“ਇਉਂ ਤੁਸੀਂ ਵੀ ਦੌੜੋ”
ਮੰਨ ਲਓ ਕਿ ਤੁਸੀਂ ਜੋਸ਼ੋ-ਖਰੋਸ਼ ਨਾਲ ਭਰੇ ਹੋਏ ਇਕ ਸਟੇਡੀਅਮ ਵਿਚ ਬੈਠੇ ਹੋ। ਖਿਡਾਰੀ ਮਾਰਚ ਕਰਦੇ ਹੋਏ ਗਰਾਊਂਡ ਵਿਚ ਆਉਂਦੇ ਹਨ। ਭੀੜ ਆਪਣੇ-ਆਪਣੇ ਖਿਡਾਰੀਆਂ ਨੂੰ ਦੇਖ ਕੇ ਚੀਕਾਂ ਮਾਰ-ਮਾਰ ਉੱਛਲਦੀ ਹੈ। ਖੇਡਾਂ ਵਿਚ ਨਿਯਮਾਂ ਨੂੰ ਲਾਗੂ ਕਰਨ ਲਈ ਉੱਥੇ ਜੱਜ ਹਨ। ਜਿਉਂ ਹੀ ਖੇਡਾਂ ਸ਼ੁਰੂ ਹੁੰਦੀਆਂ ਹਨ ਭੀੜ ਨੂੰ ਖਿਡਾਰੀਆਂ ਦੀ ਜਿੱਤ ਦੀ ਖ਼ੁਸ਼ੀ ਦੇ ਨਾਲ-ਨਾਲ ਹਾਰ ਜਾਣ ਦਾ ਦੁੱਖ ਵੀ ਹੁੰਦਾ ਹੈ। ਲੋਕ ਜੇਤੂਆਂ ਦਾ ਜ਼ੋਰ ਨਾਲ ਤਾੜੀਆਂ ਮਾਰ ਕੇ ਸੁਆਗਤ ਕਰਦੇ ਹਨ!
ਤੁਸੀਂ ਅੱਜ-ਕੱਲ੍ਹ ਦੀਆਂ ਖੇਡਾਂ ਨਹੀਂ, ਸਗੋਂ ਕੁਝ 2,000 ਸਾਲ ਪਹਿਲਾਂ ਕੁਰਿੰਥੁਸ ਦੀ ਇਸਥਮਸ ਨਾਮਕ ਥਾਂ ਤੇ ਹੋਈਆਂ ਖੇਡਾਂ ਦੇਖ ਰਹੇ ਹੋ। ਇਹ ਮਸ਼ਹੂਰ ਇਸਥਮੀਅਨ ਖੇਡਾਂ ਛੇਵੀਂ ਸਦੀ ਸਾ.ਯੁ.ਪੂ. ਤੋਂ ਲੈ ਕੇ ਚੌਥੀ ਸਦੀ ਸਾ.ਯੁ. ਤਕ ਹਰ ਦੋ ਸਾਲਾਂ ਬਾਅਦ ਹੁੰਦੀਆਂ ਸਨ। ਇਹ ਖੇਡ-ਮੁਕਾਬਲੇ ਕਈ-ਕਈ ਦਿਨਾਂ ਤਕ ਯੂਨਾਨ ਦੇ ਲੋਕਾਂ ਦੀ ਖਿੱਚ ਦਾ ਕਾਰਨ ਬਣੇ ਰਹਿੰਦੇ ਸਨ। ਇਹ ਕੋਈ ਆਮ ਖੇਡ-ਮੁਕਾਬਲੇ ਨਹੀਂ ਹੁੰਦੇ ਸਨ ਕਿਉਂਕਿ ਖਿਡਾਰੀਆਂ ਨੂੰ ਦੇਖ ਕੇ ਹੀ ਉਨ੍ਹਾਂ ਦੇ ਦੇਸ਼ ਦੀ ਮਿਲਟਰੀ ਤਾਕਤ ਦਾ ਅੰਦਾਜ਼ਾ ਲਾਇਆ ਜਾਂਦਾ ਸੀ। ਜੇਤੂਆਂ ਨੂੰ ਦੇਵਤਾ-ਸਰੂਪ ਪੂਜਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਪੱਤਿਆਂ ਦੇ ਬਣੇ ਮੁਕਟ ਪਹਿਨਾਏ ਜਾਂਦੇ ਸਨ। ਉਨ੍ਹਾਂ ਨੂੰ ਦਿਲ ਖੋਲ੍ਹ ਕੇ ਤੋਹਫ਼ੇ ਦਿੱਤੇ ਜਾਂਦੇ ਸਨ ਅਤੇ ਸ਼ਹਿਰ ਵੱਲੋਂ ਉਨ੍ਹਾਂ ਨੂੰ ਉਮਰ ਭਰ ਲਈ ਚੰਗੀ-ਖ਼ਾਸੀ ਪੈਨਸ਼ਨ ਵੀ ਮਿਲਦੀ ਸੀ।
ਪੌਲੁਸ ਰਸੂਲ ਕੁਰਿੰਥੁਸ ਸ਼ਹਿਰ ਨੇੜੇ ਹੋਣ ਵਾਲੀਆਂ ਇਸਥਮੀਅਨ ਖੇਡਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਜਿਸ ਕਰਕੇ ਉਸ ਨੇ ਮਸੀਹੀ ਜ਼ਿੰਦਗੀ ਦੀ ਤੁਲਨਾ ਖੇਡ ਮੁਕਾਬਲੇ ਨਾਲ ਕੀਤੀ। ਉਸ ਨੇ ਦੌੜਾਕਾਂ, ਪਹਿਲਵਾਨਾਂ, ਮੁੱਕੇਬਾਜ਼ਾਂ ਦੀਆਂ ਮਿਸਾਲਾਂ ਨੂੰ ਇਸਤੇਮਾਲ ਕਰ ਕੇ ਬਿਲਕੁਲ ਸਹੀ ਤਰੀਕੇ ਨਾਲ ਦਿਖਾਇਆ ਕਿ ਵਧੀਆ ਟ੍ਰੇਨਿੰਗ ਲੈਣ, ਆਪਣੇ ਮਕਸਦ ਨੂੰ ਹਾਸਲ ਕਰਨ ਲਈ ਜਤਨ ਕਰਨ ਅਤੇ ਧੀਰਜ ਰੱਖਣ ਨਾਲ ਹੀ ਇਨਾਮ ਮਿਲਦਾ ਹੈ। ਯਕੀਨਨ, ਜਿਨ੍ਹਾਂ ਮਸੀਹੀਆਂ ਨੂੰ ਉਸ ਨੇ ਲਿਖਿਆ ਉਹ ਵੀ ਖੇਡਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਯਕੀਨਨ ਕੁਝ ਤਾਂ ਉਸ ਸਟੇਡੀਅਮ ਦੀ ਰੌਲਾ-ਰੱਪਾ ਪਾਉਂਦੀ ਭੀੜ ਵਿਚ ਵੀ ਸ਼ਾਮਲ ਹੋਏ ਹੋਣਗੇ। ਇਸੇ ਕਰਕੇ ਉਨ੍ਹਾਂ ਨੇ ਪੌਲੁਸ ਦੀਆਂ ਉਦਾਹਰਣਾਂ ਨੂੰ ਛੇਤੀ ਹੀ ਸਮਝ ਲਿਆ ਹੋਵੇਗਾ। ਅੱਜ ਸਾਡੇ ਬਾਰੇ ਕੀ? ਅਸੀਂ ਵੀ ਸਦੀਪਕ ਜ਼ਿੰਦਗੀ ਦੀ ਦੌੜ ਵਿਚ ਸ਼ਾਮਲ ਹਾਂ। ਪੌਲੁਸ ਦੇ ਉਨ੍ਹਾਂ ਖੇਡ-ਮੁਕਾਬਲਿਆਂ ਦੇ ਹਵਾਲਿਆਂ ਤੋਂ ਅਸੀਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ?
‘ਕਾਇਦੇ ਮੂਜਬ ਖੇਡੋ’
ਪੁਰਾਣੇ ਸਮੇਂ ਦੀਆਂ ਖੇਡਾਂ ਵਿਚ ਹਿੱਸਾ ਲੈਣਾ ਕੋਈ ਸੌਖੀ ਗੱਲ ਨਹੀਂ ਸੀ। ਇਕ ਹਰਕਾਰਾ ਹਰੇਕ ਖਿਡਾਰੀ ਨੂੰ ਦਰਸ਼ਕਾਂ ਦੇ ਸਾਮ੍ਹਣੇ ਲਿਆ ਕੇ ਉੱਚੀ ਆਵਾਜ਼ ਵਿਚ ਕਹਿੰਦਾ ਹੁੰਦਾ ਸੀ: ‘ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਇਸ ਆਦਮੀ ਤੇ ਕਿਸੇ ਅਪਰਾਧ ਦਾ ਦੋਸ਼ ਲਾ ਸਕੇ? ਕੀ ਇਹ ਕੋਈ ਚੋਰ-ਡਾਕੂ ਜਾਂ ਬਦਚਲਣ ਹੈ?’ ਆਰਕਾਈਓਲੋਜੀਆ ਗਰਾਈਕਾ ਮੁਤਾਬਕ “ਜੋ ਕੋਈ ਆਦਮੀ ਬਦਨਾਮ ਅਪਰਾਧੀ ਹੁੰਦਾ ਸੀ ਜਾਂ ਅਜਿਹੇ ਕਿਸੇ ਵੀ ਅਪਰਾਧੀ ਦਾ [ਨਜ਼ਦੀਕੀ] ਰਿਸ਼ਤੇਦਾਰ ਹੁੰਦਾ ਸੀ, ਤਾਂ ਉਸ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਨਹੀਂ ਦਿੱਤਾ ਜਾਂਦਾ ਸੀ।” ਅਤੇ ‘ਖੇਡਾਂ ਦੇ ਨਿਯਮਾਂ’ ਨੂੰ ਤੋੜਨ ਤੇ ਖਿਡਾਰੀਆਂ ਨੂੰ ਭਾਰੇ ਜੁਰਮਾਨੇ ਦੇ ਤੌਰ ਤੇ ਖੇਡ ਮੁਕਾਬਲੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ।
