‘ਮੇਰੇ ਪਿੱਛੇ ਚੱਲੋ’
“ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।”—1 ਪਤਰਸ 2:21.
1, 2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਸੀਂ ਯਿਸੂ ਦੀ ਇਕ ਸਿੱਖਿਅਕ ਵਜੋਂ ਸੰਪੂਰਨ ਮਿਸਾਲ ਦੀ ਰੀਸ ਕਰ ਸਕਦੇ ਹਾਂ?
ਯਿਸੂ ਮਸੀਹ ਧਰਤੀ ਉੱਤੇ ਸਭ ਤੋਂ ਮਹਾਨ ਸਿੱਖਿਅਕ ਸੀ। ਇਸ ਤੋਂ ਇਲਾਵਾ, ਉਹ ਸੰਪੂਰਨ ਸੀ। ਉਸ ਨੇ ਆਪਣੀ ਜ਼ਿੰਦਗੀ ਦੌਰਾਨ ਕਦੇ ਪਾਪ ਨਹੀਂ ਸੀ ਕੀਤਾ। (1 ਪਤਰਸ 2:22) ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਪਾਪੀ ਇਨਸਾਨਾਂ ਵਜੋਂ ਅਸੀਂ ਆਪਣੇ ਮਹਾਨ ਸਿੱਖਿਅਕ ਯਿਸੂ ਦੀ ਮਿਸਾਲ ਦੀ ਰੀਸ ਨਹੀਂ ਕਰ ਸਕਦੇ? ਬਿਲਕੁਲ ਨਹੀਂ।
2 ਜਿਵੇਂ ਅਸੀਂ ਪਹਿਲੇ ਲੇਖ ਵਿਚ ਦੇਖਿਆ ਸੀ, ਯਿਸੂ ਦੀਆਂ ਸਿੱਖਿਆਵਾਂ ਪਿਆਰ ਉੱਤੇ ਆਧਾਰਿਤ ਸਨ। ਅਤੇ ਪਿਆਰ ਅਜਿਹਾ ਗੁਣ ਹੈ ਜੋ ਅਸੀਂ ਸਾਰੇ ਜਣੇ ਆਪਣੇ ਵਿਚ ਪੈਦਾ ਕਰ ਸਕਦੇ ਹਾਂ। ਪਰਮੇਸ਼ੁਰ ਦਾ ਬਚਨ ਅਕਸਰ ਸਾਨੂੰ ਦੂਜਿਆਂ ਨਾਲ ਵਧ ਤੋਂ ਵਧ ਪਿਆਰ ਕਰਨ ਲਈ ਉਤਸ਼ਾਹਿਤ ਕਰਦਾ ਹੈ। (ਫ਼ਿਲਿੱਪੀਆਂ 1:9; ਕੁਲੁੱਸੀਆਂ 3:14) ਯਹੋਵਾਹ ਆਪਣੇ ਸੇਵਕਾਂ ਤੋਂ ਅਜਿਹੀਆਂ ਮੰਗਾਂ ਨਹੀਂ ਕਰਦਾ ਜੋ ਉਹ ਪੂਰੀਆਂ ਨਹੀਂ ਕਰ ਸਕਦੇ। ਅਸਲ ਵਿਚ ਕਿਉਂਕਿ “ਪਰਮੇਸ਼ੁਰ ਪ੍ਰੇਮ ਹੈ” ਅਤੇ ਉਸ ਨੇ ਇਨਸਾਨਾਂ ਨੂੰ ਆਪਣੇ ਸਰੂਪ ਉੱਤੇ ਬਣਾਇਆ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਨੇ ਸਾਨੂੰ ਪਿਆਰ ਕਰਨ ਦੇ ਕਾਬਲ ਬਣਾਇਆ ਹੈ। (1 ਯੂਹੰਨਾ 4:8; ਉਤਪਤ 1:27) ਇਸ ਲਈ ਜਦੋਂ ਅਸੀਂ ਆਪਣੇ ਮੂਲ ਪਾਠ ਵਿਚ ਦਰਜ ਪਤਰਸ ਰਸੂਲ ਦੇ ਸ਼ਬਦ ਪੜ੍ਹਦੇ ਹਾਂ, ਤਾਂ ਅਸੀਂ ਕਾਮਯਾਬੀ ਨਾਲ ਮਸੀਹ ਦੇ ਨਮੂਨੇ ਉੱਤੇ ਚੱਲਣ ਦੀ ਉਮੀਦ ਰੱਖ ਸਕਦੇ ਹਾਂ। ਜੀ ਹਾਂ, ਅਸੀਂ ਯਿਸੂ ਦੇ ਇਸ ਹੁਕਮ ਦੀ ਪਾਲਣਾ ਕਰ ਸਕਦੇ ਹਾਂ: ‘ਮੇਰੇ ਪਿੱਛੇ ਚੱਲੋ।’ (ਲੂਕਾ 9:23) ਆਓ ਆਪਾਂ ਧਿਆਨ ਦੇਈਏ ਕਿ ਅਸੀਂ ਸੱਚਾਈਆਂ ਪ੍ਰਤੀ ਅਤੇ ਆਪਣੇ ਸੁਣਨ ਵਾਲਿਆਂ ਪ੍ਰਤੀ ਪਿਆਰ ਦਿਖਾਉਣ ਵਿਚ ਮਸੀਹ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ।
ਸਿੱਖੀਆਂ ਸੱਚਾਈਆਂ ਪ੍ਰਤੀ ਪਿਆਰ ਪੈਦਾ ਕਰਨਾ
3. ਕੁਝ ਲੋਕਾਂ ਨੂੰ ਪੜ੍ਹਾਈ ਕਰਨੀ ਕਿਉਂ ਔਖੀ ਲੱਗਦੀ ਹੈ, ਪਰ ਕਹਾਉਤਾਂ 2:1-5 ਵਿਚ ਕਿਹੜੀ ਸਲਾਹ ਦਿੱਤੀ ਗਈ ਹੈ?
3 ਦੂਜਿਆਂ ਨੂੰ ਜਿਹੜੀਆਂ ਸੱਚਾਈਆਂ ਅਸੀਂ ਸਿਖਾਉਂਦੇ ਹਾਂ, ਉਨ੍ਹਾਂ ਪ੍ਰਤੀ ਪਿਆਰ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਉਨ੍ਹਾਂ ਸੱਚਾਈਆਂ ਨੂੰ ਸਿੱਖਣ ਲਈ ਚਾਹ ਪੈਦਾ ਕਰੀਏ। ਅੱਜ ਦੀ ਦੁਨੀਆਂ ਵਿਚ ਅਜਿਹਾ ਪਿਆਰ ਪੈਦਾ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਵਧੀਆ ਪੜ੍ਹਾਈ ਦੀ ਘਾਟ ਅਤੇ ਨੌਜਵਾਨਾਂ ਦੀਆਂ ਬੁਰੀਆਂ ਆਦਤਾਂ ਕਾਰਨ ਕਈ ਪੜ੍ਹਾਈ ਕਰਨੀ ਪਸੰਦ ਨਹੀਂ ਕਰਦੇ। ਪਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਕੋਲੋਂ ਸਿੱਖੀਏ। ਕਹਾਉਤਾਂ 2:1-5 ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ, ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।”
4. ‘ਚਿੱਤ ਲਾਉਣ’ ਦਾ ਕੀ ਮਤਲਬ ਹੈ ਅਤੇ ਕਿਹੜਾ ਨਜ਼ਰੀਆ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰੇਗਾ?
