੀਆਂ ਬਲੀਆਂ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਲਈ ਜਾਂ ਉਸ ਨੂੰ ਮਨਾਉਣ ਲਈ ਨਹੀਂ ਚੜ੍ਹਾਈਆਂ ਜਾਂਦੀਆਂ ਸਨ। ਪਰ ਚੜ੍ਹਾਉਣ ਵਾਲਾ ਧੰਨਵਾਦ ਕਰਨ ਲਈ, ਅਤੇ ਖ਼ੁਸ਼ੀ ਮਨਾਉਣ ਲਈ ਇਨ੍ਹਾਂ ਨੂੰ ਚੜ੍ਹਾਉਂਦਾ ਹੁੰਦਾ ਸੀ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਮਨਜ਼ੂਰੀ ਪ੍ਰਾਪਤ ਕੀਤੀ ਅਤੇ ਉਸ ਨੂੰ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਦਾ ਸਨਮਾਨ ਮਿਲਿਆ ਸੀ। ਯਹੋਵਾਹ ਨੂੰ ਲਹੂ ਅਤੇ ਚਰਬੀ ਦੀ ਭੇਟ ਚੜ੍ਹਾਉਣ ਤੋਂ ਬਾਅਦ, ਭੇਟ ਚੜ੍ਹਾਉਣ ਵਾਲਾ ਅਤੇ ਜਾਜਕ ਦੋਵੇਂ ਬਲੀ ਤੋਂ ਮਾਸ ਖਾ ਸਕਦੇ ਸਨ। (ਲੇਵੀਆਂ 3:17; 7:16-21; 19:5-8) ਇਹ ਕਿਹਾ ਜਾ ਸਕਦਾ ਹੈ ਕਿ ਜਾਜਕ, ਭੇਟ ਚੜ੍ਹਾਉਣ ਵਾਲਾ, ਅਤੇ ਯਹੋਵਾਹ ਪਰਮੇਸ਼ੁਰ ਤਿੰਨੋਂ ਇਕੱਠੇ ਖਾ ਰਹੇ ਸਨ, ਅਤੇ ਇਹ ਉਨ੍ਹਾਂ ਦੇ ਸ਼ਾਂਤ ਰਿਸ਼ਤੇ ਦਾ ਸੰਕੇਤ ਸੀ।
16. (ੳ) ਪਾਪ ਅਤੇ ਦੋਸ਼ ਦੀਆਂ ਭੇਟਾਂ ਕਿਉਂ ਚੜ੍ਹਾਈਆਂ ਜਾਂਦੀਆਂ ਸਨ? (ਅ) ਇਹ ਹੋਮ ਬਲੀ ਤੋਂ ਕਿਸ ਤਰ੍ਹਾਂ ਵੱਖਰੀਆਂ ਸਨ?
16 ਪਾਪ ਅਤੇ ਦੋਸ਼ ਦੀਆਂ ਭੇਟਾਂ, ਪਾਪਾਂ ਦੀ ਮਾਫ਼ੀ ਲਈ ਜਾਂ ਬਿਵਸਥਾ ਦੀ ਉਲੰਘਣਾ ਕਰਨ ਦੇ ਕਾਰਨ ਚੜ੍ਹਾਈਆਂ ਜਾਂਦੀਆਂ ਸਨ। ਭਾਵੇਂ ਕਿ ਇਨ੍ਹਾਂ ਨੂੰ ਵੀ ਜਗਵੇਦੀ ਉੱਤੇ ਸਾੜਿਆ ਜਾਂਦਾ ਸੀ ਇਹ ਹੋਮ ਬਲੀ ਤੋਂ ਵੱਖਰੀਆਂ ਸਨ। ਹੋਮ ਬਲੀ ਵਿਚ ਪੂਰਾ ਪਸ਼ੂ ਭੇਟ ਵਜੋਂ ਚੜ੍ਹਾਇਆ ਜਾਂਦਾ ਸੀ, ਪਰ ਇਨ੍ਹਾਂ ਬਲੀਆਂ ਵਿਚ ਸਿਰਫ਼ ਚਰਬੀ ਅਤੇ ਪਸ਼ੂ ਦੇ ਕੁਝ ਖ਼ਾਸ ਹਿੱਸੇ ਚੜ੍ਹਾਏ ਜਾਂਦੇ ਸਨ। ਬਾਕੀ ਦਾ ਪਸ਼ੂ ਜਾਂ ਤਾਂ ਡੇਹਰੇ ਤੋਂ ਬਾਹਰ ਸੁੱਟਿਆ ਜਾਂਦਾ ਸੀ ਜਾਂ ਜਾਜਕ ਉਸ ਦਾ ਮਾਸ ਖਾਂਦੇ ਸਨ। ਇਨ੍ਹਾਂ ਦੋ ਬਲੀਆਂ ਵਿਚ ਜੋ ਫ਼ਰਕ ਹੈ ਇਹ ਬਹੁਤ ਅਹਿਮ ਹੈ। ਹੋਮ ਬਲੀ ਪਰਮੇਸ਼ੁਰ ਨੂੰ ਇਕ ਤੋਹਫ਼ੇ ਵਜੋਂ, ਉਸ ਨਾਲ ਰਿਸ਼ਤਾ ਕਾਇਮ ਕਰਨ ਲਈ ਪੇਸ਼ ਕੀਤੀ ਜਾਂਦੀ ਸੀ, ਇਸ ਲਈ ਇਹ ਪੂਰੀ ਜਾਂ ਸਿਰਫ਼ ਪਰਮੇਸ਼ੁਰ ਨੂੰ ਹੀ ਦਿੱਤੀ ਜਾਂਦੀ ਸੀ। ਦਿਲਚਸਪੀ ਦੀ ਗੱਲ ਹੈ ਕਿ ਹੋਮ ਬਲੀ ਚੜ੍ਹਾਉਣ ਤੋਂ ਪਹਿਲਾਂ ਅਕਸਰ ਪਾਪ ਦੀ ਭੇਟ ਜਾਂ ਦੋਸ਼ ਦੀ ਭੇਟ ਚੜ੍ਹਾਈ ਜਾਂਦੀ ਸੀ। ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਇਸ ਤੋਂ ਪਹਿਲਾਂ ਕਿ ਇਕ ਪਾਪੀ ਦੀ ਭੇਟ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ, ਉਸ ਦੇ ਪਾਪਾਂ ਦੀ ਮਾਫ਼ੀ ਜ਼ਰੂਰੀ ਸੀ।—ਲੇਵੀਆਂ 8:14, 18; 9:2, 3; 16:3, 5.
17, 18. ਪਾਪ ਦੀ ਭੇਟ ਕਿਉਂ ਚੜ੍ਹਾਈ ਜਾਂਦੀ ਸੀ, ਅਤੇ ਦੋਸ਼ ਦੀਆਂ ਭੇਟਾਂ ਚੜ੍ਹਾਉਣ ਦਾ ਮਕਸਦ ਕੀ ਸੀ?
17 ਪਾਪ ਦੀ ਭੇਟ ਉਦੋਂ ਹੀ ਸਵੀਕਾਰ ਕੀਤੀ ਜਾਂਦੀ ਸੀ ਜਦੋਂ ਅਣਜਾਣੇ ਵਿਚ ਹੀ ਬਿਵਸਥਾ ਦੇ ਵਿਰੁੱਧ ਪਾਪ ਕੀਤਾ ਗਿਆ ਹੋਵੇ, ਯਾਨੀ ਕਿਸੇ ਸਰੀਰਕ ਕਮਜ਼ੋਰੀ ਕਾਰਨ ਪਾਪ ਕੀਤਾ ਗਿਆ ਹੋਵੇ। “ਜੇ ਕੋਈ ਪ੍ਰਾਣੀ ਯਹੋਵਾਹ ਦੀਆਂ ਆਗਿਆਂ ਵਿੱਚੋਂ ਅਣਜਾਣ ਹੋ ਕੇ ਕਿਸੇ ਦਾ ਪਾਪ ਕਰੇ” ਤਾਂ ਪਾਪੀ ਨੂੰ ਸਮਾਜ ਵਿਚ ਆਪਣੀ ਹੈਸੀਅਤ ਅਨੁਸਾਰ ਪਾਪ ਦੀ ਭੇਟ ਚੜ੍ਹਾਉਣੀ ਪੈਂਦੀ ਸੀ। (ਲੇਵੀਆਂ 4:2, 3, 22, 27) ਲੇਕਿਨ, ਜਿਹੜੇ ਪਾਪੀ ਤੋਬਾ ਨਹੀਂ ਸੀ ਕਰਦੇ ਸਨ ਉਹ ਛੇਕੇ ਜਾਂਦੇ ਸਨ; ਉਨ੍ਹਾਂ ਲਈ ਬਲੀਦਾਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ।—ਕੂਚ 21:12-15; ਲੇਵੀਆਂ 17:10; 20:2, 6, 10; ਗਿਣਤੀ 15:30; ਇਬਰਾਨੀਆਂ 2:2.
