ਤੁਸੀਂ ਨਿਰਾਸ਼ਾ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੇ ਹੋ?
● ਆਸਾਫ਼ ਨੇ ਸ਼ਿਕਾਇਤ ਕੀਤੀ: “ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ, ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ।”—ਜ਼ਬੂਰ 73:13, 14.
● ਬਾਰੂਕ ਨੇ ਹਾਉਕੇ ਭਰ ਕੇ ਕਿਹਾ: “ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ।”—ਯਿਰਮਿਯਾਹ 45:3.
● ਨਾਓਮੀ ਨੇ ਅਫ਼ਸੋਸ ਨਾਲ ਕਿਹਾ: “ਸਰਬ ਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁੜੱਤਣ ਦਾ ਕੰਮ ਕੀਤਾ ਹੈ। ਮੈਂ ਭਰੀ ਪੱਲੀਂ ਨਿੱਕਲੀ ਸੀ ਪਰ ਯਹੋਵਾਹ ਮੈਨੂੰ ਸੱਖਣੀ ਮੋੜ ਲਿਆਇਆ ਹੈ। ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਆਖਦੀਆਂ ਹੋ? ਤੁਸੀਂ ਵੇਖਦੇ ਹੋ ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁਖ ਦਿੱਤਾ।”—ਰੂਥ 1:20, 21.
ਬਾਈਬਲ ਵਿਚ ਯਹੋਵਾਹ ਦੇ ਉਨ੍ਹਾਂ ਵਫ਼ਾਦਾਰ ਉਪਾਸਕਾਂ ਦੀਆਂ ਅਨੇਕ ਮਿਸਾਲਾਂ ਹਨ ਜਿਨ੍ਹਾਂ ਨੂੰ ਕਿਸੇ-ਨ-ਕਿਸੇ ਵੇਲੇ ਨਿਰਾਸ਼ਾ ਦੀਆਂ ਭਾਵਨਾਵਾਂ ਨੇ ਕੁਚਲਿਆ ਸੀ। ਅਸਲ ਵਿਚ ਅਸੀਂ ਸਾਰੇ ਅਜਿਹੀਆਂ ਭਾਵਨਾਵਾਂ ਕਦੇ-ਨ-ਕਦੇ ਅਨੁਭਵ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਪਾਪੀ ਹਾਂ। ਕੁਝ ਲੋਕ ਦੂਸਰਿਆਂ ਨਾਲੋਂ ਜ਼ਿਆਦਾ ਨਿਰਾਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਈ ਦਰਦ-ਭਰੀਆਂ ਘਟਨਾਵਾਂ ਦਾ ਸਾਮ੍ਹਣਾ ਕੀਤਾ ਹੈ, ਅਤੇ ਉਹ ਸ਼ਾਇਦ ਕੁਝ ਹੱਦ ਤਕ ਉਦਾਸੀ ਵੀ ਮਹਿਸੂਸ ਕਰਨ।
ਪਰ, ਜੇਕਰ ਅਸੀਂ ਇਨ੍ਹਾਂ ਭਾਵਨਾਵਾਂ ਬਾਰੇ ਕੁਝ ਨਾ ਕਰੀਏ ਤਾਂ ਯਹੋਵਾਹ ਪਰਮੇਸ਼ੁਰ ਅਤੇ ਦੂਸਰਿਆਂ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ। ਇਕ ਮਸੀਹੀ ਭੈਣ ਜੋ ਕਾਫ਼ੀ ਉਦਾਸੀ ਮਹਿਸੂਸ ਕਰਦੀ ਹੈ ਨੇ ਸਵੀਕਾਰ ਕੀਤਾ ਕਿ “ਕਲੀਸਿਯਾ ਵਿਚ ਜਦੋਂ ਭੈਣ-ਭਰਾ ਇਕੱਠੇ ਮਿਲਣ ਦਾ ਕੋਈ ਪ੍ਰਬੰਧ ਕਰਦੇ ਸਨ, ਤਾਂ ਮੈਂ ਕਈ ਵਾਰ ਉਨ੍ਹਾਂ ਦਾ ਸੱਦਾ ਠੁਕਰਾਇਆ ਕਿਉਂਕਿ ਮੈਂ ਮਹਿਸੂਸ ਕਰਦੀ ਸੀ ਕਿ ਮੈਂ ਉਨ੍ਹਾਂ ਨਾਲ ਮੇਲ-ਜੋਲ ਰੱਖਣ ਦੇ ਲਾਇਕ ਨਹੀਂ ਸੀ।” ਅਜਿਹੀਆਂ ਭਾਵਨਾਵਾਂ ਕਿਸੇ ਵਿਅਕਤੀ ਦੇ ਜੀਵਨ ਉੱਤੇ ਕਿੰਨਾ ਬੁਰਾ ਅਸਰ ਪਾਉਂਦੀਆਂ ਹਨ! ਤੁਸੀਂ ਇਨ੍ਹਾਂ ਨੂੰ ਰੋਕਣ ਲਈ ਕੀ ਕਰ ਸਕਦੇ ਹੋ?
