ਇਕ ਮੁੰਡੇ ਨੇ ਆਪਣੇ ਪਿਤਾ ਦੀ ਮਦਦ ਕੀਤੀ
ਇੰਗਲੈਂਡ ਵਿਚ ਰਹਿਣ ਵਾਲਾ 32 ਸਾਲਾਂ ਦਾ ਜੇਮਜ਼ ਦਿਮਾਗ਼ੀ ਤੌਰ ਤੇ ਅਪੰਗ ਹੈ ਤੇ ਕੁਝ ਹੱਦ ਤਕ ਉਸ ਨੂੰ ਆਤਮਲੀਨਤਾ (autism) ਨਾਂ ਦੀ ਬੀਮਾਰੀ ਹੈ। ਫਿਰ ਵੀ, ਉਹ ਕਈ ਸਾਲਾਂ ਤੋਂ ਆਪਣੀ ਮਾਂ ਤੇ ਭੈਣ ਨਾਲ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਂਦਾ ਹੈ। ਪਰ ਉਸ ਦੇ ਪਿਤਾ ਨੇ ਉਨ੍ਹਾਂ ਦੇ ਵਿਸ਼ਵਾਸਾਂ ਵਿਚ ਕਦੇ ਵੀ ਦਿਲਚਸਪੀ ਨਹੀਂ ਦਿਖਾਈ। ਇਕ ਸ਼ਾਮ ਨੂੰ ਸਭਾ ਵਿਚ ਇਕ ਪ੍ਰਦਰਸ਼ਨ ਦਿਖਾਇਆ ਗਿਆ ਸੀ ਕਿ ਮਸੀਹ ਦੀ ਮੌਤ ਦੇ ਸਮਾਰਕ ਸਮਾਰੋਹ ਲਈ ਆਪਣੇ ਜਾਣ-ਪਛਾਣ ਵਾਲਿਆਂ ਨੂੰ ਕਿਵੇਂ ਸੱਦਾ ਦੇਣਾ ਹੈ। ਘਰ ਆਉਣ ਤੋਂ ਬਾਅਦ ਜੇਮਜ਼ ਫਟਾਫਟ ਆਪਣੇ ਕਮਰੇ ਵਿਚ ਗਿਆ। ਉਸ ਦੀ ਫ਼ਿਕਰਮੰਦ ਮਾਂ ਵੀ ਉਸ ਦੇ ਪਿੱਛੇ-ਪਿੱਛੇ ਗਈ ਤੇ ਉਸ ਨੇ ਦੇਖਿਆ ਕਿ ਉਹ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੇ ਪੁਰਾਣੇ ਅੰਕਾਂ ਵਿੱਚੋਂ ਕੁਝ ਲੱਭ ਰਿਹਾ ਸੀ। ਉਸ ਨੇ ਇਕ ਰਸਾਲੇ ਨੂੰ ਚੁਣਿਆ ਜਿਸ ਦੇ ਅਖ਼ੀਰਲੇ ਸਫ਼ੇ ਉੱਤੇ ਸਮਾਰਕ ਦਾ ਸੱਦਾ ਦਿੱਤਾ ਗਿਆ ਸੀ। ਉਹ ਭੱਜ ਕੇ ਆਪਣੇ ਪਿਤਾ ਜੀ ਕੋਲ ਗਿਆ। ਉਸ ਨੇ ਪਹਿਲਾਂ ਫੋਟੋ ਵੱਲ ਇਸ਼ਾਰਾ ਕੀਤਾ ਤੇ ਫਿਰ ਆਪਣੇ ਪਿਤਾ ਜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ: “ਤੁਸੀਂ!” ਉਸ ਦੇ ਮਾਤਾ-ਪਿਤਾ ਨੇ ਇਕ-ਦੂਜੇ ਵੱਲ ਹੈਰਾਨੀ ਨਾਲ ਦੇਖਿਆ ਤੇ ਸਮਝ ਗਏ ਕਿ ਜੇਮਜ਼ ਆਪਣੇ ਪਿਤਾ ਜੀ ਨੂੰ ਸਮਾਰਕ ਵਾਸਤੇ ਸੱਦਾ ਦੇ ਰਿਹਾ ਸੀ। ਉਸ ਦੇ ਪਿਤਾ ਜੀ ਨੇ ਕਿਹਾ ਕਿ ਉਹ ਸ਼ਾਇਦ ਆਵੇਗਾ।
ਸਮਾਰਕ ਦੀ ਸ਼ਾਮ ਨੂੰ ਜੇਮਜ਼ ਆਪਣੇ ਪਿਤਾ ਜੀ ਦੀ ਅਲਮਾਰੀ ਵਿੱਚੋਂ ਇਕ ਪੈਂਟ ਕੱਢ ਕੇ ਆਪਣੇ ਪਿਤਾ ਜੀ ਕੋਲ ਲੈ ਗਿਆ ਤੇ ਉਸ ਨੇ ਉਸ ਨੂੰ ਪੈਂਟ ਪਾਉਣ ਦਾ ਇਸ਼ਾਰਾ ਕੀਤਾ। ਉਸ ਦੇ ਪਿਤਾ ਜੀ ਨੇ ਕਿਹਾ ਕਿ ਉਹ ਸਮਾਰਕ ਲਈ ਨਹੀਂ ਜਾਵੇਗਾ। ਇਸ ਲਈ ਜੇਮਜ਼ ਤੇ ਉਸ ਦੀ ਮਾਂ ਦੋਵੇਂ ਹੀ ਕਿੰਗਡਮ ਹਾਲ ਚਲੇ ਗਏ।