4 ਧਿਆਨ ਦਿਓ ਕਿ 1-4 ਆਇਤਾਂ ਵਿਚ ਵਾਰ-ਵਾਰ ਨਾ ਸਿਰਫ਼ ‘ਕੰਨ ਲਾਉਣ’ ਅਤੇ ‘ਚਿੱਤ ਲਾਉਣ’ ਬਾਰੇ ਕਿਹਾ ਗਿਆ ਹੈ, ਸਗੋਂ ‘ਭਾਲ ਕਰਨ’ ਅਤੇ ‘ਖੋਜ ਕਰਨ’ ਲਈ ਵੀ ਕਿਹਾ ਗਿਆ ਹੈ। ਪਰ ਇਹ ਸਭ ਕੁਝ ਕਰਨ ਲਈ ਕਿਹੜੀ ਗੱਲ ਸਾਨੂੰ ਪ੍ਰੇਰੇਗੀ? ‘ਸਮਝ ਉੱਤੇ ਚਿੱਤ ਲਾਓ’ ਵਾਕ ਵੱਲ ਜ਼ਰਾ ਧਿਆਨ ਦਿਓ। ਇਸ ਸਲਾਹ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ “ਸਿਰਫ਼ ਧਿਆਨ ਦੇਣਾ ਹੀ ਕਾਫ਼ੀ ਨਹੀਂ ਹੈ, ਸਾਡਾ ਰਵੱਈਆ ਵੀ ਚੰਗਾ ਹੋਣਾ ਚਾਹੀਦਾ ਹੈ ਯਾਨੀ ਸਾਨੂੰ ਸਿੱਖਿਆਵਾਂ ਨੂੰ ਵੱਡੀ ਚਾਹ ਨਾਲ ਮੰਨਣਾ ਚਾਹੀਦਾ ਹੈ।” ਅਤੇ ਕਿਹੜੀ ਗੱਲ ਉਨ੍ਹਾਂ ਸਿੱਖਿਆਵਾਂ ਨੂੰ ਚਾਹ ਨਾਲ ਮੰਨਣ ਵਿਚ ਸਾਡੀ ਮਦਦ ਕਰ ਸਕਦੀ ਹੈ ਜਿਹੜੀਆਂ ਸਿੱਖਿਆਵਾਂ ਯਹੋਵਾਹ ਸਾਨੂੰ ਦਿੰਦਾ ਹੈ? ਸਾਡਾ ਨਜ਼ਰੀਆ। ਸਾਨੂੰ “ਪਰਮੇਸ਼ੁਰ ਦੇ ਗਿਆਨ” ਨੂੰ “ਚਾਂਦੀ” ਅਤੇ “ਗੁਪਤ ਧਨ” ਵਾਂਗ ਵਿਚਾਰਨਾ ਚਾਹੀਦਾ ਹੈ।
5, 6. (ੳ) ਸਮੇਂ ਦੇ ਬੀਤਣ ਨਾਲ ਕੀ ਹੋ ਸਕਦਾ ਹੈ ਅਤੇ ਅਸੀਂ ਇਹ ਇਸ ਤਰ੍ਹਾਂ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ? (ਅ) ਬਾਈਬਲ ਵਿੱਚੋਂ ਮਿਲੇ ਗਿਆਨ ਦੇ ਖ਼ਜ਼ਾਨੇ ਨੂੰ ਕਿਉਂ ਵਧਾਉਂਦੇ ਰਹਿਣਾ ਚਾਹੀਦਾ ਹੈ?
5 ਇਸ ਤਰ੍ਹਾਂ ਦਾ ਨਜ਼ਰੀਆ ਪੈਦਾ ਕਰਨਾ ਔਖਾ ਨਹੀਂ ਹੈ। ਮਿਸਾਲ ਵਜੋਂ, ਜਿਹੜਾ “ਪਰਮੇਸ਼ੁਰ ਦਾ ਗਿਆਨ” ਤੁਸੀਂ ਲਿਆ ਹੈ, ਉਸ ਵਿਚ ਸ਼ਾਇਦ ਇਹ ਸੱਚਾਈ ਵੀ ਸ਼ਾਮਲ ਹੈ ਕਿ ਯਹੋਵਾਹ ਵਫ਼ਾਦਾਰ ਮਨੁੱਖਜਾਤੀ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਮਕਸਦ ਰੱਖਦਾ ਹੈ। (ਜ਼ਬੂਰ 37:28, 29) ਜਦੋਂ ਤੁਸੀਂ ਸ਼ੁਰੂ-ਸ਼ੁਰੂ ਵਿਚ ਸੱਚਾਈ ਸਿੱਖੀ ਸੀ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਇਸ ਨੂੰ ਸੱਚਾ ਖ਼ਜ਼ਾਨਾ ਸਮਝਿਆ ਸੀ ਜਿਸ ਨੇ ਤੁਹਾਡੇ ਦਿਲਾਂ-ਦਿਮਾਗ਼ਾਂ ਨੂੰ ਉਮੀਦ ਅਤੇ ਖ਼ੁਸ਼ੀ ਨਾਲ ਭਰ ਦਿੱਤਾ ਸੀ। ਪਰ ਹੁਣ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਸਮੇਂ ਦੇ ਬੀਤਣ ਨਾਲ ਇਸ ਖ਼ਜ਼ਾਨੇ ਲਈ ਤੁਹਾਡੀ ਕਦਰ ਘੱਟ ਗਈ ਹੈ? ਜੇਕਰ ਘਟੀ ਹੈ, ਤਾਂ ਫਿਰ ਦੋ ਗੱਲਾਂ ਕਰਨ ਦੀ ਕੋਸ਼ਿਸ਼ ਕਰੋ। ਪਹਿਲੀ, ਆਪਣੀ ਕਦਰ ਨੂੰ ਮੁੜ ਤਾਜ਼ਾ ਕਰੋ ਯਾਨੀ ਇਹ ਚੇਤੇ ਕਰੋ ਕਿ ਤੁਸੀਂ ਯਹੋਵਾਹ ਦੁਆਰਾ ਸਿਖਾਈ ਹਰ ਸੱਚਾਈ ਦੀ ਕਿਉਂ ਕਦਰ ਕਰਦੇ ਹੋ, ਉਨ੍ਹਾਂ ਸੱਚਾਈਆਂ ਦੀ ਵੀ ਜਿਨ੍ਹਾਂ ਨੂੰ ਤੁਸੀਂ ਕਈ ਸਾਲ ਪਹਿਲਾਂ ਸਿੱਖਿਆ ਸੀ।
6 ਦੂਜੀ, ਆਪਣੇ ਖ਼ਜ਼ਾਨੇ ਨੂੰ ਹੋਰ ਵਧਾਉਂਦੇ ਜਾਓ। ਮੰਨ ਲਓ ਕਿ ਤੁਹਾਨੂੰ ਇਕ ਕੀਮਤੀ ਹੀਰਾ ਲੱਭਿਆ ਹੈ, ਤਾਂ ਕੀ ਤੁਸੀਂ ਇਸ ਨੂੰ ਆਪਣੀ ਜੇਬ ਵਿਚ ਪਾ ਕੇ ਖ਼ੁਸ਼ੀ-ਖ਼ੁਸ਼ੀ ਅੱਗੇ ਤੁਰ ਪਉਗੇ? ਜਾਂ ਕੀ ਤੁਸੀਂ ਹੋਰ ਹੀਰੇ ਭਾਲਣ ਦੀ ਕੋਸ਼ਿਸ਼ ਕਰੋਗੇ? ਪਰਮੇਸ਼ੁਰ ਦਾ ਬਚਨ ਸੱਚਾਈ ਦੇ ਅਨਮੋਲ ਹੀਰਿਆਂ ਨਾਲ ਭਰਿਆ ਪਿਆ ਹੈ। ਚਾਹੇ ਤੁਸੀਂ ਜਿੰਨੇ ਮਰਜ਼ੀ ਹੀਰਿਆਂ ਯਾਨੀ ਕੀਮਤੀ ਸੱਚਾਈਆਂ ਨੂੰ ਲੱਭਿਆ ਹੈ, ਪਰ ਤੁਸੀਂ ਹੋਰ ਸੱਚਾਈਆਂ ਦੀ ਭਾਲ ਕਰ ਸਕਦੇ ਹੋ। (ਰੋਮੀਆਂ 11:33) ਜਦੋਂ ਤੁਹਾਨੂੰ ਸੱਚਾਈ ਦੇ ਕਿਸੇ ਹੀਰੇ ਬਾਰੇ ਪਤਾ ਲੱਗਦਾ ਹੈ, ਤਾਂ ਤੁਸੀਂ ਆਪਣੇ ਆਪ ਤੋਂ ਪੁੱਛੋ: ‘ਕਿਹੜੀ ਗੱਲ ਕਾਰਨ ਇਹ ਇਕ ਖ਼ਜ਼ਾਨਾ ਹੈ? ਕੀ ਇਹ ਗੱਲ ਯਹੋਵਾਹ ਦੀ ਸ਼ਖ਼ਸੀਅਤ ਜਾਂ ਉਸ ਦੇ ਮਕਸਦਾਂ ਬਾਰੇ ਮੇਰੀ ਸਮਝ ਨੂੰ ਵਧਾਉਂਦੀ ਹੈ? ਕੀ ਇਹ ਕੋਈ ਫ਼ਾਇਦੇਮੰਦ ਸਲਾਹ ਦਿੰਦੀ ਹੈ ਜੋ ਯਿਸੂ ਦੇ ਕਦਮਾਂ ਤੇ ਚੱਲਣ ਵਿਚ ਮੇਰੀ ਮਦਦ ਕਰ ਸਕਦੀ ਹੈ?’ ਅਜਿਹੇ ਸਵਾਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਯਹੋਵਾਹ ਦੁਆਰਾ ਸਿਖਾਈਆਂ ਸੱਚਾਈਆਂ ਲਈ ਤੁਹਾਡਾ ਪਿਆਰ ਵਧੇਗਾ।
ਸਿਖਾਈਆਂ ਜਾਣ ਵਾਲੀਆਂ ਸੱਚਾਈਆਂ ਲਈ ਪਿਆਰ
7, 8. ਕਿਨ੍ਹਾਂ ਕੁਝ ਤਰੀਕਿਆਂ ਨਾਲ ਅਸੀਂ ਦੂਜਿਆਂ ਨੂੰ ਦਿਖਾ ਸਕਦੇ ਹਾਂ ਕਿ ਅਸੀਂ ਬਾਈਬਲ ਤੋਂ ਸਿੱਖੀਆਂ ਸੱਚਾਈਆਂ ਨਾਲ ਪਿਆਰ ਕਰਦੇ ਹਾਂ? ਇਕ ਉਦਾਹਰਣ ਦਿਓ।
7 ਦੂਜਿਆਂ ਨੂੰ ਸਿਖਾਉਂਦੇ ਸਮੇਂ, ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਸਿੱਖੀਆਂ ਸੱਚਾਈਆਂ ਨੂੰ ਪਿਆਰ ਕਰਦੇ ਹਾਂ। ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ, ਅਸੀਂ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਸਿਖਾਉਣ ਲਈ ਜ਼ਿਆਦਾਤਰ ਬਾਈਬਲ ਉੱਤੇ ਭਰੋਸਾ ਰੱਖਦੇ ਹਾਂ। ਹਾਲ ਹੀ ਵਿਚ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਪ੍ਰਚਾਰ ਕਰਨ ਵੇਲੇ ਬਾਈਬਲ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ। ਇਸ ਸਲਾਹ ਉੱਤੇ ਚੱਲਦੇ ਹੋਏ ਅਜਿਹੇ ਤਰੀਕੇ ਭਾਲੋ ਜਿਨ੍ਹਾਂ ਤੋਂ ਘਰ-ਸੁਆਮੀ ਨੂੰ ਇਹ ਪਤਾ ਲੱਗੇ ਕਿ ਤੁਸੀਂ ਆਪ ਵੀ ਉਨ੍ਹਾਂ ਗੱਲਾਂ ਦੀ ਕਦਰ ਕਰਦੇ ਹੋ ਜਿਹੜੀਆਂ ਤੁਸੀਂ ਉਨ੍ਹਾਂ ਨਾਲ ਬਾਈਬਲ ਵਿੱਚੋਂ ਸਾਂਝੀਆਂ ਕਰਦੇ ਹੋ।—ਮੱਤੀ 13:52.
8 ਮਿਸਾਲ ਲਈ ਪਿਛਲੇ ਸਾਲ ਨਿਊਯਾਰਕ ਸਿਟੀ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਇਕ ਭੈਣ ਸੇਵਕਾਈ ਵਿਚ ਮਿਲੇ ਲੋਕਾਂ ਨਾਲ ਜ਼ਬੂਰਾਂ ਦੀ ਪੋਥੀ 46:1, 11 ਦੇ ਸ਼ਬਦ ਸਾਂਝੇ ਕਰ ਰਹੀ ਸੀ। ਪਹਿਲਾਂ ਉਸ ਨੇ ਲੋਕਾਂ ਨੂੰ ਪੁੱਛਿਆ ਕਿ ਉਹ ਇਸ ਹਮਲੇ ਕਾਰਨ ਪੈਦਾ ਹੋਏ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਰਹੇ ਹਨ। ਉਸ ਨੇ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਹਾਮੀ ਭਰੀ ਅਤੇ ਫਿਰ ਕਿਹਾ: “ਕੀ ਮੈਂ ਤੁਹਾਡੇ ਨਾਲ ਇਕ ਹਵਾਲਾ ਸਾਂਝਾ ਕਰ ਸਕਦੀ ਹਾਂ ਜਿਸ ਤੋਂ ਮੈਨੂੰ ਵੀ ਇਸ ਮੁਸ਼ਕਲ ਘੜੀ ਵਿਚ ਦਿਲਾਸਾ ਮਿਲਿਆ ਹੈ?” ਬਹੁਤ ਘੱਟ ਲੋਕਾਂ ਨੇ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਬਹੁਤ ਸਾਰੇ ਲੋਕਾਂ ਨਾਲ ਚੰਗੀ ਗੱਲਬਾਤ ਹੋਈ। ਜਵਾਨ ਲੋਕਾਂ ਨਾਲ ਗੱਲਬਾਤ ਕਰਦੀ ਹੋਈ ਇਹੀ ਭੈਣ ਅਕਸਰ ਕਹਿੰਦੀ ਹੈ: “ਮੈਂ 50 ਸਾਲਾਂ ਤੋਂ ਬਾਈਬਲ ਬਾਰੇ ਸਿਖਾਉਂਦੀ ਆ ਰਹੀ ਹਾਂ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਕਿਤਾਬ ਹਰ ਤਰ੍ਹਾਂ ਦੀ ਮੁਸ਼ਕਲ ਹੱਲ ਕਰਨ ਵਿਚ ਮਦਦ ਕਰਦੀ ਹੈ।” ਜੋਸ਼ ਨਾਲ ਦਿਲੋਂ ਲੋਕਾਂ ਨੂੰ ਪ੍ਰਚਾਰ ਕਰਨ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਗੱਲਾਂ ਦੀ ਕਦਰ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਨਾਲ ਪਿਆਰ ਹੈ।—ਜ਼ਬੂਰ 119:97, 105.
9, 10. ਆਪਣੇ ਵਿਸ਼ਵਾਸਾਂ ਬਾਰੇ ਸਵਾਲਾਂ ਦਾ ਜਵਾਬ ਦੇਣ ਸਮੇਂ ਸਾਨੂੰ ਬਾਈਬਲ ਕਿਉਂ ਵਰਤਣੀ ਚਾਹੀਦੀ ਹੈ?