ਯਹੋਵਾਹ ਦੇ ਨਜ਼ਦੀਕ ਹੋਵੋ
ਜ਼ਬੂਰ 73 ਵਿਚ ਆਸਾਫ਼ ਨੇ ਆਪਣੀ ਪਰੇਸ਼ਾਨੀ ਬਾਰੇ ਸਾਫ਼-ਸਾਫ਼ ਲਿਖਿਆ ਸੀ। ਜਦੋਂ ਉਸ ਨੇ ਆਪਣਿਆਂ ਹਾਲਾਤਾਂ ਦੀ ਤੁਲਨਾ ਦੁਸ਼ਟ ਲੋਕਾਂ ਦੀ ਖ਼ੁਸ਼ਹਾਲੀ ਨਾਲ ਕੀਤੀ ਤਾਂ ਉਸ ਨੂੰ ਬਹੁਤ ਹੀ ਜਲਣ ਹੋਈ। ਉਸ ਨੇ ਦੇਖਿਆ ਕਿ ਭਾਵੇਂ ਦੁਸ਼ਟ ਲੋਕ ਘਮੰਡੀ ਅਤੇ ਹਿੰਸਕ ਸਨ, ਇਵੇਂ ਲੱਗਦਾ ਸੀ ਕਿ ਉਹ ਫਿਰ ਵੀ ਕਾਮਯਾਬ ਹੋ ਰਹੇ ਸਨ। ਆਸਾਫ਼ ਨੇ ਇਕ ਧਰਮੀ ਜੀਵਨ ਜੀਉਣ ਦੇ ਲਾਭ ਉੱਤੇ ਸ਼ੱਕ ਕੀਤਾ।—ਜ਼ਬੂਰ 73:3-9, 13, 14.
ਕੀ ਤੁਸੀਂ, ਆਸਾਫ਼ ਵਾਂਗ, ਕਦੇ ਉਨ੍ਹਾਂ ਦੁਸ਼ਟ ਲੋਕਾਂ ਦੀ ਕਾਮਯਾਬੀ ਵੱਲ ਧਿਆਨ ਦਿੱਤਾ ਹੈ, ਜੋ ਆਪਣੀਆਂ ਗ਼ਲਤੀਆਂ ਬਾਰੇ ਸ਼ੇਖ਼ੀਆਂ ਮਾਰਦੇ ਹਨ? ਆਸਾਫ਼ ਨੇ ਆਪਣੀਆਂ ਗ਼ਲਤ ਭਾਵਨਾਵਾਂ ਨੂੰ ਕਿਸ ਤਰ੍ਹਾਂ ਰੋਕਿਆ ਸੀ? ਉਹ ਅੱਗੇ ਕਹਿੰਦਾ ਹੈ: “ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ, ਜਦ ਤੀਕ ਮੈਂ ਪਰਮੇਸ਼ੁਰ ਦੇ ਪਵਿੱਤਰ ਅਸਥਾਨ ਦੇ ਵਿੱਚ ਨਾ ਗਿਆ,—ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ!” (ਜ਼ਬੂਰ 73:16, 17) ਆਸਾਫ਼ ਨੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੁਆਰਾ ਸਹੀ ਕਦਮ ਚੁੱਕੇ ਸਨ। ਜਿਵੇਂ ਪੌਲੁਸ ਰਸੂਲ ਨੇ ਬਾਅਦ ਵਿਚ ਕਿਹਾ ਸੀ, ਆਸਾਫ਼ ਨੇ “ਪ੍ਰਾਣਿਕ ਮਨੁੱਖ” ਦੀਆਂ ਗੱਲਾਂ ਛੱਡ ਕੇ ‘ਆਤਮਕ ਮਨੁੱਖ’ ਦੇ ਕੰਮ ਕੀਤੇ। ਰੂਹਾਨੀ ਗੱਲਾਂ ਨੂੰ ਫਿਰ ਸਹੀ ਨਜ਼ਰੀਏ ਤੋਂ ਦੇਖਣ ਨਾਲ ਉਹ ਸਮਝ ਸਕਿਆ ਕਿ ਯਹੋਵਾਹ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ ਅਤੇ ਦੁਸ਼ਟ ਲੋਕਾਂ ਨੂੰ ਸਜ਼ਾ ਦੇਵੇਗਾ।—1 ਕੁਰਿੰਥੀਆਂ 2:14, 15.
