ਗਿਲਿਅਡ ਸਕੂਲ ਦੀ 60 ਸਾਲਾਂ ਤੋਂ ਚੱਲਦੀ ਆ ਰਹੀ ਸਿਖਲਾਈ
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਸ਼ੁਰੂ ਹੋਏ ਨੂੰ 60 ਸਾਲ ਹੋ ਚੁੱਕੇ ਹਨ। ਇਸ ਸਕੂਲ ਤੋਂ ਗ੍ਰੈਜੂਏਟ ਹੋ ਕੇ ਬਹੁਤ ਸਾਰੇ ਭੈਣ-ਭਰਾ ਮਿਸ਼ਨਰੀ ਸੇਵਾ ਵਿਚ ਗਏ ਹਨ। ਸਕੂਲ ਦੀ ਪਹਿਲੀ ਕਲਾਸ ਦੀ ਇਕ ਗ੍ਰੈਜੂਏਟ ਨੇ ਇਸ ਸਿਖਲਾਈ ਬਾਰੇ ਕਿਹਾ: “ਬਾਈਬਲ ਦਾ ਡੂੰਘਾ ਅਧਿਐਨ ਕਰਨ ਦੁਆਰਾ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਗਹਿਰਾ ਬਣ ਗਿਆ। ਮੈਂ ਉਸ ਦੇ ਸੰਗਠਨ ਬਾਰੇ ਬਹੁਤ ਕੁਝ ਸਿੱਖਿਆ। ਮੈਨੂੰ ਵਿਦੇਸ਼ ਜਾ ਕੇ ਸੇਵਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਸੀ।” ਇਸ ਸਾਲ ਦੇ 8 ਮਾਰਚ ਨੂੰ ਪੈਟਰਸਨ, ਨਿਊਯਾਰਕ ਵਿਚ ਵਾਚਟਾਵਰ ਸਿੱਖਿਆ ਕੇਂਦਰ ਵਿਚ ਗਿਲਿਅਡ ਦੀ 114ਵੀਂ ਕਲਾਸ ਗ੍ਰੈਜੂਏਟ ਹੋਈ ਸੀ। ਇਸ ਪ੍ਰੋਗ੍ਰਾਮ ਲਈ ਕੁੱਲ ਮਿਲਾ ਕੇ 6,404 ਹਾਜ਼ਰੀਨ ਸਨ। ਸਾਰਿਆਂ ਨੇ ਭਾਸ਼ਣਾਂ, ਇੰਟਰਵਿਊਆਂ ਅਤੇ ਭੈਣਾਂ-ਭਰਾਵਾਂ ਦੇ ਆਪਸ ਵਿਚ ਕੀਤੀ ਗਈ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਆ।
ਪ੍ਰਬੰਧਕ ਸਭਾ ਦੇ ਮੈਂਬਰ, ਥੀਓਡੋਰ ਜੈਰਸ, ਪ੍ਰੋਗ੍ਰਾਮ ਦੇ ਚੇਅਰਮੈਨ ਸਨ। ਭੈਣ-ਭਰਾ ਪ੍ਰੋਗ੍ਰਾਮ ਸੁਣਨ ਲਈ ਏਸ਼ੀਆ, ਕੈਰੀਬੀਅਨ, ਕੇਂਦਰੀ ਅਤੇ ਦੱਖਣੀ ਅਮਰੀਕਾ ਅਤੇ ਯੂਰਪ ਤੋਂ ਆਏ ਹੋਏ ਸਨ। ਭਰਾ ਜੈਰਸ ਦੇ ਭਾਸ਼ਣ ਦਾ ਵਿਸ਼ਾ 2 ਤਿਮੋਥਿਉਸ 4:5 ਤੋਂ ਲਿਆ ਗਿਆ ਸੀ। ਉਨ੍ਹਾਂ ਨੇ ਸਮਝਾਇਆ ਕਿ ਮਿਸ਼ਨਰੀਆਂ ਨੂੰ “ਪਰਚਾਰਕ ਦਾ ਕੰਮ” ਕਰਨ ਲਈ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ। ਮਿਸ਼ਨਰੀ ਬਾਈਬਲ ਬਾਰੇ ਲੋਕਾਂ ਨੂੰ ਸਿਖਾ ਕੇ ਸੱਚਾਈ ਬਾਰੇ ਸਾਖੀ ਦਿੰਦੇ ਹਨ।