ਇਹ ਹਕੀਕਤ ਸਾਨੂੰ ਪੌਲੁਸ ਦੀ ਇਹ ਗੱਲ ਸਮਝਣ ਵਿਚ ਮਦਦ ਕਰਦੀ ਹੈ: “ਫੇਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੀਕ ਉਹ ਕਾਇਦੇ ਮੂਜਬ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ।” (2 ਤਿਮੋਥਿਉਸ 2:5) ਇਸੇ ਤਰ੍ਹਾਂ ਜ਼ਿੰਦਗੀ ਦੀ ਦੌੜ ਦੌੜਨ ਲਈ ਸਾਨੂੰ ਯਹੋਵਾਹ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਬਾਈਬਲ ਵਿਚ ਦੱਸੇ ਉਸ ਦੇ ਉੱਚੇ ਨੈਤਿਕ ਮਿਆਰਾਂ ਤੇ ਚੱਲਣਾ ਚਾਹੀਦਾ ਹੈ। ਬਾਈਬਲ ਚੇਤਾਵਨੀ ਦਿੰਦੀ ਹੈ: “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਹਾਲਾਂਕਿ ਦੌੜ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਯਹੋਵਾਹ ਦੀ ਮਨਜ਼ੂਰੀ ਅਤੇ ਸਦੀਪਕ ਜ਼ਿੰਦਗੀ ਮਿਲੇ, ਤਾਂ ਸਾਨੂੰ ਨਿਯਮਾਂ ਦੇ ਮੁਤਾਬਕ ਧਿਆਨ ਨਾਲ ਚੱਲਣਾ ਪੈਣਾ ਹੈ।
ਇੰਜ ਕਰਨ ਲਈ ਸਭ ਤੋਂ ਵੱਡੀ ਮਦਦਗਾਰ ਚੀਜ਼ ਹੈ—ਪਰਮੇਸ਼ੁਰ ਲਈ ਪਿਆਰ। (ਮਰਕੁਸ 12:29-31) ਇਹ ਪਿਆਰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਅਤੇ ਉਸ ਦੀ ਮਰਜ਼ੀ ਮੁਤਾਬਕ ਕੰਮ ਕਰਨ ਵਿਚ ਸਾਡੀ ਮਦਦ ਕਰੇਗਾ।—1 ਯੂਹੰਨਾ 5:3.
‘ਹਰੇਕ ਭਾਰ ਨੂੰ ਸੁੱਟ ਦਿਓ’
ਪੁਰਾਣੇ ਸਮੇਂ ਦੀਆਂ ਖੇਡਾਂ ਵਿਚ ਖਿਡਾਰੀ ਆਪਣੇ ਸਰੀਰ ਉੱਤੇ ਕੱਪੜੇ ਜਾਂ ਕੋਈ ਭਾਰ ਵਗੈਰਾ ਨਹੀਂ ਪਾਉਂਦੇ ਸਨ। ਯੂਨਾਨੀਆਂ ਅਤੇ ਰੋਮੀਆਂ ਦੀ ਜ਼ਿੰਦਗੀ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ: “ਦੌੜਾਂ ਵਿਚ . . . ਖਿਡਾਰੀ ਬਿਲਕੁਲ ਨੰਗੇ ਦੌੜਦੇ ਸਨ।” ਕੱਪੜੇ ਨਾ ਪਾਉਣ ਨਾਲ ਖਿਡਾਰੀ ਚੁਸਤੀ-ਫੁਰਤੀ ਅਤੇ ਆਸਾਨੀ ਨਾਲ ਦੌੜਦੇ ਸਨ। ਸਰੀਰ ਤੇ ਬੇਲੋੜਾ ਭਾਰ ਨਾ ਹੋਣ ਕਰਕੇ ਉਨ੍ਹਾਂ ਦੀ ਤਾਕਤ ਬੇਕਾਰ ਨਹੀਂ ਜਾਂਦੀ ਸੀ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਲਿਖਿਆ: “ਆਓ, ਅਸੀਂ ਵੀ ਹਰੇਕ ਭਾਰ ਨੂੰ ਸੁੱਟ ਕੇ . . . ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।”—ਇਬਰਾਨੀਆਂ 12:1.