ਇਹ ਕਿੰਨਾ ਜ਼ਰੂਰੀ ਹੈ ਕਿ ਤੁਸੀਂ ਜ਼ਿੰਦਗੀ ਦੀ ਅਸਲੀਅਤ ਉੱਤੇ ਧਿਆਨ ਰੱਖਣ ਲਈ ਬਾਈਬਲ ਦੀ ਸਲਾਹ ਕਬੂਲ ਕਰੋ! ਯਹੋਵਾਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਦੁਸ਼ਟ ਲੋਕਾਂ ਦੇ ਕੰਮ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਕੀਤੇ ਜਾਂਦੇ ਹਨ। ਬਾਈਬਲ ਸਿਖਾਉਂਦੀ ਹੈ ਕਿ ‘ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ। ਇਸ ਲਈ ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ।’ (ਗਲਾਤੀਆਂ 6:7-9) ਯਹੋਵਾਹ ਦੁਸ਼ਟ ਲੋਕਾਂ ਨੂੰ “ਤਿਲਕਣਿਆਂ ਥਾਂਵਾਂ ਵਿੱਚ” ਰੱਖੇਗਾ; ਉਹ ਉਨ੍ਹਾਂ ਨੂੰ “ਬਰਬਾਦੀ ਵਿੱਚ ਸੁੱਟ” ਦੇਵੇਗਾ। (ਜ਼ਬੂਰ 73:18) ਅਖ਼ੀਰ ਵਿਚ ਪਰਮੇਸ਼ੁਰ ਦਾ ਇਨਸਾਫ਼ ਜਿੱਤੇਗਾ।
ਲਗਾਤਾਰ ਯਹੋਵਾਹ ਦੇ ਮੇਜ਼ ਤੋਂ ਰੂਹਾਨੀ ਖ਼ੁਰਾਕ ਖਾਣ ਨਾਲ ਅਤੇ ਪਰਮੇਸ਼ੁਰ ਦੇ ਲੋਕਾਂ ਨਾਲ ਚੰਗੀ ਉੱਠਣੀ-ਬੈਠਣੀ ਰੱਖਣ ਨਾਲ ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰੋਗੇ ਅਤੇ ਨਿਰਾਸ਼ਾ ਜਾਂ ਗ਼ਲਤ ਭਾਵਨਾਵਾਂ ਨੂੰ ਰੋਕ ਸਕੋਗੇ। (ਇਬਰਾਨੀਆਂ 10:25) ਆਸਾਫ਼ ਵਾਂਗ ਯਹੋਵਾਹ ਪਰਮੇਸ਼ੁਰ ਦੇ ਨਜ਼ਦੀਕ ਰਹਿ ਕੇ ਤੁਹਾਨੂੰ ਉਸ ਦਾ ਪ੍ਰੇਮਪੂਰਣ ਸਹਾਰਾ ਮਿਲੇਗਾ। ਆਸਾਫ਼ ਅੱਗੇ ਕਹਿੰਦਾ ਹੈ: “ਮੈਂ ਸਦਾ ਤੇਰੇ ਸੰਗ ਹਾਂ, ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ। ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।” (ਜ਼ਬੂਰ 73:23, 24) ਇਕ ਮਸੀਹੀ ਭੈਣ ਨੇ, ਜਿਸ ਨਾਲ ਬਚਪਨ ਵਿਚ ਬੁਰਾ ਸਲੂਕ ਕੀਤਾ ਗਿਆ ਸੀ, ਇਨ੍ਹਾਂ ਸ਼ਬਦਾਂ ਦੀ ਬੁੱਧੀ ਸਿੱਖੀ। ਉਹ ਕਹਿੰਦੀ ਹੈ: “ਕਲੀਸਿਯਾ ਦੇ ਨਜ਼ਦੀਕ ਰਹਿਣ ਨਾਲ ਮੈਨੂੰ ਜੀਵਨ ਦਾ ਇਕ ਵੱਖਰਾ ਪਹਿਲੂ ਦਿੱਸਿਆ। ਮੈਂ ਸਾਫ਼-ਸਾਫ਼ ਦੇਖ ਸਕੀ ਕਿ ਮਸੀਹੀ ਬਜ਼ੁਰਗ ਬਹੁਤ ਹੀ ਪਿਆਰ ਕਰਦੇ ਸਨ, ਉਹ ਚਰਵਾਹੇ ਸਨ ਪੁਲਸੀਏ ਨਹੀਂ।” ਜੀ ਹਾਂ, ਹਮਦਰਦ ਮਸੀਹੀ ਬਜ਼ੁਰਗ ਨੁਕਸਾਨ ਕਰਨ ਵਾਲੀਆਂ ਭਾਵਨਾਵਾਂ ਨੂੰ ਦੂਰ ਕਰਨ ਵਿਚ ਸਾਡੀ ਬਹੁਤ ਮਦਦ ਕਰ ਸਕਦੇ ਹਨ।—ਯਸਾਯਾਹ 32:1, 2; 1 ਥੱਸਲੁਨੀਕੀਆਂ 2:7, 8.
ਯਹੋਵਾਹ ਦੀ ਸਲਾਹ ਕਬੂਲ ਕਰੋ
ਯਿਰਮਿਯਾਹ ਨਬੀ ਦਾ ਸੈਕਟਰੀ ਬਾਰੂਕ ਬਹੁਤ ਦੁਖੀ ਹੋਇਆ ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਮਾਨਸਿਕ ਤਣਾਅ ਅਨੁਭਵ ਕਰ ਰਿਹਾ ਸੀ। ਪਰ ਯਹੋਵਾਹ ਨੇ ਦਇਆ ਨਾਲ ਬਾਰੂਕ ਦਾ ਧਿਆਨ ਅਸਲੀਅਤ ਵੱਲ ਖਿੱਚਿਆ। “ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ, ਯਹੋਵਾਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।”—ਯਿਰਮਿਯਾਹ 45:2-5.
ਯਹੋਵਾਹ ਨੇ ਬਾਰੂਕ ਨੂੰ ਸਾਫ਼-ਸਾਫ਼ ਸਮਝਾਇਆ ਕਿ ਉਸ ਦੀ ਨਿਰਾਸ਼ਾ ਦਾ ਕਾਰਨ ਉਸ ਦੇ ਆਪਣੇ ਸੁਆਰਥੀ ਕੰਮ ਸਨ। ਬਾਰੂਕ ਵੱਡੀਆਂ ਚੀਜ਼ਾਂ ਦੇ ਮਗਰ ਲੱਗ ਕੇ ਪਰਮੇਸ਼ੁਰ ਦੇ ਕੰਮ ਵਿਚ ਖ਼ੁਸ਼ ਨਹੀਂ ਹੋ ਸਕਦਾ ਸੀ। ਤੁਸੀਂ ਵੀ ਸ਼ਾਇਦ ਇਹ ਪਾਓਗੇ ਕਿ ਨਿਰਾਸ਼ਾ ਨੂੰ ਰੋਕਣ ਲਈ ਦੁਨਿਆਵੀ ਚੀਜ਼ਾਂ ਦੀ ਬਜਾਇ ਆਪਣਾ ਧਿਆਨ ਰੂਹਾਨੀ ਗੱਲਾਂ ਉੱਤੇ ਰੱਖਣਾ ਜ਼ਰੂਰੀ ਹੈ ਅਤੇ ਮੰਨ ਦੀ ਉਸ ਸ਼ਾਂਤੀ ਦੀ ਕਦਰ ਕਰਨੀ ਜ਼ਰੂਰੀ ਹੈ ਜੋ ਪਰਮੇਸ਼ੁਰ ਦੇ ਕੰਮਾਂ ਨੂੰ ਪੂਰਿਆਂ ਕਰਨ ਤੋਂ ਮਿਲਦੀ ਹੈ।—ਫ਼ਿਲਿੱਪੀਆਂ 4:6, 7.