ਵਿਦਿਆਰਥੀਆਂ ਲਈ ਆਖ਼ਰੀ ਹਿਦਾਇਤਾਂ
ਪ੍ਰੋਗ੍ਰਾਮ ਦੇ ਸ਼ੁਰੂ ਵਿਚ ਕਈ ਛੋਟੇ-ਛੋਟੇ ਭਾਸ਼ਣ ਦਿੱਤੇ ਗਏ ਸਨ। ਪਹਿਲਾ ਭਾਸ਼ਣ ਭਰਾ ਜੌਨ ਲਾਸਨ ਨੇ ਦਿੱਤਾ ਸੀ ਜੋ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਹਨ। ਉਸ ਦੇ ਭਾਸ਼ਣ ਦਾ ਵਿਸ਼ਾ ਸੀ: “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?” (ਰੋਮੀਆਂ 8:31) ਇਹ ਭਾਸ਼ਣ ਸੁਣ ਕੇ ਸਾਰਿਆਂ ਦੀ ਨਿਹਚਾ ਮਜ਼ਬੂਤ ਹੋਈ। ਭਰਾ ਲਾਸਨ ਨੇ ਬਾਈਬਲ ਤੋਂ ਦਿਖਾਇਆ ਕਿ ਵਿਦਿਆਰਥੀ ਯਹੋਵਾਹ ਦੀ ਸ਼ਕਤੀ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਨ। ਉਸ ਨੇ ਸਮਝਾਇਆ ਕਿ ਵਿਦੇਸ਼ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਪਰਮੇਸ਼ੁਰ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ। ਰੋਮੀਆਂ 8:38, 39 ਦਾ ਹਵਾਲਾ ਪੜ੍ਹ ਕੇ ਭਰਾ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ: “ਰੁਕ ਕੇ ਜ਼ਰਾ ਸੋਚੋ ਕਿ ਪਰਮੇਸ਼ੁਰ ਤੁਹਾਡੀ ਖ਼ਾਤਰ ਕਿੰਨੀ ਤਾਕਤ ਵਰਤ ਰਿਹਾ ਹੈ। ਅਤੇ ਯਾਦ ਰੱਖੋ ਕਿ ਪਰਮੇਸ਼ੁਰ ਦੇ ਪਿਆਰ ਤੋਂ ਤੁਹਾਨੂੰ ਕੋਈ ਚੀਜ਼ ਜੁਦਾ ਨਹੀਂ ਕਰ ਸਕਦੀ।”
ਅਗਲਾ ਭਾਸ਼ਣ ਭਰਾ ਗਾਈ ਪੀਅਰਸ ਨੇ ਦਿੱਤਾ ਸੀ ਜੋ ਪ੍ਰਬੰਧਕ ਸਭਾ ਦੇ ਮੈਂਬਰ ਹਨ। ਉਨ੍ਹਾਂ ਦਾ ਵਿਸ਼ਾ ਖ਼ੁਸ਼ੀ ਬਾਰੇ ਸੀ ਜੋ ਲੂਕਾ 10:23 ਤੋਂ ਲਿਆ ਗਿਆ ਸੀ। ਭਰਾ ਪੀਅਰਸ ਨੇ ਸਮਝਾਇਆ ਕਿ ਸਾਨੂੰ ਸੱਚੀ ਖ਼ੁਸ਼ੀ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਗਿਆਨ ਲੈ ਕੇ ਅਤੇ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਹੁੰਦਾ ਦੇਖ ਕੇ ਮਿਲਦੀ ਹੈ। ਜਿੱਥੇ ਵੀ ਗ੍ਰੈਜੂਏਟ ਸੇਵਾ ਕਰਨ ਲਈ ਜਾਣਗੇ, ਉਹ ਇਨ੍ਹਾਂ ਗੱਲਾਂ ਨੂੰ ਯਾਦ ਰੱਖ ਕੇ ਖ਼ੁਸ਼ ਰਹਿ ਸਕਣਗੇ। ਭਰਾ ਪੀਅਰਸ ਨੇ ਗ੍ਰੈਜੂਏਟਾਂ ਨੂੰ ਯਹੋਵਾਹ ਦੀ ਭਲਾਈ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਉੱਤੇ ਲਾਉਣ। (ਜ਼ਬੂਰਾਂ ਦੀ ਪੋਥੀ 77:12) ਸਹੀ ਨਜ਼ਰੀਆ ਅਤੇ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਹ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਨ।
ਅਖ਼ੀਰਲੇ ਹੌਸਲਾ-ਭਰੇ ਭਾਸ਼ਣ ਕਲਾਸ ਦੇ ਦੋ ਇੰਸਟ੍ਰਕਟਰਾਂ ਨੇ ਦਿੱਤੇ ਸਨ। ਇਨ੍ਹਾਂ ਭਰਾਵਾਂ ਨੇ ਸਕੂਲ ਦੌਰਾਨ ਕਲਾਸ ਨੂੰ ਹਰ ਰੋਜ਼ ਸਿਖਲਾਈ ਦਿੱਤੀ ਸੀ। ਭਰਾ ਲਾਰੈਂਸ ਬੋਵਨ ਦੇ ਭਾਸ਼ਣ ਦਾ ਵਿਸ਼ਾ ਸੀ: “ਤੁਸੀਂ ਕਿਹੋ ਜਿਹਾ ਸਨਮਾਨ ਚਾਹੁੰਦੇ ਹੋ?” ਜ਼ਿਆਦਾਤਰ ਲੋਕ ਤਾਂ ਆਪਣੀ ਪ੍ਰਸ਼ੰਸਾ ਅਤੇ ਵਡਿਆਈ ਕਰਵਾਉਣੀ ਚਾਹੁੰਦੇ ਹਨ। ਪਰ ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੂੰ ਅਹਿਸਾਸ ਹੋਇਆ ਕਿ ਸਾਡੇ ਲਈ ਸਭ ਤੋਂ ਵੱਡਾ ਸਨਮਾਨ ਇਹ ਹੈ ਕਿ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜੀਏ। ਇਹ ਇਕ ਅਨਮੋਲ ਖ਼ਜ਼ਾਨਾ ਹੈ। (ਜ਼ਬੂਰਾਂ ਦੀ ਪੋਥੀ 73:24, 25) ਭਰਾ ਬੋਵਨ ਨੇ ਗ੍ਰੈਜੂਏਟਾਂ ਨੂੰ ਸਲਾਹ ਦਿੱਤੀ ਕਿ ਉਹ ਬਾਈਬਲ ਦਾ ਡੂੰਘਾ ਅਧਿਐਨ ਕਰਨ ਦੁਆਰਾ ਯਹੋਵਾਹ ਨਾਲ ਆਪਣਾ ਰਿਸ਼ਤਾ ਕਾਇਮ ਰੱਖਣ। ਭਰਾ ਬੋਵਨ ਨੇ ਸਮਝਾਇਆ ਕਿ ਦੂਤ “ਵੱਡੀ ਚਾਹ ਨਾਲ” ਇਹ ਮਲੂਮ ਕਰਨਾ ਚਾਹੁੰਦੇ ਹਨ ਕਿ ਯਹੋਵਾਹ ਨੇ ਯਿਸੂ ਮਸੀਹ ਰਾਹੀਂ ਆਪਣਾ ਮਕਸਦ ਕਿਵੇਂ ਪੂਰਾ ਕਰਨਾ ਹੈ। (1 ਪਤਰਸ 1:12) ਉਹ ਆਪਣੇ ਪਿਤਾ ਬਾਰੇ ਜਿੰਨਾ ਹੋ ਸਕੇ ਜਾਣਨਾ ਚਾਹੁੰਦੇ ਹਨ, ਤਾਂਕਿ ਉਹ ਉਸ ਦੀ ਵਡਿਆਈ ਕਰ ਸਕਣ। ਫਿਰ ਭਰਾ ਬੋਵਨ ਨੇ ਵਿਦਿਆਰਥੀਆਂ ਨੂੰ ਆਪਣੀ ਮਿਸ਼ਨਰੀ ਸੇਵਾ ਵਿਚ ਲੋਕਾਂ ਨੂੰ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਦੀ ਮਦਦ ਦੇਣ ਦੁਆਰਾ ਯਹੋਵਾਹ ਦੀ ਵਡਿਆਈ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਰਜਿਸਟਰਾਰ, ਵੈਲਸ ਲਿਵਰੈਂਸ, ਨੇ ਪਹਿਲਿਆਂ ਕੁਝ ਭਾਸ਼ਣਾਂ ਦੀ ਸਮਾਪਤੀ ਵਿਚ ਇਸ ਵਿਸ਼ੇ ਉੱਤੇ ਗੱਲਬਾਤ ਕੀਤੀ: ‘ਪਰਮੇਸ਼ੁਰ ਦੇ ਗੁਪਤ ਗਿਆਨ ਦਾ ਭੇਤ ਦੱਸੋ।’ (1 ਕੁਰਿੰਥੀਆਂ 2:7) ਪਰਮੇਸ਼ੁਰ ਦਾ ਇਹ ਗੁਪਤ ਗਿਆਨ ਕੀ ਹੈ ਜਿਸ ਬਾਰੇ ਪੌਲੁਸ ਰਸੂਲ ਨੇ ਆਪਣੀ ਮਿਸ਼ਨਰੀ ਸੇਵਾ ਵਿਚ ਗੱਲਬਾਤ ਕੀਤੀ ਸੀ? ਇਹ ਉਹ ਸ਼ਕਤੀਸ਼ਾਲੀ ਜ਼ਰੀਆ ਹੈ ਜਿਸ ਦੁਆਰਾ ਯਹੋਵਾਹ ਨੇ ਵਿਸ਼ਵ ਵਿਚ ਸ਼ਾਂਤੀ ਅਤੇ ਏਕਤਾ ਲਿਆਉਣੀ ਹੈ। ਇਹ ਗੁਪਤ ਗਿਆਨ ਖ਼ਾਸ ਕਰਕੇ ਯਿਸੂ ਬਾਰੇ ਹੈ। ਪੌਲੁਸ ਨੇ ਸਮਾਜ ਦੀਆਂ ਮੁਸ਼ਕਲਾਂ ਸੁਲਝਾਉਣ ਬਾਰੇ ਪ੍ਰਚਾਰ ਨਹੀਂ ਕੀਤਾ ਸੀ, ਸਗੋਂ ਉਸ ਨੇ ਲੋਕਾਂ ਨੂੰ ਇਹ ਦੱਸਿਆ ਸੀ ਕਿ ਪਰਮੇਸ਼ੁਰ ਨੇ ਆਦਮ ਦੇ ਪਾਪ ਦੇ ਬੁਰੇ ਨਤੀਜਿਆਂ ਨੂੰ ਕਿਸ ਤਰ੍ਹਾਂ ਸੁਲਝਾਉਣਾ ਹੈ। (ਅਫ਼ਸੀਆਂ 3:8, 9) ਭਰਾ ਲਿਵਰੈਂਸ ਨੇ ਕਲਾਸ ਨੂੰ ਇਹ ਸਲਾਹ ਦਿੱਤੀ: “ਪੌਲੁਸ ਵਾਂਗ ਤੁਸੀਂ ਵੀ ਆਪਣੀ ਮਿਸ਼ਨਰੀ ਸੇਵਾ ਵਿਚ ਲੋਕਾਂ ਦੀ ਮਦਦ ਕਰਨ ਦਾ ਫ਼ਾਇਦਾ ਉਠਾਓ। ਉਨ੍ਹਾਂ ਨੂੰ ਸਮਝਾਓ ਕਿ ਯਹੋਵਾਹ ਪਰਮੇਸ਼ੁਰ ਨੇ ਆਪਣਾ ਮਕਸਦ ਕਿਸ ਤਰ੍ਹਾਂ ਪੂਰਾ ਕਰਨਾ ਹੈ।”
ਇਸ ਤੋਂ ਬਾਅਦ ਭਰਾ ਮਾਰਕ ਨੂਮੇਰ ਨੇ ਕਲਾਸ ਦੇ ਕੁਝ ਮੈਂਬਰਾਂ ਨਾਲ ਗੱਲਬਾਤ ਕੀਤੀ। ਭਰਾ ਨੂਮੇਰ ਵੀ ਗਿਲਿਅਡ ਸਕੂਲ ਦਾ ਇਕ ਇੰਸਟ੍ਰਕਟਰ ਹੈ। ਉਸ ਦਾ ਵਿਸ਼ਾ ਸੀ: “ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨਾਲ ਅਸੀਂ ਜੋਸ਼ੀਲੇ ਸੇਵਕ ਬਣਦੇ ਹਾਂ।” ਇਸ ਚਰਚਾ ਵਿਚ ਰੋਮੀਆਂ 10:10 ਵਿਚ ਦਰਜ ਪੌਲੁਸ ਦੇ ਸ਼ਬਦਾਂ ਉੱਤੇ ਜ਼ੋਰ ਦਿੱਤਾ ਗਿਆ ਸੀ। ਕਲਾਸ ਨੇ ਪ੍ਰਚਾਰ ਦੇ ਕੰਮ ਵਿਚ ਆਪਣੇ ਵਧੀਆ ਅਨੁਭਵ ਸਾਰਿਆਂ ਨੂੰ ਸੁਣਾਏ। ਉਨ੍ਹਾਂ ਦੇ ਅਨੁਭਵਾਂ ਤੋਂ ਜ਼ਾਹਰ ਹੋਇਆ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਉਸ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਜੋ ਵਧੀਆ ਗੱਲਾਂ ਅਸੀਂ ਸਿੱਖਦੇ ਹਾਂ ਉਹ ਸਾਡਿਆਂ ਦਿਲਾਂ ਤਕ ਪਹੁੰਚਦੀਆਂ ਹਨ ਅਤੇ ਅਸੀਂ ਲੋਕਾਂ ਨੂੰ ਪ੍ਰਚਾਰ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਵਿਦਿਆਰਥੀਆਂ ਨੇ ਵਾਚਟਾਵਰ ਸਿੱਖਿਆ ਕੇਂਦਰ ਵਿਚ ਪੂਰੇ ਪੰਜ ਮਹੀਨੇ ਗੁਜ਼ਾਰੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਲਾਗਲੀਆਂ ਕਲੀਸਿਯਾਵਾਂ ਵਿਚ ਜਿੱਥੇ ਕਈ ਵਾਰ ਪ੍ਰਚਾਰ ਕੀਤਾ ਜਾ ਚੁੱਕਾ ਸੀ, ਲੋਕਾਂ ਨਾਲ 30 ਤੋਂ ਜ਼ਿਆਦਾ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ।
ਤਜਰਬੇਕਾਰ ਭਰਾਵਾਂ ਨੇ ਚੰਗੀ ਸਲਾਹ ਦਿੱਤੀ
ਸਕੂਲ ਦੌਰਾਨ ਵਿਦਿਆਰਥੀਆਂ ਨੂੰ ਅਮਰੀਕਾ ਦੇ ਬੈਥਲ ਪਰਿਵਾਰ ਦੇ ਮੈਂਬਰਾਂ ਤੋਂ ਬਹੁਤ ਹੌਸਲਾ ਮਿਲਿਆ। ਬ੍ਰਾਂਚ ਦੇ ਮੈਂਬਰ, ਭਰਾ ਰੌਬਰਟ ਸਿਰਾਂਕੋ ਅਤੇ ਭਰਾ ਰੌਬਰਟ ਪੀ. ਜੌਨਸਨ ਨੇ ਕੁਝ ਭਰਾਵਾਂ ਦੀਆਂ ਇੰਟਰਵਿਊਆਂ ਲਈਆਂ ਜੋ ਕਾਫ਼ੀ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਆਏ ਹਨ। ਇਨ੍ਹਾਂ ਵਿੱਚੋਂ ਕੁਝ ਸਫ਼ਰੀ ਨਿਗਾਹਬਾਨ ਵੀ ਸਨ ਜੋ ਵਾਚਟਾਵਰ ਸਿੱਖਿਆ ਕੇਂਦਰ ਵਿਚ ਖ਼ਾਸ ਟ੍ਰੇਨਿੰਗ ਲੈਣ ਆਏ ਹੋਏ ਸਨ। ਜਿਨ੍ਹਾਂ ਭਰਾਵਾਂ ਦੀਆਂ ਇੰਟਰਵਿਊਆਂ ਲਈਆਂ ਗਈਆਂ ਸਨ ਉਹ ਸਾਰੇ ਗਿਲਿਅਡ ਸਕੂਲ ਦੇ ਗ੍ਰੈਜੂਏਟ ਸਨ ਅਤੇ ਉਨ੍ਹਾਂ ਨੇ ਮਿਸ਼ਨਰੀ ਸੇਵਾ ਵਿਚ ਹਿੱਸਾ ਲਿਆ ਸੀ। ਇਨ੍ਹਾਂ ਤਜਰਬੇਕਾਰ ਭਰਾਵਾਂ ਦੀ ਵਧੀਆ ਸਲਾਹ ਸੁਣ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਦੋਸਤਾਂ ਨੂੰ ਬਹੁਤ ਹੌਸਲਾ ਮਿਲਿਆ।