ਜ਼ਿੰਦਗੀ ਦੀ ਦੌੜ ਵਿਚ ਕਿਸ ਤਰ੍ਹਾਂ ਦਾ ਭਾਰ ਸਾਡੇ ਲਈ ਰੁਕਾਵਟ ਬਣ ਸਕਦਾ ਹੈ? ਇਕ ਹੈ—ਬੇਲੋੜੀਆਂ ਭੌਤਿਕ ਚੀਜ਼ਾਂ ਇਕੱਠੀਆਂ ਕਰਨ ਦੀ ਇੱਛਾ ਜਾਂ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਜੀਉਣੀ। ਕੁਝ ਲੋਕਾਂ ਨੂੰ ਸ਼ਾਇਦ ਲੱਗੇ ਕਿ ਸਿਰਫ਼ ਰੁਪਇਆ-ਪੈਸਾ ਉਨ੍ਹਾਂ ਦੀ ਰੱਖਿਆ ਕਰ ਸਕਦਾ ਹੈ ਜਾਂ ਇਸ ਨਾਲ ਖ਼ੁਸ਼ੀ ਮਿਲ ਸਕਦੀ ਹੈ। ਅਜਿਹੇ ਹੱਦੋਂ-ਵੱਧ “ਭਾਰ” ਨਾਲ ਇਕ ਦੌੜਾਕ ਇਸ ਹੱਦ ਤਕ ਢਿੱਲਾ ਪੈ ਸਕਦਾ ਹੈ ਕਿ ਆਖ਼ਰ ਵਿਚ ਉਹ ਪਰਮੇਸ਼ੁਰ ਬਾਰੇ ਅਤੇ ਉਸ ਦੀ ਭਗਤੀ ਕਰਨ ਬਾਰੇ ਸੋਚਣਾ ਹੀ ਛੱਡ ਦੇਵੇਗਾ। (ਲੂਕਾ 12:16-21) ਸ਼ਾਇਦ ਉਸ ਨੂੰ ਸਦੀਪਕ ਜ਼ਿੰਦਗੀ ਇਕ ਦੂਰ ਦੀ ਗੱਲ ਲੱਗੇ। ਇਕ ਵਿਅਕਤੀ ਸੋਚ ਸਕਦਾ ਹੈ ਕਿ ‘ਨਵੀਂ ਦੁਨੀਆਂ ਕਦੇ ਤਾਂ ਆਵੇਗੀ, ਪਰ ਇਸ ਸਮੇਂ ਦੌਰਾਨ ਕਿਉਂ ਨਾ ਅਸੀਂ ਦੁਨੀਆਂ ਦੀਆਂ ਚੀਜ਼ਾਂ ਦਾ ਫ਼ਾਇਦਾ ਉਠਾਈਏ।’ (1 ਤਿਮੋਥਿਉਸ 6:17-19) ਅਜਿਹਾ ਨਜ਼ਰੀਆ ਇਕ ਵਿਅਕਤੀ ਨੂੰ ਆਸਾਨੀ ਨਾਲ ਜ਼ਿੰਦਗੀ ਦੀ ਦੌੜ ਦੌੜਨ ਤੋਂ ਪਰੇ ਲਿਜਾ ਸਕਦਾ ਹੈ ਜਾਂ ਉਸ ਨੂੰ ਦੌੜ ਸ਼ੁਰੂ ਕਰਨ ਤੋਂ ਪਹਿਲਾਂ ਹੀ ਰੋਕ ਸਕਦਾ ਹੈ।
ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ ਸੀ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” ਫਿਰ ਇਹ ਦੱਸਣ ਤੋਂ ਬਾਅਦ ਕਿ ਯਹੋਵਾਹ ਜਾਨਵਰਾਂ ਅਤੇ ਬੂਟਿਆਂ ਦੀਆਂ ਲੋੜਾਂ ਦੀ ਪਰਵਾਹ ਕਰਦਾ ਹੈ ਤੇ ਇਨਸਾਨ ਤਾਂ ਇਨ੍ਹਾਂ ਤੋਂ ਕਿਤੇ ਵੱਧ ਕੇ ਹੈ, ਉਸ ਨੇ ਨਸੀਹਤ ਦਿੱਤੀ: “ਸੋ ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:24-33.
‘ਸਬਰ ਨਾਲ ਦੌੜੋ’
ਪੁਰਾਣੇ ਸਮੇਂ ਦੀਆਂ ਸਾਰੀਆਂ ਦੌੜਾਂ ਛੋਟੀਆਂ ਨਹੀਂ ਹੁੰਦੀਆਂ ਸਨ। ਡੋਲੀਹੋਸ ਨਾਮਕ ਦੌੜ ਤਕਰੀਬਨ ਚਾਰ ਕਿਲੋਮੀਟਰ ਦੀ ਹੁੰਦੀ ਸੀ। ਇਸ ਦੇ ਲਈ ਬੜੀ ਤਾਕਤ ਅਤੇ ਬੜੇ ਧੀਰਜ ਦੀ ਲੋੜ ਸੀ। ਇਕ ਆਈਅਸ ਨਾਮਕ ਖਿਡਾਰੀ ਨੇ ਇਹ ਦੌੜ 328 ਸਾ.ਯੁ.ਪੂ. ਵਿਚ ਜਿੱਤੀ। ਦੌੜ ਜਿੱਤਣ ਤੋਂ ਬਾਅਦ ਆਪਣੀ ਇਸ ਜਿੱਤ ਦਾ ਐਲਾਨ ਕਰਨ ਲਈ ਉਹ ਆਪਣੇ ਜੱਦੀ ਸ਼ਹਿਰ ਆਰਗੌਸ ਤਕ ਦੌੜਦਾ ਹੀ ਗਿਆ। ਉਸ ਦਿਨ ਉਹ ਤਕਰੀਬਨ 110 ਕਿਲੋਮੀਟਰ ਦੌੜਿਆ!