9 ਜਦੋਂ ਲੋਕ ਸਾਡੇ ਵਿਸ਼ਵਾਸਾਂ ਬਾਰੇ ਸਾਡੇ ਕੋਲੋਂ ਸਵਾਲ ਪੁੱਛਦੇ ਹਨ, ਤਾਂ ਸਾਡੇ ਕੋਲ ਇਹ ਦਿਖਾਉਣ ਦਾ ਚੰਗਾ ਮੌਕਾ ਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨਾਲ ਪਿਆਰ ਕਰਦੇ ਹਾਂ। ਯਿਸੂ ਦੀ ਉਦਾਹਰਣ ਉੱਤੇ ਚੱਲਦੇ ਹੋਏ ਅਸੀਂ ਆਪਣੀ ਸਮਝ ਦੇ ਸਹਾਰੇ ਜਵਾਬ ਨਹੀਂ ਦਿੰਦੇ। (ਕਹਾਉਤਾਂ 3:5, 6) ਇਸ ਦੀ ਬਜਾਇ ਅਸੀਂ ਬਾਈਬਲ ਵਿੱਚੋਂ ਜਵਾਬ ਦਿੰਦੇ ਹਾਂ। ਕੀ ਤੁਸੀਂ ਡਰਦੇ ਹੋ ਕਿ ਜੇ ਕਿਸੇ ਨੇ ਤੁਹਾਡੇ ਕੋਲੋਂ ਕੋਈ ਸਵਾਲ ਪੁੱਛ ਲਿਆ, ਤਾਂ ਤੁਸੀਂ ਉਸ ਦਾ ਜਵਾਬ ਨਹੀਂ ਦੇ ਪਾਓਗੇ? ਤਾਂ ਫਿਰ ਦੋ ਤਰੀਕਿਆਂ ਉੱਤੇ ਧਿਆਨ ਦਿਓ।
10 ਚੰਗੀ ਤਰ੍ਹਾਂ ਤਿਆਰੀ ਕਰੋ। ਪਤਰਸ ਰਸੂਲ ਨੇ ਲਿਖਿਆ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਕੀ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਹੋ? ਉਦਾਹਰਣ ਲਈ, ਜੇ ਕੋਈ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਕਿਸੇ ਰੀਤੀ-ਰਿਵਾਜ ਵਿਚ ਹਿੱਸਾ ਕਿਉਂ ਨਹੀਂ ਲੈਂਦੇ, ਤਾਂ ਇਹ ਕਹਿ ਕੇ ਗੱਲ ਖ਼ਤਮ ਨਾ ਕਰੋ ਕਿ “ਮੇਰਾ ਧਰਮ ਇੱਦਾਂ ਕਰਨ ਤੋਂ ਮਨਾਂ ਕਰਦਾ ਹੈ।” ਇਸ ਤਰ੍ਹਾਂ ਜਵਾਬ ਦੇਣ ਨਾਲ ਦੂਜਿਆਂ ਨੂੰ ਲੱਗ ਸਕਦਾ ਹੈ ਕਿ ਤੁਹਾਡੇ ਫ਼ੈਸਲੇ ਦੂਸਰੇ ਕਰਦੇ ਹਨ ਅਤੇ ਤੁਸੀਂ ਜ਼ਰੂਰ ਕਿਸੇ ਪੰਥ ਦੇ ਮੈਂਬਰ ਹੋ। ਇਸ ਤਰ੍ਹਾਂ ਕਹਿਣਾ ਸ਼ਾਇਦ ਚੰਗਾ ਹੋਵੇਗਾ ਕਿ “ਪਰਮੇਸ਼ੁਰ ਦਾ ਬਚਨ ਬਾਈਬਲ ਇਸ ਵਿਚ ਹਿੱਸਾ ਲੈਣ ਤੋਂ ਮਨਾਂ ਕਰਦਾ ਹੈ” ਜਾਂ “ਇਸ ਨਾਲ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ।” ਫਿਰ ਉਨ੍ਹਾਂ ਨੂੰ ਸਮਝਾਓ ਕਿ ਤੁਸੀਂ ਕਿਉਂ ਹਿੱਸਾ ਨਹੀਂ ਲੈਂਦੇ।—ਰੋਮੀਆਂ 12:1.
11. ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਬਾਰੇ ਸਵਾਲਾਂ ਦੇ ਜਵਾਬ ਦੇਣ ਵਿਚ ਕਿਹੜੀ ਪੁਸਤਿਕਾ ਸਾਡੀ ਮਦਦ ਕਰ ਸਕਦੀ ਹੈ?
11 ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਚੰਗੀ ਤਰ੍ਹਾਂ ਤਿਆਰ ਨਹੀਂ ਹੋ, ਤਾਂ ਕਿਉਂ ਨਾ ਤੁਸੀਂ ਚਰਚਾ ਲਈ ਬਾਈਬਲ ਵਿਸ਼ੇ ਪੁਸਤਿਕਾ ਨੂੰ ਪੜ੍ਹਨ ਵਿਚ ਕੁਝ ਸਮਾਂ ਲਾਓ?a ਕੁਝ ਵਿਸ਼ਿਆਂ ਨੂੰ ਚੁਣੋ ਜਿਨ੍ਹਾਂ ਬਾਰੇ ਤੁਹਾਨੂੰ ਲੱਗਦਾ ਹੈ ਕਿ ਲੋਕ ਸਵਾਲ ਪੁੱਛ ਸਕਦੇ ਹਨ ਅਤੇ ਕੁਝ ਬਾਈਬਲ ਹਵਾਲਿਆਂ ਨੂੰ ਯਾਦ ਕਰੋ। ਚਰਚਾ ਪੁਸਤਿਕਾ ਅਤੇ ਬਾਈਬਲ ਆਪਣੇ ਕੋਲ ਰੱਖੋ। ਇਨ੍ਹਾਂ ਨੂੰ ਵਰਤਣ ਤੋਂ ਝਿਜਕੋ ਨਾ, ਸਗੋਂ ਲੋਕਾਂ ਨੂੰ ਸਮਝਾਓ ਕਿ ਤੁਹਾਡੇ ਕੋਲ ਇਕ ਪੁਸਤਿਕਾ ਹੈ ਜੋ ਬਾਈਬਲ ਵਿੱਚੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਮਦਦ ਕਰਦੀ ਹੈ।
12. ਜੇ ਅਸੀਂ ਬਾਈਬਲ ਬਾਰੇ ਕਿਸੇ ਸਵਾਲ ਦਾ ਜਵਾਬ ਨਹੀਂ ਜਾਣਦੇ, ਤਾਂ ਅਸੀਂ ਕੀ ਕਹਿ ਸਕਦੇ ਹਾਂ?
12 ਬੇਲੋੜੀ ਚਿੰਤਾ ਨਾ ਕਰੋ। ਕੋਈ ਵੀ ਨਾਮੁਕੰਮਲ ਇਨਸਾਨ ਸਾਰੇ ਜਵਾਬ ਨਹੀਂ ਦੇ ਸਕਦਾ। ਇਸ ਲਈ ਜੇ ਤੁਹਾਡੇ ਕੋਲੋਂ ਕੋਈ ਅਜਿਹਾ ਸਵਾਲ ਪੁੱਛਿਆ ਜਾਂਦਾ ਹੈ ਜਿਸ ਦਾ ਤੁਸੀਂ ਜਵਾਬ ਨਹੀਂ ਦੇ ਸਕਦੇ, ਤਾਂ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ: “ਅਜਿਹਾ ਦਿਲਚਸਪ ਸਵਾਲ ਪੁੱਛਣ ਲਈ ਤੁਹਾਡਾ ਸ਼ੁਕਰੀਆ। ਮੈਂ ਸੱਚ ਦੱਸਾਂ ਤਾਂ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ, ਪਰ ਮੈਨੂੰ ਯਕੀਨ ਹੈ ਕਿ ਬਾਈਬਲ ਇਸ ਦਾ ਜਵਾਬ ਜ਼ਰੂਰ ਦਿੰਦੀ ਹੈ। ਮੈਂ ਬਾਈਬਲ ਵਿੱਚੋਂ ਰਿਸਰਚ ਕਰ ਕੇ ਤੁਹਾਡੇ ਸਵਾਲ ਦਾ ਜਵਾਬ ਲੱਭਾਂਗਾ ਤੇ ਦੁਬਾਰਾ ਤੁਹਾਨੂੰ ਮਿਲਣ ਆਵਾਂਗਾ।” ਨਿਮਰਤਾ ਨਾਲ ਇਸ ਤਰ੍ਹਾਂ ਕਹਿਣ ਨਾਲ ਤੁਹਾਨੂੰ ਅੱਗੋਂ ਗੱਲਬਾਤ ਕਰਨ ਦਾ ਮੌਕਾ ਮਿਲ ਸਕਦਾ ਹੈ।—ਕਹਾਉਤਾਂ 11:2.
