ਕੀ ਤੁਸੀਂ ਵੱਡੀ ਉਮਰ ਦੇ ਭੈਣ-ਭਰਾਵਾਂ ਦੀ ਕਦਰ ਕਰਦੇ ਹੋ?
ਪਰਮੇਸ਼ੁਰ ਦੀ ਨੇਮਬੱਧ ਕੌਮ ਪ੍ਰਾਚੀਨ ਇਸਰਾਏਲ ਨੂੰ ਬਿਵਸਥਾ ਵਿਚ ਹੁਕਮ ਦਿੱਤਾ ਗਿਆ ਸੀ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ।” (ਲੇਵੀਆਂ 19:32) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਵੱਡੀ ਉਮਰ ਦੇ ਲੋਕਾਂ ਦੀ ਇੱਜ਼ਤ ਕਰਨੀ ਇਸਰਾਏਲੀਆਂ ਦਾ ਫ਼ਰਜ਼ ਸੀ ਅਤੇ ਇਸ ਨੂੰ ਨਿਭਾ ਕੇ ਇਸਰਾਏਲੀ ਦਿਖਾਉਂਦੇ ਸਨ ਕਿ ਉਹ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਦੇ ਸਨ। ਭਾਵੇਂ ਕਿ ਅੱਜ ਅਸੀਂ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਾਂ, ਪਰ ਫਿਰ ਵੀ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਯਹੋਵਾਹ ਆਪਣੇ ਬੁੱਢੇ ਹੋ ਚੁੱਕੇ ਸੇਵਕਾਂ ਦੀ ਬਹੁਤ ਕਦਰ ਕਰਦਾ ਹੈ। (ਕਹਾਉਤਾਂ 16:31; ਇਬਰਾਨੀਆਂ 7:18) ਕੀ ਅਸੀਂ ਵੀ ਯਹੋਵਾਹ ਵਾਂਗ ਮਹਿਸੂਸ ਕਰਦੇ ਹਾਂ? ਕੀ ਅਸੀਂ ਬਜ਼ੁਰਗ ਭੈਣ-ਭਰਾਵਾਂ ਦੀ ਗਹਿਰੀ ਕਦਰ ਕਰਦੇ ਹਾਂ?
ਉਸ ਨੇ ਆਪਣੇ ਬਜ਼ੁਰਗ ਦੋਸਤ ਦੀ ਕਦਰ ਕੀਤੀ
ਰਾਜਿਆਂ ਦੀ ਦੂਜੀ ਪੋਥੀ ਵਿਚ ਇਕ ਅਜਿਹਾ ਬਿਰਤਾਂਤ ਦਿੱਤਾ ਗਿਆ ਹੈ ਜੋ ਬਜ਼ੁਰਗਾਂ ਦੀ ਇੱਜ਼ਤ ਕਰਨ ਵੱਲ ਧਿਆਨ ਖਿੱਚਦਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਏਲੀਯਾਹ ਨਬੀ ਨੇ ਆਪਣੀ ਮੁੱਖ ਨਬੀ ਦੀ ਪਦਵੀ ਅਲੀਸ਼ਾ ਨੂੰ ਕਿਵੇਂ ਸੌਂਪੀ ਸੀ। ਇਹ ਦੋਵੇਂ ਇਸਰਾਏਲ ਦੇ ਦਸ-ਗੋਤੀ ਰਾਜ ਦੇ ਨਬੀ ਸਨ ਅਤੇ ਏਲੀਯਾਹ ਉਮਰ ਵਿਚ ਅਲੀਸ਼ਾ ਨਾਲੋਂ ਕਾਫ਼ੀ ਵੱਡਾ ਸੀ। ਆਓ ਆਪਾਂ ਦੇਖੀਏ ਕਿ ਇਸਰਾਏਲ ਵਿਚ ਏਲੀਯਾਹ ਨਬੀ ਦੇ ਆਖ਼ਰੀ ਦਿਨ ਤੇ ਕੀ ਹੋਇਆ ਸੀ।
