ਕੀ ਤੁਸੀਂ ਆਪਣੀ ਖਰਿਆਈ ਕਾਇਮ ਰੱਖੋਗੇ?
ਕੀ ਤੁਸੀਂ ਜਾਣਦੇ ਹੋ ਕਿ ਕੱਲ੍ਹ ਕਿੰਨੀਆਂ ਚਿੜੀਆਂ ਮਰੀਆਂ ਸਨ? ਇਸ ਸਵਾਲ ਦਾ ਜਵਾਬ ਕੋਈ ਨਹੀਂ ਜਾਣਦਾ, ਅਤੇ ਸ਼ਾਇਦ ਘੱਟ ਹੀ ਲੋਕ ਚਿੜੀਆਂ ਬਾਰੇ ਪਰਵਾਹ ਕਰਦੇ ਕਿਉਂਕਿ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੈ। ਪਰ, ਯਹੋਵਾਹ ਇਨ੍ਹਾਂ ਬਾਰੇ ਪਰਵਾਹ ਕਰਦਾ ਹੈ। ਇਨ੍ਹਾਂ ਚਿੜੀਆਂ ਬਾਰੇ ਗੱਲ ਕਰਦੇ ਹੋਏ, ਜੋ ਲੋਕਾਂ ਨੂੰ ਮਾਮੂਲੀ ਲੱਗਦੀਆਂ ਹਨ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ।” ਅਤੇ ਉਸ ਨੇ ਅੱਗੇ ਕਿਹਾ ਕਿ “ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।”—ਮੱਤੀ 10:29, 31.
ਬਾਅਦ ਵਿਚ ਚੇਲਿਆਂ ਨੇ ਚੰਗੀ ਤਰ੍ਹਾਂ ਸਮਝਿਆ ਕਿ ਯਹੋਵਾਹ ਉਨ੍ਹਾਂ ਦੀ ਕਿੰਨੀ ਪਰਵਾਹ ਕਰਦਾ ਸੀ। ਚੇਲੇ ਯੂਹੰਨਾ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹ ਦੇ ਰਾਹੀਂ ਜੀਵੀਏ।” (1 ਯੂਹੰਨਾ 4:9) ਯਹੋਵਾਹ ਨੇ ਨਾ ਸਿਰਫ਼ ਰਿਹਾਈ-ਕੀਮਤ ਦਾ ਪ੍ਰਬੰਧ ਕੀਤਾ ਪਰ ਉਸ ਨੇ ਆਪਣੇ ਹਰੇਕ ਸੇਵਕ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”—ਇਬਰਾਨੀਆਂ 13:5.
ਬਿਨਾਂ ਸ਼ੱਕ, ਆਪਣੇ ਲੋਕਾਂ ਲਈ ਯਹੋਵਾਹ ਦਾ ਪ੍ਰੇਮ ਬਿਲਕੁਲ ਅਟੱਲ ਹੈ। ਲੇਕਿਨ, ਸਵਾਲ ਉੱਠਦਾ ਹੈ ਕਿ ‘ਕੀ ਯਹੋਵਾਹ ਲਈ ਸਾਡਾ ਪ੍ਰੇਮ ਵੀ ਉੱਨਾ ਹੀ ਅਟੱਲ ਕਿ ਅਸੀਂ ਉਸ ਨੂੰ ਕਦੀ ਨਹੀਂ ਛੱਡਾਂਗੇ?’
ਸਾਡੀ ਖਰਿਆਈ ਤੋੜਨ ਲਈ ਸ਼ਤਾਨ ਦੀਆਂ ਕੋਸ਼ਿਸ਼ਾਂ
ਜਦੋਂ ਯਹੋਵਾਹ ਨੇ ਅੱਯੂਬ ਦੀ ਖਰਿਆਈ ਵੱਲ ਸ਼ਤਾਨ ਦਾ ਧਿਆਨ ਖਿੱਚਿਆ, ਸ਼ਤਾਨ ਨੇ ਜਵਾਬ ਦਿੱਤਾ ਕਿ “ਅੱਯੂਬ ਮੁਫ਼ਤ ਵਿਚ ਹੀ ਤੇਰੇ ਤੋਂ ਡਰਦਾ ਨਹੀਂ ਹੈ।” (ਅੱਯੂਬ 1:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਨੇ ਇਵੇਂ ਕਹਿ ਕੇ ਇਸ਼ਾਰਾ ਕੀਤਾ ਕਿ ਇਨਸਾਨ ਸਿਰਫ਼ ਇਸ ਕਰਕੇ ਹੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਕਿਉਂਕਿ ‘ਉਨ੍ਹਾਂ ਨੂੰ ਮੁਫ਼ਤ ਵਿਚ ਕੁਝ ਮਿਲਣ ਦੀ ਉਮੀਦ ਹੁੰਦੀ ਹੈ।’ ਜੇ ਇਹ ਗੱਲ ਸੱਚ ਹੁੰਦੀ, ਤਾਂ ਕਿਸੇ ਵੀ ਮਸੀਹੀ ਦੀ ਖਰਿਆਈ ਤੋੜੀ ਜਾ ਸਕਦੀ ਹੈ, ਯਾਨੀ ਕਿ ਹਰੇਕ ਇਨਸਾਨ ਦੀ ਕੋਈ-ਨ-ਕੋਈ ਕੀਮਤ ਹੈ ਅਤੇ ਉਸ ਦੇ ਸਾਮ੍ਹਣੇ ਪਰਤਾਵਾ ਰੱਖ ਕੇ ਜ਼ਰੂਰ ਉਸ ਨੂੰ ਖ਼ਰੀਦਿਆ ਜਾ ਸਕਦਾ।
ਅੱਯੂਬ ਦੇ ਮਾਮਲੇ ਵਿਚ, ਸ਼ਤਾਨ ਦਾ ਪਹਿਲਾ ਦਾਅਵਾ ਸੀ ਕਿ ਅੱਯੂਬ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ ਜੇ ਉਹ ਆਪਣਾ ਸਾਰਾ ਕੀਮਤੀ ਮਾਲ ਖੋਹ ਬੈਠੇ। (ਅੱਯੂਬ 1:10, 11) ਜਦੋਂ ਇਹ ਇਲਜ਼ਾਮ ਝੂਠਾ ਸਾਬਤ ਹੋਇਆ, ਤਾਂ ਸ਼ਤਾਨ ਨੇ ਅੱਗੇ ਦਾਅਵਾ ਕੀਤਾ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂਬ 2:4) ਜਦ ਕਿ ਸ਼ਤਾਨ ਦਾ ਦਾਅਵਾ ਕਈ ਲੋਕਾਂ ਦੇ ਸੰਬੰਧ ਵਿਚ ਸ਼ਾਇਦ ਸੱਚ ਹੋਵੇ, ਅੱਯੂਬ ਨੇ ਆਪਣੀ ਖਰਿਆਈ ਦਾ ਸਮਝੌਤਾ ਨਹੀਂ ਕੀਤਾ। ਇਸ ਦਾ ਸਬੂਤ ਬਾਈਬਲ ਦੇ ਬਿਰਤਾਂਤ ਵਿਚ ਦੇਖਿਆ ਜਾ ਸਕਦਾ ਹੈ। (ਅੱਯੂਬ 27:5; 42:10-17) ਕੀ ਅਸੀਂ ਵੀ ਇਸੇ ਤਰ੍ਹਾਂ ਵਫ਼ਾਦਾਰ ਹਾਂ? ਜਾਂ ਕੀ ਅਸੀਂ ਸ਼ਤਾਨ ਨੂੰ ਸਾਡੀ ਖਰਿਆਈ ਤੋੜਨ ਦਾ ਮੌਕਾ ਦੇਵਾਂਗੇ? ਆਓ ਆਪਾਂ ਕੁਝ ਸੱਚਾਈਆਂ ਉੱਤੇ ਗੌਰ ਕਰੀਏ ਜੋ ਹਰੇਕ ਮਸੀਹੀ ਉੱਤੇ ਲਾਗੂ ਹੁੰਦੀਆਂ ਹਨ। ਪਰ ਧਿਆਨ ਦਿਓ ਕਿ ਤੁਹਾਡੇ ਲਈ ਇਨ੍ਹਾਂ ਦਾ ਕੀ ਮਤਲਬ ਹੈ।
ਪੌਲੁਸ ਰਸੂਲ ਨੂੰ ਯਕੀਨ ਸੀ ਕਿ ਸੱਚੀ ਮਸੀਹੀ ਵਫ਼ਾਦਾਰੀ ਬਹੁਤ ਮਜ਼ਬੂਤ ਹੋ ਸਕਦੀ ਹੈ। ਉਸ ਨੇ ਲਿਖਿਆ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, . . . ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, . . . ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” (ਰੋਮੀਆਂ 8:38, 39) ਅਸੀਂ ਵੀ ਇਸੇ ਤਰ੍ਹਾਂ ਦਾ ਵਿਸ਼ਵਾਸ ਰੱਖ ਸਕਦੇ ਹਾਂ ਜੇ ਯਹੋਵਾਹ ਲਈ ਸਾਡਾ ਪਿਆਰ ਗੂੜ੍ਹਾ ਹੈ। ਅਜਿਹੇ ਪਿਆਰ ਨਾਲ ਅਸੀਂ ਇਕ ਅਟੁੱਟ ਬੰਧਨ ਬੰਨ੍ਹਦੇ ਹਾਂ ਜਿਸ ਨੂੰ ਮੌਤ ਵੀ ਨਹੀਂ ਤੋੜ ਸਕਦੀ।
ਜੇ ਪਰਮੇਸ਼ੁਰ ਨਾਲ ਸਾਡਾ ਅਜਿਹਾ ਬੰਧਨ ਹੈ, ਤਾਂ ਅਸੀਂ ਇਹ ਕਦੇ ਨਾ ਪੁੱਛਾਂਗੇ ਕਿ ‘ਕੀ ਮੈਂ ਪੰਜ-ਦਸ ਸਾਲਾਂ ਵਿਚ ਯਹੋਵਾਹ ਦੀ ਸੇਵਾ ਕਰਦਾ ਹੋਵਾਂਗਾ ਕਿ ਨਹੀਂ?’ ਅਜਿਹੇ ਸਵਾਲਾਂ ਤੋਂ ਸ਼ਾਇਦ ਇਹ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਪ੍ਰਤੀ ਸਾਡੀ ਵਫ਼ਾਦਾਰੀ ਇਸ ਉੱਤੇ ਨਿਰਭਰ ਹੈ ਕਿ ਸਾਡੀ ਜ਼ਿੰਦਗੀ ਵਿਚ ਕੀ-ਕੀ ਹੋਵੇਗਾ। ਸੱਚੀ ਖਰਿਆਈ ਸਾਡੇ ਹਾਲਾਤਾਂ ਉੱਤੇ ਨਿਰਭਰ ਨਹੀਂ ਹੈ। ਇਹ ਇਸ ਉੱਤੇ ਨਿਰਭਰ ਹੈ ਕਿ ਅਸੀਂ ਅੰਦਰ ਕਿਹੋ ਜਿਹੇ ਇਨਸਾਨ ਹੋ। (2 ਕੁਰਿੰਥੀਆਂ 4:16-18) ਜੇ ਅਸੀਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਹਮੇਸ਼ਾ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ।—ਮੱਤੀ 22:37; 1 ਕੁਰਿੰਥੀਆਂ 13:8.
ਲੇਕਿਨ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਤਾਨ ਸਾਡੀ ਖਰਿਆਈ ਤੋੜਨ ਲਈ ਮੌਕੇ ਭਾਲਦਾ ਰਹਿੰਦਾ ਹੈ। ਉਹ ਸ਼ਾਇਦ ਸਾਨੂੰ ਸਰੀਰ ਦੀਆਂ ਇੱਛਾਵਾਂ ਸਾਮ੍ਹਣੇ ਝੁਕ ਜਾਣ, ਹਾਣੀਆਂ ਦੇ ਦਬਾਅ ਹੇਠਾਂ ਹਾਰ ਮੰਨਣ, ਜਾਂ ਹੋਰ ਕਿਸੇ ਮੁਸ਼ਕਲ ਕਾਰਨ ਸੱਚਾਈ ਨੂੰ ਛੱਡਣ ਲਈ ਭਰਮਾਏ। ਇਹ ਸੱਚ ਹੈ ਕਿ ਸ਼ਤਾਨ ਸਾਡੀ ਅਪੂਰਣਤਾ ਦਾ ਫ਼ਾਇਦਾ ਉਠਾ ਸਕਦਾ ਹੈ, ਪਰ ਸਾਡੇ ਉੱਤੇ ਹਮਲਾ ਕਰਨ ਲਈ ਉਹ ਆਪਣੇ ਮੁੱਖ ਸੰਦ ਵਜੋਂ ਪਰਮੇਸ਼ੁਰ ਤੋਂ ਅੱਡ ਹੋਈ ਇਸ ਦੁਨੀਆਂ ਨੂੰ ਇਸਤੇਮਾਲ ਕਰਦਾ ਹੈ। (ਰੋਮੀਆਂ 7:19, 20; 1 ਯੂਹੰਨਾ 2:16) ਫਿਰ ਵੀ, ਇਸ ਲੜਾਈ ਵਿਚ ਸਾਨੂੰ ਇਸ ਜਾਣਕਾਰੀ ਤੋਂ ਫ਼ਾਇਦਾ ਹੁੰਦਾ ਹੈ ਕਿ ਸ਼ਤਾਨ ਕਿਹੜੀਆਂ-ਕਿਹੜੀਆਂ ਚਾਲਾਂ ਨੂੰ ਇਸਤੇਮਾਲ ਕਰਦਾ ਹੈ।—2 ਕੁਰਿੰਥੀਆਂ 2:11.
