ਮਸੀਹੀ ਆਤਮਾ ਤੇ ਸੱਚਾਈ ਨਾਲ ਭਗਤੀ ਕਰਦੇ ਹਨ
“ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।”—ਯੂਹੰਨਾ 4:24.
1. ਪਰਮੇਸ਼ੁਰ ਕਿਹੋ ਜਿਹੀ ਭਗਤੀ ਪਸੰਦ ਕਰਦਾ ਹੈ?
ਯਹੋਵਾਹ ਦੇ ਇਕਲੌਤੇ ਪੁੱਤਰ, ਯਿਸੂ ਮਸੀਹ ਨੇ ਸਾਫ਼-ਸਾਫ਼ ਸਮਝਾਇਆ ਸੀ ਕਿ ਉਸ ਦਾ ਸਵਰਗੀ ਪਿਤਾ ਕਿਹੋ ਜਿਹੀ ਭਗਤੀ ਪਸੰਦ ਕਰਦਾ ਹੈ। ਸੁਖਾਰ ਨਗਰ ਨੇੜੇ ਇਕ ਖੂਹ ਤੇ ਸਾਮਰੀ ਔਰਤ ਨੂੰ ਵਧੀਆ ਗਵਾਹੀ ਦਿੰਦੇ ਹੋਏ ਯਿਸੂ ਨੇ ਕਿਹਾ: “ਤੁਸੀਂ ਜਿਹ ਨੂੰ ਨਹੀਂ ਜਾਣਦੇ ਉਹ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ। ਪਰ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:22-24) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?
2. ਸਾਮਰੀ ਆਪਣੀ ਉਪਾਸਨਾ ਕਿਸ ਚੀਜ਼ ਉੱਤੇ ਆਧਾਰਿਤ ਕਰਦੇ ਸਨ?
2 ਸਾਮਰੀ ਝੂਠੀਆਂ ਧਾਰਮਿਕ ਸਿੱਖਿਆਵਾਂ ਉੱਤੇ ਚੱਲਦੇ ਸਨ। ਉਹ ਸਿਰਫ਼ ਆਪਣੇ ਤਰਜਮੇ ਅਨੁਸਾਰ ਕੀਤੀਆਂ ਗਈਆਂ ਪਵਿੱਤਰ ਸ਼ਾਸਤਰ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਹੀ ਪਰਮੇਸ਼ੁਰ ਦਾ ਬਚਨ ਸਮਝਦੇ ਸਨ। ਇਹ ਤਰਜਮਾ ਸਾਮਰੀ ਤੁਰੇਤ ਵਜੋਂ ਜਾਣਿਆ ਜਾਂਦਾ ਸੀ। ਜਦ ਕਿ ਸਾਮਰੀ ਲੋਕ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਸਨ, ਪਰ ਪਰਮੇਸ਼ੁਰ ਦਾ ਗਿਆਨ ਯਹੂਦੀਆਂ ਨੂੰ ਦਿੱਤਾ ਗਿਆ ਸੀ। (ਰੋਮੀਆਂ 3:1, 2) ਵਫ਼ਾਦਾਰ ਯਹੂਦੀ ਅਤੇ ਦੂਸਰੇ ਲੋਕ ਯਹੋਵਾਹ ਦੀ ਮਿਹਰ ਹਾਸਲ ਕਰ ਸਕਦੇ ਸਨ। ਪਰ ਉਹ ਇਹ ਮਿਹਰ ਕਿੱਦਾਂ ਹਾਸਲ ਕਰ ਸਕਦੇ ਸਨ?
3. ਪਰਮੇਸ਼ੁਰ ਦੀ ਭਗਤੀ “ਆਤਮਾ ਅਰ ਸਚਿਆਈ” ਨਾਲ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ?
3 ਯਹੋਵਾਹ ਨੂੰ ਖ਼ੁਸ਼ ਕਰਨ ਲਈ ਯਹੂਦੀਆਂ, ਸਾਮਰੀਆਂ ਅਤੇ ਦੂਸਰੇ ਲੋਕਾਂ ਨੂੰ ਕੀ ਕਰਨ ਦੀ ਲੋੜ ਸੀ? ਉਨ੍ਹਾਂ ਨੂੰ “ਆਤਮਾ ਅਤੇ ਸਚਿਆਈ ਨਾਲ” ਭਗਤੀ ਕਰਨ ਦੀ ਲੋੜ ਸੀ। ਸਾਨੂੰ ਵੀ ਇਸੇ ਤਰ੍ਹਾਂ ਭਗਤੀ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਸਾਨੂੰ ਦਿਲੋਂ ਨਿਹਚਾ ਰੱਖ ਕੇ ਜੋਸ਼ ਅਤੇ ਪਿਆਰ ਨਾਲ ਭਗਤੀ ਕਰਨੀ ਚਾਹੀਦੀ ਹੈ। ਪਰ ਆਤਮਾ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਲਈ ਸਾਨੂੰ ਖ਼ਾਸ ਕਰਕੇ ਉਸ ਦੀ ਪਵਿੱਤਰ ਆਤਮਾ ਅਤੇ ਉਸ ਦੀ ਅਗਵਾਈ ਵਿਚ ਚੱਲਣ ਦੀ ਲੋੜ ਹੈ। ਇਹ ਜ਼ਰੂਰੀ ਹੈ ਕਿ ਬਾਈਬਲ ਦੀ ਸਟੱਡੀ ਕਰਨ ਅਤੇ ਸਿੱਖੀਆਂ ਗੱਲਾਂ ਉੱਤੇ ਚੱਲਣ ਦੁਆਰਾ ਸਾਡੀ ਆਤਮਾ ਜਾਂ ਸਾਡਾ ਸੁਭਾਅ ਪਰਮੇਸ਼ੁਰ ਦੀ ਪਵਿੱਤਰ ਆਤਮਾ ਮੁਤਾਬਕ ਹੋਵੇ। (1 ਕੁਰਿੰਥੀਆਂ 2:8-12) ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਭਗਤੀ ਨੂੰ ਪਸੰਦ ਕਰੇ, ਤਾਂ ਸਾਨੂੰ ਸੱਚਾਈ ਨਾਲ ਵੀ ਭਗਤੀ ਕਰਨੀ ਚਾਹੀਦੀ ਹੈ। ਇਹ ਭਗਤੀ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਬਾਈਬਲ ਵਿਚ ਦੱਸੀਆਂ ਗਈਆਂ ਗੱਲਾਂ ਮੁਤਾਬਕ ਹੋਣੀ ਚਾਹੀਦੀ ਹੈ।
ਸੱਚਾਈ ਨੂੰ ਲੱਭਿਆ ਜਾ ਸਕਦਾ ਹੈ
4. ਕੁਝ ਲੋਕ ਸੱਚਾਈ ਬਾਰੇ ਕੀ ਸੋਚਦੇ ਹਨ?
