ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ
ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਲਈ ਸ਼ੁਕਰਗੁਜ਼ਾਰ ਹਨ
ਬਾਬੀਬਲ ਦਾ ਇਹ ਤਰਜਮਾ ਬੜੀ ਮਿਹਨਤ ਨਾਲ ਪੂਰਾ ਕਰਨ ਲਈ 12 ਸਾਲ, 3 ਮਹੀਨੇ, ਅਤੇ 11 ਦਿਨ ਲੱਗੇ ਸਨ। ਫਿਰ 13 ਮਾਰਚ 1960 ਨੂੰ ਇਸ ਦੇ ਆਖ਼ਰੀ ਹਿੱਸੇ ਦਾ ਕੰਮ ਪੂਰਾ ਹੋਇਆ। ਇਸ ਦਾ ਨਾਮ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਰੱਖਿਆ ਗਿਆ।
ਇਕ ਸਾਲ ਬਾਅਦ ਯਹੋਵਾਹ ਦੇ ਗਵਾਹਾਂ ਨੇ ਇਸ ਪੂਰੇ ਤਰਜਮੇ ਨੂੰ ਇਕ ਕਿਤਾਬ ਵਜੋਂ ਛਾਪਿਆ। ਇਸ ਐਡੀਸ਼ਨ ਦੀਆਂ 10 ਲੱਖ ਕਾਪੀਆਂ 1961 ਵਿਚ ਛਾਪੀਆਂ ਗਈਆਂ ਸਨ। ਹੁਣ ਤਕ ਇਸ ਦੀਆਂ 10 ਕਰੋੜ ਕਾਪੀਆਂ ਛੱਪ ਚੁੱਕੀਆਂ ਹਨ ਜਿਸ ਕਰਕੇ ਨਿਊ ਵਰਲਡ ਟ੍ਰਾਂਸਲੇਸ਼ਨ ਸਭ ਤੋਂ ਜ਼ਿਆਦਾ ਵੰਡੀਆਂ ਗਈਆਂ ਬਾਈਬਲਾਂ ਵਿਚ ਗਿਣੀ ਜਾਂਦੀ ਹੈ। ਪਰ ਇਸ ਤਰਜਮੇ ਨੂੰ ਤਿਆਰ ਕਰਨ ਦੀ ਜ਼ਰੂਰਤ ਕਿਉਂ ਪਈ ਸੀ?
ਬਾਈਬਲ ਦੇ ਨਵੇਂ ਤਰਜਮੇ ਦੀ ਜ਼ਰੂਰਤ ਕਿਉਂ?
ਯਹੋਵਾਹ ਦੇ ਗਵਾਹਾਂ ਨੇ ਸਾਲਾਂ ਤੋਂ ਬਾਈਬਲ ਨੂੰ ਖ਼ੁਦ ਸਮਝਣ ਅਤੇ ਦੂਸਰਿਆਂ ਨੂੰ ਸਮਝਾਉਣ ਵਾਸਤੇ ਅੰਗ੍ਰੇਜ਼ੀ ਬਾਈਬਲ ਦੇ ਵੱਖਰੇ-ਵੱਖਰੇ ਤਰਜਮੇ ਇਸਤੇਮਾਲ ਕੀਤੇ ਹਨ। ਇਨ੍ਹਾਂ ਤਰਜਮਿਆਂ ਦੀਆਂ ਖੂਬੀਆਂ ਤਾਂ ਹਨ, ਪਰ ਇਹ ਅਕਸਰ ਇਸਾਈ-ਜਗਤ ਦੇ ਰੀਤਾਂ-ਰਿਵਾਜਾਂ ਅਤੇ ਸਿਧਾਂਤਾਂ ਨਾਲ ਭਰੇ ਹੋਏ ਹੁੰਦੇ ਹਨ। (ਮੱਤੀ 15:6) ਇਸ ਕਰਕੇ ਯਹੋਵਾਹ ਦੇ ਗਵਾਹਾਂ ਨੇ ਪਛਾਣਿਆ ਕਿ ਇਕ ਅਜਿਹੇ ਤਰਜਮੇ ਦੀ ਜ਼ਰੂਰਤ ਸੀ ਜੋ ਬਾਈਬਲ ਦੀਆਂ ਮੁੱਢਲੀਆਂ ਭਾਸ਼ਾਵਾਂ ਨੂੰ ਸਹੀ-ਸਹੀ ਤਰੀਕੇ ਵਿਚ ਪੇਸ਼ ਕਰੇ।
ਇਸ ਵਿਚ ਪਹਿਲਾ ਕਦਮ ਅਕਤੂਬਰ 1946 ਵਿਚ ਚੁੱਕਿਆ ਗਿਆ ਜਦੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ, ਭਰਾ ਨੇਥਨ ਨੌਰ ਨੇ ਬਾਈਬਲ ਦੇ ਨਵੇਂ ਤਰਜਮੇ ਦਾ ਅਨੁਵਾਦ ਕੀਤੇ ਜਾਣ ਦਾ ਸੁਝਾਅ ਪੇਸ਼ ਕੀਤਾ। ਫਿਰ 2 ਦਸੰਬਰ 1947 ਨੂੰ ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਨੇ ਅਜਿਹਾ ਤਰਜਮਾ ਤਿਆਰ ਕਰਨਾ ਸ਼ੁਰੂ ਕੀਤਾ ਜਿਸ ਨੇ ਮੁੱਢਲੀਆਂ ਭਾਸ਼ਾਵਾਂ ਨੂੰ ਸਹੀ-ਸਹੀ ਤਰੀਕੇ ਵਿਚ ਪੇਸ਼ ਕਰਨਾ ਸੀ। ਉਸ ਤਰਜਮੇ ਨੇ ਨਵੇਂ ਲੱਭੇ ਗਏ ਹੱਥ-ਲਿਖਤੀ ਦਸਤਾਵੇਜ਼ਾਂ ਵਿੱਚੋਂ ਤਾਜ਼ੀਆਂ-ਤਾਜ਼ੀਆਂ ਗੱਲਾਂ ਨੂੰ ਵੀ ਪੇਸ਼ ਕਰਨਾ ਸੀ ਅਤੇ ਅਜਿਹੀ ਭਾਸ਼ਾ ਵਰਤਨੀ ਸੀ ਜੋ ਅੱਜ ਦੇ ਪਾਠਕਾਂ ਲਈ ਪੜ੍ਹਨੀ ਆਸਾਨ ਹੋਣੀ ਸੀ।
