ਚੁੱਪ-ਚਾਪ ਖੜ੍ਹੇ ਰਹੋ ਅਤੇ ਯਹੋਵਾਹ ਵੱਲੋਂ ਬਚਾਅ ਦੇਖੋ!
“ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ!”—2 ਇਤਹਾਸ 20:17.
1, 2. ‘ਮਾਗੋਗ ਦੀ ਧਰਤੀ ਦੇ ਗੋਗ’ ਦਾ ਹਮਲਾ ਅੱਤਵਾਦ ਦੇ ਖ਼ਤਰੇ ਤੋਂ ਵੱਡਾ ਕਿਸ ਤਰ੍ਹਾਂ ਹੈ?
ਕਈਆਂ ਲੋਕਾਂ ਨੇ ਕਿਹਾ ਹੈ ਕਿ ਅੱਤਵਾਦੀਆਂ ਦੇ ਹਮਲਿਆਂ ਤੋਂ ਪੂਰੇ ਸੰਸਾਰ ਨੂੰ ਖ਼ਤਰਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖ਼ਤਰੇ ਨੂੰ ਦੂਰ ਕਰਨ ਲਈ ਜ਼ਰੂਰ ਕੁਝ ਕੀਤਾ ਜਾਣਾ ਚਾਹੀਦਾ ਹੈ। ਪਰ ਦੁਨੀਆਂ ਉੱਤੇ ਇਸ ਤੋਂ ਵੀ ਇਕ ਵੱਡਾ ਹਮਲਾ ਹੋਣ ਵਾਲਾ ਹੈ ਜਿਸ ਵੱਲ ਸੰਸਾਰ ਕੋਈ ਧਿਆਨ ਨਹੀਂ ਦਿੰਦਾ। ਉਹ ਹਮਲਾ ਕੌਣ ਕਰੇਗਾ?
2 ਇਹ ਹਮਲਾ ‘ਮਾਗੋਗ ਦੀ ਧਰਤੀ ਦਾ ਗੋਗ’ ਕਰੇਗਾ, ਜਿਸ ਬਾਰੇ ਬਾਈਬਲ ਵਿਚ ਹਿਜ਼ਕੀਏਲ ਦੇ 38ਵੇਂ ਅਧਿਆਇ ਵਿਚ ਦੱਸਿਆ ਗਿਆ ਹੈ। ਕੀ ਇਹ ਹਮਲਾ ਅੰਤਰਰਾਸ਼ਟਰੀ ਅੱਤਵਾਦ ਦੇ ਖ਼ਤਰੇ ਤੋਂ ਵੀ ਵੱਡਾ ਹੈ? ਜੀ ਹਾਂ, ਕਿਉਂਕਿ ਗੋਗ ਸਿਰਫ਼ ਇਨਸਾਨੀ ਸਰਕਾਰਾਂ ਉੱਤੇ ਹੀ ਨਹੀਂ, ਸਗੋਂ ਪਰਮੇਸ਼ੁਰ ਦੀ ਸਵਰਗੀ ਹਕੂਮਤ ਉੱਤੇ ਵੀ ਹਮਲਾ ਕਰੇਗਾ! ਇਨਸਾਨ ਤਾਂ ਅੱਤਵਾਦੀ ਹਮਲਿਆਂ ਦਾ ਸਾਮ੍ਹਣਾ ਕਰਨ ਵਿਚ ਕੁਝ ਹੱਦ ਤਕ ਹੀ ਸਫ਼ਲ ਹੁੰਦੇ ਹਨ, ਪਰ ਸਾਡਾ ਸਿਰਜਣਹਾਰ ਗੋਗ ਦੇ ਵਹਿਸ਼ੀ ਹਮਲੇ ਨਾਲ ਪੂਰੀ ਤਰ੍ਹਾਂ ਨਜਿੱਠ ਸਕੇਗਾ।
ਪਰਮੇਸ਼ੁਰ ਦੇ ਰਾਜ ਉੱਤੇ ਹਮਲਾ
3. ਸਾਲ 1914 ਤੋਂ ਦੁਨੀਆਂ ਦੀਆਂ ਸਰਕਾਰਾਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ, ਪਰ ਉਨ੍ਹਾਂ ਨੇ ਕੀ ਕੀਤਾ ਹੈ?
3 ਪਰਮੇਸ਼ੁਰ ਦਾ ਰਾਜ 1914 ਵਿਚ ਸਵਰਗ ਵਿਚ ਸਥਾਪਿਤ ਹੋਇਆ ਸੀ। ਉਸ ਸਮੇਂ ਤੋਂ ਹੀ ਪਰਮੇਸ਼ੁਰ ਦੇ ਰਾਜੇ ਅਤੇ ਸ਼ਤਾਨ ਦੀ ਦੁਸ਼ਟ ਦੁਨੀਆਂ ਵਿਚਕਾਰ ਵਿਰੋਧਤਾ ਚਲੀ ਆ ਰਹੀ ਹੈ। ਉਸ ਵਕਤ ਇਨਸਾਨੀ ਸਰਕਾਰਾਂ ਨੂੰ ਕਿਹਾ ਗਿਆ ਸੀ ਕਿ ਉਹ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦੇ ਅਧੀਨ ਹੋ ਜਾਣ। ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਅਤੇ ਇਸ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਯਹੋਵਾਹ ਅਰ ਉਹ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ ਭਈ ਆਓ, ਅਸੀਂ ਉਨ੍ਹਾਂ ਦਿਆਂ ਬੰਧਨਾਂ ਨੂੰ ਤੋੜ ਛੱਡੀਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾਹ ਸੁੱਟੀਏ।” (ਜ਼ਬੂਰਾਂ ਦੀ ਪੋਥੀ 2:1-3) ਪਰਮੇਸ਼ੁਰ ਦੇ ਰਾਜ ਦੀ ਵਿਰੋਧਤਾ ਮਾਗੋਗ ਦੇ ਗੋਗ ਦੇ ਹਮਲੇ ਦੌਰਾਨ ਸਿਖਰ ਤੇ ਪਹੁੰਚੇਗੀ।
4, 5. ਇਨਸਾਨ ਪਰਮੇਸ਼ੁਰ ਦੀ ਸਵਰਗੀ ਹਕੂਮਤ ਨਾਲ ਕਿਵੇਂ ਲੜ ਸਕਦੇ ਹਨ?