ਸ਼ਤਾਨ ਕਿਹੜੀਆਂ ਚਾਲਾਂ ਇਸਤੇਮਾਲ ਕਰਦਾ ਹੈ? ਪੌਲੁਸ ਨੇ ਅਫ਼ਸੀਆਂ ਨੂੰ ਆਪਣੀ ਪੱਤਰੀ ਵਿਚ ਇਨ੍ਹਾਂ ਨੂੰ “ਛਲ ਛਿੱਦ੍ਰਾਂ” ਕਿਹਾ। (ਅਫ਼ਸੀਆਂ 6:11) ਸ਼ਤਾਨ ਸਾਡੀ ਖਰਿਆਈ ਤੋੜਨ ਲਈ ਸਾਨੂੰ ਸ਼ਿਕੰਜੇ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ, ਸ਼ੁਕਰ ਹੈ ਕਿ ਅਸੀਂ ਇਨ੍ਹਾਂ ਛਲ ਛਿੱਦ੍ਰਾਂ ਨੂੰ ਦੇਖ ਸਕਦੇ ਹਾਂ ਕਿਉਂਕਿ ਸ਼ਤਾਨ ਦੇ ਤੌਰ-ਤਰੀਕੇ ਪਰਮੇਸ਼ੁਰ ਦੇ ਬਚਨ ਵਿਚ ਰਿਕਾਰਡ ਕੀਤੇ ਗਏ ਹਨ। ਸ਼ਤਾਨ ਨੇ ਯਿਸੂ ਅਤੇ ਅੱਯੂਬ ਦੀ ਖਰਿਆਈ ਤੋੜਨ ਲਈ ਸਖ਼ਤ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਮਿਸਾਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਸ਼ਤਾਨ ਸਾਡੀ ਖਰਿਆਈ ਤੋੜਨ ਲਈ ਕਿਹੜੇ ਤਰੀਕੇ ਇਸਤੇਮਾਲ ਕਰਦਾ ਹੈ।
ਯਿਸੂ ਦੀ ਖਰਿਆਈ ਤੋੜੀ ਨਹੀਂ ਜਾ ਸਕੀ
ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਤਾਂ ਸ਼ਤਾਨ ਨੇ ਗੁਸਤਾਖ਼ੀ ਨਾਲ ਪਰਮੇਸ਼ੁਰ ਦੇ ਪੁੱਤਰ ਨੂੰ ਲਲਕਾਰਿਆ ਕਿ ਉਹ ਪੱਥਰ ਨੂੰ ਰੋਟੀ ਬਣਾਵੇ। ਕਿੰਨਾ ਚਲਾਕ! ਯਿਸੂ ਨੇ 40 ਦਿਨਾਂ ਤੋਂ ਰੋਟੀ ਨਹੀਂ ਖਾਧੀ ਸੀ, ਇਸ ਲਈ ਕੋਈ ਸ਼ੱਕ ਨਹੀਂ ਕਿ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਹੋਣੀ ਸੀ। (ਲੂਕਾ 4:2, 3) ਸ਼ਤਾਨ ਨੇ ਯਿਸੂ ਨੂੰ ਸੁਝਾਅ ਦਿੱਤਾ ਕਿ ਉਹ ਆਪਣੀ ਕੁਦਰਤੀ ਇੱਛਾ ਨੂੰ ਇਕਦਮ ਪੂਰਾ ਕਰੇ, ਪਰ ਅਜਿਹੇ ਤਰੀਕੇ ਵਿਚ ਜੋ ਪਰਮੇਸ਼ੁਰ ਦੀ ਮਰਜ਼ੀ ਖ਼ਿਲਾਫ਼ ਸੀ। ਇਸੇ ਤਰ੍ਹਾਂ ਅੱਜ ਦੁਨੀਆਂ ਇਹੀ ਗੱਲ ਪ੍ਰਚਾਰਦੀ ਹੈ ਕਿ ਅਸੀਂ ਨਤੀਜਿਆਂ ਬਾਰੇ ਸੋਚਣ ਤੋਂ ਬਗੈਰ ਇਕਦਮ ਆਪਣੀਆਂ ਇੱਛਾਵਾਂ ਪੂਰੀਆਂ ਕਰੀਏ। ਦੁਨੀਆਂ ਦਾ ਨਾਅਰਾ ਹੈ ‘ਹੁਣ ਲੈ ਲਓ, ਤੁਹਾਡਾ ਹੱਕ ਬਣਦਾ ਹੈ,’ ਜਾਂ ‘ਆਪਣੀ ਹੀ ਮਨ-ਮਰਜ਼ੀ ਕਰ!’
ਜੇ ਯਿਸੂ ਨੇ ਨਤੀਜਿਆਂ ਨੂੰ ਅਣਡਿੱਠ ਕਰ ਕੇ ਆਪਣੀ ਭੁੱਖ ਮਿਟਾ ਦਿੱਤੀ ਹੁੰਦੀ, ਤਾਂ ਸ਼ਤਾਨ ਨੇ ਉਸ ਦੀ ਖਰਿਆਈ ਤੋੜਨ ਵਿਚ ਸਫ਼ਲ ਹੋ ਜਾਣਾ ਸੀ। ਪਰ ਯਿਸੂ ਨੇ ਪਰਮੇਸ਼ੁਰ ਦੀ ਖ਼ੁਸ਼ੀ ਬਾਰੇ ਸੋਚ ਕੇ ਬਿਨਾਂ ਝਿਜਕੇ ਕਿਹਾ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ।”—ਲੂਕਾ 4:4; ਮੱਤੀ 4:4.