ਜਦੋਂ ਨਾਓਮੀ ਦੇ ਪਤੀ ਅਤੇ ਦੋਹਾਂ ਪੁੱਤਰਾਂ ਦੀ ਮੌਤ ਹੋਈ ਉਹ ਦੁੱਖ ਦੀ ਮਾਰੀ ਮੋਆਬ ਵਿਚ ਹੀ ਨਹੀਂ ਬੈਠੀ ਰਹੀ। ਪਰ ਸਾਨੂੰ ਪਤਾ ਲੱਗਦਾ ਹੈ ਕਿ ਉਸ ਨਾਲ ਅਤੇ ਉਸ ਦੀਆਂ ਨੂੰਹਾਂ ਨਾਲ ਬੀਤੀਆਂ ਗੱਲਾਂ ਕਰਕੇ ਉਹ ਕੁਝ ਸਮੇਂ ਲਈ ਉਦਾਸ ਸੀ। ਇਸੇ ਲਈ ਉਨ੍ਹਾਂ ਨੂੰ ਆਪਣੇ ਘਰ ਘੱਲਦੇ ਹੋਏ ਨਾਓਮੀ ਨੇ ਕਿਹਾ: “ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਪਸਰਿਆ ਹੈ।” (ਰੂਥ 1:13) ਜਦੋਂ ਉਹ ਬੈਤਲਹਮ ਪਹੁੰਚੀ ਉਸ ਨੇ ਇਕ ਵਾਰ ਫਿਰ ਜ਼ੋਰ ਪਾ ਕੇ ਕਿਹਾ: “ਮੈਨੂੰ ਨਾਓਮੀ ਅਰਥਾਤ ਭਾਗਾਂਵਾਲੀ ਨਾ ਕਹੋ, ਸਗੋਂ ਮੈਨੂੰ ਮਾਰਾ ਅਰਥਾਤ ਅਭਾਗਣ ਕਹੋ, ਕਿਉਂਕਿ ਸਰਵ ਸ਼ਕਤੀਮਾਨ ਨੇ ਮੇਰੇ ਨਾਲ ਅਤਿ ਬੇਰਹਮੀ ਵਾਲਾ ਵਰਤਾਓ ਕੀਤਾ ਹੈ।”—ਰੂਥ 1:20, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਪਰ ਨਾਓਮੀ ਨੇ ਸੋਗ ਵਿਚ ਬੈਠ ਕੇ ਆਪਣੇ ਆਪ ਨੂੰ ਯਹੋਵਾਹ ਅਤੇ ਉਸ ਦਿਆਂ ਲੋਕਾਂ ਤੋਂ ਵੱਖਰਾ ਨਹੀਂ ਕੀਤਾ ਸੀ। ਮੋਆਬ ਦੇ ਦੇਸ਼ ਵਿਚ ਰਹਿੰਦੇ ਹੋਏ ਉਸ ਨੇ ਇਹ ਗੱਲ ਸੁਣੀ ਸੀ ਕਿ “ਯਹੋਵਾਹ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ।” (ਰੂਥ 1:6) ਉਹ ਜਾਣਦੀ ਸੀ ਕਿ ਉਸ ਲਈ ਸਭ ਤੋਂ ਵਧੀਆ ਜਗ੍ਹਾ ਯਹੋਵਾਹ ਦੇ ਲੋਕਾਂ ਵਿਚਕਾਰ ਸੀ। ਇਸ ਲਈ ਨਾਓਮੀ ਆਪਣੀ ਨੂੰਹ ਰੂਥ ਨੂੰ ਨਾਲ ਲੈ ਕੇ, ਯਹੂਦਾਹ ਨੂੰ ਵਾਪਸ ਚਲੀ ਗਈ। ਉੱਥੇ ਉਸ ਨੇ ਕੁਸ਼ਲਤਾ ਨਾਲ ਰੂਥ ਨੂੰ ਸਲਾਹ ਦਿੱਤੀ ਕਿ ਉਸ ਨੂੰ ਬੋਅਜ਼ ਨਾਲ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ, ਜੋ ਉਨ੍ਹਾਂ ਦਾ ਸਾਕ ਅਤੇ ਛੁਡਾਉਣ ਵਾਲਾ ਸੀ।