ਇਸੇ ਤਰ੍ਹਾਂ ਮਸੀਹੀ ਦੌੜ ਵੀ ਬੜੀ ਲੰਮੀ ਹੈ ਜਿਸ ਵਿਚ ਸਾਡੇ ਧੀਰਜ ਦੀ ਪਰਖ ਹੁੰਦੀ ਹੈ। ਯਹੋਵਾਹ ਦੀ ਮਨਜ਼ੂਰੀ ਅਤੇ ਸਦੀਪਕ ਜ਼ਿੰਦਗੀ ਦਾ ਇਨਾਮ ਹਾਸਲ ਕਰਨ ਲਈ ਇਸ ਦੌੜ ਦੇ ਅੰਤ ਤਕ ਸਬਰ ਰੱਖਣ ਦੀ ਲੋੜ ਹੈ। ਪੌਲੁਸ ਨੇ ਇੰਜ ਹੀ ਦੌੜ ਦੌੜੀ। ਇਸੇ ਕਰਕੇ ਉਹ ਆਪਣੀ ਜ਼ਿੰਦਗੀ ਦੇ ਅਖ਼ੀਰ ਵਿਚ ਕਹਿ ਸਕਿਆ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ।” (2 ਤਿਮੋਥਿਉਸ 4:7, 8) ਪੌਲੁਸ ਵਾਂਗ ਅਸੀਂ ਵੀ ਦੌੜ ‘ਮੁਕਾਉਣੀ’ ਹੈ। ਜੇ ਸਾਡਾ ਧੀਰਜ ਸਿਰਫ਼ ਇਸ ਕਰਕੇ ਘੱਟ ਜਾਂਦਾ ਹੈ ਕਿ ਦੌੜ ਸਾਡੀ ਆਸ ਨਾਲੋਂ ਜ਼ਿਆਦਾ ਹੀ ਲੰਮੀ ਲੱਗਦੀ ਹੈ, ਤਾਂ ਅਸੀਂ ਇਨਾਮ ਹਾਸਲ ਨਹੀਂ ਕਰ ਸਕਾਂਗੇ। (ਇਬਰਾਨੀਆਂ 11:6) ਅੰਤਿਮ ਰੇਖਾ ਦੇ ਐਨੇ ਨੇੜੇ ਆ ਕੇ ਇਨਾਮ ਤੋਂ ਖੁੰਝ ਜਾਣਾ ਸਾਡੇ ਲਈ ਕਿੰਨੇ ਦੁੱਖ ਦੀ ਗੱਲ ਹੋਵੇਗੀ!
ਇਨਾਮ
ਪੁਰਾਣੇ ਯੂਨਾਨੀ ਖੇਡ-ਮੁਕਾਬਲਿਆਂ ਵਿਚ ਜੇਤੂਆਂ ਨੂੰ ਆਮ ਤੌਰ ਤੇ ਰੁੱਖ ਦੇ ਪੱਤਿਆਂ ਨਾਲ ਬਣੇ ਮੁਕਟ ਪਹਿਨਾਏ ਜਾਂਦੇ ਸਨ ਜਿਨ੍ਹਾਂ ਨੂੰ ਫੁੱਲਾਂ ਨਾਲ ਸਜਾਇਆ ਹੁੰਦਾ ਸੀ। ਪਾਈਥਿਅਨ ਖੇਡਾਂ ਵਿਚ ਜੇਤੂਆਂ ਨੂੰ ਲਾਰਲ ਨਾਮਕ ਝਾੜੀ ਦੀਆਂ ਚਮਕੀਲੀਆਂ ਪੱਤੀਆਂ ਦਾ ਸਿਹਰਾ ਪਹਿਨਾਇਆ ਜਾਂਦਾ ਸੀ। ਓਲੰਪਕ ਖੇਡਾਂ ਵਿਚ ਜੇਤੂਆਂ ਨੂੰ ਜੰਗਲੀ ਜ਼ੈਤੂਨ ਦੇ ਪੱਤਿਆਂ ਦਾ ਸਿਹਰਾ ਪਹਿਨਾਇਆ ਜਾਂਦਾ ਸੀ ਜਦ ਕਿ ਇਸਥਮੀਅਨ ਖੇਡਾਂ ਵਿਚ ਉਨ੍ਹਾਂ ਨੂੰ ਚੀਲ ਦੇ ਪੱਤਿਆਂ ਦਾ ਬਣਿਆ ਹੋਇਆ ਸਿਹਰਾ ਪਹਿਨਾਇਆ ਜਾਂਦਾ ਸੀ। ਇਕ ਬਾਈਬਲ ਵਿਦਵਾਨ ਟਿੱਪਣੀ ਕਰਦਾ ਹੈ ਕਿ “ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ, ਜਿੱਤ ਦੇ ਇਨਾਮਾਂ ਨੂੰ ਯਾਨੀ ਸਿਹਰਿਆਂ ਅਤੇ ਖ਼ਜੂਰ ਦੀਆਂ ਟਹਿਣੀਆਂ ਨੂੰ ਸਟੇਡੀਅਮ ਵਿਚ ਸਟੂਲ ਜਾਂ ਮੇਜ਼ ਤੇ ਰੱਖ ਦਿੱਤਾ ਜਾਂਦਾ ਸੀ ਤਾਂਕਿ ਇਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਦਿੱਸ ਸਕਣ।” ਜੇਤੂ ਲਈ ਮੁਕਟ ਪਹਿਨਣਾ ਬੜੀ ਇੱਜ਼ਤ ਦੀ ਗੱਲ ਸਮਝੀ ਜਾਂਦੀ ਸੀ। ਘਰ ਵਾਪਸ ਪਰਤਦੇ ਸਮੇਂ ਉਹ ਸ਼ਹਿਰ ਵਿਚ ਬੜੇ ਫਖਰ ਨਾਲ ਰੱਥ ਤੇ ਚੜ੍ਹ ਕੇ ਆਉਂਦਾ ਸੀ।
ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੌਲੁਸ ਨੇ ਕੁਰਿੰਥੀਆਂ ਨੂੰ ਕਿਹਾ: “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ। . . . ਸੋ ਉਹ ਤਾਂ ਨਾਸਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂ।” (1 ਕੁਰਿੰਥੀਆਂ 9:24, 25; 1 ਪਤਰਸ 1:3, 4) ਕਿੰਨਾ ਵੱਡਾ ਫ਼ਰਕ! ਅੰਤ ਤਕ ਜ਼ਿੰਦਗੀ ਦੀ ਦੌੜ ਦੌੜਨ ਵਾਲਿਆਂ ਨੂੰ ਪੁਰਾਣੇ ਸਮੇਂ ਦੀਆਂ ਖੇਡਾਂ ਦੇ ਨਾਸ਼ਵਾਨ ਸਿਹਰਿਆਂ ਤੋਂ ਬਿਲਕੁਲ ਉਲਟ ਇਕ ਅਜਿਹਾ ਇਨਾਮ ਮਿਲੇਗਾ ਜੋ ਕਦੇ ਨਾਸ਼ ਨਹੀਂ ਹੋਵੇਗਾ।
ਇਸ ਵਧੀਆ ਸਿਹਰੇ ਜਾਂ ਮੁਕਟ ਬਾਰੇ ਪਤਰਸ ਰਸੂਲ ਨੇ ਲਿਖਿਆ: “ਜਿਸ ਵੇਲੇ ਸਰਦਾਰ ਅਯਾਲੀ ਪਰਗਟ ਹੋਵੇਗਾ ਤੁਹਾਨੂੰ ਤੇਜ ਦਾ ਉਹ ਮੁਕਟ ਮਿਲੇਗਾ ਜਿਹੜਾ ਕੁਮਲਾਉਂਦਾ ਨਹੀਂ।” (1 ਪਤਰਸ 5:4) ਕੀ ਯਿਸੂ ਦੇ ਨਾਲ ਸਵਰਗ ਵਿਚ ਅਮਰ ਜ਼ਿੰਦਗੀ ਜੀਉਣਾ ਯਾਨੀ ਅਮਰਤਾ ਦੀ ਤੁਲਨਾ ਦੁਨੀਆਂ ਦੇ ਕਿਸੇ ਵੀ ਇਨਾਮ ਨਾਲ ਕੀਤੀ ਜਾ ਸਕਦੀ ਹੈ?
ਅੱਜ ਜ਼ਿਆਦਾਤਰ ਮਸੀਹੀ ਦੌੜਾਕ ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰ ਬਣਨ ਲਈ ਮਸਹ ਨਹੀਂ ਕੀਤੇ ਹੋਏ ਅਤੇ ਉਨ੍ਹਾਂ ਕੋਲ ਸਵਰਗ ਨੂੰ ਜਾਣ ਦੀ ਉਮੀਦ ਨਹੀਂ ਹੈ। ਉਹ ਅਮਰਤਾ ਦੇ ਇਨਾਮ ਲਈ ਨਹੀਂ ਦੌੜ ਰਹੇ ਹਨ। ਪਰਮੇਸ਼ੁਰ ਨੇ ਉਨ੍ਹਾਂ ਸਾਮ੍ਹਣੇ ਇਕ ਸ਼ਾਨਦਾਰ ਇਨਾਮ ਰੱਖਿਆ ਹੈ। ਇਹ ਇਨਾਮ ਹੈ—ਪਰਮੇਸ਼ੁਰ ਦੇ ਰਾਜ ਅਧੀਨ ਬਾਗ਼ ਵਰਗੀ ਧਰਤੀ ਉੱਤੇ ਹਮੇਸ਼ਾ ਦੀ ਮੁਕੰਮਲ ਜ਼ਿੰਦਗੀ। ਚਾਹੇ ਇਕ ਮਸੀਹੀ ਦੌੜਾਕ ਇਨ੍ਹਾਂ ਵਿੱਚੋਂ ਕਿਸੇ ਵੀ ਇਨਾਮ ਨੂੰ ਪਾਉਣ ਦਾ ਜਤਨ ਕਿਉਂ ਨਾ ਕਰ ਰਿਹਾ ਹੋਵੇ, ਉਸ ਨੂੰ ਖੇਡ-ਮੁਕਾਬਲੇ ਦੇ ਇਕ ਦੌੜਾਕ ਨਾਲੋਂ ਕਿਤੇ ਜ਼ਿਆਦਾ ਦ੍ਰਿੜ੍ਹ ਇਰਾਦੇ, ਤਾਕਤ ਤੇ ਜੋਸ਼ ਨਾਲ ਦੌੜਨਾ ਚਾਹੀਦਾ ਹੈ। ਕਿਉਂ? ਕਿਉਂਕਿ ਇਨਾਮ ਕਦੇ ਵੀ ਨਾਸ਼ ਨਹੀਂ ਹੋਵੇਗਾ: “ਇਹ ਉਹ ਵਾਇਦਾ ਹੈ ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।”—1 ਯੂਹੰਨਾ 2:25.