ਉਸ ਦਿਨ ਯਹੋਵਾਹ ਨੇ ਇਸ ਬਜ਼ੁਰਗ ਨਬੀ ਨੂੰ ਗਿਲਗਾਲ ਤੋਂ ਬੈਤਏਲ, ਫਿਰ ਬੈਤਏਲ ਤੋਂ ਯਰੀਹੋ ਅਤੇ ਯਰੀਹੋ ਤੋਂ ਯਰਦਨ ਨਦੀ ਨੂੰ ਘੱਲਿਆ ਸੀ। (2 ਰਾਜਿਆਂ 2:1, 2, 4, 6) ਉਸ 50 ਕੁ ਕਿਲੋਮੀਟਰ ਦੇ ਸਫ਼ਰ ਦੌਰਾਨ ਏਲੀਯਾਹ ਨੇ ਅਲੀਸ਼ਾ ਨੂੰ ਤਿੰਨ ਵਾਰ ਉਸ ਨਾਲ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਜਿਸ ਤਰ੍ਹਾਂ ਸਦੀਆਂ ਪਹਿਲਾਂ ਰੂਥ ਨੇ ਨਾਓਮੀ ਨੂੰ ਇਕੱਲੀ ਨਹੀਂ ਛੱਡਿਆ ਸੀ, ਉਸੇ ਤਰ੍ਹਾਂ ਅਲੀਸ਼ਾ ਨੇ ਵੀ ਏਲੀਯਾਹ ਦਾ ਸਾਥ ਨਹੀਂ ਛੱਡਿਆ। (ਰੂਥ 1:16, 17) ਅਲੀਸ਼ਾ ਨੇ ਤਿੰਨ ਵਾਰ ਕਿਹਾ: “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਿੰਦ ਦੀ ਸੌਂਹ, ਮੈਂ ਤੈਨੂੰ ਨਹੀਂ ਛੱਡਾਂਗਾ!” (2 ਰਾਜਿਆਂ 2:2, 4, 6) ਉਸ ਸਮੇਂ ਅਲੀਸ਼ਾ ਕੁਝ ਛੇ ਸਾਲਾਂ ਤੋਂ ਏਲੀਯਾਹ ਦੀ ਸੇਵਾ ਕਰ ਰਿਹਾ ਸੀ। ਪਰ ਉਹ ਅਖ਼ੀਰ ਤਕ ਉਸ ਦੀ ਸੇਵਾ ਕਰਦੇ ਰਹਿਣਾ ਚਾਹੁੰਦਾ ਸੀ। ਇਸ ਬਾਰੇ ਬਾਈਬਲ ਵਿਚ ਅੱਗੇ ਲਿਖਿਆ ਹੈ: ‘ਅਤੇ ਐਉਂ ਹੋਇਆ ਜਦ ਓਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਏਲੀਯਾਹ ਅਕਾਸ਼ ਨੂੰ ਚੜ੍ਹ ਗਿਆ।’ (11ਵੀਂ ਆਇਤ) ਇਸਰਾਏਲ ਵਿਚ ਏਲੀਯਾਹ ਦੀ ਸੇਵਾ ਦੇ ਆਖ਼ਰੀ ਪਲ ਤਕ ਉਹ ਦੋਵੇਂ ਗੱਲਾਂ-ਬਾਤਾਂ ਕਰਦੇ ਰਹੇ ਸਨ। ਅਲੀਸ਼ਾ ਬਜ਼ੁਰਗ ਏਲੀਯਾਹ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਕਿਉਂ ਬਿਤਾਉਣਾ ਚਾਹੁੰਦਾ ਸੀ? ਇਸ ਤਰ੍ਹਾਂ ਲੱਗਦਾ ਹੈ ਕਿ ਉਹ ਏਲੀਯਾਹ ਦੇ ਤਜਰਬੇ ਤੋਂ ਪੂਰਾ ਫ਼ਾਇਦਾ ਲੈਣਾ ਚਾਹੁੰਦਾ ਸੀ। ਤਾਂ ਫਿਰ ਇਹ ਸਾਫ਼ ਹੈ ਕਿ ਉਹ ਆਪਣੇ ਬਜ਼ੁਰਗ ਦੋਸਤ ਦੀ ਬਹੁਤ ਕਦਰ ਕਰਦਾ ਸੀ।