ਇਸ ਤਰਜਮੇ ਦਾ ਪਹਿਲਾ ਭਾਗ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ 1950 ਵਿਚ ਛਾਪਿਆ ਗਿਆ ਸੀ। ਉਸ ਤੋਂ ਸਾਫ਼ ਜ਼ਾਹਰ ਹੋਇਆ ਕਿ ਅਨੁਵਾਦਕ ਜੋ ਕਰਨ ਨਿਕਲੇ ਸਨ ਉਨ੍ਹਾਂ ਨੇ ਪੂਰਾ ਕੀਤਾ। ਬਾਈਬਲ ਦੀਆਂ ਜੋ ਆਇਤਾਂ ਪਹਿਲਾਂ ਸਮਝਣੀਆਂ ਮੁਸ਼ਕਲ ਸਨ, ਹੁਣ ਚੰਗੀ ਤਰ੍ਹਾਂ ਸਮਝ ਆਉਂਦੀਆਂ ਸਨ। ਮਿਸਾਲ ਲਈ ਮੱਤੀ 5:3 ਵੱਲ ਧਿਆਨ ਦਿਓ: “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ।” ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਧੰਨ ਉਹ ਹਨ ਜੋ ਆਪਣੀ ਰੂਹਾਨੀ ਲੋੜ ਪਛਾਣਦੇ ਹਨ।” ਮੱਤੀ 24:3 ਵਿਚ ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਸੀ ਕਿ “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” ਇਸ ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਸੀ: “ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੀ ਮੌਜੂਦਗੀ ਅਤੇ ਸੰਸਾਰ ਦੇ ਅੰਤ ਦਾ ਕੀ ਲੱਛਣ ਹੋਵੇਗਾ?” ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਨੇ ਬਾਈਬਲ ਦੀਆਂ ਕਈ ਗੱਲਾਂ ਚੰਗੀ ਤਰ੍ਹਾਂ ਸਮਝਣ ਵਿਚ ਬੜੀ ਮਦਦ ਕੀਤੀ ਹੈ।
ਇਸ ਤਰਜਮੇ ਨੇ ਕਈਆਂ ਵਿਦਵਾਨਾਂ ਉੱਤੇ ਵੀ ਪ੍ਰਭਾਵ ਪਾਇਆ। ਮਿਸਾਲ ਵਜੋਂ ਬਾਈਬਲ ਦੇ ਬ੍ਰਿਟਿਸ਼ ਵਿਦਵਾਨ, ਐਲੇਗਜ਼ੈਂਡਰ ਟੋਮਸਨ ਨੇ ਨੋਟ ਕੀਤਾ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਯੂਨਾਨੀ ਦੇ ਵਰਤਮਾਨ ਕਾਲ ਦਾ ਬੜੀ ਸਹੀ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ। ਉਦਾਹਰਣ ਵਜੋਂ ਅਫ਼ਸੀਆਂ 5:25 ਵਿਚ ਪੰਜਾਬੀ ਬਾਈਬਲ ਵਿਚ ਲਿਖਿਆ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ।” ਪਰ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਸੀ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਕਰਦੇ ਰਹੋ।” ਸ਼੍ਰੀਮਾਨ ਟੋਮਸਨ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਬਾਰੇ ਕਿਹਾ ਕਿ “ਹੋਰ ਕੋਈ ਵੀ ਤਰਜਮਾ ਯੂਨਾਨੀ ਦੇ ਵਰਤਮਾਨ ਕਾਲ ਦਾ ਇੰਨੀ ਪੂਰੀ ਤਰ੍ਹਾਂ ਅਤੇ ਇੰਨੀ ਵਾਰ ਅਨੁਵਾਦ ਨਹੀਂ ਕਰਦਾ।”