ਇਸੇ ਤਰ੍ਹਾਂ ਅੱਜ ਵੀ ਵਫ਼ਾਦਾਰ ਸੇਵਕ ਆਪਣੇ ਸਾਥੀ ਦੀ ਮੌਤ ਤੋਂ ਬਾਅਦ ਮਸੀਹੀ ਕਲੀਸਿਯਾ ਦੇ ਕੰਮਾਂ ਵਿਚ ਲੱਗੇ ਰਹਿਣ ਦੁਆਰਾ ਸਫ਼ਲਤਾ ਨਾਲ ਮਾਨਸਿਕ ਤਣਾਅ ਦਾ ਸਾਮ੍ਹਣਾ ਕਰ ਰਹੇ ਹਨ। ਨਾਓਮੀ ਵਾਂਗ, ਉਹ ਰੂਹਾਨੀ ਗੱਲਾਂ ਵੱਲ ਧਿਆਨ ਦਿੰਦੇ ਰਹਿੰਦੇ ਹਨ, ਅਤੇ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਦੇ ਹਨ।
ਪਰਮੇਸ਼ੁਰ ਦੀ ਸਲਾਹ ਉੱਤੇ ਚੱਲਣ ਦੇ ਲਾਭ
ਬਾਈਬਲ ਦੇ ਇਹ ਬਿਰਤਾਂਤ ਸਾਨੂੰ ਉਹ ਜਾਣਕਾਰੀ ਦਿੰਦੇ ਹਨ ਜਿਸ ਨਾਲ ਅਸੀਂ ਨਿਰਾਸ਼ਾ ਦੀਆਂ ਭਾਵਨਾਵਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਆਸਾਫ਼ ਨੇ ਪਰਮੇਸ਼ੁਰ ਦੇ ਡੇਹਰੇ ਵਿਚ ਜਾ ਕੇ ਉਸ ਦੀ ਮਦਦ ਮੰਗੀ ਅਤੇ ਫਿਰ ਉਸ ਨੇ ਧੀਰਜ ਨਾਲ ਪਰਮੇਸ਼ੁਰ ਦੇ ਜਵਾਬ ਦੀ ਉਡੀਕ ਕੀਤੀ। ਬਾਰੂਕ ਸਲਾਹ ਸਵੀਕਾਰ ਕਰ ਕੇ ਪੈਸਿਆਂ ਅਤੇ ਚੀਜ਼ਾਂ ਨੂੰ ਇਕੱਠਾ ਕਰਨ ਦੇ ਫੰਦੇ ਤੋਂ ਬਚ ਗਿਆ। ਨਾਓਮੀ ਯਹੋਵਾਹ ਦੇ ਲੋਕਾਂ ਵਿਚ ਸੇਵਾ ਕਰਦੀ ਰਹੀ ਅਤੇ ਉਸ ਨੇ ਰੂਥ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਕੀਤਾ।—1 ਕੁਰਿੰਥੀਆਂ 4:7; ਗਲਾਤੀਆਂ 5:26; 6:4.
ਜੇਕਰ ਤੁਸੀਂ ਉਨ੍ਹਾਂ ਜਿੱਤਾਂ ਉੱਤੇ ਮਨਨ ਕਰੋਗੇ ਜੋ ਯਹੋਵਾਹ ਨੇ ਆਪਣਿਆਂ ਲੋਕਾਂ ਨੂੰ ਦਿੱਤੀਆਂ ਹਨ, ਤੁਸੀਂ ਨਿਰਾਸ਼ਾ ਅਤੇ ਦੂਸਰੀਆਂ ਗ਼ਲਤ ਭਾਵਨਾਵਾਂ ਨੂੰ ਰੋਕ ਸਕੋਗੇ। ਯਹੋਵਾਹ ਦੇ ਉਸ ਪ੍ਰੇਮ ਉੱਤੇ ਮਨਨ ਕਰੋ ਜੋ ਉਸ ਨੇ ਆਪਣੇ ਪੁੱਤਰ ਦੇ ਬਲੀਦਾਨ ਦੁਆਰਾ ਦਿਖਾਇਆ ਸੀ। ਮਸੀਹੀ ਭਾਈਚਾਰੇ ਦੇ ਸੱਚੇ ਪ੍ਰੇਮ ਦੀ ਕਦਰ ਕਰੋ। ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣ ਦੀ ਕਲਪਨਾ ਕਰੋ। ਅਤੇ ਆਸਾਫ਼ ਵਾਂਗ ਤੁਸੀਂ ਵੀ ਇਹ ਕਹੋ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਨਣ ਕਰਾਂ।”—ਜ਼ਬੂਰ 73:28.