ਭਰਾਵਾਂ ਨੇ ਇਹ ਸਲਾਹ ਦਿੱਤੀ: “ਪ੍ਰਚਾਰ ਸੇਵਾ ਅਤੇ ਕਲੀਸਿਯਾ ਦੇ ਕੰਮਾਂ ਵਿਚ ਲੱਗੇ ਰਹੋ।” “ਆਪਣੇ ਬਾਰੇ ਜ਼ਰੂਰਤ ਤੋਂ ਜ਼ਿਆਦਾ ਨਾ ਸੋਚੋ। ਇਕ ਮਿਸ਼ਨਰੀ ਵਜੋਂ ਆਪਣਾ ਉਦੇਸ਼ ਯਾਦ ਰੱਖੋ ਅਤੇ ਜਿੱਥੇ ਤੁਹਾਨੂੰ ਪ੍ਰਚਾਰ ਕਰਨ ਲਈ ਘੱਲਿਆ ਜਾਂਦਾ ਹੈ, ਉੱਥੇ ਹੀ ਆਪਣਾ ਦਿਲ ਲਓ।” ਹੋਰਨਾਂ ਟਿੱਪਣੀਆਂ ਵਿਚ ਭਰਾਵਾਂ ਨੇ ਦੱਸਿਆ ਕਿ ਗਿਲਿਅਡ ਟ੍ਰੇਨਿੰਗ ਮਿਸ਼ਨਰੀਆਂ ਨੂੰ ਕਿਸੇ ਵੀ ਦੇਸ਼ ਜਾ ਕੇ ਚੰਗੇ ਕੰਮ ਕਰਨ ਲਈ ਤਿਆਰ ਕਰਦੀ ਹੈ। ਕੁਝ ਹੋਰ ਟਿੱਪਣੀਆਂ ਵੱਲ ਧਿਆਨ ਦਿਓ: “ਅਸੀਂ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਸਿੱਖਿਆ।” “ਸਕੂਲ ਨੇ ਦੂਸਰਿਆਂ ਲੋਕਾਂ ਦੀ ਰਹਿਣੀ-ਬਹਿਣੀ ਅਤੇ ਜ਼ਿੰਦਗੀ ਦੇ ਤੌਰ-ਤਰੀਕੇ ਸਮਝਣ ਵਿਚ ਸਾਡੀ ਮਦਦ ਕੀਤੀ।” “ਸਾਨੂੰ ਬਾਈਬਲ ਦੇ ਹਵਾਲੇ ਵੱਖੋ-ਵੱਖਰੇ ਤਰੀਕਿਆਂ ਨਾਲ ਵਰਤਣ ਵਿਚ ਸਿੱਖਿਆ ਦਿੱਤੀ ਗਈ।”
ਪ੍ਰਬੰਧਕ ਸਭਾ ਦੇ ਮੈਂਬਰ, ਭਰਾ ਜੌਨ ਬਾਰ, ਨੇ ਪ੍ਰੋਗ੍ਰਾਮ ਦਾ ਮੁੱਖ ਭਾਸ਼ਣ ਦਿੱਤਾ ਸੀ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ: “ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ।” (ਰੋਮੀਆਂ 10:18) ਭਰਾ ਬਾਰ ਨੇ ਪੁੱਛਿਆ, ਕੀ ਪਰਮੇਸ਼ੁਰ ਦੇ ਸੇਵਕ ਇਹ ਔਖਾ ਕੰਮ ਪੂਰਾ ਕਰ ਸਕੇ ਹਨ? ਜੀ ਹਾਂ! ਸਾਡੇ ਭਰਾ ਤਾਂ ਇਸ ਬਾਰੇ 1881 ਵਿਚ ਸੋਚ ਰਹੇ ਸਨ। ਉਸ ਸਾਲ ਵਾਚਟਾਵਰ ਰਸਾਲੇ ਵਿਚ ਇਹ ਸਵਾਲ ਪੁੱਛਿਆ ਗਿਆ ਸੀ: “ਕੀ ਤੁਸੀਂ ਪ੍ਰਚਾਰ ਕਰ ਰਹੇ ਹੋ?” ਫਿਰ ਭਰਾ ਬਾਰ ਨੇ ਸਾਰਿਆਂ ਨੂੰ 1922 ਵਿਚ ਅਮਰੀਕਾ ਦੇ ਸੀਡਰ ਪਾਇੰਟ, ਓਹੀਓ ਦੇ ਸੰਮੇਲਨ ਵਿਚ ਦਿੱਤੇ ਗਏ ਇਸ ਮਹੱਤਵਪੂਰਣ ਸੱਦੇ ਬਾਰੇ ਯਾਦ ਦਿਲਾਇਆ: “ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ”! ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਜੋਸ਼ ਨਾਲ ਰਾਜ ਬਾਰੇ ਸਾਰੀਆਂ ਕੌਮਾਂ ਵਿਚ ਲੋਕਾਂ ਨੂੰ ਪ੍ਰਚਾਰ ਕੀਤਾ ਹੈ। ਕਿਤਾਬਾਂ ਰਾਹੀਂ ਅਤੇ ਮੂੰਹ-ਜ਼ਬਾਨੀ ਦੱਸਣ ਦੁਆਰਾ ਖ਼ੁਸ਼ ਖ਼ਬਰੀ ਧਰਤੀ ਦੇ ਕੋਨੇ-ਕੋਨੇ ਤਕ ਫੈਲ ਗਈ ਹੈ। ਇਸ ਦੇ ਨਤੀਜੇ ਵਜੋਂ ਯਹੋਵਾਹ ਦੀ ਵਡਿਆਈ ਅਤੇ ਮਹਿਮਾ ਕੀਤੀ ਗਈ ਹੈ। ਸਮਾਪਤੀ ਵਿਚ ਭਰਾ ਬਾਰ ਨੇ ਗ੍ਰੈਜੂਏਟਾਂ ਨੂੰ ਆਪਣੀਆਂ ਬਰਕਤਾਂ ਉੱਤੇ ਵਿਚਾਰ ਕਰਨ ਲਈ ਕਿਹਾ: “ਹਰ ਦਿਨ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਮੇਂ ਦਿਲੋਂ ਉਸ ਦਾ ਧੰਨਵਾਦ ਕਰੋ ਕਿ ਉਸ ਨੇ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਪੂਰਤੀ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ: ‘ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ।’”
ਇਸ ਭਾਸ਼ਣ ਤੋਂ ਬਾਅਦ ਦੂਸਰੇ ਬੈਥਲਾਂ ਤੋਂ ਪਿਆਰ-ਭਰੇ ਸੰਦੇਸ਼ ਸੁਣਾਏ ਗਏ। ਫਿਰ ਪ੍ਰੋਗ੍ਰਾਮ ਦੇ ਚੇਅਰਮੈਨ ਨੇ ਵਿਦਿਆਰਥੀਆਂ ਨੂੰ ਡਿਪਲੋਮੇ ਦਿੱਤੇ। ਵਿਦਿਆਰਥੀ ਖ਼ੁਸ਼ ਵੀ ਸਨ ਅਤੇ ਸਕੂਲ ਛੱਡਣ ਕਾਰਨ ਉਦਾਸ ਵੀ ਸਨ। ਕਲਾਸ ਦੇ ਇਕ ਮੈਂਬਰ ਨੇ ਸਾਰੀ ਕਲਾਸ ਵੱਲੋਂ ਪ੍ਰਬੰਧਕ ਸਭਾ ਅਤੇ ਬੈਥਲ ਪਰਿਵਾਰ ਨੂੰ ਲਿਖੀ ਗਈ ਇਕ ਚਿੱਠੀ ਪੜ੍ਹ ਕੇ ਸੁਣਾਈ ਜਿਸ ਵਿਚ ਗ੍ਰੈਜੂਏਟਾਂ ਨੇ ਆਪਣਾ ਪੱਕਾ ਇਰਾਦਾ ਪ੍ਰਗਟ ਕੀਤਾ ਕਿ ਉਹ “ਹੁਣ ਤੋਂ ਲੈ ਕੇ ਸਦੀਪਕਾਲ ਤੀਕ” ਯਹੋਵਾਹ ਦੀ ਵਡਿਆਈ ਕਰਦੇ ਰਹਿਣਗੇ।—ਜ਼ਬੂਰਾਂ ਦੀ ਪੋਥੀ 115:18.