4 ਫ਼ਲਸਫ਼ੇ ਦੇ ਕਈ ਵਿਦਿਆਰਥੀ ਸੋਚਦੇ ਹਨ ਕਿ ਅਸਲੀ ਸੱਚਾਈ ਕਦੇ ਇਨਸਾਨਾਂ ਦੇ ਹੱਥ ਨਹੀਂ ਲੱਗ ਸਕਦੀ। ਦਰਅਸਲ ਓਲਫ ਓਲਬਰਗ ਨਾਂ ਦੇ ਇਕ ਸਵੀਡਿਸ਼ ਲੇਖਕ ਨੇ ਲਿਖਿਆ: “ਫ਼ਲਸਫ਼ੇ ਉੱਤੇ ਆਧਾਰਿਤ ਬਹੁਤ ਸਾਰੇ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਕੋਈ ਪੱਕਾ ਜਵਾਬ ਨਹੀਂ ਦਿੱਤਾ ਜਾ ਸਕਦਾ।” ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਕਦੇ ਵੀ ਪੂਰੀ ਸੱਚਾਈ ਨਹੀਂ ਲੱਭ ਸਕਦੇ। ਪਰ ਕੀ ਇਹ ਸੱਚ ਹੈ? ਯਿਸੂ ਮਸੀਹ ਦੇ ਅਨੁਸਾਰ ਇਹ ਸੱਚ ਨਹੀਂ ਹੈ।
5. ਯਿਸੂ ਜਗਤ ਵਿਚ ਕਿਉਂ ਆਇਆ ਸੀ?
5 ਧਿਆਨ ਦਿਓ ਕਿ ਉਦੋਂ ਕੀ ਹੋਇਆ ਸੀ ਜਦੋਂ 33 ਸਾ.ਯੁ. ਵਿਚ ਯਿਸੂ ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਸਾਮ੍ਹਣੇ ਪੇਸ਼ ਹੋਇਆ ਸੀ। ਯਿਸੂ ਨੇ ਪਿਲਾਤੁਸ ਨੂੰ ਕਿਹਾ: ‘ਮੈਂ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।’ ਪਿਲਾਤੁਸ ਨੇ ਪੁੱਛਿਆ: “ਸਚਿਆਈ ਹੁੰਦੀ ਕੀ ਹੈ?” ਪਰ ਉਸ ਨੇ ਯਿਸੂ ਦੇ ਜਵਾਬ ਦਾ ਇੰਤਜ਼ਾਰ ਨਹੀਂ ਕੀਤਾ।—ਯੂਹੰਨਾ 18:36-38.
6. (ੳ) “ਸਚਿਆਈ” ਦਾ ਕੀ ਅਰਥ ਦੱਸਿਆ ਗਿਆ ਹੈ? (ਅ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਹੁਕਮ ਦਿੱਤਾ ਸੀ?
6 ਇਕ ਡਿਕਸ਼ਨਰੀ ਅਨੁਸਾਰ “ਸਚਿਆਈ” ਦਾ ਮਤਲਬ ਹੈ ‘ਅਸਲੀ ਚੀਜ਼ਾਂ, ਘਟਨਾਵਾਂ ਅਤੇ ਹਕੀਕਤਾਂ ਬਾਰੇ ਜਾਣਕਾਰੀ।’ ਪਰ ਕੀ ਯਿਸੂ ਨੇ ਕਿਸੇ ਆਮ ਗੱਲ ਬਾਰੇ ਸੱਚਾਈ ਦੀ ਸਾਖੀ ਭਰੀ ਸੀ? ਨਹੀਂ। ਯਿਸੂ ਮਸੀਹ ਖ਼ਾਸ ਗੱਲ ਬਾਰੇ ਸੱਚਾਈ ਦੀ ਸਾਖੀ ਭਰਨ ਆਇਆ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਇਸੇ ਸੱਚਾਈ ਦੀ ਸਾਖੀ ਦੇਣ ਦਾ ਹੁਕਮ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਇਸ ਦੁਨੀਆਂ ਦੇ ਅੰਤ ਤੋਂ ਪਹਿਲਾਂ ਯਿਸੂ ਦੇ ਸੱਚੇ ਚੇਲੇ ਧਰਤੀ ਦੇ ਸਾਰੇ ਲੋਕਾਂ ਨੂੰ “ਇੰਜੀਲ ਦੀ ਸਚਿਆਈ” ਸੁਣਾਉਣਗੇ। (ਮੱਤੀ 24:3; ਗਲਾਤੀਆਂ 2:14) ਇਸ ਤਰ੍ਹਾਂ ਕਰਨ ਨਾਲ ਯਿਸੂ ਦੇ ਇਹ ਸ਼ਬਦ ਪੂਰੇ ਹੋਣਗੇ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀ ਪਛਾਣ ਕਰੀਏ ਜੋ ਸਾਰੀਆਂ ਕੌਮਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਸੱਚਾਈ ਸਿਖਾ ਰਹੇ ਹਨ।
ਅਸੀਂ ਸੱਚਾਈ ਕਿੱਦਾਂ ਸਿੱਖ ਸਕਦੇ ਹਾਂ?
7. ਤੁਸੀਂ ਕਿਵੇਂ ਸਾਬਤ ਕਰੋਗੇ ਕਿ ਸੱਚਾਈ ਯਹੋਵਾਹ ਤੋਂ ਹੀ ਮਿਲਦੀ ਹੈ?
7 ਯਹੋਵਾਹ ਪਰਮੇਸ਼ੁਰ ਤੋਂ ਹੀ ਰੂਹਾਨੀ ਸੱਚਾਈ ਮਿਲਦੀ ਹੈ। ਦਰਅਸਲ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਨੂੰ ‘ਸਚਿਆਈ ਦਾ ਪਰਮੇਸ਼ੁਰ’ ਕਿਹਾ ਸੀ। (ਜ਼ਬੂਰ 31:5; 43:3) ਯਿਸੂ ਇਹ ਗੱਲ ਮੰਨਦਾ ਸੀ ਕਿ ਉਸ ਦੇ ਪਿਤਾ ਦਾ ਬਚਨ ਸੱਚਾਈ ਹੈ ਅਤੇ ਉਸ ਨੇ ਕਿਹਾ ਕਿ “ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ।” (ਯੂਹੰਨਾ 6:45; 17:17; ਯਸਾਯਾਹ 54:13) ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਸੱਚਾਈ ਭਾਲਣ ਵਾਲੇ ਇਨਸਾਨਾਂ ਨੂੰ ਮਹਾਨ ਗੁਰੂ ਯਹੋਵਾਹ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ। (ਯਸਾਯਾਹ 30:20, 21) ਉਨ੍ਹਾਂ ਨੂੰ “ਪਰਮੇਸ਼ੁਰ ਦੇ ਗਿਆਨ” ਨੂੰ ਪ੍ਰਾਪਤ ਕਰਨ ਦੀ ਲੋੜ ਹੈ। (ਕਹਾਉਤਾਂ 2:5) ਯਹੋਵਾਹ ਨੇ ਪਿਆਰ ਨਾਲ ਕਈ ਤਰੀਕਿਆਂ ਰਾਹੀਂ ਸੱਚਾਈ ਸਿਖਾਈ ਜਾਂ ਪ੍ਰਗਟ ਕੀਤੀ ਹੈ।
8. ਪਰਮੇਸ਼ੁਰ ਨੇ ਕਿਸ ਤਰ੍ਹਾਂ ਸੱਚਾਈ ਸਿਖਾਈ ਹੈ?