ਆਪਣੇ ਸੁਣਨ ਵਾਲਿਆਂ ਲਈ ਪਿਆਰ
13. ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ, ਉਨ੍ਹਾਂ ਪ੍ਰਤੀ ਸਾਨੂੰ ਚੰਗਾ ਰਵੱਈਆ ਕਿਉਂ ਰੱਖਣਾ ਚਾਹੀਦਾ ਹੈ?
13 ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਪਿਆਰ ਦਿਖਾਇਆ ਸੀ। ਇਸ ਵਿਚ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਸਾਨੂੰ ਲੋਕਾਂ ਪ੍ਰਤੀ ਰੁੱਖਾ ਰਵੱਈਆ ਕਦੇ ਨਹੀਂ ਅਪਣਾਉਣਾ ਚਾਹੀਦਾ। ਇਹ ਸੱਚ ਹੈ ਕਿ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ’ ਬਹੁਤ ਹੀ ਨੇੜੇ ਹੈ ਜਿਸ ਵਿਚ ਅਰਬਾਂ ਹੀ ਲੋਕ ਨਾਸ਼ ਕੀਤੇ ਜਾਣਗੇ। (ਪਰਕਾਸ਼ ਦੀ ਪੋਥੀ 16:14; ਯਿਰਮਿਯਾਹ 25:33) ਪਰ ਸਾਨੂੰ ਇਹ ਨਹੀਂ ਪਤਾ ਕਿ ਕੌਣ ਬਚੇਗਾ ਜਾਂ ਕੌਣ ਮਰੇਗਾ। ਇਹ ਨਿਆਂ ਭਵਿੱਖ ਵਿਚ ਹੋਣ ਵਾਲਾ ਹੈ ਅਤੇ ਨਿਆਂ ਕਰਨ ਦੀ ਜ਼ਿੰਮੇਵਾਰੀ ਯਹੋਵਾਹ ਨੇ ਯਿਸੂ ਨੂੰ ਦਿੱਤੀ ਹੈ। ਜਦੋਂ ਤਕ ਨਿਆਂ ਨਹੀਂ ਹੁੰਦਾ, ਤਦ ਤਕ ਅਸੀਂ ਹਰ ਵਿਅਕਤੀ ਨੂੰ ਯਹੋਵਾਹ ਦਾ ਸੰਭਾਵੀ ਸੇਵਕ ਸਮਝਦੇ ਹਾਂ।—ਮੱਤੀ 19:24-26; 25:31-33; ਰਸੂਲਾਂ ਦੇ ਕਰਤੱਬ 17:31.
14. (ੳ) ਅਸੀਂ ਆਪਣੀ ਜਾਂਚ ਕਿਵੇਂ ਕਰ ਸਕਦੇ ਹਾਂ ਕਿ ਅਸੀਂ ਲੋਕਾਂ ਨੂੰ ਹਮਦਰਦੀ ਦਿਖਾਉਂਦੇ ਹਾਂ ਕਿ ਨਹੀਂ? (ਅ) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਨੂੰ ਹਮਦਰਦੀ ਦਿਖਾ ਅਤੇ ਉਨ੍ਹਾਂ ਵਿਚ ਦਿਲਚਸਪੀ ਲੈ ਸਕਦੇ ਹਾਂ?
14 ਯਿਸੂ ਵਾਂਗ ਅਸੀਂ ਵੀ ਲੋਕਾਂ ਨਾਲ ਹਮਦਰਦੀ ਕਰਨੀ ਚਾਹੁੰਦੇ ਹਾਂ। ਅਸੀਂ ਆਪਣੇ ਆਪ ਕੋਲੋਂ ਪੁੱਛ ਸਕਦੇ ਹਾਂ: ‘ਕੀ ਮੈਨੂੰ ਉਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਹੈ ਜਿਹੜੇ ਇਸ ਦੁਨੀਆਂ ਦੀਆਂ ਧਾਰਮਿਕ, ਰਾਜਨੀਤਿਕ ਅਤੇ ਵਪਾਰਕ ਸੰਸਥਾਵਾਂ ਦੀਆਂ ਝੂਠੀਆਂ ਗੱਲਾਂ ਅਤੇ ਫ਼ਰੇਬ ਦੇ ਧੋਖੇ ਵਿਚ ਫਸੇ ਹੋਏ ਹਨ? ਜੇ ਉਹ ਸਾਡੇ ਸੰਦੇਸ਼ ਨੂੰ ਨਹੀਂ ਸੁਣਦੇ, ਤਾਂ ਕੀ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹ ਸਾਡੀ ਗੱਲ ਕਿਉਂ ਨਹੀਂ ਸੁਣਦੇ? ਕੀ ਮੈਂ ਇਹ ਗੱਲ ਯਾਦ ਰੱਖਦਾ ਹਾਂ ਕਿ ਪਹਿਲਾਂ ਮੈਂ ਅਤੇ ਯਹੋਵਾਹ ਦੇ ਦੂਜੇ ਵਫ਼ਾਦਾਰ ਸੇਵਕਾਂ ਨੇ ਵੀ ਇਹੋ ਜਿਹਾ ਰਵੱਈਆ ਦਿਖਾਇਆ ਸੀ? ਇਸ ਲਈ, ਕੀ ਮੈਂ ਲੋਕਾਂ ਨੂੰ ਪ੍ਰਚਾਰ ਕਰਨ ਦੇ ਆਪਣੇ ਤਰੀਕੇ ਨੂੰ ਬਦਲਿਆ ਹੈ? ਜਾਂ ਕੀ ਮੈਂ ਇੰਜ ਸੋਚਦਾ ਹਾਂ ਕਿ ਇਨ੍ਹਾਂ ਲੋਕਾਂ ਨੇ ਤਾਂ ਕਦੀ ਨਹੀਂ ਬਦਲਣਾ?’ (ਪਰਕਾਸ਼ ਦੀ ਪੋਥੀ 12:9) ਜਦੋਂ ਅਸੀਂ ਲੋਕਾਂ ਨੂੰ ਦਿਲੋਂ ਹਮਦਰਦੀ ਦਿਖਾਉਂਦੇ ਹਾਂ, ਤਾਂ ਉਹ ਸਾਡੀ ਗੱਲ ਜ਼ਰੂਰ ਸੁਣਨਗੇ। (1 ਪਤਰਸ 3:8) ਹਮਦਰਦੀ ਸਾਨੂੰ ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਵਿਚ ਹੋਰ ਜ਼ਿਆਦਾ ਦਿਲਚਸਪੀ ਲੈਣ ਲਈ ਪ੍ਰੇਰਿਤ ਕਰ ਸਕਦੀ ਹੈ। ਅਸੀਂ ਉਨ੍ਹਾਂ ਦੇ ਸਵਾਲਾਂ ਅਤੇ ਚਿੰਤਾਵਾਂ ਨੂੰ ਲਿਖ ਸਕਦੇ ਹਾਂ। ਫਿਰ ਜਦੋਂ ਅਸੀਂ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਂਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਪਿਛਲੀ ਗੱਲਬਾਤ ਬਾਰੇ ਸੋਚ ਰਹੇ ਸਾਂ। ਪਰ ਇਸ ਵਾਰ ਜੇ ਉਨ੍ਹਾਂ ਨੂੰ ਕਿਸੇ ਹੋਰ ਮਦਦ ਦੀ ਲੋੜ ਹੈ, ਤਾਂ ਅਸੀਂ ਸ਼ਾਇਦ ਉਨ੍ਹਾਂ ਦੀ ਕੁਝ ਮਦਦ ਕਰ ਸਕੀਏ।
15. ਸਾਨੂੰ ਲੋਕਾਂ ਵਿਚ ਚੰਗੇ ਗੁਣ ਕਿਉਂ ਭਾਲਣੇ ਚਾਹੀਦੇ ਹਨ ਅਤੇ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ?