ਫਿਰ ਸ਼ਤਾਨ ਨੇ ਹੋਰ ਚਾਲ ਨੂੰ ਵਰਤਿਆ। ਜਿਨ੍ਹਾਂ ਪਵਿੱਤਰ ਲਿਖਤਾਂ ਤੋਂ ਯਿਸੂ ਨੇ ਹਵਾਲੇ ਦਿੱਤੇ ਸਨ, ਸ਼ਤਾਨ ਵੀ ਖ਼ੁਦ ਉਨ੍ਹਾਂ ਤੋਂ ਹੀ ਤੋੜ-ਮਰੋੜ ਕੇ ਹਵਾਲੇ ਦੇਣ ਲੱਗ ਪਿਆ। ਉਸ ਨੇ ਯਿਸੂ ਨੂੰ ਕਿਲੇ ਤੋਂ ਛਾਲ ਮਾਰਨ ਲਈ ਕਹਿ ਕੇ ਦਾਅਵਾ ਕੀਤਾ ਕਿ ‘ਦੂਤ ਤੇਰੀ ਰੱਖਿਆ ਕਰੇਗਾ।’ ਪਰ ਯਿਸੂ ਆਪਣੇ ਵੱਲ ਧਿਆਨ ਖਿੱਚਣ ਲਈ ਆਪਣੇ ਪਿਤਾ ਕੋਲੋਂ ਚਮਤਕਾਰ ਕਰਵਾ ਕੇ ਉਸ ਨੂੰ ਬਚਾਉਣ ਲਈ ਮਜਬੂਰ ਨਹੀਂ ਕਰਨਾ ਚਾਹੁੰਦਾ ਸੀ। ਯਿਸੂ ਨੇ ਕਿਹਾ ਕਿ “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਨਾ ਪਰਤ।”—ਮੱਤੀ 4:5-7; ਲੂਕਾ 4:9-12.
ਆਖ਼ਰ ਵਿਚ ਸ਼ਤਾਨ ਨੇ ਸਿੱਧੀ ਜਿਹੀ ਚਾਲ ਇਸਤੇਮਾਲ ਕੀਤੀ। ਉਸ ਨੇ ਯਿਸੂ ਨਾਲ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਉਹ ਉਸ ਦੇ ਅੱਗੇ ਮੱਥਾ ਟੇਕੇ ਤਾਂ ਪੂਰੀ ਦੁਨੀਆਂ ਅਤੇ ਉਸ ਦੀ ਸ਼ਾਨ ਉਸ ਦੇ ਹਵਾਲੇ ਕੀਤੀ ਜਾਵੇਗੀ। ਸ਼ਤਾਨ ਤਕਰੀਬਨ ਆਪਣਾ ਸਭ ਕੁਝ ਦੇ ਰਿਹਾ ਸੀ। ਪਰ ਯਿਸੂ ਆਪਣੇ ਪਿਤਾ ਦੇ ਸਭ ਤੋਂ ਵੱਡੇ ਦੁਸ਼ਮਣ ਦੇ ਅੱਗੇ ਮੱਥਾ ਕਿਵੇਂ ਟੇਕ ਸਕਦਾ ਸੀ? ਅਜਿਹਾ ਖ਼ਿਆਲ ਯਿਸੂ ਲਈ ਨਾਮੁਮਕਿਨ ਸੀ! ਉਸ ਨੇ ਸ਼ਤਾਨ ਨੂੰ ਜਵਾਬ ਦਿੱਤਾ: “ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।”—ਮੱਤੀ 4:8-11; ਲੂਕਾ 4:5-8.
ਇਨ੍ਹਾਂ ਤਿੰਨ ਪਰਤਾਵਿਆਂ ਦੀ ਨਾਕਾਮਯਾਬੀ ਕਾਰਨ ਸ਼ਤਾਨ ‘ਕੁਝ ਚਿਰ ਤੀਕਰ ਯਿਸੂ ਕੋਲੋਂ ਦੂਰ ਰਿਹਾ।’ (ਲੂਕਾ 4:13) ਇਸ ਤੋਂ ਪਤਾ ਲੱਗਦਾ ਕਿ ਸ਼ਤਾਨ ਯਿਸੂ ਦੀ ਖਰਿਆਈ ਨੂੰ ਤੋੜਨ ਦੇ ਮੌਕੇ ਹਮੇਸ਼ਾ ਭਾਲਦਾ ਹੁੰਦਾ ਸੀ। ਅਜਿਹਾ ਮੌਕਾ ਢਾਈ ਸਾਲ ਬਾਅਦ ਉਸ ਨੂੰ ਮਿਲਿਆ। ਉਸ ਸਮੇਂ ਯਿਸੂ ਆਪਣੀ ਹੋਣ ਵਾਲੀ ਮੌਤ ਕਾਰਨ ਆਪਣੇ ਚੇਲਿਆਂ ਨੂੰ ਮਨੋ ਤਿਆਰ ਕਰ ਰਿਹਾ ਸੀ। ਪਤਰਸ ਰਸੂਲ ਨੇ ਕਿਹਾ: “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!”—ਮੱਤੀ 16:21, 22.
ਬੇਸ਼ੱਕ ਇਹ ਗ਼ਲਤ ਸਲਾਹ ਦੇਣ ਵਿਚ ਪਤਰਸ ਦਾ ਇਰਾਦਾ ਚੰਗਾ ਸੀ, ਕੀ ਅਜਿਹੀ ਸਲਾਹ ਯਿਸੂ ਨੂੰ ਮਨਭਾਉਂਦੀ ਲੱਗਦੀ? ਯਿਸੂ ਨੇ ਇਕਦਮ ਸਿਆਣ ਲਿਆ ਕਿ ਇਹ ਸਲਾਹ ਯਹੋਵਾਹ ਦੀ ਇੱਛਾ ਦੇ ਮੁਤਾਬਕ ਨਹੀਂ ਸੀ, ਪਰ ਸ਼ਤਾਨ ਦੀ ਇੱਛਾ ਮੁਤਾਬਕ ਸੀ। ਮਸੀਹ ਨੇ ਸਿੱਧਾ ਜਵਾਬ ਦਿੱਤਾ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।”—ਮੱਤੀ 16:23.