8 ਪਰਮੇਸ਼ੁਰ ਨੇ ਦੂਤਾਂ ਰਾਹੀਂ ਇਸਰਾਏਲ ਨੂੰ ਸ਼ਰਾ ਦਿੱਤੀ ਸੀ। (ਗਲਾਤੀਆਂ 3:19) ਉਸ ਨੇ ਸੁਪਨਿਆਂ ਰਾਹੀਂ ਅਬਰਾਹਾਮ ਅਤੇ ਯਾਕੂਬ ਨੂੰ ਅਸੀਸਾਂ ਦੇਣ ਦਾ ਵਾਅਦਾ ਕੀਤਾ ਸੀ। (ਉਤਪਤ 15:12-16; 28:10-19) ਅਤੇ ਪਰਮੇਸ਼ੁਰ ਨੇ ਆਪ ਵੀ ਸਵਰਗ ਤੋਂ ਗੱਲਾਂ ਦੱਸੀਆਂ ਸਨ, ਜਿਵੇਂ ਉਸ ਨੇ ਯਿਸੂ ਦੇ ਬਪਤਿਸਮੇ ਤੇ ਲੋਕਾਂ ਨੂੰ ਕਿਹਾ ਸੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:17) ਅਸੀਂ ਇਸ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਨੇ ਬਾਈਬਲ ਦੇ ਲਿਖਾਰੀਆਂ ਰਾਹੀਂ ਸੱਚਾਈ ਪ੍ਰਗਟ ਕੀਤੀ। (2 ਤਿਮੋਥਿਉਸ 3:16, 17) ਬਾਈਬਲ ਤੋਂ ਸਿੱਖਿਆ ਲੈ ਕੇ ਅਸੀਂ ‘ਸੱਚ ਨੂੰ ਮੰਨ’ ਸਕਦੇ ਹਾਂ।—2 ਥੱਸਲੁਨੀਕੀਆਂ 2:13.
ਸੱਚਾਈ ਤੇ ਪਰਮੇਸ਼ੁਰ ਦਾ ਪੁੱਤਰ
9. ਪਰਮੇਸ਼ੁਰ ਨੇ ਸੱਚਾਈ ਸਿਖਾਉਣ ਲਈ ਯਿਸੂ ਨੂੰ ਕਿਵੇਂ ਵਰਤਿਆ ਹੈ?
9 ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਸੱਚਾਈ ਸਿਖਾਉਣ ਲਈ ਖ਼ਾਸ ਕਰ ਕੇ ਆਪਣੇ ਪੁੱਤਰ ਯਿਸੂ ਨੂੰ ਵਰਤਿਆ। (ਇਬਰਾਨੀਆਂ 1:1-3) ਦਰਅਸਲ ਯਿਸੂ ਨੇ ਕਿਸੇ ਵੀ ਇਨਸਾਨ ਨਾਲੋਂ ਵਧੀਆ ਤਰੀਕੇ ਨਾਲ ਸੱਚਾਈ ਦੱਸੀ ਸੀ। (ਯੂਹੰਨਾ 7:46) ਯਿਸੂ ਨੇ ਆਪਣੇ ਪਿਤਾ ਬਾਰੇ ਸਵਰਗ ਤੋਂ ਵੀ ਸੱਚਾਈ ਪ੍ਰਗਟ ਕੀਤੀ ਸੀ। ਉਦਾਹਰਣ ਲਈ ਯੂਹੰਨਾ ਨੂੰ “ਯਿਸੂ ਮਸੀਹ ਦਾ ਪਰਕਾਸ਼” ਮਿਲਿਆ “ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ, ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ।”—ਪਰਕਾਸ਼ ਦੀ ਪੋਥੀ 1:1-3.
10, 11. (ੳ) ਜਿਸ ਸੱਚਾਈ ਦੀ ਸਾਖੀ ਯਿਸੂ ਮਸੀਹ ਨੇ ਦਿੱਤੀ ਸੀ, ਉਹ ਕਿਸ ਨਾਲ ਸੰਬੰਧ ਰੱਖਦੀ ਹੈ? (ਅ) ਯਿਸੂ ਨੇ ਸੱਚਾਈ ਨੂੰ ਕਿਸ ਤਰ੍ਹਾਂ ਅਸਲੀਅਤ ਬਣਾਇਆ ਸੀ?
10 ਯਿਸੂ ਨੇ ਪੁੰਤਿਯੁਸ ਪਿਲਾਤੁਸ ਨੂੰ ਦੱਸਿਆ ਕਿ ਉਹ ਧਰਤੀ ਉੱਤੇ ਸੱਚਾਈ ਦੀ ਸਾਖੀ ਦੇਣ ਆਇਆ ਸੀ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਸੱਚਾਈ ਦਾ ਸੰਬੰਧ ਇਸ ਗੱਲ ਨਾਲ ਜੋੜਿਆ ਕਿ ਯਹੋਵਾਹ ਆਪਣੇ ਰਾਜ ਦੁਆਰਾ ਆਪਣੇ ਸ਼ਾਸਨ ਕਰਨ ਦੇ ਹੱਕ ਨੂੰ ਜਾਇਜ਼ ਸਿੱਧ ਕਰੇਗਾ ਅਤੇ ਇਸ ਦਾ ਰਾਜਾ ਮਸੀਹ ਹੋਵੇਗਾ। ਪਰ ਯਿਸੂ ਦੁਆਰਾ ਸੱਚਾਈ ਦੀ ਸਾਖੀ ਦੇਣ ਵਿਚ ਸਿਰਫ਼ ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣੀ ਹੀ ਸ਼ਾਮਲ ਨਹੀਂ ਸੀ। ਯਿਸੂ ਨੇ ਭਵਿੱਖਬਾਣੀਆਂ ਪੂਰੀਆਂ ਕਰ ਕੇ ਉਸ ਸੱਚਾਈ ਨੂੰ ਅਸਲੀਅਤ ਬਣਾਇਆ। ਇਸ ਲਈ ਪੌਲੁਸ ਰਸੂਲ ਨੇ ਲਿਖਿਆ ਕਿ “ਖਾਣ-ਪੀਣ ਸੰਬੰਧੀ, ਜਾਂ ਕਿਸੇ ਤਿਉਹਾਰ ਮਨਾਉਣ, ਜਾਂ ਨਵੇਂ ਚੰਦ, ਜਾਂ ਸਬਤ ਨੂੰ ਮੰਨਣ ਸੰਬੰਧੀ, ਹੁਣ ਤੁਹਾਡਾ ਕੋਈ ਨਿਆਂ ਨਾ ਕਰੇ। ਕਿਉਂਕਿ ਇਹ ਸਭ ਚੀਜ਼ਾਂ ਤਾਂ ਅੱਗੇ ਆਉਣ ਵਾਲੇ ਦਾ ਚਿੰਨ੍ਹ ਮਾਤਰ ਸਨ, ਅਸਲੀਅਤ ਤਾਂ ਮਸੀਹ ਹੀ ਹੈ।”—ਕੁਲੁਸੀਆਂ 2:16, 17, ਪਵਿੱਤਰ ਬਾਈਬਲ ਨਵਾਂ ਅਨੁਵਾਦ।