4 ਅਸੀਂ ਸ਼ਾਇਦ ਸੋਚੀਏ ਕਿ ਇਨਸਾਨ ਇਕ ਸਵਰਗੀ ਹਕੂਮਤ ਨਾਲ ਕਿਵੇਂ ਲੜ ਸਕਦੇ ਹਨ। ਬਾਈਬਲ ਦੱਸਦੀ ਹੈ ਕਿ ਇਸ ਹਕੂਮਤ ਵਿਚ ‘ਲੇਲੇ’ ਯਿਸੂ ਮਸੀਹ ਨਾਲ ਰਾਜ ਕਰਨ ਵਾਲੇ ਦੂਜੇ “ਇੱਕ ਲੱਖ ਚੁਤਾਲੀ ਹਜ਼ਾਰ” ਵਿਅਕਤੀ ‘ਧਰਤੀਓਂ ਮੁੱਲ ਲਏ ਹੋਏ ਹਨ।’ (ਪਰਕਾਸ਼ ਦੀ ਪੋਥੀ 14:1, 3; ਯੂਹੰਨਾ 1:29) ਸਵਰਗ ਵਿਚ ਹੋਣ ਕਰਕੇ ਇਸ ਨਵੀਂ ਹਕੂਮਤ ਨੂੰ “ਨਵਾਂ ਅਕਾਸ਼” ਸੱਦਿਆ ਗਿਆ ਹੈ ਅਤੇ ਧਰਤੀ ਉੱਤੇ ਇਸ ਦੀ ਪਰਜਾ ਨੂੰ “ਨਵੀਂ ਧਰਤੀ” ਸੱਦਿਆ ਗਿਆ ਹੈ। (ਯਸਾਯਾਹ 65:17; 2 ਪਤਰਸ 3:13) ਮਸੀਹ ਨਾਲ ਰਾਜ ਕਰਨ ਵਾਲੇ 1,44,000 ਲੋਕਾਂ ਵਿੱਚੋਂ ਜ਼ਿਆਦਾਤਰ ਲੋਕ ਧਰਤੀ ਉੱਤੇ ਆਪਣੀ ਜ਼ਿੰਦਗੀ ਵਫ਼ਾਦਾਰੀ ਨਾਲ ਜੀ ਚੁੱਕੇ ਹਨ। ਇਸ ਤਰ੍ਹਾਂ ਉਹ ਸਾਬਤ ਕਰ ਚੁੱਕੇ ਹਨ ਕਿ ਉਹ ਸਵਰਗ ਵਿਚ ਆਪਣੀ ਨਵੀਂ ਜ਼ਿੰਮੇਵਾਰੀ ਲੈਣ ਦੇ ਲਾਇਕ ਹਨ।
5 ਪਰ ਇਨ੍ਹਾਂ 1,44,000 ਲੋਕਾਂ ਵਿੱਚੋਂ ਕੁਝ ਲੋਕ ਅਜੇ ਧਰਤੀ ਉੱਤੇ ਹਨ। ਸਾਲ 2002 ਵਿਚ ਲਗਭਗ 1,50,00,000 ਲੋਕ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਏ ਸਨ। ਇਨ੍ਹਾਂ ਵਿੱਚੋਂ ਸਿਰਫ਼ 8,760 ਲੋਕਾਂ ਨੇ ਦਿਖਾਇਆ ਕਿ ਉਹ ਸਵਰਗ ਵਿਚ ਜਾਣ ਦੀ ਉਮੀਦ ਰੱਖਦੇ ਹਨ। ਜਿਹੜਾ ਵੀ ਇਨ੍ਹਾਂ ਲੋਕਾਂ ਉੱਤੇ ਹਮਲਾ ਕਰਦਾ ਹੈ, ਹਕੀਕਤ ਵਿਚ ਉਹ ਪਰਮੇਸ਼ੁਰ ਦੇ ਰਾਜ ਉੱਤੇ ਹਮਲਾ ਕਰਦਾ ਹੈ।—ਪਰਕਾਸ਼ ਦੀ ਪੋਥੀ 12:17.
ਰਾਜਾ ਫਤਹਿ ਕਰਨ ਨੂੰ ਨਿਕਲ ਤੁਰਿਆ ਹੈ
6. ਯਹੋਵਾਹ ਅਤੇ ਮਸੀਹ ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਹੁੰਦਾ ਦੇਖ ਕੇ ਕਿਵੇਂ ਮਹਿਸੂਸ ਕਰਨਗੇ?