ਜੇ ਇਕ ਮਸੀਹੀ ਦੌੜਾਕ ਸਾਮ੍ਹਣੇ ਅਜਿਹਾ ਬੇਮਿਸਾਲ ਇਨਾਮ ਰੱਖਿਆ ਹੋਇਆ ਹੈ, ਤਾਂ ਉਸ ਨੂੰ ਦੁਨੀਆਂ ਦੇ ਭਰਮਾਉਣ ਵਾਲੇ ਫੰਦਿਆਂ ਬਾਰੇ ਕਿੱਦਾਂ ਦੀ ਸੋਚ ਰੱਖਣੀ ਚਾਹੀਦੀ ਹੈ? ਉਸ ਨੂੰ ਪੌਲੁਸ ਵਾਂਗ ਸੋਚਣਾ ਚਾਹੀਦਾ ਹੈ ਜਿਸ ਨੇ ਕਿਹਾ: “ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ।” ਇਸ ਦੇ ਮੁਤਾਬਕ ਪੌਲੁਸ ਆਪਣੀ ਪੂਰੀ ਵਾਹ ਲਾ ਕੇ ਦੌੜਿਆ! “ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ।” (ਫ਼ਿਲਿੱਪੀਆਂ 3:8, 13, 14) ਪੌਲੁਸ ਆਪਣੀਆਂ ਅੱਖਾਂ ਇਨਾਮ ਤੇ ਚੰਗੀ ਤਰ੍ਹਾਂ ਟਿਕਾ ਕੇ ਦੌੜਿਆ। ਸਾਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।
ਸਾਡੀ ਸਭ ਤੋਂ ਵਧੀਆ ਮਿਸਾਲ
ਪੁਰਾਣੇ ਸਮੇਂ ਦੀਆਂ ਖੇਡਾਂ ਵਿਚ ਚੈਂਪੀਅਨਾਂ ਦੀ ਦੂਰ-ਦੂਰ ਤਕ ਵਾਹ-ਵਾਹ ਕੀਤੀ ਜਾਂਦੀ ਸੀ। ਸ਼ਾਇਰ ਲੋਕਾਂ ਨੇ ਉਨ੍ਹਾਂ ਬਾਰੇ ਲਿਖਿਆ ਤੇ ਬੁੱਤਤਰਾਸ਼ਾਂ ਨੇ ਉਨ੍ਹਾਂ ਦੀਆਂ ਮੂਰਤੀਆਂ ਬਣਾਈਆਂ। ਇਕ ਇਤਿਹਾਸਕਾਰ ਵਿਰਾ ਓਲੀਵੋਵਾ ਕਹਿੰਦੀ ਹੈ ਕਿ ਉਨ੍ਹਾਂ ਨੇ “ਬੜਾ ਮਾਨ-ਸਨਮਾਨ ਅਤੇ ਬੇਹੱਦ ਮਸ਼ਹੂਰੀ ਖੱਟੀ।” ਉਹ ਚੈਂਪੀਅਨਾਂ ਦੀ ਨੌਜਵਾਨ ਪੀੜ੍ਹੀ ਲਈ ਇਕ ਆਦਰਸ਼ ਬਣਦੇ ਸਨ।
ਮਸੀਹੀਆਂ ਦਾ “ਚੈਂਪੀਅਨ” ਕੌਣ ਹੈ ਜਿਸ ਨੇ ਉਨ੍ਹਾਂ ਲਈ ਬੇਹਤਰੀਨ ਮਿਸਾਲ ਕਾਇਮ ਕੀਤੀ? ਪੌਲੁਸ ਜਵਾਬ ਦਿੰਦਾ ਹੈ: “ਆਓ ਅਸੀਂ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਹ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬਰਾਨੀਆਂ 12:1, 2) ਜੀ ਹਾਂ, ਜੇ ਅਸੀਂ ਸਦੀਪਕ ਜ਼ਿੰਦਗੀ ਦੀ ਆਪਣੀ ਦੌੜ ਵਿਚ ਜੇਤੂ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਆਦਰਸ਼ ਯਿਸੂ ਮਸੀਹ ਵੱਲ ਲਗਾਤਾਰ ਤੱਕਦੇ ਰਹਿਣ ਦੀ ਲੋੜ ਹੈ। ਪਰ ਕਿਵੇਂ? ਇਹ ਅਸੀਂ ਇੰਜੀਲਾਂ ਦੇ ਬਿਰਤਾਂਤਾਂ ਨੂੰ ਪੜ੍ਹ ਕੇ ਤੇ ਇਸ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਕਰ ਸਕਦੇ ਹਾਂ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ। ਅਜਿਹੀ ਸਟੱਡੀ ਸਾਡੀ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਕਰੇਗੀ ਕਿ ਕਿੱਦਾਂ ਯਿਸੂ ਮਸੀਹ ਪਰਮੇਸ਼ੁਰ ਪ੍ਰਤੀ ਅੰਤ ਤਕ ਵਫ਼ਾਦਾਰ ਬਣਿਆ ਰਿਹਾ ਅਤੇ ਕਿੱਦਾਂ ਉਸ ਨੇ ਆਪਣੀ ਨਿਹਚਾ ਨੂੰ ਧੀਰਜ ਰਾਹੀਂ ਸਾਬਤ ਕੀਤਾ ਤੇ ਕਿਵੇਂ ਉਸ ਦੇ ਧੀਰਜ ਦੇ ਇਨਾਮ ਵਜੋਂ ਯਹੋਵਾਹ ਦੀ ਮਨਜ਼ੂਰੀ ਦੇ ਨਾਲ-ਨਾਲ ਉਸ ਨੂੰ ਬਹੁਤ ਸਾਰੇ ਸ਼ਾਨਦਾਰ ਵਿਸ਼ੇਸ਼-ਸਨਮਾਨ ਵੀ ਮਿਲੇ।—ਫ਼ਿਲਿੱਪੀਆਂ 2:9-11.