11 ਬੈਤਲਹਮ ਵਿਚ ਯਿਸੂ ਦੇ ਜਨਮ ਬਾਰੇ ਭਵਿੱਖਬਾਣੀ ਦੀ ਪੂਰਤੀ ਨੇ ਸੱਚਾਈ ਨੂੰ ਅਸਲੀਅਤ ਬਣਾਇਆ। (ਮੀਕਾਹ 5:2; ਲੂਕਾ 2:4-11) ਦਾਨੀਏਲ ਦੀ ਭਵਿੱਖਬਾਣੀ ਦੀ ਪੂਰਤੀ ਨੇ ਵੀ ਇਸ ਸੱਚਾਈ ਨੂੰ ਅਸਲੀਅਤ ਬਣਾਇਆ ਕਿ ਮਸੀਹਾ 69 ‘ਹਫ਼ਤੇ’ ਖ਼ਤਮ ਹੋਣ ਤੇ ਪ੍ਰਗਟ ਹੋਵੇਗਾ। ਇਹ ਗੱਲ ਬਿਲਕੁਲ ਸਹੀ ਸਮੇਂ ਤੇ ਪੂਰੀ ਹੋਈ ਸੀ, ਯਾਨੀ 29 ਸਾ.ਯੁ. ਵਿਚ ਜਦ ਯਿਸੂ ਨੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਤੇ ਬਪਤਿਸਮਾ ਲਿਆ ਅਤੇ ਪਵਿੱਤਰ ਆਤਮਾ ਦੁਆਰਾ ਮਸਹ ਕੀਤਾ ਗਿਆ ਸੀ। (ਦਾਨੀਏਲ 9:25; ਲੂਕਾ 3:1, 21, 22) ਯਿਸੂ ਨੇ ਇਕ ਰਾਜ ਘੋਸ਼ਕ ਵਜੋਂ ਪ੍ਰਚਾਰ ਕਰਨ ਦੁਆਰਾ ਵੀ ਸੱਚਾਈ ਨੂੰ ਅਸਲੀਅਤ ਬਣਾਇਆ। (ਯਸਾਯਾਹ 9:1, 2, 6, 7; 61:1, 2; ਮੱਤੀ 4:13-17; ਲੂਕਾ 4:18-21) ਅਤੇ ਉਸ ਦੀ ਮੌਤ ਅਤੇ ਦੁਬਾਰਾ ਜੀ ਉੱਠਣ ਦੁਆਰਾ ਵੀ ਸੱਚਾਈ ਅਸਲੀਅਤ ਬਣੀ ਸੀ।—ਜ਼ਬੂਰ 16:8-11; ਯਸਾਯਾਹ 53:5, 8, 11, 12; ਮੱਤੀ 20:28; ਯੂਹੰਨਾ 1:29; ਰਸੂਲਾਂ ਦੇ ਕਰਤੱਬ 2:25-31.
12. ਯਿਸੂ ਇਹ ਕਿਉਂ ਕਹਿ ਸਕਿਆ ਕਿ ‘ਸਚਿਆਈ ਮੈਂ ਹਾਂ’?
12 ਯਿਸੂ ਨੇ ਸੱਚਾਈ ਨੂੰ ਅਸਲੀਅਤ ਬਣਾਇਆ ਜਿਸ ਕਰਕੇ ਉਹ ਕਹਿ ਸਕਿਆ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰਨਾ 14:6) ਜਦੋਂ ਲੋਕ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਸਵੀਕਾਰ ਕਰ ਕੇ “ਸਤ ਵੱਲ” ਆਉਂਦੇ ਹਨ, ਤਾਂ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਆਜ਼ਾਦੀ ਮਿਲਦੀ ਹੈ। (ਯੂਹੰਨਾ 8:32-36; 18:37, ਨਵਾਂ ਅਨੁਵਾਦ) ਕਿਉਂਕਿ ਨੇਕ ਦਿਲ ਵਾਲੇ ਲੋਕ ਸੱਚਾਈ ਸਵੀਕਾਰ ਕਰ ਕੇ ਨਿਹਚਾ ਵਿਚ ਮਸੀਹ ਦੀ ਨਕਲ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਸਦਾ ਦਾ ਜੀਵਨ ਮਿਲੇਗਾ।—ਯੂਹੰਨਾ 10:24-28.
13. ਅਸੀਂ ਕਿਨ੍ਹਾਂ ਤਿੰਨ ਗੱਲਾਂ ਦੇ ਸੰਬੰਧ ਵਿਚ ਬਾਈਬਲ ਦੀ ਸੱਚਾਈ ਦੀ ਜਾਂਚ ਕਰਾਂਗੇ?
13 ਯਿਸੂ ਅਤੇ ਉਸ ਦੇ ਪ੍ਰੇਰਿਤ ਚੇਲਿਆਂ ਦੁਆਰਾ ਸਿਖਾਈ ਗਈ ਸੱਚਾਈ ਹੀ ਸੱਚਾ ਮਸੀਹੀ ਧਰਮ ਹੈ। ਇਸ “ਮੱਤ ਦੇ ਮੰਨਣ ਵਾਲੇ” “ਸਚਿਆਈ ਉੱਤੇ ਚੱਲਦੇ ਹਨ।” (ਰਸੂਲਾਂ ਦੇ ਕਰਤੱਬ 6:7; 3 ਯੂਹੰਨਾ 3, 4) ਅੱਜ-ਕੱਲ੍ਹ ਸੱਚਾਈ ਉੱਤੇ ਕੌਣ ਚੱਲਦੇ ਹਨ? ਅਸਲ ਵਿਚ ਕੌਣ ਸਾਰੀਆਂ ਕੌਮਾਂ ਨੂੰ ਸੱਚਾਈ ਸਿਖਾ ਰਹੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਅਸੀਂ ਮੁਢਲੇ ਮਸੀਹੀਆਂ ਵੱਲ ਧਿਆਨ ਦੇਵਾਂਗੇ ਅਤੇ ਬਾਈਬਲ ਵਿਚ (1) ਵਿਸ਼ਵਾਸਾਂ, (2) ਉਪਾਸਨਾ, ਅਤੇ (3) ਆਪਣੇ ਚਾਲ-ਚੱਲਣ ਦੇ ਸੰਬੰਧ ਵਿਚ ਸੱਚਾਈ ਦੀ ਜਾਂਚ ਕਰਾਂਗੇ।
ਸੱਚਾਈ ਤੇ ਵਿਸ਼ਵਾਸ
14, 15. ਯਹੋਵਾਹ ਦੇ ਬਚਨ ਪ੍ਰਤੀ ਮੁਢਲੇ ਮਸੀਹੀਆਂ ਅਤੇ ਯਹੋਵਾਹ ਦੇ ਗਵਾਹਾਂ ਦੇ ਰਵੱਈਏ ਬਾਰੇ ਤੁਸੀਂ ਕੀ ਕਹੋਗੇ?