ਅਸੀਂ ਦੁਆ ਕਰਦੇ ਹਾਂ ਕਿ ਸਾਰੇ ਗ੍ਰੈਜੂਏਟ ਆਪਣੀ ਸੇਵਾ ਵਿਚ ਸਫ਼ਲ ਹੋਣਗੇ ਅਤੇ ਸੰਸਾਰ ਭਰ ਵਿਚ ਕੀਤੇ ਗਏ ਪ੍ਰਚਾਰ ਦੇ ਕੰਮ ਵਿਚ ਚੰਗਾ ਹਿੱਸਾ ਲੈਣਗੇ, ਠੀਕ ਜਿਵੇਂ ਦੂਸਰੇ ਮਿਸ਼ਨਰੀ ਪਿਛਲੇ 60 ਸਾਲਾਂ ਤੋਂ ਕਰਦੇ ਆਏ ਹਨ।
[ਸਫ਼ੇ 23 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 12
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 16
ਵਿਦਿਆਰਥੀਆਂ ਦੀ ਗਿਣਤੀ: 48
ਔਸਤਨ ਉਮਰ: 34.4
ਸੱਚਾਈ ਵਿਚ ਔਸਤਨ ਸਾਲ: 17.6
ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 13.5
[ਸਫ਼ੇ 24 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 114ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿਛਾਂਹ ਵੱਲ ਦਿਖਾਏ ਗਏ ਹਨ ਅਤੇ ਹਰੇਕ ਲਾਈਨ ਵਿਚ ਖੱਬੇ ਤੋਂ ਸੱਜੇ ਦਿਖਾਏ ਗਏ ਹਨ।
(1) ਰੋਜ਼ਾ, ਡੀ.; ਗਾਰੀਗੋਲਾਸ, ਜੇ.; ਲਿੰਡਸਟ੍ਰਮ, ਆਰ.; ਪਾਵਨੇਲੋ, ਪੀ.; ਟੇਟ, ਐੱਨ. (2) ਵਾਨ ਹੌਟ, ਐੱਮ.; ਡੋਨਾਬੌਅਰ, ਸੀ.; ਮਾਰਟੀਨੇਸ, ਐੱਲ.; ਮਿਲਰ, ਡੀ.; ਫੈਸਟ੍ਰੇ, ਵਾਈ.; ਨੱਟਰ, ਐੱਸ. (3) ਮਾਰਟੀਨੇਸ, ਪੀ.; ਕਲਾਰਕ, ਐੱਲ.; ਮੋਨ, ਬੀ.; ਫਿਸ਼ਰ, ਐੱਲ.; ਰੋਮੋ, ਜੀ. (4) ਰੋਮੋ, ਆਰ.; ਈਡੀ, ਐੱਸ.; ਟਾਈਮਨ, ਸੀ.; ਕੈਂਪਬਲ, ਪੀ.; ਮਿਲਰ, ਡੀ.; ਰੋਜ਼ਾ, ਡਬਲਯੂ. (5) ਲਿੰਡਸਟ੍ਰਮ, ਸੀ.; ਗਾਰੀਗੋਲਾਸ, ਜੇ.; ਮਾਰਕਵਿਚ, ਐੱਨ.; ਲਿੰਡਾਲਾ, ਕੇ.; ਵਾਨ ਡੈਨ ਹੋਵਲ, ਜੇ.; ਟੇਟ, ਐੱਸ.; ਨੱਟਰ, ਪੀ. (6) ਮੋਨ, ਪੀ.; ਪਾਵਨੇਲੋ, ਵੀ.; ਈਡੀ, ਐੱਨ.; ਵੈੱਸਟ, ਏ.; ਕਲਾਰਕ, ਡੀ.; ਮਾਰਕਵਿਚ, ਜੇ. (7) ਫਿਸ਼ਰ, ਡੀ.; ਡੋਨਾਬੌਅਰ, ਆਰ.; ਕਰੀ, ਪੀ.; ਕਰੀ, ਵਾਈ.; ਕਾਰਫਾਨੋ, ਡਬਲਯੂ.; ਵੈੱਸਟ, ਐੱਮ.; ਟਾਈਮਨ, ਏ. (8) ਵਾਨ ਹੌਟ, ਐੱਮ.; ਕੈਂਪਬਲ, ਸੀ.; ਫੈਸਟ੍ਰੇ, ਵਾਈ.; ਕਾਰਫਾਨੋ, ਸੀ.; ਵਾਨ ਡੈਨ ਹੋਵਲ, ਕੇ.; ਲਿੰਡਾਲਾ, ਡੀ.