15 ਯਿਸੂ ਵਾਂਗ ਅਸੀਂ ਲੋਕਾਂ ਵਿਚ ਚੰਗੇ ਗੁਣ ਭਾਲਦੇ ਹਾਂ। ਸ਼ਾਇਦ ਇਕੱਲੀ ਮਾਂ ਆਪਣੇ ਬੱਚਿਆਂ ਦੀ ਪਾਲਣਾ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਦੀ ਹੈ। ਇਕ ਪਿਤਾ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਕ ਸਿਆਣਾ ਆਦਮੀ ਜਾਂ ਔਰਤ ਰੂਹਾਨੀ ਗੱਲਾਂ ਵਿਚ ਦਿਲਚਸਪੀ ਲੈਂਦਾ ਹੈ। ਕੀ ਅਸੀਂ ਇਨ੍ਹਾਂ ਗੱਲਾਂ ਨੂੰ ਦੇਖ ਕੇ ਉਨ੍ਹਾਂ ਲੋਕਾਂ ਦੀ ਤਾਰੀਫ਼ ਕਰਦੇ ਹਾਂ? ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦੇ ਹਾਂ ਅਤੇ ਇਸ ਦੇ ਨਾਲ ਸਾਨੂੰ ਰਾਜ ਬਾਰੇ ਪ੍ਰਚਾਰ ਕਰਨ ਦਾ ਮੌਕਾ ਮਿਲ ਸਕਦਾ ਹੈ।—ਰਸੂਲਾਂ ਦੇ ਕਰਤੱਬ 26:2, 3.
ਪਿਆਰ ਦਿਖਾਉਣ ਲਈ ਨਿਮਰਤਾ ਦੀ ਲੋੜ
16. ਪ੍ਰਚਾਰ ਦੇ ਕੰਮ ਵਿਚ ਲੋਕਾਂ ਨਾਲ ਨਰਮਾਈ ਅਤੇ ਆਦਰ ਨਾਲ ਗੱਲਬਾਤ ਕਰਨੀ ਇੰਨੀ ਜ਼ਰੂਰੀ ਕਿਉਂ ਹੈ?
16 ਲੋਕਾਂ ਲਈ ਆਪਣੇ ਪਿਆਰ ਕਾਰਨ ਅਸੀਂ ਬਾਈਬਲ ਦੀ ਇਸ ਚੇਤਾਵਨੀ ਉੱਤੇ ਚੱਲਣ ਲਈ ਪ੍ਰੇਰਿਤ ਹੋਵਾਂਗੇ: “ਇਲਮ ਫੁਲਾਉਂਦਾ ਪਰ ਪ੍ਰੇਮ ਬਣਾਉਂਦਾ ਹੈ।” (1 ਕੁਰਿੰਥੀਆਂ 8:1) ਯਿਸੂ ਕੋਲ ਬਹੁਤ ਹੀ ਗਿਆਨ ਸੀ ਪਰ ਉਹ ਘਮੰਡੀ ਨਹੀਂ ਸੀ। ਇਸ ਲਈ ਜਦੋਂ ਤੁਸੀਂ ਲੋਕਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਦੇ ਹੋ, ਤਾਂ ਉਨ੍ਹਾਂ ਨਾਲ ਬਹਿਸ ਨਾ ਕਰੋ ਅਤੇ ਨਾ ਹੀ ਘਮੰਡੀ ਰਵੱਈਆ ਦਿਖਾਓ। ਅਸੀਂ ਸੱਚਾਈ ਨਾਲ ਬਹੁਤ ਪਿਆਰ ਕਰਦੇ ਹਾਂ ਜਿਸ ਕਰਕੇ ਅਸੀਂ ਲੋਕਾਂ ਦੇ ਦਿਲਾਂ ਤਕ ਪਹੁੰਚਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਸੱਚਾਈ ਵੱਲ ਖਿੱਚਣਾ ਚਾਹੁੰਦਾ ਹਾਂ। (ਕੁਲੁੱਸੀਆਂ 4:6) ਇਹ ਗੱਲ ਯਾਦ ਰੱਖੋ ਕਿ ਜਦੋਂ ਪਤਰਸ ਨੇ ਮਸੀਹੀਆਂ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਰਹਿਣ ਲਈ ਕਿਹਾ ਸੀ, ਤਾਂ ਉਸ ਨੇ ਇਹ ਵੀ ਸਲਾਹ ਦਿੱਤੀ ਸੀ ਕਿ ਸਾਨੂੰ “ਨਰਮਾਈ ਅਤੇ ਭੈ ਨਾਲ” ਜਵਾਬ ਦੇਣਾ ਚਾਹੀਦਾ ਹੈ। (1 ਪਤਰਸ 3:15) ਜੇ ਅਸੀਂ ਲੋਕਾਂ ਨਾਲ ਨਰਮਾਈ ਅਤੇ ਆਦਰ ਨਾਲ ਪੇਸ਼ ਆਉਂਦੇ ਹਾਂ, ਤਾਂ ਅਸੀਂ ਸ਼ਾਇਦ ਲੋਕਾਂ ਨੂੰ ਪਰਮੇਸ਼ੁਰ ਵੱਲ ਖਿੱਚਣ ਵਿਚ ਜ਼ਿਆਦਾ ਸਫ਼ਲ ਹੋਈਏ।
17, 18. (ੳ) ਸਿੱਖਿਅਕਾਂ ਵਜੋਂ ਸਾਡੀਆਂ ਕਾਬਲੀਅਤਾਂ ਦੀ ਨਿੰਦਿਆ ਕਰਨ ਵਾਲੇ ਲੋਕਾਂ ਨਾਲ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ਅ) ਬਾਈਬਲ ਦੇ ਵਿਦਿਆਰਥੀਆਂ ਲਈ ਬਾਈਬਲ ਦੀਆਂ ਮੂਲ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਕਿਉਂ ਨਹੀਂ ਹੈ?
17 ਲੋਕਾਂ ਨੂੰ ਆਪਣੇ ਗਿਆਨ ਜਾਂ ਆਪਣੀ ਪੜ੍ਹਾਈ ਨਾਲ ਪ੍ਰਭਾਵਿਤ ਕਰਨ ਦੀ ਲੋੜ ਨਹੀਂ ਹੈ। ਆਪਣੇ ਇਲਾਕੇ ਦੇ ਉਨ੍ਹਾਂ ਕੁਝ ਲੋਕਾਂ ਦੇ ਰਵੱਈਏ ਕਾਰਨ ਹੌਸਲਾ ਨਾ ਹਾਰੋ ਜੋ ਸਿਰਫ਼ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ ਜਿਨ੍ਹਾਂ ਕੋਲ ਯੂਨੀਵਰਸਿਟੀ ਦੀ ਡਿਗਰੀ ਜਾਂ ਉੱਚੀ ਪਦਵੀ ਹੈ। ਯਿਸੂ ਨੇ ਯਹੂਦੀ ਲੋਕਾਂ ਦੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਉਸ ਨੇ ਕਿਸੇ ਵੀ ਰਾਬਿਨੀ ਸਕੂਲ ਵਿਚ ਜਾ ਕੇ ਸਿੱਖਿਆ ਹਾਸਲ ਨਹੀਂ ਕੀਤੀ ਸੀ। ਨਾ ਹੀ ਉਸ ਨੇ ਆਪਣੇ ਗਿਆਨ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦੁਆਰਾ ਲੋਕਾਂ ਨਾਲ ਪੱਖਪਾਤ ਕੀਤਾ ਸੀ।—ਯੂਹੰਨਾ 7:15.