14 ਮੁਢਲੇ ਮਸੀਹੀ ਯਹੋਵਾਹ ਦੇ ਬਚਨ ਦਾ ਬਹੁਤ ਆਦਰ-ਮਾਣ ਕਰਦੇ ਸਨ। (ਯੂਹੰਨਾ 17:17) ਉਹ ਇਸ ਰਾਹੀਂ ਜਾਂਚਦੇ ਸਨ ਕਿ ਉਨ੍ਹਾਂ ਦੇ ਵਿਸ਼ਵਾਸ ਅਤੇ ਕਾਰ-ਵਿਹਾਰ ਸਹੀ ਸਨ ਜਾਂ ਨਹੀਂ। ਦੂਜੀ ਅਤੇ ਤੀਜੀ ਸਦੀ ਵਿਚ ਐਲੇਕਜ਼ਾਨਡ੍ਰਿਆ ਸ਼ਹਿਰ ਦੇ ਕਲੈਮੰਟ ਨਾਂ ਦੇ ਇਕ ਵਿਅਕਤੀ ਨੇ ਕਿਹਾ: “ਸੱਚਾਈ ਭਾਲਣ ਵਾਲੇ ਉਦੋਂ ਤਕ ਚੈਨ ਨਾਲ ਨਹੀਂ ਬੈਠਦੇ ਜਦ ਤਕ ਉਨ੍ਹਾਂ ਨੂੰ ਬਾਈਬਲ ਵਿੱਚੋਂ ਆਪਣੇ ਵਿਸ਼ਵਾਸਾਂ ਦਾ ਸਬੂਤ ਨਹੀਂ ਮਿਲ ਜਾਂਦਾ।”
15 ਮੁਢਲੇ ਮਸੀਹੀਆਂ ਵਾਂਗ ਯਹੋਵਾਹ ਦੇ ਗਵਾਹ ਵੀ ਬਾਈਬਲ ਦਾ ਬਹੁਤ ਆਦਰ-ਮਾਣ ਕਰਦੇ ਹਨ। ਉਹ ਮੰਨਦੇ ਹਨ ਕਿ ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ ਲਈ ਗੁਣਕਾਰ ਹੈ।’ (2 ਤਿਮੋਥਿਉਸ 3:16) ਇਸ ਲਈ ਆਓ ਆਪਾਂ ਮੁਢਲੇ ਮਸੀਹੀਆਂ ਦੇ ਕੁਝ ਵਿਸ਼ਵਾਸਾਂ ਉੱਤੇ ਗੌਰ ਕਰੀਏ ਅਤੇ ਫਿਰ ਇਨ੍ਹਾਂ ਦੀ ਤੁਲਨਾ ਉਨ੍ਹਾਂ ਗੱਲਾਂ ਨਾਲ ਕਰੀਏ ਜੋ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਵਿੱਚੋਂ ਸਿੱਖੀਆਂ ਹਨ।
ਮੌਤ ਬਾਰੇ ਸੱਚਾਈ
16. ਮੌਤ ਬਾਰੇ ਸੱਚਾਈ ਕੀ ਹੈ?
16 ਸ਼ਾਸਤਰ ਵਿਚ ਜੋ ਲਿਖਿਆ ਸੀ, ਮੁਢਲੇ ਮਸੀਹੀ ਉਸ ਨੂੰ ਮੰਨਦੇ ਸਨ। ਇਸ ਲਈ ਉਹ ਮੌਤ ਬਾਰੇ ਸੱਚਾਈ ਸਿਖਾਉਂਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਜਦੋਂ ਪਰਮੇਸ਼ੁਰ ਨੇ ਆਦਮੀ ਨੂੰ ਰਚਿਆ ਸੀ, ਤਾਂ ਉਹ ਇਕ “ਜੀਉਂਦੀ ਜਾਨ” ਬਣ ਗਿਆ। (ਉਤਪਤ 2:7) ਇਸ ਤੋਂ ਇਲਾਵਾ ਉਹ ਮੰਨਦੇ ਸਨ ਕਿ ਮੌਤ ਹੋਣ ਤੇ ਇਨਸਾਨ ਦਾ ਕੁਝ ਵੀ ਨਹੀਂ ਬਚਦਾ। (ਉਤਪਤ 3:19) ਉਹ ਇਹ ਵੀ ਜਾਣਦੇ ਸਨ ਕਿ “ਮੋਏ ਕੁਝ ਵੀ ਨਹੀਂ ਜਾਣਦੇ।”—ਉਪਦੇਸ਼ਕ ਦੀ ਪੋਥੀ 9:5, 10.
17. ਤੁਸੀਂ ਮੌਤ ਤੋਂ ਬਾਅਦ ਜੀ ਉੱਠਣ ਦੀ ਉਮੀਦ ਬਾਰੇ ਕਿਵੇਂ ਸਮਝਾਓਗੇ?
17 ਯਿਸੂ ਦੇ ਮੁਢਲੇ ਚੇਲੇ ਪੱਕੀ ਆਸ ਰੱਖਦੇ ਸਨ ਕਿ ਜਿਹੜੇ ਮਰ ਚੁੱਕੇ ਲੋਕ ਪਰਮੇਸ਼ੁਰ ਦੀ ਯਾਦ ਵਿਚ ਹਨ, ਉਨ੍ਹਾਂ ਨੂੰ ਮੁੜ ਜੀ ਉਠਾਇਆ ਜਾਵੇਗਾ। ਪੌਲੁਸ ਨੇ ਇਸ ਵਿਸ਼ਵਾਸ ਦਾ ਜ਼ਿਕਰ ਕਰਦੇ ਹੋਏ ਕਿਹਾ: ‘ਮੈਂ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।’ (ਰਸੂਲਾਂ ਦੇ ਕਰਤੱਬ 24:15) ਬਾਅਦ ਵਿਚ ਮੇਨੁਸੀਅਸ ਫ਼ੇਲਿਕਸ ਨਾਂ ਦੇ ਇਕ ਈਸਾਈ ਨੇ ਲਿਖਿਆ: “ਜਿਸ ਰੱਬ ਨੇ ਬੰਦੇ ਨੂੰ ਮਿੱਟੀ ਤੋਂ ਬਣਾਇਆ, ਕੀ ਉਹ ਉਸ ਨੂੰ ਦੁਬਾਰਾ ਜੀਉਂਦਾ ਨਹੀਂ ਕਰ ਸਕਦਾ? ਮੂਰਖ ਹੀ ਇਸ ਗੱਲ ਨੂੰ ਨਹੀਂ ਮੰਨੇਗਾ।” ਮੁਢਲੇ ਮਸੀਹੀਆਂ ਵਾਂਗ ਯਹੋਵਾਹ ਦੇ ਗਵਾਹ ਵੀ ਮੌਤ ਅਤੇ ਦੁਬਾਰਾ ਜੀ ਉਠਾਏ ਜਾਣ ਬਾਰੇ ਬਾਈਬਲ ਦੀ ਇਸ ਸੱਚਾਈ ਨੂੰ ਮੰਨਦੇ ਹਨ। ਆਓ ਆਪਾਂ ਹੁਣ ਪਰਮੇਸ਼ੁਰ ਅਤੇ ਮਸੀਹ ਬਾਰੇ ਸੱਚਾਈ ਵੱਲ ਧਿਆਨ ਦੇਈਏ।
ਸੱਚਾਈ ਤੇ ਤ੍ਰਿਏਕ
18, 19. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਤ੍ਰਿਏਕ ਬਾਈਬਲ ਦੀ ਸਿੱਖਿਆ ਨਹੀਂ ਹੈ?