ਯਕੀਨਨ ਯਿਸੂ ਦਾ ਸਭ ਤੋਂ ਖ਼ਾਸ ਗੁਣ ਸੀ—ਪਿਆਰ। “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:13) ਸਾਨੂੰ ਇਹ ਕਹਿਣ ਦੁਆਰਾ ਕਿ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ, ਉਸ ਨੇ “ਪਿਆਰ” ਲਫ਼ਜ਼ ਨੂੰ ਹੋਰ ਡੂੰਘਾ ਅਰਥ ਦਿੱਤਾ। (ਮੱਤੀ 5:43-48) ਕਿਉਂਕਿ ਉਹ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਪਿਆਰ ਕਰਦਾ ਸੀ ਇਸ ਕਰਕੇ ਉਸ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਵਿਚ ਖ਼ੁਸ਼ੀ ਮਹਿਸੂਸ ਕੀਤੀ। (ਜ਼ਬੂਰ 40:9, 10; ਕਹਾਉਤਾਂ 27:11) ਯਿਸੂ ਸਾਡਾ ਆਦਰਸ਼ ਹੈ ਜਿਸ ਨੇ ਸਾਨੂੰ ਦਿਖਾਇਆ ਹੈ ਕਿ ਜ਼ਿੰਦਗੀ ਦੀ ਦੌੜ ਕਿਵੇਂ ਦੌੜਨੀ ਹੈ। ਉਸ ਵੱਲ ਦੇਖਣ ਨਾਲ ਸਾਨੂੰ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਰਨ ਦੀ ਪ੍ਰੇਰਣਾ ਮਿਲੇਗੀ ਤੇ ਪਵਿੱਤਰ ਸੇਵਾ ਵਿਚ ਸੱਚੀ ਖ਼ੁਸ਼ੀ ਪਾਉਣ ਵਿਚ ਮਦਦ ਮਿਲੇਗੀ। (ਮੱਤੀ 22:37-39; ਯੂਹੰਨਾ 13:34; 1 ਪਤਰਸ 2:21) ਚੇਤੇ ਰੱਖੋ ਕਿ ਯਿਸੂ ਸਾਡੇ ਕੋਲੋਂ ਉਨ੍ਹਾਂ ਗੱਲਾਂ ਦੀ ਮੰਗ ਨਹੀਂ ਕਰਦਾ ਜੋ ਅਸੀਂ ਪੂਰੀਆਂ ਨਹੀਂ ਕਰ ਸਕਦੇ। ਉਹ ਭਰੋਸਾ ਦਿਵਾਉਂਦਾ ਹੈ: “ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”—ਮੱਤੀ 11:28-30.
ਯਿਸੂ ਵਾਂਗ ਸਾਨੂੰ ਵੀ ਆਪਣੀਆਂ ਅੱਖਾਂ ਉਸ ਇਨਾਮ ਤੇ ਰੱਖਣੀਆਂ ਚਾਹੀਦੀਆਂ ਹਨ ਜੋ ਅੰਤ ਤੋੜੀ ਧੀਰਜ ਰੱਖਣ ਵਾਲਿਆਂ ਲਈ ਰੱਖਿਆ ਗਿਆ ਹੈ। (ਮੱਤੀ 24:13) ਜੇ ਅਸੀਂ ਕਾਇਦੇ ਮੁਤਾਬਕ ਚੱਲੀਏ, ਹਰ ਤਰ੍ਹਾਂ ਦੇ ਭਾਰ ਨੂੰ ਲਾਹ ਸੁੱਟੀਏ ਅਤੇ ਧੀਰਜ ਨਾਲ ਦੌੜੀਏ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡੀ ਹੀ ਜਿੱਤ ਹੋਵੇਗੀ। ਇਹ ਟੀਚਾ ਸਾਨੂੰ ਅੱਗੇ ਦੀ ਅੱਗੇ ਵਧਣ ਲਈ ਉਕਸਾਉਂਦਾ ਹੈ! ਇਸ ਟੀਚੇ ਨੂੰ ਹਾਸਲ ਕਰਨ ਦੀ ਖ਼ੁਸ਼ੀ ਸਾਡੇ ਵਿਚ ਨਵੇਂ ਸਿਰਿਓਂ ਤਾਕਤ ਭਰਦੀ ਹੈ ਤੇ ਅਜਿਹੀ ਖ਼ੁਸ਼ੀ ਸਾਨੂੰ ਅਗਾਹਾਂ ਦੇ ਰਾਹ ਤੇ ਦੌੜਨ ਵਿਚ ਮਦਦ ਕਰਦੀ ਹੈ।
[ਸਫ਼ੇ 29 ਉੱਤੇ ਤਸਵੀਰ]
ਮਸੀਹੀ ਦੌੜ ਇਕ ਲੰਬੀ ਦੌੜ ਹੈ ਜਿਸ ਲਈ ਸਬਰ ਦੀ ਲੋੜ ਹੈ
[ਸਫ਼ੇ 30 ਉੱਤੇ ਤਸਵੀਰ]
ਸਿਹਰੇ ਜਾਂ ਮੁਕਟ ਪਹਿਨੇ ਦੌੜਾਕਾਂ ਤੋਂ ਉਲਟ ਮਸੀਹੀ ਕਦੇ ਵੀ ਨਾਸ਼ ਨਾ ਹੋਣ ਵਾਲੇ ਇਨਾਮ ਦੀ ਆਸ ਕਰ ਸਕਦੇ ਹਨ
[ਸਫ਼ੇ 31 ਉੱਤੇ ਤਸਵੀਰ]
ਅੰਤ ਤਕ ਧੀਰਜ ਰੱਖਣ ਵਾਲਿਆਂ ਨੂੰ ਇਨਾਮ ਮਿਲੇਗਾ
[ਸਫ਼ੇ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Copyright British Museum