18 ਮਸੀਹੀ ਸੇਵਕਾਂ ਲਈ ਦੁਨਿਆਵੀ ਪੜ੍ਹਾਈ ਦੀ ਬਜਾਇ ਨਿਮਰਤਾ ਅਤੇ ਪਿਆਰ ਦੇ ਗੁਣਾਂ ਦੀ ਜ਼ਿਆਦਾ ਲੋੜ ਹੈ। ਸਾਡਾ ਮਹਾਨ ਸਿੱਖਿਅਕ ਯਹੋਵਾਹ ਸਾਨੂੰ ਸੇਵਕਾਈ ਕਰਨ ਦੇ ਕਾਬਲ ਬਣਾਉਂਦਾ ਹੈ। (2 ਕੁਰਿੰਥੀਆਂ 3:5, 6) ਈਸਾਈ-ਜਗਤ ਦੇ ਕੁਝ ਪਾਦਰੀ ਚਾਹੇ ਜੋ ਮਰਜ਼ੀ ਕਹਿਣ, ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਬਣਨ ਲਈ ਸਾਨੂੰ ਬਾਈਬਲ ਦੀਆਂ ਮੂਲ ਭਾਸ਼ਾਵਾਂ ਸਿੱਖਣ ਦੀ ਕੋਈ ਲੋੜ ਨਹੀਂ। ਯਹੋਵਾਹ ਨੇ ਬਾਈਬਲ ਨੂੰ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿਚ ਲਿਖਵਾਇਆ ਸੀ ਤਾਂਕਿ ਹਰ ਇਨਸਾਨ ਉਸ ਦੀਆਂ ਅਨਮੋਲ ਸੱਚਾਈਆਂ ਨੂੰ ਸਮਝ ਸਕੇ। ਭਾਵੇਂ ਕਿ ਬਾਈਬਲ ਦਾ ਹਜ਼ਾਰਾਂ ਹੀ ਭਾਸ਼ਾਵਾਂ ਵਿਚ ਤਰਜਮਾ ਕੀਤਾ ਗਿਆ ਹੈ, ਪਰ ਬਾਈਬਲ ਦੀਆਂ ਸੱਚਾਈਆਂ ਨਹੀਂ ਬਦਲੀਆਂ। ਹਾਲਾਂਕਿ ਪੁਰਾਣੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਕਦੇ-ਕਦੇ ਫ਼ਾਇਦੇਮੰਦ ਹੁੰਦਾ ਹੈ, ਪਰ ਜ਼ਰੂਰੀ ਨਹੀਂ ਕਿ ਸਾਨੂੰ ਇਨ੍ਹਾਂ ਭਾਸ਼ਾਵਾਂ ਨੂੰ ਸਿੱਖਣਾ ਹੀ ਪੈਣਾ ਹੈ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਇਕ ਵਿਅਕਤੀ ਨੂੰ ਘਮੰਡੀ ਬਣਾ ਸਕਦਾ ਹੈ ਜਿਸ ਕਰਕੇ ਇਕ ਸੱਚਾ ਮਸੀਹੀ ਉਸ ਗੁਣ ਨੂੰ ਗੁਆ ਸਕਦਾ ਹੈ ਜੋ ਸਿਖਾਉਣ ਲਈ ਜ਼ਰੂਰੀ ਹੈ।—1 ਤਿਮੋਥਿਉਸ 6:4.
19. ਕਿਸ ਅਰਥ ਵਿਚ ਸਾਡੀ ਮਸੀਹੀ ਸੇਵਕਾਈ ਇਕ ਜ਼ਰੂਰੀ ਕੰਮ ਹੈ?
19 ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੀ ਮਸੀਹੀ ਸੇਵਕਾਈ ਲਈ ਨਿਮਰਤਾ ਦੀ ਲੋੜ ਹੈ। ਅਸੀਂ ਲਗਾਤਾਰ ਵਿਰੋਧ ਅਤੇ ਸਤਾਹਟਾਂ ਦਾ ਸਾਮ੍ਹਣਾ ਕਰਦੇ ਹਾਂ ਅਤੇ ਕਈ ਵਾਰ ਲੋਕ ਸਾਡੀ ਗੱਲ ਨਹੀਂ ਸੁਣਦੇ। (ਯੂਹੰਨਾ 15:20) ਤਾਂ ਵੀ ਅਸੀਂ ਵਫ਼ਾਦਾਰੀ ਨਾਲ ਆਪਣੀ ਸੇਵਕਾਈ ਪੂਰੀ ਕਰਨ ਦੁਆਰਾ ਇਕ ਜ਼ਰੂਰੀ ਕੰਮ ਕਰਦੇ ਹਾਂ। ਜੇ ਅਸੀਂ ਨਿਮਰਤਾ ਨਾਲ ਇਸ ਕੰਮ ਵਿਚ ਦੂਜਿਆਂ ਦੀ ਸੇਵਾ ਕਰਨ ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਲੋਕਾਂ ਪ੍ਰਤੀ ਯਿਸੂ ਦੇ ਪਿਆਰ ਦੀ ਨਕਲ ਕਰ ਰਹੇ ਹੋਵਾਂਗੇ। ਜ਼ਰਾ ਸੋਚੋ: ਜੇ ਸਾਨੂੰ ਭੇਡ ਵਰਗੇ ਇਕ ਵਿਅਕਤੀ ਨੂੰ ਲੱਭਣ ਲਈ ਹਜ਼ਾਰਾਂ ਹੀ ਵਿਰੋਧੀ ਲੋਕਾਂ ਨੂੰ ਪ੍ਰਚਾਰ ਕਰਨਾ ਪਿਆ ਹੈ, ਤਾਂ ਕੀ ਸਾਡਾ ਇਹ ਜਤਨ ਕਾਮਯਾਬ ਨਹੀਂ ਹੋਇਆ? ਹਾਂ ਜ਼ਰੂਰ ਹੋਇਆ ਹੈ! ਇਸ ਲਈ ਇਸ ਕੰਮ ਵਿਚ ਲੱਗੇ ਰਹਿਣ ਨਾਲ ਹਿੰਮਤ ਨਾ ਹਾਰੋ। ਅਸੀਂ ਵਫ਼ਾਦਾਰੀ ਨਾਲ ਭੇਡਾਂ ਵਰਗੇ ਲੋਕਾਂ ਨੂੰ ਲੱਭਣ ਦੁਆਰਾ ਉਨ੍ਹਾਂ ਦੀ ਸੇਵਾ ਕਰਨ ਵਿਚ ਲੱਗੇ ਹੋਏ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਅਤੇ ਯਿਸੂ ਨਿਸ਼ਚਿਤ ਕਰਨਗੇ ਕਿ ਅੰਤ ਆਉਣ ਤੋਂ ਪਹਿਲਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।—ਹੱਜਈ 2:7.
20. ਅਸੀਂ ਆਪਣੀ ਮਿਸਾਲ ਦੁਆਰਾ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਨੂੰ ਸਿਖਾ ਸਕਦੇ ਹਾਂ?
20 ਅਸੀਂ ਆਪਣੀ ਮਿਸਾਲ ਦੁਆਰਾ ਵੀ ਦਿਖਾਉਂਦੇ ਹਾਂ ਕਿ ਅਸੀਂ ਦੂਜਿਆਂ ਦੀ ਸੇਵਾ ਕਰਨੀ ਚਾਹੁੰਦੇ ਹਾਂ। ਮਿਸਾਲ ਵਜੋਂ, ਅਸੀਂ ਲੋਕਾਂ ਨੂੰ ਸਿਖਾਉਣਾ ਚਾਹੁੰਦੇ ਹਾਂ ਕਿ ਜੀਉਣ ਦਾ ਸਭ ਤੋਂ ਚੰਗਾ ਅਤੇ ਖ਼ੁਸ਼ੀ ਹਾਸਲ ਕਰਨ ਦਾ ਤਰੀਕਾ ਹੈ ਯਹੋਵਾਹ “ਪਰਮਧੰਨ ਪਰਮੇਸ਼ੁਰ” ਦੀ ਸੇਵਾ ਕਰਨੀ। (1 ਤਿਮੋਥਿਉਸ 1:11) ਜਦੋਂ ਲੋਕ ਸਾਡੇ ਚਾਲ-ਚੱਲਣ ਨੂੰ ਅਤੇ ਗੁਆਂਢੀਆਂ, ਸਹਿਪਾਠੀਆਂ ਅਤੇ ਸਾਡੇ ਨਾਲ ਕੰਮ ਕਰਨ ਵਾਲਿਆਂ ਪ੍ਰਤੀ ਸਾਡੇ ਵਰਤਾਓ ਨੂੰ ਦੇਖਦੇ ਹਨ, ਤਾਂ ਕੀ ਉਹ ਦੇਖ ਸਕਦੇ ਹਨ ਕਿ ਅਸੀਂ ਖ਼ੁਸ਼ ਅਤੇ ਸੰਤੁਸ਼ਟ ਹਾਂ? ਇਸੇ ਤਰ੍ਹਾਂ, ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ ਕਿ ਇਸ ਨਿਰਮੋਹ ਅਤੇ ਜ਼ਾਲਮ ਦੁਨੀਆਂ ਵਿਚ ਮਸੀਹੀ ਕਲੀਸਿਯਾ ਅਜਿਹੀ ਥਾਂ ਹੈ ਜਿੱਥੇ ਉਨ੍ਹਾਂ ਨੂੰ ਸੱਚਾ ਪਿਆਰ ਮਿਲ ਸਕਦਾ ਹੈ। ਕੀ ਸਾਡੇ ਵਿਦਿਆਰਥੀ ਆਸਾਨੀ ਨਾਲ ਦੇਖ ਸਕਦੇ ਹਨ ਕਿ ਅਸੀਂ ਕਲੀਸਿਯਾ ਵਿਚ ਸਾਰਿਆਂ ਨੂੰ ਪਿਆਰ ਕਰਦੇ ਹਾਂ ਅਤੇ ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ?—1 ਪਤਰਸ 4:8.
