ਸਦਗੁਣੀ ਬਣਨ ਦਾ ਕੀ ਫ਼ਾਇਦਾ ਹੈ?
ਪੰਜਾਹਾਂ ਕੁ ਸਾਲਾਂ ਦਾ ਇਕ ਜਪਾਨੀ ਆਦਮੀ ਹਾਲ ਹੀ ਵਿਚ ਅਮਰੀਕਾ ਰਹਿਣ ਲਈ ਗਿਆ। ਕੁਝ ਹੀ ਹਫ਼ਤਿਆਂ ਬਾਅਦ ਇਕ ਅਜਿਹੀ ਗੱਲ ਵਾਪਰੀ ਜਿਸ ਵਜੋਂ ਉਸ ਦੇ ਪੂਰੇ ਭਵਿੱਖ ਉੱਤੇ ਅਸਰ ਪੈ ਸਕਦਾ ਸੀ। ਕੁਨੀਹੀਟੋ ਨਾਂ ਦਾ ਇਹ ਆਦਮੀ ਦੱਸਦਾ ਹੈ: “ਸਾਡੇ ਸਭਿਆਚਾਰ ਵਿਚ ਨਿਮਰ ਹੋਣਾ ਇਕ ਸਦਗੁਣ ਸਮਝਿਆ ਜਾਂਦਾ ਹੈ। ਇਸ ਲਈ ਮੇਰੇ ਕੰਮ ਤੇ ਜਦੋਂ ਮੇਰੇ ਮਾਲਕ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਕਿਸੇ ਖ਼ਾਸ ਕੰਮ ਨੂੰ ਸੰਭਾਲ ਸਕਦਾ ਹਾਂ ਕਿ ਨਹੀਂ, ਤਾਂ ਮੈਂ ਜਵਾਬ ਦਿੱਤਾ ਕਿ ‘ਮੈਨੂੰ ਪੂਰਾ ਯਕੀਨ ਨਹੀਂ ਹੈ ਕਿ ਮੈਂ ਇਸ ਨੂੰ ਕਰ ਪਾਵਾਂਗਾ, ਪਰ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ,’ ਭਾਵੇਂ ਮੈਨੂੰ ਯਕੀਨ ਸੀ ਕਿ ਮੈਂ ਉਹ ਕੰਮ ਪੂਰਾ ਕਰ ਸਕਦਾ ਸੀ। ਮੇਰੇ ਅਮਰੀਕੀ ਮਾਲਕ ਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਨਾਕਾਬਲ ਹਾਂ ਅਤੇ ਮੈਨੂੰ ਆਪਣੇ ਆਪ ਤੇ ਇਤਬਾਰ ਨਹੀਂ ਹੈ। ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਕੁਝ ਤਬਦੀਲੀਆਂ ਕਰਨ ਦੀ ਲੋੜ ਸੀ।”a
ਮਰੀਯਾ, ਨਿਊਯਾਰਕ ਸਿਟੀ ਵਿਚ ਰਹਿਣ ਵਾਲੀ ਲੜਕੀ ਹੈ। ਉਹ ਇਕ ਵਧੀਆ ਸਟੂਡੈਂਟ ਸੀ ਅਤੇ ਆਪਣੀ ਕਲਾਸ ਦੇ ਦੂਸਰੇ ਮੈਂਬਰਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ। ਹੁਆਨ ਨਾਂ ਦਾ ਲੜਕਾ ਉਸ ਦੇ ਨਾਲ ਪੜ੍ਹਦਾ ਸੀ ਅਤੇ ਕਦੀ-ਕਦੀ ਮਰੀਯਾ ਕੋਲੋਂ ਮਦਦ ਮੰਗਦਾ ਹੁੰਦਾ ਸੀ। ਪਰ ਹੁਆਨ ਮਰੀਯਾ ਨੂੰ ਪਸੰਦ ਵੀ ਕਰਦਾ ਸੀ ਅਤੇ ਉਸ ਨੇ ਉਸ ਨੂੰ ਮੋਹ ਲੈਣ ਦੀ ਵੀ ਕੋਸ਼ਿਸ਼ ਕੀਤੀ। ਭਾਵੇਂ ਮਰੀਯਾ ਕੋਈ ਗ਼ਲਤ ਕੰਮ ਨਹੀਂ ਕਰਨਾ ਚਾਹੁੰਦੀ ਸੀ ਉਹ ਹੁਆਨ ਦੀਆਂ ਗੱਲਾਂ-ਬਾਤਾਂ ਵਿਚ ਆ ਕੇ ਲਿੰਗੀ ਬਦਚਲਣੀ ਦਾ ਸ਼ਿਕਾਰ ਬਣ ਗਈ।
ਵੱਖ-ਵੱਖ ਸਭਿਆਚਾਰਾਂ ਵਾਲੀ ਅਤੇ ਨੈਤਿਕ ਤੌਰ ਤੇ ਗਿਰੀ ਹੋਈ ਦੁਨੀਆਂ ਵਿਚ ਸਦਗੁਣੀ ਬਣਨਾ ਸੱਚ-ਮੁੱਚ ਔਖਾ ਹੋ ਸਕਦਾ ਹੈ। ਤਾਂ ਫਿਰ ਆਪਣੇ ਆਪ ਵਿਚ ਸਦਗੁਣ ਕਿਉਂ ਪੈਦਾ ਕਰੀਏ? ਕਿਉਂਕਿ ਸਦਗੁਣੀ ਚਾਲ-ਚੱਲਣ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ, ਅਤੇ ਅਸੀਂ ਸਾਰੇ ਜ਼ਰੂਰ ਉਸ ਦੀ ਕਿਰਪਾ ਚਾਹੁੰਦੇ ਹਾਂ।
ਪਰਮੇਸ਼ੁਰ ਦੇ ਬਚਨ ਦੇ ਪੜ੍ਹਨ ਵਾਲਿਆਂ ਨੂੰ ਸਦਗੁਣ ਪੈਦਾ ਕਰਨ ਲਈ ਉਤਸ਼ਾਹ ਦਿੱਤਾ ਜਾਂਦਾ ਹੈ। ਮਿਸਾਲ ਲਈ ਰਸੂਲ ਪੌਲੁਸ ਨੇ ਲਿਖਿਆ ਕਿ “ਜੇ ਕੁਝ ਗੁਣ [ਜਾਂ ਸਦਗੁਣ] ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।” (ਫ਼ਿਲਿੱਪੀਆਂ 4:8) ਅਤੇ ਰਸੂਲ ਪਤਰਸ ਨੇ ਸਾਨੂੰ ਨਸੀਹਤ ਦਿੱਤੀ ਕਿ ਅਸੀਂ ‘ਵੱਡਾ ਜਤਨ ਕਰ ਕੇ ਆਪਣੀ ਨਿਹਚਾ ਨਾਲ ਨੇਕੀ ਵਧਾਈ ਜਾਈਏ।’ (2 ਪਤਰਸ 1:5) ਪਰ ਨੇਕੀ ਯਾਨੀ ਸਦਗੁਣ ਕੀ ਹੈ? ਕੀ ਅਸੀਂ ਇਸ ਬਾਰੇ ਪੜ੍ਹ ਕੇ ਸਿੱਖ ਸਕਦੇ ਹਾਂ? ਅਸੀਂ ਇਸ ਨੂੰ ਕਿਸ ਤਰ੍ਹਾਂ ਆਪਣੇ ਆਪ ਵਿਚ ਵਧਾ ਸਕਦੇ ਹਾਂ?
[ਫੁਟਨੋਟ]
a ਕੁਝ ਨਾਂ ਬਦਲੇ ਗਏ ਹਨ।