6 ਯਹੋਵਾਹ ਆਪਣੇ ਰਾਜ ਦੀ ਵਿਰੋਧਤਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ, ਇਹ ਗੱਲ ਪਹਿਲਾਂ ਹੀ ਦੱਸੀ ਗਈ ਸੀ: “ਜਿਹੜਾ ਸੁਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੁ ਓਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ। ਤਦ ਉਹ ਓਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ, ਅਤੇ ਆਪਣੇ ਕੋਪ ਨਾਲ ਓਹਨਾਂ ਨੂੰ ਔਖਿਆਂ ਕਰੇਗਾ। ਪਰ ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ।” (ਜ਼ਬੂਰਾਂ ਦੀ ਪੋਥੀ 2:4-6) ਯਹੋਵਾਹ ਦੀ ਅਗਵਾਈ ਹੇਠ ਮਸੀਹ ਲਈ ‘ਫਤਹ ਕਰਨ ਨੂੰ ਨਿੱਕਲ ਤੁਰਨ’ ਦਾ ਸਮਾਂ ਆ ਗਿਆ ਹੈ। (ਪਰਕਾਸ਼ ਦੀ ਪੋਥੀ 6:2) ਇਸ ਆਖ਼ਰੀ ਹਮਲੇ ਦੌਰਾਨ ਯਹੋਵਾਹ ਆਪਣੇ ਲੋਕਾਂ ਦਾ ਵਿਰੋਧ ਹੁੰਦਾ ਦੇਖ ਕੇ ਕਿਵੇਂ ਮਹਿਸੂਸ ਕਰੇਗਾ? ਉਹ ਇਹ ਮੰਨੇਗਾ ਕਿ ਇਹ ਉਸ ਦੇ ਅਤੇ ਉਸ ਦੇ ਰਾਜੇ ਦਾ ਵਿਰੋਧ ਹੈ। ਯਹੋਵਾਹ ਕਹਿੰਦਾ ਹੈ: ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’ (ਜ਼ਕਰਯਾਹ 2:8) ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਜੇ ਲੋਕ ਉਸ ਦੇ ਮਸਹ ਕੀਤੇ ਹੋਏ ਭਰਾਵਾਂ ਦਾ ਭਲਾ ਕਰਨਗੇ, ਉਹ ਸਮਝੇਗਾ ਕਿ ਇਹ ਉਸ ਨਾਲ ਕੀਤਾ ਗਿਆ ਹੈ ਅਤੇ ਜੋ ਉਨ੍ਹਾਂ ਦਾ ਭਲਾ ਨਾ ਕਰਨਗੇ, ਉਹ ਸਮਝੇਗਾ ਕਿ ਉਸ ਨਾਲ ਭਲਾ ਨਹੀਂ ਕੀਤਾ ਗਿਆ।—ਮੱਤੀ 25:40, 45.
7. ਪਰਕਾਸ਼ ਦੀ ਪੋਥੀ 7:9 ਵਿਚ ਦੱਸੀ “ਵੱਡੀ ਭੀੜ” ਦੇ ਲੋਕਾਂ ਉੱਤੇ ਗੋਗ ਦਾ ਗੁੱਸਾ ਕਿਉਂ ਭੜਕੇਗਾ?
7 ਗੋਗ ਦਾ ਗੁੱਸਾ ਉਨ੍ਹਾਂ ਲੋਕਾਂ ਉੱਤੇ ਵੀ ਭੜਕੇਗਾ ਜੋ ਮਸਹ ਕੀਤੇ ਹੋਏ ਬਕੀਏ ਦਾ ਸਾਥ ਦਿੰਦੇ ਹਨ। ਉਨ੍ਹਾਂ ਦਾ ਸਾਥ ਵੱਡੀ ਭੀੜ ਦਿੰਦੀ ਹੈ ਜੋ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ” ਵਿੱਚੋਂ ਨਿਕਲੀ ਹੈ। ਇਹ ਭੀੜ “ਨਵੀਂ ਧਰਤੀ” ਦਾ ਹਿੱਸਾ ਬਣਨ ਦੀ ਉਮੀਦ ਰੱਖਦੀ ਹੈ। (ਪਰਕਾਸ਼ ਦੀ ਪੋਥੀ 7:9) ਉਹ ‘ਚਿੱਟੇ ਬਸਤਰ ਪਹਿਨੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੇ ਹਨ।’ ਇਸ ਦਾ ਮਤਲਬ ਹੈ ਕਿ ਉਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀਆਂ ਨਜ਼ਰਾਂ ਵਿਚ ਸ਼ੁੱਧ ਹਨ। ਉਹ “ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ” ਖੜ੍ਹੇ ਹਨ। ਇਸ ਦਾ ਮਤਲਬ ਹੈ ਕਿ ਉਹ ਮੰਨਦੇ ਹਨ ਕਿ ਵਿਸ਼ਵ ਉੱਤੇ ਰਾਜ ਕਰਨ ਦਾ ਹੱਕ ਸਿਰਫ਼ ਯਹੋਵਾਹ ਨੂੰ ਹੀ ਹੈ ਅਤੇ ਉਹ ਆਪਣੇ ‘ਲੇਲੇ’ ਯਾਨੀ ਯਿਸੂ ਮਸੀਹ ਦੇ ਰਾਹੀਂ ਰਾਜ ਕਰ ਰਿਹਾ ਹੈ।—ਯੂਹੰਨਾ 1:29, 36.
8. ਗੋਗ ਦੇ ਹਮਲੇ ਕਰਕੇ ਮਸੀਹ ਕੀ ਕਰੇਗਾ ਅਤੇ ਇਸ ਦਾ ਨਤੀਜਾ ਕੀ ਨਿਕਲੇਗਾ?