ਪਰਮੇਸ਼ੁਰ ਲਈ ਯਿਸੂ ਦੇ ਅਟੁੱਟ ਪਿਆਰ ਕਰਕੇ ਸ਼ਤਾਨ ਉਸ ਦੀ ਖਰਿਆਈ ਨਹੀਂ ਤੋੜ ਸਕਿਆ। ਸ਼ਤਾਨ ਨੇ ਜੋ ਮਰਜ਼ੀ ਪਰਤਾਵੇ ਲਿਆਂਦੇ, ਅਤੇ ਜੋ ਮਰਜ਼ੀ ਅਜ਼ਮਾਇਸ਼ਾਂ ਲਿਆਂਦੀਆਂ, ਉਹ ਯਿਸੂ ਦੇ ਸਵਰਗੀ ਪਿਤਾ ਪ੍ਰਤੀ ਉਸ ਨੂੰ ਬੇਵਫ਼ਾ ਨਹੀਂ ਬਣਾ ਸਕਿਆ। ਕੀ ਅਸੀਂ ਵੀ ਇੰਨੇ ਹੀ ਦ੍ਰਿੜ੍ਹ ਹੋਵਾਂਗੇ ਜਦੋਂ ਸਾਡੀਆਂ ਹਾਲਾਤਾਂ ਕਾਰਨ ਖਰਿਆਈ ਕਾਇਮ ਰੱਖਣੀ ਔਖੀ ਹੈ? ਅੱਯੂਬ ਦੀ ਮਿਸਾਲ ਤੋਂ ਸਾਨੂੰ ਆਪਣੀਆਂ ਮੁਸ਼ਕਲਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਮਿਲੇਗੀ।
ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰੀ
ਜਿਸ ਤਰ੍ਹਾਂ ਅੱਯੂਬ ਨੇ ਦੇਖਿਆ ਸਾਡੇ ਉੱਤੇ ਕਿਸੇ ਵੀ ਸਮੇਂ ਔਖੀ ਘੜੀ ਆ ਸਕਦੀ ਹੈ। ਉਹ ਆਪਣੇ ਬੀਵੀ ਅਤੇ ਦਸ ਬੱਚਿਆਂ ਨਾਲ ਸੁਖ-ਸੰਤੋਖ ਵਿਚ ਰਹਿੰਦਾ ਸੀ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਮਗਨ ਸੀ। (ਅੱਯੂਬ 1:5) ਲੇਕਿਨ, ਪਰਮੇਸ਼ੁਰ ਪ੍ਰਤੀ ਉਸ ਦੀ ਖਰਿਆਈ ਦੇ ਸੰਬੰਧ ਵਿਚ ਸਵਰਗੀ ਦਰਬਾਰ ਵਿਚ ਇਕ ਵਾਦ-ਵਿਸ਼ਾ ਖੜ੍ਹਾ ਹੋਇਆ, ਅਤੇ ਸ਼ਤਾਨ ਕਿਸੇ ਵੀ ਕੀਮਤ ਤੇ ਉਸ ਦੀ ਖਰਿਆਈ ਤੋੜਨੀ ਚਾਹੁੰਦਾ ਸੀ। ਪਰ ਅੱਯੂਬ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ।
ਜਲਦੀ ਹੀ, ਅੱਯੂਬ ਦੀ ਸਾਰੀ ਧਨ-ਦੌਲਤ ਖੋਹੀ ਗਈ। (ਅੱਯੂਬ 1:14-17) ਫਿਰ ਵੀ, ਅੱਯੂਬ ਨੇ ਇਸ ਅਜ਼ਮਾਇਸ਼ ਦੇ ਬਾਵਜੂਦ ਆਪਣੀ ਖਰਿਆਈ ਕਾਇਮ ਰੱਖੀ ਕਿਉਂਕਿ ਉਸ ਦਾ ਭਰੋਸਾ ਪੈਸਿਆਂ ਵਿਚ ਨਹੀਂ ਸੀ। ਉਸ ਸਮੇਂ ਨੂੰ ਯਾਦ ਕਰਦਿਆਂ ਜਦੋਂ ਉਹ ਅਮੀਰ ਸੀ ਉਸ ਨੇ ਕਿਹਾ: “ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, . . . ਜੇ ਮੈਂ ਖ਼ੁਸ਼ੀ ਮਨਾਈ ਹੁੰਦੀ ਭਈ ਮੇਰਾ ਧਨ ਬਹੁਤ ਹੈ, . . . ਤਾਂ ਇਹ . . . ਸਜ਼ਾ ਦੇਣ ਜੋਗ ਬਦੀ ਹੁੰਦੀ, ਇਸ ਲਈ ਕਿ ਮੈਂ ਸੁਰਗੀ ਪਰਮੇਸ਼ੁਰ ਦਾ ਇਨਕਾਰ ਕਰ ਦਿੱਤਾ ਹੁੰਦਾ!”—ਅੱਯੂਬ 31:24, 25, 28.