ਪਰ ਕੁਝ ਦਿਨਾਂ ਬਾਅਦ, ਜਦੋਂ ਵੀ ਜੇਮਜ਼ ਦੀ ਮਾਂ ਉਸ ਨੂੰ ਸਭਾ ਵਾਸਤੇ ਤਿਆਰ ਕਰਨ ਦੀ ਕੋਸ਼ਿਸ਼ ਕਰਦੀ ਸੀ, ਤਾਂ ਉਹ ਕੱਪੜੇ ਪਾਉਣ ਤੋਂ ਇਨਕਾਰ ਕਰ ਦਿੰਦਾ ਸੀ ਅਤੇ ਸਭਾਵਾਂ ਵਿਚ ਜਾਣ ਦੀ ਬਜਾਇ ਆਪਣੇ ਪਿਤਾ ਜੀ ਨਾਲ ਘਰ ਵਿਚ ਹੀ ਰਹਿਣਾ ਪਸੰਦ ਕਰਦਾ ਸੀ। ਇਕ ਐਤਵਾਰ ਸਵੇਰੇ, ਜੇਮਜ਼ ਨੇ ਫਿਰ ਸਭਾ ਲਈ ਤਿਆਰ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਮਾਂ ਨੂੰ ਬਹੁਤ ਹੈਰਾਨੀ ਹੋਈ ਜਦੋਂ ਜੇਮਜ਼ ਦੇ ਪਿਤਾ ਜੀ ਨੇ ਉਸ ਕੋਲ ਆ ਕੇ ਕਿਹਾ, “ਜੇਮਜ਼, ਜੇ ਅੱਜ ਮੈਂ ਸਭਾ ਵਿਚ ਜਾਵਾਂ, ਤਾਂ ਕੀ ਤੂੰ ਵੀ ਚੱਲੇਂਗਾ?” ਜੇਮਜ਼ ਦਾ ਚਿਹਰਾ ਖਿੜ ਗਿਆ। ਉਸ ਨੇ ਆਪਣੇ ਪਿਤਾ ਜੀ ਨੂੰ ਜੱਫੀ ਪਾ ਕੇ ਕਿਹਾ “ਹਾਂ!” ਅਤੇ ਉਹ ਤਿੰਨੇ ਕਿੰਗਡਮ ਹਾਲ ਚਲੇ ਗਏ।
ਉਸ ਦਿਨ ਤੋਂ ਜੇਮਜ਼ ਦੇ ਪਿਤਾ ਜੀ ਨੇ ਹਰ ਐਤਵਾਰ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਤੇ ਜਲਦੀ ਹੀ ਆਪਣਾ ਇਰਾਦਾ ਜ਼ਾਹਰ ਕੀਤਾ ਕਿ ਜੇ ਉਸ ਨੇ ਤਰੱਕੀ ਕਰਨੀ ਹੈ, ਤਾਂ ਉਸ ਨੂੰ ਦੂਸਰੀਆਂ ਸਭਾਵਾਂ ਵਿਚ ਵੀ ਜਾਣਾ ਪਵੇਗਾ। (ਇਬਰਾਨੀਆਂ 10:24, 25) ਉਸ ਨੇ ਇਸੇ ਤਰ੍ਹਾਂ ਕੀਤਾ ਅਤੇ ਦੋ ਮਹੀਨਿਆਂ ਬਾਅਦ ਉਸ ਨੇ ਬਾਈਬਲ ਦਾ ਬਾਕਾਇਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਤੇਜ਼ੀ ਨਾਲ ਤਰੱਕੀ ਕੀਤੀ ਅਤੇ ਉਸ ਨੇ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਤਬਦੀਲੀਆਂ ਕੀਤੀਆਂ ਅਤੇ ਜਲਦੀ ਹੀ ਉਸ ਨੇ ਰਾਜ ਦੇ ਪ੍ਰਚਾਰ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਕ ਸਾਲ ਬਾਈਬਲ ਸਟੱਡੀ ਕਰਨ ਤੋਂ ਬਾਅਦ ਉਸ ਨੇ ਯਹੋਵਾਹ ਨੂੰ ਆਪਣਾ ਸਮਰਪਣ ਕਰ ਦਿੱਤਾ ਅਤੇ ਇਸ ਦੇ ਪ੍ਰਤੀਕ ਵਜੋਂ ਬਪਤਿਸਮਾ ਲਿਆ। ਉਹ ਇਸ ਵੇਲੇ ਆਪਣੀ ਕਲੀਸਿਯਾ ਵਿਚ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰਦਾ ਹੈ। ਹੁਣ ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਿਹਾ ਹੈ।