8 ਗੋਗ ਦੇ ਹਮਲੇ ਕਰਕੇ ਪਰਮੇਸ਼ੁਰ ਦਾ ਬਿਰਾਜਮਾਨ ਰਾਜਾ ਆਰਮਾਗੇਡਨ ਦੀ ਲੜਾਈ ਲੜੇਗਾ। (ਪਰਕਾਸ਼ ਦੀ ਪੋਥੀ 16:14, 16) ਉਨ੍ਹਾਂ ਲੋਕਾਂ ਨੂੰ ਨਾਸ਼ ਕੀਤਾ ਜਾਵੇਗਾ ਜੋ ਇਹ ਨਹੀਂ ਮੰਨਦੇ ਕਿ ਯਹੋਵਾਹ ਕੋਲ ਰਾਜ ਕਰਨ ਦਾ ਹੱਕ ਹੈ। ਇਸ ਦੇ ਉਲਟ ਜਿਹੜੇ ਲੋਕ ਪਰਮੇਸ਼ੁਰ ਦੇ ਰਾਜ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਦੁੱਖ ਸਹਿੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਲਈ ਛੁਟਕਾਰਾ ਮਿਲੇਗਾ। ਇਸ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਇਹ ਪਰਮੇਸ਼ੁਰ ਦੇ ਜਥਾਰਥ ਨਿਆਉਂ ਦਾ ਪਰਮਾਣ ਹੈ ਭਈ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਜੋਗ ਗਿਣੇ ਜਾਓ ਜਿਹ ਦੇ ਲਈ ਤੁਸੀਂ ਦੁਖ ਵੀ ਭੋਗਦੇ ਹੋ। ਕਿਉਂ ਜੋ ਪਰਮੇਸ਼ੁਰ ਦੇ ਭਾਣੇ ਇਹ ਨਿਆਉਂ ਦੀ ਗੱਲ ਹੈ ਭਈ ਜਿਹੜੇ ਤੁਹਾਨੂੰ ਦੁਖ ਦਿੰਦੇ ਹਨ ਓਹਨਾਂ ਨੂੰ ਦੁਖ ਦੇਵੇ। ਅਤੇ ਤੁਹਾਨੂੰ ਜਿਹੜੇ ਦੁਖ ਪਾਉਂਦੇ ਹੋ ਸਾਡੇ ਨਾਲ ਸੁਖ ਦੇਵੇ ਉਸ ਸਮੇਂ ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।”—2 ਥੱਸਲੁਨੀਕੀਆਂ 1:5-8.
9, 10. (ੳ) ਯਹੋਵਾਹ ਨੇ ਯਹੂਦਾਹ ਨੂੰ ਇਕ ਵੱਡੇ ਦੁਸ਼ਮਣ ਉੱਤੇ ਜਿੱਤ ਕਿਵੇਂ ਦਿਲਾਈ ਸੀ? (ਅ) ਅੱਜ ਮਸੀਹੀਆਂ ਨੂੰ ਕੀ ਕਰਦੇ ਰਹਿਣ ਦੀ ਲੋੜ ਹੈ?
9 ਆ ਰਹੀ ਵੱਡੀ ਬਿਪਤਾ ਦਾ ਸਿਖਰ ਆਰਮਾਗੇਡਨ ਹੋਵੇਗਾ। ਇਸ ਦੌਰਾਨ ਮਸੀਹ ਸਾਰੀ ਦੁਸ਼ਟਤਾ ਨੂੰ ਖ਼ਤਮ ਕਰਨ ਲਈ ਲੜੇਗਾ। ਪਰ ਉਸ ਦੇ ਚੇਲਿਆਂ ਨੂੰ ਲੜਨਾ ਨਹੀਂ ਪਵੇਗਾ ਠੀਕ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਯਹੂਦਾਹ ਦੇ ਵਾਸੀਆਂ ਨੂੰ ਲੜਨਾ ਨਹੀਂ ਪਿਆ ਸੀ। ਉਹ ਲੜਾਈ ਯਹੋਵਾਹ ਦੀ ਸੀ ਅਤੇ ਉਸ ਨੇ ਆਪਣੇ ਲੋਕਾਂ ਨੂੰ ਜਿੱਤ ਦਿਲਾਈ ਸੀ। ਬਾਈਬਲ ਵਿਚ ਦੱਸਿਆ ਗਿਆ ਹੈ: “ਯਹੋਵਾਹ ਨੇ ਅੰਮੋਨੀਆਂ ਅਤੇ ਮੋਆਬੀਆਂ ਅਤੇ ਸਈਰ ਪਰਬਤ ਦੇ ਵਸਨੀਕਾਂ ਉੱਤੇ ਜਿਹੜੇ ਯਹੂਦਾਹ ਉੱਤੇ ਚੜ੍ਹੇ ਆਉਂਦੇ ਸਨ ਛਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਓਹ ਮਾਰੇ ਗਏ। ਕਿਉਂ ਜੋ ਅੰਮੋਨੀ ਅਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਜੋ ਉਨ੍ਹਾਂ ਨੂੰ ਕਤਲ ਕਰ ਕੇ ਮੇਟ ਦੇਣ ਅਤੇ ਜਦ ਓਹ ਸਈਰ ਦੇ ਵਸਨੀਕਾਂ ਨੂੰ ਮੁਕਾ ਚੁੱਕੇ ਤਾਂ ਓਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ। ਅਤੇ ਜਦ ਯਹੂਦਾਹ ਨੇ ਉਜਾੜ ਦੇ ਬੁਰਜ ਉੱਤੇ ਪੁੱਜ ਕੇ ਉਸ ਵੱਡੇ ਦੱਲ ਨੂੰ ਡਿੱਠਾ ਤਾਂ ਵੇਖੋ, ਉਨ੍ਹਾਂ ਦੀਆਂ ਲੋਥਾਂ ਧਰਤੀ ਉੱਤੇ ਪਈਆਂ ਸਨ ਅਤੇ ਕੋਈ ਨਾ ਬਚਿਆ!”—2 ਇਤਹਾਸ 20:22-24.
10 ਉਸੇ ਤਰ੍ਹਾਂ ਹੋਇਆ ਸੀ ਜਿਸ ਤਰ੍ਹਾਂ ਯਹੋਵਾਹ ਨੇ ਕਿਹਾ ਸੀ: “ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ।” (2 ਇਤਹਾਸ 20:17) ਜਦੋਂ ਯਿਸੂ ਮਸੀਹ ‘ਫਤਹ ਕਰਨ ਨੂੰ ਨਿੱਕਲ ਤੁਰੇਗਾ,’ ਤਾਂ ਮਸੀਹੀਆਂ ਨੂੰ ਵੀ ਲੜਨਾ ਨਹੀਂ ਪਵੇਗਾ। ਇਹ ਸਮਾਂ ਆਉਣ ਤੋਂ ਪਹਿਲਾਂ ਉਹ ਬੁਰਾਈ ਨਾਲ ਅਸਲੀ ਹਥਿਆਰਾਂ ਨਾਲ ਨਹੀਂ, ਸਗੋਂ ਰੂਹਾਨੀ ਹਥਿਆਰਾਂ ਨਾਲ ਲੜਦੇ ਹਨ। ਇਸ ਤਰ੍ਹਾਂ ਉਹ “ਭਲਿਆਈ ਨਾਲ ਬੁਰਿਆਈ ਨੂੰ ਜਿੱਤ” ਲੈਂਦੇ ਹਨ।—ਰੋਮੀਆਂ 6:13; 12:17-21; 13:12; 2 ਕੁਰਿੰਥੀਆਂ 10:3-5.