18 ਮੁਢਲੇ ਮਸੀਹੀ ਪਰਮੇਸ਼ੁਰ, ਮਸੀਹ ਅਤੇ ਪਵਿੱਤਰ ਆਤਮਾ ਨੂੰ ਤ੍ਰਿਏਕ ਨਹੀਂ ਸਮਝਦੇ ਸਨ। ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ “ਬਾਈਬਲ ਦੇ ਨਵੇਂ ਨੇਮ ਵਿਚ ਨਾ ਤਾਂ ਤ੍ਰਿਏਕ ਸ਼ਬਦ ਅਤੇ ਨਾ ਹੀ ਇਹ ਸਿੱਖਿਆ ਪਾਈ ਜਾਂਦੀ ਹੈ। ਨਾ ਯਿਸੂ ਅਤੇ ਨਾ ਹੀ ਉਸ ਦੇ ਚੇਲਿਆਂ ਨੇ ਪੁਰਾਣੇ ਨੇਮ ਦੀ ਇਸ ਸਿੱਖਿਆ ਤੋਂ ਕੁਝ ਉਲਟ ਕਿਹਾ ਸੀ: ‘ਹੇ ਇਸਰਾਏਲ, ਸੁਣੋ! ਪ੍ਰਭੂ ਸਾਡਾ ਪਰਮੇਸ਼ੁਰ ਇੱਕੋ ਹੀ ਪ੍ਰਭੂ ਹੈ’ (ਬਿਵ. 6:4)।” ਮਸੀਹੀ ਰੋਮੀ ਤ੍ਰਿਏਕ ਜਾਂ ਹੋਰ ਦੇਵਤਿਆਂ ਨੂੰ ਨਹੀਂ ਮੰਨਦੇ ਸਨ। ਉਹ ਯਿਸੂ ਦੇ ਇਸ ਬਚਨ ਨੂੰ ਮੰਨਦੇ ਸਨ ਕਿ ਸਿਰਫ਼ ਯਹੋਵਾਹ ਦੀ ਹੀ ਉਪਾਸਨਾ ਕਰਨੀ ਚਾਹੀਦੀ ਹੈ। (ਮੱਤੀ 4:10) ਇਸ ਤੋਂ ਇਲਾਵਾ ਉਹ ਯਿਸੂ ਦੇ ਬਿਆਨ ਨੂੰ ਸਵੀਕਾਰ ਕਰਦੇ ਸਨ ਕਿ “ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 14:28) ਅੱਜ ਯਹੋਵਾਹ ਦੇ ਗਵਾਹਾਂ ਦੇ ਵੀ ਇਹੋ ਵਿਚਾਰ ਹਨ।
19 ਯਿਸੂ ਦੇ ਮੁਢਲੇ ਚੇਲੇ ਪਰਮੇਸ਼ੁਰ, ਮਸੀਹ ਅਤੇ ਪਵਿੱਤਰ ਆਤਮਾ ਨੂੰ ਇੱਕੋ ਵਿਅਕਤੀ ਨਹੀਂ ਸਮਝਦੇ ਸਨ। ਉਨ੍ਹਾਂ ਨੇ (1) ‘ਪਿਤਾ ਦੇ ਨਾਮ ਵਿੱਚ, (2) ਪੁੱਤ੍ਰ ਦੇ ਨਾਮ ਵਿੱਚ, ਅਤੇ (3) ਪਵਿੱਤ੍ਰ ਆਤਮਾ ਦੇ ਨਾਮ ਵਿੱਚ,’ ਬਪਤਿਸਮਾ ਦਿੱਤਾ ਅਤੇ ਚੇਲੇ ਬਣਾਏ, ਨਾ ਕਿ ਤ੍ਰਿਏਕ ਦੇ ਨਾਮ ਵਿਚ। ਯਹੋਵਾਹ ਦੇ ਗਵਾਹ ਬਾਈਬਲ ਵਿੱਚੋਂ ਇਹੀ ਸੱਚਾਈ ਸਿਖਾਉਂਦੇ ਹਨ। ਜੀ ਹਾਂ, ਉਹ ਵੀ ਪਰਮੇਸ਼ੁਰ, ਉਸ ਦੇ ਪੁੱਤਰ ਅਤੇ ਪਵਿੱਤਰ ਆਤਮਾ ਨੂੰ ਇੱਕੋ ਵਿਅਕਤੀ ਨਹੀਂ ਸਮਝਦੇ।—ਮੱਤੀ 28:19.
ਸੱਚਾਈ ਤੇ ਬਪਤਿਸਮਾ
20. ਬਪਤਿਸਮਾ ਦੇ ਉਮੀਦਵਾਰਾਂ ਨੂੰ ਕਿਹੜਾ ਗਿਆਨ ਲੈਣ ਦੀ ਲੋੜ ਹੈ?
20 ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਲੋਕਾਂ ਨੂੰ ਸੱਚਾਈ ਸਿਖਾ ਕੇ ਚੇਲੇ ਬਣਾਉਣ। ਬਪਤਿਸਮਾ ਲੈਣ ਵਾਸਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਬੁਨਿਆਦੀ ਗਿਆਨ ਲੈਣ ਦੀ ਲੋੜ ਸੀ। ਮਿਸਾਲ ਲਈ ਉਨ੍ਹਾਂ ਨੂੰ ਪਿਤਾ ਅਤੇ ਉਸ ਦੇ ਪੁੱਤਰ, ਯਿਸੂ ਮਸੀਹ ਦੀ ਪਦਵੀ ਅਤੇ ਅਧਿਕਾਰ ਨੂੰ ਸਵੀਕਾਰ ਕਰਨ ਦੀ ਲੋੜ ਸੀ। (ਯੂਹੰਨਾ 3:16) ਜੋ ਬਪਤਿਸਮਾ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਪਵਿੱਤਰ ਆਤਮਾ ਇਕ ਵਿਅਕਤੀ ਨਹੀਂ ਹੈ, ਸਗੋਂ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਹੈ।—ਉਤਪਤ 1:2, ਫੁਟਨੋਟ, ਪਵਿੱਤਰ ਬਾਈਬਲ ਨਵਾਂ ਅਨੁਵਾਦ।
21, 22. ਇਹ ਕਿਉਂ ਕਿਹਾ ਜਾਂਦਾ ਹੈ ਕਿ ਸਿਰਫ਼ ਵਿਸ਼ਵਾਸ ਕਰਨ ਵਾਲੇ ਲੋਕ ਹੀ ਬਪਤਿਸਮਾ ਲੈ ਸਕਦੇ ਹਨ?