ਨਿਊ ਵਰਲਡ ਟ੍ਰਾਂਸਲੇਸ਼ਨ ਦੇ ਯੂਨਾਨੀ ਅਤੇ ਇਬਰਾਨੀ ਹਿੱਸਿਆਂ ਵਿਚ ਇਕ ਹੋਰ ਵਧੀਆ ਚੀਜ਼ ਪਰਮੇਸ਼ੁਰ ਦੇ ਨਾਂ, ਯਹੋਵਾਹ ਦੀ ਵਰਤੋ ਹੈ। ਬਾਈਬਲ ਦੇ ਪੁਰਾਣੇ ਨੇਮ ਵਿਚ ਪਰਮੇਸ਼ੁਰ ਦਾ ਇਬਰਾਨੀ ਨਾਂ ਤਕਰੀਬਨ 7,000 ਵਾਰ ਆਉਂਦਾ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਸਾਡਾ ਕਰਤਾਰ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਲਈਏ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣੀਏ। (ਕੂਚ 34:6, 7) ਨਿਊ ਵਰਲਡ ਟ੍ਰਾਂਸਲੇਸ਼ਨ ਨੇ ਲੱਖਾਂ ਹੀ ਲੋਕਾਂ ਦੀ ਮਦਦ ਕੀਤੀ ਹੈ ਕਿ ਉਹ ਇਸ ਤਰ੍ਹਾਂ ਕਰ ਸਕਣ।
ਨਿਊ ਵਰਲਡ ਟ੍ਰਾਂਸਲੇਸ਼ਨ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ
ਜਦ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਅੰਗ੍ਰੇਜ਼ੀ ਵਿਚ ਛਪੀ ਹੈ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਕਈਆਂ ਕਾਰਨਾਂ ਕਰਕੇ ਇਸ ਨੂੰ ਆਪਣੀ ਮਾਂ ਬੋਲੀ ਵਿਚ ਚਾਹੁੰਦੇ ਆਏ ਹਨ। ਕੁਝ ਦੇਸ਼ਾਂ ਦੀਆਂ ਦੇਸੀ ਬੋਲੀਆਂ ਵਿਚ ਬਾਈਬਲਾਂ ਪ੍ਰਾਪਤ ਕਰਨੀਆਂ ਔਖੀਆਂ ਸਨ ਕਿਉਂਕਿ ਇਨ੍ਹਾਂ ਨੂੰ ਵੰਡਣ ਵਾਲੇ ਬਾਈਬਲ ਸੋਸਾਇਟੀਆਂ ਦੇ ਲੋਕ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਬਾਈਬਲਾਂ ਯਹੋਵਾਹ ਦੇ ਗਵਾਹਾਂ ਦੇ ਹੱਥਾਂ ਵਿਚ ਜਾਣ। ਇਸ ਤੋਂ ਇਲਾਵਾ ਦੇਸੀ ਬੋਲੀਆਂ ਦੀਆਂ ਬਾਈਬਲਾਂ ਵਿਚ ਜ਼ਰੂਰੀ ਸੱਚਾਈਆਂ ਚੰਗੀ ਤਰ੍ਹਾਂ ਜ਼ਾਹਰ ਨਹੀਂ ਹੁੰਦੀਆਂ ਸਨ। ਇਸ ਦੀ ਇਕ ਉਦਾਹਰਣ ਯੂਰਪ ਦੀ ਇਕ ਦੱਖਣੀ ਬੋਲੀ ਦੀ ਬਾਈਬਲ ਵਿਚ ਦੇਖੀ ਜਾ ਸਕਦੀ ਹੈ ਜੋ ਪਰਮੇਸ਼ੁਰ ਦੇ ਨਾਂ ਦਾ ਜ਼ਿਕਰ ਲੁਕਾਉਂਦੀ ਹੈ। ਯਿਸੂ ਨੇ ਪ੍ਰਾਰਥਨਾ ਸਿਖਾਉਂਦੇ ਹੋਏ ਕਿਹਾ ਸੀ: “ਤੇਰਾ ਨਾਮ ਪਾਕ ਮੰਨਿਆ ਜਾਵੇ,” ਪਰ ਇਸ ਬਾਈਬਲ ਵਿਚ ਲਿਖਿਆ ਹੈ “ਤੇਰਾ ਆਦਰ ਕੀਤਾ ਜਾਵੇ।”—ਮੱਤੀ 6:9.