ਗੋਗ ਦੇ ਹਮਲੇ ਦਾ ਮੋਹਰੀ ਕੌਣ ਹੋਵੇਗਾ?
11. (ੳ) ਹਮਲਾ ਕਰਨ ਲਈ ਗੋਗ ਕਿਨ੍ਹਾਂ ਨੂੰ ਇਸਤੇਮਾਲ ਕਰੇਗਾ? (ਅ) ਰੂਹਾਨੀ ਤੌਰ ਤੇ ਜਾਗਦੇ ਰਹਿਣ ਦਾ ਕੀ ਮਤਲਬ ਹੈ?
11 ਮਾਗੋਗ ਦਾ ਗੋਗ ਕੌਣ ਹੈ? ਇਹ ਨਾਂ ਸ਼ਤਾਨ ਨੂੰ 1914 ਵਿਚ ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਦਿੱਤਾ ਗਿਆ ਸੀ। ਇਕ ਆਤਮਿਕ ਪ੍ਰਾਣੀ ਹੋਣ ਦੇ ਨਾਤੇ ਉਹ ਖ਼ੁਦ ਹਮਲਾ ਨਹੀਂ ਕਰ ਸਕਦਾ, ਪਰ ਉਹ ਆਪਣਾ ਕੰਮ ਕਰਾਉਣ ਲਈ ਇਨਸਾਨੀ ਸੰਸਥਾਵਾਂ ਨੂੰ ਇਸਤੇਮਾਲ ਕਰੇਗਾ। ਉਹ ਹਮਲੇ ਦੌਰਾਨ ਕਿਹੜੀਆਂ ਸੰਸਥਾਵਾਂ ਨੂੰ ਇਸਤੇਮਾਲ ਕਰੇਗਾ? ਬਾਈਬਲ ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੰਦੀ, ਪਰ ਇਸ ਵਿਚ ਕਈ ਨਿਸ਼ਾਨੀਆਂ ਦੱਸੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਅਸੀਂ ਉਨ੍ਹਾਂ ਨੂੰ ਪਛਾਣ ਸਕਾਂਗੇ। ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਦੁਨੀਆਂ ਵਿਚ ਵਾਪਰਦੀਆਂ ਘਟਨਾਵਾਂ ਦੇਖ ਕੇ ਅਸੀਂ ਪੂਰੀ ਗੱਲ ਸਮਝ ਜਾਵਾਂਗੇ। ਯਹੋਵਾਹ ਦੇ ਲੋਕ ਇਨ੍ਹਾਂ ਗੱਲਾਂ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਪਰ ਰੂਹਾਨੀ ਤੌਰ ਤੇ ਜਾਗਦੇ ਰਹਿੰਦੇ ਹਨ। ਅੱਜ ਦੁਨੀਆਂ ਵਿਚ ਵਾਪਰ ਰਹੀਆਂ ਰਾਜਨੀਤਿਕ ਅਤੇ ਧਾਰਮਿਕ ਘਟਨਾਵਾਂ ਵੱਲ ਉਹ ਪੂਰਾ ਧਿਆਨ ਦਿੰਦੇ ਹਨ ਤਾਂਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਇਹ ਗੱਲਾਂ ਬਾਈਬਲ ਦੀਆਂ ਭਵਿੱਖਬਾਣੀਆਂ ਨਾਲ ਕਿਸ ਤਰ੍ਹਾਂ ਮੇਲ ਖਾਂਦੀਆਂ ਹਨ।
12, 13. ਦਾਨੀਏਲ ਨਬੀ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਹੋਣ ਵਾਲੇ ਆਖ਼ਰੀ ਹਮਲੇ ਬਾਰੇ ਕੀ ਕਿਹਾ ਸੀ?
12 ਦਾਨੀਏਲ ਨਬੀ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਹੋਣ ਵਾਲੇ ਆਖ਼ਰੀ ਹਮਲੇ ਬਾਰੇ ਕੁਝ ਜਾਣਕਾਰੀ ਦਿੱਤੀ ਸੀ। ਉਸ ਨੇ ਲਿਖਿਆ: “[ਉੱਤਰ ਦਾ ਰਾਜਾ] ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਨ੍ਹਾਂ ਨੂੰ ਮੂਲੋਂ ਮਿਟਾ ਸੁੱਟੇ। ਅਤੇ ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪਰਤਾਪਵਾਨ ਪਵਿੱਤ੍ਰ ਪਹਾੜ ਦੇ ਵਿਚਕਾਰ ਲਾਵੇਗਾ।”—ਦਾਨੀਏਲ 11:44, 45.