18 ਦੋਸ਼ ਦੀਆਂ ਭੇਟਾਂ ਦਾ ਅਰਥ ਲੇਵੀਆਂ ਦੀ ਪੋਥੀ ਦੇ 5ਵੇਂ ਤੇ 6ਵੇਂ ਅਧਿਆਵਾਂ ਵਿਚ ਸਪੱਸ਼ਟ ਕੀਤਾ ਜਾਂਦਾ ਹੈ। ਇਕ ਵਿਅਕਤੀ ਨੇ ਸ਼ਾਇਦ ਅਣਜਾਣੇ ਵਿਚ ਪਾਪ ਕੀਤਾ ਹੋਵੇ। ਲੇਕਿਨ, ਹੋ ਸਕਦਾ ਹੈ ਕਿ ਆਪਣੀ ਗ਼ਲਤੀ ਦੇ ਕਾਰਨ ਉਹ ਕਿਸੇ ਹੋਰ ਵਿਅਕਤੀ ਜਾਂ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਦੋਸ਼ੀ ਹੋਵੇ, ਇਸ ਲਈ ਉਸ ਨੂੰ ਹੁਣ ਆਪਣੀ ਗ਼ਲਤੀ ਸੁਧਾਰਨ ਦੀ ਲੋੜ ਸੀ। ਇੱਥੇ ਕਈਆਂ ਪਾਪਾਂ ਦਾ ਜ਼ਿਕਰ ਕੀਤਾ ਗਿਆ ਹੈ। ਕੁਝ ਨਿੱਜੀ ਪਾਪ ਸਨ (ਲੇਵੀ 5:2-6), ਕੁਝ “ਯਹੋਵਾਹ ਦੀਆਂ ਪਵਿੱਤ੍ਰ ਗੱਲਾਂ” ਵਿਰੁੱਧ ਸਨ (ਲੇਵੀ 5:14-16), ਅਤੇ ਕੁਝ ਅਜਿਹੇ ਪਾਪ ਸਨ ਜੋ ਬਿਲਕੁਲ ਅਣਜਾਣੇ ਵਿਚ ਨਹੀਂ, ਪਰ ਗ਼ਲਤ ਇੱਛਾਵਾਂ ਜਾਂ ਸਰੀਰਕ ਕਮਜ਼ੋਰੀਆਂ ਕਰਕੇ ਕੀਤੇ ਜਾਂਦੇ ਸਨ (ਲੇਵੀ 6:1-3)। ਇਨ੍ਹਾਂ ਪਾਪਾਂ ਨੂੰ ਕਬੂਲ ਕਰਨ ਦੇ ਨਾਲ-ਨਾਲ ਕਈ ਵਾਰ ਪਾਪੀ ਨੂੰ ਵੱਟੇ ਵਿਚ ਕੁਝ ਦੇਣਾ ਪੈਂਦਾ ਸੀ। ਇਸ ਤੋਂ ਬਾਅਦ ਯਹੋਵਾਹ ਨੂੰ ਦੋਸ਼ ਦੀ ਭੇਟ ਚੜ੍ਹਾਉਣੀ ਪੈਂਦੀ ਸੀ।—ਲੇਵੀਆਂ 6:4-7.
ਇਨ੍ਹਾਂ ਬਲੀਦਾਨਾਂ ਨਾਲੋਂ ਬਿਹਤਰੀਨ ਚੀਜ਼
19. ਬਿਵਸਥਾ ਅਤੇ ਉਸ ਦੀਆਂ ਬਲੀਆਂ ਦੇ ਬਾਵਜੂਦ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਮਨਜ਼ੂਰੀ ਕਿਉਂ ਨਹੀਂ ਪਾਈ ਸੀ?