21 ਮੁਢਲੇ ਮਸੀਹੀ ਸਿਰਫ਼ ਉਨ੍ਹਾਂ ਨੂੰ ਹੀ ਬਪਤਿਸਮਾ ਲੈਣ ਦਿੰਦੇ ਸਨ ਜਿਨ੍ਹਾਂ ਨੇ ਸਹੀ ਗਿਆਨ ਲੈ ਕੇ ਅਤੇ ਪਛਤਾਵਾ ਕਰ ਕੇ ਆਪਣੇ ਜੀਵਨ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਮਰਪਿਤ ਕੀਤੇ ਸਨ। ਪੰਤੇਕੁਸਤ 33 ਸਾ.ਯੁ. ਨੂੰ ਯਰੂਸ਼ਲਮ ਵਿਚ ਇਕੱਠੇ ਹੋਏ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਕੋਲ ਪਹਿਲਾਂ ਹੀ ਇਬਰਾਨੀ ਸ਼ਾਸਤਰ ਦਾ ਸਹੀ ਗਿਆਨ ਸੀ। ਯਿਸੂ ਮਸੀਹ ਬਾਰੇ ਪਤਰਸ ਰਸੂਲ ਦੀਆਂ ਗੱਲਾਂ ਸੁਣ ਕੇ ਲਗਭਗ 3,000 ਲੋਕਾਂ ਨੇ “ਉਹ ਦੀ ਗੱਲ ਮੰਨ” ਕੇ “ਬਪਤਿਸਮਾ ਲਿਆ।”—ਰਸੂਲਾਂ ਦੇ ਕਰਤੱਬ 2:41; 3:19–4:4; 10:34-38.
22 ਮਸੀਹੀ ਬਪਤਿਸਮਾ ਉਨ੍ਹਾਂ ਲਈ ਹੈ ਜੋ ਵਿਸ਼ਵਾਸ ਕਰਦੇ ਹਨ। ਸਾਮਰਿਯਾ ਦੇ ਲੋਕਾਂ ਨੇ ਸੱਚਾਈ ਸਵੀਕਾਰ ਕੀਤੀ ਅਤੇ ਜਦੋਂ “ਉਨ੍ਹਾਂ ਨੇ ਫ਼ਿਲਿੱਪੁਸ ਦੀ ਪਰਤੀਤ ਕੀਤੀ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ ਖਬਰੀ ਸੁਣਾਉਂਦਾ ਸੀ ਤਾਂ ਮਨੁੱਖ ਨਾਲੇ ਤੀਵੀਆਂ ਬਪਤਿਸਮਾ ਲੈਣ ਲੱਗੇ।” (ਰਸੂਲਾਂ ਦੇ ਕਰਤੱਬ 8:12) ਹਬਸ਼ੀ ਖੋਜਾ ਬਹੁਤ ਹੀ ਧਰਮੀ ਇਨਸਾਨ ਸੀ। ਉਸ ਨੇ ਯਹੂਦੀ ਧਰਮ ਅਪਣਾਇਆ ਸੀ ਜਿਸ ਕਰ ਕੇ ਉਸ ਕੋਲ ਯਹੋਵਾਹ ਬਾਰੇ ਗਿਆਨ ਸੀ, ਪਰ ਉਸ ਨੇ ਮਸੀਹਾਈ ਭਵਿੱਖਬਾਣੀ ਦੀ ਪੂਰਤੀ ਬਾਰੇ ਫ਼ਿਲਿੱਪੁਸ ਦੀਆਂ ਗੱਲਾਂ ਮੰਨ ਕੇ ਬਪਤਿਸਮਾ ਲਿਆ। (ਰਸੂਲਾਂ ਦੇ ਕਰਤੱਬ 8:34-36) ਕੁਝ ਸਮੇਂ ਬਾਅਦ ਪਤਰਸ ਨੇ ਕੁਰਨੇਲਿਯੁਸ ਅਤੇ ਹੋਰ ਗ਼ੈਰ-ਯਹੂਦੀਆਂ ਨੂੰ ਕਿਹਾ ਕਿ “ਜੋ ਕੋਈ [ਪਰਮੇਸ਼ੁਰ] ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” ਇਹ ਵੀ ਦੱਸਿਆ ਕਿ ਜੋ ਕੋਈ ਯਿਸੂ ਮਸੀਹ ਉੱਤੇ ਨਿਹਚਾ ਕਰਦਾ ਹੈ ਉਹ ਪਾਪਾਂ ਦੀ ਮਾਫ਼ੀ ਪਾਵੇਗਾ। (ਰਸੂਲਾਂ ਦੇ ਕਰਤੱਬ 10:35, 43; 11:18) ਯਿਸੂ ਦਾ ਇਹੀ ਹੁਕਮ ਸੀ ਕਿ ‘ਚੇਲੇ ਬਣਾਓ ਅਤੇ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ।’ (ਮੱਤੀ 28:19, 20; ਰਸੂਲਾਂ ਦੇ ਕਰਤੱਬ 1:8) ਅੱਜ ਵੀ ਯਹੋਵਾਹ ਦੇ ਗਵਾਹ ਇਸੇ ਮਿਆਰ ਤੇ ਚੱਲ ਕੇ ਸਿਰਫ਼ ਉਨ੍ਹਾਂ ਨੂੰ ਹੀ ਬਪਤਿਸਮਾ ਲੈਣ ਦਿੰਦੇ ਹਨ ਜਿਨ੍ਹਾਂ ਨੇ ਬਾਈਬਲ ਦਾ ਸਹੀ ਗਿਆਨ ਲੈ ਕੇ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੈ।
23, 24. ਮਸੀਹੀ ਬਪਤਿਸਮਾ ਲੈਣ ਦਾ ਸਹੀ ਤਰੀਕਾ ਕੀ ਹੈ?