13 ਬਾਈਬਲ ਦੇ ਜ਼ਮਾਨੇ ਵਿਚ ਇਹ “ਸਮੁੰਦਰ” ਭੂਮੱਧ ਸਾਗਰ ਸੀ ਅਤੇ “ਪਵਿੱਤ੍ਰ ਪਹਾੜ” ਸੀਯੋਨ ਸੀ ਜਿਸ ਬਾਰੇ ਯਹੋਵਾਹ ਨੇ ਕਿਹਾ ਸੀ: “ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ।” (ਜ਼ਬੂਰਾਂ ਦੀ ਪੋਥੀ 2:6; ਯਹੋਸ਼ੁਆ 1:4) ਤਾਂ ਫਿਰ ਕਿਹਾ ਜਾ ਸਕਦਾ ਹੈ ਕਿ “ਸਮੁੰਦਰ ਤੇ ਪਰਤਾਪਵਾਨ ਪਵਿੱਤ੍ਰ ਪਹਾੜ ਦੇ ਵਿਚਕਾਰ” ਜੋ ਦੇਸ਼ ਹੈ, ਉਹ ਮਸਹ ਕੀਤੇ ਹੋਏ ਮਸੀਹੀਆਂ ਦੀ ਚੰਗੀ ਰੂਹਾਨੀ ਹਾਲਤ ਨੂੰ ਦਰਸਾਉਂਦਾ ਹੈ। ਉਹ ਪਰਮੇਸ਼ੁਰ ਤੋਂ ਅੱਡ ਹੋਏ ਲੋਕਾਂ ਦੇ ਉੱਛਲਦੇ ਸਮੁੰਦਰ ਦਾ ਹਿੱਸਾ ਨਹੀਂ ਹਨ ਅਤੇ ਯਿਸੂ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਹਨ। ਇਹ ਗੱਲ ਸਾਫ਼ ਹੈ ਕਿ ਦਾਨੀਏਲ ਦੀ ਭਵਿੱਖਬਾਣੀ ਦੀ ਪੂਰਤੀ ਅਨੁਸਾਰ ਉੱਤਰ ਦਾ ਰਾਜਾ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਵੱਡੀ ਭੀੜ ਉੱਤੇ ਚੜ੍ਹਾਈ ਕਰੇਗਾ।—ਯਸਾਯਾਹ 57:20; ਇਬਰਾਨੀਆਂ 12:22; ਪਰਕਾਸ਼ ਦੀ ਪੋਥੀ 14:1.
ਪਰਮੇਸ਼ੁਰ ਦੇ ਸੇਵਕ ਕੀ ਕਰਨਗੇ?
14. ਜਦੋਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ ਜਾਵੇਗਾ, ਤਾਂ ਉਹ ਕਿਹੜੀਆਂ ਤਿੰਨ ਗੱਲਾਂ ਅਨੁਸਾਰ ਚੱਲਣਗੇ?
14 ਜਦੋਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ ਜਾਵੇਗਾ, ਤਾਂ ਉਹ ਕੀ ਕਰਨਗੇ? ਉਹੀ ਜੋ ਯਹੋਸ਼ਾਫ਼ਾਟ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕੀਤਾ ਸੀ। ਧਿਆਨ ਦਿਓ ਕਿ ਲੋਕਾਂ ਨੂੰ ਤਿੰਨ ਗੱਲਾਂ ਦਾ ਹੁਕਮ ਦਿੱਤਾ ਗਿਆ ਸੀ: (1) ਪਾਲ ਬੰਨ੍ਹੋ, (2) ਚੁੱਪ-ਚਾਪ ਖੜ੍ਹੇ ਰਹੋ ਅਤੇ (3) ਯਹੋਵਾਹ ਵੱਲੋਂ ਬਚਾਅ ਦੇਖੋ। ਜਦੋਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ ਜਾਵੇਗਾ, ਤਾਂ ਉਹ ਇਨ੍ਹਾਂ ਗੱਲਾਂ ਅਨੁਸਾਰ ਕਿਸ ਤਰ੍ਹਾਂ ਚੱਲਣਗੇ?—2 ਇਤਹਾਸ 20:17.
15. ਯਹੋਵਾਹ ਦੇ ਲੋਕ ਪਾਲ ਕਿਵੇਂ ਬੰਨ੍ਹਣਗੇ?
15 ਪਾਲ ਬੰਨ੍ਹੋ: ਪਰਮੇਸ਼ੁਰ ਦੇ ਲੋਕ ਡਾਵਾਂ-ਡੋਲ ਹੋਣ ਦੀ ਬਜਾਇ ਪਰਮੇਸ਼ੁਰ ਦੇ ਰਾਜ ਦਾ ਪੱਖ ਪੂਰਦੇ ਰਹਿਣਗੇ। ਉਹ ਇਸ ਦੁਨੀਆਂ ਦੇ ਮਾਮਲਿਆਂ ਵਿਚ ਨਿਰਪੱਖ ਰਹਿਣਗੇ। ਉਹ “ਇਸਥਿਰ ਅਤੇ ਅਡੋਲ” ਰਹਿੰਦੇ ਹੋਏ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ ਅਤੇ ਉਸ ਦੀ ਦਇਆ ਲਈ ਖੁੱਲ੍ਹੇ-ਆਮ ਉਸ ਦੀ ਵਡਿਆਈ ਕਰਦੇ ਰਹਿਣਗੇ। (1 ਕੁਰਿੰਥੀਆਂ 15:58; ਜ਼ਬੂਰਾਂ ਦੀ ਪੋਥੀ 118:28, 29) ਅੱਜ ਜਾਂ ਕੱਲ੍ਹ ਨੂੰ ਭਾਵੇਂ ਜੋ ਮਰਜ਼ੀ ਦਬਾਅ ਆਉਣ, ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਉਨ੍ਹਾਂ ਨੂੰ ਯਹੋਵਾਹ ਤੋਂ ਦੂਰ ਕਰ ਸਕੇਗੀ।
16. ਯਹੋਵਾਹ ਦੇ ਲੋਕ ਚੁੱਪ-ਚਾਪ ਕਿਵੇਂ ਖੜ੍ਹੇ ਰਹਿਣਗੇ?
16 ਚੁੱਪ-ਚਾਪ ਖੜ੍ਹੇ ਰਹੋ: ਯਹੋਵਾਹ ਦੇ ਸੇਵਕ ਆਪ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ, ਪਰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣਗੇ। ਸਿਰਫ਼ ਯਹੋਵਾਹ ਹੀ ਆਪਣੇ ਸੇਵਕਾਂ ਨੂੰ ਇਸ ਦੁਨੀਆਂ ਦੀ ਮੰਦੀ ਹਾਲਤ ਤੋਂ ਬਚਾ ਸਕਦਾ ਹੈ ਅਤੇ ਉਸ ਨੇ ਇਸ ਤਰ੍ਹਾਂ ਕਰਨ ਦਾ ਵਾਅਦਾ ਕੀਤਾ ਹੈ। (ਯਸਾਯਾਹ 43:10, 11; 54:15; ਵਿਰਲਾਪ 3:26) ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਇਹ ਵੀ ਹੈ ਕਿ ਉਹ ਉਸ ਦੇ ਸੰਗਠਨ ਉੱਤੇ ਵੀ ਭਰੋਸਾ ਰੱਖਣ ਜਿਸ ਨੂੰ ਉਹ ਕਈਆਂ ਸਾਲਾਂ ਤੋਂ ਆਪਣੀ ਮਰਜ਼ੀ ਪੂਰੀ ਕਰਨ ਲਈ ਵਰਤਦਾ ਆ ਰਿਹਾ ਹੈ। ਸ਼ਤਾਨ ਦੇ ਹਮਲੇ ਦੌਰਾਨ ਸੱਚੇ ਮਸੀਹੀਆਂ ਨੂੰ ਆਪਣੇ ਮਸੀਹੀ ਭਰਾਵਾਂ ਉੱਤੇ ਅੱਜ ਨਾਲੋਂ ਵੀ ਜ਼ਿਆਦਾ ਭਰੋਸਾ ਰੱਖਣਾ ਪਵੇਗਾ ਜਿਨ੍ਹਾਂ ਨੂੰ ਯਹੋਵਾਹ ਅਤੇ ਉਸ ਦੇ ਰਾਜੇ ਨੇ ਨਿਗਰਾਨੀ ਕਰਨ ਦਾ ਅਧਿਕਾਰ ਦਿੱਤਾ ਹੈ। ਇਹ ਵਫ਼ਾਦਾਰ ਮਨੁੱਖ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਦੇ ਰਹਿਣਗੇ। ਜੇ ਅਸੀਂ ਉਨ੍ਹਾਂ ਦੀ ਅਗਵਾਈ ਦੇ ਅਨੁਸਾਰ ਨਹੀਂ ਚਲਾਂਗੇ, ਤਾਂ ਇਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ।—ਮੱਤੀ 24:45-47; ਇਬਰਾਨੀਆਂ 13:7, 17.
17. ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਯਹੋਵਾਹ ਵੱਲੋਂ ਬਚਾਅ ਕਿਉਂ ਦੇਖ ਸਕਣਗੇ?
17 ਯਹੋਵਾਹ ਵੱਲੋਂ ਬਚਾਅ ਦੇਖੋ: ਉਹ ਲੋਕ ਬਚਾਏ ਜਾਣਗੇ ਜੋ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਗੇ ਅਤੇ ਬਚਾਅ ਲਈ ਉਸ ਉੱਤੇ ਭਰੋਸਾ ਰੱਖਣਗੇ। ਉਸ ਸਮੇਂ ਉਨ੍ਹਾਂ ਕੋਲੋਂ ਜਿੰਨਾ ਹੋ ਸਕੇਗਾ, ਉਹ ਅੰਤ ਤਕ ਯਹੋਵਾਹ ਦੇ ਨਿਆਂ ਦੇ ਦਿਨ ਦਾ ਐਲਾਨ ਕਰਨਗੇ। ਹਰੇਕ ਜੀਉਂਦੇ ਪ੍ਰਾਣੀ ਨੂੰ ਪਤਾ ਹੋਵੇਗਾ ਕਿ ਯਹੋਵਾਹ ਸੱਚਾ ਪਰਮੇਸ਼ੁਰ ਹੈ ਅਤੇ ਧਰਤੀ ਉੱਤੇ ਉਸ ਦੇ ਵਫ਼ਾਦਾਰ ਸੇਵਕ ਵੀ ਹਨ। ਫਿਰ ਕਦੀ ਵੀ ਯਹੋਵਾਹ ਦੇ ਰਾਜ ਕਰਨ ਦੇ ਹੱਕ ਬਾਰੇ ਵਿਵਾਦ ਕਰਨ ਦੀ ਲੋੜ ਨਹੀਂ ਹੋਵੇਗੀ।—ਹਿਜ਼ਕੀਏਲ 33:33; 36:23.
18, 19. (ੳ) ਕੂਚ ਦੇ 15ਵੇਂ ਅਧਿਆਇ ਵਿਚ ਫਤਹਿ ਦਾ ਗੀਤ ਉਨ੍ਹਾਂ ਦੀਆਂ ਭਾਵਨਾਵਾਂ ਕਿਵੇਂ ਪ੍ਰਗਟ ਕਰਦਾ ਹੈ ਜੋ ਗੋਗ ਦੇ ਹਮਲੇ ਤੋਂ ਬਚਣਗੇ? (ਅ) ਪਰਮੇਸ਼ੁਰ ਦੇ ਲੋਕਾਂ ਲਈ ਹੁਣ ਕੀ ਕਰਨ ਦਾ ਸਮਾਂ ਹੈ?