ਅੱਜ ਵੀ ਅਸੀਂ ਆਪਣਾ ਸਭ ਕੁਝ ਰਾਤੋ-ਰਾਤ ਗੁਆ ਸਕਦੇ ਹਾਂ। ਇਕ ਬਿਜ਼ਨਿਸਮੈਨ, ਜੋ ਯਹੋਵਾਹ ਦਾ ਗਵਾਹ ਹੈ, ਦਾ ਧੋਖੇਬਾਜ਼ੀ ਕਰਕੇ ਬਹੁਤ ਪੈਸਿਆਂ ਦਾ ਨੁਕਸਾਨ ਹੋਇਆ ਜਿਸ ਕਰਕੇ ਉਸ ਦਾ ਕਾਰੋਬਾਰ ਤਕਰੀਬਨ ਬਰਬਾਦ ਹੋ ਗਿਆ। ਉਸ ਨੇ ਕਿਹਾ: “ਮੈਨੂੰ ਦਿਲ ਦਾ ਦੌਰਾ ਪੈਣ ਵਾਲਾ ਸੀ। ਜੇ ਮੇਰਾ ਪਰਮੇਸ਼ੁਰ ਨਾਲ ਰਿਸ਼ਤਾ ਨਾ ਹੁੰਦਾ ਤਾਂ ਮੈਨੂੰ ਜ਼ਰੂਰ ਦੌਰਾ ਪੈ ਜਾਂਦਾ। ਲੇਕਿਨ ਇਸ ਮੁਸੀਬਤ ਵਿਚ ਪੈਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਅਧਿਆਤਮਿਕ ਗੱਲਾਂ ਮੇਰੀ ਜ਼ਿੰਦਗੀ ਵਿਚ ਪਹਿਲੀ ਥਾਂ ਵਿਚ ਨਹੀਂ ਸਨ। ਪੈਸੇ ਕਮਾਉਣ ਦੇ ਸ਼ੌਕ ਕਾਰਨ ਹੋਰ ਸਾਰਿਆਂ ਕੰਮਾਂ ਨੂੰ ਦੂਜੇ ਦਰਜੇ ਤੇ ਰੱਖਿਆ ਗਿਆ ਸੀ।” ਇਸ ਗਵਾਹ ਨੇ ਹੁਣ ਆਪਣੇ ਕਾਰੋਬਾਰੀ ਕੰਮਾਂ ਨੂੰ ਘਟਾਇਆ ਹੈ, ਅਤੇ ਉਹ ਕਈ ਮਹੀਨਿਆਂ ਦੌਰਾਨ ਮਸੀਹੀ ਪ੍ਰਚਾਰ ਸੇਵਾ ਵਿਚ 50 ਜਾਂ ਇਸ ਤੋਂ ਵੀ ਜ਼ਿਆਦਾ ਘੰਟੇ ਲਗਾਉਂਦਾ ਹੈ। ਲੇਕਿਨ, ਅਜਿਹੀਆਂ ਮੁਸ਼ਕਲਾਂ ਵੀ ਹਨ ਜੋ ਧਨ-ਦੌਲਤ ਗੁਆਉਣ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੋ ਸਕਦੀਆਂ ਹਨ।
ਅੱਯੂਬ ਨੇ ਆਪਣੀ ਧਨ-ਦੌਲਤ ਗੁਆਉਣ ਦੀ ਖ਼ਬਰ ਸੁਣੀ ਹੀ ਸੀ ਜਦ ਕਿ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੇ ਦਸ ਬੱਚਿਆਂ ਦੀ ਮੌਤ ਹੋ ਗਈ ਸੀ। ਪਰ ਫਿਰ ਵੀ ਉਸ ਨੇ ਕਿਹਾ: “ਯਹੋਵਾਹ ਦਾ ਨਾਮ ਮੁਬਾਰਕ ਹੋਵੇ।” (ਅੱਯੂਬ 1:18-21) ਕੀ ਅਸੀਂ ਆਪਣੀ ਖਰਿਆਈ ਕਾਇਮ ਰੱਖਦੇ, ਜੇ ਸਾਡੇ ਪਰਿਵਾਰ ਦੇ ਕਈ ਮੈਂਬਰ ਅਚਾਨਕ ਹੀ ਮਰ ਜਾਣ? ਸਪੇਨ ਵਿਚ ਫ਼੍ਰਾਂਸੀਸਕੋ ਨਾਂ ਦੇ ਇਕ ਮਸੀਹੀ ਨਿਗਾਹਬਾਨ ਦੇ ਦੋ ਬੱਚੇ ਬੱਸ ਦੇ ਹਾਦਸੇ ਵਿਚ ਮਾਰੇ ਗਏ। ਯਹੋਵਾਹ ਦੇ ਨਜ਼ਦੀਕ ਹੋਣ ਨਾਲ ਅਤੇ ਮਸੀਹੀ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਨਾਲ ਉਸ ਨੂੰ ਦਿਲਾਸਾ ਮਿਲਿਆ।
ਆਪਣੇ ਬੱਚਿਆਂ ਦੀ ਅਚਾਨਕ ਮੌਤ ਤੋਂ ਬਾਅਦ, ਅੱਯੂਬ ਦੀ ਅਜ਼ਮਾਇਸ਼ ਹਾਲੇ ਖ਼ਤਮ ਨਹੀਂ ਹੋਈ ਸੀ। ਸ਼ਤਾਨ ਨੇ ਉਸ ਨੂੰ ਇਕ ਘਿਣਾਉਣੀ, ਦਰਦਨਾਕ ਬੀਮਾਰੀ ਲਗਾਈ। ਉਸੇ ਵੇਲੇ, ਉਸ ਦੀ ਤੀਵੀਂ ਨੇ ਉਸ ਨੂੰ ਇਹ ਗ਼ਲਤ ਸਲਾਹ ਦਿੱਤੀ ਕਿ “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” ਅੱਯੂਬ ਨੇ ਉਸ ਦੀ ਸਲਾਹ ਨਾ ਮੰਨੀ ਅਤੇ ਉਸ ਨੇ “ਬੁੱਲ੍ਹਾਂ ਨਾਲ ਪਾਪ ਨਾ ਕੀਤਾ।” (ਅੱਯੂਬ 2:9, 10) ਉਸ ਦੀ ਖਰਿਆਈ ਉਸ ਦੇ ਪਰਿਵਾਰ ਵੱਲੋਂ ਮਿਲੇ ਸਹਾਰੇ ਉੱਤੇ ਨਹੀਂ, ਸਗੋਂ ਯਹੋਵਾਹ ਨਾਲ ਉਸ ਦੇ ਗੂੜ੍ਹੇ ਰਿਸ਼ਤੇ ਉੱਤੇ ਨਿਰਭਰ ਸੀ।
ਫਲੋਰਾ ਦੇ ਪਤੀ ਅਤੇ ਉਸ ਦੇ ਵੱਡੇ ਪੁੱਤਰ ਨੇ ਦਸ ਤੋਂ ਜ਼ਿਆਦਾ ਸਾਲ ਪਹਿਲਾਂ ਸੱਚਾਈ ਛੱਡੀ ਸੀ। ਫਲੋਰਾ ਸਮਝਦੀ ਹੈ ਕਿ ਅੱਯੂਬ ਨੇ ਕਿਵੇਂ ਮਹਿਸੂਸ ਕੀਤਾ ਹੋਣਾ ਸੀ। “ਜਦੋਂ ਤੁਹਾਡਾ ਪਰਿਵਾਰ ਅਚਾਨਕ ਹੀ ਤੁਹਾਡਾ ਸਾਥ ਛੱਡ ਦਿੰਦਾ ਹੈ, ਤਾਂ ਇਹ ਦੁੱਖ ਝੱਲਣਾ ਬੜਾ ਔਖਾ ਹੋ ਸਕਦਾ,” ਉਸ ਨੇ ਕਬੂਲ ਕੀਤਾ। “ਪਰ ਮੈਨੂੰ ਪਤਾ ਸੀ ਕਿ ਮੈਨੂੰ ਯਹੋਵਾਹ ਦੇ ਸੰਗਠਨ ਤੋਂ ਬਾਹਰ ਖ਼ੁਸ਼ੀ ਨਹੀਂ ਮਿਲਣੀ ਸੀ। ਇਸ ਲਈ ਯਹੋਵਾਹ ਨੂੰ ਪਹਿਲਾ ਰੱਖ ਕੇ ਮੈਂ ਦ੍ਰਿੜ੍ਹ ਰਹੀ, ਅਤੇ ਨਾਲੋਂ-ਨਾਲ ਮੈਂ ਪਤਨੀ ਅਤੇ ਮਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਦੀ ਰਹੀ। ਮੈਂ ਲਗਾਤਾਰ ਪ੍ਰਾਰਥਨਾ ਕਰਦੀ ਰਹੀ ਅਤੇ ਯਹੋਵਾਹ ਨੇ ਮੈਨੂੰ ਤਾਕਤ ਬਖ਼ਸ਼ੀ। ਭਾਵੇਂ ਕਿ ਮੇਰਾ ਪਤੀ ਮੇਰਾ ਵਿਰੋਧ ਕਰਦਾ ਹੈ, ਮੈਂ ਖ਼ੁਸ਼ ਹਾਂ ਕਿਉਂਕਿ ਮੈਂ ਯਹੋਵਾਹ ਉੱਤੇ ਪੂਰੀ ਤਰ੍ਹਾਂ ਭਰੋਸਾ ਰੱਖਣਾ ਸਿੱਖਿਆ ਹੈ।”
ਆਪਣੀ ਅਗਲੀ ਚਾਲ ਵਿਚ ਸ਼ਤਾਨ ਨੇ ਅੱਯੂਬ ਦੀ ਖਰਿਆਈ ਤੋੜਨ ਲਈ ਉਸ ਦੇ ਤਿੰਨ ਮਿੱਤਰ ਇਸਤੇਮਾਲ ਕੀਤੇ। (ਅੱਯੂਬ 2:11-13) ਉਸ ਨੂੰ ਕਿੰਨਾ ਦੁੱਖ ਲੱਗਾ ਹੋਣਾ ਜਦੋਂ ਉਸ ਦੇ ਦੋਸਤ ਉਸ ਵਿਚ ਨੁਕਸ ਕੱਢਣ ਲੱਗ ਪਏ। ਜੇ ਉਹ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦਾ, ਤਾਂ ਯਹੋਵਾਹ ਪਰਮੇਸ਼ੁਰ ਵਿਚ ਉਸ ਦਾ ਭਰੋਸਾ ਮਿਟ ਜਾਂਦਾ। ਉਨ੍ਹਾਂ ਦੀ ਸਲਾਹ ਉਸ ਦੇ ਦਿਲ ਨੂੰ ਢਾਹ ਕੇ ਉਸ ਦੀ ਖਰਿਆਈ ਨੂੰ ਤੋੜ ਸਕਦੀ ਸੀ, ਅਤੇ ਇਸ ਤਰ੍ਹਾਂ ਸ਼ਤਾਨ ਦੀ ਚਾਲ ਕਾਮਯਾਬ ਹੋ ਜਾਣੀ ਸੀ।
ਪਰ ਇਸ ਦੀ ਬਜਾਇ ਅੱਯੂਬ ਨੇ ਦ੍ਰਿੜ੍ਹ ਹੋ ਕੇ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂਬ 27:5) ਉਸ ਨੇ ਆਪਣੇ ਦੋਸਤਾਂ ਨੂੰ ਇਹ ਨਹੀਂ ਕਿਹਾ ਕਿ ‘ਤੁਸੀਂ ਮੇਰੀ ਖਰਿਆਈ ਤੋੜ ਨਹੀਂ ਸਕਦੇ!’ ਅੱਯੂਬ ਜਾਣਦਾ ਸੀ ਕਿ ਉਹ ਖ਼ੁਦ ਆਪਣੀ ਖਰਿਆਈ ਕਾਇਮ ਰੱਖਣ ਲਈ ਜ਼ਿੰਮੇਵਾਰ ਸੀ। ਨਾਲੋਂ-ਨਾਲ ਇਹ ਇਸ ਉੱਤੇ ਨਿਰਭਰ ਸੀ ਕਿ ਉਹ ਯਹੋਵਾਹ ਨਾਲ ਕਿੰਨਾ ਕੁ ਪ੍ਰੇਮ ਕਰਦਾ ਸੀ।
ਨਵੇਂ ਸ਼ਿਕਾਰ ਫੜਨ ਲਈ ਪੁਰਾਣੀ ਚਾਲ
ਸ਼ਤਾਨ ਹਾਲੇ ਵੀ ਸਾਡੇ ਦੋਸਤ-ਮਿੱਤਰਾਂ ਜਾਂ ਸੰਗੀ ਗਵਾਹਾਂ ਦੀਆਂ ਪੁੱਠੀਆਂ-ਸਿੱਧੀਆਂ ਸਲਾਹਾਂ ਜਾਂ ਬੇਸਮਝ ਗੱਲਾਂ ਨੂੰ ਵੀ ਸਾਡੀ ਖਰਿਆਈ ਤੋੜਨ ਲਈ ਇਸਤੇਮਾਲ ਕਰ ਸਕਦਾ ਹੈ। ਕਦੀ-ਕਦੀ ਵਿਰੋਧੀਆਂ ਦੀ ਸਤਾਹਟ ਨਾਲੋਂ ਜ਼ਿਆਦਾ ਕਲੀਸਿਯਾ ਦੇ ਮੈਂਬਰ ਹੀ ਸਾਡੇ ਦਿਲ ਨੂੰ ਸੌਖਿਆਂ ਹੀ ਢਾਹ ਸਕਦੇ ਹਨ। ਇਕ ਮਸੀਹੀ ਬਜ਼ੁਰਗ, ਜਿਸ ਨੇ ਫ਼ੌਜੀ ਵਜੋਂ ਬਥੇਰਾ ਖ਼ੂਨ-ਖ਼ਰਾਬਾ ਅਤੇ ਦੁੱਖ ਦੇਖਿਆ ਸੀ, ਨੇ ਉਸ ਦੁੱਖ ਬਾਰੇ ਗੱਲ ਕੀਤੀ ਜੋ ਉਸ ਨੂੰ ਆਪਣੇ ਕੁਝ ਸੰਗੀ ਮਸੀਹੀਆਂ ਦੀਆਂ ਬੇਸਮਝ ਗੱਲਾਂ ਅਤੇ ਕੰਮਾਂ ਕਰਕੇ ਪਹੁੰਚਿਆ ਸੀ। ਉਸ ਨੇ ਕਿਹਾ ਕਿ “ਮੈਂ ਇੰਨਾ ਦੁੱਖ ਪਹਿਲਾਂ ਕਦੇ ਵੀ ਨਹੀਂ ਝੱਲਿਆ।”