ਅਨੁਵਾਦਕਾਂ ਨੇ 1961 ਵਿਚ ਹੀ ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਅਨੁਵਾਦ ਹੋਰਨਾਂ ਬੋਲੀਆਂ ਵਿਚ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿਰਫ਼ ਦੋ ਸਾਲਾਂ ਬਾਅਦ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਅਨੁਵਾਦ ਛੇ ਹੋਰ ਭਾਸ਼ਾਵਾਂ ਵਿਚ ਪੂਰਾ ਕੀਤਾ ਗਿਆ ਸੀ। ਉਸ ਸਮੇਂ ਤਕ ਦੁਨੀਆਂ ਭਰ ਦੇ ਚਾਰਾਂ ਵਿੱਚੋਂ ਤਿੰਨ ਗਵਾਹ ਬਾਈਬਲ ਦੇ ਇਸ ਤਰਜਮੇ ਨੂੰ ਆਪਣੀ ਮਾਂ ਬੋਲੀ ਵਿਚ ਪੜ੍ਹ ਸਕਦੇ ਸਨ। ਪਰ ਅਜੇ ਬਹੁਤ ਕੰਮ ਕਰਨ ਵਾਲਾ ਪਿਆ ਸੀ ਜੇਕਰ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦੇ ਇਸ ਤਰਜਮੇ ਨੂੰ ਲੱਖਾਂ ਹੋਰਨਾਂ ਲੋਕਾਂ ਤਕ ਪਹੁੰਚਾਉਣਾ ਸੀ।
ਇਸ ਟੀਚੇ ਨੂੰ ਨੇਪਰੇ ਚਾੜ੍ਹਨ ਵਾਸਤੇ 1989 ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਤੇ ਤਰਜਮੇ ਦੀ ਸੇਵਾ ਦਾ ਵਿਭਾਗ ਸਥਾਪਿਤ ਕੀਤਾ ਗਿਆ। ਇਸ ਵਿਭਾਗ ਨੇ ਅਨੁਵਾਦ ਕਰਨ ਦਾ ਅਜਿਹਾ ਤਰੀਕਾ ਸ਼ੁਰੂ ਕੀਤਾ ਜੋ ਬਾਈਬਲੀ ਸ਼ਬਦਾਂ ਦੇ ਅਧਿਐਨ ਨੂੰ ਕੰਪਿਊਟਰ ਤਕਨਾਲੋਜੀ ਨਾਲ ਮਿਲਾਉਂਦਾ ਹੈ। ਇਸ ਤਰੀਕੇ ਦੀ ਵਰਤੋ ਨਾਲ ਬਾਈਬਲ ਦੇ ਮਸੀਹੀ ਯੂਨਾਨੀ ਹਿੱਸੇ ਦਾ ਅਨੁਵਾਦ ਹੋਰਨਾਂ ਭਾਸ਼ਾਵਾਂ ਵਿਚ ਇਕ ਸਾਲ ਵਿਚ ਕੀਤਾ ਗਿਆ ਅਤੇ ਇਬਰਾਨੀ ਹਿੱਸੇ ਦਾ ਅਨੁਵਾਦ ਦੋ ਸਾਲਾਂ ਵਿਚ ਕੀਤਾ ਗਿਆ। ਆਮ ਤੌਰ ਤੇ ਹੋਰਨਾਂ ਤਰੀਕਿਆਂ ਨਾਲ ਬਾਈਬਲ ਦਾ ਅਨੁਵਾਦ ਕਰਨ ਨੂੰ ਇਸ ਤੋਂ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ। ਜਦ ਦਾ ਅੰਗ੍ਰੇਜ਼ੀ ਤੋਂ ਦੇਸੀ ਭਾਸ਼ਾਵਾਂ ਵਿਚ ਤਰਜਮਾ ਕਰਨ ਦਾ ਇਹ ਤਰੀਕਾ ਸ਼ੁਰੂ ਕੀਤਾ ਗਿਆ ਹੈ 200 ਕਰੋੜ ਤੋਂ ਜ਼ਿਆਦਾ ਦੇਸੀ ਭਾਸ਼ਾ ਬੋਲਣ ਵਾਲੇ ਬੰਦਿਆਂ ਲਈ ਨਿਊ ਵਰਲਡ ਟ੍ਰਾਂਸਲੇਸ਼ਨ ਦੀਆਂ 29 ਐਡੀਸ਼ਨਾਂ ਛਪ ਚੁੱਕੀਆਂ ਹਨ। ਬਾਰਾਂ ਹੋਰ ਭਾਸ਼ਾਵਾਂ ਵਿਚ ਕੰਮ ਹੁਣ ਚਾਲੂ ਹੈ। ਅੱਜ ਤਕ ਅੰਗ੍ਰੇਜ਼ੀ ਦੀ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਜਾਂ ਇਸ ਦੇ ਹਿੱਸਿਆਂ ਦਾ 41 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ।
ਤਿੰਨ ਅਗਸਤ 1950 ਦੇ ਦਿਨ ਨਿਊਯਾਰਕ ਸਿਟੀ ਵਿਚ ਥੀਓਕਰੇਸੀਸ ਇਨਕਰੀਜ਼ ਸੰਮੇਲਨ ਤੇ ਨਿਊ ਵਰਲਡ ਟ੍ਰਾਂਸਲੇਸ਼ਨ ਦੇ ਪਹਿਲੇ ਹਿੱਸੇ ਨੂੰ ਰਿਲੀਸ ਕੀਤੇ ਹੁਣ 50 ਤੋਂ ਵੱਧ ਸਾਲ ਹੋ ਗਏ ਹਨ। ਉਸ ਮੌਕੇ ਤੇ ਭਰਾ ਨੇਥਨ ਨੌਰ ਨੇ ਹਾਜ਼ਰੀਨ ਨੂੰ ਕਿਹਾ ਸੀ: “ਇਸ ਤਰਜਮੇ ਨੂੰ ਚੁੱਕੋ। ਇਸ ਨੂੰ ਪੜ੍ਹੋ, ਅਤੇ ਇਹ ਪੜ੍ਹਾਈ ਮਜ਼ੇਦਾਰ ਹੋਵੇਗੀ। ਇਸ ਦੀ ਸਟੱਡੀ ਕਰੋ ਕਿਉਂਕਿ ਫਿਰ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ। ਇਸ ਨੂੰ ਦੂਸਰਿਆਂ ਤਕ ਵੀ ਪਹੁੰਚਾਓ।” ਅਸੀਂ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਵੀ ਬਾਈਬਲ ਨੂੰ ਰੋਜ਼ ਪੜ੍ਹੋ ਕਿਉਂਕਿ ਇਸ ਦਾ ਸੰਦੇਸ਼ ਤੁਹਾਡੀ ਮਦਦ ਕਰੇਗਾ “ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ।”—ਕੁਲੁੱਸੀਆਂ 4:12.
[ਸਫ਼ੇ 8, 9 ਉੱਤੇ ਗ੍ਰਾਫ/ਤਸਵੀਰਾਂ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
“ਨਿਊ ਵਰਲਡ ਟ੍ਰਾਂਸਲੇਸ਼ਨ ਦੀਆਂ ਰਿਲੀਸਾਂ”
ਸਭ ਤੋਂ ਪਹਿਲਾਂ ਨਿਊ ਵਰਲਡ ਟ੍ਰਾਂਸਲੇਸ਼ਨ ਅੰਗ੍ਰੇਜ਼ੀ ਵਿਚ ਰਿਲੀਸ ਕੀਤੀ ਗਈ ਸੀ, ਪਰ ਹੁਣ ਪੂਰੀ ਬਾਈਬਲ ਜਾਂ ਉਸ ਦੇ ਹਿੱਸੇ 41 ਹੋਰ ਭਾਸ਼ਾਵਾਂ ਵਿਚ ਉਪਲਬਧ ਹਨ
ਮਸੀਹੀ ਯੂਨਾਨੀ ਸ਼ਾਸਤਰ ਪੂਰੀ ਬਾਈਬਲ
1950 1
1960-69 6 5
1970-79 4 2
1980-89 2 2
1990-ਹੁਣ ਤਕ 29 19