21, 22. (ੳ) ਸੇਵਕਾਈ ਸੰਬੰਧੀ ਆਪਣੀ ਜਾਂਚ ਕਰਨ ਨਾਲ ਸਾਨੂੰ ਕਿਹੜੇ ਮੌਕੇ ਮਿਲ ਸਕਦੇ ਹਨ? (ਅ) ਪਹਿਰਾਬੁਰਜ ਦੇ ਅਗਲੇ ਅੰਕ ਦੇ ਲੇਖਾਂ ਵਿਚ ਕਿਹੜੀ ਗੱਲ ਉੱਤੇ ਚਰਚਾ ਕੀਤੀ ਜਾਵੇਗੀ?
21 ਸੇਵਕਾਈ ਕਰਨ ਦੀ ਸਾਡੀ ਇੱਛਾ ਸ਼ਾਇਦ ਸਾਨੂੰ ਕਦੇ-ਕਦੇ ਦੁਬਾਰਾ ਆਪਣੀ ਜਾਂਚ ਕਰਨ ਲਈ ਪ੍ਰੇਰਿਤ ਕਰੇ। ਈਮਾਨਦਾਰੀ ਨਾਲ ਆਪਣੀ ਜਾਂਚ ਕਰਨ ਦੁਆਰਾ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਨਿਯਮਿਤ ਪਾਇਨੀਅਰੀ ਕਰਨ ਜਾਂ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਹੈ ਉੱਥੇ ਜਾਣ ਨਾਲ ਆਪਣੀ ਸੇਵਕਾਈ ਨੂੰ ਵਧਾਇਆ ਹੈ। ਕਈਆਂ ਨੇ ਆਪਣੇ ਇਲਾਕੇ ਵਿਚ ਦੂਜੀਆਂ ਭਾਸ਼ਾਵਾਂ ਦੇ ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਉਨ੍ਹਾਂ ਦੀ ਭਾਸ਼ਾ ਸਿੱਖਣ ਦਾ ਫ਼ੈਸਲਾ ਕੀਤਾ ਹੈ। ਜੇ ਤੁਹਾਨੂੰ ਅਜਿਹੇ ਮੌਕੇ ਮਿਲਦੇ ਹਨ, ਤਾਂ ਇਨ੍ਹਾਂ ਉੱਤੇ ਧਿਆਨ ਨਾਲ ਅਤੇ ਪ੍ਰਾਰਥਨਾਪੂਰਵਕ ਸੋਚ-ਵਿਚਾਰ ਕਰੋ। ਪਰਮੇਸ਼ੁਰ ਦੀ ਸੇਵਾ ਵਿਚ ਜ਼ਿੰਦਗੀ ਬਿਤਾਉਣ ਨਾਲ ਖ਼ੁਸ਼ੀ, ਸੰਤੁਸ਼ਟੀ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ।—ਉਪਦੇਸ਼ਕ ਦੀ ਪੋਥੀ 5:12.
22 ਆਓ ਆਪਾਂ ਹਰ ਤਰੀਕੇ ਨਾਲ ਸੱਚਾਈਆਂ ਪ੍ਰਤੀ ਅਤੇ ਆਪਣੇ ਸੁਣਨ ਵਾਲਿਆਂ ਪ੍ਰਤੀ ਆਪਣਾ ਪਿਆਰ ਵਧਾਉਣ ਲਈ ਯਿਸੂ ਮਸੀਹ ਦੀ ਰੀਸ ਕਰੀਏ। ਇਨ੍ਹਾਂ ਦੋਹਾਂ ਗੱਲਾਂ ਪ੍ਰਤੀ ਪਿਆਰ ਪੈਦਾ ਕਰਨ ਅਤੇ ਦਿਖਾਉਣ ਨਾਲ ਮਸੀਹ ਵਰਗੇ ਸਿੱਖਿਅਕ ਬਣਨ ਲਈ ਚੰਗੀ ਨੀਂਹ ਧਰਨ ਵਿਚ ਸਾਨੂੰ ਮਦਦ ਮਿਲੇਗੀ। ਪਰ ਅਸੀਂ ਉਸ ਨੀਂਹ ਉੱਤੇ ਉਸਾਰੀ ਯਾਨੀ ਤਰੱਕੀ ਕਿਵੇਂ ਕਰ ਸਕਦੇ ਹਾਂ? ਪਹਿਰਾਬੁਰਜ ਦੇ ਅਗਲੇ ਅੰਕ ਦੀਆਂ ਲੇਖ ਲੜੀਆਂ ਵਿਚ ਯਿਸੂ ਦੁਆਰਾ ਸਿਖਾਉਣ ਲਈ ਵਰਤੇ ਕੁਝ ਖ਼ਾਸ ਤਰੀਕਿਆਂ ਉੱਤੇ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ।
ਤੁਸੀਂ ਕਿਵੇਂ ਜਵਾਬ ਦਿਓਗੇ?
• ਅਸੀਂ ਯਕੀਨ ਨਾਲ ਕਿਵੇਂ ਕਹਿ ਸਕਦੇ ਹਾਂ ਕਿ ਇਕ ਸਿੱਖਿਅਕ ਵਜੋਂ ਯਿਸੂ ਦੀ ਮਿਸਾਲ ਉੱਤੇ ਚੱਲਣਾ ਔਖਾ ਨਹੀਂ ਹੈ?
• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਬਾਈਬਲ ਤੋਂ ਸਿੱਖੀਆਂ ਸੱਚਾਈਆਂ ਨੂੰ ਪਿਆਰ ਕਰਦੇ ਹਾਂ?
• ਜਿੱਦਾਂ-ਜਿੱਦਾਂ ਅਸੀਂ ਗਿਆਨ ਵਿਚ ਵਧਦੇ ਜਾਂਦੇ ਹਾਂ, ਸਾਨੂੰ ਨਿਮਰਤਾ ਦੀ ਲੋੜ ਕਿਉਂ ਹੈ?
• ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਅਸੀਂ ਉਨ੍ਹਾਂ ਲੋਕਾਂ ਪ੍ਰਤੀ ਆਪਣਾ ਪਿਆਰ ਦਿਖਾ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਸਿਖਾਉਣਾ ਚਾਹੁੰਦੇ ਹਾਂ?
[ਸਫ਼ੇ 16 ਉੱਤੇ ਤਸਵੀਰਾਂ]
ਚੰਗੀ ਤਰ੍ਹਾਂ ਤਿਆਰੀ ਕਰੋ
[ਸਫ਼ੇ 17 ਉੱਤੇ ਤਸਵੀਰਾਂ]
ਜੇਕਰ ਤੁਸੀਂ ‘ਪਰਮੇਸ਼ੁਰ ਦੇ ਗਿਆਨ’ ਨੂੰ ਖ਼ਜ਼ਾਨਾ ਸਮਝਦੇ ਹੋ, ਤਾਂ ਤੁਸੀਂ ਬਾਈਬਲ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ
[ਸਫ਼ੇ 18 ਉੱਤੇ ਤਸਵੀਰ]
ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਉਨ੍ਹਾਂ ਨਾਲ ਪਿਆਰ ਹੈ