ਪਰ ਇਹ ਵੀ ਹੋ ਸਕਦਾ ਹੈ ਕਿ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀਆਂ ਕਮਜ਼ੋਰੀਆਂ ਕਰਕੇ ਇੰਨੇ ਪਰੇਸ਼ਾਨ ਹੋਈਏ ਕਿ ਅਸੀਂ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦੇਈਏ ਜਾਂ ਮੀਟਿੰਗਾਂ ਨੂੰ ਮਿੱਸ ਕਰਨ ਲੱਗ ਪਈਏ। ਸਾਨੂੰ ਸ਼ਾਇਦ ਇਵੇਂ ਲੱਗੇ ਕਿ ਆਪਣੇ ਦਿਲ ਦੇ ਦਰਦ ਤੋਂ ਤਸੱਲੀ ਪਾਉਣੀ ਸਭ ਤੋਂ ਵੱਡੀ ਗੱਲ ਹੈ। ਪਰ ਦੂਸਰਿਆਂ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਆਪਣੇ ਦਿਲ ਦੀਆਂ ਖਿੜਕੀਆਂ ਬੰਦ ਕਰਨੀਆਂ ਕਿੰਨੀ ਅਫ਼ਸੋਸ ਦੀ ਗੱਲ ਹੈ। ਅਤੇ ਇਵੇਂ ਕਰਨ ਨਾਲ ਅਸੀਂ ਆਪਣੀ ਸਭ ਤੋਂ ਕੀਮਤੀ ਚੀਜ਼, ਯਾਨੀ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਿਉਂ ਕਮਜ਼ੋਰ ਹੋਣ ਦੇਈਏ? ਜੇ ਅਸੀਂ ਇਸ ਤਰ੍ਹਾਂ ਹੋਣ ਦੇਵਾਂਗੇ, ਤਾਂ ਅਸੀਂ ਸ਼ਤਾਨ ਦੀ ਇਕ ਪੁਰਾਣੀ ਚਾਲ ਦੇ ਸ਼ਿਕਾਰ ਬਣਾਂਗੇ।
ਮਸੀਹੀ ਕਲੀਸਿਯਾ ਵਿਚ ਉੱਚੇ ਮਿਆਰਾਂ ਦੀ ਉਮੀਦ ਰੱਖਣੀ ਜਾਇਜ਼ ਹੈ। ਪਰ, ਜੇ ਅਸੀਂ ਆਪਣੇ ਅਪੂਰਣ ਭੈਣਾਂ-ਭਰਾਵਾਂ ਤੋਂ ਜ਼ਿਆਦਾ ਉਮੀਦ ਰੱਖੀਏ, ਤਾਂ ਅਸੀਂ ਜ਼ਰੂਰ ਨਿਰਾਸ਼ ਹੋਵਾਂਗੇ। ਇਸ ਦੇ ਉਲਟ, ਯਹੋਵਾਹ ਆਪਣੇ ਸੇਵਕਾਂ ਕੋਲੋਂ ਉਹੀ ਮੰਗਦਾ ਹੈ ਜੋ ਉਹ ਦੇ ਸਕਦੇ ਹਨ। ਜੇ ਅਸੀਂ ਉਸ ਦੀ ਰੀਸ ਕਰਾਂਗੇ, ਤਾਂ ਅਸੀਂ ਇਕ-ਦੂਸਰੇ ਦੀਆਂ ਕਮੀਆਂ ਨੂੰ ਸਹਿਣ ਲਈ ਤਿਆਰ ਹੋਵਾਂਗੇ। (ਅਫ਼ਸੀਆਂ 4:2, 32) ਰਸੂਲ ਪੌਲੁਸ ਨੇ ਇਹ ਸਲਾਹ ਦਿੱਤੀ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!”—ਅਫ਼ਸੀਆਂ 4:26, 27.
ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਸ਼ਤਾਨ ਮਸੀਹੀਆਂ ਦੀ ਖਰਿਆਈ ਤੋੜਨ ਦੇ ਤਰੀਕੇ ਲੱਭਣ ਲਈ ਕਈ ਤਰ੍ਹਾਂ ਦੇ ਫੰਦੇ ਇਸਤੇਮਾਲ ਕਰਦਾ ਹੈ। ਉਸ ਦੀਆਂ ਕੁਝ ਚਾਲਾਂ ਸਾਡੇ ਪਾਪੀ ਸਰੀਰ ਨੂੰ ਭਰਮਾ ਸਕਦੀਆਂ ਹਨ, ਅਤੇ ਦੂਸਰੀਆਂ ਸਾਨੂੰ ਦੁੱਖ ਪਹੁੰਚਾ ਸਕਦੀਆਂ ਹਨ। ਉੱਪਰ ਦੱਸੀਆਂ ਗੱਲਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਅਣਜਾਣੇ ਵਿਚ ਹੀ ਉਸ ਦੇ ਫੰਦੇ ਵਿਚ ਕਿਉਂ ਨਹੀਂ ਫਸਣਾ ਚਾਹੀਦਾ। ਆਪਣੇ ਦਿਲ ਵਿਚ ਪਰਮੇਸ਼ੁਰ ਦਾ ਪ੍ਰੇਮ ਰੱਖ ਕੇ ਸ਼ਤਾਨ ਨੂੰ ਝੂਠਾ ਸਾਬਤ ਕਰਨ ਲਈ ਦ੍ਰਿੜ੍ਹ ਹੋਵੇ ਅਤੇ ਯਹੋਵਾਹ ਦੇ ਜੀ ਨੂੰ ਆਨੰਦ ਕਰੋ। (ਕਹਾਉਤਾਂ 27:11; ਯੂਹੰਨਾ 8:44) ਯਾਦ ਰੱਖੋ ਕਿ ਅਸੀਂ ਜਿੰਨੀਆਂ ਮਰਜ਼ੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ ਸਾਨੂੰ ਆਪਣੀ ਖਰਿਆਈ ਕਦੀ ਵੀ ਨਹੀਂ ਤੋੜਨੀ ਚਾਹੀਦੀ।