19 ਇਸਰਾਏਲੀਆਂ ਨੂੰ ਮੂਸਾ ਦੀ ਬਿਵਸਥਾ ਵਿਚ ਬਲੀਆਂ ਅਤੇ ਭੇਟਾਂ ਚੜ੍ਹਾਉਣ ਲਈ ਦੱਸਿਆ ਗਿਆ ਸੀ। ਇਹ ਬਿਵਸਥਾ ਇਸ ਲਈ ਦਿੱਤੀ ਗਈ ਸੀ ਤਾਂਕਿ ਉਹ ਪਰਮੇਸ਼ੁਰ ਦੀ ਵਾਅਦਾ ਕੀਤੀ ਗਈ ‘ਸੰਤਾਨ’ ਦੇ ਆਉਣ ਤਕ ਉਸ ਨਾਲ ਰਿਸ਼ਤਾ ਜੋੜ ਸਕਣ ਅਤੇ ਉਸ ਦੀ ਕਿਰਪਾ ਅਤੇ ਅਸੀਸ ਹਾਸਲ ਕਰਦੇ ਰਹਿਣ। ਇਕ ਪੈਦਾਇਸ਼ੀ ਯਹੂਦੀ ਵਜੋਂ ਪੌਲੁਸ ਰਸੂਲ ਨੇ ਕਿਹਾ: “ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ ਭਈ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਜਾਈਏ।” (ਗਲਾਤੀਆਂ 3:24) ਅਫ਼ਸੋਸ ਦੀ ਗੱਲ ਹੈ ਕਿ ਇਸਰਾਏਲ ਦੀ ਕੌਮ ਨੇ ਇਸ ਨਿਗਰਾਨੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਇਸ ਸਨਮਾਨ ਨੂੰ ਰੱਦ ਕੀਤਾ। ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਬਲੀਆਂ ਯਹੋਵਾਹ ਦੀ ਨਜ਼ਰ ਵਿਚ ਘਿਣਾਉਣੀਆਂ ਬਣ ਗਈਆਂ, ਕਿਉਂਜੋ ਉਸ ਨੇ ਕਿਹਾ: “ਮੈਂ ਤਾਂ ਛੱਤਰਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲਦਾਂ ਯਾ ਲੇਲਿਆਂ ਯਾ ਬੱਕਰਿਆਂ ਦੇ ਲਹੂ ਨਾਲ ਮੈਂ ਪਰਸੰਨ ਨਹੀਂ ਹਾਂ।”—ਯਸਾਯਾਹ 1:11.
20. ਬਿਵਸਥਾ ਅਤੇ ਉਸ ਦੇ ਬਲੀਦਾਨਾਂ ਦੇ ਸੰਬੰਧ ਵਿਚ 70 ਸਾ.ਯੁ. ਵਿਚ ਕੀ ਹੋਇਆ ਸੀ?
20 ਯਹੂਦੀਆਂ ਦੀ ਰੀਤੀ-ਵਿਵਸਥਾ, ਜਿਸ ਵਿਚ ਹੈਕਲ ਅਤੇ ਜਾਜਕੀ ਸ਼ਾਮਲ ਸਨ, 70 ਸਾ.ਯੁ. ਵਿਚ ਨਾਸ ਹੋ ਗਈ ਸੀ। ਇਸ ਤੋਂ ਬਾਅਦ, ਬਿਵਸਥਾ ਦੇ ਅਨੁਸਾਰ ਬਲੀਦਾਨ ਨਹੀਂ ਚੜ੍ਹਾਏ ਜਾ ਸਕਦੇ ਸਨ। ਕੀ ਇਸ ਦਾ ਇਹ ਮਤਲਬ ਹੈ ਕਿ ਬਲੀਦਾਨ, ਜੋ ਕਿ ਬਿਵਸਥਾ ਦਾ ਮੁੱਖ ਹਿੱਸਾ ਸਨ, ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਕੋਈ ਅਰਥ ਨਹੀਂ ਰੱਖਦੇ? ਅਸੀਂ ਅਗਲੇ ਲੇਖ ਵਿਚ ਇਸ ਬਾਰੇ ਚਰਚਾ ਕਰਾਂਗੇ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਸਮਝਾਉਂਦੀ ਹੈ: “ਬਾਈਬਲ ਵਿਚ ਵਰਤੇ ਗਏ ਸ਼ਬਦ ‘ਪ੍ਰਾਸਚਿਤ’ ਦਾ ਅਰਥ ਹੈ ‘ਕੀਮਤ ਚੁਕਾਉਣੀ’ ਜਾਂ ‘ਬਦਲੇ ਵਿਚ ਦੇਣਾ,’ ਅਤੇ ਜੋ ਚੀਜ਼ ਬਦਲੇ ਵਿਚ ਜਾਂ ‘ਕੀਮਤ ਚੁਕਾਉਣ’ ਲਈ ਦਿੱਤੀ ਜਾਂਦੀ ਹੈ ਉਸ ਨੂੰ ਖੋਈ ਹੋਈ ਚੀਜ਼ ਦੇ ਬਰਾਬਰ ਹੋਣ ਦੀ ਲੋੜ ਹੈ। . . . ਆਦਮ ਦੀ ਗ਼ਲਤੀ ਦਾ ਪ੍ਰਾਸਚਿਤ ਕਰਨ ਲਈ ਇਕ ਸੰਪੂਰਣ ਮਨੁੱਖੀ ਜਾਨ ਨੂੰ ਬਲੀ ਵਜੋਂ ਕੁਰਬਾਨ ਕਰਨ ਦੀ ਲੋੜ ਸੀ ਜੋ ਕਿ ਆਦਮ ਦੀ ਜਾਨ ਦੇ ਬਰਾਬਰ ਸੀ।”
b “ਚੜ੍ਹਾਵੇ” ਲਈ ਆਮ ਤੌਰ ਤੇ ਇਬਰਾਨੀ ਸ਼ਬਦ ਕੁਰਬਾਨ ਵਰਤਿਆ ਜਾਂਦਾ ਹੈ। ਜਦੋਂ ਯਿਸੂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਲਈ ਨਿੰਦਿਆ ਸੀ, ਤਾਂ ਮਰਕੁਸ ਨੇ ਸਮਝਾਇਆ ਕਿ “ਕੁਰਬਾਨ” ਦਾ ਅਰਥ ਹੈ ‘ਪਰਮੇਸ਼ੁਰ ਨੂੰ ਚੜ੍ਹਾਈ ਗਈ ਭੇਟ’ ਜਾਂ ਉਸ ਦੇ ਨਾਂ ਕੀਤੀ ਗਈ ਭੇਟ।—ਮਰਕੁਸ 7:11.
ਕੀ ਤੁਸੀਂ ਸਮਝਾ ਸਕਦੇ ਹੋ?
• ਪਿਛਲੇ ਜ਼ਮਾਨਿਆਂ ਦੇ ਵਫ਼ਾਦਾਰ ਸੇਵਕ ਯਹੋਵਾਹ ਨੂੰ ਬਲੀਦਾਨ ਚੜ੍ਹਾਉਣ ਲਈ ਕਿਉਂ ਪ੍ਰੇਰਿਤ ਹੋਏ ਸਨ?
• ਬਲੀਦਾਨਾਂ ਦੀ ਜ਼ਰੂਰਤ ਕਿਉਂ ਸੀ?
• ਬਿਵਸਥਾ ਦੇ ਅਧੀਨ ਕਿਹੜੀਆਂ ਮੁੱਖ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ ਅਤੇ ਇਨ੍ਹਾਂ ਦਾ ਮਕਸਦ ਕੀ-ਕੀ ਸੀ?
• ਪੌਲੁਸ ਦੇ ਅਨੁਸਾਰ, ਬਿਵਸਥਾ ਅਤੇ ਉਸ ਦੇ ਬਲੀਦਾਨਾਂ ਦਾ ਮੁੱਖ ਮਕਸਦ ਕੀ ਸੀ?
[ਸਫ਼ੇ 14 ਉੱਤੇ ਤਸਵੀਰ]
ਹਾਬਲ ਦੇ ਬਲੀਦਾਨ ਤੋਂ ਯਹੋਵਾਹ ਖ਼ੁਸ਼ ਹੋਇਆ ਕਿਉਂਕਿ ਉਸ ਨੇ ਯਹੋਵਾਹ ਦੇ ਵਾਅਦੇ ਵਿਚ ਨਿਹਚਾ ਪ੍ਰਗਟ ਕੀਤੀ ਸੀ
[ਸਫ਼ੇ 15 ਉੱਤੇ ਤਸਵੀਰ]
ਕੀ ਤੁਸੀਂ ਇਸ ਤਸਵੀਰ ਦੇ ਅਰਥ ਨੂੰ ਸਮਝਦੇ ਹੋ?