18 ਪਰਮੇਸ਼ੁਰ ਦੇ ਲੋਕ ਨਵੇਂ ਸਿਰਿਓਂ ਬਲ ਪਾ ਕੇ ਨਵੇਂ ਸੰਸਾਰ ਵਿਚ ਜਾਣਗੇ। ਉਹ ਲਾਲ ਸਮੁੰਦਰ ਪਾਰ ਕਰਨ ਵਾਲੇ ਪ੍ਰਾਚੀਨ ਇਸਰਾਏਲੀਆਂ ਵਾਂਗ ਫਤਹਿ ਦਾ ਗੀਤ ਗਾਉਣਗੇ। ਉਹ ਯਹੋਵਾਹ ਦਾ ਸ਼ੁਕਰ ਕਰਨਗੇ ਕਿ ਨਿੱਜੀ ਤੌਰ ਤੇ ਅਤੇ ਇਕ ਸਮੂਹ ਵਜੋਂ ਉਸ ਨੇ ਉਨ੍ਹਾਂ ਦੀ ਰੱਖਿਆ ਕੀਤੀ ਅਤੇ ਉਹ ਇਹ ਸ਼ਬਦ ਦੁਹਰਾਉਣਗੇ: “ਮੈਂ ਯਹੋਵਾਹ ਲਈ ਗਾਵਾਂਗਾ ਕਿਉਂ ਕਿ ਉਹ ਅੱਤ ਉੱਚਾ ਹੋਇਆ ਹੈ, . . . ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ। . . . ਹੇ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਿਕਨਾ ਚੂਰ ਕਰ ਸੁੱਟਦਾ ਹੈ। ਤੂੰ ਆਪਣੀ ਵੱਡੀ ਉੱਤਮਤਾਈ ਨਾਲ ਆਪਣੇ ਵਿਰੋਧੀਆਂ ਨੂੰ ਢਾ ਲੈਂਦਾ ਹੈਂ, ਤੂੰ ਆਪਣਾ ਕਰੋਧ ਘੱਲਦਾ ਹੈਂ ਜਿਹੜਾ ਉਨ੍ਹਾਂ ਨੂੰ ਭੁੱਠ ਵਾਂਙੁ ਭੱਖ ਲੈਂਦਾ ਹੈ। . . . ਤੈਂ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੈਂ ਛੁਟਕਾਰਾ ਦਿੱਤਾ ਸੀ, ਤੈਂ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤ੍ਰ ਨਿਵਾਸ ਦੇ ਰਾਹ ਪਾ ਦਿੱਤਾ। . . . ਤੂੰ ਉਨ੍ਹਾਂ ਨੂੰ ਅੰਦਰ ਲਿਆਵੇਂਗਾ ਅਤੇ ਆਪਣੀ ਮਿਲਖ ਦੇ ਪਹਾੜ ਵਿੱਚ ਲਗਾਵੇਂਗਾ, ਹੇ ਯਹੋਵਾਹ ਉਸ ਅਸਥਾਨ ਵਿੱਚ ਜਿਹੜਾ ਤੈਂ ਆਪਣੇ ਰਹਿਣ ਲਈ ਬਣਾਇਆ ਹੈ, ਹੇ ਮੇਰੇ ਪ੍ਰਭੁ, ਉਹ ਪਵਿੱਤ੍ਰ ਅਸਥਾਨ ਜਿਹੜਾ ਤੇਰੇ ਹੱਥਾਂ ਨੇ ਅਸਥਰ ਕੀਤਾ ਹੈ। ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ।”—ਕੂਚ 15:1-19.
19 ਹੁਣ ਹਮੇਸ਼ਾ ਲਈ ਜੀਉਣ ਦੀ ਸਾਡੀ ਉਮੀਦ ਪਹਿਲਾਂ ਨਾਲੋਂ ਵੀ ਪੱਕੀ ਹੈ। ਪਰਮੇਸ਼ੁਰ ਦੇ ਸੇਵਕਾਂ ਲਈ ਹੁਣ ਬਹੁਤ ਵਧੀਆ ਸਮਾਂ ਹੈ ਕਿ ਉਹ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਨ ਅਤੇ ਉਸ ਨੂੰ ਆਪਣਾ ਰਾਜਾ ਮੰਨ ਕੇ ਹਮੇਸ਼ਾ ਲਈ ਉਸ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕਰਨ!—1 ਇਤਹਾਸ 29:11-13.
ਕੀ ਤੁਸੀਂ ਸਮਝਾ ਸਕਦੇ ਹੋ?
• ਗੋਗ ਮਸਹ ਕੀਤੇ ਹੋਇਆਂ ਅਤੇ ਹੋਰ ਭੇਡਾਂ ਉੱਤੇ ਹਮਲਾ ਕਿਉਂ ਕਰੇਗਾ?
• ਪਰਮੇਸ਼ੁਰ ਦੇ ਲੋਕ ਪਾਲ ਕਿਵੇਂ ਬੰਨ੍ਹਣਗੇ?
• ਚੁੱਪ-ਚਾਪ ਖੜ੍ਹੇ ਰਹਿਣ ਦਾ ਮਤਲਬ ਕੀ ਹੈ?
• ਪਰਮੇਸ਼ੁਰ ਦੇ ਲੋਕ ਯਹੋਵਾਹ ਵੱਲੋਂ ਬਚਾਅ ਕਿਵੇਂ ਦੇਖਣਗੇ?
[ਸਫ਼ੇ 18 ਉੱਤੇ ਤਸਵੀਰ]
ਯਹੋਸ਼ਾਫ਼ਾਟ ਅਤੇ ਉਸ ਦੇ ਲੋਕਾਂ ਨੂੰ ਲੜਨ ਤੋਂ ਬਿਨਾਂ ਹੀ ਯਹੋਵਾਹ ਨੇ ਜਿੱਤ ਦਿਲਾਈ ਸੀ
[ਸਫ਼ੇ 20 ਉੱਤੇ ਤਸਵੀਰ]
ਮਸਹ ਕੀਤੇ ਹੋਏ ਮਸੀਹੀ ਅਤੇ ਹੋਰ ਭੇਡਾਂ ਦੇ ਲੋਕ ਮੰਨਦੇ ਹਨ ਕਿ ਯਹੋਵਾਹ ਕੋਲ ਰਾਜ ਕਰਨ ਦਾ ਹੱਕ ਹੈ
[ਸਫ਼ੇ 22 ਉੱਤੇ ਤਸਵੀਰ]
ਬਹੁਤ ਜਲਦੀ ਪ੍ਰਾਚੀਨ ਇਸਰਾਏਲੀਆਂ ਵਾਂਗ ਪਰਮੇਸ਼ੁਰ ਦੇ ਲੋਕ ਫਤਹਿ ਦਾ ਗੀਤ ਗਾਉਣਗੇ