23 ਵਿਸ਼ਵਾਸੀਆਂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਗੋਤਾ ਲੈਣਾ ਚਾਹੀਦਾ ਹੈ। ਜਾਰਡਨ ਨਦੀ ਵਿਚ ਬਪਤਿਸਮਾ ਲੈਣ ਤੋਂ ਬਾਅਦ ਯਿਸੂ ‘ਪਾਣੀ ਵਿੱਚੋਂ ਨਿੱਕਲਿਆ।’ (ਮਰਕੁਸ 1:10) ਹਬਸ਼ੀ ਖੋਜੇ ਨੇ “ਪਾਣੀ” ਵਿਚ ਬਪਤਿਸਮਾ ਲਿਆ ਸੀ। ਫ਼ਿਲਿੱਪੁਸ ਅਤੇ ਖੋਜਾ ਦੋਵੇਂ “ਪਾਣੀ ਵਿੱਚ ਉਤਰੇ” ਅਤੇ ਫਿਰ “ਪਾਣੀ ਵਿੱਚੋਂ ਨਿੱਕਲ ਆਏ।” (ਰਸੂਲਾਂ ਦੇ ਕਰਤੱਬ 8:36-40) ਬਾਈਬਲ ਵਿਚ ਬਪਤਿਸਮੇ ਦਾ ਸੰਬੰਧ ਦਫ਼ਨਾਏ ਜਾਣ ਨਾਲ ਜੋੜਿਆ ਗਿਆ ਹੈ ਅਤੇ ਇਸ ਤੋਂ ਵੀ ਸੰਕੇਤ ਮਿਲਦਾ ਹੈ ਕਿ ਪਾਣੀ ਵਿਚ ਪੂਰੀ ਤਰ੍ਹਾਂ ਗੋਤਾ ਲੈ ਕੇ ਬਪਤਿਸਮਾ ਲੈਣਾ ਚਾਹੀਦਾ ਹੈ।—ਰੋਮੀਆਂ 6:4-6; ਕੁਲੁੱਸੀਆਂ 2:12.
24 ਦ ਆਕਸਫ਼ੋਰਡ ਕੰਪੈਨਿਅਨ ਟੂ ਦ ਬਾਈਬਲ ਨਾਂ ਦੀ ਕਿਤਾਬ ਕਹਿੰਦੀ ਹੈ: “ਨਵੇਂ ਨੇਮ ਵਿਚ ਜਿਨ੍ਹਾਂ ਲੋਕਾਂ ਦੇ ਬਪਤਿਸਮੇ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੋਬ ਕੇ ਬਪਤਿਸਮਾ ਦਿੱਤਾ ਗਿਆ ਸੀ।” ਇਕ ਫਰਾਂਸੀਸੀ ਕਿਤਾਬ ਅਨੁਸਾਰ “ਪਹਿਲੀ ਸਦੀ ਦੇ ਮਸੀਹੀਆਂ ਨੂੰ ਉੱਥੇ ਚੁੱਭੀ ਦੇ ਕੇ ਬਪਤਿਸਮਾ ਦਿੱਤਾ ਜਾਂਦਾ ਸੀ ਜਿੱਥੇ ਪਾਣੀ ਹੁੰਦਾ ਸੀ।” ਅੰਗ੍ਰੇਜ਼ੀ ਦੀ ਕਿਤਾਬ ਯਿਸੂ ਤੋਂ ਬਾਅਦ ਮਸੀਹੀਅਤ ਦੀ ਜਿੱਤ ਦੱਸਦੀ ਹੈ: ‘ਬਪਤਿਸਮੇ ਲਈ ਵਿਅਕਤੀ ਨੂੰ ਲੋਕਾਂ ਸਾਮ੍ਹਣੇ ਆਪਣੀ ਨਿਹਚਾ ਪ੍ਰਗਟ ਕਰਨ ਦੀ ਲੋੜ ਸੀ। ਇਸ ਤੋਂ ਬਾਅਦ ਯਿਸੂ ਦੇ ਨਾਂ ਵਿਚ ਪਾਣੀ ਵਿਚ ਪੂਰੀ ਤਰ੍ਹਾਂ ਗੋਤਾ ਲਿਆ ਜਾਂਦਾ ਸੀ।’
25. ਅਗਲੇ ਲੇਖ ਵਿਚ ਅਸੀਂ ਕਿਸ ਬਾਰੇ ਚਰਚਾ ਕਰਾਂਗੇ?
25 ਮੁਢਲੇ ਮਸੀਹੀਆਂ ਦੇ ਜਿਨ੍ਹਾਂ ਬਾਈਬਲ ਆਧਾਰਿਤ ਵਿਸ਼ਵਾਸਾਂ ਅਤੇ ਕੰਮਾਂ-ਕਾਰਾਂ ਬਾਰੇ ਅਸੀਂ ਇਸ ਲੇਖ ਵਿਚ ਗੱਲ ਕੀਤੀ ਹੈ ਉਹ ਸਿਰਫ਼ ਕੁਝ ਉਦਾਹਰਣਾਂ ਹਨ। ਅਸੀਂ ਹੋਰਨਾਂ ਗੱਲਾਂ ਵਿਚ ਵੀ ਦੇਖ ਸਕਦੇ ਹਾਂ ਕਿ ਮੁਢਲੇ ਮਸੀਹੀਆਂ ਅਤੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸ ਇਕ-ਦੂਜੇ ਨਾਲ ਕਿੰਨੇ ਮਿਲਦੇ-ਜੁਲਦੇ ਹਨ। ਅਗਲੇ ਲੇਖ ਵਿਚ ਅਸੀਂ ਹੋਰਨਾਂ ਤਰੀਕਿਆਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਸੱਚਾਈ ਕੌਣ ਸਿਖਾ ਰਹੇ ਹਨ।
ਤੁਸੀਂ ਕਿਵੇਂ ਜਵਾਬ ਦੇਵੋਗੇ?
• ਪਰਮੇਸ਼ੁਰ ਕਿਸ ਤਰ੍ਹਾਂ ਦੀ ਭਗਤੀ ਪਸੰਦ ਕਰਦਾ ਹੈ?
• ਯਿਸੂ ਮਸੀਹ ਦੁਆਰਾ ਸੱਚਾਈ ਅਸਲੀਅਤ ਕਿਵੇਂ ਬਣੀ ਸੀ?
• ਮੌਤ ਬਾਰੇ ਸੱਚਾਈ ਕੀ ਹੈ?
• ਮਸੀਹੀ ਬਪਤਿਸਮਾ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ ਅਤੇ ਬਪਤਿਸਮਾ ਦੇ ਉਮੀਦਵਾਰਾਂ ਨੂੰ ਕੀ ਕਰਨ ਦੀ ਲੋੜ ਹੈ?
[ਸਫ਼ੇ 16 ਉੱਤੇ ਤਸਵੀਰ]
ਯਿਸੂ ਨੇ ਪਿਲਾਤੁਸ ਨੂੰ ਕਿਹਾ: ‘ਮੈਂ ਸਚਿਆਈ ਬਾਰੇ ਸਾਖੀ ਦੇਣ ਆਇਆ ਹਾਂ’
[ਸਫ਼ੇ 17 ਉੱਤੇ ਤਸਵੀਰ]
ਕੀ ਤੁਸੀਂ ਸਮਝਾ ਸਕਦੇ ਹੋ ਕਿ ਯਿਸੂ ਨੇ ਇਹ ਕਿਉਂ ਕਿਹਾ ਸੀ ਕਿ ‘ਸਚਿਆਈ ਮੈਂ ਹਾਂ’?
[ਸਫ਼ੇ 18 ਉੱਤੇ ਤਸਵੀਰ]
ਮਸੀਹੀ ਬਪਤਿਸਮੇ ਬਾਰੇ ਸੱਚਾਈ ਕੀ ਹੈ?