‘ਉਨ੍ਹਾਂ ਨੂੰ ਮਾਤਾ-ਪਿਤਾ ਵਾਂਗਰ ਸਮਝੋ’
ਇਹ ਗੱਲ ਸਮਝਣੀ ਔਖੀ ਨਹੀਂ ਹੈ ਕਿ ਅਲੀਸ਼ਾ ਬਜ਼ੁਰਗ ਨਬੀ ਏਲੀਯਾਹ ਨੂੰ ਇਕ ਦੋਸਤ ਅਤੇ ਪਿਤਾ ਵਜੋਂ ਇੰਨਾ ਪਿਆਰ ਕਿਉਂ ਕਰਦਾ ਸੀ। (2 ਰਾਜਿਆਂ 2:12) ਏਲੀਯਾਹ ਨੇ ਇਸਰਾਏਲ ਵਿਚ ਆਪਣਾ ਕੰਮ ਖ਼ਤਮ ਕਰਨ ਤੋਂ ਥੋੜ੍ਹੇ ਚਿਰ ਪਹਿਲਾਂ ਅਲੀਸ਼ਾ ਨੂੰ ਕਿਹਾ: “ਇਸ ਤੋਂ ਪਹਿਲਾਂ ਭਈ ਮੈਂ ਤੈਥੋਂ ਲੈ ਲਿਆ ਜਾਵਾਂ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ?” (9ਵੀਂ ਆਇਤ) ਏਲੀਯਾਹ ਆਪਣੀ ਜਗ੍ਹਾ ਤੇ ਆਉਣ ਵਾਲੇ ਨਬੀ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨਾ ਚਾਹੁੰਦਾ ਸੀ ਤਾਂਕਿ ਉਹ ਪਰਮੇਸ਼ੁਰ ਦੇ ਕੰਮ ਨੂੰ ਜਾਰੀ ਰੱਖ ਸਕੇ।
ਕੀ ਅੱਜ ਵੀ ਕਲੀਸਿਯਾ ਵਿਚ ਅਜਿਹੇ ਭੈਣ-ਭਰਾ ਹਨ ਜੋ ਦੂਸਰਿਆਂ ਦੀ ਇਸੇ ਤਰ੍ਹਾਂ ਪਰਵਾਹ ਕਰਦੇ ਹਨ? ਜੀ ਹਾਂ, ਅੱਜ ਵੀ ਬਜ਼ੁਰਗ ਭੈਣ-ਭਰਾ ਆਪਣੇ ਤੋਂ ਛੋਟਿਆਂ ਨਾਲ ਮਾਤਾ-ਪਿਤਾ ਵਾਂਗ ਪਿਆਰ ਕਰਦੇ ਹਨ ਤੇ ਉਨ੍ਹਾਂ ਦੀ ਪਰਵਾਹ ਕਰਦੇ ਹਨ। ਉਹ ਆਪਣੀ ਬੁੱਧ ਤੇ ਗਿਆਨ ਉਨ੍ਹਾਂ ਨਾਲ ਸਾਂਝਾ ਕਰਦੇ ਹਨ। ਮਿਸਾਲ ਵਜੋਂ, ਕਈ ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਦਿਆਂ ਬ੍ਰਾਂਚ ਆਫਿਸਾਂ ਵਿਚ ਕੰਮ ਕਰ ਰਹੇ ਭੈਣ-ਭਰਾ ਬੈਥਲ ਆਏ ਨਵੇਂ ਮੈਂਬਰਾਂ ਦੀ ਕੰਮ ਸਿੱਖਣ ਵਿਚ ਮਦਦ ਕਰਦੇ ਹਨ। ਇਸੇ ਤਰ੍ਹਾਂ, ਸਾਲਾਂ ਤੋਂ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਕੰਮ ਕਰਦੇ ਆਏ ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਆਪਣਾ ਤਜਰਬਾ ਉਨ੍ਹਾਂ ਭਰਾਵਾਂ ਨਾਲ ਸਾਂਝਾ ਕਰਦੇ ਹਨ ਜੋ ਸਫ਼ਰੀ ਨਿਗਾਹਬਾਨ ਦੇ ਕੰਮ ਵਿਚ ਅਜੇ ਨਵੇਂ ਹੁੰਦੇ ਹਨ। ਇਸ ਦੇ ਨਾਲ-ਨਾਲ, ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਕਈ ਬਜ਼ੁਰਗ ਭੈਣ-ਭਰਾ ਹਨ ਜੋ ਦਹਾਕਿਆਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਆਏ ਹਨ। ਉਹ ਖ਼ੁਸ਼ੀ ਨਾਲ ਆਪਣੀ ਜ਼ਿੰਦਗੀ ਦਾ ਤਜਰਬਾ ਕਲੀਸਿਯਾ ਦੇ ਨਵੇਂ ਮੈਂਬਰਾਂ ਨਾਲ ਸਾਂਝਾ ਕਰਦੇ ਹਨ।—ਕਹਾਉਤਾਂ 2:7; ਫ਼ਿਲਿੱਪੀਆਂ 3:17; ਤੀਤੁਸ 2:3-5.
ਇਹ ਸਿਆਣੇ ਤੇ ਪਿਆਰੇ ਭੈਣ-ਭਰਾ ਹੋਰਨਾਂ ਦੀ ਦਿਲੋਂ ਪਰਵਾਹ ਕਰਦੇ ਹਨ, ਜਿਸ ਕਰਕੇ ਇਨ੍ਹਾਂ ਦੀ ਇੱਜ਼ਤ ਕਰਨੀ ਸਾਡੇ ਲਈ ਇਕ ਵੱਡਾ ਸਨਮਾਨ ਹੈ। ਇਸ ਲਈ ਸਾਨੂੰ ਅਲੀਸ਼ਾ ਦੀ ਮਿਸਾਲ ਤੇ ਚੱਲਦੇ ਹੋਏ ਸਿਆਣੇ ਮਸੀਹੀਆਂ ਦੀ ਦਿਲੋਂ ਕਦਰ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਦੀ ਸਲਾਹ ਅਨੁਸਾਰ, ਆਓ ਆਪਾਂ ਹਮੇਸ਼ਾ ‘ਬੁੱਢੇ ਨੂੰ ਪਿਤਾ ਵਾਂਗਰ ਅਤੇ ਬੁੱਢੀਆਂ ਨੂੰ ਮਾਤਾ ਵਾਂਗਰ’ ਸਮਝ ਕੇ ਉਨ੍ਹਾਂ ਨਾਲ ਪੇਸ਼ ਆਈਏ। (1 ਤਿਮੋਥਿਉਸ 5:1, 2) ਇਸ ਤਰ੍ਹਾਂ ਕਰਨ ਨਾਲ ਅਸੀਂ ਦੁਨੀਆਂ ਭਰ ਵਿਚ ਮਸੀਹੀ ਕਲੀਸਿਯਾ ਦੀ ਸ਼ਾਂਤੀ ਅਤੇ ਤਰੱਕੀ ਵਿਚ ਵੱਡਾ ਹਿੱਸਾ ਲਵਾਂਗੇ।
[ਸਫ਼ੇ 30 ਉੱਤੇ ਤਸਵੀਰ]
ਅਲੀਸ਼ਾ ਅਖ਼ੀਰ ਤਕ ਏਲੀਯਾਹ ਦੀ ਸੇਵਾ ਕਰਦੇ ਰਹਿਣਾ ਚਾਹੁੰਦਾ ਸੀ
[ਸਫ਼ੇ 31 ਉੱਤੇ ਤਸਵੀਰਾਂ]
ਛੋਟੀ ਉਮਰ ਦੇ ਮਸੀਹੀ ਵੱਡੀ ਉਮਰ ਦੇ ਭੈਣ-ਭਰਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